ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਰਲਡ ਫੂਡ ਇੰਡੀਆ 2025 ਨੂੰ ਸੰਬੋਧਨ ਕੀਤਾ
ਭਾਰਤ ਦੇ ਕੋਲ ਵਖਰੇਵੇਂ, ਮੰਗ ਅਤੇ ਪੈਮਾਨੇ ਦੀ ਤੀਹਰੀ ਤਾਕਤ ਹੈ: ਪ੍ਰਧਾਨ ਮੰਤਰੀ
ਪਿਛਲੇ 10 ਸਾਲਾਂ ਵਿੱਚ, ਭਾਰਤ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਮੁਕਤ ਹੋਏ ਹਨ: ਪ੍ਰਧਾਨ ਮੰਤਰੀ
ਅੱਜ, ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ, ਜਿੱਥੇ ਕਈ ਸਟਾਰਟਅੱਪ ਭੋਜਨ ਅਤੇ ਖੇਤੀਬਾੜੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ: ਪ੍ਰਧਾਨ ਮੰਤਰੀ
ਭਾਰਤ ਵਿਸ਼ਵ-ਵਿਆਪੀ ਭੋਜਨ ਸੁਰੱਖਿਆ ਵਿੱਚ ਲਗਾਤਾਰ ਯੋਗਦਾਨ ਪਾ ਰਿਹਾ ਹੈ: ਪ੍ਰਧਾਨ ਮੰਤਰੀ
ਅੱਜ, ਛੋਟੇ ਕਿਸਾਨ ਬਜ਼ਾਰ ਵਿੱਚ ਇੱਕ ਵੱਡੀ ਤਾਕਤ ਬਣ ਰਹੇ ਹਨ: ਪ੍ਰਧਾਨ ਮੰਤਰੀ
ਭਾਰਤ ਵਿੱਚ, ਸਹਿਕਾਰੀ ਅਦਾਰੇ ਸਾਡੇ ਡੇਅਰੀ ਖੇਤਰ ਅਤੇ ਸਾਡੀ ਪੇਂਡੂ ਅਰਥਵਿਵਸਥਾ ਨੂੰ ਇੱਕ ਨਵੀਂ ਤਾਕਤ ਦੇ ਰਹੇ ਹਨ: ਪ੍ਰਧਾਨ ਮੰਤਰੀ
Posted On:
25 SEP 2025 8:41PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਵਰਲਡ ਫੂਡ ਇੰਡੀਆ 2025 ਦੇ ਦੌਰਾਨ ਇੱਕ ਜਨਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ, ਉੱਦਮੀ, ਨਿਵੇਸ਼ਕ, ਇਨੋਵੇਟਰਸ ਅਤੇ ਖ਼ਪਤਕਾਰ, ਸਾਰੇ ਇਸ ਆਯੋਜਨ ਵਿੱਚ ਇਕੱਠੇ ਮੌਜੂਦ ਹਨ, ਜਿਸ ਨਾਲ ਵਰਲਡ ਫੂਡ ਇੰਡੀਆ ਇੱਕ ਨਵੇਂ ਸੰਪਰਕ, ਨਵੇਂ ਜੁੜਾਅ ਅਤੇ ਰਚਨਾਤਮਕਤਾ ਦਾ ਇੱਕ ਮੰਚ ਬਣ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ ਅਤੇ ਇਸ ਗੱਲ ’ਤੇ ਖ਼ੁਸ਼ੀ ਪ੍ਰਗਟ ਕੀਤੀ ਕਿ ਇਨ੍ਹਾਂ ਵਿੱਚ ਮੁੱਖ ਤੌਰ 'ਤੇ ਪੋਸ਼ਣ, ਤੇਲ ਦੀ ਖ਼ਪਤ ਘੱਟ ਕਰਨ ਅਤੇ ਪੈਕੇਜਡ ਉਤਪਾਦਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਵੱਲ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਨਿਵੇਸ਼ਕ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਜਗ੍ਹਾ ਦੀਆਂ ਕੁਦਰਤੀ ਤਾਕਤਾਂ ਦਾ ਮੁਲਾਂਕਣ ਕਰਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੱਜ, ਵਿਸ਼ਵ-ਵਿਆਪੀ ਨਿਵੇਸ਼ਕ - ਖ਼ਾਸ ਕਰਕੇ ਭੋਜਨ ਖੇਤਰ ਦੇ ਨਿਵੇਸ਼ਕ - ਭਾਰਤ ਵੱਲ ਬਹੁਤ ਆਸ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਵਿੱਚ ਵਖਰੇਵੇਂ, ਮੰਗ ਅਤੇ ਪੈਮਾਨੇ ਦੀ ਤੀਹਰੀ ਤਾਕਤ ਹੈ।" ਉਨ੍ਹਾਂ ਨੇ ਕਿਹਾ ਕਿ ਭਾਰਤ ਹਰ ਤਰ੍ਹਾਂ ਦੇ ਅਨਾਜ, ਫ਼ਲ ਅਤੇ ਸਬਜ਼ੀਆਂ ਦਾ ਉਤਪਾਦਨ ਕਰਦਾ ਹੈ ਅਤੇ ਇਹੀ ਵਖਰੇਵਾਂ ਦੇਸ਼ ਨੂੰ ਵਿਸ਼ਵ-ਵਿਆਪੀ ਲੈਂਡਸਕੇਪ ਵਿੱਚ ਇੱਕ ਖ਼ਾਸ ਜਗ੍ਹਾ ਬਣਾ ਕੇ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਸੌ ਕਿਲੋਮੀਟਰ 'ਤੇ ਪਕਵਾਨ ਅਤੇ ਉਨ੍ਹਾਂ ਦੇ ਸੁਆਦ ਬਦਲ ਜਾਂਦੇ ਹਨ, ਜੋ ਭਾਰਤ ਦੀ ਖ਼ੁਸ਼ਹਾਲ ਪਕਵਾਨ ਕਲਾ ਵਖਰੇਵੇਂ ਨੂੰ ਦਰਸਾਉਂਦੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਮਜ਼ਬੂਤ ਘਰੇਲੂ ਮੰਗ ਭਾਰਤ ਨੂੰ ਮੁਕਾਬਲੇਬਾਜ਼ੀ ਚੜ੍ਹਤ ਦਿੰਦੀ ਹੈ ਅਤੇ ਇਸ ਨੂੰ ਨਿਵੇਸ਼ਕਾਂ ਲਈ ਇੱਕ ਪਸੰਦੀਦਾ ਜਗ੍ਹਾ ਬਣਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਇੱਕ ਬੇਮਿਸਾਲ ਅਤੇ ਅਸਾਧਾਰਨ ਪੈਮਾਨੇ 'ਤੇ ਕੰਮ ਕਰ ਰਿਹਾ ਹੈ। ਪਿਛਲੇ ਦਸ ਸਾਲਾਂ ਵਿੱਚ, 25 ਕਰੋੜ ਲੋਕ ਗ਼ਰੀਬੀ ਤੋਂ ਉੱਪਰ ਉੱਠੇ ਹਨ ਅਤੇ ਹੁਣ ਨਵ-ਮੱਧ ਵਰਗ ਦਾ ਹਿੱਸਾ ਹਨ – ਜੋ ਭਾਰਤ ਦਾ ਸਭ ਤੋਂ ਊਰਜਾਵਾਨ ਅਤੇ ਅਭਿਲਾਸ਼ੀ ਵਰਗ ਹੈ।" ਉਨ੍ਹਾਂ ਨੇ ਕਿਹਾ ਕਿ ਇਸ ਵਰਗ ਦੀਆਂ ਇੱਛਾਵਾਂ ਭੋਜਨ ਰੁਝਾਨਾਂ ਨੂੰ ਆਕਾਰ ਦੇ ਰਹੀਆਂ ਹਨ ਅਤੇ ਮੰਗ ਨੂੰ ਵਧਾ ਰਹੀਆਂ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨ ਵੱਖ-ਵੱਖ ਖੇਤਰਾਂ ਵਿੱਚ ਇਨੋਵੇਸ਼ਨ ਕਰ ਰਹੇ ਹਨ ਅਤੇ ਭੋਜਨ ਖੇਤਰ ਵੀ ਇਸ ਦਾ ਅਪਵਾਦ ਨਹੀਂ ਹੈ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋਸਿਸਟਮ ਹੈ, ਜਿੱਥੇ ਕਈ ਸਟਾਰਟ-ਅੱਪ ਭੋਜਨ ਅਤੇ ਖੇਤੀਬਾੜੀ ਖੇਤਰ ਵਿੱਚ ਕੰਮ ਕਰ ਰਹੇ ਹਨ।" ਉਨ੍ਹਾਂ ਨੇ ਦੱਸਿਆ ਕਿ ਏਆਈ, ਈ-ਕੌਮਰਸ, ਡ੍ਰੋਨ ਅਤੇ ਐਪਸ ਵਰਗੀਆਂ ਤਕਨੀਕਾਂ ਨੂੰ ਇਸ ਖੇਤਰ ਵਿੱਚ ਏਕੀਕ੍ਰਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਸਪਲਾਈ ਚੇਨ, ਪ੍ਰਚੂਨ ਵਿਕਰੀ ਅਤੇ ਪ੍ਰੋਸੈਸਿੰਗ ਤਰੀਕਿਆਂ ਵਿੱਚ ਬਦਲਾਅ ਆ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਖਰੇਵੇਂ, ਮੰਗ ਅਤੇ ਇਨੋਵੇਸ਼ਨ ਪ੍ਰਦਾਨ ਕਰਦਾ ਹੈ - ਇਹ ਸਾਰੇ ਮੁੱਖ ਕਾਰਕ ਇਸ ਨੂੰ ਨਿਵੇਸ਼ ਦੇ ਲਈ ਸਭ ਤੋਂ ਆਕਰਸ਼ਕ ਜਗ੍ਹਾ ਬਣਾਉਂਦੇ ਹਨ। ਲਾਲ ਕਿਲ੍ਹੇ ਤੋਂ ਆਪਣੇ ਸੁਨੇਹੇ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਵਿੱਚ ਨਿਵੇਸ਼ ਅਤੇ ਵਿਸਥਾਰ ਕਰਨ ਦਾ ਇਹ ਸਹੀ ਸਮਾਂ ਹੈ।
ਇਹ ਮੰਨਦੇ ਹੋਏ ਕਿ ਇੱਕੀਵੀਂ ਸਦੀ ਦੀਆਂ ਚੁਣੌਤੀਆਂ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਜਦੋਂ ਵੀ ਵਿਸ਼ਵ-ਵਿਆਪੀ ਚੁਣੌਤੀਆਂ ਪੈਦਾ ਹੋਈਆਂ ਹਨ, ਭਾਰਤ ਨੇ ਲਗਾਤਾਰ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਅੱਗੇ ਕਦਮ ਵਧਾਇਆ ਹੈ, ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਵਿਸ਼ਵ-ਵਿਆਪੀ ਭੋਜਨ ਸੁਰੱਖਿਆ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਦੀ ਸਖ਼ਤ ਮਿਹਨਤ ਅਤੇ ਸਰਕਾਰੀ ਨੀਤੀਆਂ ਦੇ ਸਹਿਯੋਗ ਨਾਲ ਭਾਰਤ ਦੇ ਖੇਤੀਬਾੜੀ ਖੇਤਰ ਦੀ ਮਜ਼ਬੂਤੀ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਅਨਾਜ ਉਤਪਾਦਨ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁੱਧ ਦਾ ਸਭ ਤੋਂ ਵੱਡਾ ਉਤਪਾਦਕ ਹੈ, ਜੋ ਵਿਸ਼ਵ ਪੱਧਰ 'ਤੇ ਦੁੱਧ ਸਪਲਾਈ ਵਿੱਚ 25 ਫ਼ੀਸਦੀ ਯੋਗਦਾਨ ਪਾਉਂਦਾ ਹੈ ਅਤੇ ਮੋਟੇ ਅਨਾਜ ਦਾ ਵੀ ਮੋਹਰੀ ਉਤਪਾਦਕ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਚੌਲ ਅਤੇ ਕਣਕ ਉਤਪਾਦਨ ਵਿੱਚ ਭਾਰਤ ਵਿਸ਼ਵ ਪੱਧਰ 'ਤੇ ਦੂਜੇ ਸਥਾਨ 'ਤੇ ਹੈ ਅਤੇ ਫ਼ਲਾਂ, ਸਬਜ਼ੀਆਂ ਅਤੇ ਮੱਛੀ ਪਾਲਣ ਵਿੱਚ ਵੀ ਇਸ ਦਾ ਅਹਿਮ ਯੋਗਦਾਨ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਦੋਂ ਵੀ ਵਿਸ਼ਵ ਪੱਧਰ 'ਤੇ ਫ਼ਸਲ ਸੰਕਟ ਹੁੰਦਾ ਹੈ ਜਾਂ ਸਪਲਾਈ ਚੇਨ ਵਿੱਚ ਵਿਘਨ ਪੈਂਦਾ ਹੈ, ਭਾਰਤ ਦ੍ਰਿੜ੍ਹਤਾ ਨਾਲ ਖੜ੍ਹਾ ਹੁੰਦਾ ਹੈ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਵਿਸ਼ਵ ਹਿੱਤ ਵਿੱਚ ਆਪਣੀ ਸਮਰੱਥਾ ਅਤੇ ਯੋਗਦਾਨ ਵਧਾਉਣ ਲਈ ਵਚਨਬੱਧ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਹਰੇਕ ਹਿੱਤਧਾਰਕ ਨੂੰ ਸ਼ਾਮਿਲ ਕਰਕੇ ਸਮੁੱਚੇ ਭੋਜਨ ਅਤੇ ਪੋਸ਼ਣ ਈਕੋਸਿਸਟਮ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਫੂਡ ਪ੍ਰੋਸੈਸਿੰਗ ਖੇਤਰ ਨੂੰ ਸਰਗਰਮੀ ਨਾਲ ਹੁਲਾਰਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਹੁਣ 100 ਫ਼ੀਸਦੀ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੀ ਮਨਜ਼ੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਨੂੰ ਪੀਐੱਲਆਈ ਯੋਜਨਾ ਅਤੇ ਮੈਗਾ ਫੂਡ ਪਾਰਕਾਂ ਦੇ ਵਿਸਥਾਰ ਤੋਂ ਵੀ ਲਾਭ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਇਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਭੰਡਾਰਨ ਬੁਨਿਆਦੀ ਢਾਂਚਾ ਯੋਜਨਾ ਚਲਾ ਰਿਹਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਸਰਕਾਰ ਦੇ ਇਹ ਯਤਨ ਨਤੀਜੇ ਦੇ ਰਹੇ ਹਨ, ਪਿਛਲੇ ਦਸ ਸਾਲਾਂ ਵਿੱਚ ਭਾਰਤ ਦੀ ਪ੍ਰੋਸੈਸਿੰਗ ਸਮਰੱਥਾ ਵੀਹ ਗੁਣਾ ਵਧ ਗਈ ਹੈ ਅਤੇ ਪ੍ਰੋਸੈਸਡ ਭੋਜਨ ਨਿਰਯਾਤ ਦੁੱਗਣੇ ਤੋਂ ਵੀ ਵੱਧ ਹੋ ਗਿਆ ਹੈ।
ਭਾਰਤ ਦੀ ਭੋਜਨ ਸਪਲਾਈ ਅਤੇ ਮੁੱਲ ਲੜੀ ਵਿੱਚ ਕਿਸਾਨਾਂ, ਪਸ਼ੂ ਪਾਲਕਾਂ, ਮਛੇਰਿਆਂ ਅਤੇ ਛੋਟੀਆਂ ਪ੍ਰੋਸੈਸਿੰਗ ਇਕਾਈਆਂ ਦੀ ਅਹਿਮ ਭੂਮਿਕਾ ’ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਸਰਕਾਰ ਨੇ ਇਨ੍ਹਾਂ ਸਾਰੇ ਹਿੱਤਧਾਰਕਾਂ ਨੂੰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ 85% ਤੋਂ ਵੱਧ ਕਿਸਾਨ ਛੋਟੇ ਜਾਂ ਸੀਮਾਂਤ ਹਨ, ਇਸ ਲਈ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਨੀਤੀਆਂ ਅਤੇ ਸਹਾਇਤਾ ਪ੍ਰਣਾਲੀਆਂ ਵਿਕਸਿਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਇਹ ਛੋਟੇ ਕਿਸਾਨ ਬਜ਼ਾਰ ਵਿੱਚ ਇੱਕ ਵੱਡੀ ਤਾਕਤ ਬਣ ਕੇ ਉੱਭਰ ਰਹੇ ਹਨ।
ਸਵੈ-ਸਹਾਇਤਾ ਸਮੂਹਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਸੂਖ਼ਮ ਫੂਡ ਪ੍ਰੋਸੈਸਿੰਗ ਇਕਾਈਆਂ ਦਾ ਜ਼ਿਕਰ ਕਰਦੇ ਹੋਏ, ਜਿਨ੍ਹਾਂ ਵਿੱਚ ਭਾਰਤ ਭਰ ਦੇ ਕਰੋੜਾਂ ਪੇਂਡੂ ਸ਼ਾਮਿਲ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਇਨ੍ਹਾਂ ਸਮੂਹਾਂ ਨੂੰ ਕਰਜ਼ਾ-ਅਧਾਰਿਤ ਸਬਸਿਡੀ ਜ਼ਰੀਏ ਸਹਾਇਤਾ ਪ੍ਰਦਾਨ ਕਰ ਰਹੀ ਹੈ ਅਤੇ ਲਾਭਪਾਤਰੀਆਂ ਨੂੰ ₹800 ਕਰੋੜ ਪਹਿਲਾਂ ਹੀ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਕਿਸਾਨ ਉਤਪਾਦਕ ਅਦਾਰਿਆਂ (ਐੱਫਪੀਓ) ਦਾ ਵੀ ਵਿਸਥਾਰ ਕਰ ਰਹੀ ਹੈ, 2014 ਤੋਂ ਹੁਣ ਤੱਕ 10,000 ਐੱਫਪੀਓ ਸਥਾਪਿਤ ਕੀਤੇ ਜਾ ਚੁੱਕੇ ਹਨ, ਜੋ ਲੱਖਾਂ ਛੋਟੇ ਕਿਸਾਨਾਂ ਨੂੰ ਜੋੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਐੱਫਪੀਓ ਕਿਸਾਨਾਂ ਨੂੰ ਆਪਣੀ ਉਪਜ ਵੱਡੇ ਪੈਮਾਨੇ ‘ਤੇ ਬਜ਼ਾਰਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦੇ ਹਨ ਅਤੇ ਬ੍ਰਾਂਡੇਡ ਉਤਪਾਦ ਵਿਕਸਿਤ ਕਰਕੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਐੱਫਪੀਓ ਦੀ ਤਾਕਤ ਅਦਭੁੱਤ ਹੈ, 15,000 ਤੋਂ ਵੱਧ ਉਤਪਾਦ ਹੁਣ ਔਨਲਾਈਨ ਪਲੈਟਫਾਰਮਾਂ 'ਤੇ ਉਪਲਬਧ ਹਨ। ਉਨ੍ਹਾਂ ਨੇ ਕਸ਼ਮੀਰ ਦੇ ਬਾਸਮਤੀ ਚੌਲ, ਕੇਸਰ ਅਤੇ ਅਖਰੋਟ; ਹਿਮਾਚਲ ਪ੍ਰਦੇਸ਼ ਦੇ ਜੈਮ ਅਤੇ ਸੇਬ ਦਾ ਜੂਸ; ਰਾਜਸਥਾਨ ਦੇ ਮੋਟੇ ਅਨਾਜਾਂ ਦੇ ਬਿਸਕੁਟ; ਮੱਧ ਪ੍ਰਦੇਸ਼ ਤੋਂ ਸੋਇਆ ਨਗੇਟਸ; ਬਿਹਾਰ ਦੇ ਸੁਪਰਫੂਡ ਮਖਾਨਾ; ਮਹਾਰਾਸ਼ਟਰ ਦੇ ਮੂੰਗਫਲੀ ਦਾ ਤੇਲ ਅਤੇ ਗੁੜ; ਅਤੇ ਕੇਰਲ ਦੇ ਕੇਲੇ ਦੇ ਚਿਪਸ ਅਤੇ ਨਾਰੀਅਲ ਤੇਲ ਵਰਗੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਐੱਫਪੀਓ ਭਾਰਤ ਦੇ ਖੇਤੀਬਾੜੀ ਵਖਰੇਵੇਂ ਨੂੰ ਹਰ ਘਰ ਤੱਕ ਪਹੁੰਚਾ ਰਹੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 1,100 ਤੋਂ ਵੱਧ ਐੱਫਪੀਓ ਕਰੋੜਪਤੀ ਬਣ ਚੁੱਕੇ ਹਨ, ਜਿਨ੍ਹਾਂ ਦਾ ਸਲਾਨਾ ਕਾਰੋਬਾਰ ₹1 ਕਰੋੜ ਤੋਂ ਵੱਧ ਹੈ ਅਤੇ ਇਹ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐੱਫਪੀਓ ਦੇ ਨਾਲ-ਨਾਲ ਭਾਰਤ ਵਿੱਚ ਸਹਿਕਾਰੀ ਸੋਸਾਇਟੀਆਂ ਦੀ ਵੀ ਬਹੁਤ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਲ ਕੌਮਾਂਤਰੀ ਸਹਿਕਾਰਤਾ ਵਰ੍ਹਾ ਹੈ ਅਤੇ ਭਾਰਤ ਵਿੱਚ, ਸਹਿਕਾਰੀ ਸੋਸਾਇਟੀਆਂ ਡੇਅਰੀ ਖੇਤਰ ਅਤੇ ਪੇਂਡੂ ਅਰਥਵਿਵਸਥਾ ਨੂੰ ਸਸ਼ਕਤ ਬਣਾ ਰਹੀਆਂ ਹਨ। ਇਨ੍ਹਾਂ ਦੇ ਮਹੱਤਵ ਨੂੰ ਸਮਝਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹਿਕਾਰੀ ਸੋਸਾਇਟੀਆਂ ਦੀਆਂ ਖ਼ਾਸ ਜ਼ਰੂਰਤਾਂ ਦੇ ਅਨੁਸਾਰ ਨੀਤੀਆਂ ਤਿਆਰ ਕਰਨ ਲਈ ਇੱਕ ਸਮਰਪਿਤ ਮੰਤਰਾਲੇ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਖੇਤਰ ਲਈ ਟੈਕਸ ਅਤੇ ਪਾਰਦਰਸ਼ਤਾ ਸੁਧਾਰ ਵੀ ਲਾਗੂ ਕੀਤੇ ਗਏ ਹਨ। ਇਨ੍ਹਾਂ ਨੀਤੀਗਤ ਤਬਦੀਲੀਆਂ ਦੇ ਨਤੀਜੇ ਵਜੋਂ ਸਹਿਕਾਰੀ ਖੇਤਰ ਨੂੰ ਨਵੀਂ ਤਾਕਤ ਮਿਲੀ ਹੈ।
ਸਮੁੰਦਰੀ ਅਤੇ ਮੱਛੀ ਪਾਲਣ ਖੇਤਰ ਵਿੱਚ ਭਾਰਤ ਦੇ ਪ੍ਰਭਾਵਸ਼ਾਲੀ ਵਿਕਾਸ ’ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਸਰਕਾਰ ਨੇ ਮੱਛੀ ਪਾਲਣ ਨਾਲ ਸਬੰਧਿਤ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਹੈ ਅਤੇ ਮਛੇਰਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਵਿੱਚ ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਵਾਲੀਆਂ ਕਿਸਤੀਆਂ ਲਈ ਸਹਾਇਤਾ ਵੀ ਸ਼ਾਮਿਲ ਹੈ। ਨਤੀਜੇ ਵਜੋਂ, ਸਮੁੰਦਰੀ ਉਤਪਾਦਨ ਅਤੇ ਨਿਰਯਾਤ ਦੋਵਾਂ ਵਿੱਚ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਖੇਤਰ ਹੁਣ ਲਗਭਗ 3 ਕਰੋੜ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਧੁਨਿਕ ਪ੍ਰੋਸੈਸਿੰਗ ਪਲਾਂਟਾਂ, ਕੋਲਡ ਚੇਨ ਬੁਨਿਆਦੀ ਢਾਂਚੇ ਅਤੇ ਸਮਾਰਟ ਬੰਦਰਗਾਹਾਂ ਵਿੱਚ ਨਿਵੇਸ਼ ਦੇ ਨਾਲ, ਸਮੁੰਦਰੀ ਉਤਪਾਦਾਂ ਦੀ ਪ੍ਰੋਸੈਸਿੰਗ ਨੂੰ ਵਧਾਉਣ ਲਈ ਯਤਨ ਜਾਰੀ ਹਨ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਫ਼ਸਲਾਂ ਦੀ ਸੁਰੱਖਿਆ ਲਈ ਆਧੁਨਿਕ ਤਕਨੀਕ ਵਿੱਚ ਨਿਵੇਸ਼ ਕਰ ਰਹੀ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਸਾਨਾਂ ਨੂੰ ਭੋਜਨ ਕਿਰਨੀਕਰਨ ਤਕਨੀਕਾਂ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨਾਲ ਖੇਤੀਬਾੜੀ ਉਤਪਾਦਾਂ ਦੀ ਵਰਤੋਂ ਮਿਆਦ ਵਧੀ ਹੈ ਅਤੇ ਭੋਜਨ ਸੁਰੱਖਿਆ ਮਜ਼ਬੂਤ ਹੋਈ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਸ ਕੰਮ ਵਿੱਚ ਲੱਗੀਆਂ ਇਕਾਈਆਂ ਨੂੰ ਸਰਕਾਰ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਇਨੋਵੇਸ਼ਨ ਅਤੇ ਸੁਧਾਰਾਂ ਦੇ ਇੱਕ ਨਵੇਂ ਰਸਤੇ 'ਤੇ ਅੱਗੇ ਵਧ ਰਿਹਾ ਹੈ, ਅਤੇ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ 'ਤੇ ਵੱਡੀ ਚਰਚਾ ਹੋ ਰਹੀ ਹੈ।" ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸੁਧਾਰ ਕਿਸਾਨਾਂ ਲਈ ਘੱਟ ਲਾਗਤ ਅਤੇ ਜ਼ਿਆਦਾ ਮੁਨਾਫ਼ਾ ਯਕੀਨੀ ਬਣਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮੱਖਣ ਅਤੇ ਘਿਓ ‘ਤੇ ਹੁਣ ਸਿਰਫ 5 ਫ਼ੀਸਦੀ ਜੀਐੱਸਟੀ ਲਗਦਾ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਰਾਹਤ ਮਿਲੀ ਹੈ, ਜਦੋਂ ਕਿ ਦੁੱਧ ਦੇ ਡੱਬਿਆਂ 'ਤੇ ਵੀ ਸਿਰਫ 5 ਫ਼ੀਸਦੀ ਟੈਕਸ ਲਗਦਾ ਹੈ, ਜਿਸ ਨਾਲ ਕਿਸਾਨਾਂ ਅਤੇ ਉਤਪਾਦਕਾਂ ਨੂੰ ਬਿਹਤਰ ਕੀਮਤਾਂ ਯਕੀਨੀ ਹੁੰਦੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਗ਼ਰੀਬ ਅਤੇ ਮੱਧ ਵਰਗ ਨੂੰ ਘੱਟ ਕੀਮਤਾਂ 'ਤੇ ਜ਼ਿਆਦਾ ਪੋਸ਼ਣ ਮਿਲੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਖੇਤਰ ਨੂੰ ਇਨ੍ਹਾਂ ਸੁਧਾਰਾਂ ਤੋਂ ਕਾਫ਼ੀ ਫਾਇਦਾ ਹੋਵੇਗਾ, ਕਿਉਂਕਿ ਖ਼ਪਤ ਲਈ ਤਿਆਰ ਅਤੇ ਸੁਰੱਖਿਅਤ ਫ਼ਲ, ਸਬਜ਼ੀਆਂ ਅਤੇ ਮੇਵੇ ਹੁਣ 5% ਜੀਐੱਸਟੀ ਸ਼੍ਰੇਣੀ ਦੇ ਅਧੀਨ ਆਉਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ 90 ਫ਼ੀਸਦੀ ਤੋਂ ਵੱਧ ਪ੍ਰੋਸੈਸਡ ਭੋਜਨ ਉਤਪਾਦ ਜ਼ੀਰੋ ਜਾਂ 5 ਫ਼ੀਸਦੀ ਟੈਕਸ ਸ਼੍ਰੇਣੀ ਵਿੱਚ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜੈਵਿਕ-ਕੀਟਨਾਸ਼ਕਾਂ ਅਤੇ ਸੂਖਮ ਪੌਸ਼ਟਿਕ ਤੱਤਾਂ 'ਤੇ ਜੀਐੱਸਟੀ ਘਟਾ ਦਿੱਤਾ ਗਿਆ ਹੈ, ਜਿਸ ਨਾਲ ਜੈਵ-ਇਨਪੁਟ ਜ਼ਿਆਦਾ ਕਿਫਾਇਤੀ ਹੋ ਗਏ ਹਨ। ਇਸ ਨਾਲ ਛੋਟੇ ਜੈਵਿਕ ਕਿਸਾਨਾਂ ਅਤੇ ਐੱਫਪੀਓ ਨੂੰ ਸਿੱਧੇ ਤੌਰ ‘ਤੇ ਫਾਇਦਾ ਹੋ ਰਿਹਾ ਹੈ।
ਜੈਵਿਕ ਰੂਪ ਨਾਲ ਗਲਣ ਵਾਲੀ (ਬਾਇਓਡੀਗ੍ਰੇਡੇਬਲ) ਪੈਕੇਜਿੰਗ ਨੂੰ ਸਮੇਂ ਦੀ ਮੰਗ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਤਪਾਦਾਂ ਨੂੰ ਤਾਜ਼ਾ ਅਤੇ ਉੱਚ ਗੁਣਵੱਤਾ ਵਾਲਾ ਰੱਖਣਾ ਜ਼ਰੂਰੀ ਹੈ, ਨਾਲ ਹੀ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣਾ ਵੀ ਉਨਾ ਹੀ ਜ਼ਰੂਰੀ ਹੈ। ਇਸ ਭਾਵਨਾ ਨਾਲ, ਸਰਕਾਰ ਨੇ ਬਾਇਓਡੀਗ੍ਰੇਡੇਬਲ ਪੈਕੇਜਿੰਗ 'ਤੇ ਜੀਐੱਸਟੀ 18% ਤੋਂ ਘਟਾ ਕੇ 5% ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸਾਰੇ ਉਦਯੋਗ ਹਿੱਤਧਾਰਕਾਂ ਨੂੰ ਬਾਇਓਡੀਗ੍ਰੇਡੇਬਲ ਪੈਕੇਜਿੰਗ ਨਾਲ ਸਬੰਧਿਤ ਇਨੋਵੇਸ਼ਨਸ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਖੁੱਲ੍ਹੇ ਮਨ ਨਾਲ ਦੁਨੀਆ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ ਅਤੇ ਦੇਸ਼ ਫੂਡ ਚੇਨ ਦੇ ਸਾਰੇ ਖੇਤਰਾਂ ਵਿੱਚ ਨਿਵੇਸ਼ਕਾਂ ਦਾ ਸਵਾਗਤ ਕਰਦਾ ਹੈ। ਉਨ੍ਹਾਂ ਨੇ ਸਹਿਯੋਗ ਦੇ ਲਈ ਭਾਰਤ ਦੀ ਤਿਆਰੀ ਦੁਹਰਾਉਂਦੇ ਹੋਏ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ ਅਤੇ ਇੱਕ ਵਾਰ ਫਿਰ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ।
ਇਸ ਸਮਾਗਮ ਵਿੱਚ ਰੂਸ ਦੇ ਉਪ-ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਦਮਿਤਰੀ ਪਾਤਰੁਸ਼ੇਵ, ਕੇਂਦਰੀ ਮੰਤਰੀ ਸ਼੍ਰੀ ਚਿਰਾਗ ਪਾਸਵਾਨ, ਸ਼੍ਰੀ ਰਵਨੀਤ ਸਿੰਘ, ਸ਼੍ਰੀ ਪ੍ਰਤਾਪਰਾਓ ਜਾਧਵ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।
ਪਿਛੋਕੜ:
ਵਰਲਡ ਫੂਡ ਇੰਡੀਆ ਦਾ 2025 ਐਡੀਸ਼ਨ 25 ਤੋਂ 28 ਸਤੰਬਰ ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਫੂਡ ਪ੍ਰੋਸੈਸਿੰਗ ਖੇਤਰ, ਭੋਜਨ ਸਥਿਰਤਾ ਅਤੇ ਪੌਸ਼ਟਿਕ ਅਤੇ ਜੈਵਿਕ ਭੋਜਨ ਉਤਪਾਦਨ ਵਿੱਚ ਭਾਰਤ ਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰੇਗਾ।
ਵਰਲਡ ਫੂਡ ਇੰਡੀਆ ਵਿੱਚ ਪ੍ਰਧਾਨ ਮੰਤਰੀ ਸੂਖ਼ਮ ਫੂਡ ਪ੍ਰੋਸੈਸਿੰਗ ਉੱਦਮਾਂ ਦਾ ਰਸਮੀਕਰਨ (ਪੀਐੱਮਐੱਫ਼ਐੱਮਈ) ਯੋਜਨਾ ਦੇ ਤਹਿਤ ਫੂਡ ਪ੍ਰੋਸੈਸਿੰਗ ਖੇਤਰ ਵਿੱਚ ₹2,510 ਕਰੋੜ ਤੋਂ ਵੱਧ ਦੇ ਸੂਖ਼ਮ-ਪ੍ਰੋਜੈਕਟਾਂ ਲਈ ਲਗਭਗ 26,000 ਲਾਭਪਾਤਰੀਆਂ ਨੂੰ ₹770 ਕਰੋੜ ਤੋਂ ਵੱਧ ਦੀ ਕਰਜ਼ਾ-ਅਧਾਰਿਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਵਰਲਡ ਫੂਡ ਇੰਡੀਆ ਵਿੱਚ ਸੀਈਓ ਗੋਲਮੇਜ਼ ਬੈਠਕਾਂ, ਤਕਨੀਕੀ ਸੈਸ਼ਨ, ਪ੍ਰਦਰਸ਼ਨੀਆਂ ਅਤੇ ਬੀ2ਬੀ (ਬਿਜ਼ਨੈਸ-ਟੁ-ਬਿਜ਼ਨੈਸ), ਬੀ2ਜੀ (ਬਿਜ਼ਨੈਸ-ਟੁ-ਗਵਰਮੈਂਟ) ਅਤੇ ਜੀ2ਜੀ (ਗਵਰਮੈਂਟ-ਟੁ-ਗਵਰਮੈਂਟ) ਬੈਠਕਾਂ ਸਮੇਤ ਕਈ ਕਾਰੋਬਾਰੀ ਗੱਲਾਂ-ਬਾਤਾਂ ਸ਼ਾਮਿਲ ਹੋਣਗੀਆਂ। ਇਸ ਵਿੱਚ ਫ਼ਰਾਂਸ, ਜਰਮਨੀ, ਈਰਾਨ, ਆਸਟ੍ਰੇਲੀਆ, ਦੱਖਣੀ ਕੋਰੀਆ, ਡੈਨਮਾਰਕ, ਇਟਲੀ, ਥਾਈਲੈਂਡ, ਇੰਡੋਨੇਸ਼ੀਆ, ਤਾਇਵਾਨ, ਬੈਲਜੀਅਮ, ਤਨਜ਼ਾਨੀਆ, ਏਰੀਟ੍ਰੀਆ, ਸਾਈਪ੍ਰਸ, ਅਫ਼ਗਾਨਿਸਤਾਨ, ਚੀਨ ਅਤੇ ਅਮਰੀਕਾ ਸਮੇਤ 21 ਪ੍ਰਦਰਸ਼ਨੀ ਦੇਸ਼ਾਂ ਦੇ ਨਾਲ-ਨਾਲ 150 ਕੌਮਾਂਤਰੀ ਭਾਗੀਦਾਰ ਵੀ ਸ਼ਾਮਿਲ ਹੋਣਗੇ।
ਵਰਲਡ ਫੂਡ ਇੰਡੀਆ ਵਿੱਚ ਕਈ ਵਿਸ਼ਿਆਂ ਸਬੰਧੀ ਸੈਸ਼ਨ ਵੀ ਹੋਣਗੇ, ਜਿਨ੍ਹਾਂ ਵਿੱਚ ਭਾਰਤ ਇੱਕ ਗਲੋਬਲ ਫੂਡ ਪ੍ਰੋਸੈਸਿੰਗ ਕੇਂਦਰ ਵਜੋਂ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਸਥਿਰਤਾ ਅਤੇ ਨੈੱਟ ਜ਼ੀਰੋ, ਫੂਡ ਪ੍ਰੋਸੈਸਿੰਗ ਵਿੱਚ ਸੀਮਾਵਾਂ, ਭਾਰਤ ਦਾ ਪਾਲਤੂ ਪਸ਼ੂ ਅਧਾਰਿਤ ਭੋਜਨ ਉਦਯੋਗ, ਪੋਸ਼ਣ ਅਤੇ ਸਿਹਤ ਲਈ ਪ੍ਰੋਸੈਸਡ ਭੋਜਨ ਪਦਾਰਥ, ਪੌਦਿਆਂ-ਅਧਾਰਿਤ ਭੋਜਨ ਪਦਾਰਥ, ਨਿਊਟਰਾਸਿਊਟੀਕਲਜ਼, ਵਿਸ਼ੇਸ਼ ਭੋਜਨ ਪਦਾਰਥ ਵਰਗੇ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਵਿੱਚ 14 ਮੰਡਪ ਹੋਣਗੇ, ਜਿਨ੍ਹਾਂ ਵਿੱਚੋਂ ਹਰੇਕ ਖ਼ਾਸ ਵਿਸ਼ੇ ‘ਤੇ ਅਧਾਰਿਤ ਹੋਵੇਗਾ ਅਤੇ ਲਗਭਗ 100,000 ਵਿਜ਼ਿਟਰਾਂ ਨੂੰ ਆਕਰਸ਼ਿਤ ਕਰੇਗਾ।
************
ਐੱਮਜੇਪੀਐੱਸ/ ਐੱਸਆਰ
(Release ID: 2171685)
Visitor Counter : 6
Read this release in:
English
,
Marathi
,
Hindi
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam