ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਦਿੱਲੀ ਦੇ ਯਸ਼ੋਭੂਮੀ ਵਿੱਚ ਇੰਡੀਆ ਮੋਬਾਈਲ ਕਾਂਗਰਸ 2025 ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Posted On: 08 OCT 2025 1:19PM by PIB Chandigarh

ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਜੀ, ਰਾਜ ਮੰਤਰੀ ਸ਼੍ਰੀ ਚੰਦਰ ਸ਼ੇਖਰ ਪੇਮਾਸਾਨੀ ਜੀ, ਵੱਖ-ਵੱਖ ਸੂਬਿਆਂ ਦੇ ਪ੍ਰਤੀਨਿਧ, ਵਿਦੇਸ਼ਾਂ ਤੋਂ ਆਏ ਸਾਡੇ ਮਹਿਮਾਨ, ਟੈਲੀਕਾਮ ਸੈਕਟਰ ਨਾਲ ਜੁੜੇ ਸਾਰੇ ਸਤਿਕਾਰਯੋਗ ਪਤਵੰਤੇ, ਇੱਥੇ ਹਾਜ਼ਰ ਵੱਖ-ਵੱਖ ਕਾਲਜਾਂ ਤੋਂ ਆਏ ਮੇਰੇ ਨੌਜਵਾਨ ਸਾਥੀਓ, ਦੇਵੀਓ ਅਤੇ ਸੱਜਣੋ!

ਇੰਡੀਆ ਮੋਬਾਈਲ ਕਾਂਗਰਸ ਦੇ ਇਸ ਖ਼ਾਸ ਐਡੀਸ਼ਨ ਵਿੱਚ ਮੈਂ ਤੁਹਾਡੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਾ ਹਾਂ। ਹੁਣੇ ਸਾਡੇ ਬਹੁਤ ਸਾਰੇ ਸਟਾਰਟਅੱਪਜ਼ ਨੇ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਹਨ। ਵਿੱਤੀ ਧੋਖਾਧੜੀ ਦੀ ਰੋਕਥਾਮ, ਕੁਆਂਟਮ ਕਮਿਊਨੀਕੇਸ਼ਨ, 6ਜੀ, ਆਪਟੀਕਲ ਕਮਿਊਨੀਕੇਸ਼ਨ, ਸੈਮੀਕੰਡਕਟਰ, ਅਜਿਹੇ ਮਹੱਤਵਪੂਰਨ ਵਿਸ਼ਿਆਂ ’ਤੇ ਪੇਸ਼ਕਾਰੀਆਂ ਨੂੰ ਦੇਖ ਕੇ ਇਹ ਵਿਸ਼ਵਾਸ ਹੋਰ ਡੂੰਘਾ ਹੁੰਦਾ ਹੈ ਕਿ ਭਾਰਤ ਦਾ ਤਕਨੀਕੀ ਭਵਿੱਖ ਸਮਰੱਥ ਹੱਥਾਂ ਵਿੱਚ ਹੈ। ਮੈਂ ਇਸ ਪ੍ਰੋਗਰਾਮ ਲਈ ਅਤੇ ਸਾਰੀਆਂ ਨਵੀਆਂ ਪਹਿਲਕਦਮੀਆਂ ਲਈ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਆਈਐੱਮਸੀ ਦਾ ਇਹ ਆਯੋਜਨ ਹੁਣ ਸਿਰਫ਼ ਮੋਬਾਈਲ ਜਾਂ ਟੈਲੀਕਾਮ ਤੱਕ ਸੀਮਤ ਨਹੀਂ ਰਿਹਾ। ਸਿਰਫ਼ ਕੁਝ ਸਾਲਾਂ ਵਿੱਚ ਆਈਐੱਮਸੀ ਦਾ ਇਹ ਸਮਾਗਮ ਏਸ਼ੀਆ ਦਾ ਸਭ ਤੋਂ ਵੱਡਾ ਡਿਜੀਟਲ ਤਕਨਾਲੋਜੀ ਫੋਰਮ ਬਣ ਗਿਆ ਹੈ।

ਸਾਥੀਓ,

ਆਈਐੱਮਸੀ ਦੀ ਇਹ ਸਫ਼ਲਤਾ ਦੀ ਕਹਾਣੀ ਕਿਵੇਂ ਲਿਖੀ ਗਈ? ਇਸ ਨੂੰ ਕਿਸ ਨੇ ਚਲਾਇਆ ਹੈ?

ਸਾਥੀਓ,

ਇਸ ਸਫ਼ਲਤਾ ਦੀ ਕਹਾਣੀ ਨੂੰ ਭਾਰਤ ਦੀ ਤਕਨੀਕ-ਪੱਖੀ ਮਾਨਸਿਕਤਾ (Tech Savvy Mindset) ਨੇ ਲਿਖਿਆ ਹੈ, ਇਸ ਦੀ ਅਗਵਾਈ ਸਾਡੇ ਨੌਜਵਾਨਾਂ ਨੇ, ਭਾਰਤ ਦੇ ਹੁਨਰ ਨੇ ਕੀਤੀ ਹੈ, ਇਸ ਨੂੰ ਗਤੀ ਸਾਡੇ ਇਨੋਵੇਟਰਜ਼ ਨੇ, ਸਾਡੇ ਸਟਾਰਟਅੱਪਜ਼ ਨੇ ਦਿੱਤੀ ਹੈ। ਅਤੇ ਇਸ ਲਈ ਇਹ ਸੰਭਵ ਹੋ ਸਕਿਆ ਹੈ ਕਿਉਂਕਿ, ਅੱਜ ਸਰਕਾਰ ਦੇਸ਼ ਦੀ ਪ੍ਰਤਿਭਾ ਅਤੇ ਸਮਰੱਥਾ ਨਾਲ ਪੂਰੀ ਤਾਕਤ ਨਾਲ ਖੜ੍ਹੀ ਹੈ। ਟੈਲੀਕਾਮ ਟੈਕਨਾਲੋਜੀ ਡਿਵੈਲਪਮੈਂਟ ਫੰਡ, ਡਿਜੀਟਲ ਕਮਿਊਨੀਕੇਸ਼ਨਜ਼ ਇਨੋਵੇਸ਼ਨ ਸਕੁਏਅਰ, ਇਨ੍ਹਾਂ ਸਕੀਮਾਂ ਰਾਹੀਂ ਅਸੀਂ ਸਾਡੇ ਸਟਾਰਟਅੱਪਜ਼ ਨੂੰ ਫੰਡ ਮੁਹੱਈਆ ਕਰਵਾ ਰਹੇ ਹਾਂ। 5ਜੀ, 6ਜੀ, ਐਡਵਾਂਸਡ ਆਪਟੀਕਲ ਕਮਿਊਨੀਕੇਸ਼ਨਜ਼ ਅਤੇ ਟੈਰਾ-ਹਰਟਜ਼, ਇਨ੍ਹਾਂ ਤਕਨੀਕਾਂ ਵਿੱਚ ਟੈਸਟ ਬੈੱਡਾਂ ਲਈ ਸਰਕਾਰ ਵਿੱਤੀ ਸਹਾਇਤਾ ਦੇ ਰਹੀ ਹੈ, ਤਾਂ ਜੋ ਸਾਡੇ ਸਟਾਰਟਅੱਪ ਆਪਣੇ ਉਤਪਾਦ ਬਣਾ ਸਕਣ। ਅਸੀਂ ਸਟਾਰਟਅੱਪਜ਼ ਅਤੇ ਦੇਸ਼ ਦੀਆਂ ਪ੍ਰਮੁੱਖ ਖੋਜ ਅਦਾਰਿਆਂ ਦਰਮਿਆਨ ਭਾਈਵਾਲੀ ਦੀ ਸਹੂਲਤ ਦੇ ਰਹੇ ਹਾਂ। ਅੱਜ ਸਰਕਾਰ ਦੀ ਮਦਦ ਨਾਲ ਭਾਰਤੀ ਉਦਯੋਗ, ਸਟਾਰਟਅੱਪ ਅਤੇ ਅਕਾਦਮਿਕ ਜਗਤ ਕਈ ਖੇਤਰਾਂ ਵਿੱਚ ਮਿਲ ਕੇ ਕੰਮ ਕਰ ਰਹੇ ਹਨ। ਚਾਹੇ ਸਵਦੇਸ਼ੀ ਤਕਨੀਕਾਂ ਦਾ ਵਿਕਾਸ ਅਤੇ ਵਿਸਥਾਰ ਹੋਵੇ, ਖੋਜ ਅਤੇ ਵਿਕਾਸ ਰਾਹੀਂ ਬੌਧਿਕ ਸੰਪਤੀ ਬਣਾਉਣਾ ਹੋਵੇ, ਜਾਂ ਆਲਮੀ ਮਿਆਰਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਹੋਵੇ, ਭਾਰਤ ਹਰ ਪਹਿਲੂ ਵਿੱਚ ਅੱਗੇ ਵਧ ਰਿਹਾ ਹੈ। ਇਨ੍ਹਾਂ ਯਤਨਾਂ ਦਾ ਨਤੀਜਾ ਹੈ ਕਿ ਅੱਜ ਭਾਰਤ ਇੱਕ ਪ੍ਰਭਾਵਸ਼ਾਲੀ ਮੰਚ ਬਣ ਕੇ ਉੱਭਰਿਆ ਹੈ।

ਸਾਥੀਓ,

ਇੰਡੀਆ ਮੋਬਾਈਲ ਕਾਂਗਰਸ ਅਤੇ ਟੈਲੀਕਾਮ ਸੈਕਟਰ ਵਿੱਚ ਭਾਰਤ ਦੀ ਸਫ਼ਲਤਾ ‘ਆਤਮ-ਨਿਰਭਰ ਭਾਰਤ’ ਦੇ ਵਿਜ਼ਨ ਦੀ ਤਾਕਤ ਨੂੰ ਦਰਸਾਉਂਦੀ ਹੈ। ਤੁਸੀਂ ਯਾਦ ਕਰੋ, ਜਦੋਂ ਮੈਂ ‘ਮੇਕ ਇਨ ਇੰਡੀਆ’ ਦੀ ਗੱਲ ਕੀਤੀ ਸੀ, ਤਾਂ ਕੁਝ ਲੋਕ ਕਿਵੇਂ ਇਸ ਦਾ ਮਜ਼ਾਕ ਉਡਾਉਂਦੇ ਸਨ। ਸ਼ੱਕ ਵਿੱਚ ਰਹਿਣ ਵਾਲੇ ਲੋਕ ਕਹਿੰਦੇ ਸਨ ਕਿ ਭਾਰਤ ਤਕਨੀਕੀ ਤੌਰ ’ਤੇ ਉੱਨਤ ਚੀਜ਼ਾਂ ਕਿਵੇਂ ਬਣਾਏਗਾ? ਕਿਉਂਕਿ, ਉਨ੍ਹਾਂ ਦੇ ਦੌਰ ਵਿੱਚ ਨਵੀਂ ਤਕਨਾਲੋਜੀ ਨੂੰ ਭਾਰਤ ਤੱਕ ਆਉਣ ਵਿੱਚ ਕਈ ਦਹਾਕੇ ਲੱਗ ਜਾਂਦੇ ਸਨ। ਦੇਸ਼ ਨੇ ਉਸ ਦਾ ਜਵਾਬ ਦਿੱਤਾ। ਜੋ ਦੇਸ਼ ਕਦੇ 2ਜੀ ਲਈ ਸੰਘਰਸ਼ ਕਰਦਾ ਸੀ, ਅੱਜ ਉਸੇ ਦੇਸ਼ ਦੇ ਲਗਭਗ ਹਰ ਜ਼ਿਲ੍ਹੇ ਵਿੱਚ 5ਜੀ ਪਹੁੰਚ ਚੁੱਕਾ ਹੈ। ਸਾਡਾ ਇਲੈਕਟ੍ਰੋਨਿਕਸ ਉਤਪਾਦਨ 2014 ਦੇ ਮੁਕਾਬਲੇ ਛੇ ਗੁਣਾ ਵਧ ਚੁੱਕਾ ਹੈ। ਮੋਬਾਈਲ ਫੋਨ ਨਿਰਮਾਣ ਵਿੱਚ 28 ਗੁਣਾ ਅਤੇ ਨਿਰਯਾਤ ਵਿੱਚ 127 ਗੁਣਾ ਦਾ ਵਾਧਾ ਹੋਇਆ ਹੈ। ਪਿਛਲੇ ਇੱਕ ਦਹਾਕੇ ਵਿੱਚ ਮੋਬਾਈਲ ਫੋਨ ਨਿਰਮਾਣ ਖੇਤਰ ਨੇ ਲੱਖਾਂ ਸਿੱਧੀਆਂ ਨੌਕਰੀਆਂ ਪੈਦਾ ਕੀਤੀਆਂ ਹਨ। ਹਾਲ ਹੀ ਵਿੱਚ ਇੱਕ ਵੱਡੀ ਸਮਾਰਟਫੋਨ ਕੰਪਨੀ ਦਾ ਡੇਟਾ ਸਾਹਮਣੇ ਆਇਆ ਹੈ। ਅੱਜ 45 ਭਾਰਤੀ ਕੰਪਨੀਆਂ ਉਸ ਇੱਕ ਵੱਡੀ ਕੰਪਨੀ ਦੀ ਸਪਲਾਈ ਚੇਨ ਨਾਲ ਜੁੜੀਆਂ ਹਨ। ਇਸ ਨਾਲ ਦੇਸ਼ ਵਿੱਚ ਕਰੀਬ ਸਾਢੇ ਤਿੰਨ ਲੱਖ ਰੁਜ਼ਗਾਰ ਪੈਦਾ ਹੋਏ ਹਨ। ਅਤੇ ਇਹ ਸਿਰਫ਼ ਇੱਕ ਕੰਪਨੀ ਦਾ ਅੰਕੜਾ ਨਹੀਂ ਹੈ। ਅੱਜ ਦੇਸ਼ ਵਿੱਚ ਕਿੰਨੀਆਂ ਹੀ ਕੰਪਨੀਆਂ ਵੱਡੇ ਪੱਧਰ ’ਤੇ ਨਿਰਮਾਣ ਕਰ ਰਹੀਆਂ ਹਨ। ਜੇ ਇਸ ਵਿੱਚ ਅਸਿੱਧੇ ਮੌਕਿਆਂ ਨੂੰ ਜੋੜ ਦੇਈਏ ਤਾਂ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਰੁਜ਼ਗਾਰ ਦਾ ਇਹ ਅੰਕੜਾ ਕਿੰਨਾ ਵੱਡਾ ਬਣ ਜਾਂਦਾ ਹੈ।

ਸਾਥੀਓ,

ਕੁਝ ਦਿਨ ਪਹਿਲਾਂ ਹੀ ਭਾਰਤ ਨੇ ਆਪਣਾ ‘ਮੇਡ ਇਨ ਇੰਡੀਆ’ 4ਜੀ ਸਟੈਕ ਲਾਂਚ ਕੀਤਾ ਹੈ। ਇਹ ਦੇਸ਼ ਦੀ ਵੱਡੀ ਸਵਦੇਸ਼ੀ ਪ੍ਰਾਪਤੀ ਹੈ। ਹੁਣ ਭਾਰਤ ਦੁਨੀਆ ਦੇ ਉਨ੍ਹਾਂ 5 ਦੇਸ਼ਾਂ ਦੀ ਸੂਚੀ ਵਿੱਚ ਆ ਗਿਆ ਹੈ, ਜਿਨ੍ਹਾਂ ਕੋਲ ਇਹ ਸਮਰੱਥਾ ਹੈ। ਇਹ ਡਿਜੀਟਲ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ, ਤਕਨੀਕੀ ਸੁਤੰਤਰਤਾ ਦੀ ਦਿਸ਼ਾ ਵਿੱਚ ਦੇਸ਼ ਦਾ ਇੱਕ ਵੱਡਾ ਕਦਮ ਹੈ। ਸਵਦੇਸ਼ੀ 4ਜੀ ਅਤੇ 5ਜੀ ਸਟੈਕ ਰਾਹੀਂ ਅਸੀਂ ਨਾ ਸਿਰਫ਼ ਨਿਰਵਿਘਨ ਕਨੈਕਟੀਵਿਟੀ ਨੂੰ ਯਕੀਨੀ ਬਣਾ ਸਕਾਂਗੇ, ਸਗੋਂ ਦੇਸ਼ ਵਾਸੀਆਂ ਨੂੰ ਤੇਜ਼ ਇੰਟਰਨੈੱਟ ਅਤੇ ਭਰੋਸੇਯੋਗ ਸੇਵਾਵਾਂ ਵੀ ਦੇ ਸਕਾਂਗੇ। ਇਸੇ ਮਕਸਦ ਨਾਲ ਜਿਸ ਦਿਨ ਅਸੀਂ ਆਪਣਾ ‘ਮੇਡ ਇਨ ਇੰਡੀਆ’ 4ਜੀ ਸਟੈਕ ਲਾਂਚ ਕੀਤਾ, ਉਸੇ ਦਿਨ ਦੇਸ਼ ਵਿੱਚ ਇੱਕੋ ਸਮੇਂ ਕਰੀਬ ਇੱਕ ਲੱਖ 4ਜੀ ਟਾਵਰਾਂ ਨੂੰ ਵੀ ਚਾਲੂ ਕੀਤਾ ਗਿਆ। ਦੁਨੀਆ ਦੇ ਕੁਝ ਦੇਸ਼ਾਂ ਨੂੰ ਜਦੋਂ ਇੱਕ ਲੱਖ ਟਾਵਰ ਦੀ ਗੱਲ ਕਰਦੇ ਹਾਂ ਨਾ, ਤਾਂ ਉਨ੍ਹਾਂ ਨੂੰ ਹੈਰਾਨੀਜਨਕ ਲੱਗਦਾ ਹੈ, ਇਹ ਅੰਕੜੇ ਲੋਕਾਂ ਨੂੰ ਬਹੁਤ ਵੱਡੇ ਲੱਗਦੇ ਹਨ। ਇਸ ਕਾਰਨ ਇੱਕੋ ਸਮੇਂ 2 ਕਰੋੜ ਤੋਂ ਵੱਧ ਲੋਕ ਦੇਸ਼ ਦੀ ਡਿਜੀਟਲ ਲਹਿਰ ਦਾ ਹਿੱਸਾ ਬਣੇ ਹਨ। ਇਸ ਵਿੱਚ ਕਈ ਅਜਿਹੇ ਇਲਾਕੇ ਸਨ, ਜੋ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਨ, ਜੋ ਡਿਜੀਟਲ ਕਨੈਕਟੀਵਿਟੀ ਵਿੱਚ ਪਿੱਛੇ ਰਹਿ ਗਏ ਸਨ। ਹੁਣ ਅਜਿਹੇ ਸਾਰੇ ਖੇਤਰਾਂ ਵਿੱਚ ਇੰਟਰਨੈੱਟ ਕਨੈਕਟੀਵਿਟੀ ਪਹੁੰਚੀ ਹੈ।

ਸਾਥੀਓ,

ਭਾਰਤ ਦੇ ‘ਮੇਡ ਇਨ ਇੰਡੀਆ’ 4ਜੀ ਸਟੈਕ ਦੀ ਇੱਕ ਹੋਰ ਵਿਸ਼ੇਸ਼ਤਾ ਹੈ। ਸਾਡਾ 4ਜੀ ਸਟੈਕ ਨਿਰਯਾਤ ਲਈ ਵੀ ਤਿਆਰ ਹੈ। ਯਾਨੀ, ਇਹ ਭਾਰਤ ਦੀ ਕਾਰੋਬਾਰੀ ਪਹੁੰਚ ਦਾ ਮਾਧਿਅਮ ਵੀ ਬਣੇਗਾ। ਇਸ ਨਾਲ 2030 ਦੇ ਭਾਰਤ ਯਾਨੀ ‘ਭਾਰਤ 6ਜੀ ਵਿਜ਼ਨ’ ਨੂੰ ਪੂਰਾ ਕਰਨ ਵਿੱਚ ਵੀ ਮਦਦ ਮਿਲੇਗੀ।

ਸਾਥੀਓ,

10 ਸਾਲਾਂ ਵਿੱਚ ਭਾਰਤ ਦੀ ਤਕਨਾਲੋਜੀ ਕ੍ਰਾਂਤੀ ਬਹੁਤ ਤੇਜ਼ੀ ਨਾਲ ਅੱਗੇ ਵਧੀ ਹੈ। ਅਤੇ ਇਸ ਗਤੀ ਅਤੇ ਪੈਮਾਨੇ ਨਾਲ ਮੇਲ ਖਾਣ ਲਈ ਬਹੁਤ ਲੰਬੇ ਸਮੇਂ ਤੋਂ ਇੱਕ ਮਜ਼ਬੂਤ ਕਾਨੂੰਨੀ ਅਤੇ ਆਧੁਨਿਕ ਨੀਤੀਗਤ ਨੀਂਹ ਦੀ ਲੋੜ ਮਹਿਸੂਸ ਹੋ ਰਹੀ ਸੀ। ਅਸੀਂ ਇਸ ਲਈ ਟੈਲੀਕਮਿਊਨੀਕੇਸ਼ਨ ਐਕਟ ਬਣਾਇਆ। ਇਸ ਇੱਕ ਕਾਨੂੰਨ ਨੇ ‘ਦਿ ਇੰਡੀਅਨ ਟੈਲੀਗ੍ਰਾਫ ਐਕਟ’ ਅਤੇ ‘ਦਿ ਇੰਡੀਅਨ ਵਾਇਰਲੈੱਸ ਟੈਲੀਗ੍ਰਾਫ ਐਕਟ’, ਦੋਵਾਂ ਨੂੰ ਬਦਲ ਦਿੱਤਾ। ਇਹ ਕਾਨੂੰਨ ਉਦੋਂ ਦੇ ਸਨ ਜਦੋਂ ਇੱਥੇ ਬੈਠੇ ਸਾਡੇ ਤੁਹਾਡੇ ਵਰਗੇ ਕਿਸੇ ਵਿਅਕਤੀ ਦਾ ਜਨਮ ਵੀ ਨਹੀਂ ਹੋਇਆ ਸੀ। ਅਤੇ ਇਸ ਲਈ ਨੀਤੀਗਤ ਪੱਧਰ ’ਤੇ ਲੋੜ ਸੀ ਕਿ ਅਸੀਂ 21ਵੀਂ ਸਦੀ ਦੀ ਪਹੁੰਚ ਅਨੁਸਾਰ ਇੱਕ ਨਵੀਂ ਪ੍ਰਣਾਲੀ ਬਣਾਈਏ ਅਤੇ ਅਸੀਂ ਉਹੀ ਕੀਤਾ ਹੈ। ਇਹ ਨਵਾਂ ਕਾਨੂੰਨ ਰੈਗੂਲੇਟਰ ਨਹੀਂ, ਸਗੋਂ ਇੱਕ ਸੁਵਿਧਾ-ਪ੍ਰਦਾਤਾ ਵਜੋਂ ਕੰਮ ਕਰਦਾ ਹੈ। ਹੁਣ ਮਨਜ਼ੂਰੀਆਂ ਆਸਾਨ ਹੋਈਆਂ ਹਨ, ਰਾਇਟ-ਆਫ-ਵੇਅ ਇਜਾਜ਼ਤਾਂ ਜਲਦੀ ਮਿਲਦੀਆਂ ਹਨ। ਇਸ ਦਾ ਨਤੀਜਾ ਵੀ ਦਿਖ ਰਿਹਾ ਹੈ। ਫਾਈਬਰ ਅਤੇ ਟਾਵਰ ਨੈੱਟਵਰਕ ਦਾ ਵਿਸਥਾਰ ਤੇਜ਼ੀ ਨਾਲ ਹੋ ਰਿਹਾ ਹੈ। ਇਸ ਨਾਲ ‘ਈਜ਼ ਆਫ਼ ਡੂਇੰਗ ਬਿਜ਼ਨਸ’ ਵਧਿਆ ਹੈ, ਨਿਵੇਸ਼ਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਅਤੇ ਉਦਯੋਗਾਂ ਨੂੰ ਲੰਬੇ ਸਮੇਂ ਦੀ ਯੋਜਨਾਬੰਦੀ ਵਿੱਚ ਸਹੂਲਤ ਹੋਈ ਹੈ।

ਸਾਥੀਓ,

ਅੱਜ ਅਸੀਂ ਦੇਸ਼ ਵਿੱਚ ਸਾਈਬਰ ਸੁਰੱਖਿਆ ਨੂੰ ਵੀ ਓਨੀ ਹੀ ਤਰਜੀਹ ਦੇ ਰਹੇ ਹਾਂ। ਸਾਈਬਰ ਧੋਖਾਧੜੀ ਦੇ ਖਿਲਾਫ਼ ਕਾਨੂੰਨ ਸਖ਼ਤ ਕੀਤੇ ਗਏ ਹਨ ਅਤੇ ਜਵਾਬਦੇਹੀ ਵੀ ਵਧਾਈ ਗਈ ਹੈ। ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਨੂੰ ਵੀ ਬਿਹਤਰ ਕੀਤਾ ਗਿਆ ਹੈ। ਉਦਯੋਗ ਅਤੇ ਖਪਤਕਾਰਾਂ ਦੋਵਾਂ ਨੂੰ ਇਸ ਦਾ ਬਹੁਤ ਵੱਡਾ ਲਾਭ ਮਿਲ ਰਿਹਾ ਹੈ।

ਦੋਸਤੋ,

ਅੱਜ ਪੂਰਾ ਵਿਸ਼ਵ ਭਾਰਤ ਦੀ ਸਮਰੱਥਾ ਨੂੰ ਮਾਨਤਾ ਦੇ ਰਿਹਾ ਹੈ। ਦੁਨੀਆ ਦਾ ਦੂਜਾ ਸਭ ਤੋਂ ਵੱਡਾ ਟੈਲੀਕਾਮ ਬਜ਼ਾਰ ਸਾਡੇ ਕੋਲ ਹੈ। ਦੂਜਾ ਸਭ ਤੋਂ ਵੱਡਾ 5ਜੀ ਬਜ਼ਾਰ ਇੱਥੇ ਹੈ। ਅਤੇ ਬਜ਼ਾਰ ਦੇ ਨਾਲ ਹੀ, ਸਾਡੇ ਕੋਲ ਮਨੁੱਖੀ ਸ਼ਕਤੀ ਵੀ ਹੈ, ਗਤੀਸ਼ੀਲਤਾ ਵੀ ਹੈ ਅਤੇ ਮਾਨਸਿਕਤਾ ਵੀ ਹੈ। ਅਤੇ ਜਦੋਂ ਮਨੁੱਖੀ ਸ਼ਕਤੀ ਦੀ ਗੱਲ ਆਉਂਦੀ ਹੈ, ਤਾਂ ਭਾਰਤ ਵਿੱਚ ਪੈਮਾਨਾ ਅਤੇ ਹੁਨਰ ਦੋਵੇਂ ਇਕੱਠੇ ਦਿਖਾਈ ਦਿੰਦੇ ਹਨ। ਅੱਜ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਵਾਲਾ ਦੇਸ਼ ਹੈ, ਅਤੇ ਇਸ ਪੀੜ੍ਹੀ ਨੂੰ ਬਹੁਤ ਵੱਡੇ ਪੱਧਰ ’ਤੇ ਹੁਨਰਮੰਦ ਬਣਾਇਆ ਜਾ ਰਿਹਾ ਹੈ। ਭਾਰਤ ਅੱਜ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਡਿਵੈਲਪਰ ਆਬਾਦੀ ਵਾਲਾ ਦੇਸ਼ ਹੈ।

ਸਾਥੀਓ,

ਅੱਜ ਭਾਰਤ ਵਿੱਚ ਇੱਕ ਜੀਬੀ ਵਾਇਰਲੈੱਸ ਡੇਟਾ ਦੀ ਕੀਮਤ ਇੱਕ ਕੱਪ ਚਾਹ ਦੀ ਕੀਮਤ ਤੋਂ ਵੀ ਘੱਟ ਹੈ, ਚਾਹ ਦੀ ਉਦਾਹਰਣ ਦੇਣਾ ਮੇਰੀ ਆਦਤ ਹੈ। ਪ੍ਰਤੀ ਉਪਭੋਗਤਾ ਡੇਟਾ ਖਪਤ ਵਿੱਚ ਅਸੀਂ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਆਉਂਦੇ ਹਾਂ। ਇਸ ਦਾ ਅਰਥ ਹੈ ਕਿ ਭਾਰਤ ਵਿੱਚ ਡਿਜੀਟਲ ਕਨੈਕਟੀਵਿਟੀ ਹੁਣ ਕੋਈ ਵਿਸ਼ੇਸ਼ ਅਧਿਕਾਰ ਜਾਂ ਐਸ਼ੋ-ਆਰਾਮ ਨਹੀਂ ਹੈ। ਇਹ ਭਾਰਤੀਆਂ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹੈ।

ਸਾਥੀਓ,

ਉਦਯੋਗ ਅਤੇ ਨਿਵੇਸ਼ ਨੂੰ ਵਧਾਉਣ ਦੀ ਮਾਨਸਿਕਤਾ ਵਿੱਚ ਵੀ ਭਾਰਤ ਸਭ ਤੋਂ ਅੱਗੇ ਦਿਸਦਾ ਹੈ। ਭਾਰਤ ਦਾ ਲੋਕ-ਤੰਤਰੀ ਢਾਂਚਾ, ਸਰਕਾਰ ਦੀ ਸਵਾਗਤੀ ਪਹੁੰਚ ਅਤੇ ‘ਈਜ਼ ਆਫ਼ ਡੂਇੰਗ ਬਿਜ਼ਨਸ’ ਦੀਆਂ ਨੀਤੀਆਂ, ਇਨ੍ਹਾਂ ਨਾਲ ਭਾਰਤ ਦੀ ਪਛਾਣ ਇੱਕ ਨਿਵੇਸ਼ਕ-ਪੱਖੀ ਸਥਾਨ ਵਜੋਂ ਬਣੀ ਹੈ। ਡਿਜੀਟਲ ਪਬਲਿਕ ਬੁਨਿਆਦੀ ਢਾਂਚੇ ਵਿੱਚ ਸਾਡੀ ਸਫ਼ਲਤਾ, ਇਸ ਗੱਲ ਦਾ ਪ੍ਰਮਾਣ ਹੈ ਕਿ ਸਰਕਾਰ ‘ਡਿਜੀਟਲ ਫਸਟ’ ਮਾਨਸਿਕਤਾ ਨਾਲ ਕਿਸ ਤਰ੍ਹਾਂ ਜੁੜੀ ਹੋਈ ਹੈ। ਇਸ ਲਈ ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ - This Is The Best Time To Invest, Innovate And Make In India! ਨਿਰਮਾਣ ਤੋਂ ਸੈਮੀਕੰਡਕਟਰਾਂ ਤੱਕ, ਮੋਬਾਈਲ ਤੋਂ ਇਲੈਕਟ੍ਰੋਨਿਕਸ ਅਤੇ ਸਟਾਰਟਅੱਪਜ਼ ਤੱਕ, ਹਰ ਇੱਕ ਖੇਤਰ ਵਿੱਚ ਭਾਰਤ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ, ਬਹੁਤ ਸਾਰੀ ਊਰਜਾ ਹੈ।

ਸਾਥੀਓ,

ਕੁਝ ਹਫ਼ਤੇ ਪਹਿਲਾਂ ਹੀ 15 ਅਗਸਤ ਨੂੰ ਮੈਂ ਲਾਲ ਕਿਲ੍ਹੇ ਤੋਂ ਐਲਾਨ ਕੀਤਾ ਹੈ, ਕਿ ਇਹ ਸਾਲ ਵੱਡੇ ਬਦਲਾਵਾਂ, ਵੱਡੇ ਸੁਧਾਰਾਂ ਦਾ ਸਾਲ ਹੈ। ਅਸੀਂ ਸੁਧਾਰਾਂ ਦੀ ਗਤੀ ਵਧਾ ਰਹੇ ਹਾਂ, ਅਤੇ ਇਸ ਲਈ ਸਾਡੇ ਉਦਯੋਗ ਦੀ, ਸਾਡੇ ਨਵੀਨਤਾਕਾਰਾਂ ਦੀ ਜ਼ਿੰਮੇਵਾਰੀ ਵੀ ਵਧ ਰਹੀ ਹੈ। ਅਤੇ ਇਸ ਵਿੱਚ ਬਹੁਤ ਵੱਡੀ ਭੂਮਿਕਾ ਸਾਡੇ ਸਟਾਰਟਅੱਪਜ਼ ਦੀ ਹੈ, ਸਾਡੇ ਨੌਜਵਾਨ ਨਵੀਨਤਾਕਾਰਾਂ ਦੀ ਵੀ ਹੈ। ਆਪਣੀ ਗਤੀ ਨਾਲ, ਆਪਣੀ ਜੋਖਮ ਲੈਣ ਦੀ ਸਮਰੱਥਾ ਨਾਲ ਸਟਾਰਟਅੱਪ ਨਵੇਂ ਰਾਹ, ਨਵੇਂ ਮੌਕੇ ਬਣਾ ਰਹੇ ਹਨ। ਅਤੇ ਇਸੇ ਲਈ ਮੈਨੂੰ ਦੇਖ ਕੇ ਖੁਸ਼ੀ ਹੈ ਕਿ ਆਈਐੱਮਸੀ ਨੇ ਵੀ ਇਸ ਸਾਲ 500 ਤੋਂ ਵੱਧ ਸਟਾਰਟਅੱਪਜ਼ ਨੂੰ ਬੁਲਾ ਕੇ, ਉਨ੍ਹਾਂ ਨੂੰ ਨਿਵੇਸ਼ਕਾਂ ਅਤੇ ਗਲੋਬਲ ਮੈਂਟਰਜ਼ ਨਾਲ ਜੁੜਨ ਦਾ ਮੌਕਾ ਦਿੱਤਾ ਹੈ।

ਸਾਥੀਓ,

ਇਸ ਸੈਕਟਰ ਦੇ ਵਿਕਾਸ ਵਿੱਚ ਸਾਡੇ ਸਥਾਪਤ ਖਿਡਾਰੀਆਂ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਇਹ ਖਿਡਾਰੀ ਦੇਸ਼ ਦੀ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਸਥਿਰਤਾ, ਪੈਮਾਨਾ ਅਤੇ ਦਿਸ਼ਾ ਦਿੰਦੇ ਹਨ। ਉਨ੍ਹਾਂ ਕੋਲ ਖੋਜ ਅਤੇ ਵਿਕਾਸ ਦੀਆਂ ਸਮਰੱਥਾਵਾਂ ਹਨ। ਅਤੇ ਇਸੇ ਲਈ, ਸਾਨੂੰ ਸਟਾਰਟਅੱਪਜ਼ ਦੀ ਗਤੀ ਅਤੇ ਸਥਾਪਤ ਖਿਡਾਰੀਆਂ ਦੇ ਪੈਮਾਨੇ, ਦੋਵਾਂ ਤੋਂ ਤਾਕਤ ਮਿਲੇਗੀ।

ਸਾਥੀਓ,

ਸਾਡੇ ਉਦਯੋਗ ਨਾਲ ਜੁੜੇ ਅਜਿਹੇ ਕਈ ਵਿਸ਼ੇ ਹਨ, ਜਿਨ੍ਹਾਂ ’ਤੇ ਸਟਾਰਟਅੱਪਜ਼ ਦੇ ਨੌਜਵਾਨ, ਸਾਡਾ ਅਕਾਦਮਿਕ ਜਗਤ, ਖੋਜ ਅਦਾਰਿਆਂ, ਖੋਜ ਭਾਈਚਾਰੇ ਅਤੇ ਨੀਤੀ-ਘਾੜਿਆਂ, ਸਭ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਜੇ ਆਈਐੱਮਸੀ ਵਰਗਾ ਮੰਚ ਅਜਿਹਾ ਸੰਵਾਦ ਸ਼ੁਰੂ ਕਰਨ ਵਿੱਚ ਲਾਭਦਾਇਕ ਹੋਵੇ, ਤਾਂ ਸ਼ਾਇਦ ਸਾਡਾ ਲਾਭ ਕਈ ਗੁਣਾ ਵਧ ਜਾਵੇਗਾ।

ਸਾਥੀਓ,

ਸਾਨੂੰ ਦੇਖਣਾ ਹੋਵੇਗਾ ਕਿ ਗਲੋਬਲ ਸਪਲਾਈ ਚੇਨ ਵਿੱਚ ਕਿੱਥੇ ਰੁਕਾਵਟਾਂ ਆ ਰਹੀਆਂ ਹਨ। ਮੋਬਾਈਲ, ਟੈਲੀਕਾਮ, ਇਲੈਕਟ੍ਰੋਨਿਕਸ ਅਤੇ ਪੂਰੇ ਤਕਨਾਲੋਜੀ ਈਕੋਸਿਸਟਮ ਵਿੱਚ, ਜਿੱਥੇ ਵੀ ਆਲਮੀ ਰੁਕਾਵਟਾਂ ਹਨ, ਉੱਥੇ ਭਾਰਤ ਕੋਲ ਦੁਨੀਆ ਨੂੰ ਹੱਲ ਦੇਣ ਦਾ ਮੌਕਾ ਹੈ। ਉਦਾਹਰਣ ਵਜੋਂ, ਅਸੀਂ ਪਛਾਣਿਆ ਕਿ ਸੈਮੀਕੰਡਕਟਰ ਨਿਰਮਾਣ ਦੀ ਸਮਰੱਥਾ ਹੁਣ ਕੁਝ ਗਿਣੇ-ਚੁਣੇ ਦੇਸ਼ਾਂ ਤੱਕ ਸੀਮਤ ਸੀ, ਅਤੇ ਪੂਰੀ ਦੁਨੀਆ ਵਿਭਿੰਨਤਾ ਚਾਹੁੰਦੀ ਸੀ। ਅੱਜ ਭਾਰਤ ਨੇ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਿਆ ਹੈ। ਭਾਰਤ ਵਿੱਚ 10 ਸੈਮੀਕੰਡਕਟਰ ਨਿਰਮਾਣ ਯੂਨਿਟਾਂ ’ਤੇ ਕੰਮ ਹੋ ਰਿਹਾ ਹੈ।

ਸਾਥੀਓ,

ਇਲੈਕਟ੍ਰੋਨਿਕਸ ਨਿਰਮਾਣ ਵਿੱਚ ਆਲਮੀ ਕੰਪਨੀਆਂ ਭਰੋਸੇਯੋਗ ਭਾਈਵਾਲਾਂ ਦੀ ਤਲਾਸ਼ ਕਰ ਰਹੀਆਂ ਹਨ, ਜੋ ਪੈਮਾਨੇ ਅਤੇ ਭਰੋਸੇਯੋਗਤਾ ਦੋਵਾਂ ਵਿੱਚ ਖਰੇ ਉੱਤਰਨ। ਦੁਨੀਆ ਟੈਲੀਕਾਮ ਨੈੱਟਵਰਕ ਉਪਕਰਣਾਂ ਦੇ ਡਿਜ਼ਾਈਨ ਅਤੇ ਨਿਰਮਾਣ ਲਈ ਵੀ ਭਰੋਸੇਮੰਦ ਭਾਈਵਾਲ ਚਾਹੁੰਦੀ ਹੈ। ਕੀ ਭਾਰਤੀ ਕੰਪਨੀਆਂ ਭਰੋਸੇਯੋਗ ਗਲੋਬਲ ਸਪਲਾਇਰ ਅਤੇ ਡਿਜ਼ਾਈਨ ਭਾਈਵਾਲ ਨਹੀਂ ਬਣ ਸਕਦੀਆਂ?

ਸਾਥੀਓ,

ਮੋਬਾਈਲ ਨਿਰਮਾਣ ਵਿੱਚ ਚਿੱਪਸੈੱਟ ਅਤੇ ਬੈਟਰੀਆਂ ਤੋਂ ਲੈ ਕੇ, ਡਿਸਪਲੇਅ ਅਤੇ ਸੈਂਸਰਾਂ ਤੱਕ, ਇਹ ਕੰਮ ਦੇਸ਼ ਦੇ ਅੰਦਰ ਹੋਰ ਜ਼ਿਆਦਾ ਹੋਣ ਦੀ ਲੋੜ ਹੈ। ਦੁਨੀਆ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਡੇਟਾ ਪੈਦਾ ਕਰ ਰਹੀ ਹੈ। ਇਸ ਲਈ ਸਟੋਰੇਜ, ਸੁਰੱਖਿਆ ਅਤੇ ਪ੍ਰਭੂਸੱਤਾ ਵਰਗੇ ਸਵਾਲ ਬਹੁਤ ਮਹੱਤਵਪੂਰਨ ਹੋ ਜਾਣਗੇ। ਡੇਟਾ ਸੈਂਟਰਾਂ ਅਤੇ ਕਲਾਊਡ ਬੁਨਿਆਦੀ ਢਾਂਚੇ ’ਤੇ ਕੰਮ ਕਰਕੇ ਭਾਰਤ ਇੱਕ ਗਲੋਬਲ ਡੇਟਾ ਹੱਬ ਬਣ ਸਕਦਾ ਹੈ।

ਸਾਥੀਓ,

ਮੈਨੂੰ ਆਸ ਹੈ ਕਿ ਆਉਣ ਵਾਲੇ ਸੈਸ਼ਨਾਂ ਵਿੱਚ ਅਸੀਂ ਇਸੇ ਪਹੁੰਚ ਨੂੰ, ਇਸੇ ਟੀਚੇ ਨੂੰ ਲੈ ਕੇ ਅੱਗੇ ਵਧਾਂਗੇ। ਇੱਕ ਵਾਰ ਫਿਰ ਆਈਐੱਮਸੀ ਦੇ ਇਸ ਪੂਰੇ ਪ੍ਰੋਗਰਾਮ ਲਈ ਤੁਹਾਨੂੰ ਨੂੰ ਮੇਰੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। 

 

************

ਐੱਮਜੇਪੀਐੱਸ/ਐੱਸਟੀ/ਆਰਕੇ


(Release ID: 2176365) Visitor Counter : 5