ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 11 ਅਕਤੂਬਰ ਨੂੰ ਨਵੀਂ ਦਿੱਲੀ ਸਥਿਤ ਭਾਰਤੀ ਖੇਤੀ ਖੋਜ ਅਦਾਰਿਆਂ ਵਿੱਚ ਵਿਸ਼ੇਸ਼ ਖੇਤੀ ਪ੍ਰੋਗਰਾਮ ’ਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ 42,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਅਤੇ ਯੋਜਨਾਵਾਂ ਦੀ ਸ਼ੁਰੂਆਤ, ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ 24,000 ਕਰੋੜ ਰੁਪਏ ਦੀ ਲਾਗਤ ਵਾਲੀ 'ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ' ਦੀ ਸ਼ੁਰੂਆਤ ਕਰਨਗੇ
ਇਸ ਯੋਜਨਾ ਦਾ ਉਦੇਸ਼ 100 ਜ਼ਿਲ੍ਹਿਆਂ ਵਿੱਚ ਖੇਤੀਬਾੜੀ ਨੂੰ ਬਦਲਣਾ ਹੈ
ਪ੍ਰਧਾਨ ਮੰਤਰੀ 11,440 ਕਰੋੜ ਰੁਪਏ ਦੀ ਲਾਗਤ ਵਾਲੇ 'ਦਾਲ਼ਾਂ ਵਿੱਚ ਆਤਮ-ਨਿਰਭਰਤਾ ਲਈ ਮਿਸ਼ਨ' ਦੀ ਸ਼ੁਰੂਆਤ ਕਰਨਗੇ
ਮਿਸ਼ਨ ਦਾ ਉਦੇਸ਼ ਉਤਪਾਦਕਤਾ ਵਿੱਚ ਸੁਧਾਰ, ਕਾਸ਼ਤ ਅਧੀਨ ਰਕਬੇ ਦਾ ਵਿਸਤਾਰ ਅਤੇ ਮੁੱਲ ਲੜੀ ਨੂੰ ਮਜ਼ਬੂਤ ਕਰਕੇ ਦਾਲ਼ਾਂ ਵਿੱਚ ਆਤਮ-ਨਿਰਭਰਤਾ ਹਾਸਲ ਕਰਨਾ ਹੈ
ਪ੍ਰਧਾਨ ਮੰਤਰੀ ਦਾਲ਼ਾਂ ਦੀ ਕਾਸ਼ਤ ਵਿੱਚ ਲੱਗੇ ਕਿਸਾਨਾਂ ਨਾਲ ਵੀ ਗੱਲਬਾਤ ਕਰਨਗੇ
Posted On:
10 OCT 2025 6:10PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਕਤੂਬਰ, 2025 ਨੂੰ ਸਵੇਰੇ 10:30 ਵਜੇ ਨਵੀਂ ਦਿੱਲੀ ਸਥਿਤ ਭਾਰਤੀ ਖੇਤੀ ਖੋਜ ਅਦਾਰਿਆਂ ਵਿੱਚ ਵਿਸ਼ੇਸ਼ ਖੇਤੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਸ਼੍ਰੀ ਮੋਦੀ ਇੱਕ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਨਗੇ।
ਇਹ ਪ੍ਰੋਗਰਾਮ ਕਿਸਾਨ ਭਲਾਈ, ਖੇਤੀਬਾੜੀ ਵਿੱਚ ਆਤਮਨਿਰਭਰਤਾ ਅਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਪ੍ਰਤੀ ਪ੍ਰਧਾਨ ਮੰਤਰੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਆਧੁਨਿਕ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ, ਕਿਸਾਨਾਂ ਦੀ ਸਹਾਇਤਾ ਕਰਨ ਅਤੇ ਕਿਸਾਨ-ਕੇਂਦ੍ਰਿਤ ਪਹਿਲਕਦਮੀਆਂ ਵਿੱਚ ਮਹੱਤਵਪੂਰਨ ਪੜਾਵਾਂ ਦਾ ਜਸ਼ਨ ਮਨਾਉਣ 'ਤੇ ਕੇਂਦਰਿਤ ਹੋਵੇਗਾ।
ਪ੍ਰਧਾਨ ਮੰਤਰੀ ਖੇਤੀਬਾੜੀ ਖੇਤਰ ਵਿੱਚ 35,440 ਕਰੋੜ ਰੁਪਏ ਦੀ ਲਾਗਤ ਵਾਲੀਆਂ ਦੋ ਵੱਡੀਆਂ ਯੋਜਨਾਵਾਂ ਦੀ ਸ਼ੁਰੂਆਤ ਕਰਨਗੇ। ਉਹ 'ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ' ਦੀ ਸ਼ੁਰੂਆਤ ਕਰਨਗੇ, ਜਿਸ ਦੀ ਲਾਗਤ 24,000 ਕਰੋੜ ਰੁਪਏ ਹੈ। ਇਸ ਦਾ ਉਦੇਸ਼ ਖੇਤੀ ਉਤਪਾਦਕਤਾ ਨੂੰ ਵਧਾਉਣਾ, ਫ਼ਸਲੀ ਵਿਭਿੰਨਤਾ ਅਤੇ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਅਪਣਾਉਣ ਵਿੱਚ ਵਾਧਾ ਕਰਨਾ, ਪੰਚਾਇਤ ਅਤੇ ਬਲਾਕ ਪੱਧਰ 'ਤੇ ਫ਼ਸਲ ਦੀ ਵਾਢੀ ਤੋਂ ਬਾਅਦ ਭੰਡਾਰਨ ਨੂੰ ਵਧਾਉਣਾ, ਸਿੰਚਾਈ ਸਹੂਲਤਾਂ ਵਿੱਚ ਸੁਧਾਰ ਕਰਨਾ ਅਤੇ ਚੁਣੇ ਗਏ 100 ਜ਼ਿਲ੍ਹਿਆਂ ਵਿੱਚ ਲੰਬੇ ਅਤੇ ਥੋੜ੍ਹੇ ਸਮੇਂ ਦੇ ਕਰਜ਼ੇ ਦੀ ਉਪਲਬਧਤਾ ਨੂੰ ਸੁਖਾਲਾ ਬਣਾਉਣਾ ਹੈ।
ਪ੍ਰਧਾਨ ਮੰਤਰੀ 'ਦਾਲ਼ਾਂ ਵਿੱਚ ਆਤਮ-ਨਿਰਭਰਤਾ ਲਈ ਮਿਸ਼ਨ' ਦੀ ਵੀ ਸ਼ੁਰੂਆਤ ਕਰਨਗੇ, ਜਿਸਦੀ ਲਾਗਤ 11,440 ਕਰੋੜ ਰੁਪਏ ਹੈ। ਇਸ ਦਾ ਉਦੇਸ਼ ਦਾਲ਼ਾਂ ਦੀ ਉਤਪਾਦਕਤਾ ਦੇ ਪੱਧਰ ਵਿੱਚ ਸੁਧਾਰ ਕਰਨਾ, ਦਾਲ਼ਾਂ ਦੀ ਕਾਸ਼ਤ ਅਧੀਨ ਰਕਬੇ ਦਾ ਵਿਸਤਾਰ ਕਰਨਾ, ਮੁੱਲ ਲੜੀ – ਖ਼ਰੀਦ, ਭੰਡਾਰਨ, ਪ੍ਰੋਸੈਸਿੰਗ – ਨੂੰ ਮਜ਼ਬੂਤ ਕਰਨਾ ਅਤੇ ਨੁਕਸਾਨ ਨੂੰ ਘਟਾਉਣਾ ਯਕੀਨੀ ਬਣਾਉਣਾ ਹੈ।
ਪ੍ਰਧਾਨ ਮੰਤਰੀ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਵਿੱਚ 5,450 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਲਗਭਗ 815 ਕਰੋੜ ਰੁਪਏ ਦੇ ਵਾਧੂ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਜਿਨ੍ਹਾਂ ਪ੍ਰੋਜੈਕਟਾਂ ਦਾ ਪ੍ਰਧਾਨ ਮੰਤਰੀ ਉਦਘਾਟਨ ਕਰਨਗੇ, ਉਨ੍ਹਾਂ ਵਿੱਚ ਬੰਗਲੂਰੂ ਅਤੇ ਜੰਮੂ-ਕਸ਼ਮੀਰ ਵਿੱਚ ਬਨਾਵਟੀ ਗਰਭਦਾਨ ਸਿਖਲਾਈ ਕੇਂਦਰ; ਅਮਰੇਲੀ ਅਤੇ ਬਨਾਸ ਵਿੱਚ ਉੱਤਮਤਾ ਕੇਂਦਰ; ਰਾਸ਼ਟਰੀ ਗੋਕੁਲ ਮਿਸ਼ਨ ਤਹਿਤ ਅਸਾਮ ਵਿੱਚ ਆਈਵੀਐੱਫ ਲੈਬ ਦੀ ਸਥਾਪਨਾ; ਮਹਿਸਾਣਾ, ਇੰਦੌਰ ਅਤੇ ਭੀਲਵਾੜਾ ਵਿੱਚ ਦੁੱਧ ਪਾਊਡਰ ਪਲਾਂਟ; ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ ਤਹਿਤ ਤੇਜਪੁਰ, ਅਸਾਮ ਵਿੱਚ ਮੱਛੀ ਫੀਡ ਪਲਾਂਟ; ਐਗਰੋ-ਪ੍ਰੋਸੈਸਿੰਗ ਕਲੱਸਟਰਾਂ ਲਈ ਬੁਨਿਆਦੀ ਢਾਂਚਾ, ਏਕੀਕ੍ਰਿਤ ਕੋਲਡ ਚੇਨ, ਅਤੇ ਮੁੱਲ ’ਚ ਵਾਧਾ ਬੁਨਿਆਦੀ ਢਾਂਚਾ ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਨ੍ਹਾਂ ਵਿੱਚ ਕ੍ਰਿਸ਼ਨਾ, ਆਂਧਰਾ ਪ੍ਰਦੇਸ਼ ਵਿੱਚ ਏਕੀਕ੍ਰਿਤ ਕੋਲਡ ਚੇਨ ਅਤੇ ਮੁੱਲ ’ਚ ਵਾਧਾ ਬੁਨਿਆਦੀ ਢਾਂਚਾ (ਇਰੇਡੀਏਸ਼ਨ); ਉੱਤਰਾਖੰਡ ਵਿੱਚ ਟਰਾਊਟ ਮੱਛੀ ਪਾਲਣ; ਨਾਗਾਲੈਂਡ ਵਿੱਚ ਏਕੀਕ੍ਰਿਤ ਐਕਵਾ ਪਾਰਕ; ਕਾਰਾਈਕਲ, ਪੁਡੂਚੇਰੀ ਵਿੱਚ ਸਮਾਰਟ ਅਤੇ ਏਕੀਕ੍ਰਿਤ ਮੱਛੀ ਬੰਦਰਗਾਹ; ਅਤੇ ਉੜੀਸਾ ਦੇ ਹੀਰਾਕੁੰਡ ਵਿੱਚ ਅਤਿ-ਆਧੁਨਿਕ ਏਕੀਕ੍ਰਿਤ ਐਕਵਾਪਾਰਕ ਆਦਿ ਸ਼ਾਮਲ ਹਨ।
ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ 'ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ' ਤਹਿਤ ਪ੍ਰਮਾਣਿਤ ਕਿਸਾਨਾਂ, ਮੈਤਰੀ ਟੈਕਨੀਸ਼ੀਅਨਾਂ, ਅਤੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਕਰਜ਼ਾ ਸਭਾਵਾਂ (ਪੀਏਸੀਐੱਸ) ਨੂੰ ਕ੍ਰਮਵਾਰ 'ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ' (ਪੀਐੱਮਕੇਐੱਸਕੇਐੱਸ) ਅਤੇ 'ਕਾਮਨ ਸਰਵਿਸ ਸੈਂਟਰਾਂ' (ਸੀਐੱਸਸੀਐੱਸ) ਵਿੱਚ ਤਬਦੀਲ ਹੋਣ ਲਈ ਸਰਟੀਫਿਕੇਟ ਵੰਡਣਗੇ।
ਇਹ ਪ੍ਰੋਗਰਾਮ ਸਰਕਾਰੀ ਪਹਿਲਕਦਮੀਆਂ ਤਹਿਤ ਹਾਸਲ ਕੀਤੇ ਗਏ ਮਹੱਤਵਪੂਰਨ ਪੜਾਵਾਂ ਨੂੰ ਵੀ ਦਰਸਾਏਗਾ। ਇਸ ਵਿੱਚ 10,000 ਐੱਫਪੀਓਜ਼ ਵਿੱਚ 50 ਲੱਖ ਕਿਸਾਨਾਂ ਦੀ ਮੈਂਬਰਸ਼ਿਪ ਸ਼ਾਮਲ ਹੈ, ਜਿਨ੍ਹਾਂ ਵਿੱਚੋਂ 1,100 ਐੱਫਪੀਓਜ਼ ਨੇ 2024-25 ਵਿੱਚ 1 ਕਰੋੜ ਰੁਪਏ ਤੋਂ ਵੱਧ ਦਾ ਸਾਲਾਨਾ ਕਾਰੋਬਾਰ ਦਰਜ ਕੀਤਾ। ਹੋਰ ਪ੍ਰਾਪਤੀਆਂ ਵਿੱਚ 'ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ' ਤਹਿਤ 50,000 ਕਿਸਾਨਾਂ ਦਾ ਪ੍ਰਮਾਣੀਕਰਨ; 38,000 ਮੈਤਰੀ (ਪੇਂਡੂ ਭਾਰਤ ਵਿੱਚ ਬਹੁ-ਮੰਤਵੀ ਏਆਈ ਟੈਕਨੀਸ਼ੀਅਨ) ਦਾ ਪ੍ਰਮਾਣੀਕਰਨ; ਕੰਪਿਊਟਰੀਕਰਨ ਲਈ 10,000 ਤੋਂ ਵੱਧ ਬਹੁ-ਮੰਤਵੀ ਅਤੇ ਈ-ਪੈਕਸ ਦੀ ਮਨਜ਼ੂਰੀ ਅਤੇ ਸੰਚਾਲਨ; ਅਤੇ ਪੈਕਸ, ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਦਾ ਗਠਨ ਤੇ ਮਜ਼ਬੂਤੀ ਸ਼ਾਮਲ ਹੈ। 10,000 ਤੋਂ ਵੱਧ ਪੈਕਸ ਨੇ 'ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ' (ਪੀਐੱਮਕੇਐੱਸਕੇਐੱਸ) ਅਤੇ 'ਕਾਮਨ ਸਰਵਿਸ ਸੈਂਟਰਾਂ' (ਸੀਐੱਸੀਐੱਸ) ਵਜੋਂ ਕੰਮ ਕਰਨ ਲਈ ਆਪਣੇ ਕੰਮਕਾਜ ਵਿੱਚ ਵਿਭਿੰਨਤਾ ਲਿਆਂਦੀ ਹੈ।
ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦਾਲ਼ਾਂ ਦੀ ਕਾਸ਼ਤ ਵਿੱਚ ਲੱਗੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਨਗੇ, ਜਿਨ੍ਹਾਂ ਨੇ ਖੇਤੀਬਾੜੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿੱਚ ਮੁੱਲ ਲੜੀ-ਆਧਾਰਤ ਪਹੁੰਚ ਸਥਾਪਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਸਰਕਾਰੀ ਯੋਜਨਾਵਾਂ ਤੋਂ ਲਾਭ ਪ੍ਰਾਪਤ ਕੀਤਾ ਹੈ। ਇਨ੍ਹਾਂ ਕਿਸਾਨਾਂ ਨੇ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਜ਼) ਦੀ ਮੈਂਬਰਸ਼ਿਪ ਅਤੇ 'ਖੇਤੀਬਾੜੀ ਬੁਨਿਆਦੀ ਢਾਂਚਾ ਫੰਡ' ਤਹਿਤ ਸਹਾਇਤਾ ਤੋਂ ਵੀ ਲਾਭ ਉਠਾਇਆ ਹੈ।
************
ਐੱਮਜੇਪੀਐੱਸ/ਐੱਸਟੀ
(Release ID: 2178349)
Visitor Counter : 6
Read this release in:
Assamese
,
English
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam