ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖੇਤੀਬਾੜੀ ਖੇਤਰ ਵਿੱਚ 35,440 ਕਰੋੜ ਰੁਪਏ ਦੀ ਲਾਗਤ ਵਾਲੀਆਂ ਦੋ ਵੱਡੀਆਂ ਯੋਜਨਾਵਾਂ ਦੀ ਸ਼ੁਰੂਆਤ ਮੌਕੇ ਕ੍ਰਿਸ਼ੀ ਪ੍ਰੋਗਰਾਮ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ


ਟਿਕਾਊ ਖੇਤੀਬਾੜੀ ਪ੍ਰਣਾਲੀਆਂ ਸਮੁੱਚੇ ਦੇਸ਼ ਦੇ ਕਿਸਾਨਾਂ ਲਈ ਇੱਕ ਮਾਡਲ ਵਜੋਂ ਕੰਮ ਕਰ ਸਕਦੀਆਂ ਹਨ: ਪ੍ਰਧਾਨ ਮੰਤਰੀ

ਦਾਲ਼ਾਂ ਦੀ ਖੇਤੀ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧਾਉਂਦੀ ਹੈ, ਸਗੋਂ ਦੇਸ਼ ਦੀ ਪੋਸ਼ਣ ਸੁਰੱਖਿਆ ਵਿੱਚ ਵੀ ਯੋਗਦਾਨ ਪਾਉਂਦੀ ਹੈ: ਪ੍ਰਧਾਨ ਮੰਤਰੀ

ਜਿੱਥੇ ਪਾਣੀ ਦੀ ਕਮੀ ਹੈ, ਉੱਥੇ ਮੋਟੇ ਅਨਾਜ ਜੀਵਨ-ਰੇਖਾ ਹਨ, ਮੋਟੇ ਅਨਾਜ ਦਾ ਆਲਮੀ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਉਤਪਾਦਨ ਵਧਾਉਣ, ਲਾਗਤ ਘਟਾਉਣ ਅਤੇ ਬਾਜ਼ਾਰਾਂ ਤੱਕ ਬਿਹਤਰ ਪਹੁੰਚ ਬਣਾਉਣ ਲਈ ਵੱਧ ਮੁੱਲ ਵਾਲੀਆਂ ਫ਼ਸਲਾਂ ਦੀ ਚੋਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਸਮੂਹਿਕ ਖੇਤੀ ਦੇ ਵਿਚਾਰ ਨੂੰ ਉਤਸ਼ਾਹਿਤ ਕੀਤਾ

Posted On: 12 OCT 2025 6:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਭਾਰਤੀ ਖੇਤੀਬਾੜੀ ਖੋਜ ਅਦਾਰਿਆਂ ਵਿੱਚ ਇੱਕ ਕ੍ਰਿਸ਼ੀ ਪ੍ਰੋਗਰਾਮ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ। ਇਹ ਪ੍ਰੋਗਰਾਮ ਕਿਸਾਨਾਂ ਦੀ ਭਲਾਈ, ਖੇਤੀਬਾੜੀ ਵਿੱਚ ਆਤਮ-ਨਿਰਭਰਤਾ ਅਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕੀਤੀ, ਜਿੱਥੇ ਸ਼੍ਰੀ ਮੋਦੀ ਨੇ ਖੇਤੀਬਾੜੀ ਖੇਤਰ ਵਿੱਚ 35,440 ਕਰੋੜ ਰੁਪਏ ਦੀ ਲਾਗਤ ਵਾਲੀਆਂ ਦੋ ਵੱਡੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਦੀ ਲਾਗਤ 24,000 ਕਰੋੜ ਰੁਪਏ ਹੈ। ਉਨ੍ਹਾਂ ਨੇ 11,440 ਕਰੋੜ ਰੁਪਏ ਦੀ ਲਾਗਤ ਨਾਲ ਦਾਲ਼ਾਂ ਵਿੱਚ ਆਤਮ-ਨਿਰਭਰਤਾ ਲਈ ਮਿਸ਼ਨ ਦੀ ਵੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਵਿੱਚ 5,450 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਦੇਸ਼ ਨੂੰ ਸਮਰਪਿਤ ਕੀਤੇ, ਜਦਕਿ ਲਗਭਗ 815 ਕਰੋੜ ਰੁਪਏ ਦੇ ਵਾਧੂ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।

ਪ੍ਰਧਾਨ ਮੰਤਰੀ ਨਾਲ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਕਾਬਲੀ ਛੋਲਿਆਂ ਦੀ ਖੇਤੀ ਨਾਲ ਆਪਣਾ ਖੇਤੀਬਾੜੀ ਸਫ਼ਰ ਸ਼ੁਰੂ ਕੀਤਾ ਅਤੇ ਆਪਣਾ ਤਜਰਬਾ ਅਤੇ ਵਿਚਾਰ ਸਾਂਝੇ ਕੀਤੇ। ਕਿਸਾਨ ਨੇ ਦੱਸਿਆ ਕਿ ਉਸ ਨੇ ਚਾਰ ਸਾਲ ਪਹਿਲਾਂ ਕਾਬਲੀ ਛੋਲੇ ਉਗਾਉਣੇ ਸ਼ੁਰੂ ਕੀਤੇ ਸਨ ਅਤੇ ਇਸ ਵੇਲੇ ਉਹ ਪ੍ਰਤੀ ਏਕੜ ਲਗਭਗ 10 ਕੁਇੰਟਲ ਝਾੜ ਲੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੰਤਰ-ਫ਼ਸਲੀ ਪ੍ਰਣਾਲੀਆਂ ਬਾਰੇ ਪੁੱਛਿਆ, ਖ਼ਾਸ ਤੌਰ 'ਤੇ ਕਿ ਕੀ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਵਾਧੂ ਆਮਦਨ ਪੈਦਾ ਕਰਨ ਲਈ ਫਲੀਦਾਰ ਫ਼ਸਲਾਂ ਨੂੰ ਖੇਤੀ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।

ਜਵਾਬ ਵਿੱਚ ਕਿਸਾਨ ਨੇ ਪੁਸ਼ਟੀ ਕੀਤੀ ਕਿ ਅਜਿਹੀਆਂ ਫ਼ਸਲਾਂ ਨੂੰ ਸ਼ਾਮਲ ਕਰਨਾ ਲਾਭਦਾਇਕ ਸਾਬਤ ਹੋਇਆ ਹੈ। ਉਸ ਨੇ ਸਮਝਾਇਆ ਕਿ ਛੋਲਿਆਂ ਵਰਗੀਆਂ ਦਾਲ਼ਾਂ ਉਗਾਉਣ ਨਾਲ ਨਾ ਸਿਰਫ਼ ਇੱਕ ਭਰੋਸੇਯੋਗ ਫ਼ਸਲ ਮਿਲਦੀ ਹੈ, ਸਗੋਂ ਮਿੱਟੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਵੀ ਵਧਦੀ ਹੈ, ਜਿਸ ਨਾਲ ਅਗਲੀਆਂ ਫ਼ਸਲਾਂ ਦਾ ਝਾੜ ਵੀ ਵਧਦਾ ਹੈ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਮਿੱਟੀ ਦੀ ਸਿਹਤ ਨੂੰ ਮੁੜ ਸੁਰਜੀਤ ਕਰਨ ਅਤੇ ਬਣਾਈ ਰੱਖਣ ਦੇ ਸਾਧਨ ਵਜੋਂ ਇਸ ਟਿਕਾਊ ਪ੍ਰਣਾਲੀ ਨੂੰ ਸਾਥੀ ਕਿਸਾਨਾਂ ਵਿੱਚ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਨ੍ਹਾਂ ਯਤਨਾਂ ਅਤੇ ਸਾਂਝੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਣਾਲੀਆਂ ਦੇਸ਼ ਭਰ ਦੇ ਹੋਰਨਾਂ ਕਿਸਾਨਾਂ ਲਈ ਇੱਕ ਮਾਡਲ ਵਜੋਂ ਕੰਮ ਕਰ ਸਕਦੀਆਂ ਹਨ। ਕਿਸਾਨ ਨੇ ਧੰਨਵਾਦ ਕਰਦਿਆਂ ਕਿਹਾ, “ਇਹ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੈ ਜਦੋਂ ਮੈਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਉਹ ਸੱਚਮੁੱਚ ਇੱਕ ਚੰਗੇ ਨੇਤਾ ਹਨ, ਜੋ ਕਿਸਾਨਾਂ ਅਤੇ ਆਮ ਨਾਗਰਿਕਾਂ ਨਾਲ ਇੱਕੋ ਜਿਹੇ ਢੰਗ ਨਾਲ ਜੁੜਦੇ ਹਨ।”

ਕਿਸਾਨ ਨੇ ਇਹ ਵੀ ਦੱਸਿਆ ਕੀਤਾ ਕਿ ਉਹ ਕਿਸਾਨ ਪਦਕ ਅਦਾਰਾ (ਫਾਰਮਰ ਮੈਡਲ ਆਰਗੇਨਾਈਜ਼ੇਸ਼ਨ) ਨਾਲ ਜੁੜਿਆ ਹੋਇਆ ਹੈ ਅਤੇ ਇੱਕ ਪ੍ਰੈਕਟਿਸਿੰਗ ਚਾਰਟਰਡ ਅਕਾਊਂਟੈਂਟ ਹੋਣ ਦੇ ਨਾਲ-ਨਾਲ ਇੱਕ ਸਰਗਰਮ ਕਿਸਾਨ ਵੀ ਹੈ। 16 ਵਿਘੇ ਪਰਿਵਾਰਕ ਜ਼ਮੀਨ ਨਾਲ ਉਹ ਦਾਲ਼ਾਂ ਦੀ ਖੇਤੀ ਜਾਰੀ ਰੱਖ ਰਿਹਾ ਹੈ ਅਤੇ ਉਸ ਨੇ ਆਪਣੇ ਪਿੰਡ ਵਿੱਚ 20 ਔਰਤਾਂ ਦੇ ਸਵੈ-ਸਹਾਇਤਾ ਗਰੁੱਪ ਬਣਾ ਕੇ ਹੋਰ ਪਹਿਲਕਦਮੀ ਕੀਤੀ ਹੈ। ਇਹ ਗਰੁੱਪ ਛੋਲਿਆਂ-ਅਧਾਰਿਤ ਉਤਪਾਦ, ਲਸਣ ਅਤੇ ਰਵਾਇਤੀ ਪਾਪੜ ਬਣਾਉਣ ਵਰਗੀਆਂ ਮੁੱਲ-ਵਧਾਊ ਗਤੀਵਿਧੀਆਂ ਵਿੱਚ ਲੱਗੇ ਹੋਏ ਹਨ, ਜਿਸ ਨਾਲ ਔਰਤਾਂ ਦੇ ਸਸ਼ਕਤੀਕਰਨ ਅਤੇ ਪੇਂਡੂ ਉੱਦਮਤਾ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਕਿਸਾਨ ਨੇ ਦੱਸਿਆ, “ਅਸੀਂ ਆਪਣੇ ਪਿੰਡ ਦੇ ਨਾਂ 'ਤੇ ਆਪਣੇ ਬ੍ਰਾਂਡ ਦਾ ਨਾਂ 'ਡੁਗਰੀ ਵਾਲੇ' ਰੱਖਿਆ ਹੈ, ਸਰ। ਅਸੀਂ ਡੁਗਰੀ ਵਾਲੇ ਛੋਲੇ, ਲਸਣ ਅਤੇ ਪਾਪੜ ਵੇਚਦੇ ਹਾਂ। ਅਸੀਂ ਜੀਈਐੱਮ ਪੋਰਟਲ 'ਤੇ ਵੀ ਰਜਿਸਟਰਡ ਹਾਂ। ਫ਼ੌਜ ਦੇ ਜਵਾਨ ਉੱਥੋਂ ਸਾਡੇ ਉਤਪਾਦ ਖ਼ਰੀਦਦੇ ਹਨ।” ਉਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਉਤਪਾਦ ਨਾ ਸਿਰਫ਼ ਰਾਜਸਥਾਨ ਵਿੱਚ ਵੇਚੇ ਜਾ ਰਹੇ ਹਨ, ਸਗੋਂ ਪੂਰੇ ਭਾਰਤ ਵਿੱਚ ਪ੍ਰਸਿੱਧੀ ਹਾਸਲ ਕਰ ਰਹੇ ਹਨ, ਜਿੱਥੇ ਵੱਖ-ਵੱਖ ਖੇਤਰਾਂ ਤੋਂ ਮੰਗ ਵੱਧ ਰਹੀ ਹੈ।

ਗੱਲਬਾਤ ਦੌਰਾਨ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਇੱਕ ਹੋਰ ਕਿਸਾਨ ਨੇ ਵੀ 2013-14 ਤੋਂ ਕਾਬਲੀ ਛੋਲਿਆਂ ਦੀ ਖੇਤੀ ਦੇ ਆਪਣੇ ਸਫ਼ਰ ਨੂੰ ਸਾਂਝਾ ਕੀਤਾ। ਉਸ ਨੇ ਸਿਰਫ਼ ਇੱਕ ਏਕੜ ਤੋਂ ਸ਼ੁਰੂ ਕਰਕੇ ਸਾਲਾਂ ਦੌਰਾਨ 13-14 ਏਕੜ ਤੱਕ ਵਿਸਤਾਰ ਕੀਤਾ ਹੈ, ਜਿਸ ਦਾ ਸਿਹਰਾ ਉਸ ਨੇ ਵਧੀਆ ਬੀਜਾਂ ਦੀ ਚੋਣ ਅਤੇ ਝਾੜ ਵਿੱਚ ਲਗਾਤਾਰ ਸੁਧਾਰ ਨੂੰ ਦਿੱਤਾ। ਕਿਸਾਨ ਨੇ ਕਿਹਾ, "ਆਮਦਨ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹਰ ਸਾਲ ਅਸੀਂ ਬਿਹਤਰ ਗੁਣਵੱਤਾ ਵਾਲੇ ਬੀਜ ਚੁਣੇ ਅਤੇ ਉਤਪਾਦਕਤਾ ਵਧਦੀ ਰਹੀ।"

ਪ੍ਰਧਾਨ ਮੰਤਰੀ ਨੇ ਦਾਲ਼ਾਂ ਦੇ ਪੌਸ਼ਟਿਕ ਮੁੱਲ 'ਤੇ ਜ਼ੋਰ ਦਿੱਤਾ, ਖ਼ਾਸ ਕਰਕੇ ਸ਼ਾਕਾਹਾਰੀ ਲੋਕਾਂ ਲਈ, ਅਤੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਦਾਲ਼ਾਂ ਦੀ ਖੇਤੀ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧਾਉਂਦੀ ਹੈ ਬਲਕਿ ਦੇਸ਼ ਦੀ ਪੋਸ਼ਣ ਸੁਰੱਖਿਆ ਵਿੱਚ ਵੀ ਯੋਗਦਾਨ ਪਾਉਂਦੀ ਹੈ। ਸ਼੍ਰੀ ਮੋਦੀ ਨੇ ਸਮੂਹਿਕ ਖੇਤੀ ਦੇ ਵਿਚਾਰ ਨੂੰ ਉਤਸ਼ਾਹਿਤ ਕੀਤਾ, ਜਿੱਥੇ ਛੋਟੇ ਅਤੇ ਘੱਟ ਜ਼ਮੀਨ ਵਾਲੇ ਕਿਸਾਨ ਇਕੱਠੇ ਹੋ ਕੇ ਆਪਣੀ ਜ਼ਮੀਨ ਨੂੰ ਜੋੜ ਕੇ, ਉਤਪਾਦਨ ਵਧਾਉਣ, ਲਾਗਤ ਘਟਾਉਣ ਅਤੇ ਬਾਜ਼ਾਰਾਂ ਤੱਕ ਬਿਹਤਰ ਪਹੁੰਚ ਹਾਸਲ ਕਰਨ ਲਈ ਉੱਚ-ਮੁੱਲ ਵਾਲੀਆਂ ਫ਼ਸਲਾਂ ਦੀ ਚੋਣ 'ਤੇ ਧਿਆਨ ਕੇਂਦਰਿਤ ਕਰ ਸਕਦੇ ਹਨ।

ਇੱਕ ਕਿਸਾਨ ਨੇ ਇਸ ਮਾਡਲ ਦੀ ਸਫਲ ਉਦਾਹਰਣ ਸਾਂਝੀ ਕਰਦਿਆਂ ਦੱਸਿਆ ਕਿ ਹੁਣ ਲਗਭਗ 1200 ਏਕੜ ਜ਼ਮੀਨ 'ਤੇ ਰਸਾਇਣ-ਮੁਕਤ ਕਾਬਲੀ ਛੋਲਿਆਂ ਦੀ ਖੇਤੀ ਹੋ ਰਹੀ ਹੈ, ਜਿਸ ਨਾਲ ਪੂਰੇ ਗਰੁੱਪ ਲਈ ਬਿਹਤਰ ਬਾਜ਼ਾਰ ਪਹੁੰਚ ਅਤੇ ਆਮਦਨ ਵਿੱਚ ਸੁਧਾਰ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਸਰਕਾਰ ਦੁਆਰਾ ਮੋਟੇ ਅਨਾਜ (ਸ਼੍ਰੀ ਅੰਨ) ਜਿਵੇਂ ਕਿ ਬਾਜਰਾ ਅਤੇ ਜਵਾਰ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਚਰਚਾ ਕੀਤੀ, ਖ਼ਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਪਾਣੀ ਦੀ ਕਮੀ ਹੈ। ਇੱਕ ਕਿਸਾਨ ਨੇ ਪੁਸ਼ਟੀ ਕੀਤੀ ਕਿ ਮੋਟੇ ਅਨਾਜ ਦੀ ਖੇਤੀ ਨਾ ਸਿਰਫ਼ ਜਾਰੀ ਹੈ ਸਗੋਂ ਵਧਦੀ ਬਾਜ਼ਾਰ ਮੰਗ ਅਤੇ ਸਿਹਤ ਜਾਗਰੂਕਤਾ ਕਾਰਨ ਹੋਰ ਵੀ ਹਰਮਨ ਪਿਆਰੀ ਹੋ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, "ਜਿੱਥੇ ਪਾਣੀ ਦੀ ਕਮੀ ਹੈ, ਉੱਥੇ ਮੋਟੇ ਅਨਾਜ ਇੱਕ ਜੀਵਨ-ਰੇਖਾ ਹਨ। ਮੋਟੇ ਅਨਾਜ ਦਾ ਆਲਮੀ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ।"

ਕੁਦਰਤੀ ਅਤੇ ਰਸਾਇਣ-ਮੁਕਤ ਖੇਤੀ 'ਤੇ ਵੀ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਪ੍ਰਣਾਲੀਆਂ ਨੂੰ ਹੌਲੀ-ਹੌਲੀ ਅਤੇ ਵਿਵਹਾਰਕ ਢੰਗ ਨਾਲ ਅਪਣਾਇਆ ਜਾਣਾ ਚਾਹੀਦਾ ਹੈ, ਖ਼ਾਸ ਕਰਕੇ ਛੋਟੇ ਕਿਸਾਨਾਂ ਲਈ। ਉਨ੍ਹਾਂ ਨੇ ਇੱਕ ਪੜਾਅਵਾਰ ਪਹੁੰਚ ਦਾ ਸੁਝਾਅ ਦਿੱਤਾ: ਜ਼ਮੀਨ ਦੇ ਇੱਕ ਹਿੱਸੇ 'ਤੇ ਕੁਦਰਤੀ ਖੇਤੀ ਦੀ ਪਰਖ ਕਰਨਾ ਜਦਕਿ ਬਾਕੀ ਹਿੱਸੇ 'ਤੇ ਰਵਾਇਤੀ ਢੰਗ ਜਾਰੀ ਰੱਖਣਾ, ਜਿਸ ਨਾਲ ਸਮੇਂ ਦੇ ਨਾਲ ਯਕੀਨ ਵਧੇਗਾ।

ਇੱਕ ਸਵੈ-ਸਹਾਇਤਾ ਗਰੁੱਪ ਦੀ ਮਹਿਲਾ ਕਿਸਾਨ ਨੇ 2023 ਵਿੱਚ ਸ਼ਾਮਲ ਹੋਣ ਅਤੇ ਆਪਣੀ 5 ਵਿਘੇ ਜ਼ਮੀਨ 'ਤੇ ਮੂੰਗੀ ਦੀ ਖੇਤੀ ਸ਼ੁਰੂ ਕਰਨ ਦਾ ਆਪਣਾ ਤਜਰਬਾ ਸਾਂਝਾ ਕੀਤਾ। ਉਸ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਇੱਕ ਵੱਡਾ ਸਹਾਰਾ ਦੱਸਿਆ, ਜਿਸ ਨਾਲ ਉਹ ਬੀਜ ਖ਼ਰੀਦਣ ਅਤੇ ਜ਼ਮੀਨ ਦੀ ਤਿਆਰੀ ਦਾ ਪ੍ਰਬੰਧ ਕਰ ਸਕੀ। ਉਸ ਨੇ ਕਿਹਾ, "6000 ਰੁਪਏ ਦੀ ਸਾਲਾਨਾ ਸਹਾਇਤਾ ਇੱਕ ਵਰਦਾਨ ਰਹੀ ਹੈ। ਇਹ ਸਾਨੂੰ ਬੀਜ ਖ਼ਰੀਦਣ ਅਤੇ ਸਮੇਂ ਸਿਰ ਬਿਜਾਈ ਕਰਨ ਵਿੱਚ ਮਦਦ ਕਰਦੀ ਹੈ।" ਇੱਕ ਹੋਰ ਕਿਸਾਨ, ਜੋ ਛੋਲੇ, ਮਸਰ ਅਤੇ ਗੁਆਰ ਵਰਗੀਆਂ ਦਾਲ਼ਾਂ ਦੀ ਖੇਤੀ ਕਰਦਾ ਹੈ, ਨੇ ਕਿਹਾ ਕਿ ਸਿਰਫ਼ ਦੋ ਏਕੜ ਜ਼ਮੀਨ ਨਾਲ ਵੀ ਉਹ ਵਿਭਿੰਨਤਾ ਲਿਆਉਣ ਅਤੇ ਲਗਾਤਾਰ ਕਮਾਈ ਕਰਨ ਦੇ ਯੋਗ ਹੈ, ਜੋ ਕੁਸ਼ਲ, ਛੋਟੇ ਪੱਧਰ ਦੀ ਖੇਤੀ ਦੀ ਸ਼ਕਤੀ ਨੂੰ ਦਰਸਾਉਂਦਾ ਹੈ।

ਇੱਕ ਕਿਸਾਨ ਨੇ 2010 ਵਿੱਚ ਇੱਕ ਹੋਟਲ ਵਿੱਚ ਰੂਮ ਬੁਆਏ ਵਜੋਂ ਕੰਮ ਕਰਨ ਤੋਂ ਲੈ ਕੇ 250 ਤੋਂ ਵੱਧ ਗਿਰ ਗਾਵਾਂ ਵਾਲੀ ਗਊਸ਼ਾਲਾ ਦਾ ਮਾਲਕ ਬਣਨ ਤੱਕ ਦੇ ਆਪਣੇ ਸ਼ਾਨਦਾਰ ਸਫ਼ਰ ਨੂੰ ਸਾਂਝਾ ਕੀਤਾ। ਉਸ ਨੇ ਪਸ਼ੂ ਪਾਲਣ ਮੰਤਰਾਲੇ ਦਾ ਧੰਨਵਾਦ ਕੀਤਾ, ਜਿਸ ਨੇ 50 ਫ਼ੀਸਦੀ ਸਬਸਿਡੀ ਦਿੱਤੀ, ਜਿਸ ਨੇ ਉਸ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਈ।

ਪ੍ਰਧਾਨ ਮੰਤਰੀ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਵਾਰਾਣਸੀ ਦੇ ਇੱਕ ਅਜਿਹੇ ਹੀ ਤਜਰਬੇ ਨੂੰ ਯਾਦ ਕੀਤਾ, ਜਿੱਥੇ ਪਰਿਵਾਰਾਂ ਨੂੰ ਇਸ ਸ਼ਰਤ 'ਤੇ ਗਿਰ ਗਾਵਾਂ ਦਿੱਤੀਆਂ ਜਾਂਦੀਆਂ ਹਨ ਕਿ ਉਹ ਪਹਿਲਾ ਵੱਛਾ ਵਾਪਸ ਕਰਨਗੇ, ਜਿਸ ਨੂੰ ਫਿਰ ਦੂਜੇ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ, ਜਿਸ ਨਾਲ ਇੱਕ ਟਿਕਾਊ ਭਾਈਚਾਰਕ ਲੜੀ ਬਣਦੀ ਹੈ।

ਕਈ ਭਾਗੀਦਾਰਾਂ ਨੇ ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਜੀਵਨ-ਬਦਲਣ ਵਾਲੇ ਪ੍ਰਭਾਵ ਨੂੰ ਉਜਾਗਰ ਕੀਤਾ। ਉੱਤਰ ਪ੍ਰਦੇਸ਼ ਵਿੱਚ ਇੱਕ ਪੀਐਚ.ਡੀ. ਧਾਰਕ, ਜੋ ਜਲ-ਕ੍ਰਿਸ਼ੀ ਉੱਦਮੀ ਬਣਿਆ, ਇੱਕ ਨੌਕਰੀ ਲੱਭਣ ਵਾਲੇ ਤੋਂ ਨੌਕਰੀ ਦੇਣ ਵਾਲਾ ਬਣ ਗਿਆ, ਅਤੇ ਉੱਤਰਾਖੰਡ ਦੇ ਛੋਟੇ ਪਿੰਡਾਂ ਦੇ ਲਗਭਗ 25 ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ। ਇੱਕ ਕਸ਼ਮੀਰੀ ਨੌਜਵਾਨ ਨੇ ਇੱਕ ਸਰਕਾਰੀ ਪ੍ਰੋਗਰਾਮ ਵਿੱਚ ਪੀਐੱਮਐੱਮਐੱਸਵਾਈ ਬਾਰੇ ਜਾਣਨ ਤੋਂ ਬਾਅਦ ਜਲ-ਕ੍ਰਿਸ਼ੀ ਸ਼ੁਰੂ ਕੀਤੀ। ਉਹ ਹੁਣ 14 ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਅਤੇ ਸਾਲਾਨਾ 15 ਲੱਖ ਰੁਪਏ ਦਾ ਮੁਨਾਫ਼ਾ ਕਮਾਉਂਦਾ ਹੈ। ਭਾਰਤ ਦੇ ਤੱਟਵਰਤੀ ਖੇਤਰ ਦੀ ਇੱਕ ਮਹਿਲਾ ਕਿਸਾਨ, ਜੋ 100 ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ, ਨੇ ਦੱਸਿਆ ਕਿ ਕਿਵੇਂ ਪੀਐੱਮਐੱਮਐੱਸਵਾਈ ਤਹਿਤ ਕੋਲਡ ਸਟੋਰੇਜ ਅਤੇ ਬਰਫ਼ ਦੀਆਂ ਸਹੂਲਤਾਂ ਨੇ ਉਸ ਦੇ ਮੱਛੀ ਪਾਲਣ ਦੇ ਕਾਰੋਬਾਰ ਨੂੰ ਹੁਲਾਰਾ ਦਿੱਤਾ। ਸਜਾਵਟੀ ਮੱਛੀ ਪਾਲਣ ਵਿੱਚ ਕੰਮ ਕਰਨ ਵਾਲੇ ਇੱਕ ਹੋਰ ਉੱਦਮੀ ਨੇ ਕਿਹਾ ਕਿ ਪੀਐੱਮਐੱਮਐੱਸਵਾਈ ਨੇ ਦੇਸ਼ ਭਰ ਦੇ ਨੌਜਵਾਨ ਖੇਤੀ-ਸਟਾਰਟਅੱਪਾਂ ਲਈ ਉਮੀਦ ਦੀ ਕਿਰਨ ਪੈਦਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਜਲ-ਕ੍ਰਿਸ਼ੀ ਵਿੱਚ ਵਿਸ਼ਾਲ ਸੰਭਾਵਨਾਵਾਂ 'ਤੇ ਜ਼ੋਰ ਦਿੱਤਾ ਅਤੇ ਹੋਰ ਨੌਜਵਾਨਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ।

ਸਖੀ ਸੰਗਠਨ ਦੀ ਇੱਕ ਪ੍ਰਤੀਨਿਧੀ ਨੇ ਸਾਂਝਾ ਕੀਤਾ ਕਿ ਕਿਵੇਂ ਇਹ ਅੰਦੋਲਨ ਸਿਰਫ਼ 20 ਔਰਤਾਂ ਨਾਲ ਸ਼ੁਰੂ ਹੋਇਆ ਸੀ ਅਤੇ ਹੁਣ ਡੇਅਰੀ ਖੇਤਰ ਵਿੱਚ 90,000 ਔਰਤਾਂ ਤੱਕ ਪਹੁੰਚ ਗਿਆ ਹੈ। ਪ੍ਰਤੀਨਿਧੀ ਨੇ ਕਿਹਾ, “ਸਾਂਝੇ ਯਤਨਾਂ ਸਦਕਾ 14,000 ਤੋਂ ਵੱਧ ਔਰਤਾਂ ‘ਲੱਖਪਤੀ ਦੀਦੀਆਂ’ ਬਣ ਗਈਆਂ ਹਨ।” ਪ੍ਰਧਾਨ ਮੰਤਰੀ ਨੇ ਜਵਾਬ ਵਿੱਚ ਸਵੈ-ਸਹਾਇਤਾ ਗਰੁੱਪ ਮਾਡਲ ਦੀ ਸ਼ਲਾਘਾ ਕਰਦਿਆਂ ਕਿਹਾ, “ਇਹ ਇੱਕ ਅਸਲੀ ਚਮਤਕਾਰ ਹੈ।”

ਝਾਰਖੰਡ ਦੇ ਸਰਾਇਕੇਲਾ ਜ਼ਿਲ੍ਹੇ ਦੇ ਇੱਕ ਉੱਦਮੀ ਨੇ 125 ਪੱਛੜੇ ਕਬਾਇਲੀ ਪਰਿਵਾਰਾਂ ਨੂੰ ਗੋਦ ਲਿਆ ਅਤੇ ਖੇਤਰ ਵਿੱਚ ਏਕੀਕ੍ਰਿਤ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ। ਉਸ ਨੇ ਦੱਸਿਆ ਕਿ ਕਿਵੇਂ ਪ੍ਰਧਾਨ ਮੰਤਰੀ ਦੇ "ਨੌਕਰੀ ਲੱਭਣ ਵਾਲੇ ਨਹੀਂ, ਨੌਕਰੀ ਦੇਣ ਵਾਲੇ ਬਣੋ" ਦੇ ਸੱਦੇ ਨੇ ਉਸ ਦੇ ਮਿਸ਼ਨ ਨੂੰ ਪ੍ਰੇਰਿਤ ਕੀਤਾ।

ਕਈ ਭਾਗੀਦਾਰਾਂ ਨੇ ਡੂੰਘੀ ਭਾਵਨਾਤਮਕ ਸ਼ੁਕਰਗੁਜ਼ਾਰੀ ਪ੍ਰਗਟਾਈ, ਜਿਸ ਵਿੱਚ ਇੱਕ ਕਿਸਾਨ ਨੇ ਕਿਹਾ, “ਪ੍ਰਧਾਨ ਮੰਤਰੀ ਨੂੰ ਮਿਲਣਾ ਇੱਕ ਕੁਦਰਤੀ ਥੈਰੇਪੀ ਵਾਂਗ ਮਹਿਸੂਸ ਹੋਇਆ। ਮੈਨੂੰ ਨਹੀਂ ਲੱਗਿਆ ਕਿ ਮੈਂ ਇੱਕ ਨੇਤਾ ਨਾਲ ਗੱਲਬਾਤ ਕਰ ਰਿਹਾ ਸੀ, ਸਗੋਂ ਇਸ ਤਰ੍ਹਾਂ ਲੱਗਾ ਕਿ ਜਿਵੇਂ ਮੈਂ ਆਪਣੇ ਘਰ ਦੇ ਕਿਸੇ ਵਿਅਕਤੀ ਨਾਲ ਗੱਲ ਕਰ ਰਿਹਾ ਸੀ।”

ਇੱਕ ਹੋਰ ਕਸ਼ਮੀਰੀ ਨੌਜਵਾਨ ਨੇ ਮੌਜੂਦਾ ਲੀਡਰਸ਼ਿਪ ਅਧੀਨ ਜੰਮੂ-ਕਸ਼ਮੀਰ ਵਿੱਚ ਹੋਏ ਵਿਕਾਸ ਦੇ ਬਦਲਾਅ ਨੂੰ ਸਵੀਕਾਰ ਕੀਤਾ। ਉਸ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਸਰਕਾਰ ਤੋਂ ਬਿਨਾਂ ਇਹ ਸਭ ਸੰਭਵ ਹੋ ਸਕਦਾ ਸੀ।”

ਇੱਕ ਕਿਸਾਨ ਨੇ 2014 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਆਪਣਾ ਲਾਭਦਾਇਕ ਕਰੀਅਰ ਛੱਡ ਕੇ ਭਾਰਤ ਵਾਪਸ ਆਉਣ ਅਤੇ ਪੇਂਡੂ ਭਾਈਚਾਰਿਆਂ ਨੂੰ ਸਸ਼ਕਤ ਕਰਨ ਦੇ ਆਪਣੇ ਸਫ਼ਰ ਨੂੰ ਸਾਂਝਾ ਕੀਤਾ। ਸਿਰਫ਼ 10 ਏਕੜ ਜ਼ਮੀਨ ਨਾਲ ਸ਼ੁਰੂ ਕਰਕੇ, ਉਹ ਹੁਣ 300 ਏਕੜ ਤੋਂ ਵੱਧ ਦੀ ਖੇਤੀ, ਹੈਚਰੀਆਂ ਦਾ ਪ੍ਰਬੰਧਨ ਕਰਦਾ ਹੈ ਅਤੇ 10,000+ ਏਕੜ ਲਈ ਬੀਜ ਤਿਆਰ ਕਰਦਾ ਹੈ। ਮੱਛੀ ਪਾਲਣ ਅਤੇ ਜਲ-ਕ੍ਰਿਸ਼ੀ ਬੁਨਿਆਦੀ ਢਾਂਚਾ ਵਿਕਾਸ ਫ਼ੰਡ (ਐੱਫਆਈਡੀਐੱਫ) ਦੀ ਸਹਾਇਤਾ ਨਾਲ ਉਹ ਸਿਰਫ਼ 7 ਫ਼ੀਸਦੀ ਵਿਆਜ 'ਤੇ ਵਿੱਤ ਹਾਸਲ ਕਰਨ ਵਿੱਚ ਕਾਮਯਾਬ ਰਿਹਾ, ਜਿਸ ਨਾਲ ਉਹ ਆਪਣੇ ਕੰਮ ਨੂੰ 200 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣ ਤੱਕ ਵਧਾ ਸਕਿਆ। ਕਿਸਾਨ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੂੰ ਸਾਡੇ ਵੱਲ ਆਉਂਦਿਆਂ ਦੇਖਣਾ ਇੱਕ 'ਵਾਹ' ਵਾਲਾ ਪਲ ਸੀ।"

ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਧਾਰੀ ਤੋਂ ਇੱਕ ਐੱਫਪੀਓ ਦੀ ਪ੍ਰਤੀਨਿਧੀ ਨੇ ਸਾਂਝਾ ਕੀਤਾ ਕਿ ਉਸ ਦੀ 1,700 ਕਿਸਾਨਾਂ ਦੀ ਸੰਸਥਾ 1,500 ਏਕੜ 'ਤੇ ਖੇਤੀ ਕਰ ਰਹੀ ਹੈ ਅਤੇ ਪਿਛਲੇ ਚਾਰ ਸਾਲਾਂ ਤੋਂ ਸਾਲਾਨਾ 20 ਫ਼ੀਸਦੀ ਲਾਭਅੰਸ਼ ਦੇ ਰਹੀ ਹੈ। ਐੱਫਪੀਓ ਨੂੰ 2 ਕਰੋੜ ਰੁਪਏ ਦੇ ਬਿਨਾਂ ਗਾਰੰਟੀ ਦੇ ਸਰਕਾਰੀ ਕਰਜ਼ੇ ਦਾ ਲਾਭ ਹੋਇਆ, ਜਿਸ ਨੇ ਕੰਮਕਾਜ ਨੂੰ ਮਹੱਤਵਪੂਰਨ ਢੰਗ ਨਾਲ ਵਧਾਉਣ ਵਿੱਚ ਮਦਦ ਕੀਤੀ। ਉਸ ਨੇ ਕਿਹਾ, "ਭਾਰਤ ਸਰਕਾਰ ਦੀ ਕ੍ਰੈਡਿਟ ਗਾਰੰਟੀ ਸਕੀਮ ਨੇ ਸਾਨੂੰ ਉਦੋਂ ਸ਼ਕਤੀ ਦਿੱਤੀ ਜਦੋਂ ਸਾਡੇ ਕੋਲ ਕੁਝ ਨਹੀਂ ਸੀ।"

ਰਾਜਸਥਾਨ ਦੇ ਜੈਸਲਮੇਰ ਤੋਂ 1,000 ਤੋਂ ਵੱਧ ਕਿਸਾਨਾਂ ਵਾਲਾ ਇੱਕ ਐੱਫਪੀਓ ਏਕੀਕ੍ਰਿਤ ਕੀਟ ਪ੍ਰਬੰਧਨ (ਆਈਪੀਐੱਮ) ਤਕਨੀਕਾਂ ਦੀ ਵਰਤੋਂ ਕਰਕੇ ਜੈਵਿਕ ਜੀਰਾ ਅਤੇ ਈਸਬਗੋਲ ਦਾ ਉਤਪਾਦਨ ਕਰ ਰਿਹਾ ਹੈ। ਉਪਜ ਗੁਜਰਾਤ-ਅਧਾਰਿਤ ਨਿਰਯਾਤਕਾਂ ਰਾਹੀਂ ਨਿਰਯਾਤ ਕੀਤੀ ਜਾਂਦੀ ਹੈ। ਜਦੋਂ ਪ੍ਰਧਾਨ ਮੰਤਰੀ ਨੇ ਈਸਬਗੋਲ-ਅਧਾਰਿਤ ਆਈਸਕ੍ਰੀਮ ਦੀ ਖੋਜ ਕਰਨ ਦਾ ਸੁਝਾਅ ਦਿੱਤਾ, ਤਾਂ ਇਸ ਨੇ ਕਿਸਾਨਾਂ ਵਿੱਚ ਉਤਪਾਦ ਨਵੀਨਤਾ ਲਈ ਤੁਰੰਤ ਦਿਲਚਸਪੀ ਪੈਦਾ ਕੀਤੀ।

ਵਾਰਾਣਸੀ ਨੇੜੇ ਮਿਰਜ਼ਾਪੁਰ ਦੇ ਇੱਕ ਕਿਸਾਨ ਨੇ ਮੋਟੇ ਅਨਾਜ 'ਤੇ ਆਪਣੇ ਕੰਮ ਨੂੰ ਸਾਂਝਾ ਕੀਤਾ, ਜਿਸ ਵਿੱਚ ਪ੍ਰੋਸੈਸਿੰਗ, ਪੈਕੇਜਿੰਗ ਅਤੇ ਬ੍ਰਾਂਡਿੰਗ ਸ਼ਾਮਲ ਹੈ। ਉਸ ਦੇ ਉਤਪਾਦ ਇੱਕ ਰਸਮੀ ਸਮਝੌਤਾ ਪੱਤਰ (ਐੱਮਓਯੂ) ਤਹਿਤ ਰੱਖਿਆ ਅਤੇ ਐੱਨਡੀਆਰਐੱਫ ਦੇ ਜਵਾਨਾਂ ਨੂੰ ਸਪਲਾਈ ਕੀਤੇ ਜਾ ਰਹੇ ਹਨ, ਜਿਸ ਨਾਲ ਪੋਸ਼ਣ ਮੁੱਲ ਅਤੇ ਆਰਥਿਕ ਵਿਹਾਰਕਤਾ ਦੋਵੇਂ ਯਕੀਨੀ ਹੁੰਦੇ ਹਨ।

ਕਸ਼ਮੀਰ ਦੇ ਇੱਕ ਸੇਬ ਉਤਪਾਦਕ ਨੇ ਦੱਸਿਆ ਕਿ ਕਿਵੇਂ ਰੇਲ ਸੰਪਰਕ ਨੇ ਸੇਬਾਂ ਦੀ ਢੋਆ-ਢੁਆਈ ਨੂੰ ਬਦਲ ਦਿੱਤਾ ਹੈ। 60,000 ਟਨ ਤੋਂ ਵੱਧ ਫਲ ਅਤੇ ਸਬਜ਼ੀਆਂ ਸਿੱਧੇ ਦਿੱਲੀ ਅਤੇ ਉਸ ਤੋਂ ਅੱਗੇ ਭੇਜੀਆਂ ਗਈਆਂ ਹਨ, ਜਿਸ ਨਾਲ ਰਵਾਇਤੀ ਸੜਕ ਮਾਰਗਾਂ ਦੇ ਮੁਕਾਬਲੇ ਸਮੇਂ ਅਤੇ ਲਾਗਤ ਵਿੱਚ ਕਮੀ ਆਈ ਹੈ।

ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਇੱਕ ਨੌਜਵਾਨ ਉੱਦਮੀ ਨੇ ਆਪਣੀ ਏਅਰੋਪੋਨਿਕ-ਅਧਾਰਿਤ ਆਲੂ ਬੀਜ ਦੀ ਖੇਤੀ ਪੇਸ਼ ਕੀਤੀ, ਜਿੱਥੇ ਆਲੂ ਬਿਨਾਂ ਮਿੱਟੀ ਦੇ ਲੰਬਕਾਰੀ ਢਾਂਚਿਆਂ ਵਿੱਚ ਉਗਾਏ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਮਜ਼ਾਕ ਵਿੱਚ ਇਸ ਨੂੰ "ਜੈਨ ਆਲੂ" ਕਿਹਾ, ਕਿਉਂਕਿ ਅਜਿਹੀ ਉਪਜ ਜੈਨੀਆਂ ਦੇ ਧਾਰਮਿਕ ਖੁਰਾਕੀ ਪਾਬੰਦੀਆਂ ਦੇ ਅਨੁਕੂਲ ਹੋ ਸਕਦੀ ਹੈ ਜੋ ਜੜ੍ਹ ਵਾਲੀਆਂ ਸਬਜ਼ੀਆਂ ਤੋਂ ਪਰਹੇਜ਼ ਕਰਦੇ ਹਨ।

ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਦੱਸਿਆ ਕਿ ਕਿਵੇਂ ਉਸ ਦੀ ਟੀਮ ਲਸਣ ਦੇ ਪਾਊਡਰ ਅਤੇ ਪੇਸਟ ਬਣਾ ਕੇ ਮੁੱਲ ਵਾਧੇ 'ਤੇ ਕੰਮ ਕਰ ਰਹੀ ਹੈ ਅਤੇ ਹੁਣ ਨਿਰਯਾਤ ਲਾਇਸੈਂਸ ਲਈ ਅਰਜ਼ੀ ਦੇ ਰਹੀ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਸੈਸ਼ਨ ਦੀ ਸਮਾਪਤੀ ਕੀਤੀ।

***************

ਐੱਮਜੇਪੀਐੱਸ/ਵੀਜੇ


(Release ID: 2178702) Visitor Counter : 2