ਰੱਖਿਆ ਮੰਤਰਾਲਾ
azadi ka amrit mahotsav

ਆਪ੍ਰੇਸ਼ਨ ਸਿੰਦੂਰ ਭਾਰਤ ਦੀ ਵਧਦੀ ਸਵਦੇਸ਼ੀ ਤਾਕਤ ਦਾ ਪ੍ਰਮੁੱਖ ਪ੍ਰਮਾਣ ਹੈ: ਰਕਸ਼ਾ ਮੰਤਰੀ


“ਸਾਨੂੰ 2029 ਤੱਕ ਤਿੰਨ ਲੱਖ ਕਰੋੜ ਰੁਪਏ ਦਾ ਰੱਖਿਆ ਨਿਰਮਾਣ ਟੀਚਾ ਅਤੇ 50 ਹਜ਼ਾਰ ਕਰੋੜ ਰੁਪਏ ਦੇ ਨਿਰਯਾਤ ਦਾ ਟੀਚਾ ਹਾਸਲ ਹੋਣ ਦੀ ਉਮੀਦ ਹੈ”

ਸ਼੍ਰੀ ਰਾਜਨਾਥ ਸਿੰਘ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਉਪਲਬਧੀਆਂ ਤੋਂ ਅੱਗੇ ਵਧ ਕੇ ਕ੍ਰਿਏਟਰਸ, ਇਨੋਵੇਟਰਸ ਅਤੇ ਯੋਗਦਾਨਕਰਤਾ ਬਣਨ ਦੀ ਤਾਕਦੀ ਕੀਤੀ

Posted On: 16 OCT 2025 2:47PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 16 ਅਕਤੂਬਰ, 2025 ਨੂੰ ਪੁਣੇ ਵਿੱਚ ਕਿਹਾ, “ਆਪ੍ਰੇਸ਼ਨ ਸਿੰਦੂਰ ਭਾਰਤ ਦੀ ਵਧਦੀ ਸਵਦੇਸ਼ੀ ਤਾਕਤ ਦਾ ਇੱਕ ਪ੍ਰਮੁੱਖ ਪ੍ਰਮਾਣ ਹੈ, ਜੋ ਕਿ ਦੇਸ਼ ਅੰਦਰ ਇੱਕ ਆਤਮ-ਨਿਰਭਰ ਰੱਖਿਆ ਨਿਰਮਾਣ ਈਕੋਸਿਸਟਮ ਬਣਾਉਣ ਲਈ ਸਰਕਾਰ ਦੇ ਅਣਥੱਕ ਯਤਨਾਂ ਦਾ ਸਿੱਟਾ ਹੈ।” ਉਹ ਸਿੰਬਾਇਓਸਿਸ ਸਕਿੱਲਸ ਐਂਡ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਕਨਵੋਕੇਸ਼ਨ ਸੈਰੇਮਨੀ ਦੌਰਾਨ ਵਿਦਿਆਰਥੀਆਂ ਨੂੰ ਵਿਸ਼ਵਾਸ ਅਤੇ ਦ੍ਰਿੜ੍ਹਤਾ ਵਰਗੇ ਗੁਣਾਂ ਦੇ ਮਹੱਤਵ ‘ਤੇ ਚਾਨਣਾ ਪਾ ਰਹੇ ਸਨ। 

ਰਕਸ਼ਾ ਮੰਤਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਜਦੋਂ ਸਰਕਾਰ ਨੇ ਰੱਖਿਆ ਖੇਤਰ ਵਿੱਚ ਆਤਮ-ਨਿਰਭਰ ਬਣਨਾ ਸ਼ੁਰੂ ਕੀਤਾ, ਤਾਂ ਸ਼ੁਰੂ ਵਿੱਚ ਇਹ ਬਹੁਤ ਮੁਸ਼ਕਲ ਲੱਗ ਰਿਹਾ ਸੀ, ਪਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਘਰੇਲੂ ਰੱਖਿਆ ਨਿਰਮਾਣ ਦੇ ਵਿਸਤਾਰ ਵਿੱਚ ਕੋਈ ਕਸਰ ਨਾ ਛੱਡਦੇ ਹੋਏ ਪੂਰੀ ਕੋਸ਼ਿਸ਼ ਕੀਤੀ ਗਈ। ਇਸੇ ਸੰਕਲਪ ਦੇ ਕਾਰਨ ਸਕਾਰਾਤਮਕ ਨਤੀਜੇ ਮਿਲਣ ਲੱਗੇ। 

 

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਰੱਖਿਆ ਖੇਤਰ ਵਿੱਚ ਬਦਲਾਅ ਦਾ ਸੰਕਲਪ ਲਿਆ ਹੈ ਕਿਉਂਕਿ ਦੇਸ਼ ਦੀ ਸੁਤੰਤਰਤਾ ਦੇ ਬਾਅਦ ਤੋਂ ਹੀ ਅਸੀਂ ਹਥਿਆਰਾਂ ਲਈ ਦੂਸਰੇ ਦੇਸ਼ਾਂ ‘ਤੇ ਬਹੁਤ ਜ਼ਿਆਦਾ ਨਿਰਭਰ ਰਹੇ ਹਾਂ। ਅਸੀਂ ਹਥਿਆਰ ਖਰੀਦਣ ਦੇ ਆਦੀ ਹੋ ਗਏ ਸੀ ਕਿਉਂਕਿ ਸਾਡੇ ਕੋਲ ਭਾਰਤ ਵਿੱਚ ਨਿਰਮਾਣ ਕਰਨ ਦੀ ਰਾਜਨੀਤਿਕ ਇੱਛਾਸ਼ਕਤੀ ਦੀ ਘਾਟ ਸੀ ਅਤੇ ਸਾਡੇ ਕੋਲ ਰੱਖਿਆ ਨਿਰਮਾਣ ਨੂੰ ਹੁਲਾਰਾ ਦੇਣ ਸਬੰਧੀ ਕਾਨੂੰਨ ਵੀ ਨਹੀਂ ਸੀ। ਇਸ ਵਿੱਚ ਬਦਲਾਅ ਦੀ ਜ਼ਰੂਰਤ ਸੀ। ਹੁਣ ਸਾਡਾ ਸੰਕਲਪ ਹੈ ਕਿ ਭਾਰਤ ਆਪਣੇ ਸੈਨਿਕਾਂ ਲਈ ਸਵਦੇਸ਼ ਵਿੱਚ ਤਿਆਰ ਹਥਿਆਰ ਬਣਾਵੇ। ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਪੂਰੀ ਦੁਨੀਆ ਨੇ ਸਾਡੇ ਸੈਨਿਕਾਂ ਦੀ ਬਹਾਦਰੀ ਦੇਖੀ। ਉਨ੍ਹਾਂ ਨੇ ਨਿਰਧਾਰਿਤ ਵਿਆਪਕ ਟੀਚਾ ਦੇਸ਼ ਵਿੱਚ ਤਿਆਰ ਰੱਖਿਆ ਉਪਕਰਣਾਂ ਦੀ ਵਰਤੋਂ ਨਾਲ ਹੀ ਹਾਸਲ  ਕੀਤਾ। 

ਰੱਖਿਆ ਨਿਰਮਾਣ ਵਿੱਚ ਨੌਜਵਾਨਾਂ ਦੇ ਯੋਗਦਾਨ ਦੀ ਚਰਚਾ ਕਰਦੇ ਹੋਏ, ਰੱਖਿਆ ਮੰਤਰੀ ਨੇ ਕਿਹਾ, ਕਿ ਪਿਛਲੇ 10 ਵਰ੍ਹਿਆਂ ਵਿੱਚ, ਸਲਾਨਾ ਰੱਖਿਆ ਉਤਪਾਦਨ 46 ਹਜ਼ਾਰ ਕਰੋੜ ਰੁਪਏ ਤੋਂ ਵਧ ਕੇ ਰਿਕਾਰਡ ਡੇਢ ਲੱਖ ਕਰੋੜ ਰੁਪਏ ਦਾ ਹੋ ਗਿਆ ਹੈ, ਜਿਸ ਵਿੱਚ ਨਿਜੀ ਖੇਤਰ ਦਾ ਯੋਗਦਾਨ ਲਗਭਗ 33 ਹਜ਼ਾਰ ਕਰੋੜ ਰੁਪਏ ਦਾ ਹੈ। ਉਨ੍ਹਾਂ ਨੇ ਸਾਲ 2029 ਤੱਕ ਤਿੰਨ ਲੱਖ ਕਰੋੜ ਰੁਪਏ ਦੇ ਰੱਖਿਆ ਨਿਰਮਾਣ ਦਾ ਟੀਚਾ ਅਤੇ 50 ਹਜ਼ਾਰ ਕਰੋੜ ਰੁਪਏ ਦੇ ਨਿਰਯਾਤ ਦਾ ਟੀਚਾ ਹਾਸਲ ਹੋਣ ਦਾ ਵਿਸ਼ਵਾਸ ਪ੍ਰਗਟਾਇਆ।  

ਸ਼੍ਰੀ ਰਾਜਨਾਥ ਸਿੰਘ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਉਪਲਬਧੀਆਂ ਤੋਂ ਅੱਗੇ ਵਧ ਕੇ ਕ੍ਰਿਏਟਰਸ, ਇਨੋਵੇਟਰਸ ਅਤੇ ਰਾਸ਼ਟਰੀ ਵਿਕਾਸ ਵਿੱਚ ਯੋਗਦਾਨਕਰਤਾ ਬਣਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੱਚੀ ਸਫ਼ਲਤਾ ਸਿਰਫ਼ ਅਕਾਦਮਿਕ ਉਪਾਧੀ ਹਾਸਲ ਕਰਨ ਵਿੱਚ ਨਹੀਂ, ਸਗੋਂ ਸਮਾਜਿਕ ਲਾਭ ਲਈ ਗਿਆਨ ਦੀ ਸਾਰਥਕ ਵਰਤੋਂ ਵਿੱਚ ਹੈ।

ਰਕਸ਼ਾ ਮੰਤਰੀ ਨੇ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਕੌਸ਼ਲ ਵਿਕਾਸ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਕਿਹਾ, ਕਿ ਹੁਣ ਅਸੀਂ ‘ਤੁਸੀਂ ਕੀ ਜਾਣਦੇ ਹੋ?’ ਦੇ ਯੁੱਗ ਵਿੱਚ ਨਹੀਂ ਹਾਂ, ਸਗੋਂ ਦੁਨੀਆ ਪੁੱਛਦੀ ਹੈ, ਤੁਸੀਂ ਕੀ ਕਰ ਸਕਦੇ ਹੋ? ਇਸ ਤੋਂ ਸਪਸ਼ਟ ਹੈ ਜੋ ਗਿਆਨ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ, ਉਹ ਅਧੂਰਾ ਹੈ। ਉਨ੍ਹਾਂ ਕਿਹਾ ਕਿ ਕੌਸ਼ਲ ਹੀ ਸਿੱਖਣ ਅਤੇ ਕੰਮ ਨੂੰ ਅੰਜਾਮ ਦੇਣ ਦੇ ਦਰਮਿਆਨ ਵਾਲਾ ਪੁਲ ਹੈ। 

ਸ਼੍ਰੀ ਰਾਜਨਾਥ ਸਿੰਘ ਨੇ ਤਕਨਾਲੋਜੀ ਵਿੱਚ ਵਿਸ਼ੇਸ਼ ਤੌਰ ‘ਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਪ੍ਰਭਾਵ ਦਾ ਜ਼ਿਕਰ ਕਰਦੇ ਹੋਏ ਇਸ ਸ਼ੱਕ ਨੂੰ ਬੇਵਜ੍ਹਾ ਦੱਸਿਆ ਕਿ ਇਸ ਨਾਲ ਨੌਕਰੀ ਜਾਣ ਅਤੇ ਮਨੁੱਖੀ ਮਿਹਨਤ ਦੀ ਲੋੜ ਖ਼ਤਮ ਹੋਵੇਗੀ। ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕਦੇ ਮਨੁੱਖੀ ਮਿਹਨਤ ਦੀ ਥਾਂ ਨਹੀਂ ਲਵੇਗਾ, ਸਗੋਂ ਜੋ ਲੋਕ ਏਆਈ ਦੀ ਵਰਤੋਂ ਕਰਦੇ ਹਨ, ਉਹ ਉਨ੍ਹਾਂ ਲੋਕਾਂ ਦੀ ਥਾਂ ਲੈਣਗੇ ਜੋ ਇਸ ਦੀ ਵਰਤੋਂ ਨਹੀਂ ਕਰਦੇ ਹਨ। ਰਕਸ਼ਾ ਮੰਤਰੀ ਨੇ ਕਿਹਾ ਕਿ ਤਕਨੀਕ ਨੂੰ ਮਨੁੱਖੀ ਸੰਵੇਦਨਸ਼ੀਲਤਾ, ਕਦਰਾਂ ਕੀਮਤਾਂ ਅਤੇ ਨੈਤਿਕਤਾ ਦਾ ਵਿਕਲਪ ਨਹੀਂ, ਸਗੋਂ ਸਿਰਫ਼ ਸਾਧਨ ਬਣਾਈ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਅਤੇ ਬਾਹਰੀ ਦਬਾਅ ਨਾਲ ਪੈਦਾ ਹੋਈਆਂ ਚੁਣੌਤੀਆਂ ਦੀ ਵੀ ਚਰਚਾ ਕੀਤੀ। ਸ਼੍ਰੀ ਰਾਜਨਾਥ ਸਿੰਘ ਨੇ ਨੌਜਵਾਨਾਂ ਨਾਲ ਤੁਲਨਾ ਵਿੱਚ ਉਲਝਣ ਦੀ ਬਜਾਏ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਾਕੀਦ ਕੀਤੀ। 

 

ਭਾਰਤ ਦੇ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਚੀਟੇ ਨਾਲ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰਨ ਦੇ ਯੁੱਗ ਵਿੱਚ ਰਕਸ਼ਾ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਜੀਵਨ ਦੇ ਸਭ ਨਾਲੋਂ ਨਿਰਣਾਇਕ ਦੌਰ ਵਿੱਚ ਪ੍ਰਵੇਸ਼ ਕਰ ਰਹੇ ਹਨ ਅਤੇ ਅਗਲੇ 20 ਤੋਂ 25 ਵਰ੍ਹੇ ਉਨ੍ਹਾਂ ਦੇ ਕਰੀਅਰ ਨੂੰ ਆਕਾਰ ਦੇਣ ਦੇ ਨਾਲ ਹੀ ਰਾਸ਼ਟਰ ਦੀ ਕਿਸਮਤ ਨੂੰ ਵੀ ਨਿਰਣਾਇਕ ਸਰੂਪ ਪ੍ਰਦਾਨ ਕਰਨਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਇੱਛਾਵਾਂ ਨੂੰ ਦੇਸ਼ ਵਿੱਚ ਬਦਲਾਅ ਦਾ ਪ੍ਰੇਰਕ ਬਣਾਉਣ ਲਈ ਕਿਹਾ।

ਪ੍ਰੋਗਰਾਮ ਦੇ ਤਹਿਤ ਸ਼੍ਰੀ ਰਾਜਨਾਥ ਸਿੰਘ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਨੇ ਸਕੂਲ ਆਫ ਡਿਫੈਂਸ ਐਂਡ ਏਅਰੋਸਪੇਸ ਤਕਨਾਲੋਜੀ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਰਾਜ ਸਰਕਾਰ ਦੇ ਹੋਰ ਮੰਤਰੀ ਅਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਮੌਜੂਦ ਸਨ। 

****

ਵੀਕੇ/ਐੱਸਆਰ/ਸੇਵੀ/ਐੱਸਐੱਸ/ਏਕੇ


(Release ID: 2180294) Visitor Counter : 5