ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਰਜਤ ਮਹੋਤਸਵ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਨੇ 14,260 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

ਛੱਤੀਸਗੜ੍ਹ ਵਿਕਾਸ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ: ਪ੍ਰਧਾਨ ਮੰਤਰੀ

ਸਾਡੀ ਕੋਸ਼ਿਸ਼ ਇਹੀ ਹੈ ਕਿ ਕਬਾਇਲੀ ਭਾਈਚਾਰੇ ਦੇ ਯੋਗਦਾਨ ਦਾ ਹਮੇਸ਼ਾ ਗੁਣਗਾਨ ਹੁੰਦਾ ਰਹੇ: ਪ੍ਰਧਾਨ ਮੰਤਰੀ

ਉਹ ਦਿਨ ਦੂਰ ਨਹੀਂ ਜਦੋਂ ਸਾਡਾ ਛੱਤੀਸਗੜ੍ਹ ਅਤੇ ਸਾਡਾ ਦੇਸ਼ ਮਾਓਵਾਦੀ ਅੱਤਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਵੇਗਾ: ਪ੍ਰਧਾਨ ਮੰਤਰੀ

Posted On: 01 NOV 2025 5:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਰਾਜ ਦੇ ਗਠਨ ਦੇ 25 ਸਾਲ ਪੂਰੇ ਹੋਣ ਮੌਕੇ ਅੱਜ ਨਵਾ ਰਾਏਪੁਰ ਵਿੱਚ ਛੱਤੀਸਗੜ੍ਹ ਰਜਤ ਮਹੋਤਸਵ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸੜਕ, ਉਦਯੋਗ, ਸਿਹਤ-ਸੰਭਾਲ ਅਤੇ ਊਰਜਾ ਵਰਗੇ ਪ੍ਰਮੁੱਖ ਖੇਤਰਾਂ ਨਾਲ ਜੁੜੇ 14,260 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਅਤੇ ਪਰਿਵਰਤਨਕਾਰੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਲੋਕਾਂ ਨੂੰ ਨਮਸਕਾਰ ਕਰਦਿਆਂ ਕਿਹਾ ਕਿ ਅੱਜ ਛੱਤੀਸਗੜ੍ਹ ਰਾਜ ਦੇ ਗਠਨ ਨੂੰ 25 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੇ ਛੱਤੀਸਗੜ੍ਹ ਦੇ ਸਾਰੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

 

ਸ਼੍ਰੀ ਮੋਦੀ ਨੇ ਕਿਹਾ ਕਿ ਛੱਤੀਸਗੜ੍ਹ ਦੇ ਰਜਤ ਜਯੰਤੀ ਸਮਾਗਮ ਵਿੱਚ ਰਾਜ ਦੇ ਲੋਕਾਂ ਨਾਲ ਹਿੱਸਾ ਲੈਣਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇੱਕ ਪਾਰਟੀ ਵਰਕਰ ਵਜੋਂ, ਉਨ੍ਹਾਂ ਨੇ ਰਾਜ ਦੇ ਗਠਨ ਤੋਂ ਪਹਿਲਾਂ ਦਾ ਦੌਰ ਦੇਖਿਆ ਹੈ ਅਤੇ ਪਿਛਲੇ 25 ਸਾਲਾਂ ਦੀ ਇਸ ਦੀ ਯਾਤਰਾ ਦੇ ਵੀ ਗਵਾਹ ਰਹੇ ਹਨ। ਇਸ ਲਈ ਇਸ ਸ਼ਾਨਦਾਰ ਪਲ ਦਾ ਹਿੱਸਾ ਬਣਨਾ ਉਨ੍ਹਾਂ ਲਈ ਬਹੁਤ ਹੀ ਭਾਵੁਕ ਤਜਰਬਾ ਹੈ।

 

ਸ਼੍ਰੀ ਮੋਦੀ ਨੇ ਕਿਹਾ, "ਪੱਚੀ ਸਾਲ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਇਸ ਸੰਕਲਪ ਨਾਲ ਤੁਹਾਡੇ ਸੁਪਨਿਆਂ ਦਾ ਛੱਤੀਸਗੜ੍ਹ ਤੁਹਾਨੂੰ ਸੌਂਪਿਆ ਸੀ ਕਿ ਰਾਜ ਵਿਕਾਸ ਦੀਆਂ ਨਵੀਆਂ ਉਚਾਈਆਂ ਛੂਹੇਗਾ।" ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਦੀ ਯਾਤਰਾ 'ਤੇ ਨਜ਼ਰ ਮਾਰਨ ਨਾਲ ਉਨ੍ਹਾਂ ਨੂੰ ਮਾਣ ਹੁੰਦਾ ਹੈ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਛੱਤੀਸਗੜ੍ਹ ਦੇ ਲੋਕਾਂ ਨੇ ਸਮੂਹਿਕ ਤੌਰ 'ਤੇ ਕਈ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਪੱਚੀ ਸਾਲ ਪਹਿਲਾਂ ਜੋ ਬੀਜ ਬੀਜਿਆ ਗਿਆ ਸੀ, ਅੱਜ ਉਹ ਵਿਕਾਸ ਦਾ ਇੱਕ ਵੱਡਾ ਰੁੱਖ ਬਣ ਚੁੱਕਾ ਹੈ। ਛੱਤੀਸਗੜ੍ਹ ਅੱਜ ਵਿਕਾਸ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।" ਉਨ੍ਹਾਂ ਕਿਹਾ ਕਿ ਅੱਜ ਰਾਜ ਨੂੰ ਲੋਕਤੰਤਰ ਦਾ ਇੱਕ ਨਵਾ ਮੰਦਰ - ਇੱਕ ਨਵਾ ਵਿਧਾਨ ਸਭਾ ਭਵਨ ਵੀ ਮਿਲਿਆ ਹੈ। ਸਮਾਗਮ ਵਾਲੀ ਥਾਂ 'ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਕਬਾਇਲੀ ਅਜਾਇਬ-ਘਰ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਇਸੇ ਮੰਚ ਤੋਂ ਲਗਭਗ 14,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਸ਼ੁਭ-ਆਰੰਭ ਕੀਤਾ ਗਿਆ। ਉਨ੍ਹਾਂ ਨੇ ਇਨ੍ਹਾਂ ਵਿਕਾਸ ਪਹਿਲਕਦਮੀਆਂ ਲਈ ਸਾਰਿਆਂ ਨੂੰ ਵਧਾਈ ਦਿੱਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2000 ਤੋਂ ਬਾਅਦ ਪੂਰੀ ਪੀੜ੍ਹੀ ਬਦਲ ਗਈ ਹੈ। ਅੱਜ ਨੌਜਵਾਨਾਂ ਦੀ ਇੱਕ ਨਵੀਂ ਪੀੜ੍ਹੀ ਹੈ, ਜਿਸ ਨੇ ਉਹ ਪੁਰਾਣੇ ਦਿਨ ਨਹੀਂ ਦੇਖੇ ਜਦੋਂ ਪਿੰਡਾਂ ਤੱਕ ਪਹੁੰਚਣਾ ਇੱਕ ਚੁਣੌਤੀ ਸੀ ਅਤੇ ਕਈ ਪਿੰਡਾਂ ਵਿੱਚ ਸੜਕਾਂ ਦਾ ਨਾਮੋ-ਨਿਸ਼ਾਨ ਤੱਕ ਨਹੀਂ ਸੀ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੱਜ ਛੱਤੀਸਗੜ੍ਹ ਦੇ ਪਿੰਡਾਂ ਵਿੱਚ ਸੜਕਾਂ ਦਾ ਜਾਲ 40,000 ਕਿਲੋਮੀਟਰ ਤੱਕ ਫੈਲ ਚੁੱਕਾ ਹੈ। ਪਿਛਲੇ 11 ਸਾਲਾਂ ਵਿੱਚ ਰਾਜ ਵਿੱਚ ਕੌਮੀ ਰਾਜਮਾਰਗਾਂ ਦਾ ਵੱਡੇ ਪੱਧਰ ’ਤੇ ਵਿਸਤਾਰ ਹੋਇਆ ਹੈ ਅਤੇ ਨਵੇਂ ਐਕਸਪ੍ਰੈਸ-ਵੇਅ ਛੱਤੀਸਗੜ੍ਹ ਦੀ ਤਰੱਕੀ ਦੇ ਪ੍ਰਤੀਕ ਬਣ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਰਾਏਪੁਰ ਤੋਂ ਬਿਲਾਸਪੁਰ ਜਾਣ ਵਿੱਚ ਕਈ ਘੰਟੇ ਲੱਗਦੇ ਸਨ, ਪਰ ਹੁਣ ਇਹ ਸਮਾਂ ਅੱਧਾ ਰਹਿ ਗਿਆ ਹੈ। ਉਨ੍ਹਾਂ ਨੇ ਨਵੇਂ ਚਾਰ-ਮਾਰਗੀ ਰਾਜਮਾਰਗ ਦਾ ਨੀਂਹ ਪੱਥਰ ਰੱਖਣ ਦਾ ਵੀ ਐਲਾਨ ਕੀਤਾ, ਜੋ ਛੱਤੀਸਗੜ੍ਹ ਅਤੇ ਝਾਰਖੰਡ ਵਿਚਕਾਰ ਸੰਪਰਕ ਨੂੰ ਹੋਰ ਬਿਹਤਰ ਬਣਾਵੇਗਾ।

 

ਛੱਤੀਸਗੜ੍ਹ ਵਿੱਚ ਰੇਲ ਅਤੇ ਹਵਾਈ ਸੰਪਰਕ ਵਿੱਚ ਸੁਧਾਰ ਲਈ ਕੀਤੇ ਗਏ ਵਿਆਪਕ ਕੰਮਾਂ 'ਤੇ ਚਾਨਣਾ ਪਾਉਂਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਵੰਦੇ ਭਾਰਤ ਵਰਗੀਆਂ ਤੇਜ਼-ਰਫ਼ਤਾਰ ਰੇਲ-ਗੱਡੀਆਂ ਹੁਣ ਰਾਜ ਵਿੱਚ ਚੱਲ ਰਹੀਆਂ ਹਨ ਅਤੇ ਰਾਏਪੁਰ, ਬਿਲਾਸਪੁਰ ਅਤੇ ਜਗਦਲਪੁਰ ਵਰਗੇ ਸ਼ਹਿਰ ਹੁਣ ਸਿੱਧੀਆਂ ਉਡਾਣਾਂ ਨਾਲ ਜੁੜ ਗਏ ਹਨ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ, ਜੋ ਕਦੇ ਮੁੱਖ ਤੌਰ 'ਤੇ ਕੱਚੇ ਮਾਲ ਦੇ ਨਿਰਯਾਤ ਲਈ ਜਾਣਿਆ ਜਾਂਦਾ ਸੀ, ਹੁਣ ਇੱਕ ਉਦਯੋਗਿਕ ਰਾਜ ਵਜੋਂ ਇੱਕ ਨਵੀਂ ਭੂਮਿਕਾ ਵਿੱਚ ਉੱਭਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ 25 ਸਾਲਾਂ ਵਿੱਚ ਛੱਤੀਸਗੜ੍ਹ ਦੀਆਂ ਪ੍ਰਾਪਤੀਆਂ ਲਈ ਹਰ ਮੁੱਖ ਮੰਤਰੀ ਅਤੇ ਹਰ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਸਿਹਰਾ ਡਾ. ਰਮਨ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਮੁਸ਼ਕਲ ਚੁਣੌਤੀਆਂ ਦੇ ਸਮੇਂ ਰਾਜ ਦੀ ਅਗਵਾਈ ਕੀਤੀ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਡਾ. ਰਮਨ ਸਿੰਘ ਹੁਣ ਵਿਧਾਨ ਸਭਾ ਦੇ ਸਪੀਕਰ ਵਜੋਂ ਇਸ ਦਾ ਮਾਰਗਦਰਸ਼ਨ ਕਰ ਰਹੇ ਹਨ ਅਤੇ ਸ਼੍ਰੀ ਵਿਸ਼ਨੂੰ ਦੇਵ ਸਾਏ ਦੀ ਅਗਵਾਈ ਹੇਠ ਸਰਕਾਰ ਛੱਤੀਸਗੜ੍ਹ ਦੇ ਵਿਕਾਸ ਨੂੰ ਤੇਜ਼ ਗਤੀ ਨਾਲ ਅੱਗੇ ਵਧਾ ਰਹੀ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਗ਼ਰੀਬੀ ਨੂੰ ਨੇੜਿਓਂ ਦੇਖਿਆ ਹੈ ਅਤੇ ਗ਼ਰੀਬਾਂ ਦੀਆਂ ਚਿੰਤਾਵਾਂ ਅਤੇ ਲਾਚਾਰੀ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਨੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਉਨ੍ਹਾਂ ਨੇ ਵਾਂਝਿਆਂ ਦੀ ਭਲਾਈ ਨੂੰ ਤਰਜੀਹ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗ਼ਰੀਬਾਂ ਲਈ ਸਿਹਤ-ਸੰਭਾਲ, ਆਮਦਨ, ਸਿੱਖਿਆ ਅਤੇ ਸਿੰਚਾਈ 'ਤੇ ਵਿਆਪਕ ਤੌਰ 'ਤੇ ਧਿਆਨ ਕੇਂਦਰਿਤ ਕੀਤਾ ਹੈ।

 

ਇੱਕ ਉਦਾਹਰਣ ਦਿੰਦਿਆਂ ਕਿ 25 ਸਾਲ ਪਹਿਲਾਂ ਛੱਤੀਸਗੜ੍ਹ ਵਿੱਚ ਸਿਰਫ਼ ਇੱਕ ਮੈਡੀਕਲ ਕਾਲਜ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਰਾਜ ਵਿੱਚ 14 ਮੈਡੀਕਲ ਕਾਲਜ ਅਤੇ ਰਾਏਪੁਰ ਵਿੱਚ ਇੱਕ ਏਮਜ਼ ਹੈ। ਉਨ੍ਹਾਂ ਯਾਦ ਦਿਵਾਇਆ ਕਿ ਆਯੁਸ਼ਮਾਨ ਆਰੋਗਯ ਮੰਦਰ ਸਥਾਪਤ ਕਰਨ ਦੀ ਦੇਸ਼-ਵਿਆਪੀ ਮੁਹਿੰਮ ਛੱਤੀਸਗੜ੍ਹ ਤੋਂ ਹੀ ਸ਼ੁਰੂ ਹੋਈ ਸੀ। ਮੌਜੂਦਾ ਸਮੇਂ ਰਾਜ ਵਿੱਚ 5,500 ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਰ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਦਾ ਯਤਨ ਇਹ ਯਕੀਨੀ ਬਣਾਉਣਾ ਹੈ ਕਿ ਹਰ ਗ਼ਰੀਬ ਨਾਗਰਿਕ ਸਨਮਾਨ ਦਾ ਜੀਵਨ ਜੀਵੇ।" ਉਨ੍ਹਾਂ ਕਿਹਾ ਕਿ ਝੁੱਗੀ-ਝੌਂਪੜੀਆਂ ਅਤੇ ਅਸਥਾਈ ਥਾਵਾਂ 'ਤੇ ਜੀਵਨ ਨਿਰਾਸ਼ਾ ਨੂੰ ਹੋਰ ਡੂੰਘਾ ਕਰਦਾ ਹੈ ਅਤੇ ਗ਼ਰੀਬੀ ਨਾਲ ਲੜਨ ਦੇ ਸੰਕਲਪ ਨੂੰ ਕਮਜ਼ੋਰ ਕਰਦਾ ਹੈ। ਇਸ ਲਈ ਸਾਡੀ ਸਰਕਾਰ ਨੇ ਹਰ ਗ਼ਰੀਬ ਪਰਿਵਾਰ ਨੂੰ ਪੱਕੇ ਮਕਾਨ ਦੇਣ ਦਾ ਅਹਿਦ ਲਿਆ ਹੈ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਪਿਛਲੇ 11 ਸਾਲਾਂ ਵਿੱਚ ਚਾਰ ਕਰੋੜ ਗ਼ਰੀਬ ਪਰਿਵਾਰਾਂ ਨੂੰ ਪੱਕੇ ਘਰ ਮਿਲੇ ਹਨ ਅਤੇ ਹੁਣ ਸਰਕਾਰ ਤਿੰਨ ਕਰੋੜ ਨਵੇਂ ਘਰ ਬਣਾਉਣ ਦੇ ਸੰਕਲਪ ਨਾਲ ਕੰਮ ਕਰ ਰਹੀ ਹੈ। ਇਕੱਲੇ ਅੱਜ ਹੀ ਦੇ ਦਿਨ ਛੱਤੀਸਗੜ੍ਹ ਵਿੱਚ 3.5 ਲੱਖ ਤੋਂ ਵੱਧ ਪਰਿਵਾਰ ਆਪਣੇ ਨਵੇਂ ਘਰਾਂ ਵਿੱਚ ਦਾਖਲ ਹੋ ਰਹੇ ਹਨ ਅਤੇ ਲਗਭਗ ਤਿੰਨ ਲੱਖ ਪਰਿਵਾਰਾਂ ਨੂੰ 1,200 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਛੱਤੀਸਗੜ੍ਹ ਵਿੱਚ ਉਨ੍ਹਾਂ ਦੀ ਸਰਕਾਰ ਦੁਆਰਾ ਗ਼ਰੀਬਾਂ ਨੂੰ ਰਿਹਾਇਸ਼ ਪ੍ਰਦਾਨ ਕਰਨ ਲਈ ਕੀਤੀ ਜਾ ਰਹੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਹੀ ਵਾਂਝਿਆਂ ਲਈ ਸੱਤ ਲੱਖ ਪੱਕੇ ਘਰ ਬਣਾਏ ਗਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਅੰਕੜੇ ਨਹੀਂ ਹਨ—ਹਰ ਘਰ ਇੱਕ ਪਰਿਵਾਰ ਦੇ ਸੁਪਨੇ ਅਤੇ ਬੇਅੰਤ ਖ਼ੁਸ਼ੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਾਰੇ ਲਾਭਪਾਤਰੀ ਪਰਿਵਾਰਾਂ ਨੂੰ ਦਿਲੀਂ ਵਧਾਈ ਦਿੱਤੀ।

 

ਛੱਤੀਸਗੜ੍ਹ ਦੇ ਲੋਕਾਂ ਦਾ ਜੀਵਨ ਸੌਖਾ ਬਣਾਉਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਨਿਰੰਤਰ ਕੀਤੇ ਜਾ ਰਹੇ ਯਤਨਾਂ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹੁਣ ਰਾਜ ਦੇ ਹਰ ਪਿੰਡ ਤੱਕ ਬਿਜਲੀ ਪਹੁੰਚ ਗਈ ਹੈ ਅਤੇ ਜਿਨ੍ਹਾਂ ਇਲਾਕਿਆਂ ਵਿੱਚ ਕਦੇ ਬਿਜਲੀ ਨਹੀਂ ਸੀ, ਉੱਥੇ ਵੀ ਹੁਣ ਇੰਟਰਨੈੱਟ ਦੀ ਸਹੂਲਤ ਉਪਲਬਧ ਹੈ। ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ ਇੱਕ ਸਮਾਂ ਸੀ ਜਦੋਂ ਆਮ ਪਰਿਵਾਰਾਂ ਲਈ ਐੱਲਪੀਜੀ ਕੁਨੈੱਕਸ਼ਨ ਇੱਕ ਦੂਰ ਦਾ ਸੁਪਨਾ ਹੁੰਦਾ ਸੀ। ਅੱਜ ਛੱਤੀਸਗੜ੍ਹ ਦੇ ਗ਼ਰੀਬਾਂ, ਦਲਿਤਾਂ, ਪੱਛੜੇ ਵਰਗਾਂ ਅਤੇ ਕਬਾਇਲੀ ਭਾਈਚਾਰਿਆਂ ਦੇ ਪਿੰਡਾਂ ਅਤੇ ਘਰਾਂ ਤੱਕ ਗੈਸ ਕੁਨੈਕਸ਼ਨ ਪਹੁੰਚਾਇਆ ਜਾ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਹੁਣ ਸਿਲੰਡਰਾਂ ਤੋਂ ਇਲਾਵਾ ਪਾਈਪਲਾਈਨ ਰਾਹੀਂ ਵੀ ਸਸਤੀ ਗੈਸ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਨਾਗਪੁਰ-ਝਾਰਸੁਗੁਡਾ ਗੈਸ ਪਾਈਪਲਾਈਨ ਅੱਜ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਹੈ ਅਤੇ ਇਸ ਪ੍ਰੋਜੈਕਟ ਲਈ ਛੱਤੀਸਗੜ੍ਹ ਦੇ ਲੋਕਾਂ ਨੂੰ ਵਧਾਈ ਦਿੱਤੀ।

 

ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਛੱਤੀਸਗੜ੍ਹ ਵਿੱਚ ਦੇਸ਼ ਦੀ ਸਭ ਤੋਂ ਵੱਡੀ ਕਬਾਇਲੀ ਆਬਾਦੀ ਵੱਸਦੀ ਹੈ—ਇੱਕ ਅਜਿਹਾ ਭਾਈਚਾਰਾ ਜਿਸ ਦਾ ਸ਼ਾਨਦਾਰ ਇਤਿਹਾਸ ਹੈ ਅਤੇ ਜਿਸ ਦਾ ਭਾਰਤ ਦੀ ਵਿਰਾਸਤ ਅਤੇ ਵਿਕਾਸ ਵਿੱਚ ਬੇਅੰਤ ਯੋਗਦਾਨ ਹੈ—ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਦਾ ਨਿਰੰਤਰ ਯਤਨ ਕਰ ਰਹੀ ਹੈ ਕਿ ਪੂਰਾ ਦੇਸ਼ ਅਤੇ ਦੁਨੀਆ ਕਬਾਇਲੀ ਭਾਈਚਾਰਿਆਂ ਦੇ ਯੋਗਦਾਨ ਨੂੰ ਮਾਨਤਾ ਦੇਵੇ ਅਤੇ ਉਸਦਾ ਸਨਮਾਨ ਕਰੇ। ਭਾਵੇਂ ਦੇਸ਼ ਭਰ ਵਿੱਚ ਕਬਾਇਲੀ ਸੁਤੰਤਰਤਾ ਸੈਨਾਨੀਆਂ ਨੂੰ ਸਮਰਪਿਤ ਅਜਾਇਬ-ਘਰਾਂ ਦੀ ਸਥਾਪਨਾ ਹੋਵੇ ਜਾਂ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ ਜਨਜਾਤੀਯ ਗੌਰਵ ਦਿਵਸ ਐਲਾਨਣਾ ਹੋਵੇ, ਸਰਕਾਰ ਦਾ ਨਿਰੰਤਰ ਯਤਨ ਕਬਾਇਲੀ ਸਮਾਜ ਦੀ ਵਿਰਾਸਤ ਦਾ ਸਨਮਾਨ ਅਤੇ ਗੁਣਗਾਨ ਕਰਨਾ ਹੈ।

 

ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਅੱਜ ਸ਼ਹੀਦ ਵੀਰ ਨਾਰਾਇਣ ਸਿੰਘ ਕਬਾਇਲੀ ਸੁਤੰਤਰਤਾ ਸੈਨਾਨੀ ਅਜਾਇਬ-ਘਰ ਦੇ ਉਦਘਾਟਨ ਨਾਲ ਇਸ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਅਜਾਇਬ ਘਰ ਆਜ਼ਾਦੀ ਤੋਂ ਪਹਿਲਾਂ ਦੇ 150 ਸਾਲਾਂ ਦੇ ਕਬਾਇਲੀ ਇਤਿਹਾਸ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਵਿਸਥਾਰ ਨਾਲ ਦੱਸਦਾ ਹੈ ਕਿ ਕਿਵੇਂ ਕਬਾਇਲੀ ਸੁਤੰਤਰਤਾ ਸੈਨਾਨੀਆਂ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਪਾਇਆ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਅਜਾਇਬ-ਘਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।

 

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਉਨ੍ਹਾਂ ਦੀ ਸਰਕਾਰ ਕਬਾਇਲੀ ਵਿਰਾਸਤ ਦੀ ਸੰਭਾਲ ਅਤੇ ਕਬਾਇਲੀ ਵਿਕਾਸ ਅਤੇ ਭਲਾਈ ਨੂੰ ਉਤਸ਼ਾਹਿਤ ਕਰਨ ਦਾ ਕੰਮ ਨਾਲ-ਨਾਲ ਕਰ ਰਹੀ ਹੈ, ਸ਼੍ਰੀ ਮੋਦੀ ਨੇ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਆਨ ਦਾ ਹਵਾਲਾ ਦਿੱਤਾ, ਜੋ ਦੇਸ਼ ਭਰ ਦੇ ਹਜ਼ਾਰਾਂ ਕਬਾਇਲੀ ਪਿੰਡਾਂ ਵਿੱਚ ਵਿਕਾਸ ਦੀ ਨਵੀਂ ਰੌਸ਼ਨੀ ਫੈਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ 80,000 ਕਰੋੜ ਰੁਪਏ ਦੀ ਪਹਿਲਕਦਮੀ ਹੈ - ਸੁਤੰਤਰ ਭਾਰਤ ਵਿੱਚ ਕਬਾਇਲੀ ਖੇਤਰਾਂ ਲਈ ਬੇਮਿਸਾਲ ਪੱਧਰ 'ਤੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸਭ ਤੋਂ ਕਮਜ਼ੋਰ ਕਬਾਇਲੀ ਸਮੂਹਾਂ ਦੇ ਵਿਕਾਸ ਲਈ ਇੱਕ ਰਾਸ਼ਟਰੀ ਯੋਜਨਾ ਤਿਆਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਨਮਨ ਯੋਜਨਾ ਦੇ ਤਹਿਤ ਇਨ੍ਹਾਂ ਭਾਈਚਾਰਿਆਂ ਦੀਆਂ ਹਜ਼ਾਰਾਂ ਬਸਤੀਆਂ ਵਿੱਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਬਾਇਲੀ ਭਾਈਚਾਰੇ ਪੀੜ੍ਹੀਆਂ ਤੋਂ ਜੰਗਲੀ ਉਪਜ ਇਕੱਠੀ ਕਰਦੇ ਆ ਰਹੇ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੌਜੂਦਾ ਸਰਕਾਰ ਨੇ ਹੀ ਵਣ ਧਨ ਕੇਂਦਰਾਂ ਰਾਹੀਂ ਵਧੇਰੇ ਆਮਦਨ ਦੇ ਮੌਕੇ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਤੇਂਦੂ ਪੱਤਾ ਇਕੱਠਾ ਕਰਨ ਦੀ ਬਿਹਤਰ ਵਿਵਸਥਾ ਦੇ ਨਤੀਜੇ ਵਜੋਂ ਛੱਤੀਸਗੜ੍ਹ ਵਿੱਚ ਤੇਂਦੂ ਪੱਤਾ ਇਕੱਠਾ ਕਰਨ ਵਾਲਿਆਂ ਦੀ ਆਮਦਨ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।

 

ਛੱਤੀਸਗੜ੍ਹ ਦੇ ਨਕਸਲਵਾਦ ਅਤੇ ਮਾਓਵਾਦੀ ਅੱਤਵਾਦ ਦੀਆਂ ਬੇੜੀਆਂ ਤੋਂ ਮੁਕਤ ਹੋਣ 'ਤੇ ਤਸੱਲੀ ਪ੍ਰਗਟ ਕਰਦਿਆਂ ਸ਼੍ਰੀ ਮੋਦੀ ਨੇ ਨਕਸਲਵਾਦ ਕਾਰਨ 50-55 ਸਾਲਾਂ ਤੱਕ ਲੋਕਾਂ ਵੱਲੋਂ ਝੱਲੇ ਗਏ ਦਰਦਨਾਕ ਤਜਰਬਿਆਂ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਸੰਵਿਧਾਨ ਦੀ ਰੱਖਿਆ ਦਾ ਢੌਂਗ ਰਚਣ ਵਾਲਿਆਂ ਅਤੇ ਸਮਾਜਿਕ ਨਿਆਂ ਦੇ ਨਾਮ 'ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲਿਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਰਾਜਨੀਤਿਕ ਲਾਭ ਲਈ ਦਹਾਕਿਆਂ ਤੱਕ ਜਨਤਾ ਨਾਲ ਅਨਿਆਂ ਕੀਤਾ। ਉਨ੍ਹਾਂ ਕਿਹਾ ਕਿ ਮਾਓਵਾਦੀ ਅੱਤਵਾਦ ਕਾਰਨ ਛੱਤੀਸਗੜ੍ਹ ਦੇ ਕਬਾਇਲੀ ਖੇਤਰ ਲੰਬੇ ਸਮੇਂ ਤੱਕ ਸੜਕਾਂ ਤੋਂ ਵਾਂਝੇ ਰਹੇ। ਬੱਚੇ ਸਕੂਲ ਨਹੀਂ ਪਹੁੰਚ ਸਕਦੇ ਸਨ, ਬਿਮਾਰਾਂ ਨੂੰ ਹਸਪਤਾਲ ਨਹੀਂ ਮਿਲਦੇ ਸਨ ਅਤੇ ਦਹਾਕਿਆਂ ਤੱਕ ਦੇਸ਼ 'ਤੇ ਰਾਜ ਕਰਨ ਵਾਲਿਆਂ ਨੇ ਸੁੱਖ-ਸਹੂਲਤਾਂ ਦਾ ਆਨੰਦ ਲੈਂਦਿਆਂ ਲੋਕਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ।

 

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਉਹ ਆਪਣੇ ਕਬਾਇਲੀ ਭਰਾਵਾਂ ਅਤੇ ਭੈਣਾਂ ਨੂੰ ਹਿੰਸਾ ਦੇ ਚੱਕਰ ਵਿੱਚ ਬਰਬਾਦ ਨਹੀਂ ਹੋਣ ਦੇ ਸਕਦੇ, ਨਾ ਹੀ ਉਹ ਅਣਗਿਣਤ ਮਾਵਾਂ ਨੂੰ ਆਪਣੇ ਬੱਚਿਆਂ ਲਈ ਰੋਂਦੇ ਹੋਏ ਦੇਖ ਸਕਦੇ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਰਾਸ਼ਟਰ ਨੇ ਉਨ੍ਹਾਂ ਨੂੰ 2014 ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ, ਤਾਂ ਉਨ੍ਹਾਂ ਦੀ ਸਰਕਾਰ ਨੇ ਭਾਰਤ ਨੂੰ ਮਾਓਵਾਦੀ ਅੱਤਵਾਦ ਤੋਂ ਮੁਕਤ ਕਰਨ ਦਾ ਅਹਿਦ ਲਿਆ। ਇਸ ਅਹਿਦ ਦੇ ਨਤੀਜੇ ਹੁਣ ਪੂਰੇ ਦੇਸ਼ ਨੂੰ ਦਿਖਾਈ ਦੇ ਰਹੇ ਹਨ, ਇਸ ਗੱਲ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਿਆਰਾਂ ਸਾਲ ਪਹਿਲਾਂ 125 ਤੋਂ ਵੱਧ ਜ਼ਿਲ੍ਹੇ ਮਾਓਵਾਦੀ ਅੱਤਵਾਦ ਤੋਂ ਪ੍ਰਭਾਵਿਤ ਸਨ; ਅੱਜ, ਸਿਰਫ਼ ਤਿੰਨ ਜ਼ਿਲ੍ਹੇ ਹੀ ਅਜਿਹੇ ਬਚੇ ਹਨ ਜਿੱਥੇ ਮਾਓਵਾਦੀ ਗਤੀਵਿਧੀ ਦੇ ਨਿਸ਼ਾਨ ਮੌਜੂਦ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਉਹ ਦਿਨ ਦੂਰ ਨਹੀਂ ਜਦੋਂ ਛੱਤੀਸਗੜ੍ਹ ਅਤੇ ਸਾਡਾ ਦੇਸ਼ ਮਾਓਵਾਦੀ ਅੱਤਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਵੇਗਾ।"

 

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਛੱਤੀਸਗੜ੍ਹ ਵਿੱਚ ਕਈ ਲੋਕ ਜਿਨ੍ਹਾਂ ਨੇ ਕਦੇ ਹਿੰਸਾ ਦਾ ਰਾਹ ਅਪਣਾਇਆ ਸੀ, ਹੁਣ ਤੇਜ਼ੀ ਨਾਲ ਆਤਮ-ਸਮਰਪਣ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਹੀ ਦਿਨ ਪਹਿਲਾਂ ਕਾਂਕੇਰ ਵਿੱਚ ਵੀਹ ਤੋਂ ਵੱਧ ਨਕਸਲੀ ਮੁੱਖ ਧਾਰਾ ਵਿੱਚ ਪਰਤ ਆਏ ਅਤੇ ਉਸ ਤੋਂ ਪਹਿਲਾਂ 17 ਅਕਤੂਬਰ ਨੂੰ ਬਸਤਰ ਵਿੱਚ 200 ਤੋਂ ਵੱਧ ਨਕਸਲੀਆਂ ਨੇ ਆਤਮ-ਸਮਰਪਣ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਦੇਸ਼ ਭਰ ਵਿੱਚ ਮਾਓਵਾਦੀ ਅੱਤਵਾਦ ਨਾਲ ਜੁੜੇ ਦਰਜਨਾਂ ਲੋਕਾਂ ਨੇ ਹਥਿਆਰ ਸੁੱਟੇ ਹਨ, ਜਿਨ੍ਹਾਂ ਵਿੱਚੋਂ ਕਈਆਂ 'ਤੇ ਲੱਖਾਂ-ਕਰੋੜਾਂ ਰੁਪਏ ਦਾ ਇਨਾਮ ਸੀ। ਇਨ੍ਹਾਂ ਲੋਕਾਂ ਨੇ ਹੁਣ ਭਾਰਤ ਦੇ ਸੰਵਿਧਾਨ ਨੂੰ ਸਵੀਕਾਰ ਕਰ ਲਿਆ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਮਾਓਵਾਦੀ ਅੱਤਵਾਦ ਦੇ ਖਾਤਮੇ ਨੇ ਅਸੰਭਵ ਨੂੰ ਸੰਭਵ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਦੇ ਬੰਬਾਂ ਅਤੇ ਬੰਦੂਕਾਂ ਦੇ ਖੌਫ਼ ਨਾਲ ਘਿਰੇ ਇਲਾਕੇ ਹੁਣ ਬਦਲ ਚੁੱਕੇ ਹਨ। ਬੀਜਾਪੁਰ ਦੇ ਚਿਲਕਾਪੱਲੀ ਪਿੰਡ ਵਿੱਚ ਸੱਤ ਦਹਾਕਿਆਂ ਵਿੱਚ ਪਹਿਲੀ ਵਾਰ ਬਿਜਲੀ ਪਹੁੰਚੀ ਹੈ। ਅਬੂਝਮਾੜ ਦੇ ਰੇਕਾਵਾਇਆ ਪਿੰਡ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਕੂਲ ਦਾ ਨਿਰਮਾਣ ਸ਼ੁਰੂ ਹੋਇਆ ਹੈ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਦੇ ਅੱਤਵਾਦ ਦਾ ਗੜ੍ਹ ਮੰਨਿਆ ਜਾਣ ਵਾਲਾ ਪੁਵਰਤੀ ਪਿੰਡ ਹੁਣ ਵਿਕਾਸ ਦੀ ਲਹਿਰ ਦੇਖ ਰਿਹਾ ਹੈ। ਲਾਲ ਝੰਡੇ ਦੀ ਥਾਂ ਹੁਣ ਰਾਸ਼ਟਰੀ ਤਿਰੰਗੇ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਿ ਬਸਤਰ ਵਰਗੇ ਖੇਤਰ ਹੁਣ ਉਤਸਵਾਂ ਨਾਲ ਭਰੇ ਹੋਏ ਹਨ ਅਤੇ ਬਸਤਰ ਪੰਡੁਮ ਅਤੇ ਬਸਤਰ ਓਲੰਪਿਕ ਵਰਗੇ ਸਮਾਗਮਾਂ ਦੀ ਮੇਜ਼ਬਾਨੀ ਕਰ ਰਹੇ ਹਨ।

 

ਸਾਰਿਆਂ ਨੂੰ ਇਹ ਕਲਪਨਾ ਕਰਨ ਦੀ ਅਪੀਲ ਕਰਦਿਆਂ ਕਿ ਨਕਸਲਵਾਦ ਦੀ ਚੁਣੌਤੀ ਦੇ ਬਾਵਜੂਦ ਛੱਤੀਸਗੜ੍ਹ ਨੇ ਪਿਛਲੇ 25 ਸਾਲਾਂ ਵਿੱਚ ਕਿੰਨੀ ਤਰੱਕੀ ਕੀਤੀ ਹੈ ਅਤੇ ਇਸ ਚੁਣੌਤੀ 'ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਹੋਣ ਤੋਂ ਬਾਅਦ ਇਹ ਗਤੀ ਕਿੰਨੀ ਤੇਜ਼ ਹੋਵੇਗੀ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਸਾਲ ਛੱਤੀਸਗੜ੍ਹ ਲਈ ਮਹੱਤਵਪੂਰਨ ਹਨ। ਇੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਛੱਤੀਸਗੜ੍ਹ ਦਾ ਵਿਕਸਿਤ ਹੋਣਾ ਜ਼ਰੂਰੀ ਹੈ। ਰਾਜ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਸਮਾਂ ਹੈ ਅਤੇ ਅਜਿਹਾ ਕੋਈ ਟੀਚਾ ਨਹੀਂ ਹੈ, ਜਿਸ ਨੂੰ ਉਹ ਪ੍ਰਾਪਤ ਨਾ ਕਰ ਸਕਣ। ਉਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਹਰ ਕਦਮ 'ਤੇ ਅਤੇ ਹਰ ਸੰਕਲਪ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹੈ। ਪ੍ਰਧਾਨ ਮੰਤਰੀ ਨੇ ਇਹ ਕਹਿੰਦਿਆਂ ਸਮਾਪਤੀ ਕੀਤੀ ਕਿ ਅਸੀਂ ਸਭ ਮਿਲ ਕੇ ਛੱਤੀਸਗੜ੍ਹ ਅਤੇ ਦੇਸ਼ ਨੂੰ ਅੱਗੇ ਵਧਾਵਾਂਗੇ। ਉਨ੍ਹਾਂ ਨੇ ਛੱਤੀਸਗੜ੍ਹ ਦੇ ਹਰੇਕ ਭਰਾ-ਭੈਣ ਨੂੰ ਦਿਲੀਂ ਸ਼ੁਭਕਾਮਨਾਵਾਂ ਦਿੱਤੀਆਂ।

 

ਇਸ ਪ੍ਰੋਗਰਾਮ ਵਿੱਚ ਛੱਤੀਸਗੜ੍ਹ ਦੇ ਰਾਜਪਾਲ ਸ਼੍ਰੀ ਰਮਨ ਡੇਕਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਨੂੰ ਦੇਵ ਸਾਏ, ਕੇਂਦਰੀ ਮੰਤਰੀ ਸ਼੍ਰੀ ਜੁਏਲ ਓਰਾਮ, ਸ਼੍ਰੀ ਦੁਰਗਾ ਦਾਸ ਉਇਕੇ, ਸ਼੍ਰੀ ਟੋਕਨ ਸਾਹੂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

 

ਪਿਛੋਕੜ

 

ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਰਾਜ ਦੇ ਗਠਨ ਦੇ 25 ਸਾਲ ਪੂਰੇ ਹੋਣ ਮੌਕੇ ਛੱਤੀਸਗੜ੍ਹ ਰਜਤ ਮਹੋਤਸਵ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸੜਕ, ਉਦਯੋਗ, ਸਿਹਤ-ਸੰਭਾਲ ਅਤੇ ਊਰਜਾ ਵਰਗੇ ਪ੍ਰਮੁੱਖ ਖੇਤਰਾਂ ਨੂੰ ਸ਼ਾਮਲ ਕਰਨ ਵਾਲੇ 14,260 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਅਤੇ ਪਰਿਵਰਤਨਕਾਰੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।

 

ਪੇਂਡੂ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਨੌਂ ਜ਼ਿਲ੍ਹਿਆਂ ਵਿੱਚ 12 ਨਵੇਂ ਸਟਾਰਟ-ਅੱਪ ਗ੍ਰਾਮ ਉੱਦਮਤਾ ਪ੍ਰੋਗਰਾਮ (ਐੱਸਵੀਈਪੀ) ਬਲਾਕਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ 3.51 ਲੱਖ ਪੂਰੇ ਹੋ ਚੁੱਕੇ ਘਰਾਂ ਦੇ ਗ੍ਰਹਿ-ਪ੍ਰਵੇਸ਼ ਵਿੱਚ ਹਿੱਸਾ ਲਿਆ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ 3 ਲੱਖ ਲਾਭਪਾਤਰੀਆਂ ਨੂੰ ਕਿਸ਼ਤਾਂ ਵਜੋਂ 1200 ਕਰੋੜ ਰੁਪਏ ਜਾਰੀ ਕੀਤੇ, ਜਿਸ ਨਾਲ ਰਾਜ ਭਰ ਦੇ ਪੇਂਡੂ ਪਰਿਵਾਰਾਂ ਲਈ ਸਨਮਾਨਜਨਕ ਰਿਹਾਇਸ਼ ਅਤੇ ਸੁਰੱਖਿਆ ਯਕੀਨੀ ਹੋਈ।

 

ਸੰਪਰਕ ਨੂੰ ਉਤਸ਼ਾਹਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਪੱਥਲਗਾਂਵ-ਕੁਨਕੁਰੀ ਤੋਂ ਛੱਤੀਸਗੜ੍ਹ-ਝਾਰਖੰਡ ਸਰਹੱਦ ਤੱਕ ਚਾਰ-ਮਾਰਗੀ ਗ੍ਰੀਨਫੀਲਡ ਹਾਈਵੇਅ ਦਾ ਨੀਂਹ ਪੱਥਰ ਰੱਖਿਆ। ਇਸ ਨੂੰ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਵੱਲੋਂ ਭਾਰਤਮਾਲਾ ਪ੍ਰੋਜੈਕਟ ਤਹਿਤ ਲਗਭਗ 3,150 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਇਹ ਰਣਨੀਤਕ ਗਲਿਆਰਾ ਕੋਰਬਾ, ਰਾਏਗੜ੍ਹ, ਜਸ਼ਪੁਰ, ਰਾਂਚੀ ਅਤੇ ਜਮਸ਼ੇਦਪੁਰ ਵਿੱਚ ਪ੍ਰਮੁੱਖ ਕੋਲਾ ਖਾਣਾਂ, ਉਦਯੋਗਿਕ ਖੇਤਰਾਂ ਅਤੇ ਸਟੀਲ ਪਲਾਂਟਾਂ ਨੂੰ ਜੋੜੇਗਾ, ਜੋ ਇੱਕ ਪ੍ਰਮੁੱਖ ਆਰਥਿਕ ਮਾਰਗ ਵਜੋਂ ਕੰਮ ਕਰੇਗਾ ਅਤੇ ਖੇਤਰੀ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰੇਗਾ ਅਤੇ ਮੱਧ ਭਾਰਤ ਨੂੰ ਪੂਰਬੀ ਖੇਤਰ ਨਾਲ ਜੋੜੇਗਾ।

 

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਬਸਤਰ ਅਤੇ ਨਾਰਾਇਣਪੁਰ ਜ਼ਿਲ੍ਹਿਆਂ ਵਿੱਚ ਕਈ ਹਿੱਸਿਆਂ ਵਿੱਚ ਫੈਲੇ ਰਾਸ਼ਟਰੀ ਰਾਜਮਾਰਗ-130ਡੀ (ਨਾਰਾਇਣਪੁਰ-ਕਸਤੂਰਮੇਟਾ-ਕੁਤੁਲ-ਨੀਲਾਂਗੁਰ-ਮਹਾਰਾਸ਼ਟਰ ਸਰਹੱਦ) ਦੇ ਨਿਰਮਾਣ ਅਤੇ ਉੱਨਤੀਕਰਨ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਰਾਸ਼ਟਰੀ ਰਾਜਮਾਰਗ-130ਸੀ (ਮਦੰਗਮੁਡਾ-ਦੇਵਭੋਗ-ਉੜੀਸਾ ਸਰਹੱਦ) ਨੂੰ ਪੱਕੀ ਸਤ੍ਹਾ ਵਾਲੇ ਦੋ-ਮਾਰਗੀ ਰਾਜਮਾਰਗ ਵਿੱਚ ਉੱਨਤ ਕਰਨ ਦਾ ਵੀ ਉਦਘਾਟਨ ਕਰਨਗੇ। ਇਸ ਨਾਲ ਕਬਾਇਲੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸੜਕ ਸੰਪਰਕ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ, ਸਿਹਤ-ਸੰਭਾਲ, ਸਿੱਖਿਆ ਅਤੇ ਬਾਜ਼ਾਰਾਂ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ।

 

ਬਿਜਲੀ ਖੇਤਰ ਵਿੱਚ ਪ੍ਰਧਾਨ ਮੰਤਰੀ ਨੇ ਅੰਤਰ-ਖੇਤਰੀ ਈਆਰ-ਡਬਲਿਊਆਰ ਇੰਟਰਕਨੈਕਸ਼ਨ ਪ੍ਰੋਜੈਕਟ ਦਾ ਉਦਘਾਟਨ ਕੀਤਾ, ਜਿਸ ਨਾਲ ਪੂਰਬੀ ਅਤੇ ਪੱਛਮੀ ਗਰਿੱਡਾਂ ਵਿਚਕਾਰ ਅੰਤਰ-ਖੇਤਰੀ ਬਿਜਲੀ ਤਬਾਦਲਾ ਸਮਰੱਥਾ ਵਿੱਚ 1,600 ਮੈਗਾਵਾਟ ਦਾ ਵਾਧਾ ਹੋਵੇਗਾ, ਗਰਿੱਡ ਦੀ ਭਰੋਸੇਯੋਗਤਾ ਵਿੱਚ ਸੁਧਾਰ ਹੋਵੇਗਾ ਅਤੇ ਪੂਰੇ ਖੇਤਰ ਵਿੱਚ ਸਥਿਰ ਬਿਜਲੀ ਸਪਲਾਈ ਯਕੀਨੀ ਹੋਵੇਗੀ।

 

ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਨੇ 3,750 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਕਈ ਊਰਜਾ ਖੇਤਰ ਪ੍ਰੋਜੈਕਟਾਂ ਦਾ ਉਦਘਾਟਨ, ਸ਼ੁਭ-ਆਰੰਭ ਅਤੇ ਨੀਂਹ ਪੱਥਰ ਰੱਖਿਆ, ਜਿਨ੍ਹਾਂ ਦਾ ਉਦੇਸ਼ ਛੱਤੀਸਗੜ੍ਹ ਦੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਸਪਲਾਈ ਦੀ ਭਰੋਸੇਯੋਗਤਾ ਵਿੱਚ ਸੁਧਾਰ ਕਰਨਾ ਅਤੇ ਟਰਾਂਸਮਿਸ਼ਨ ਸਮਰੱਥਾ ਨੂੰ ਵਧਾਉਣਾ ਹੈ।

 

ਪੁਨਰ-ਗਠਿਤ ਵੰਡ ਖੇਤਰ ਯੋਜਨਾ (ਆਰਡੀਐੱਸਐੱਸ) ਤਹਿਤ ਪ੍ਰਧਾਨ ਮੰਤਰੀ ਵੱਲੋਂ ਲਗਭਗ 1,860 ਕਰੋੜ ਰੁਪਏ ਦੇ ਕੰਮਾਂ ਨੂੰ ਸਮਰਪਿਤ ਕੀਤਾ ਜਾਵੇਗਾ, ਜਿਸ ਵਿੱਚ ਨਵੀਆਂ ਬਿਜਲੀ ਲਾਈਨਾਂ ਦਾ ਨਿਰਮਾਣ, ਫੀਡਰ ਨੂੰ ਦੋ ਹਿੱਸਿਆਂ ਵਿੱਚ ਵੰਡਣਾ, ਟਰਾਂਸਫਾਰਮਰਾਂ ਦੀ ਸਥਾਪਨਾ, ਕੰਡਕਟਰਾਂ ਦਾ ਰੂਪਾਂਤਰਨ ਅਤੇ ਪੇਂਡੂ ਅਤੇ ਖੇਤੀਬਾੜੀ ਬਿਜਲੀ ਸਪਲਾਈ ਵਿੱਚ ਸੁਧਾਰ ਲਈ ਘੱਟ-ਦਬਾਅ ਨੈੱਟਵਰਕ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਰਾਏਪੁਰ, ਬਿਲਾਸਪੁਰ, ਦੁਰਗ, ਬੇਮੇਤਰਾ, ਗਰੀਆਬੰਦ ਅਤੇ ਬਸਤਰ ਵਰਗੇ ਜ਼ਿਲ੍ਹਿਆਂ ਵਿੱਚ ਲਗਭਗ 480 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨੌਂ ਨਵੇਂ ਬਿਜਲੀ ਸਬ-ਸਟੇਸ਼ਨਾਂ ਦਾ ਵੀ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਰਾਜ ਵਿੱਚ ਬਿਜਲੀ ਦੀ ਪਹੁੰਚ ਅਤੇ ਗੁਣਵੱਤਾ ਨੂੰ ਹੋਰ ਵਧਾਉਣ ਲਈ ਕਈ ਜ਼ਿਲ੍ਹਿਆਂ ਵਿੱਚ ਨਵੇਂ ਆਰਡੀਐੱਸਐੱਸ ਕਾਰਜਾਂ ਦੇ ਨਾਲ-ਨਾਲ ਕਾਂਕੇਰ ਅਤੇ ਬਲੌਦਾਬਾਜ਼ਾਰ-ਭਾਟਾਪਾੜਾ ਵਿੱਚ ਪ੍ਰਮੁੱਖ ਸਹੂਲਤਾਂ ਸਮੇਤ 1,415 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਨਵੇਂ ਸਬ-ਸਟੇਸ਼ਨਾਂ ਅਤੇ ਟਰਾਂਸਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

 

ਪੈਟਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਵਿੱਚ ਪ੍ਰਧਾਨ ਮੰਤਰੀ ਰਾਏਪੁਰ ਵਿੱਚ ਐੱਚਪੀਸੀਐੱਲ ਦੇ ਅਤਿ-ਆਧੁਨਿਕ ਪੈਟਰੋਲੀਅਮ ਤੇਲ ਡਿਪੂ ਦਾ ਉਦਘਾਟਨ ਕਰਨਗੇ, ਜਿਸ ਦਾ ਨਿਰਮਾਣ 460 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਹੋਇਆ ਹੈ ਅਤੇ ਇਸ ਦੀ ਪੈਟਰੋਲ, ਡੀਜ਼ਲ ਅਤੇ ਈਥਾਨੌਲ ਭੰਡਾਰਨ ਸਮਰੱਥਾ 54,000 ਕਿਲੋਲੀਟਰ (ਕੇਐੱਲ) ਹੈ। ਇਹ ਸਹੂਲਤ ਇੱਕ ਪ੍ਰਮੁੱਖ ਈਂਧਨ ਕੇਂਦਰ ਵਜੋਂ ਕੰਮ ਕਰੇਗੀ, ਜੋ ਛੱਤੀਸਗੜ੍ਹ ਅਤੇ ਗੁਆਂਢੀ ਰਾਜਾਂ ਵਿੱਚ ਨਿਰਵਿਘਨ ਸਪਲਾਈ ਯਕੀਨੀ ਬਣਾਏਗੀ। 10,000 ਕੇਐੱਲ ਈਥਾਨੌਲ ਭੰਡਾਰਨ ਨਾਲ ਡਿਪੂ ਈਥਾਨੌਲ ਮਿਸ਼ਰਣ ਪ੍ਰੋਗਰਾਮ ਵਿੱਚ ਵੀ ਸਹਿਯੋਗ ਕਰ ਰਿਹਾ ਹੈ, ਜੋ ਜੈਵਿਕ ਈਂਧਨ 'ਤੇ ਨਿਰਭਰਤਾ ਘਟ ਕਰ ਰਿਹਾ ਹੈ ਅਤੇ ਸਾਫ਼ ਊਰਜਾ ਵਿਕਾਸ ਨੂੰ ਉਤਸ਼ਾਹਿਤ ਕਰ ਰਿਹਾ ਹੈ। 

 

ਪ੍ਰਧਾਨ ਮੰਤਰੀ ਲਗਭਗ 1,950 ਕਰੋੜ ਰੁਪਏ ਦੀ ਲਾਗਤ ਨਾਲ ਬਣੀ 489 ਕਿਲੋਮੀਟਰ ਲੰਬੀ ਨਾਗਪੁਰ-ਝਾਰਸੁਗੁਡਾ ਕੁਦਰਤੀ ਗੈਸ ਪਾਈਪਲਾਈਨ ਵੀ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਭਾਰਤ ਦੇ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ ਦੀ ਹਿੱਸੇਦਾਰੀ ਨੂੰ 15 ਪ੍ਰਤੀਸ਼ਤ ਤੱਕ ਵਧਾਉਣ ਅਤੇ “ਇੱਕ ਰਾਸ਼ਟਰ, ਇੱਕ ਗੈਸ ਗਰਿੱਡ” ਦੇ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਹ ਪਾਈਪਲਾਈਨ ਛੱਤੀਸਗੜ੍ਹ ਦੇ 11 ਜ਼ਿਲ੍ਹਿਆਂ ਨੂੰ ਰਾਸ਼ਟਰੀ ਗੈਸ ਗਰਿੱਡ ਨਾਲ ਜੋੜੇਗੀ, ਜਿਸ ਨਾਲ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਖੇਤਰ ਨੂੰ ਸਾਫ਼ ਅਤੇ ਕਿਫ਼ਾਇਤੀ ਈਂਧਨ ਉਪਲਬਧ ਹੋਵੇਗਾ।

 

ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ, ਪ੍ਰਧਾਨ ਮੰਤਰੀ ਦੋ ਸਮਾਰਟ ਉਦਯੋਗਿਕ ਖੇਤਰਾਂ ਦਾ ਨੀਂਹ ਪੱਥਰ ਰੱਖਣਗੇ—ਇੱਕ ਜਾਂਜਗੀਰ-ਚੰਪਾ ਜ਼ਿਲ੍ਹੇ ਦੇ ਸਿਲਾਦੇਹੀ-ਗਤਵਾ-ਬਿਰਰਾ ਵਿੱਚ ਅਤੇ ਦੂਜਾ ਰਾਜਨੰਦਗਾਂਵ ਜ਼ਿਲ੍ਹੇ ਦੇ ਬਿਜਲੇਤਲਾ ਵਿੱਚ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਵਾ ਰਾਏਪੁਰ ਅਟਲ ਨਗਰ ਦੇ ਸੈਕਟਰ-22 ਵਿੱਚ ਇੱਕ ਫਾਰਮਾਸਿਊਟੀਕਲ ਪਾਰਕ ਦਾ ਨੀਂਹ ਪੱਥਰ ਰੱਖਣਗੇ। ਇਹ ਪਾਰਕ ਦਵਾਈ ਅਤੇ ਸਿਹਤ-ਸੰਭਾਲ ਨਿਰਮਾਣ ਲਈ ਇੱਕ ਸਮਰਪਿਤ ਖੇਤਰ ਵਜੋਂ ਕੰਮ ਕਰੇਗਾ। ਸਿਹਤ ਸੰਭਾਲ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਪੰਜ ਨਵੇਂ ਸਰਕਾਰੀ ਮੈਡੀਕਲ ਕਾਲਜਾਂ—ਮਨੇਂਦਰਗੜ੍ਹ, ਕਬੀਰਧਾਮ, ਜਾਂਜਗੀਰ-ਚੰਪਾ ਅਤੇ ਗੀਦਮ (ਦਾਂਤੇਵਾੜਾ) ਵਿੱਚ ਅਤੇ ਬਿਲਾਸਪੁਰ ਵਿੱਚ ਸਰਕਾਰੀ ਆਯੁਰਵੇਦ ਕਾਲਜ ਅਤੇ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਮੈਡੀਕਲ ਸਿੱਖਿਆ ਨੂੰ ਮਜ਼ਬੂਤ ਕਰਨਗੇ, ਸਿਹਤ ਸੰਭਾਲ ਦੀ ਪਹੁੰਚ ਦਾ ਵਿਸਤਾਰ ਕਰਨਗੇ ਅਤੇ ਪੂਰੇ ਛੱਤੀਸਗੜ੍ਹ ਵਿੱਚ ਰਵਾਇਤੀ ਦਵਾਈ ਨੂੰ ਉਤਸ਼ਾਹਿਤ ਕਰਨਗੇ।


 

***************

ਐੱਮਜੇਪੀਐੱਸ/ਐੱਸਆਰ


(Release ID: 2185481) Visitor Counter : 4