ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਸਾਰੀਆਂ ਵਿਕਾਸ ਯੋਜਨਾਵਾਂ ਔਰਤਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਹਨ
ਪ੍ਰਧਾਨ ਮੰਤਰੀ ਨੇ ਔਰਤਾਂ ਨੂੰ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਸਰਕਾਰੀ ਨੀਤੀਆਂ ਅਤੇ ਪ੍ਰੋਗਰਾਮਾਂ ਨਾਲ ਜੁੜੀਆਂ ਆਪਣੀਆਂ ਪ੍ਰੇਰਣਾਦਾਇਕ ਕਹਾਣੀਆਂ ਸਾਂਝੀਆਂ ਕਰਨ ਦਾ ਸੱਦਾ ਦਿੱਤਾ
Posted On:
26 SEP 2025 2:49PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀਆਂ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ।
ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੀ ਇੱਕ ਆਦਿਵਾਸੀ ਮਹਿਲਾ ਲਾਭਪਾਤਰੀ ਸ੍ਰੀਮਤੀ ਰੰਜੀਤਾ ਕਾਜ਼ੀ ਨੇ ਆਪਣੇ ਖੇਤਰ ਵਿੱਚ ਆਈਆਂ ਇਨਕਲਾਬੀ ਤਬਦੀਲੀਆਂ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਦਾ ਦਿਲੋਂ ਧੰਨਵਾਦ ਕੀਤਾ। ਜੀਵਿਕਾ ਸਵੈ-ਸਹਾਇਤਾ ਗਰੁੱਪ ਨਾਲ ਜੁੜੀ ਰੰਜੀਤਾ ਨੇ ਦੱਸਿਆ ਕਿ ਉਨ੍ਹਾਂ ਦਾ ਜੰਗਲੀ ਖੇਤਰ ਕਦੇ ਬੁਨਿਆਦੀ ਢਾਂਚੇ ਤੋਂ ਵਾਂਝਾ ਸੀ। ਪਰ ਇਹ ਖੇਤਰ ਹੁਣ ਸੜਕ, ਬਿਜਲੀ, ਪਾਣੀ, ਸਫ਼ਾਈ ਅਤੇ ਸਿੱਖਿਆ ਦਾ ਲਾਭ ਲੈ ਰਿਹਾ ਹੈ। ਉਨ੍ਹਾਂ ਨੇ ਔਰਤਾਂ 'ਤੇ ਕੇਂਦਰਿਤ ਪਹਿਲਕਦਮੀਆਂ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ, ਜਿਨ੍ਹਾਂ ਵਿੱਚ ਰਾਖਵੇਂਕਰਨ ਦੀਆਂ ਸਹੂਲਤਾਂ ਵੀ ਸ਼ਾਮਲ ਹਨ, ਜਿਸ ਨਾਲ ਸਰਕਾਰੀ ਨੌਕਰੀਆਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਔਰਤਾਂ ਦੀ ਨੁਮਾਇੰਦਗੀ ਵਧੀ ਹੈ। ਉਨ੍ਹਾਂ ਨੇ ਸਾਈਕਲ ਅਤੇ ਵਰਦੀ ਯੋਜਨਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਕੁੜੀਆਂ ਸਕੂਲ ਦੀ ਵਰਦੀ ਵਿੱਚ ਸਾਈਕਲ ਚਲਾਉਂਦੀਆਂ ਹਨ ਤਾਂ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ।
ਰੰਜੀਤਾ ਨੇ ਉੱਜਵਲਾ ਯੋਜਨਾ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ, ਜਿਸ ਤਹਿਤ ਔਰਤਾਂ ਨੂੰ ਸਸਤੇ ਗੈਸ ਸਿਲੰਡਰ ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਉਨ੍ਹਾਂ ਨੂੰ ਧੂੰਏਂ ਨਾਲ ਭਰੀਆਂ ਰਸੋਈਆਂ ਤੋਂ ਮੁਕਤੀ ਮਿਲੀ ਹੈ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਆਵਾਸ ਯੋਜਨਾ ਦੇ ਲਾਭਾਂ ਦੀ ਵੀ ਸ਼ਲਾਘਾ ਕੀਤੀ, ਜਿਸ ਤਹਿਤ ਹੁਣ ਉਹ ਇੱਕ ਪੱਕੇ ਘਰ ਵਿੱਚ ਰਹਿੰਦੇ ਹਨ।
ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਹਾਲ ਹੀ ਵਿੱਚ 125 ਯੂਨਿਟ ਮੁਫ਼ਤ ਬਿਜਲੀ ਦੇਣ ਅਤੇ ਪੈਨਸ਼ਨ 400 ਤੋਂ ਵਧਾ ਕੇ 1,100 ਰੁਪਏ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ, ਜਿਸ ਨਾਲ ਔਰਤਾਂ ਦਾ ਆਤਮ-ਵਿਸ਼ਵਾਸ ਵਧਿਆ ਹੈ। ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਤਹਿਤ ਉਹ ਸ਼ੁਰੂਆਤੀ 10,000 ਰੁਪਏ ਦੀ ਵਰਤੋਂ ਜਵਾਰ ਅਤੇ ਬਾਜਰੇ ਦੀ ਖੇਤੀ ਲਈ ਇੱਕ ਪੰਪ ਸੈੱਟ ਖਰੀਦਣ ਲਈ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਬਾਅਦ ਵਿੱਚ ਦੇਸੀ ਅਨਾਜਾਂ ਨੂੰ ਉਤਸ਼ਾਹਿਤ ਕਰਨ ਵਾਲੇ ਆਟੇ ਦਾ ਕਾਰੋਬਾਰ ਸ਼ੁਰੂ ਕਰਨ ਲਈ 2 ਲੱਖ ਰੁਪਏ ਦਾ ਨਿਵੇਸ਼ ਕਰਨਗੇ।
ਰੰਜੀਤਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗ ਨਾਲ ਰੋਜ਼ੀ-ਰੋਟੀ ਲਈ ਸਹੂਲਤ ਮਿਲਦੀ ਹੈ ਅਤੇ ਔਰਤਾਂ ਲਈ ‘ਲਖਪਤੀ ਦੀਦੀ’ ਬਣਨ ਦਾ ਰਾਹ ਪੱਧਰਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਖੇਤਰ ਦੀਆਂ ਔਰਤਾਂ ਨਰਾਤਿਆਂ ਦੇ ਨਾਲ-ਨਾਲ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਨੂੰ ਵੀ ਇੱਕ ਤਿਉਹਾਰ ਵਾਂਗ ਮਨਾ ਰਹੀਆਂ ਹਨ। ਪੱਛਮੀ ਚੰਪਾਰਨ ਦੀਆਂ ਸਾਰੀਆਂ ਦੀਦੀਆਂ ਵੱਲੋਂ ਉਨ੍ਹਾਂ ਨੇ ਦੋਵਾਂ ਨੇਤਾਵਾਂ ਨੂੰ ਉਨ੍ਹਾਂ ਦੇ ਲਗਾਤਾਰ ਸਹਿਯੋਗ ਲਈ ਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ।
ਭੋਜਪੁਰ ਜ਼ਿਲ੍ਹੇ ਦੀ ਇੱਕ ਹੋਰ ਲਾਭਪਾਤਰੀ, ਸ੍ਰੀਮਤੀ ਰੀਤਾ ਦੇਵੀ ਨੇ ਆਰਾ ਦੀਆਂ ਸਾਰੀਆਂ ਔਰਤਾਂ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ 2015 ਵਿੱਚ ਸ਼ੁਰੂ ਹੋਏ ਆਪਣੇ ਸਸ਼ਕਤੀਕਰਨ ਦੇ ਸਫ਼ਰ ਬਾਰੇ ਦੱਸਿਆ, ਜਦੋਂ ਉਹ ਇੱਕ ਸਵੈ-ਸਹਾਇਤਾ ਸਮੂਹ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ‘ਭੈਯਾ’ ਪਹਿਲ ਤਹਿਤ 5,000 ਰੁਪਏ ਮਿਲੇ। ਇਸ ਰਾਸ਼ੀ ਨਾਲ ਉਨ੍ਹਾਂ ਨੇ ਚਾਰ ਬੱਕਰੀਆਂ ਖਰੀਦੀਆਂ ਅਤੇ ਆਪਣੀ ਰੋਜ਼ੀ-ਰੋਟੀ ਸ਼ੁਰੂ ਕੀਤੀ। ਬੱਕਰੀ ਪਾਲਣ ਤੋਂ ਹੋਈ ਆਮਦਨ ਨਾਲ ਉਨ੍ਹਾਂ ਨੇ 50 ਮੁਰਗੀਆਂ ਖਰੀਦੀਆਂ ਅਤੇ ਆਂਡੇ ਵੇਚਣ ਦਾ ਕਾਰੋਬਾਰ ਸ਼ੁਰੂ ਕੀਤਾ, ਜਿਸ ਵਿੱਚ ਹਰੇਕ ਆਂਡੇ ਦੀ ਕੀਮਤ 15 ਰੁਪਏ ਸੀ। ਉਨ੍ਹਾਂ ਨੇ ਚੂਚਿਆਂ ਨੂੰ ਪਾਲਣ ਲਈ ਮੱਛੀ ਦੇ ਡੱਬੇ ਅਤੇ ਲਾਈਟ ਦੀ ਵਰਤੋਂ ਕਰਕੇ ਨਵੀਨਤਾ ਲਿਆਂਦੀ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਇਆ।
ਰੀਤਾ ਦੇਵੀ ਨੇ ਮਾਣ ਨਾਲ ਕਿਹਾ ਕਿ ਹੁਣ ਉਹ 'ਲਖਪਤੀ ਦੀਦੀ' ਅਤੇ 'ਡਰੋਨ ਦੀਦੀ' ਦੋਵੇਂ ਬਣ ਗਏ ਹਨ, ਜੋ ਉਨ੍ਹਾਂ ਦੇ ਵਿਕਾਸ ਅਤੇ ਤਰੱਕੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ, ਜਿਸ ਨਾਲ ਪਿੰਡਾਂ ਅਤੇ ਮੁਹੱਲਿਆਂ ਵਿੱਚ ਬੇਹੱਦ ਖ਼ੁਸ਼ੀ ਅਤੇ ਉਤਸ਼ਾਹ ਆਇਆ ਹੈ। ਜ਼ਿਲ੍ਹੇ ਭਰ ਦੀਆਂ ਔਰਤਾਂ ਨੇ ਪਸ਼ੂ ਪਾਲਣ, ਬੱਕਰੀ ਪਾਲਣ ਅਤੇ ਕੁਝ ਨੇ ਚੂੜੀਆਂ ਦੀਆਂ ਦੁਕਾਨਾਂ ਚਲਾ ਕੇ ਵੱਖ-ਵੱਖ ਕਾਰੋਬਾਰ ਸ਼ੁਰੂ ਕੀਤੇ ਹਨ। ਰੀਤਾ ਨੇ ਦੱਸਿਆ ਕਿ 10,000 ਰੁਪਏ ਦੀ ਪਹਿਲੀ ਕਿਸ਼ਤ ਮਿਲਣ 'ਤੇ ਉਨ੍ਹਾਂ ਨੇ ਸਰਦੀਆਂ ਵਿੱਚ ਆਂਡਿਆਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ 100 ਮੁਰਗੀਆਂ ਖਰੀਦੀਆਂ। ਇਸ ਤੋਂ ਬਾਅਦ ਮਿਲੇ 2 ਲੱਖ ਰੁਪਏ ਦੀ ਮਦਦ ਨਾਲ, ਉਨ੍ਹਾਂ ਨੇ ਆਪਣਾ ਪੋਲਟਰੀ ਫਾਰਮ ਸਥਾਪਤ ਕੀਤਾ ਅਤੇ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਲਈ ਮਸ਼ੀਨਾਂ ਲਗਾਈਆਂ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਮੇਤ ਹੋਰ ਸਰਕਾਰੀ ਯੋਜਨਾਵਾਂ ਦੇ ਪ੍ਰਭਾਵ ਨੂੰ ਵੀ ਸਵੀਕਾਰ ਕੀਤਾ, ਜਿਸ ਨੇ ਉਨ੍ਹਾਂ ਦੇ ਮਿੱਟੀ ਦੇ ਘਰ ਜੋ ਮੀਂਹ ਵਿੱਚ ਚੋਂਦੇ ਸਨ, ਨੂੰ ਪੱਕੇ ਘਰਾਂ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਤਹਿਤ ਪਖਾਨਿਆਂ ਦੇ ਨਿਰਮਾਣ ਨਾਲ ਆਏ ਬਦਲਾਅ 'ਤੇ ਚਾਨਣਾ ਪਾਇਆ, ਜਿਸ ਨਾਲ ਔਰਤਾਂ ਨੂੰ ਖੇਤਾਂ ਵਿੱਚ ਜਾਣ ਦੀ ਲੋੜ ਖ਼ਤਮ ਹੋ ਗਈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਹਰ ਘਰ ਵਿੱਚ ਪਖਾਨਾ ਹੈ। ਨਲ-ਜਲ ਯੋਜਨਾ ਦੇ ਆਉਣ ਨਾਲ ਪਿੰਡ ਵਾਸੀਆਂ ਨੂੰ ਹੁਣ ਸਾਫ਼ ਪੀਣ ਵਾਲਾ ਪਾਣੀ ਉਪਲਬਧ ਹੋ ਰਿਹਾ ਹੈ, ਜਿਸ ਨਾਲ ਸਿਹਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ।
ਰੀਤਾ ਦੇਵੀ ਨੇ ਦੱਸਿਆ ਕਿ ਉੱਜਵਲਾ ਯੋਜਨਾ ਤਹਿਤ ਗੈਸ ਕੁਨੈਕਸ਼ਨ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਹੁਣ ਨੁਕਸਾਨਦੇਹ ਧੂੰਆਂ ਪੈਦਾ ਕਰਨ ਵਾਲੇ ਰਵਾਇਤੀ ਚੁੱਲ੍ਹਿਆਂ 'ਤੇ ਖਾਣਾ ਨਹੀਂ ਬਣਾਉਣਾ ਪੈਂਦਾ। ਉਨ੍ਹਾਂ ਨੇ ਗੈਸ 'ਤੇ ਸੁਰੱਖਿਅਤ ਢੰਗ ਨਾਲ ਖਾਣਾ ਬਣਾਉਣ ਦੇ ਯੋਗ ਹੋਣ 'ਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਨੇ ਆਯੁਸ਼ਮਾਨ ਭਾਰਤ ਸਿਹਤ ਕਾਰਡ ਦੀ ਵੀ ਸ਼ਲਾਘਾ ਕੀਤੀ, ਜਿਸ ਤਹਿਤ ਬਿਨਾਂ ਕਿਸੇ ਖਰਚੇ ਦੇ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 125 ਯੂਨਿਟ ਮੁਫ਼ਤ ਬਿਜਲੀ ਮਿਲਣ ਨਾਲ ਉਨ੍ਹਾਂ ਘਰਾਂ ਵਿੱਚ ਰੌਸ਼ਨੀ ਆਈ ਹੈ, ਜੋ ਕਦੇ ਹਨੇਰੇ ਵਿੱਚ ਰਹਿੰਦੇ ਸਨ, ਜਿਸ ਨਾਲ ਬੱਚੇ ਬੇਫਿਕਰ ਹੋ ਕੇ ਪੜ੍ਹਾਈ ਕਰ ਰਹੇ ਹਨ।
ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਔਰਤਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਦਾ ਹੈ, ਤਾਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਲਾਭ ਹੁੰਦਾ ਹੈ। ਪਹਿਲਾਂ ਔਰਤਾਂ ਨੂੰ ਸਿੱਖਿਆ ਲਈ ਦੂਰ ਜਾਣਾ ਪੈਂਦਾ ਸੀ, ਪਰ ਹੁਣ ਉਨ੍ਹਾਂ ਦੇ ਬੱਚਿਆਂ ਨੂੰ ਸਾਈਕਲ ਅਤੇ ਸਕੂਲ ਦੀਆਂ ਵਰਦੀਆਂ ਮਿਲਦੀਆਂ ਹਨ। ਰੀਤਾ ਨੇ ਖੁਦ ਵੀ ਸਾਈਕਲ ਅਤੇ ਵਰਦੀ ਮਿਲਣ ਦੀ ਯਾਦ ਤਾਜ਼ਾ ਕੀਤੀ, ਜਿਸ ਨਾਲ ਉਹ ਮਾਣ ਨਾਲ ਸਕੂਲ ਜਾਂਦੇ ਸਨ। ਉਨ੍ਹਾਂ ਨੇ ਸਰਕਾਰੀ ਯੋਜਨਾਵਾਂ ਦੇ ਸਾਰੇ ਲਾਭਾਂ ਲਈ ਦੋਵਾਂ ਨੇਤਾਵਾਂ ਦਾ ਦਿਲੋਂ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗਰਮਜੋਸ਼ੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਯੋਜਨਾਵਾਂ ਨੂੰ ਸਪੱਸ਼ਟ ਰੂਪ ਵਿੱਚ ਦੱਸਣ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਸਮਝਾਉਣ ਲਈ ਰੀਤਾ ਦੇਵੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰੀਤਾ ਦੇ ਵਿੱਦਿਅਕ ਪਿਛੋਕੜ ਬਾਰੇ ਪੁੱਛਿਆ, ਜਿਸ 'ਤੇ ਰੀਤਾ ਨੇ ਦੱਸਿਆ ਕਿ ਉਨ੍ਹਾਂ ਨੇ ਜੀਵਿਕਾ ਸਮੂਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਆਪਣੀ ਪੜ੍ਹਾਈ ਸ਼ੁਰੂ ਕੀਤੀ। ਉਨ੍ਹਾਂ ਨੇ ਪਹਿਲਾਂ ਮੈਟ੍ਰਿਕ, ਇੰਟਰਮੀਡੀਏਟ ਜਾਂ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਨਹੀਂ ਕੀਤੀ ਸੀ, ਪਰ ਹੁਣ ਪੇਂਡੂ ਵਿਕਾਸ ਵਿੱਚ ਐੱਮ.ਏ. ਵਿੱਚ ਦਾਖ਼ਲਾ ਲੈ ਲਿਆ ਹੈ। ਉਨ੍ਹਾਂ ਨੇ ਜ਼ਿਲ੍ਹੇ ਦੀਆਂ ਸਾਰੀਆਂ ਦੀਦੀਆਂ ਵੱਲੋਂ ਧੰਨਵਾਦ ਅਤੇ ਸ਼ੁਭਕਾਮਨਾਵਾਂ ਪ੍ਰਗਟ ਕਰਦਿਆਂ ਆਪਣਾ ਭਾਸ਼ਣ ਸਮਾਪਤ ਕੀਤਾ।
ਗਯਾ ਜ਼ਿਲ੍ਹੇ ਦੇ ਬੋਧਗਯਾ ਬਲਾਕ ਦੇ ਝਿਕਟੀਆ ਪਿੰਡ ਦੀ ਵਸਨੀਕ ਅਤੇ ਗੁਲਾਬ ਜੀ ਵਿਕਾਸ ਸਵੈ-ਸਹਾਇਤਾ ਗਰੁੱਪ ਦੀ ਪ੍ਰਧਾਨ ਨੂਰਜਹਾਂ ਖਾਤੂਨ ਨੇ ਜ਼ਿਲ੍ਹੇ ਦੀਆਂ ਸਾਰੀਆਂ ਔਰਤਾਂ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਤਹਿਤ ਔਰਤਾਂ ਨੂੰ ਦਿੱਤੀ ਜਾ ਰਹੀ 10,000 ਰੁਪਏ ਦੀ ਪਹਿਲੀ ਕਿਸ਼ਤ 'ਤੇ ਬੇਹੱਦ ਖ਼ੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਇਸ ਐਲਾਨ ਨਾਲ ਘਰਾਂ ਅਤੇ ਪਿੰਡਾਂ ਵਿੱਚ ਉਤਸ਼ਾਹ ਅਤੇ ਚਰਚਾ ਦਾ ਮਾਹੌਲ ਹੈ ਅਤੇ ਔਰਤਾਂ ਆਪਣੀ ਮਨਪਸੰਦ ਰੋਜ਼ੀ-ਰੋਟੀ ਦੀ ਯੋਜਨਾ ਬਣਾ ਰਹੀਆਂ ਹਨ।
ਨੂਰਜਹਾਂ ਨੇ ਦੱਸਿਆ ਕਿ ਉਹ 10,000 ਰੁਪਏ ਦੀ ਰਾਸ਼ੀ ਦੀ ਵਰਤੋਂ ਆਪਣੀ ਮੌਜੂਦਾ ਸਿਲਾਈ ਦੀ ਦੁਕਾਨ ਦਾ ਵਿਸਤਾਰ ਕਰਨ ਲਈ ਕਰੇਗੀ, ਜਿਸ ਵਿੱਚ ਸਾਮਾਨ ਰੱਖਣ ਅਤੇ ਵੇਚਣ ਲਈ ਇੱਕ ਵੱਡਾ ਕਾਊਂਟਰ ਬਣਾਇਆ ਜਾਵੇਗਾ। ਉਹ ਅਤੇ ਉਨ੍ਹਾਂ ਦੇ ਪਤੀ, ਜੋ ਪਹਿਲਾਂ ਪਿੰਡ ਤੋਂ ਬਾਹਰ ਕੰਮ ਕਰਦੇ ਸਨ, ਹੁਣ ਮਿਲ ਕੇ ਦੁਕਾਨ ਚਲਾਉਂਦੇ ਹਨ ਅਤੇ ਦਸ ਲੋਕਾਂ ਨੂੰ ਰੁਜ਼ਗਾਰ ਦੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜੇ ਉਨ੍ਹਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਮਿਲਦੀ ਹੈ, ਤਾਂ ਉਹ ਆਪਣੇ ਕਾਰੋਬਾਰ ਦਾ ਹੋਰ ਵਿਸਤਾਰ ਕਰਨਗੇ, ਵਾਧੂ ਮਸ਼ੀਨਾਂ ਖਰੀਦਣਗੇ ਅਤੇ ਦਸ ਹੋਰ ਲੋਕਾਂ ਨੂੰ ਰੁਜ਼ਗਾਰ ਦੇਣਗੇ।
ਉਨ੍ਹਾਂ ਨੇ ਔਰਤਾਂ ਦੇ ਵਿਕਾਸ ਲਈ ਮੁੱਖ ਮੰਤਰੀ ਦੀਆਂ ਲਗਾਤਾਰ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ 125 ਯੂਨਿਟ ਤੱਕ ਮੁਫ਼ਤ ਬਿਜਲੀ ਦੇ ਪ੍ਰਭਾਵ 'ਤੇ ਚਾਨਣਾ ਪਾਇਆ, ਜਿਸ ਨਾਲ ਉਨ੍ਹਾਂ ਦੇ ਘਰ ਦਾ ਬਿੱਲ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਬੱਚਤ ਹੁਣ ਉਨ੍ਹਾਂ ਦੇ ਬੱਚਿਆਂ ਦੀ ਟਿਊਸ਼ਨ ਫੀਸ ਲਈ ਵਰਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਗ਼ਰੀਬ ਔਰਤਾਂ, ਜੋ ਪਹਿਲਾਂ ਲਾਗਤ ਕਾਰਨ ਬਿਜਲੀ ਕੁਨੈਕਸ਼ਨ ਲੈਣ ਤੋਂ ਬਚਦੀਆਂ ਸਨ, ਹੁਣ ਪੂਰੀ ਤਰ੍ਹਾਂ ਰੌਸ਼ਨ ਘਰਾਂ ਵਿੱਚ ਹਨ ਜਿੱਥੇ ਬੱਚੇ ਬਿਜਲੀ ਦੇ ਬਲਬਾਂ ਦੀ ਰੌਸ਼ਨੀ ਵਿੱਚ ਪੜ੍ਹਦੇ ਹਨ।
ਆਪਣੀਆਂ ਪਿਛਲੀਆਂ ਚੁਣੌਤੀਆਂ 'ਤੇ ਵਿਚਾਰ ਸਾਂਝੇ ਕਰਦਿਆਂ, ਨੂਰਜਹਾਂ ਨੇ ਯਾਦ ਕੀਤਾ ਕਿ ਸਵੈ-ਸਹਾਇਤਾ ਗਰੁੱਪ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਔਰਤਾਂ ਸ਼ਾਇਦ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਦੀਆਂ ਸਨ ਅਤੇ ਉਨ੍ਹਾਂ ਨੂੰ ਪਰਿਵਾਰ ਦੇ ਮੈਂਬਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ। ਕੁਝ ਨੇ ਤਾਂ ਘਰੇਲੂ ਹਿੰਸਾ ਦਾ ਵੀ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪਰਿਵਾਰ ਔਰਤਾਂ ਨੂੰ ਘਰੋਂ ਬਾਹਰ ਨਿਕਲ ਕੇ ਉਤਪਾਦਕ ਕੰਮਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਉਹ ਰੁਜ਼ਗਾਰ ਅਤੇ ਸਿਖਲਾਈ ਗਤੀਵਿਧੀਆਂ ਲਈ ਬਾਹਰ ਜਾਂਦੇ ਹਨ, ਤਾਂ ਉਨ੍ਹਾਂ ਦਾ ਪਰਿਵਾਰ ਮਾਣ ਮਹਿਸੂਸ ਕਰਦਾ ਹੈ ਅਤੇ ਆਪਣੇ ਪਤੀ ਦੀ ਮਦਦ ਨਾਲ ਦੂਜਿਆਂ ਨੂੰ ਸਿਖਲਾਈ ਦੇਣ ਦੀ ਇੱਛਾ ਪ੍ਰਗਟਾਈ, ਜੋ ਇੱਕ ਹੁਨਰਮੰਦ ਦਰਜ਼ੀ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਆਪਣੇ ਪਤੀ ਨੂੰ ਆਪਣਾ ਇੱਕੋ-ਇੱਕ ਸਾਧਨ ਮੰਨਦੇ ਸਨ, ਪਰ ਹੁਣ ਉਹ ਮਾਣ ਨਾਲ ਉਨ੍ਹਾਂ ਨੂੰ ਘਰ ਦਾ ‘ਲਖਪਤੀ’ ਕਹਿੰਦੇ ਹਨ। ਗ਼ਰੀਬੀ ਅਤੇ ਤੂੜੀ ਦੇ ਘਰ ਤੋਂ ਉੱਠ ਕੇ ਉਹ ਹੁਣ ਇੱਕ ਚੰਗੇ ਘਰ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਗਯਾ ਜ਼ਿਲ੍ਹੇ ਦੀਆਂ ਸਾਰੀਆਂ ਔਰਤਾਂ ਵੱਲੋਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦਾ ਦਿਲੋਂ ਧੰਨਵਾਦ ਕੀਤਾ।
ਉਨ੍ਹਾਂ ਦੀ ਟਿੱਪਣੀ 'ਤੇ ਰਾਏ ਦਿੰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਨੂਰਜਹਾਂ ਖਾਤੂਨ ਦੀ ਸਪੱਸ਼ਟਤਾ ਅਤੇ ਦਿਲ ਨੂੰ ਛੂਹ ਲੈਣ ਵਾਲੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਹਫ਼ਤੇ ਵਿੱਚ ਇੱਕ ਦਿਨ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਅਤੇ 50-100 ਔਰਤਾਂ ਨੂੰ ਇਕੱਠਾ ਕਰਕੇ ਆਪਣੇ ਤਜਰਬੇ ਸਾਂਝੇ ਕਰਨ ਤਾਂ ਜੋ ਉਨ੍ਹਾਂ ਦੀ ਕਹਾਣੀ ਦੂਜਿਆਂ ਲਈ ਇੱਕ ਸ਼ਕਤੀਸ਼ਾਲੀ ਪ੍ਰੇਰਣਾ ਵਜੋਂ ਕੰਮ ਕਰੇ। ਉਨ੍ਹਾਂ ਨੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ।
ਭਵਾਨੀਪੁਰ ਦੀ ਵਸਨੀਕ ਅਤੇ ਮੁਸਕਾਨ ਸਵੈ-ਸਹਾਇਤਾ ਗਰੁੱਪ ਦੀ ਸਕੱਤਰ ਸ੍ਰੀਮਤੀ ਪੁਤੁਲ ਦੇਵੀ ਨੇ ਪੂਰਨੀਆ ਜ਼ਿਲ੍ਹੇ ਦੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਤਹਿਤ 10,000 ਰੁਪਏ ਮਿਲਣ 'ਤੇ ਆਪਣੀ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਇਸ ਵੇਲੇ ਲੱਡੂ ਵਰਗੀਆਂ ਮਠਿਆਈਆਂ ਦੀ ਦੁਕਾਨ ਚਲਾਉਂਦੇ ਹਨ ਅਤੇ ਹੁਣ ਟਿਕਰੀ, ਬਾਲੂਸ਼ਾਹੀ, ਜਲੇਬੀ ਅਤੇ ਬਰਫੀ ਵਰਗੀਆਂ ਮਠਿਆਈਆਂ ਵੇਚਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਸਖ਼ਤ ਮਿਹਨਤ ਕਰਨ ਅਤੇ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਦੇ ਆਪਣੇ ਦ੍ਰਿੜ੍ਹ ਇਰਾਦੇ ਦੀ ਪੁਸ਼ਟੀ ਕੀਤੀ, ਜਿਸ ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਅਤੇ ਵਾਧੂ ਕਰਮਚਾਰੀਆਂ ਨੂੰ ਨਿਯੁਕਤ ਕਰਨ ਵਿੱਚ ਮਦਦ ਮਿਲੇਗੀ।
ਪੁਤੁਲ ਦੇਵੀ ਨੇ ਨਵੇਂ ਜੀਵਿਕਾ ਬੈਂਕ ਦੇ ਲਾਭਾਂ ’ਤੇ ਵੀ ਚਾਨਣਾ ਪਾਇਆ, ਜਿਸ ਰਾਹੀਂ ਉਹ ਘੱਟ ਵਿਆਜ ਦਰ ’ਤੇ ਕਰਜ਼ਾ ਲੈ ਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਸਵਦੇਸ਼ੀ ਉੱਦਮ ਨੂੰ ਉਤਸ਼ਾਹਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਰਾਹੀਂ ਰਾਸ਼ਟਰ ਦੀ ਮਜ਼ਬੂਤੀ ਵਿੱਚ ਯੋਗਦਾਨ ਪਾਉਣ 'ਤੇ ਮਾਣ ਪ੍ਰਗਟਾਇਆ। ਉਨ੍ਹਾਂ ਨੇ ਆਪਣੀ ਸੱਸ ਦੀ ਪੈਨਸ਼ਨ 400 ਤੋਂ ਵਧਾ ਕੇ 1,100 ਰੁਪਏ ਕਰਨ ਅਤੇ 125 ਯੂਨਿਟ ਮੁਫ਼ਤ ਬਿਜਲੀ ਮਿਲਣ 'ਤੇ ਆਪਣੀ ਖ਼ੁਸ਼ੀ ਸਾਂਝੀ ਕੀਤੀ, ਜਿਸ ਨਾਲ ਉਹ ਪੈਸੇ ਬਚਾ ਕੇ ਆਪਣੇ ਬੱਚੇ ਦੀ ਸਿੱਖਿਆ ਵਿੱਚ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਨੇ ਦੋਵਾਂ ਨੇਤਾਵਾਂ ਨੂੰ ਪੂਰਨੀਆ ਦੇ ਘਰਾਂ ਵਿੱਚ ਖੁਸ਼ਹਾਲੀ ਲਿਆਉਣ ਵਾਲੀਆਂ ਯੋਜਨਾਵਾਂ ਲਈ ਧੰਨਵਾਦ ਕੀਤਾ।
ਉਨ੍ਹਾਂ ਦੀ ਟਿੱਪਣੀ 'ਤੇ ਰਾਏ ਦਿੰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਦੇ ਸਮੇਂ ਆਪਣੇ ਪਰਿਵਾਰ ਜਾਂ ਭਾਈਚਾਰੇ ਤੋਂ ਸ਼ੁਰੂਆਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਪੁਤੁਲ ਦੇਵੀ ਨੇ ਜਵਾਬ ਦਿੱਤਾ ਕਿ ਕਈ ਲੋਕਾਂ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਮਜ਼ਾਕ ਉਡਾਇਆ, ਪਰ ਉਨ੍ਹਾਂ ਨੇ ਦ੍ਰਿੜ੍ਹ ਇਰਾਦਾ ਬਣਾਈ ਰੱਖਿਆ ਅਤੇ ਲੱਡੂ ਤੇ ਬਤਾਸ਼ੇ ਨਾਲ ਆਪਣਾ ਛੋਟਾ ਜਿਹਾ ਉੱਦਮ ਸ਼ੁਰੂ ਕੀਤਾ। ਜੀਵਿਕਾ ਨਾਲ ਜੁੜਨ ਤੋਂ ਬਾਅਦ, ਉਨ੍ਹਾਂ ਨੇ ਆਪਣਾ ਘਰ ਬਣਾਉਣ ਅਤੇ ਆਪਣੇ ਬੱਚੇ ਦੀ ਸਿੱਖਿਆ ਲਈ ਕਰਜ਼ਾ ਲਿਆ, ਜੋ ਹੁਣ ਕਟਿਹਾਰ ਵਿੱਚ ਸਰਕਾਰ ਵੱਲੋਂ ਸਪਾਂਸਰ ਕੀਤੀ ਬੀ.ਟੈੱਕ ਦੀ ਡਿਗਰੀ ਹਾਸਲ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਜਲੇਬੀ ਦਾ ਜ਼ਿਕਰ ਕੀਤਾ ਅਤੇ ਹਲਕੇ-ਫੁਲਕੇ ਅੰਦਾਜ਼ ਵਿੱਚ ਕਿਹਾ ਕਿ ਇਹ ਮਠਿਆਈ ਕਦੇ ਦੇਸ਼ ਵਿੱਚ ਸਿਆਸੀ ਬਹਿਸ ਦਾ ਵਿਸ਼ਾ ਹੋਇਆ ਕਰਦੀ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ ਲਈ ਧੰਨਵਾਦ ਕੀਤਾ।
************
ਐੱਮਜੇਪੀਐੱਸ/ਐੱਸਆਰ
(Release ID: 2172097)
Visitor Counter : 4