ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਪਹਿਲੀ ਅਕਤੂਬਰ ਨੂੰ ਆਰਐੱਸਐੱਸ ਦੇ ਸ਼ਤਾਬਦੀ ਸਮਾਗਮ ਵਿੱਚ ਸ਼ਾਮਲ ਹੋਣਗੇ
ਪ੍ਰਧਾਨ ਮੰਤਰੀ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੀ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨਗੇ
ਸ਼ਤਾਬਦੀ ਸਮਾਗਮ ਵਿੱਚ ਆਰਐੱਸਐੱਸ ਦੀ ਵਿਰਾਸਤ, ਸੱਭਿਆਚਾਰਕ ਯੋਗਦਾਨ ਅਤੇ ਭਾਰਤ ਦੀ ਏਕਤਾ ਵਿੱਚ ਭੂਮਿਕਾ ਨੂੰ ਉਜਾਗਰ ਕੀਤਾ ਜਾਵੇਗਾ
Posted On:
30 SEP 2025 10:30AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਅਕਤੂਬਰ, 2025 ਨੂੰ ਸਵੇਰੇ 10:30 ਵਜੇ ਨਵੀਂ ਦਿੱਲੀ ਦੇ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਸ਼ਤਾਬਦੀ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਰਾਸ਼ਟਰ ਲਈ ਆਰਐੱਸਐੱਸ ਦੇ ਯੋਗਦਾਨ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੀ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨਗੇ ਅਤੇ ਇਕੱਠ ਨੂੰ ਸੰਬੋਧਨ ਵੀ ਕਰਨਗੇ।
1925 ਵਿੱਚ ਨਾਗਪੁਰ, ਮਹਾਰਾਸ਼ਟਰ ਵਿੱਚ ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਵੱਲੋਂ ਸਥਾਪਿਤ ਆਰਐੱਸਐੱਸ ਦੀ ਸਥਾਪਨਾ ਇੱਕ ਸਵੈ-ਸੇਵੀ ਸੰਗਠਨ ਵਜੋਂ ਕੀਤੀ ਗਈ ਸੀ, ਜਿਸ ਦਾ ਉਦੇਸ਼ ਨਾਗਰਿਕਾਂ ਵਿੱਚ ਸੱਭਿਆਚਾਰਕ ਜਾਗਰੂਕਤਾ, ਅਨੁਸ਼ਾਸਨ, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਸੀ।
ਆਰਐੱਸਐੱਸ ਰਾਸ਼ਟਰੀ ਪੁਨਰ-ਨਿਰਮਾਣ ਲਈ ਲੋਕਾਂ ’ਚੋਂ ਉੱਭਰੀ ਇੱਕ ਵਿਲੱਖਣ ਲਹਿਰ ਹੈ। ਇਸ ਦੇ ਉਭਾਰ ਨੂੰ ਸਦੀਆਂ ਦੀ ਵਿਦੇਸ਼ੀ ਹਕੂਮਤ ਦੇ ਜਵਾਬ ਵਜੋਂ ਦੇਖਿਆ ਜਾਂਦਾ ਹੈ ਅਤੇ ਇਸ ਦੇ ਲਗਾਤਾਰ ਵਿਕਾਸ ਦਾ ਸਿਹਰਾ ਧਰਮ ’ਤੇ ਅਧਾਰਿਤ ਭਾਰਤ ਦੇ ਰਾਸ਼ਟਰੀ ਗੌਰਵ ਦੇ ਇਸ ਦੇ ਦ੍ਰਿਸ਼ਟੀਕੋਣ ਦੇ ਭਾਵਨਾਤਮਕ ਹੁੰਗਾਰੇ ਨੂੰ ਦਿੱਤਾ ਜਾਂਦਾ ਹੈ।
ਸੰਘ ਦਾ ਮੁੱਖ ਜ਼ੋਰ ਦੇਸ਼ ਭਗਤੀ ਅਤੇ ਰਾਸ਼ਟਰੀ ਚਰਿੱਤਰ ਨਿਰਮਾਣ 'ਤੇ ਹੈ। ਇਹ ਮਾਤ-ਭੂਮੀ ਪ੍ਰਤੀ ਸ਼ਰਧਾ, ਅਨੁਸ਼ਾਸਨ, ਆਤਮ-ਸੰਜਮ, ਹਿੰਮਤ ਅਤੇ ਬਹਾਦਰੀ ਦੇ ਗੁਣ ਪੈਦਾ ਕਰਨਾ ਚਾਹੁੰਦਾ ਹੈ। ਸੰਘ ਦਾ ਅੰਤਿਮ ਟੀਚਾ ਭਾਰਤ ਦੀ ‘ਸਰਵਾਂਗੀਣ ਉੱਨਤੀ’ (ਸਰਬਪੱਖੀ ਵਿਕਾਸ) ਹੈ, ਜਿਸ ਲਈ ਹਰ ਸਵੈਮ ਸੇਵਕ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ।
ਪਿਛਲੀ ਸਦੀ ਦੌਰਾਨ ਆਰਐੱਸਐੱਸ ਨੇ ਸਿੱਖਿਆ, ਸਿਹਤ, ਸਮਾਜ ਭਲਾਈ ਅਤੇ ਆਫ਼ਤ ਰਾਹਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਆਰਐੱਸਐੱਸ ਦੇ ਸਵੈ-ਸੇਵਕਾਂ ਨੇ ਹੜ੍ਹਾਂ, ਭੁਚਾਲਾਂ ਅਤੇ ਚੱਕਰਵਾਤਾਂ ਸਮੇਤ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਅਤੇ ਮੁੜ-ਵਸੇਬੇ ਦੇ ਕੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਹੈ। ਇਸ ਤੋਂ ਇਲਾਵਾ ਆਰਐੱਸਐੱਸ ਦੀਆਂ ਵੱਖ-ਵੱਖ ਸਹਿਯੋਗੀ ਸੰਸਥਾਵਾਂ ਨੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸ਼ਕਤੀਕਰਨ, ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਸਥਾਨਕ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਦਿੱਤਾ ਹੈ।
ਸ਼ਤਾਬਦੀ ਸਮਾਗਮ ਨਾ ਸਿਰਫ਼ ਆਰਐੱਸਐੱਸ ਦੀਆਂ ਇਤਿਹਾਸਕ ਪ੍ਰਾਪਤੀਆਂ ਦਾ ਸਨਮਾਨ ਕਰਦੇ ਹਨ, ਬਲਕਿ ਭਾਰਤ ਦੀ ਸੱਭਿਆਚਾਰਕ ਯਾਤਰਾ ਅਤੇ ਰਾਸ਼ਟਰੀ ਏਕਤਾ ਦੇ ਸੰਦੇਸ਼ ਵਿੱਚ ਇਸ ਦੇ ਸਦੀਵੀ ਯੋਗਦਾਨ ਨੂੰ ਵੀ ਉਜਾਗਰ ਕਰਦੇ ਹਨ।
************
ਐੱਮਜੇਪੀਐੱਸ/ਐੱਸਟੀ
(Release ID: 2173092)
Visitor Counter : 10
Read this release in:
Bengali
,
English
,
Urdu
,
Marathi
,
Hindi
,
Manipuri
,
Gujarati
,
Tamil
,
Telugu
,
Kannada
,
Malayalam