ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਡੀਸ਼ਾ ਦੇ ਝਾਰਸੁਗੁੜਾ ਵਿੱਚ 60,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਕੇਂਦਰ ਅਤੇ ਰਾਜ ਵਿੱਚ ਸਾਡੀ ਸਰਕਾਰ ਓਡੀਸ਼ਾ ਵਿੱਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਵਚਨਬੱਧ ਹੈ: ਪ੍ਰਧਾਨ ਮੰਤਰੀ
ਅਸੀਂ ਗ਼ਰੀਬਾਂ, ਦਲਿਤਾਂ, ਪਛੜੇ ਵਰਗਾਂ ਅਤੇ ਕਬਾਇਲੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ 'ਤੇ ਬਹੁਤ ਜ਼ੋਰ ਦਿੰਦੇ ਹਾਂ: ਪ੍ਰਧਾਨ ਮੰਤਰੀ
ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਓਡੀਸ਼ਾ ਲਈ ਦੋ ਸੈਮੀਕੰਡਕਟਰ ਯੂਨਿਟਾਂ ਨੂੰ ਪ੍ਰਵਾਨਗੀ ਦਿੱਤੀ ਹੈ: ਪ੍ਰਧਾਨ ਮੰਤਰੀ
ਆਤਮ-ਨਿਰਭਰਤਾ ਵੱਲ ਇੱਕ ਬਹੁਤ ਵੱਡਾ ਕਦਮ ਚੁੱਕਦੇ ਹੋਏ, ਬੀਐੱਸਐੱਨਐੱਲ ਨੇ ਪੂਰੀ ਤਰ੍ਹਾਂ ਨਾਲ ਸਵਦੇਸ਼ੀ 4ਜੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨਾਲ ਭਾਰਤ 4ਜੀ ਸੇਵਾਵਾਂ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਤਕਨੀਕ ਵਾਲੇ ਦੁਨੀਆ ਦੇ ਚੋਟੀ ਦੇ ਪੰਜ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ: ਪ੍ਰਧਾਨ ਮੰਤਰੀ
Posted On:
27 SEP 2025 1:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਦੇ ਝਾਰਸੁਗੁੜਾ ਵਿੱਚ 60,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਪਤਵੰਤੇ ਸੱਜਣਾਂ ਨੂੰ ਆਪਣੀਆਂ ਸਤਿਕਾਰ ਸਹਿਤ ਸ਼ੁਭਕਾਮਨਾਵਾਂ ਦਿੱਤੀਆਂ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਨਰਾਤਿਆਂ ਦਾ ਉਤਸਵ ਇਸ ਸਮੇਂ ਮਨਾਇਆ ਜਾ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਸ਼ੁਭ ਦਿਨਾਂ ਵਿੱਚ, ਉਨ੍ਹਾਂ ਨੂੰ ਮਾਂ ਸਮਾਲੇਈ ਅਤੇ ਮਾਂ ਰਾਮਚੰਡੀ ਦੀ ਪਵਿੱਤਰ ਧਰਤੀ 'ਤੇ ਜਾਣ ਅਤੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਮਾਵਾਂ ਅਤੇ ਭੈਣਾਂ ਦੀ ਮੌਜੂਦਗੀ ਨੂੰ ਨੋਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਹੀ ਤਾਕਤ ਦਾ ਸੱਚਾ ਸਰੋਤ ਹਨ, ਉਨ੍ਹਾਂ ਨੇ ਲੋਕਾਂ ਨੂੰ ਨਮਸਕਾਰ ਕੀਤਾ।
ਡੇਢ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਓਡੀਸ਼ਾ ਦੇ ਲੋਕਾਂ ਨੇ ਇੱਕ ਨਵੀਂ ਵਚਨਬੱਧਤਾ ਨਾਲ ਅੱਗੇ ਇੱਕ ਵਿਕਸਿਤ ਓਡੀਸ਼ਾ ਵੱਲ ਵਧਣ ਦਾ ਸੰਕਲਪ ਲਿਆ ਸੀ -ਸ਼੍ਰੀ ਮੋਦੀ ਨੇ ਕਿਹਾ ਕਿ ਅੱਜ, ਓਡੀਸ਼ਾ ਕੇਂਦਰ ਅਤੇ ਰਾਜ ਵਿੱਚ ਆਪਣੀਆਂ ਸਰਕਾਰਾਂ ਦੀ ਗਤੀ ਨਾਲ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਉਨ੍ਹਾਂ ਨੇ ਓਡੀਸ਼ਾ ਅਤੇ ਦੇਸ਼ ਦੇ ਵਿਕਾਸ ਲਈ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ। ਸ਼੍ਰੀ ਮੋਦੀ ਨੇ ਬੀਐੱਸਐੱਨਐੱਲ ਦੇ ਨਵੇਂ ਅਵਤਾਰ ਦਾ ਉਦਘਾਟਨ ਕੀਤਾ, ਜੋ ਕਿ ਇਸ ਦੀਆਂ ਸਵਦੇਸ਼ੀ 4ਜੀ ਸੇਵਾਵਾਂ ਦੀ ਸ਼ੁਰੂਆਤ ਸੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਵਿੱਚ ਆਈਆਈਟੀ ਦਾ ਵਿਸਥਾਰ ਵੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ।
ਇਸ ਤੋਂ ਇਲਾਵਾ, ਉਨ੍ਹਾਂ ਨੇ ਓਡੀਸ਼ਾ ਵਿੱਚ ਸਿੱਖਿਆ, ਕੌਸ਼ਲ ਵਿਕਾਸ ਅਤੇ ਸੰਪਰਕ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਉਦਘਾਟਨ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਬਰਹਮਪੁਰ ਤੋਂ ਸੂਰਤ ਤੱਕ ਆਧੁਨਿਕ ਅੰਮ੍ਰਿਤ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨਾਲ ਲੋਕਾਂ ਨੂੰ ਹੋਣ ਵਾਲੇ ਵੱਡੇ ਲਾਭ ਨੂੰ ਰੇਖਾਂਕਿਤ ਕੀਤਾ ਗਿਆ। ਸ਼੍ਰੀ ਮੋਦੀ ਨੇ ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੀ ਮੌਜੂਦਗੀ ਦਾ ਵੀ ਸਵਾਗਤ ਕੀਤਾ, ਜੋ ਸੂਰਤ, ਗੁਜਰਾਤ ਤੋਂ ਵਰਚੂਅਲੀ ਜੁੜੇ ਸਨ। ਉਨ੍ਹਾਂ ਨੇ ਇਨ੍ਹਾਂ ਸਾਰੀਆਂ ਵਿਕਾਸ ਪਹਿਲਕਦਮੀਆਂ ਲਈ ਓਡੀਸ਼ਾ ਦੇ ਲੋਕਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਗ਼ਰੀਬਾਂ ਦੀ ਸੇਵਾ ਅਤੇ ਉਨ੍ਹਾਂ ਨੂੰ ਸਸ਼ਕਤ ਕਰਨ ਲਈ ਵਚਨਬੱਧ ਹੈ ਅਤੇ ਸਾਡਾ ਧਿਆਨ ਦਲਿਤਾਂ, ਪਛੜੇ ਵਰਗਾਂ ਅਤੇ ਕਬਾਇਲੀ ਭਾਈਚਾਰਿਆਂ ਸਮੇਤ ਗ਼ਰੀਬਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ 'ਤੇ ਹੈ।" ਉਨ੍ਹਾਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਵਚਨਬੱਧਤਾ ਦਾ ਪ੍ਰਮਾਣ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਤਯੋਦਯ ਗ੍ਰਹਿ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਸੌਂਪਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਇੱਕ ਗ਼ਰੀਬ ਪਰਿਵਾਰ ਨੂੰ ਪੱਕਾ ਘਰ ਮਿਲਦਾ ਹੈ, ਤਾਂ ਇਹ ਨਾ ਸਿਰਫ਼ ਉਨ੍ਹਾਂ ਦੇ ਵਰਤਮਾਨ ਨੂੰ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਦਲ ਦਿੰਦਾ ਹੈ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਭਰ ਵਿੱਚ ਗ਼ਰੀਬ ਪਰਿਵਾਰਾਂ ਨੂੰ ਪਹਿਲਾਂ ਹੀ ਚਾਰ ਕਰੋੜ ਤੋਂ ਵੱਧ ਪੱਕੇ ਘਰ ਪ੍ਰਦਾਨ ਕੀਤੇ ਹਨ, ਪ੍ਰਧਾਨ ਮੰਤਰੀ ਨੇ ਓਡੀਸ਼ਾ ਵਿੱਚ ਕਿਹਾ ਕਿ ਹਜ਼ਾਰਾਂ ਘਰਾਂ ਦਾ ਤੇਜ਼ੀ ਨਾਲ ਨਿਰਮਾਣ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਸ਼੍ਰੀ ਮੋਹਨ ਮਾਝੀ ਅਤੇ ਉਨ੍ਹਾਂ ਦੀ ਟੀਮ ਦੇ ਸ਼ਲਾਘਾਯੋਗ ਯਤਨਾਂ ਲਈ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅੱਜ, ਲਗਭਗ ਪੰਜਾਹ ਹਜ਼ਾਰ ਪਰਿਵਾਰਾਂ ਨੂੰ ਨਵੇਂ ਘਰਾਂ ਲਈ ਪ੍ਰਵਾਨਗੀ ਮਿਲ ਗਈ ਹੈ। ਪ੍ਰਧਾਨ ਮੰਤਰੀ ਜਨਮਨ ਯੋਜਨਾ ਦੇ ਤਹਿਤ, ਓਡੀਸ਼ਾ ਵਿੱਚ ਕਬਾਇਲੀ ਪਰਿਵਾਰਾਂ ਲਈ ਚਾਲੀ ਹਜ਼ਾਰ ਤੋਂ ਵੱਧ ਘਰ ਮਨਜ਼ੂਰ ਕੀਤੇ ਗਏ ਹਨ, ਜਿਸ ਨਾਲ ਉਨ੍ਹਾਂ ਵਿੱਚੋਂ ਸਭ ਤੋਂ ਹਾਸ਼ੀਏ 'ਤੇ ਪਏ ਲੋਕਾਂ ਦੀ ਇੱਕ ਵੱਡੀ ਇੱਛਾ ਪੂਰੀ ਹੋਈ ਹੈ। ਉਨ੍ਹਾਂ ਨੇ ਸਾਰੇ ਲਾਭਪਾਤਰੀ ਪਰਿਵਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਓਡੀਸ਼ਾ ਦੇ ਲੋਕਾਂ ਦੀਆਂ ਯੋਗਤਾਵਾਂ ਅਤੇ ਪ੍ਰਤਿਭਾ ਵਿੱਚ ਆਪਣਾ ਅਟੱਲ ਵਿਸ਼ਵਾਸ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਦਰਤ ਨੇ ਓਡੀਸ਼ਾ ਨੂੰ ਭਰਪੂਰ ਆਸ਼ੀਰਵਾਦ ਦਿੱਤਾ ਹੈ। ਇਹ ਸਵੀਕਾਰ ਕਰਦੇ ਹੋਏ ਕਿ ਓਡੀਸ਼ਾ ਨੇ ਦਹਾਕਿਆਂ ਤੱਕ ਗ਼ਰੀਬੀ ਝੱਲੀ ਹੈ, ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਆਉਣ ਵਾਲਾ ਦਹਾਕਾ ਇੱਥੋਂ ਦੇ ਲੋਕਾਂ ਲਈ ਖ਼ੁਸ਼ਹਾਲੀ ਲੈ ਕੇ ਆਵੇਗਾ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ, ਸਰਕਾਰ ਰਾਜ ਵਿੱਚ ਵੱਡੇ ਪ੍ਰੋਜੈਕਟ ਲਿਆ ਰਹੀ ਹੈ।
ਉਨ੍ਹਾਂ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਓਡੀਸ਼ਾ ਲਈ ਦੋ ਸੈਮੀਕੰਡਕਟਰ ਯੂਨਿਟਾਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇੱਕ ਸੈਮੀਕੰਡਕਟਰ ਪਾਰਕ ਵੀ ਸਥਾਪਿਤ ਕੀਤਾ ਜਾਵੇਗਾ, ਜੋ ਓਡੀਸ਼ਾ ਦੇ ਨੌਜਵਾਨਾਂ ਦੀ ਤਾਕਤ ਅਤੇ ਸੰਭਾਵਨਾ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਇੱਕ ਅਜਿਹੇ ਭਵਿੱਖ ਦੀ ਕਲਪਨਾ ਕੀਤੀ ਜਿੱਥੇ ਫੋਨ, ਟੈਲੀਵਿਜ਼ਨ, ਫਰਿੱਜ, ਕੰਪਿਊਟਰ, ਕਾਰਾਂ ਅਤੇ ਹੋਰ ਬਹੁਤ ਸਾਰੇ ਹੋਰਨਾਂ ਉਪਕਰਣਾਂ ਵਿੱਚ ਵਰਤੀ ਜਾਣ ਵਾਲੀ ਛੋਟੀ ਚਿੱਪ ਓਡੀਸ਼ਾ ਵਿੱਚ ਹੀ ਬਣਾਈ ਜਾਵੇਗੀ।
ਪ੍ਰਧਾਨ ਮੰਤਰੀ ਨੇ ਚਿੱਪਸ ਤੋਂ ਲੈ ਕੇ ਜਹਾਜ਼ਾਂ ਤੱਕ, ਹਰ ਖੇਤਰ ਵਿੱਚ ਸਵੈ-ਨਿਰਭਰਤਾ ਪ੍ਰਾਪਤ ਕਰਨ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਪਾਰਾਦੀਪ ਤੋਂ ਝਾਰਸੁਗੁੜਾ ਤੱਕ ਇੱਕ ਵਿਸ਼ਾਲ ਉਦਯੋਗਿਕ ਗਲਿਆਰਾ ਵਿਕਸਿਤ ਕੀਤਾ ਜਾ ਰਿਹਾ ਹੈ। ਜਹਾਜ਼ ਨਿਰਮਾਣ ਦੀ ਰਣਨੀਤਕ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਆਰਥਿਕ ਮਜ਼ਬੂਤੀ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਦੇਸ਼ ਨੂੰ ਇਸ ਖੇਤਰ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਵਪਾਰ, ਤਕਨਾਲੋਜੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਲਾਭ ਪਹੁੰਚਾਉਂਦਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਸਵਦੇਸ਼ੀ ਜਹਾਜ਼ ਹੋਣ ਨਾਲ ਆਲਮੀ ਸੰਕਟਾਂ ਦੌਰਾਨ ਵੀ ਆਯਾਤ-ਨਿਰਯਾਤ ਸੰਚਾਲਨ ਨੂੰ ਯਕੀਨੀ ਬਣਾਇਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਇੱਕ ਵੱਡੀ ਪਹਿਲ ਦਾ ਐਲਾਨ ਕੀਤਾ - ਭਾਰਤ ਵਿੱਚ ਜਹਾਜ਼ ਨਿਰਮਾਣ ਲਈ ₹70,000 ਕਰੋੜ ਦਾ ਪੈਕੇਜ। ਉਨ੍ਹਾਂ ਨੇ ਅਨੁਮਾਨ ਲਗਾਇਆ ਕਿ ਇਸ ਨਾਲ ₹4.5 ਲੱਖ ਕਰੋੜ ਦਾ ਨਿਵੇਸ਼ ਆਕਰਸ਼ਿਤ ਹੋਵੇਗਾ, ਜੋ ਸਟੀਲ, ਮਸ਼ੀਨਰੀ, ਇਲੈਕਟ੍ਰੌਨਿਕਸ ਅਤੇ ਮੈਨੂਫੈਕਚਰਿੰਗ ਜਿਹੇ ਖੇਤਰਾਂ ਤੱਕ ਪਹੁੰਚੇਗਾ, ਜਿਸ ਨਾਲ ਖ਼ਾਸ ਕਰਕੇ ਛੋਟੇ ਅਤੇ ਘਰੇਲੂ ਉਦਯੋਗਾਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਨਾਲ ਲੱਖਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਓਡੀਸ਼ਾ ਦੇ ਉਦਯੋਗਾਂ ਅਤੇ ਨੌਜਵਾਨਾਂ ਨੂੰ ਮਹੱਤਵਪੂਰਨ ਲਾਭ ਮਿਲੇਗਾ।
ਸ਼੍ਰੀ ਮੋਦੀ ਨੇ ਕਿਹਾ, "ਭਾਰਤ ਨੇ ਆਤਮ-ਨਿਰਭਰਤਾ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ।" ਉਨ੍ਹਾਂ ਯਾਦ ਕਰਦੇ ਹੋਏ ਕਿਹਾ ਕਿ ਜਦੋਂ 2G, 3G, ਅਤੇ 4G ਵਰਗੀਆਂ ਦੂਰ-ਸੰਚਾਰ ਸੇਵਾਵਾਂ ਆਲਮੀ ਪੱਧਰ 'ਤੇ ਸ਼ੁਰੂ ਕੀਤੀਆਂ ਗਈਆਂ ਸਨ ਤਾਂ ਭਾਰਤ ਪਿੱਛੇ ਰਹਿ ਗਿਆ ਅਤੇ ਇਨ੍ਹਾਂ ਸੇਵਾਵਾਂ ਲਈ ਵਿਦੇਸ਼ੀ ਤਕਨਾਲੋਜੀ 'ਤੇ ਨਿਰਭਰ ਰਿਹਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਸਥਿਤੀ ਦੇਸ਼ ਲਈ ਢੁਕਵੀਂ ਨਹੀਂ ਸੀ, ਜਿਸ ਕਾਰਨ ਜ਼ਰੂਰੀ ਦੂਰ-ਸੰਚਾਰ ਤਕਨਾਲੋਜੀਆਂ ਨੂੰ ਸਵਦੇਸ਼ੀ ਤੌਰ 'ਤੇ ਵਿਕਸਿਤ ਕਰਨ ਦਾ ਰਾਸ਼ਟਰੀ ਸੰਕਲਪ ਲਿਆ ਗਿਆ। ਪ੍ਰਧਾਨ ਮੰਤਰੀ ਨੇ ਮਾਣ ਪ੍ਰਗਟਾਇਆ ਕਿ ਬੀਐੱਸਐੱਨਐੱਲ ਨੇ ਭਾਰਤ ਅੰਦਰ ਪੂਰੀ ਤਰ੍ਹਾਂ ਸਵਦੇਸ਼ੀ 4G ਤਕਨਾਲੋਜੀ ਸਫਲਤਾਪੂਰਵਕ ਵਿਕਸਿਤ ਕੀਤੀ ਹੈ।
ਉਨ੍ਹਾਂ ਨੇ ਇਸ ਉਪਲਬਧੀ ਨੂੰ ਹਾਸਲ ਕਰਨ ਵਿੱਚ ਬੀਐੱਸਐੱਨਐੱਲ ਦੇ ਸਮਰਪਣ, ਲਗਨ ਅਤੇ ਮੁਹਾਰਤ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਕੰਪਨੀਆਂ ਨੇ ਹੁਣ ਭਾਰਤ ਨੂੰ ਦੁਨੀਆ ਦੇ ਉਨ੍ਹਾਂ ਪੰਜ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਕਰ ਦਿੱਤਾ ਹੈ, ਜਿਨ੍ਹਾਂ ਕੋਲ 4G ਸੇਵਾਵਾਂ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਤਕਨਾਲੋਜੀ ਹੈ।
ਪ੍ਰਧਾਨ ਮੰਤਰੀ ਨੇ ਇਸ ਸੰਜੋਗ ਦਾ ਜ਼ਿਕਰ ਕੀਤਾ ਕਿ ਬੀਐੱਸਐੱਨਐੱਲ ਅੱਜ ਆਪਣੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਇਤਿਹਾਸਕ ਮੌਕੇ 'ਤੇ, ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੀਐੱਸਐੱਨਐੱਲ ਅਤੇ ਇਸ ਦੇ ਸਹਿਯੋਗੀਆਂ ਦੇ ਸਮਰਪਿਤ ਯਤਨਾਂ ਰਾਹੀਂ ਭਾਰਤ ਇੱਕ ਗਲੋਬਲ ਟੈਲੀਕਾਮ ਮੈਨੂਫੈਕਚਰਿੰਗ ਹੱਬ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਓਡੀਸ਼ਾ ਲਈ ਮਾਣ ਦੀ ਗੱਲ ਹੈ ਕਿ ਬੀਐੱਸਐੱਨਐੱਲ ਦਾ ਸਵਦੇਸ਼ੀ 4ਜੀ ਨੈੱਟਵਰਕ ਝਾਰਸੁਗੁੜਾ ਤੋਂ ਲਾਂਚ ਕੀਤਾ ਜਾ ਰਿਹਾ ਹੈ, ਜਿਸ ਵਿੱਚ ਲਗਭਗ ਇੱਕ ਲੱਖ 4ਜੀ ਟਾਵਰ ਸ਼ਾਮਲ ਹਨ। ਇਹ ਟਾਵਰ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਵਿੱਚ ਸੰਪਰਕ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ 4ਜੀ ਤਕਨਾਲੋਜੀ ਦੇ ਵਿਸਥਾਰ ਦਾ ਦੇਸ਼ ਭਰ ਵਿੱਚ ਦੋ ਕਰੋੜ ਤੋਂ ਵੱਧ ਲੋਕਾਂ ਨੂੰ ਸਿੱਧਾ ਲਾਭ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਲਗਭਗ ਤੀਹ ਹਜ਼ਾਰ ਪਿੰਡ, ਜਿਨ੍ਹਾਂ ਕੋਲ ਪਹਿਲਾਂ ਹਾਈ-ਸਪੀਡ ਇੰਟਰਨੈੱਟ ਪਹੁੰਚ ਦੀ ਸੁਵਿਧਾ ਨਹੀਂ ਸੀ, ਹੁਣ ਇਸ ਪਹਿਲਕਦਮੀ ਰਾਹੀਂ ਜੁੜ ਜਾਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਪਿੰਡ ਇਸ ਇਤਿਹਾਸਕ ਦਿਨ ਨੂੰ ਦੇਖਣ ਲਈ ਵਰਚੂਅਲੀ ਤੌਰ ’ਤੇ ਜੁੜੇ ਹੋਏ ਹਨ, ਹਾਈ-ਸਪੀਡ ਇੰਟਰਨੈੱਟ ਰਾਹੀਂ ਇਸ ਨੂੰ ਸੁਣ ਅਤੇ ਦੇਖ ਰਹੇ ਹਨ। ਉਨ੍ਹਾਂ ਜ਼ਿਕਰ ਕੀਤਾ ਕਿ ਕੇਂਦਰੀ ਸੰਚਾਰ ਮੰਤਰੀ, ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਵੀ ਅਸਾਮ ਤੋਂ ਇਸ ਵਿੱਚ ਸ਼ਾਮਲ ਹੋ ਰਹੇ ਹਨ।
ਇਹ ਦੱਸਦੇ ਹੋਏ ਕਿ ਬੀਐੱਸਐੱਨਐੱਲ ਦੀਆਂ ਸਵਦੇਸ਼ੀ 4ਜੀ ਸੇਵਾਵਾਂ ਕਬਾਇਲੀ ਖੇਤਰਾਂ, ਦੂਰ-ਦੁਰਾਡੇ ਦੇ ਪਿੰਡਾਂ ਅਤੇ ਪਹਾੜੀ ਖੇਤਰਾਂ ਨੂੰ ਸਭ ਤੋਂ ਵੱਧ ਲਾਭ ਪਹੁੰਚਾਉਣਗੀਆਂ, ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਇਨ੍ਹਾਂ ਖੇਤਰਾਂ ਦੇ ਲੋਕਾਂ ਕੋਲ ਹੁਣ ਗੁਣਵੱਤਾ ਵਾਲੀਆਂ ਡਿਜੀਟਲ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਹੋਵੇਗੀ। ਪੇਂਡੂ ਖੇਤਰਾਂ ਦੇ ਬੱਚੇ ਔਨਲਾਈਨ ਕਲਾਸਾਂ ਵਿੱਚ ਹਿੱਸਾ ਲੈ ਸਕਣਗੇ, ਦੂਰ-ਦੁਰਾਡੇ ਥਾਵਾਂ 'ਤੇ ਕਿਸਾਨ ਆਪਣੀਆਂ ਫਸਲਾਂ ਦੀਆਂ ਕੀਮਤਾਂ ਦੀ ਜਾਂਚ ਕਰ ਸਕਣਗੇ ਅਤੇ ਮਰੀਜ਼ਾਂ ਨੂੰ ਟੈਲੀਮੈਡਿਸਨ ਰਾਹੀਂ ਡਾਕਟਰਾਂ ਨਾਲ ਸਲਾਹ ਕਰਨਾ ਆਸਾਨ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਪਹਿਲ ਸਾਡੇ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਨੂੰ ਵੀ ਬਹੁਤ ਲਾਭ ਪਹੁੰਚਾਏਗੀ, ਕਿਉਂਕਿ ਉਹ ਵਧੀ ਹੋਈ ਕਨੈਕਟੀਵਿਟੀ ਰਾਹੀਂ ਸੁਰੱਖਿਅਤ ਢੰਗ ਨਾਲ ਸੰਚਾਰ ਕਰ ਸਕਣਗੇ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਪਹਿਲਾਂ ਹੀ ਸਭ ਤੋਂ ਤੇਜ਼ 5ਜੀ ਸੇਵਾਵਾਂ ਸ਼ੁਰੂ ਕਰ ਚੁੱਕਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉਦਘਾਟਨ ਕੀਤੇ ਗਏ ਬੀਐੱਸਐੱਨਐੱਲ ਟਾਵਰ 5ਜੀ ਸੇਵਾਵਾਂ ਦਾ ਸਮਰਥਨ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਇਸ ਇਤਿਹਾਸਕ ਮੌਕੇ 'ਤੇ ਬੀਐੱਸਐੱਨਐੱਲ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ।
ਆਤਮ-ਨਿਰਭਰ ਭਾਰਤ ਦੇ ਨਿਰਮਾਣ ਲਈ ਕੁਸ਼ਲ ਨੌਜਵਾਨ ਅਤੇ ਇੱਕ ਮਜ਼ਬੂਤ ਰਿਸਰਚ ਈਕੋਸਿਸਟਮ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਲਈ ਇੱਕ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਨੇ ਓਡੀਸ਼ਾ ਸਮੇਤ ਦੇਸ਼ ਭਰ ਵਿੱਚ ਸਿੱਖਿਆ ਅਤੇ ਕੌਸ਼ਲ ਵਿਕਾਸ ਵਿੱਚ ਕੀਤੇ ਜਾ ਰਹੇ ਬੇਮਿਸਾਲ ਨਿਵੇਸ਼ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇੰਜੀਨੀਅਰਿੰਗ ਕਾਲਜਾਂ ਅਤੇ ਪੌਲੀਟੈਕਨਿਕ ਸੰਸਥਾਨਾਂ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ ਅਤੇ ਇਸ ਯਤਨ ਦਾ ਸਮਰਥਨ ਕਰਨ ਲਈ ਐੱਮਈਆਰਆਈਟੀਈ ਨਾਮ ਦੀ ਇੱਕ ਨਵੀਂ ਯੋਜਨਾ ਲਾਂਚ ਕੀਤੀ। ਇਸ ਯੋਜਨਾ ਦੇ ਤਹਿਤ, ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਨੌਜਵਾਨਾਂ ਨੂੰ ਗੁਣਵੱਤਾ ਵਾਲੀ ਤਕਨੀਕੀ ਸਿੱਖਿਆ ਲਈ ਵੱਡੇ ਸ਼ਹਿਰਾਂ ਵੱਲ ਜਾਣ ਦੀ ਮਜਬੂਰੀ ਤੋਂ ਮੁਕਤੀ ਮਿਲੇਗੀ। ਇਸ ਦੀ ਬਜਾਏ, ਉਨ੍ਹਾਂ ਕੋਲ ਆਪਣੇ ਸ਼ਹਿਰਾਂ ਦੇ ਅੰਦਰ ਆਧੁਨਿਕ ਪ੍ਰਯੋਗਸ਼ਾਲਾਵਾਂ, ਗਲੋਬਲ ਸਕਿੱਲ ਟ੍ਰੇਨਿੰਗ ਅਤੇ ਸਟਾਰਟਅੱਪਸ ਦੇ ਮੌਕਿਆਂ ਤੱਕ ਪਹੁੰਚ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਹਰ ਖੇਤਰ, ਹਰ ਭਾਈਚਾਰੇ ਅਤੇ ਹਰ ਨਾਗਰਿਕ ਤੱਕ ਸਹੂਲਤਾਂ ਪਹੁੰਚਾਉਣ ਲਈ ਇਹ ਬੇਮਿਸਾਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਰਿਕਾਰਡ ਪੱਧਰ 'ਤੇ ਨਿਵੇਸ਼ ਕੀਤਾ ਜਾ ਰਿਹਾ ਹੈ। ਅਤੀਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਟਿੱਪਣੀ ਕੀਤੀ ਕਿ ਲੋਕ ਪਿਛਲੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਵਿਰੋਧੀ ਧਿਰ ਨੇ ਕਦੇ ਵੀ ਜਨਤਾ ਦਾ ਸ਼ੋਸ਼ਣ ਕਰਨ ਦਾ ਮੌਕਾ ਨਹੀਂ ਗੁਆਇਆ।
ਸ਼੍ਰੀ ਮੋਦੀ ਨੇ ਕਿਹਾ ਕਿ 2014 ਵਿੱਚ ਜਦੋਂ ਜਨਤਾ ਨੇ ਸਰਕਾਰ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਉਨ੍ਹਾਂ ਦੇ ਪ੍ਰਸ਼ਾਸਨ ਨੇ ਦੇਸ਼ ਨੂੰ ਵਿਰੋਧੀ ਧਿਰ ਦੇ ਸ਼ੋਸ਼ਣ ਵਾਲੇ ਸਿਸਟਮ ਤੋਂ ਸਫਲਤਾਪੂਰਵਕ ਮੁਕਤ ਕਰਵਾਇਆ। ਉਨ੍ਹਾਂ ਟਿੱਪਣੀ ਕੀਤੀ ਕਿ ਉਨ੍ਹਾਂ ਦੀ ਸਰਕਾਰ ਵਿੱਚ, ਦੋਹਰੀ ਬੱਚਤ ਅਤੇ ਦੋਹਰੀ ਕਮਾਈ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਹੈ। ਉਨ੍ਹਾਂ ਨੇ ਅਤੀਤ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਪਿਛਲੀ ਨਿਆਂ ਪ੍ਰਣਾਲੀ ਦੌਰਾਨ, ਕਰਮਚਾਰੀਆਂ ਅਤੇ ਕਾਰੋਬਾਰੀਆਂ ਨੂੰ 2 ਲੱਖ ਰੁਪਏ ਤੱਕ ਦੀ ਆਮਦਨ 'ਤੇ ਵੀ ਟੈਕਸ ਦੇਣਾ ਪੈਂਦਾ ਸੀ। ਇਸ ਦੇ ਉਲਟ, ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੱਜ, 12 ਲੱਖ ਰੁਪਏ ਸਲਾਨਾ ਤੱਕ ਦੀ ਆਮਦਨ ਵਾਲੇ ਵਿਅਕਤੀਆਂ ਨੂੰ ਆਮਦਨ ਟੈਕਸ ਵਿੱਚ ਇੱਕ ਰੁਪਿਆ ਵੀ ਅਦਾ ਕਰਨ ਦੀ ਲੋੜ ਨਹੀਂ ਹੈ।
ਇਹ ਜ਼ਿਕਰ ਕਰਦੇ ਹੋਏ ਕਿ 22 ਸਤੰਬਰ, 2025 ਤੋਂ ਓਡੀਸ਼ਾ ਸਮੇਤ ਪੂਰੇ ਦੇਸ਼ ਵਿੱਚ ਨਵੇਂ ਜੀਐੱਸਟੀ ਸੁਧਾਰ ਲਾਗੂ ਕੀਤੇ ਗਏ ਹਨ, ਪ੍ਰਧਾਨ ਮੰਤਰੀ ਨੇ ਇਨ੍ਹਾਂ ਸੁਧਾਰਾਂ ਨੂੰ ਸਾਰਿਆਂ ਲਈ ਬੱਚਤ ਦਾ ਤੋਹਫ਼ਾ ਦੱਸਿਆ, ਖ਼ਾਸ ਕਰਕੇ ਮਾਵਾਂ ਅਤੇ ਭੈਣਾਂ ਲਈ ਰਸੋਈ ਦੇ ਖ਼ਰਚਿਆਂ ਨੂੰ ਕਾਫੀ ਕਿਫਾਇਤੀ ਬਣਾਉਣਾ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਕਾਫ਼ੀ ਕਮੀ ਆਈ ਹੈ। ਇੱਕ ਉਦਾਹਰਣ ਦੇ ਕੇ ਸਮਝਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਓਡੀਸ਼ਾ ਵਿੱਚ ਇੱਕ ਪਰਿਵਾਰ ਜੋ ਕਰਿਆਨੇ ਦਾ ਸਮਾਨ ਅਤੇ ਹੋਰ ਜ਼ਰੂਰੀ ਚੀਜ਼ਾਂ 'ਤੇ ਸਲਾਨਾ ₹1 ਲੱਖ ਖਰਚ ਕਰਦਾ ਸੀ, 2014 ਤੋਂ ਪਹਿਲਾਂ ਉਸ ਸਮੇਂ ਦੀ ਸੱਤਾਧਾਰੀ ਸਰਕਾਰ ਦੇ ਤਹਿਤ ਟੈਕਸ ਵਿੱਚ ₹20,000–₹25,000 ਦਾ ਭੁਗਤਾਨ ਕਰਦਾ ਸੀ। 2017 ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਜੀਐੱਸਟੀ ਲਾਗੂ ਕਰਨ ਤੋਂ ਬਾਅਦ, ਇਹ ਟੈਕਸ ਦੀ ਰਕਮ ਘਟਾ ਦਿੱਤੀ ਗਈ ਸੀ ਅਤੇ ਹੁਣ, ਟੈਕਸ ਦਾ ਬੋਝ ਕਾਫ਼ੀ ਹੱਦ ਤੱਕ ਘਟਾ ਦਿੱਤਾ ਗਿਆ ਹੈ, ਜਿਸ ਵਿੱਚ ਪਰਿਵਾਰ ਸਲਾਨਾ ਸਿਰਫ ₹5,000–₹6,000 ਦਾ ਭੁਗਤਾਨ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਯੁੱਗ ਦੇ ਮੁਕਾਬਲੇ, ਪਰਿਵਾਰ ਹੁਣ ਅਜਿਹੇ ਖਰਚਿਆਂ 'ਤੇ ਪ੍ਰਤੀ ਵਰ੍ਹੇ ₹15,000–₹20,000 ਦੀ ਬੱਚਤ ਕਰ ਰਹੇ ਹਨ।
ਓਡੀਸ਼ਾ ਕਿਸਾਨਾਂ ਦੀ ਧਰਤੀ ਦੱਸਦੇ ਹੋਏ ਅਤੇ ਜੀਐੱਸਟੀ ਬੱਚਤ ਉਤਸਵ ਨੂੰ ਕਿਸਾਨਾਂ ਲਈ ਬਹੁਤ ਫਾਇਦੇਮੰਦ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਵਿਰੋਧੀ ਧਿਰ ਦੇ ਸ਼ਾਸ਼ਨਕਾਲ ਦੌਰਾਨ, ਕਿਸਾਨਾਂ ਨੂੰ ਟ੍ਰੈਕਟਰ ਖਰੀਦਣ ਵੇਲੇ 70,000 ਰੁਪਏ ਟੈਕਸ ਦੇਣਾ ਪੈਂਦਾ ਸੀ। ਜੀਐੱਸਟੀ ਲਾਗੂ ਹੋਣ ਨਾਲ, ਇਹ ਟੈਕਸ ਘਟਾ ਦਿੱਤਾ ਗਿਆ ਸੀ ਅਤੇ ਨਵੇਂ ਜੀਐੱਸਟੀ ਢਾਂਚੇ ਦੇ ਤਹਿਤ, ਕਿਸਾਨ ਹੁਣ ਉਸੇ ਟ੍ਰੈਕਟਰ 'ਤੇ ਲਗਭਗ 40,000 ਰੁਪਏ ਬਚਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੀ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ‘ਤੇ ਹੁਣ 15,000 ਰੁਪਏ, ਪਾਵਰ ਟਿਲਰ 10,000 ਰੁਪਏ ਅਤੇ ਥ੍ਰੈਸ਼ਰ 25,000 ਰੁਪਏ ਤੱਕ ਦੀ ਬੱਚਤ ਹੋ ਰਹੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਈ ਖੇਤੀਬਾੜੀ ਉਪਕਰਣਾਂ ’ਤੇ ਟੈਕਸਾਂ ਵਿੱਚ ਕਾਫ਼ੀ ਕਟੌਤੀ ਕੀਤੀ ਹੈ।
ਓਡੀਸ਼ਾ ਵਿੱਚ ਇੱਕ ਵੱਡੀ ਗਿਣਤੀ ਵਿੱਚ ਕਬਾਇਲੀ ਰਹਿੰਦੇ ਹਨ, ਜੋ ਰੋਜ਼ੀ-ਰੋਟੀ ਲਈ ਜੰਗਲੀ ਉਤਪਾਦਾਂ 'ਤੇ ਨਿਰਭਰ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਕੇਂਦੂ ਪੱਤਾ ਇਕੱਠਾ ਕਰਨ ਵਾਲਿਆਂ ਲਈ ਕੰਮ ਕਰ ਰਹੀ ਹੈ ਅਤੇ ਹੁਣ ਇਸ ਵਸਤੂ 'ਤੇ ਜੀਐੱਸਟੀ ਕਾਫ਼ੀ ਘੱਟ ਕਰ ਦਿੱਤੀ ਹੈ, ਜਿਸ ਨਾਲ ਇਕੱਠਾ ਕਰਨ ਵਾਲਿਆਂ ਲਈ ਬਿਹਤਰ ਕੀਮਤਾਂ ਯਕੀਨੀ ਬਣੀਆਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਲਗਾਤਾਰ ਟੈਕਸ ਰਾਹਤ ਪ੍ਰਦਾਨ ਕਰ ਰਹੀ ਹੈ ਅਤੇ ਨਾਗਰਿਕਾਂ ਲਈ ਬੱਚਤ ਵਧਾ ਰਹੀ ਹੈ, ਜਦਕਿ ਵਿਰੋਧੀ ਧਿਰ 'ਤੇ ਸ਼ੋਸ਼ਣਕਾਰੀ ਨੀਤੀਆਂ ਜਾਰੀ ਰੱਖਣ ਦਾ ਦੋਸ਼ ਲਗਾਇਆ ਗਿਆ। ਸ਼੍ਰੀ ਮੋਦੀ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਦੀ ਅਗਵਾਈ ਵਾਲੀਆਂ ਸਰਕਾਰਾਂ ਅਜੇ ਵੀ ਜਨਤਾ ਨੂੰ ਲੁੱਟਣ ਵਿੱਚ ਲੱਗੀਆਂ ਹੋਈਆਂ ਹਨ।
ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਨਵੀਆਂ ਜੀਐੱਸਟੀ ਦਰਾਂ ਲਾਗੂ ਕੀਤੀਆਂ ਗਈਆਂ ਤਾਂ ਘਰਾਂ ਦੀ ਉਸਾਰੀ ਅਤੇ ਮੁਰੰਮਤ ਨੂੰ ਹੋਰ ਕਿਫਾਇਤੀ ਬਣਾਉਣ ਲਈ ਸੀਮੇਂਟ 'ਤੇ ਟੈਕਸ ਵੀ ਘਟਾ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ 22 ਸਤੰਬਰ ਤੋਂ ਬਾਅਦ, ਹਿਮਾਚਲ ਪ੍ਰਦੇਸ਼ ਵਿੱਚ ਵੀ ਸੀਮੇਂਟ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਹਾਲਾਂਕਿ, ਉਨ੍ਹਾਂ ਨੇ ਦਾਅਵਾ ਕੀਤਾ ਕਿ ਹਿਮਾਚਲ ਵਿੱਚ ਸੱਤਾਧਾਰੀ ਸਰਕਾਰ ਨੇ ਸੀਮੇਂਟ 'ਤੇ ਵਾਧੂ ਟੈਕਸ ਲਗਾ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਲਾਭ ਤੋਂ ਵਾਂਝਾ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜਿੱਥੇ ਵੀ ਵਿਰੋਧੀ ਪਾਰਟੀ ਸ਼ਾਸਨ ਕਰਦੀ ਹੈ, ਉੱਥੇ ਸ਼ੋਸ਼ਣ ਹੁੰਦਾ ਹੈ ਅਤੇ ਨਾਗਰਿਕਾਂ ਨੂੰ ਪਾਰਟੀ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਜੀਐੱਸਟੀ ਬੱਚਤ ਉਤਸਵ ਨੇ ਮਾਵਾਂ ਅਤੇ ਭੈਣਾਂ ਲਈ ਸਭ ਤੋਂ ਵੱਡੀ ਖ਼ੁਸ਼ੀ ਲਿਆਂਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਅਤੇ ਬੇਟੀਆਂ ਦੀ ਸੇਵਾ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ, ਉਨ੍ਹਾਂ ਦੀ ਸਿਹਤ 'ਤੇ ਪੂਰਾ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮਾਵਾਂ ਦੁਆਰਾ ਆਪਣੇ ਪਰਿਵਾਰਾਂ ਲਈ ਕੀਤੇ ਗਏ ਬਲੀਦਾਨਾਂ ਨੂੰ ਸਵੀਕਾਰ ਕੀਤਾ, ਇਹ ਨੋਟ ਕੀਤਾ ਕਿ ਉਹ ਆਪਣੇ ਬੱਚਿਆਂ ਦੀ ਰੱਖਿਆ ਲਈ ਹਰ ਦੁਖ ਨੂੰ ਕਿਵੇਂ ਸਹਿਣ ਕਰਦੀਆਂ ਹਨ ਅਤੇ ਅਕਸਰ ਆਪਣੀਆਂ ਬਿਮਾਰੀਆਂ ਨੂੰ ਲੁਕੋ ਕੇ ਰੱਖਦੀਆਂ ਹਨ ਤਾਂ ਜੋ ਘਰ 'ਤੇ ਡਾਕਟਰੀ ਖ਼ਰਚਿਆਂ ਦਾ ਭਾਰ ਨਾ ਪਵੇ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹੀ ਕਾਰਨ ਹੈ ਕਿ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਨਾਲ ਔਰਤਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਡਾਕਟਰੀ ਇਲਾਜ ਪ੍ਰਦਾਨ ਕਰਕੇ ਉਨ੍ਹਾਂ ਨੂੰ ਕਾਫ਼ੀ ਲਾਭ ਪਹੁੰਚਾਇਆ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇੱਕ ਸਿਹਤਮੰਦ ਮਾਂ ਇੱਕ ਮਜ਼ਬੂਤ ਪਰਿਵਾਰ ਦਾ ਨਿਰਮਾਣ ਕਰਦੀ ਹੈ, ਸ਼੍ਰੀ ਮੋਦੀ ਨੇ 17 ਸਤੰਬਰ, 2025 ਤੋਂ "ਸਵਸਥ ਨਾਰੀ, ਸਸ਼ਕਤ ਪਰਿਵਾਰ" ਮੁਹਿੰਮ ਦੀ ਦੇਸ਼ ਵਿਆਪੀ ਸ਼ੁਰੂਆਤ 'ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਦੇ ਤਹਿਤ ਦੇਸ਼ ਭਰ ਵਿੱਚ ਅੱਠ ਲੱਖ ਤੋਂ ਵੱਧ ਹੈਲਥ ਕੈਂਪ ਆਯੋਜਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਤਿੰਨ ਕਰੋੜ ਤੋਂ ਵੱਧ ਔਰਤਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਹ ਕੈਂਪ ਸ਼ੂਗਰ, ਬ੍ਰੈਸਟ ਕੈਂਸਰ, ਟੀਬੀ ਅਤੇ ਸਿੱਕਲ ਸੈੱਲ ਅਨੀਮੀਆ ਵਰਗੀਆਂ ਬਿਮਾਰੀਆਂ ਦੀ ਜਾਂਚ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਓਡੀਸ਼ਾ ਦੀਆਂ ਸਾਰੀਆਂ ਮਾਵਾਂ, ਭੈਣਾਂ ਅਤੇ ਬੇਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਦੀ ਜਾਂਚ ਕਰਵਾਉਣ।
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਸਹੂਲਤ ਅਤੇ ਖ਼ੁਸ਼ਹਾਲੀ ਦਾ ਰਾਹ ਪੱਧਰਾ ਕਰਕੇ, ਟੈਕਸ ਵਿੱਚ ਰਾਹਤ ਜਾਂ ਆਧੁਨਿਕ ਸੰਪਰਕ ਰਾਹੀਂ, ਦੇਸ਼ ਅਤੇ ਇਸ ਦੇ ਨਾਗਰਿਕਾਂ ਦੀ ਤਾਕਤ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਓਡੀਸ਼ਾ ਇਨ੍ਹਾਂ ਯਤਨਾਂ ਤੋਂ ਮਹੱਤਵਪੂਰਨ ਲਾਭ ਪ੍ਰਾਪਤ ਕਰ ਰਿਹਾ ਹੈ, ਰਾਜ ਵਿੱਚ ਇਸ ਸਮੇਂ ਛੇ ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਹਨ ਅਤੇ ਲਗਭਗ ਸੱਠ ਰੇਲਵੇ ਸਟੇਸ਼ਨਾਂ 'ਤੇ ਆਧੁਨਿਕੀਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਝਾਰਸੁਗੁੜਾ ਵਿੱਚ ਵੀਰ ਸੁਰੇਂਦਰ ਸਾਈਂ ਹਵਾਈ ਅੱਡਾ ਹੁਣ ਭਾਰਤ ਭਰ ਦੇ ਕਈ ਵੱਡੇ ਸ਼ਹਿਰਾਂ ਨਾਲ ਜੁੜ ਗਿਆ ਹੈ। ਓਡੀਸ਼ਾ ਨੂੰ ਖਣਿਜਾਂ ਅਤੇ ਮਾਈਨਜ਼ ਤੋਂ ਵੀ ਕਾਫ਼ੀ ਜ਼ਿਆਦਾ ਮਾਲੀਆ ਪ੍ਰਾਪਤ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਸੁਭੱਦ੍ਰਾ ਯੋਜਨਾ ਲਗਾਤਾਰ ਓਡੀਸ਼ਾ ਦੀਆਂ ਔਰਤਾਂ ਲਈ ਨਿਰੰਤਰ ਸਮਰਥਨ ਕਰ ਰਹੀ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਓਡੀਸ਼ਾ ਵਿਕਾਸ ਦੇ ਰਾਹ 'ਤੇ ਮਜ਼ਬੂਤੀ ਨਾਲ ਚੱਲ ਰਿਹਾ ਹੈ ਅਤੇ ਭਰੋਸਾ ਦਿੱਤਾ ਕਿ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ। ਉਨ੍ਹਾਂ ਨੇ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਭਾਸ਼ਣ ਦੀ ਸਮਾਪਤੀ ਕੀਤੀ।
ਇਸ ਸਮਾਗਮ ਵਿੱਚ ਓਡੀਸ਼ਾ ਦੇ ਰਾਜਪਾਲ ਡਾ. ਹਰੀ ਬਾਬੂ ਕੰਭਮਪਤੀ, ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ, ਕੇਂਦਰੀ ਮੰਤਰੀ ਸ਼੍ਰੀ ਜੁਆਲ ਓਰਾਮ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ। ਦੇਸ਼ ਭਰ ਦੇ ਕਈ ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਅੱਜ ਦੇ ਪ੍ਰੋਗਰਾਮ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ ਹੋਏ ਸਨ।
ਪਿਛੋਕੜ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਝਾਰਸੁਗੁੜਾ ਵਿੱਚ 60,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਹ ਪ੍ਰੋਜੈਕਟ ਦੂਰ-ਸੰਚਾਰ, ਰੇਲਵੇ, ਉੱਚ ਸਿੱਖਿਆ, ਸਿਹਤ ਸੰਭਾਲ, ਕੌਸ਼ਲ਼ ਵਿਕਾਸ, ਪੇਂਡੂ ਰਿਹਾਇਸ਼ੀ ਖੇਤਰਾਂ ਸਮੇਤ ਹੋਰ ਖੇਤਰਾਂ ਵਿੱਚ ਫੈਲੇ ਹੋਏ ਹਨ।
ਟੈਲੀਕਾਮ ਕਨੈਕਟੀਵਿਟੀ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਨੇ ਸਵਦੇਸ਼ੀ ਤਕਨਾਲੋਜੀ ਨਾਲ ਲਗਭਗ 37,000 ਕਰੋੜ ਰੁਪਏ ਦੀ ਲਾਗਤ ਨਾਲ ਬਣੇ 97,500 ਤੋਂ ਵੱਧ ਮੋਬਾਈਲ 4G ਟਾਵਰਾਂ ਦਾ ਸੰਚਾਲਨ ਕੀਤਾ। ਇਸ ਵਿੱਚ ਬੀਐੱਸਐੱਨਐੱਲ ਵੱਲੋਂ ਸ਼ੁਰੂ ਕੀਤੀਆਂ ਗਈਆਂ 92,600 ਤੋਂ ਵੱਧ 4G ਤਕਨਾਲੋਜੀ ਸਾਈਟਾਂ ਸ਼ਾਮਲ ਹਨ। ਡਿਜੀਟਲ ਭਾਰਤ ਨਿਧੀ ਦੇ ਤਹਿਤ 18,900 ਤੋਂ ਵੱਧ 4G ਸਾਈਟਾਂ ਨੂੰ ਫੰਡ ਦਿੱਤਾ ਗਿਆ ਹੈ ਜੋ ਦੂਰ-ਦੁਰਾਡੇ, ਸਰਹੱਦੀ ਅਤੇ ਖੱਬੇ-ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ ਵਿੱਚ ਲਗਭਗ 26,700 ਅਣ-ਕਨੈਕਟਿਡ ਪਿੰਡਾਂ ਨੂੰ ਜੋੜਣਗੇ, 20 ਲੱਖ ਤੋਂ ਵੱਧ ਨਵੇਂ ਗਾਹਕਾਂ ਨੂੰ ਸੇਵਾ ਪ੍ਰਦਾਨ ਕਰਨਗੇ। ਇਹ ਟਾਵਰ ਸੋਲਰ ਪਾਵਰ ਨਾਲ ਚੱਲਣ ਵਾਲੇ ਹਨ, ਜਿਸ ਨਾਲ ਇਹ ਭਾਰਤ ਦੀਆਂ ਗ੍ਰੀਨ ਟੈਲੀਕਾਮ ਸਾਈਟਾਂ ਦਾ ਸਭ ਤੋਂ ਵੱਡਾ ਸਮੂਹ ਬਣ ਗਏ ਹਨ ਅਤੇ ਟਿਕਾਊ ਬੁਨਿਆਦੀ ਢਾਂਚੇ ਦੀ ਦਿਸ਼ਾ ਵਿੱਚ ਇੱਕ ਕਦਮ ਅੱਗੇ ਵਧਾਉਂਦੇ ਹਨ।
ਪ੍ਰਧਾਨ ਮੰਤਰੀ ਨੇ ਮਹੱਤਵਪੂਰਨ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਸ ਨਾਲ ਸੰਪਰਕ ਅਤੇ ਖੇਤਰੀ ਵਿਕਾਸ ਨੂੰ ਹੁਲਾਰਾ ਮਿਲੇਗਾ। ਇਨ੍ਹਾਂ ਵਿੱਚ ਸੰਬਲਪੁਰ-ਸਰਲਾ ਵਿਖੇ ਰੇਲ ਫਲਾਈਓਵਰ ਦਾ ਨੀਂਹ ਪੱਥਰ, ਕੋਰਾਪੁਟ-ਬੈਗੁਡਾ ਲਾਈਨ ਦੇ ਦੌਹਰੀਕਰਣ ਦਾ ਰਾਸ਼ਟਰ ਨੂੰ ਸਮਰਪਣ, ਅਤੇ ਮਾਨਾਬਾਰ-ਕੋਰਾਪੁਟ-ਗੋਰਾਪੁਰ ਲਾਈਨ ਸ਼ਾਮਲ ਹਨ। ਇਹ ਪ੍ਰੋਜੈਕਟ ਓਡੀਸ਼ਾ ਅਤੇ ਗੁਆਂਢੀ ਰਾਜਾਂ ਵਿੱਚ ਮਾਲ ਅਤੇ ਯਾਤਰੀਆਂ ਦੀ ਆਵਾਜਾਈ ਵਿੱਚ ਮਹੱਤਵਪੂਰਨ ਸੁਧਾਰ ਕਰਨਗੇ, ਇਸ ਨਾਲ ਸਥਾਨਕ ਉਦਯੋਗਾਂ ਅਤੇ ਵਪਾਰ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਬਰਹਮਪੁਰ ਅਤੇ ਉਧਨਾ (ਸੂਰਤ) ਵਿਚਕਾਰ ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾਉਣਗੇ, ਜੋ ਕਿ ਰਾਜਾਂ ਵਿਚਕਾਰ ਕਿਫਾਇਤੀ ਅਤੇ ਆਰਾਮਦਾਇਕ ਸੰਪਰਕ ਪ੍ਰਦਾਨ ਕਰੇਗੀ, ਸੈਰ-ਸਪਾਟੇ ਨੂੰ ਸਮਰਥਨ ਦੇਵੇਗੀ, ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ ਅਤੇ ਮੁੱਖ ਆਰਥਿਕ ਜ਼ਿਲ੍ਹਿਆਂ ਨੂੰ ਜੋੜੇਗੀ।
ਪ੍ਰਧਾਨ ਮੰਤਰੀ ਨੇ ਲਗਭਗ 11,000 ਕਰੋੜ ਰੁਪਏ ਦੇ ਨਿਵੇਸ਼ ਨਾਲ ਅੱਠ ਆਈਆਈਟੀ - ਤਿਰੂਪਤੀ, ਪਲੱਕੜ, ਭਿਲਾਈ, ਜੰਮੂ, ਧਾਰਵਾੜ, ਜੋਧਪੁਰ, ਪਟਨਾ ਅਤੇ ਇੰਦੌਰ - ਦੇ ਵਿਸਥਾਰ ਲਈ ਨੀਂਹ ਪੱਥਰ ਰੱਖੇ। ਇਹ ਵਿਸਤਾਰ ਅਗਲੇ ਚਾਰ ਵਰ੍ਹਿਆਂ ਵਿੱਚ 10,000 ਨਵੇਂ ਵਿਦਿਆਰਥੀਆਂ ਲਈ ਸਮਰੱਥਾ ਪੈਦਾ ਕਰੇਗਾ ਅਤੇ ਅੱਠ ਅਤਿ-ਆਧੁਨਿਕ ਰਿਸਰਚ ਪਾਰਕ ਸਥਾਪਿਤ ਕਰੇਗਾ, ਜਿਸ ਨਾਲ ਭਾਰਤ ਦੇ ਨਵੀਨਤਾ ਵਾਤਾਵਰਣ (ਇਨੋਵੇਸ਼ਨ ਈਕੋਸਿਸਟਮ) ਨੂੰ ਮਜ਼ਬੂਤੀ ਮਿਲੇਗੀ ਅਤੇ ਖੋਜ ਅਤੇ ਵਿਕਾਸ ਨੂੰ ਇੱਕ ਮਜ਼ਬੂਤ ਹੁਲਾਰਾ ਮਿਲੇਗਾ।
ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ 275 ਰਾਜ ਇੰਜੀਨੀਅਰਿੰਗ ਅਤੇ ਪੌਲੀਟੈਕਨਿਕ ਸੰਸਥਨਾਂ ਵਿੱਚ ਗੁਣਵੱਤਾ, ਸਮਾਨਤਾ, ਖੋਜ ਅਤੇ ਨਵੀਨਤਾ ਵਿੱਚ ਸੁਧਾਰ ਲਈ MERITE ਯੋਜਨਾ ਲਾਂਚ ਕੀਤੀ।
ਪ੍ਰਧਾਨ ਮੰਤਰੀ ਨੇ ਓਡੀਸ਼ਾ ਕੌਸ਼ਲ ਵਿਕਾਸ ਪ੍ਰੋਜੈਕਟ ਦੇ ਪੜਾਅ II ਦੀ ਵੀ ਸ਼ੁਰੂਆਤ ਕੀਤੀ, ਜੋ ਸੰਬਲਪੁਰ ਅਤੇ ਬਰਹਾਮਪੁਰ ਵਿਖੇ ਵਿਸ਼ਵ ਕੌਸ਼ਲ ਕੇਂਦਰ ਸਥਾਪਿਤ ਕਰੇਗਾ, ਜਿਸ ਵਿੱਚ ਐਗਰੀਟੈੱਕ, ਅਖੁੱਟ ਊਰਜਾ, ਰਿਟੇਲ, ਸਮੁੰਦਰੀ ਅਤੇ ਪ੍ਰਾਹੁਣਚਾਰੀ ਵਰਗੇ ਉੱਭਰ ਰਹੇ ਖੇਤਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪੰਜ ਆਈਟੀਆਈਜ਼ ਨੂੰ ਸ਼ਾਨਦਾਰ ਆਈਟੀਆਈਜ਼ ਵਿੱਚ ਅਪਗ੍ਰੇਡ ਕੀਤਾ ਜਾਵੇਗਾ, 25 ਆਈਟੀਆਈਜ਼ ਨੂੰ ਸੈਂਟਰ ਆਫ਼ ਐਕਸੀਲੈਂਸ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਇੱਕ ਨਵੀਂ ਪ੍ਰੀਸਿਜ਼ਨ ਇੰਜੀਨੀਅਰਿੰਗ ਇਮਾਰਤ ਉੱਨਤ ਤਕਨੀਕੀ ਟ੍ਰੇਨਿੰਗ ਪ੍ਰਦਾਨ ਕਰੇਗੀ।
ਰਾਜ ਵਿੱਚ ਡਿਜੀਟਲ ਸਿੱਖਿਆ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਨੇ 130 ਉੱਚ ਸਿੱਖਿਆ ਸੰਸਥਾਨਾਂ ਵਿੱਚ ਵਾਈ-ਫਾਈ ਸਹੂਲਤ ਸਮਰਪਿਤ ਕੀਤੀ, ਜਿਸ ਨਾਲ 2.5 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਰੋਜ਼ਾਨਾ ਮੁਫਤ ਡੇਟਾ ਸਹੂਲਤ ਮਿਲੇਗੀ।
ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਓਡੀਸ਼ਾ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਵੀ ਮਹੱਤਵਪੂਰਨ ਹੁਲਾਰਾ ਮਿਲੇਗਾ। ਉਨ੍ਹਾਂ ਨੇ ਬਰਹਾਮਪੁਰ ਵਿੱਚ ਐੱਮਕੇਸੀਜੀ ਮੈਡੀਕਲ ਕਾਲਜ ਅਤੇ ਸੰਭਲਪੁਰ ਵਿੱਚ ਵੀਆਈਐੱਮਐੱਸਏਆਰ ਨੂੰ ਵਿਸ਼ਵ ਪੱਧਰੀ ਸੁਪਰ-ਸਪੈਸ਼ਲਿਟੀ ਹਸਪਤਾਲਾਂ ਵਿੱਚ ਅਪਗ੍ਰੇਡ ਕਰਨ ਲਈ ਨੀਂਹ ਪੱਥਰ ਰੱਖਿਆ। ਅਪਗ੍ਰੇਡ ਕੀਤੀਆਂ ਸਹੂਲਤਾਂ ਵਿੱਚ ਵਧੇ ਹੋਏ ਬੈੱਡਾਂ ਦੀ ਸਮਰੱਥਾ, ਟਰੌਮਾ ਕੇਅਰ ਯੂਨਿਟ, ਡੈਂਟਲ ਕਾਲਜ, ਜੱਚਾ ਅਤੇ ਬੱਚਾ ਦੇਖਭਾਲ ਸੇਵਾਵਾਂ ਅਤੇ ਵਿਸਤ੍ਰਿਤ ਅਕਾਦਮਿਕ ਬੁਨਿਆਦੀ ਢਾਂਚਾ ਸ਼ਾਮਲ ਹੋਵੇਗਾ, ਜੋ ਓਡੀਸ਼ਾ ਦੇ ਲੋਕਾਂ ਲਈ ਵਿਆਪਕ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਏਗਾ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਅੰਤਯੋਦਯ ਗ੍ਰਹਿ ਯੋਜਨਾ ਦੇ ਤਹਿਤ 50,000 ਲਾਭਪਾਤਰੀਆਂ ਨੂੰ ਪ੍ਰਵਾਨਗੀ ਹੁਕਮ ਵੰਡੇ। ਇਹ ਯੋਜਨਾ ਪੱਕੇ ਘਰ ਅਤੇ ਕਮਜ਼ੋਰ ਪੇਂਡੂ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ, ਜਿਨ੍ਹਾਂ ਵਿੱਚ ਦਿਵਯਾਂਗਜਨਾਂ, ਵਿਧਵਾਵਾਂ, ਗੰਭੀਰ ਬਿਮਾਰੀ ਤੋਂ ਪੀੜਤ ਵਿਅਕਤੀ ਅਤੇ ਕੁਦਰਤੀ ਆਫ਼ਤਾਂ ਦੇ ਪੀੜਤ ਸ਼ਾਮਲ ਹਨ। ਇਹ ਪਹਿਲ ਸਮਾਜ ਦੇ ਸਭ ਤੋਂ ਵਾਂਝੇ ਵਰਗਾਂ ਲਈ ਸਮਾਜਿਕ ਭਲਾਈ ਅਤੇ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
************
MJPS/SR
ਐੱਮਜੇਪੀਐੱਸ/ਐੱਸਆਰ
(Release ID: 2172407)
Visitor Counter : 6
Read this release in:
English
,
Urdu
,
Marathi
,
Hindi
,
Bengali
,
Manipuri
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam