ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ-ਯੂਕੇ ਸੀਈਓ ਫੋਰਮ ਦੌਰਾਨ ਪ੍ਰਧਾਨ ਮੰਤਰੀ ਦਾ ਸੰਬੋਧਨ


Posted On: 09 OCT 2025 4:41PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸਟਾਰਮਰ ਜੀ,

ਭਾਰਤ ਅਤੇ ਯੂਕੇ ਦੇ ਕਾਰੋਬਾਰੀ ਆਗੂ,

ਨਮਸਕਾਰ!

ਅੱਜ ਭਾਰਤ-ਯੂਕੇ ਸੀਈਓ ਫੋਰਮ ਦੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਾ ਮੇਰੇ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ। ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਸਟਾਰਮਰ ਦਾ ਉਨ੍ਹਾਂ ਦੇ ਕੀਮਤੀ ਵਿਚਾਰਾਂ ਲਈ ਧੰਨਵਾਦ ਕਰਦਾ ਹਾਂ।

ਬੀਤੇ ਵਰ੍ਹਿਆਂ ਵਿੱਚ, ਤੁਹਾਡੇ ਸਾਰੇ ਕਾਰੋਬਾਰੀ ਆਗੂਆਂ ਦੇ ਲਗਾਤਾਰ ਯਤਨਾਂ ਸਦਕਾ ਇਹ ਫੋਰਮ ਭਾਰਤ-ਯੂਕੇ ਰਣਨੀਤਕ ਭਾਈਵਾਲੀ ਦੇ ਇੱਕ ਅਹਿਮ ਥੰਮ੍ਹ ਵਜੋਂ ਉੱਭਰਿਆ ਹੈ। ਹੁਣੇ ਤੁਹਾਡੇ ਵਿਚਾਰ ਸੁਣ ਕੇ ਮੇਰਾ ਵਿਸ਼ਵਾਸ ਹੋਰ ਪੱਕਾ ਹੋਇਆ ਹੈ ਕਿ ਅਸੀਂ ਕੁਦਰਤੀ ਭਾਈਵਾਲ ਵਜੋਂ ਹੋਰ ਤੇਜ਼ੀ ਨਾਲ ਅੱਗੇ ਵਧਾਂਗੇ। ਅਤੇ ਇਸ ਦੇ ਲਈ ਮੈਂ ਤੁਹਾਡਾ ਸਾਰਿਆਂ ਦੀ ਸ਼ਲਾਘਾ ਕਰਦਾ ਹਾਂ।

ਸਾਥੀਓ,

ਮੌਜੂਦਾ ਆਲਮੀ ਅਸਥਿਰਤਾ ਵਿਚਾਲੇ ਇਹ ਵਰ੍ਹਾ ਭਾਰਤ-ਯੂਕੇ ਸਬੰਧਾਂ ਦੀ ਸਥਿਰਤਾ ਨੂੰ ਵਧਾਉਣ ਵਾਲਾ ਰਿਹਾ ਹੈ... ਬੇਮਿਸਾਲ ਰਿਹਾ ਹੈ। ਇਸ ਵਰ੍ਹੇ ਜੁਲਾਈ ਵਿੱਚ ਮੇਰੀ ਯੂਕੇ ਯਾਤਰਾ ਦੌਰਾਨ ਅਸੀਂ ਕੋਮਪ੍ਰੇਹੇਂਸਿਵ ਇਕਨਾਮਿਕ ਐਂਡ ਟਰੇਡ ਐਗਰੀਮੈਂਟ, ਸੀਟਾ (ਸੀਈਟੀਏ), ’ਤੇ ਦਸਤਖ਼ਤ ਕੀਤੇ ਸਨ। ਇਸ ਇਤਿਹਾਸਕ ਪ੍ਰਾਪਤੀ ਲਈ ਮੈਂ ਆਪਣੇ ਮਿੱਤਰ ਪ੍ਰਧਾਨ ਮੰਤਰੀ ਸਟਾਰਮਰ ਦੀ ਪ੍ਰਤੀਬੱਧਤਾ ਅਤੇ ਉਨ੍ਹਾਂ ਦੀ ਦੂਰਅੰਦੇਸ਼ੀ ਦੀ ਦਿਲੋਂ ਸ਼ਲਾਘਾ ਕਰਦਾ ਹਾਂ ਅਤੇ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਇਹ ਸਿਰਫ਼ ਇੱਕ ਵਪਾਰਕ ਸਮਝੌਤਾ ਨਹੀਂ, ਸਗੋਂ ਵਿਸ਼ਵ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਸਾਂਝੀ ਤਰੱਕੀ, ਸਾਂਝੀ ਖ਼ੁਸ਼ਹਾਲੀ ਅਤੇ ਸਾਂਝੇ ਲੋਕਾਂ ਦਾ ਰੋਡਮੈਪ ਹੈ। ਮਾਰਕੀਟ ਪਹੁੰਚ ਦੇ ਨਾਲ-ਨਾਲ ਇਹ ਸਮਝੌਤਾ ਦੋਵਾਂ ਦੇਸ਼ਾਂ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਨੂੰ ਤਾਕਤ ਦੇਵੇਗਾ। ਇਸ ਨਾਲ ਲੱਖਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਖੁੱਲ੍ਹਣਗੇ।

ਸਾਥੀਓ,

ਇਹ ਸੀਟਾ ਆਪਣੀ ਪੂਰੀ ਸਮਰੱਥਾ ਹਾਸਲ ਕਰ ਸਕੇ, ਇਸ ਲਈ ਮੈਂ ਚਾਰ ਨਵੇਂ ਪਹਿਲੂ, ਇਸ ਸੀਟਾ ਦੇ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਇਹ ਮੇਰੇ ਸੀਟਾ ਦੇ ਜੋ ਨਵੇਂ ਪਹਿਲੂ ਹਨ, ਸ਼ਾਇਦ ਇਸ ਨੂੰ ਕਾਫ਼ੀ ਵਿਆਪਕ ਆਧਾਰ ਦੇਣਗੇ।

C, ਦਾ ਅਰਥ, ਵਣਜ ਅਤੇ ਅਰਥਵਿਵਸਥਾ (Commerce & Economy)

E, ਦਾ ਅਰਥ ਸਿੱਖਿਆ ਅਤੇ ਲੋਕਾਂ-ਨਾਲ-ਲੋਕਾਂ ਦੇ ਸਬੰਧ (Education & People-to-People Ties)

T, ਦਾ ਅਰਥ ਟੈਕਨਾਲੋਜੀ ਅਤੇ ਨਵੀਨਤਾ (Technology & Innovation)

A, ਦਾ ਅਰਥ ਖ਼ਾਹਿਸ਼ਾਂ (Aspirations)

ਅੱਜ ਸਾਡਾ ਦੁਵੱਲਾ ਵਪਾਰ ਲਗਭਗ 56 ਬਿਲੀਅਨ ਡਾਲਰ ਹੈ। ਅਸੀਂ 2030 ਤੱਕ ਇਸ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਹੈ। ਮੈਨੂੰ ਯਕੀਨ ਹੈ, ਇਹ ਟੀਚਾ ਅਸੀਂ ਸਮੇਂ ਤੋਂ ਪਹਿਲਾਂ ਹੀ ਹਾਸਲ ਕਰ ਸਕਦੇ ਹਾਂ।

ਸਾਥੀਓ,

ਅੱਜ ਭਾਰਤ ਵਿੱਚ ਨੀਤੀਗਤ ਸਥਿਰਤਾ, ਅਨੁਮਾਨਯੋਗ ਨਿਯਮ ਅਤੇ ਵੱਡੇ ਪੱਧਰ 'ਤੇ ਮੰਗ ਹੈ। ਅਜਿਹੇ ਵਿੱਚ ਬੁਨਿਆਦੀ ਢਾਂਚੇ, ਫਾਰਮਾ, ਊਰਜਾ ਤੇ ਵਿੱਤ ਸਮੇਤ ਹਰ ਖੇਤਰ ਵਿੱਚ ਬੇਮਿਸਾਲ ਮੌਕੇ ਮੌਜੂਦ ਹਨ। ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ ਯੂਕੇ ਦੀਆਂ 9 ਯੂਨੀਵਰਸਿਟੀਆਂ ਭਾਰਤ ਵਿੱਚ ਆਪਣੇ ਕੈਂਪਸ ਖੋਲ੍ਹਣ ਜਾ ਰਹੀਆਂ ਹਨ। ਆਉਣ ਵਾਲੇ ਸਮੇਂ ਵਿੱਚ ਅਕਾਦਮਿਕ-ਉਦਯੋਗ ਭਾਈਵਾਲੀ, ਸਾਡੀ ਨਵੀਨਤਾਕਾਰੀ ਅਰਥਵਿਵਸਥਾ ਦੀ ਸਭ ਤੋਂ ਵੱਡੀ ਪ੍ਰੇਰਕ ਸ਼ਕਤੀ ਬਣੇਗੀ।

ਸਾਥੀਓ,

ਅੱਜ ਟੈਲੀਕਾਮ, ਏਆਈ, ਬਾਇਓਟੈੱਕ, ਕੁਆਂਟਮ, ਸੈਮੀਕੰਡਕਟਰ, ਸਾਈਬਰ ਅਤੇ ਪੁਲਾੜ ਵਰਗੇ ਖੇਤਰਾਂ ਵਿੱਚ ਸਾਡੇ ਵਿਚਕਾਰ ਸਹਿਯੋਗ ਦੀਆਂ ਅਣਗਿਣਤ ਨਵੀਂਆਂ ਸੰਭਾਵਨਾਵਾਂ ਬਣ ਰਹੀਆਂ ਹਨ। ਰੱਖਿਆ ਦੇ ਖੇਤਰ ਵਿੱਚ ਵੀ ਅਸੀਂ ਸਹਿ-ਡਿਜ਼ਾਈਨ ਅਤੇ ਸਹਿ-ਉਤਪਾਦਨ ਵੱਲ ਅੱਗੇ ਵਧ ਰਹੇ ਹਾਂ। ਹੁਣ ਸਮਾਂ ਹੈ ਕਿ ਅਸੀਂ ਇਨ੍ਹਾਂ ਸਾਰੀਆਂ ਸੰਭਾਵਨਾਵਾਂ ਨੂੰ ਠੋਸ ਸਹਿਯੋਗ ਵਿੱਚ ਬਦਲਣ ਲਈ ਤੇਜ਼ ਗਤੀ ਨਾਲ ਕੰਮ ਕਰੀਏ। ਕ੍ਰਿਟੀਕਲ ਖਣਿਜਾਂ, ਦੁਰਲੱਭ ਧਾਤਾਂ, ਏਪੀਆਈ ਵਰਗੇ ਰਣਨੀਤਕ ਖੇਤਰਾਂ ਵਿੱਚ ਸਾਨੂੰ ਯੋਜਨਾਬੱਧ ਢੰਗ ਨਾਲ ਅੱਗੇ ਵਧਣਾ ਚਾਹੀਦਾ ਹੈ। ਇਸ ਨਾਲ ਸਾਡੇ ਸਬੰਧਾਂ ਨੂੰ ਭਵਿੱਖਮੁਖੀ ਦਿਸ਼ਾ ਮਿਲੇਗੀ।

ਸਾਥੀਓ,

ਫਿਨਟੈੱਕ ਖੇਤਰ ਵਿੱਚ ਤੁਸੀਂ ਸਾਰਿਆਂ ਨੇ ਭਾਰਤ ਦੀ ਸਮਰੱਥਾ ਨੂੰ ਦੇਖਿਆ ਹੈ। ਅੱਜ ਵਿਸ਼ਵ ਦੇ ਲਗਭਗ ਪੰਜਾਹ ਫ਼ੀਸਦੀ ਰੀਅਲ-ਟਾਈਮ ਡਿਜੀਟਲ ਲੈਣ-ਦੇਣ ਭਾਰਤ ਵਿੱਚ ਹੋ ਰਹੇ ਹਨ। ਵਿੱਤੀ ਸੇਵਾਵਾਂ ਵਿੱਚ ਯੂਕੇ ਦਾ ਤਜਰਬਾ ਅਤੇ ਭਾਰਤ ਦਾ ਡੀਪੀਆਈ ਮਿਲ ਕੇ ਪੂਰੀ ਮਨੁੱਖਤਾ ਦਾ ਭਲਾ ਕਰ ਸਕਦੇ ਹਨ।

ਸਾਥੀਓ,

ਸਾਡੇ ਸਬੰਧਾਂ ਨੂੰ ਨਵੀਂ ਊਰਜਾ ਦੇਣ ਲਈ ਪ੍ਰਧਾਨ ਮੰਤਰੀ ਸਟਾਰਮਰ ਅਤੇ ਮੈਂ ‘ਵਿਜ਼ਨ 2035’ ਦਾ ਐਲਾਨ ਕੀਤਾ ਸੀ। ਇਹ ਸਾਡੀਆਂ ਸਾਂਝੀਆਂ ਇੱਛਾਵਾਂ ਦਾ ਖ਼ਾਕਾ ਹੈ। ਭਾਰਤ ਅਤੇ ਯੂਕੇ ਵਰਗੇ ਖੁੱਲ੍ਹੇ, ਲੋਕਤੰਤਰੀ ਸਮਾਜਾਂ ਵਿਚਾਲੇ ਕੋਈ ਵੀ ਅਜਿਹਾ ਖੇਤਰ ਨਹੀਂ ਹੈ, ਜਿਸ ਵਿੱਚ ਅਸੀਂ ਸਹਿਯੋਗ ਨਾ ਵਧਾ ਸਕੀਏ। ਭਾਰਤ ਦੀ ਪ੍ਰਤਿਭਾ ਅਤੇ ਪੈਮਾਨਾ, ਅਤੇ ਯੂਕੇ ਦੀ ਆਰਐਂਡਡੀ ਅਤੇ ਮਹਾਰਤ - ਇਹ ਸੁਮੇਲ ਵੱਡੇ ਨਤੀਜੇ ਲਿਆਉਣ ਦੀ ਸਮਰੱਥਾ ਰੱਖਦਾ ਹੈ। ਇਨ੍ਹਾਂ ਇੱਛਾਵਾਂ ਅਤੇ ਖ਼ਾਹਿਸ਼ਾਂ ਨੂੰ ਨਿਸ਼ਾਨਾਬੱਧ ਅਤੇ ਸਮਾਂ-ਬੱਧ ਤਰੀਕੇ ਨਾਲ ਪੂਰਾ ਕਰਨ ਵਿੱਚ ਤੁਹਾਡਾ ਸਹਿਯੋਗ ਅਤੇ ਸਮਰਥਨ ਬਹੁਤ ਮਹੱਤਵਪੂਰਨ ਹੈ।

ਮਿੱਤਰੋ,

ਤੁਹਾਡੇ ’ਚੋਂ ਜ਼ਿਆਦਾਤਰ ਕੰਪਨੀਆਂ ਭਾਰਤ ਵਿੱਚ ਪਹਿਲਾਂ ਤੋਂ ਹੀ ਮੌਜੂਦ ਹਨ। ਅੱਜ ਭਾਰਤ ਦੀ ਅਰਥਵਿਵਸਥਾ ਵਿੱਚ ਵੱਡੇ ਪੱਧਰ 'ਤੇ ਸੁਧਾਰ ਕੀਤੇ ਜਾ ਰਹੇ ਹਨ, ਕੰਪਲਾਈਨਸਜ਼ ਨੂੰ ਘੱਟ ਕਰਦੇ ਹੋਏ ‘ਈਜ਼ ਆਫ਼ ਡੂਇੰਗ ਬਿਜ਼ਨਸ’ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਅਸੀਂ ਜੀਐੱਸਟੀ ਸੁਧਾਰਾਂ ਦਾ ਐਲਾਨ ਕੀਤਾ ਹੈ। ਇਸ ਨਾਲ ਸਾਡੇ ਮੱਧ ਵਰਗ, ਐੱਮਐੱਸਐੱਮਈਜ਼ ਦੀ ਵਿਕਾਸ ਗਾਥਾ ਨੂੰ ਨਵੀਂ ਤਾਕਤ ਮਿਲੇਗੀ... ਅਤੇ ਤੁਹਾਡੇ ਸਾਰਿਆਂ ਲਈ ਵੀ ਸੰਭਾਵਨਾਵਾਂ ਵਧਣਗੀਆਂ।

ਸਾਥੀਓ,

ਬੁਨਿਆਦੀ ਢਾਂਚੇ ਦਾ ਵਿਕਾਸ ਸਾਡੇ ਲਈ ਪਹਿਲ ਦਾ ਵਿਸ਼ਾ ਹੈ। ਅਸੀਂ ਅਗਲੀ ਪੀੜ੍ਹੀ ਦੇ ਭੌਤਿਕ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰ ਰਹੇ ਹਾਂ। 2030 ਤੱਕ, 500 ਗੀਗਾਵਾਟ ਨਵਿਆਉਣਯੋਗ ਊਰਜਾ ਦੇ ਟੀਚੇ ਵੱਲ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਪ੍ਰਮਾਣੂ ਊਰਜਾ ਖੇਤਰ ਨੂੰ ਨਿੱਜੀ ਖੇਤਰ ਲਈ ਖੋਲ੍ਹ ਰਹੇ ਹਾਂ। ਅਤੇ ਇਨ੍ਹਾਂ ਸਾਰਿਆਂ ਨਾਲ ਭਾਰਤ-ਯੂਕੇ ਸਹਿਯੋਗ ਨੂੰ ਨਵੀਂਆਂ ਉਚਾਈਆਂ 'ਤੇ ਲਿਜਾਣ ਦੇ ਮੌਕੇ ਬਣੇ ਹਨ। ਮੈਂ ਤੁਹਾਨੂੰ ਭਾਰਤ ਦੀ ਇਸ ਵਿਕਾਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹਾਂ। ਮੇਰਾ ਵਿਚਾਰ ਹੈ ਕਿ ਕੀ ਭਾਰਤ ਅਤੇ ਯੂਕੇ ਦੇ ਕਾਰੋਬਾਰੀ ਆਗੂ ਮਿਲ ਕੇ ਕੁਝ ਅਜਿਹੇ ਖੇਤਰ ਚੁਣ ਸਕਦੇ ਹਨ, ਜਿੱਥੇ ਅਸੀਂ ਸਾਂਝੇ ਤੌਰ 'ਤੇ ਦੁਨੀਆ ਵਿੱਚ ਨੰਬਰ ਇੱਕ ਬਣ ਸਕੀਏ? ਭਾਵੇਂ ਉਹ ਫਿਨਟੈੱਕ ਹੋਵੇ, ਗ੍ਰੀਨ ਹਾਈਡ੍ਰੋਜਨ ਹੋਵੇ, ਸੈਮੀਕੰਡਕਟਰ ਹੋਣ ਜਾਂ ਸਟਾਰਟ-ਅੱਪਸ ਹੋਣ, ਹੋਰ ਵੀ ਕਈ ਖੇਤਰ ਹੋ ਸਕਦੇ ਹਨ। ਆਓ, ਭਾਰਤ ਅਤੇ ਯੂਕੇ ਮਿਲ ਕੇ ਆਲਮੀ ਮਾਪਦੰਡ ਸਥਾਪਤ ਕਰੀਏ!

 

ਇੱਕ ਵਾਰ ਫਿਰ, ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਉਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।

**********


ਐੱਮਜੇਪੀਐੱਸ/ਵੀਜੇ/ਵੀਕੇ


(Release ID: 2177195) Visitor Counter : 13