ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ


ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਰੋਲ ਮਾਡਲ ਬਣ ਗਈਆਂ ਹੋ ਅਤੇ ਨੌਜਵਾਨ ਪੀੜ੍ਹੀ, ਖ਼ਾਸ ਕਰਕੇ ਲੜਕੀਆਂ, ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਹੋਣਗੀਆਂ

Posted On: 06 NOV 2025 2:17PM by PIB Chandigarh

ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਮੈਂਬਰਾਂ ਨੇ ਅੱਜ (6 ਨਵੰਬਰ, 2025) ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਸ੍ਰੀਮਤੀ ਦਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਹਰ ਮੈਂਬਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਦੇਸ਼ ਅਤੇ ਵਿਦੇਸ਼ ਦੇ ਹਰ ਕੋਨੇ ਵਿੱਚ ਲੱਖਾਂ ਭਾਰਤੀ ਇਸ ਜਿੱਤ ਦਾ ਜਸ਼ਨ ਮਨਾ ਰਹੇ ਹਨ।

ਸ੍ਰੀਮਤੀ ਮੁਰਮੂ ਨੇ ਕਿਹਾ ਕਿ ਇਹ ਟੀਮ ਭਾਰਤ ਦਾ ਪ੍ਰਤੀਬਿੰਬ ਹੈ। ਉਹ ਵੱਖ-ਵੱਖ ਖੇਤਰਾਂ, ਵੱਖ-ਵੱਖ ਸਮਾਜਿਕ ਪਿਛੋਕੜਾਂ ਅਤੇ ਵੱਖ-ਵੱਖ ਹਾਲਾਤ ਦੀ ਨੁਮਾਇੰਦਗੀ ਕਰਦੀਆਂ ਹਨ। ਪਰ ਉਹ ਇੱਕ ਟੀਮ ਹਨ - ਭਾਰਤ। ਇਹ ਟੀਮ ਆਪਣੇ ਸਭ ਤੋਂ ਵਧੀਆ ਰੂਪ ਵਿੱਚ ਭਾਰਤ ਨੂੰ ਦਰਸਾਉਂਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਟੀਮ ਨੇ ਸੱਤ ਵਾਰ ਦੀ ਵਿਸ਼ਵ ਜੇਤੂ ਅਤੇ ਉਸ ਸਮੇਂ ਤੱਕ ਅਜੇਤੂ ਰਹੀ ਆਸਟ੍ਰੇਲਿਆਈ ਟੀਮ ਨੂੰ ਹਰਾ ਕੇ ਆਪਣੀ ਸਮਰੱਥਾ ਵਿੱਚ ਸਾਰੇ ਭਾਰਤੀਆਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ। ਇੱਕ ਸਖ਼ਤ ਮੁਕਾਬਲੇ ਵਿੱਚ ਇੱਕ ਮਜ਼ਬੂਤ ਟੀਮ ਖਿਲਾਫ਼ ਵੱਡੇ ਫਰਕ ਨਾਲ ਫਾਈਨਲ ਮੈਚ ਜਿੱਤਣਾ ਟੀਮ ਇੰਡੀਆ ਦੀ ਉੱਤਮਤਾ ਦਾ ਇੱਕ ਯਾਦਗਾਰੀ ਉਦਾਹਰਣ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਉਹ ਰੋਲ ਮਾਡਲ ਬਣ ਗਈਆਂ ਹਨ। ਨੌਜਵਾਨ ਪੀੜ੍ਹੀ, ਖਾਸ ਕਰਕੇ ਲੜਕੀਆਂ, ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਹੋਣਗੀਆਂ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਜਿਨ੍ਹਾਂ ਗੁਣਾਂ ਦੇ ਬਲ 'ਤੇ ਉਨ੍ਹਾਂ ਨੇ ਇਤਿਹਾਸ ਰਚਿਆ ਹੈ, ਉਨ੍ਹਾਂ ਹੀ ਗੁਣਾਂ ਨਾਲ ਉਹ ਭਵਿੱਖ ਵਿੱਚ ਵੀ ਭਾਰਤੀ ਕ੍ਰਿਕਟ ਨੂੰ ਸਿਖਰ 'ਤੇ ਬਣਾਈ ਰੱਖਣਗੀਆਂ।

ਸ੍ਰੀਮਤੀ ਮੁਰਮੂ ਨੇ ਕਿਹਾ ਕਿ ਟੀਮ ਦੀਆਂ ਮੈਂਬਰਾਂ ਨੇ ਆਸ ਅਤੇ ਨਿਰਾਸ਼ਾ ਦੇ ਉਤਰਾਅ-ਚੜ੍ਹਾਅ ਦਾ ਤਜਰਬਾ ਕੀਤਾ ਹੋਵੇਗਾ। ਕਈ ਵਾਰ ਉਨ੍ਹਾਂ ਨੂੰ ਨੀਂਦ ਵੀ ਨਹੀਂ ਆਈ ਹੋਵੇਗੀ। ਪਰ ਉਨ੍ਹਾਂ ਨੇ ਸਾਰੀਆਂ ਚੁਣੌਤੀਆਂ 'ਤੇ ਕਾਬੂ ਪਾਇਆ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ 'ਤੇ ਜਿੱਤ ਤੋਂ ਬਾਅਦ ਲੋਕਾਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਮੈਚ ਵਿੱਚ ਉਤਰਾਅ-ਚੜ੍ਹਾਅ ਦੇ ਬਾਵਜੂਦ ਸਾਡੀਆਂ ਧੀਆਂ ਹੀ ਜਿੱਤ ਹਾਸਲ ਕਰਨਗੀਆਂ।

ਸ੍ਰੀਮਤੀ ਮੁਰਮੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਇਸ ਸਫ਼ਲਤਾ ਪਿੱਛੇ ਉਨ੍ਹਾਂ ਦੀ ਸਖ਼ਤ ਮਿਹਨਤ, ਸ਼ਾਨਦਾਰ ਖੇਡ ਕੌਸ਼ਲ, ਦ੍ਰਿੜ੍ਹ ਇਰਾਦਾ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਕ੍ਰਿਕਟ ਪ੍ਰੇਮੀਆਂ ਦਾ ਪਿਆਰ ਅਤੇ ਅਸ਼ੀਰਵਾਦ ਰਿਹਾ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਵਰਗੀ ਟੀਮ ਗੇਮ ਵਿੱਚ ਟੀਮ ਦੇ ਸਾਰੇ ਮੈਂਬਰਾਂ ਨੂੰ ਹਰ ਵੇਲੇ ਪੂਰੀ ਤਰ੍ਹਾਂ ਪ੍ਰਤੀਬੱਧ ਰਹਿਣਾ ਪੈਂਦਾ ਹੈ। ਉਨ੍ਹਾਂ ਨੇ ਮੁੱਖ ਕੋਚ, ਗੇਂਦਬਾਜ਼ੀ ਕੋਚ, ਫੀਲਡਿੰਗ ਕੋਚ ਅਤੇ ਸਹਾਇਕ ਸਟਾਫ - ਸਾਰਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਾਮਨਾ ਕੀਤੀ ਕਿ ਉਹ ਆਪਣੇ ਪ੍ਰਦਰਸ਼ਨ ਨਾਲ ਟੀਮ ਇੰਡੀਆ ਲਈ ਸਫ਼ਲਤਾ ਦੇ ਨਵੇਂ ਰਿਕਾਰਡ ਬਣਾਉਣਾ ਜਾਰੀ ਰੱਖਣਗੀਆਂ।

 

************

ਐੱਮਜੇਪੀਐੱਸ/ਐੱਸਆਰ


(Release ID: 2187255) Visitor Counter : 8