ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਵਰਲਡ ਫੂਡ ਇੰਡੀਆ 2025 ਦਾ ਸਮਾਪਨ ਹੋਇਆ, ਗਲੋਬਲ ਐਗਰੀ-ਫੂਡ ਵੈਲਿਊ ਚੇਨਾਂ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋਈ
ਖੁਰਾਕ ਅਤੇ ਖੇਤੀਬਾੜੀ ਨਾਲ ਜੁੜੇ ਦੇਸ਼ ਦੇ ਸਭ ਤੋਂ ਵੱਡੇ ਆਯੋਜਨ ਵਿੱਚ 95,000 ਤੋਂ ਵੱਧ ਪ੍ਰਤੀਭਾਗੀ ਸ਼ਾਮਲ ਹੋਏ
ਅੰਤਰਰਾਸ਼ਟਰੀ ਸਰਕਾਰਾਂ ਅਤੇ ਕਾਰੋਬਾਰ ਭਾਰਤ ਦੀਆਂ ਫੂਡ ਵੈਲਿਊ ਚੇਨਾਂ ਦੇ ਵਿਸਤਾਰ ਲਈ ਸਹਿਯੋਗ ਕਰ ਰਹੇ ਹਨ
ਆਲਮੀ ਖਰੀਦਦਾਰਾਂ ਅਤੇ ਗੁਣਵੱਤਾ ਅਤੇ ਸੁਰੱਖਿਆ ਲਈ ਨੀਤੀਗਤ ਯਤਨਾਂ ਨਾਲ ਸੀਫੂਡ ਇੰਡਸਟਰੀ ਨੂੰ ਗਤੀ ਮਿਲ ਰਹੀ ਹੈ
ਸਥਿਰਤਾ, ਪੋਸ਼ਣ, ਅਤੇ ਨਵੇਂ ਯੁੱਗ ਦੇ ਭੋਜਨ ਨੀਤੀ ਅਤੇ ਉਦਯੋਗ ਵਿਚਾਰ-ਵਟਾਂਦਰੇ 'ਤੇ ਹਾਵੀ ਹਨ
Posted On:
29 SEP 2025 9:55AM by PIB Chandigarh
ਚਾਰ ਦਿਨਾਂ ਵਰਲਡ ਫੂਡ ਇੰਡੀਆ 2025 ਦੀ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ, ਭਾਰਤ ਮੰਡਪਮ ਵਿੱਚ ਅੱਜ ਸਮਾਪਤੀ ਹੋਈ। ਇਸ ਪ੍ਰੋਗਰਾਮ ਨੂੰ ਭਾਰਤ ਦੇ ਫੂਡ ਪ੍ਰੋਸੈੱਸਿੰਗ ਖੇਤਰ ਵਿੱਚ ਇਤਿਹਾਸਕ ਮੰਨਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੂਸ ਦੇ ਉਪ-ਪ੍ਰਧਾਨ ਮੰਤਰੀ ਸ਼੍ਰੀ ਦਮਿਤ੍ਰੀ ਪਤਰੂਸ਼ੈਵ (Mr. Dmitry Patrushev), ਕੇਂਦਰੀ ਮੰਤਰੀਆਂ ਸ਼੍ਰੀ ਚਿਰਾਗ ਪਾਸਵਾਨ ਅਤੇ ਸ਼੍ਰੀ ਪ੍ਰਤਾਪਰਾਓ ਜਾਧਵ ਅਤੇ ਫੂਡ ਪ੍ਰੋਸੈੱਸਿੰਗ ਅਤੇ ਰੇਲਵੇ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਦੀ ਮੌਜੂਦਗੀ ਵਿੱਚ ਕੀਤਾ। ਇਸ ਮੌਕੇ ‘ਤੇ ਖੁਰਾਕ ਅਤੇ ਖੇਤੀਬਾੜੀ ਦੇ ਭਵਿੱਖ ‘ਤੇ ਵਿਚਾਰ-ਵਟਾਂਦਰੇ ਲਈ ਆਲਮੀ ਨੇਤਾਵਾਂ, ਨੀਤੀ ਨਿਰਮਾਤਾਵਾਂ, ਉਦਯੋਗ ਜਗਤ ਦੇ ਦਿੱਗਜਾਂ ਅਤੇ ਇਨੋਵੇਟਰਾਂ ਨੇ ਹਿੱਸਾ ਲਿਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਇੱਕ ਭਰੋਸੇਯੋਗ ਗਲੋਬਲ ਸਪਲਾਇਰ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਖੇਤੀਬਾੜੀ ਵਿਭਿੰਨਤਾ, ਮੱਧ ਵਰਗ ਦੀ ਵਧਦੀ ਮੰਗ ਅਤੇ ਸੌ ਫੀਸਦੀ ਪ੍ਰਤੱਖ ਵਿਦੇਸ਼ੀ ਨਿਵੇਸ਼, ਉਤਪਾਦਨ-ਅਧਾਰਿਤ ਪ੍ਰੋਤਸਾਹਨ ਯੋਜਨਾ ਅਤੇ ਮੈਗਾ ਫੂਡ ਪਾਰਕ ਜਿਹੀਆਂ ਸਰਕਾਰੀ ਪਹਿਲਕਦਮੀਆਂ ‘ਤੇ ਚਾਨਣਾ ਪਾਇਆ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਪੀਐੱਮਐੱਫਐੱਮਈ ਯੋਜਨਾ ਦੇ ਤਹਿਤ 2,518 ਕਰੋੜ ਰੁਪਏ ਦੇ ਸੂਖਮ ਪ੍ਰੋਜੈਕਟਾਂ ਲਈ 26,000 ਲਾਭਪਾਤਰੀਆਂ ਨੂੰ ਕ੍ਰੈਡਿਟ-ਅਧਾਰਿਤ ਸਬਸਿਡੀ ਵੀ ਜਾਰੀ ਕੀਤੀ ਜੋ ਜ਼ਮੀਨੀ ਪੱਧਰ ਦੇ ਉੱਦਮੀਆਂ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਸਮਿਟ ਦੇ ਦੌਰਾਨ, ਵਰਲਡ ਫੂਡ ਇੰਡੀਆ 2025 ਨੇ 1,02,000 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਸਮਝੌਤੇ ਪੱਤਰਾਂ ‘ਤੇ ਹਸਤਾਖਰ ਕੀਤੇ ਜੋ ਇੰਡੀਅਨ ਫੂਡ ਪ੍ਰੋਸੈੱਸਿੰਗ ਸੈਕਟਰ ਮੰਤਰਾਲੇ ਨੇ ਨਿਫਟੇਮ-ਟੀ (NIFTEM-T) ਅਤੇ ਨਿਫਟੇਮ –ਕੇ (NIFTEM-K) ਸਮੇਤ ਪ੍ਰਮੁੱਖ ਅਕਾਦਮਿਕ ਅਤੇ ਖੋਜ ਸੰਸਥਾਵਾਂ ਦੇ ਨਾਲ ਸਹਿਯੋਗ ਨੂੰ ਵੀ ਸਾਕਾਰ ਕੀਤਾ। ਇਸ ਨਾਲ ਭੋਜਨ ਮਜ਼ਬੂਤੀਕਰਣ, ਨਿਊਟ੍ਰਾਸਿਊਟੀਕਲਜ਼, ਅਤੇ ਸਟਾਰਟ-ਅੱਪ ਇਨਕਿਊਬੇਸ਼ਨ ਵਿੱਚ ਤਕਨਾਲੋਜੀ ਤਬਾਦਲੇ ਅਤੇ ਸਾਂਝੇਦਾਰੀ ਨੂੰ ਸਮਰਥਨ ਮਿਲਿਆ ਹੈ।
ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਸ਼੍ਰੀ ਚਿਰਾਗ ਪਾਸਵਾਨ ਦੀ ਸਹਿ-ਪ੍ਰਧਾਨਗੀ ਵਿੱਚ ਆਯੋਜਿਤ ਸੀਈਓ ਗੋਲਮੇਜ਼ (Roundtable) ਸੰਮੇਲਨ ਵਿੱਚ ਮੋਹਰੀ ਭਾਰਤੀ ਅਤੇ ਬਹੁਰਾਸ਼ਟਰੀ ਕੰਪਨੀਆਂ ਦੇ 100 ਤੋਂ ਵੱਧ ਸੀਈਓਜ਼ ਨੇ ਹਿੱਸਾ ਲਿਆ। ਚਰਚਾਵਾਂ ਵਿੱਚ ਟਿਕਾਊ ਨਿਵੇਸ਼, ਬਾਇਓਡੀਗ੍ਰੇਡੇਬਲ ਪੈਕੇਜ਼ਿੰਗ, ਰਹਿੰਦ-ਖੂੰਹਦ ਦਾ ਮੁਲਾਂਕਣ ਕਰਨਾ, ਨੀਲੀ ਅਰਥਵਿਵਸਥਾ ਦੀ ਸਮਰੱਥਾ ਅਤੇ ਲਾਗਤ ਘੱਟ ਕਰਨ ਅਤੇ ਮੁਕਾਬਲੇਬਾਜ਼ੀ ਵਧਾਉਣ ਲਈ ਲੌਜਿਸਟਿਕਸ ਅਤੇ ਆਵਾਜਾਈ ਵਿੱਚ ਸੁਧਾਰ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਕਈ ਦੇਸ਼ਾਂ ਦੀਆਂ ਸਰਕਾਰਾਂ ਦਰਮਿਆਨ ਬੈਠਕਾਂ ਨੇ ਭਾਰਤ ਦੀਆਂ ਅੰਤਰਰਾਸ਼ਟਰੀ ਸਾਂਝੇਦਾਰੀਆਂ ਨੂੰ ਹੋਰ ਮਜ਼ਬੂਤ ਕੀਤਾ ਹੈ। ਰੂਸ, ਸ੍ਰੀਲੰਕਾ, ਮੋਰੱਕੋ, ਮਾਲਦੀਵ, ਪੁਰਤਗਾਲ, ਨਿਊਜ਼ੀਲੈਂਡ, ਜਿੰਮਬਾਬਵੇ, ਯੁਗਾਂਡਾ, ਐਸਵਾਤਿਨੀ, ਕੋਟ ਡੀ ਆਇਵਰ ਅਤੇ ਕੁਵੈਤ ਦੇ ਵਫ਼ਦਾਂ ਨੇ ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ ਵਿੱਚ ਡੂੰਘੇ ਸਹਿਯੋਗ ਦੇ ਮੌਕਿਆਂ ਦੀ ਭਾਲ ਲਈ ਭਾਰਤੀ ਵਫਦਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਸੰਵਾਦਾਂ ਨੇ ਗਲੋਬਲ ਐਗਰੀ-ਫੂਡ ਵੈਲਿਊ ਚੇਨਾਂ ਵਿੱਚ ਇੱਕ ਭਰੋਸੇਯੋਗ ਭਾਗੀਦਾਰ ਵਜੋਂ ਭਾਰਤ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ।
ਵਰਲਡ ਫੂਡ ਇੰਡੀਆ 2025 ਦਾ ਤਕਨੀਕੀ ਏਜੰਡਾ ਵੀ ਓਨਾ ਹੀ ਪ੍ਰਭਾਵਸ਼ਾਲੀ ਰਿਹਾ ਜਿਸ ਵਿੱਚ ਭਾਗੀਦਾਰ ਦੇਸ਼ਾਂ, ਫੋਕਸ ਦੇਸ਼ਾਂ, ਮੰਤਰਾਲਿਆਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਉਦਯੋਗ ਸੰਘਾਂ ਦੁਆਰਾ ਚਾਲ੍ਹੀ ਤੋਂ ਵੱਧ ਸੈਸ਼ਨ ਆਯੋਜਿਤ ਕੀਤੇ ਗਏ। ਇਨ੍ਹਾਂ ਸੈਸ਼ਨਾਂ ਵਿੱਚ ਪਾਲਤੂ ਪਸ਼ੂਆਂ ਦੇ ਭੋਜਨ, ਨਿਊਟ੍ਰਾਸਿਊਟੀਕਲਸ, ਪੌਦਿਆਂ ‘ਤੇ-ਅਧਾਰਿਤ ਭੋਜਨ, ਅਲਕੋਹਲ ਵਾਲੇ ਪੀਣ ਵਾਲੇ ਪਦਾਰਥ, ਅਤੇ ਵਿਸ਼ੇਸ਼ ਭੋਜਨ ਪਦਾਰਥਾਂ ਵਿੱਚ ਮੌਕਿਆਂ ਦੀ ਖੋਜ ਕੀਤੀ ਗਈ, ਜਦਕਿ ਤੀਜੇ ਗਲੋਬਲ ਫੂਡ ਰੈਗੂਲੇਟਰਸ ਸਮਿਟ ਨੇ ਜੋਖਮ ਪ੍ਰਬੰਧਨ ਲਈ ਡਿਜੀਟਲ ਉਪਕਰਣਾਂ, ਅਗਲੀ ਪੀੜ੍ਹੀ ਦੇ ਰੈਗੂਲੇਟਰੀ ਕੌਸ਼ਲ, ਜਨਤਕ-ਨਿਜੀ ਭਾਗੀਦਾਰੀ ਰਾਹੀਂ ਖੁਰਾਕ ਸੁਰੱਖਿਆ, ਅਤੇ ਮੋਟਾਪੇ ਨੂੰ ਘੱਟ ਕਰਨ ਲਈ ਪੋਸ਼ਣ-ਅਧਾਰਿਤ ਰਣਨੀਤੀਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ।
ਇਸ ਸਮਾਗਮ ਵਿੱਚ ਉਦਯੋਗ ਅਤੇ ਆਮ ਲੋਕਾਂ ਦੀ ਵਿਆਪਕ ਭਾਗੀਦਾਰੀ ਦੇਖੀ ਗਈ। ਚਾਰ ਦਿਨਾਂ ਦੇ ਇਸ ਸਮਾਗਮ ਵਿੱਚ 10,500 ਤੋਂ ਵੱਧ ਬੀ2ਬੀ ਬੈਠਕਾਂ, 261 ਜੀ2ਜੀ ਬੈਠਕਾਂ ਅਤੇ 18,000 ਤੋਂ ਵੱਧ ਰਿਵਰਸ ਬਾਇਰ-ਸੈਲਰ ਬੈਠਕਾਂ ਆਯੋਜਿਤ ਕੀਤੀਆਂ ਗਈਆਂ। ਇਸ ਵਿੱਚ 95,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਜੋ ਇਸ ਆਯੋਜਨ ਦੇ ਪੈਮਾਨੇ ਅਤੇ ਇਸ ਨਾਲ ਜੁੜੀ ਦਿਲਚਸਪੀ ਨੂੰ ਦਰਸਾਉਂਦਾ ਹੈ।
ਵਰਲਡ ਫੂਡ ਇੰਡੀਆ ਦੇ ਸਮਾਨਾਂਤਰ, ਕੇਂਦਰੀ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ 25 ਸਤੰਬਰ ਨੂੰ ਪ੍ਰਗਤੀ ਮੈਦਾਨ ਵਿੱਚ 24ਵੇਂ ਇੰਡੀਆ ਇੰਟਰਨੈਸ਼ਨਲ ਸੀਫੂਡ ਸ਼ੋਅ ਦਾ ਵੀ ਉਦਘਾਟਨ ਕੀਤਾ। ਸਮੁੰਦਰੀ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ ਦੁਆਰਾ ਆਯੋਜਿਤ ਇਸ ਸ਼ੋਅ ਵਿੱਚ ਉਦਯੋਗ ਜਗਤ ਦੇ ਵਿਆਖਿਆਨ (ਇੰਡਸਟਰੀ ਲੈਕਚਰਜ਼), ਗੋਲਮੇਜ਼ ਬੈਠਕਾਂ, ਤਕਨੀਕੀ ਸੈਸ਼ਨ ਅਤੇ ਇੱਕ ਰਿਵਰਸ ਬਾਇਰ-ਸੈਲਰ ਬੈਠਕ ਸ਼ਾਮਲ ਸਨ ਜਿਸ ਦਾ ਮੁੱਖ ਉਦੇਸ਼ ਭਾਰਤ ਦੇ ਸੀਫੂਡ ਐਕਸਪੋਰਟਸ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਸੀ।
ਵਰਲਡ ਫੂਡ ਇੰਡੀਆ 2025 ਨੇ ਫੂਡ ਪ੍ਰੋਸੈੱਸਿੰਗ, ਇਨੋਵੇਸ਼ਨ ਅਤੇ ਟਿਕਾਊ ਨਿਯਮਾਂ ਦੇ ਇੱਕ ਆਲਮੀ ਕੇਂਦਰ ਵਜੋਂ ਭਾਰਤ ਦੇ ਉਦੈ ਨੂੰ ਸਾਬਤ ਕੀਤਾ। ਰਿਕਾਰਡ ਤੋੜ੍ਹ ਨਿਵੇਸ਼, ਮਜ਼ਬੂਤ ਅੰਤਰਰਾਸ਼ਟਰੀ ਸਾਂਝੇਦਾਰੀਆਂ ਅਤੇ ਭਾਰਤ ਨੂੰ ਐਗਰੀ-ਫੂਡ ਵੈਲਿਊ ਚੇਨਾਂ ਵਿੱਚ ਵਿਸ਼ਵ ਵਿੱਚ ਮੋਹਰੀ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਨਾਲ, ਇਸ ਆਯੋਜਨ ਨੇ ਇਸ ਖੇਤਰ ਵਿੱਚ ਭਵਿੱਖ ਦੇ ਵਿਕਾਸ ਅਤੇ ਆਲਮੀ ਸਹਿਯੋਗ ਲਈ ਇੱਕ ਠੋਸ ਅਧਾਰ ਤਿਆਰ ਕੀਤਾ ਹੈ।
****
ਐੱਸਟੀਕੇ/ਏਕੇ
(Release ID: 2172764)
Visitor Counter : 4