ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 71ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕੀਤੇ


ਰਾਸ਼ਟਰਪਤੀ ਨੇ ਉਜਾਗਰ ਕੀਤਾ ਕਿ ਸਿਨੇਮਾ ਨੂੰ ਨਾ ਸਿਰਫ਼ ਹਰਮਨਪਿਆਰਾ ਹੋਣਾ ਚਾਹੀਦਾ ਹੈ ਸਗੋਂ ਵਿਆਪਕ ਜਨਤਕ ਹਿੱਤਾਂ ਦੀ ਸੇਵਾ ਵੀ ਕਰਨੀ ਚਾਹੀਦੀ ਹੈ

ਰਾਸ਼ਟਰਪਤੀ ਮੁਰਮੂ ਨੇ ਸਿਨੇਮਾ ਵਿੱਚ ਔਰਤਾਂ ਦੀ ਵਧਦੀ ਪ੍ਰਤੀਨਿਧਤਾ ਦੀ ਸ਼ਲਾਘਾ ਕੀਤੀ; ਪਰਦੇ 'ਤੇ ਅਤੇ ਪਰਦੇ ਦੇ ਪਿੱਛੇ ਬਰਾਬਰ ਮੌਕਿਆਂ ਦੀ ਤਾਕੀਦ ਕੀਤੀ

ਬਹੁਮੁਖੀ ਪ੍ਰਤਿਭਾ ਦੇ ਪ੍ਰਤੀਕ ਮੋਹਨ ਲਾਲ ਨੂੰ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਿਨੇਮਾ ਵਿੱਚ ਵਿਲੱਖਣ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ

ਸ਼੍ਰੀ ਮੋਹਨ ਲਾਲ ਨੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨੂੰ 'ਜਾਦੂਈ ਅਤੇ ਪਵਿੱਤਰ' ਦੱਸਿਆ, ਸਿਨੇਮਾ ਨੂੰ ਆਪਣੀ ਆਤਮਾ ਦੀ ਧੜਕਣ ਕਰਾਰ ਦਿੱਤਾ ਅਤੇ ਮਲਿਆਲਮ ਫਿਲਮ ਉਸਤਾਦਾਂ ਨੂੰ ਸਨਮਾਨ ਕੀਤਾ ਸਮਰਪਿਤ

ਸਰਕਾਰ ਸਵਦੇਸ਼ੀ ਫਿਲਮ ਉਪਕਰਣਾਂ ਨੂੰ ਹੱਲ੍ਹਾਸ਼ੇਰੀ ਦੇਵੇਗੀ, ਲਾਈਵ ਕੰਸਰਟ ਆਰਥਿਕਤਾ ਨੂੰ ਮਜ਼ਬੂਤ ​​ਕਰੇਗੀ ਅਤੇ ਵਿਕਸਿਤ ਭਾਰਤ 2047 ਦੇ ਟੀਚੇ ਨੂੰ ਹਾਸਲ ਕਰਨ ਲਈ ਆਦਰਸ਼ ਰਾਜ ਸਿਨੇਮਾ ਰੈਗੂਲੇਸ਼ਨ ਨਿਯਮ ਤਿਆਰ ਕਰੇਗੀ: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ

Posted On: 23 SEP 2025 8:08PM by PIB Chandigarh

ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ 71ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਵਲੋਂ ਭਾਰਤੀ ਸਿਨੇਮਾ ਦੀਆਂ ਸਭ ਤੋਂ ਵਧੀਆ ਪ੍ਰਤਿਭਾਵਾਂ ਨੂੰ ਸਨਮਾਨਿਤ ਕੀਤੇ ਜਾਣ 'ਤੇ ਲੋਕਾਂ ਨੇ ਮਾਣ ਨਾਲ  ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਕਲਾਕਾਰਾਂ, ਪਤਵੰਤਿਆਂ ਅਤੇ ਪ੍ਰਸ਼ੰਸਕਾਂ ਦਾ ਇਹ ਸਮੂਹ ਇੱਕ ਹੀ ਭਾਵਨਾ ਨਾਲ ਇਕਜੁੱਟ ਸੀ, ਜੋ ਉਨ੍ਹਾਂ ਕਹਾਣੀਆਂ ਦਾ ਜਸ਼ਨ ਹੈ, ਜਿਨ੍ਹਾਂ ਨੇ ਰਾਸ਼ਟਰ ਦੇ ਦਿਲ ਨੂੰ ਨਵਾਂ ਸਰੂਪ ਦਿੱਤਾ ਹੈ।

ਮਹਾਨ ਅਦਾਕਾਰ ਸ਼੍ਰੀ ਮੋਹਨ ਲਾਲ ਨੂੰ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਆਪਣੀ ਅਸਧਾਰਨ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ ਬਲਕਿ ਆਪਣੇ ਵਿਸ਼ਾਲ ਕੰਮਾਂ ਰਾਹੀਂ ਭਾਰਤ ਦੇ ਸੱਭਿਆਚਾਰਕ ਲੋਕਾਚਾਰ ਨੂੰ ਵੀ ਬਰਕਰਾਰ ਰੱਖਿਆ ਹੈ। ਰਾਸ਼ਟਰਪਤੀ ਨੇ ਥੀਏਟਰ ਤੋਂ ਸਿਨੇਮਾ ਤੱਕ ਦੀ ਉਨ੍ਹਾਂ ਦੀ ਸ਼ਾਨਦਾਰ ਯਾਤਰਾ ਅਤੇ ਮਹਾਭਾਰਤ 'ਤੇ ਸੰਸਕ੍ਰਿਤ ਇੱਕ-ਨਾਟਕ ਕਰਨਭਰਮ ਤੋਂ ਲੈ ਕੇ ਵਾਨਪ੍ਰਸਥਮ ਵਿੱਚ ਉਨ੍ਹਾਂ ਦੇ ਪੁਰਸਕਾਰ ਜੇਤੂ ਪ੍ਰਦਰਸ਼ਨ ਤੱਕ ਦੀਆਂ ਰਚਨਾਵਾਂ ਵਿੱਚ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੇ ਸ਼ਾਨਦਾਰ ਚਿੱਤਰਣ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਿੱਘੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾਮ ਡੂੰਘੇ ਸਤਿਕਾਰ ਦਾ ਹੱਕਦਾਰ ਹੈ ਅਤੇ ਉਨ੍ਹਾਂ ਨੇ ਕਈ ਪੀੜ੍ਹੀਆਂ ਤੋਂ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖ਼ਾਸ ਜਗ੍ਹਾ ਬਣਾਈ ਹੈ।

ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਭਾਰਤ ਵਿੱਚ ਸਿਨੇਮਾ ਲੋਕਤੰਤਰ ਦੇ ਸਾਰ ਅਤੇ ਭਾਰਤ ਦੀ ਭਿੰਨਤਾ ਨੂੰ ਦਰਸਾਉਂਦਾ ਹੈ। ਜਿਸ ਤਰ੍ਹਾਂ ਸਾਹਿਤ ਕਈ ਭਾਰਤੀ ਭਾਸ਼ਾਵਾਂ ਵਿੱਚ ਵਧਿਆ-ਫੁੱਲਿਆ ਹੈ, ਉਸੇ ਤਰ੍ਹਾਂ ਸਿਨੇਮਾ ਵੀ ਭਾਰਤ ਦੀ ਸੱਭਿਆਚਾਰਕ ਸਮ੍ਰਿੱਧੀ ਦਦ ਇੱਕ ਜੀਵੰਤ ਪ੍ਰਗਟਾਵੇ ਵਜੋਂ ਵਿਕਸਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਲਮਾਂ ਨਾ ਸਿਰਫ਼ ਮਨੋਰੰਜਨ ਕਰਦੀਆਂ ਹਨ, ਸਗੋਂ ਸਮਾਜ ਨੂੰ ਜਾਗਰੂਕ ਕਰਨ, ਸੰਵੇਦਨਸ਼ੀਲਤਾ ਪੈਦਾ ਕਰਨ ਅਤੇ ਨੌਜਵਾਨਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਮਾਧਿਅਮ ਵਜੋਂ ਵੀ ਕੰਮ ਕਰਦੀਆਂ ਹਨ।

ਰਾਸ਼ਟਰਪਤੀ ਨੇ ਸਿਨੇਮਾ ਵਿੱਚ ਔਰਤਾਂ ਦੀ ਵੱਧ ਰਹੀ ਪ੍ਰਤੀਨਿਧਤਾ ਦਾ ਜ਼ਿਕਰ ਕੀਤਾ ਅਤੇ ਜ਼ੋਰ ਦਿੱਤਾ ਕਿ ਬਰਾਬਰ ਮੌਕੇ ਮਿਲਣ 'ਤੇ, ਉਹ ਉੱਤਮਤਾ ਪ੍ਰਾਪਤ ਕਰ ਸਕਦੀਆਂ ਹਨ ਅਤੇ ਅਸਧਾਰਨ ਸਫਲਤਾ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਨੇ ਪਰਦੇ 'ਤੇ ਅਤੇ ਪਰਦੇ ਦੇ ਪਿੱਛੇ ਔਰਤਾਂ ਦੀ ਅਰਥਪੂਰਨ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ   'ਤੇ ਜ਼ੋਰ ਦਿੱਤਾ।

ਸ਼੍ਰੀਮਤੀ ਮੁਰਮੂ ਨੇ ਫਿਲਮ ਉਦਯੋਗ ਵਿੱਚ ਰਚਨਾਤਮਕਤਾ ਅਤੇ ਨਵੀਨਤਾ ਲਿਆ ਰਹੇ ਬੱਚਿਆਂ ਸਮੇਤ ਨੌਜਵਾਨ ਅਤੇ ਉੱਭਰ ਰਹੀ ਪ੍ਰਤਿਭਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਛੇ ਬਾਲ ਕਲਾਕਾਰਾਂ ਨੂੰ ਵਧਾਈ ਦਿੱਤੀ ਅਤੇ ਸਿਨੇਮਾ ਵਿੱਚ ਵਾਤਾਵਰਣ ਸਬੰਧੀ ਚਿੰਤਾਵਾਂ ਪ੍ਰਤੀ ਵਧ ਰਹੀ ਜਾਗਰੂਕਤਾ ਦਾ ਸੁਆਗਤ ਕੀਤਾ।

ਸ਼੍ਰੀ ਮੋਹਨ ਲਾਲ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ; ਅਦਾਕਾਰ ਨੇ ਫਿਲਮ ਭਾਈਚਾਰੇ ਨੂੰ ਕੀਤਾ ਸਿਜਦਾ 

ਜਦੋਂ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਮੋਹਨ ਲਾਲ ਨੂੰ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ, ਤਾਂ ਅਜਿਹਾ ਮਹਿਸੂਸ ਹੋਇਆ ਕਿ ਜਿਵੇਂ ਭਾਰਤੀ ਸਿਨੇਮਾ ਦੀ ਵੱਡੀ ਕਹਾਣੀ ਵਿੱਚ ਇੱਕ ਮਹੱਤਵਪੂਰਨ ਦ੍ਰਿਸ਼ ਆਇਆ ਹੋਵੇ। ਇਹ ਉਹ ਅਦਾਕਾਰ ਸੀ ਜਿਸਨੇ ਪਰਦੇ 'ਤੇ ਹਜ਼ਾਰਾਂ ਭੂਮਿਕਾਵਾਂ ਨਿਭਾਈਆਂ: ਕਾਲਜ ਦਾ ਸ਼ਰਾਰਤੀ ਲੜਕਾ, ਦੁਖੀ ਆਮ ਆਦਮੀ, ਕ੍ਰਿਸ਼ਮਈ ਫੌਜੀ, ਨੁਕਸਦਾਰ ਨਾਇਕ, ਅਭੁੱਲ ਦੋਸਤ। 360 ਤੋਂ ਵੱਧ ਫਿਲਮਾਂ ਵਿੱਚ, ਉਨ੍ਹਾਂ ਨੇ ਭਾਰਤੀ ਅਤੇ ਮਲਿਆਲਮ ਸਿਨੇਮਾ ਨੂੰ ਨਵਾਂ ਸਰੂਪ ਦਿੱਤਾ ਹੈ ਅਤੇ ਇਸ ਨੂੰ ਦੁਨੀਆ ਤੱਕ ਪਹੁੰਚਾਇਆ ਹੈ, ਦਰਸ਼ਕਾਂ ਨੂੰ ਹਸਾਇਆ, ਰਵਾਇਆ ਅਤੇ ਬਰਾਬਰ ਪ੍ਰਤੀਬਿੰਬਤ ਕੀਤਾ ਹੈ।

ਪਦਮ ਭੂਸ਼ਣ, ਪਦਮ ਸ਼੍ਰੀ ਅਤੇ ਪੰਜ ਰਾਸ਼ਟਰੀ ਪੁਰਸਕਾਰਾਂ ਨਾਲ ਪਹਿਲਾਂ ਹੀ ਸਨਮਾਨਿਤ, ਇਹ ਸ਼ਲਾਘਾ ਦਾ ਨਹੀਂ ਸਗੋਂ ਸਤਿਕਾਰ ਵਿੱਚ ਵਧ ਰਹੇ ਰਾਸ਼ਟਰ ਦਾ ਪਲ ਸੀ। ਜਿਵੇਂ ਹੀ ਵਿਗਿਆਨ ਭਵਨ ਵਿੱਚ ਉਨ੍ਹਾਂ ਦੇ ਸਤਿਕਾਰ ਵਜੋਂ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਜਾ ਰਹੀਆਂ ਸਨ, ਮੋਹਨਲਾਲ ਨੇ ਆਪਣੇ ਸਫ਼ਰ ਦੀ ਪਹਿਚਾਣ ਰਹੀ ਉਸੇ ਨਿਮਰਤਾ ਨਾਲ ਆਪਣੇ ਦਰਸ਼ਕਾਂ ਅਤੇ ਸਹਿਯੋਗੀਆਂ ਦਾ ਝੁਕ ਕੇ ਸ਼ੁਕਰੀਆ ਅਦਾ ਕੀਤਾ। ਉਸ ਪਲ, ਤਾੜੀਆਂ ਸਿਰਫ਼ ਇੱਕ ਅਦਾਕਾਰ ਲਈ ਨਹੀਂ ਸਨ - ਇਹ ਭਾਰਤੀ ਸਿਨੇਮਾ ਦੀਆਂ ਕਹਾਣੀਆਂ, ਯਾਦਾਂ ਅਤੇ ਸਾਂਝੀਆਂ ਭਾਵਨਾਵਾਂ ਲਈ ਸਨ।

ਇਹ ਸਨਮਾਨ ਸਵੀਕਾਰ ਕਰਦੇ ਹੋਏ, ਸ਼੍ਰੀ ਮੋਹਨ ਲਾਲ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਿਨੇਮਾ ਵਿੱਚ ਉਨ੍ਹਾਂ ਦੀ ਯਾਤਰਾ ਨੂੰ ਸਰੂਪ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਗਈ ਹਰ ਫਿਲਮ ਨੇ ਉਨ੍ਹਾਂ ਨੂੰ ਡੂੰਘਾਈ ਨਾਲ ਛੂਹਿਆ ਸੀ, ਉਨ੍ਹਾਂ ਨੂੰ ਇੱਕ ਮਾਧਿਅਮ ਵਜੋਂ ਸਿਨੇਮਾ ਦੀ ਤਾਕਤ ਦੀ ਯਾਦ ਦਿਵਾਈ। ਇਸ ਸਨਮਾਨ ਨੂੰ "ਜਾਦੂਈ ਅਤੇ ਪਵਿੱਤਰ" ਦੱਸਦਿਆਂ, ਉਨ੍ਹਾਂ ਇਹ ਪੁਰਸਕਾਰ ਮਲਿਆਲਮ ਫਿਲਮ ਉਦਯੋਗ ਦੇ ਮਹਾਨ ਉਸਤਾਦਾਂ ਨੂੰ ਸਮਰਪਿਤ ਕੀਤਾ ਅਤੇ ਜ਼ੋਰ ਦਿੱਤਾ ਕਿ ਇਹ ਸਮੁੱਚੇ ਭਾਈਚਾਰੇ ਦਾ ਹੈ। ਉਨ੍ਹਾਂ ਕਿਹਾ ਕਿ ਸਿਨੇਮਾ ਉਨ੍ਹਾਂ ਦੀ ਆਤਮਾ ਦੀ ਧੜਕਣ ਸੀ, ਅਤੇ ਇਸ ਮਾਨਤਾ ਨੇ ਕਲਾ ਨੂੰ ਹੋਰ ਡੂੰਘਾਈ ਅਤੇ ਵਚਨਬੱਧਤਾ ਨਾਲ ਅੱਗੇ ਵਧਾਉਣ ਦੇ ਉਨ੍ਹਾਂ ਦੇ ਇਰਾਦੇ ਨੂੰ ਹੋਰ ਮਜ਼ਬੂਤ ​​ਕੀਤਾ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸ਼੍ਰੀ ਮੋਹਨ ਲਾਲ ਦੀ ਇੱਕ ਮਹਾਨ ਸ਼ਖ਼ਸੀਅਤ ਵਜੋਂ ਸ਼ਲਾਘਾ ਕੀਤੀ। ਉਨ੍ਹਾਂ ਯਾਦ ਦਿਵਾਇਆ ਕਿ ਸਰਕਾਰ ਨੇ ਵੇਵਸ 2025 ਦਾ ਵਾਅਦਾ ਕੀਤਾ ਸੀ ਅਤੇ ਉਸ ਨੂੰ ਪੂਰਾ ਕੀਤਾ, ਜੋ ਇੱਕ ਮਿਆਰੀ ਸਮਾਗਮ ਸੀ, ਜੋ ਭਾਰਤ ਨੂੰ ਆਲਮੀ ਫਿਲਮ ਅਤੇ ਸਮੱਗਰੀ ਨਿਰਮਾਣ ਵਿੱਚ ਸਭ ਤੋਂ ਮੋਹਰੀ ਰੱਖੇਗਾ। ਇਹ ਉਜਾਗਰ ਕਰਦੇ ਹੋਏ ਕਿ ਦੁਨੀਆ ਹੁਣ ਭਾਰਤ ਵੱਲ ਕਿਵੇਂ ਦੇਖ ਰਹੀ ਹੈ, ਉਨ੍ਹਾਂ ਕਿਹਾ ਕਿ ਵੇਵਸ ਬਜ਼ਾਰ ਵਰਗੀਆਂ ਪਹਿਲਕਦਮੀਆਂ ਭਾਰਤੀ ਸਿਰਜਣਹਾਰਾਂ ਨੂੰ ਵਿਸ਼ਾਲ ਬਜ਼ਾਰਾਂ ਤੱਕ ਪਹੁੰਚ ਕਰਨ ਦੇ ਯੋਗ ਬਣਾ ਰਹੀਆਂ ਹਨ।

ਮੰਤਰੀ ਨੇ ਦੱਸਿਆ ਕਿ ਦੇਸ਼ ਦਾ ਪਹਿਲਾ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਸਿਨੇਮਾ ਐਂਡ ਟੈਕਨੋਲੋਜੀ (ਆਈਆਈਸੀਟੀ) ਮੁੰਬਈ ਦੇ ਐੱਨਐੱਫਡੀਸੀ ਕੈਂਪਸ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ 17 ਕੋਰਸ ਪਹਿਲਾਂ ਹੀ ਚੱਲ ਰਹੇ ਹਨ, ਜਿਨ੍ਹਾਂ ਵਿੱਚ ਮੇਟਾ (Meta), ਐੱਨਵੀਡੀਆ (NVIDIA), ਮਾਈਕ੍ਰੋਸਾਫ਼ਟ ਅਤੇ ਗੂਗਲ ਸਮੇਤ ਪ੍ਰਮੁੱਖ ਆਲਮੀ ਭਾਈਵਾਲ ਸ਼ਾਮਲ ਹਨ। ਭਾਰਤ ਨੂੰ ਇੱਕ ਆਲਮੀ ਸਮੱਗਰੀ ਅਰਥਵਿਵਸਥਾ ਵਜੋਂ ਸਥਾਪਿਤ  ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਤਹਿਤ, ਮੰਤਰੀ ਨੇ ਫਿਲਮ ਉਪਕਰਣਾਂ ਦੇ ਸਵਦੇਸ਼ੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਲਾਈਵ ਕੰਸਰਟ ਅਰਥਵਿਵਸਥਾ ਨੂੰ ਮਜ਼ਬੂਤ ​​ਕਰਨ ਲਈ ਨੀਤੀਆਂ ਬਣਾਉਣ ਦੇ ਮੰਤਵ ਨੂੰ ਦਰਸਾਇਆ। ਮੰਤਰੀ ਨੇ ਅੱਗੇ ਕਿਹਾ ਕਿ ਆਦਰਸ਼ ਰਾਜ ਸਿਨੇਮਾ ਰੈਗੂਲੇਸ਼ਨ ਨਿਯਮ ਤਿਆਰ ਕੀਤੇ ਜਾ ਰਹੇ ਹਨ, ਜੋ 2047 ਤੱਕ ਵਿਕਸਿਤ ਭਾਰਤ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹਨ, ਜਿਸ ਵਿੱਚ ਸਿਰਜਣਹਾਰਾਂ ਦੀ ਅਰਥਵਿਵਸਥਾ ਇਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਜਾਜੂ ਨੇ ਕਿਹਾ ਕਿ ਸਿਨੇਮਾ ਕਹਾਣੀਆਂ, ਸੁਪਨਿਆਂ ਅਤੇ ਸਾਂਝੇ ਅਨੁਭਵਾਂ ਦਾ ਜਸ਼ਨ ਹੈ। ਇਸ ਸਾਲ ਨੂੰ ਬਹੁਤ ਸਾਰੀਆਂ ਪ੍ਰਾਪਤੀਆਂ ਅਤੇ ਅਨੇਕਾਂ ਤਰਜੀਹਾਂ ਦਾ ਸਾਲ ਦੱਸਦਿਆਂ, ਉਨ੍ਹਾਂ ਨੇ ਨਿਰਣਾ ਮੰਡਲ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵਿੱਚ ਸ਼੍ਰੀ ਆਸ਼ੂਤੋਸ਼ ਗੋਵਾਰੀਕਰ, ਸ਼੍ਰੀ ਪੀ. ਸ਼ੇਸ਼ਾਦਰੀ ਅਤੇ ਸ਼੍ਰੀ ਗੋਪਾਲ ਕ੍ਰਿਸ਼ਨ ਪਾਈ ਸ਼ਾਮਲ ਹਨ, ਅਤੇ ਵੇਵਸ ਸੰਮੇਲਨ ਦੀ ਸਫਲਤਾ ਨੂੰ ਦੁਹਰਾਇਆ ਜਿਸਨੇ ਸਿਨੇਮਾ, ਸੰਗੀਤ, ਗੇਮਿੰਗ ਅਤੇ ਟੈਕਨੋਲੋਜੀ ਨੂੰ ਇੱਕਮੁੱਠ ਕੀਤਾ। ਉਨ੍ਹਾਂ ਨੇ "ਏਕ ਦੇਸ਼, ਹਜ਼ਾਰੋਂ ਕਹਾਣੀਆਂ, ਏਕ ਜਨੂਨ" (ਇੱਕ ਦੇਸ਼, ਹਜ਼ਾਰਾਂ ਕਹਾਣੀਆਂ, ਇੱਕ ਜਨੂਨ) ਦੀ ਭਾਵਨਾ 'ਤੇ ਜ਼ੋਰ ਦਿੱਤਾ, ਜੋ ਭਾਰਤ ਦੇ ਜੀਵੰਤ ਰਚਨਾਤਮਕ ਮਾਹੌਲ ਨੂੰ ਦਰਸਾਉਂਦੀ ਹੈ।

ਉੱਤਮਤਾ ਦਾ ਜਸ਼ਨ: ਰਾਸ਼ਟਰੀ ਫਿਲਮ ਪੁਰਸਕਾਰ ਭਾਰਤ ਵਿੱਚ ਅਦਾਕਾਰੀ, ਕਹਾਣੀਆਂ ਅਤੇ ਸਿਨੇਮਾਈ ਇਨੋਵੇਸ਼ਨ ਦਾ ਸਨਮਾਨ ਕਰਦੇ ਹਨ

ਸ਼ਾਹਰੁਖ ਖਾਨ ਨੂੰ ਜਦੋਂ ਪੈਮਾਨੇ, ਪ੍ਰਤਿਭਾ ਅਤੇ ਭਾਵਨਾਤਮਕ ਡੂੰਘਾਈ ਨੂੰ ਮਿਲਾਉਣ ਵਾਲੇ ਇੱਕ ਸ਼ਾਨਦਾਰ ਪ੍ਰਦਰਸ਼ਨ ਵਾਲੀ ਫਿਲਮ 'ਜਵਾਨ' ਲਈ ਸਰਵੋਤਮ ਅਦਾਕਾਰ ਐਲਾਨਿਆ ਗਿਆ, ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਇੱਕ ਅਜਿਹੇ ਕਿਰਦਾਰ ਵਿੱਚ ਜਿਸ ਨੂੰ ਤਮਾਸ਼ਾ ਅਤੇ ਸੂਖਮਤਾ ਦੋਵਾਂ ਦੀ ਜ਼ਰੂਰਤ  ਸੀ, ਉਨ੍ਹਾਂ ਨੇ ਫਿਲਮ ਨੂੰ ਅਸਰਦਾਰ ਮੌਜੂਦਗੀ ਨਾਲ ਅੱਗੇ ਵਧਾਇਆ ਅਤੇ ਅਜਿਹੇ ਪਲ ਪੇਸ਼ ਕੀਤੇ ਜੋ ਜਿੰਨੇ ਦਿਲ ਨੂੰ ਛੂਹ ਲੈਣ ਵਾਲੇ ਸਨ ਓਨੇ ਹੀ ਅਭੁੱਲ ਵੀ ਸਨ। ਸਨਮਾਨ ਸਾਂਝੇ ਕਰਦੇ ਹੋਏ, ਵਿਕਰਾਂਤ ਮੈਸੀ ਨੂੰ 12ਵੀਂ ਫੇਲ ਲਈ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਦਰਸਾਇਆ ਜੋ ਸ਼ਾਂਤ ਦ੍ਰਿੜਤਾ ਨਾਲ ਸੰਘਰਸ਼ ਕਰ ਰਿਹਾ ਹੈ ਜੋ ਲੱਖਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣ ਰਿਹਾ ਹੈ। ਇਨ੍ਹਾਂ ਪੁਰਸਕਾਰਾਂ ਨੇ ਭਾਰਤੀ ਸਿਨੇਮਾ ਦੀ ਦੋਹਰੀ ਭਾਵਨਾ ਨੂੰ ਦਰਸਾਇਆ ਹੈ - ਜੋ ਜੀਵਨ ਤੋਂ ਵੱਡੀਆਂ ਕਹਾਣੀਆਂ ਸੁਣਾਉਣ ਦੀ ਖੂਬਸੂਰਤੀ ਅਤੇ ਸਾਦਗੀ, ਮਨੁੱਖੀ ਲਚਕਤਾ ਦੀ ਇਮਾਨਦਾਰੀ ਬਾਰੇ ਹਨ।

ਇਹ ਪਲ ਹੋਰ ਵੀ ਅਹਿਮ ਹੋ ਨਿਬੜਿਆ ਜਦੋਂ ਰਾਣੀ ਮੁਖਰਜੀ ਨੂੰ ਸ਼੍ਰੀਮਤੀ ਚੈਟਰਜੀ ਬਨਾਮ ਨਾਰਵੇ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ। ਮਾਂ ਦੀ  ਪੀੜ੍ਹ  ਅਤੇ ਤਾਕਤ ਨਾਲ ਜੜ੍ਹੀ ਉਨ੍ਹਾਂ ਦੀ ਭੂਮਿਕਾ ਨੇ ਕਲਾ ਅਤੇ ਜੀਵਿਤ ਤਜ਼ਰਬੇ ਦਰਮਿਆਨ ਰੇਖਾ ਨੂੰ ਧੁੰਦਲਾ ਕਰ ਦਿੱਤਾ, ਜਿਸ ਨੇ ਹਾਲ ਦੇ ਹਰ ਕੋਨੇ ਤੋਂ ਸੰਵੇਦਨਾ ਨੂੰ ਆਪਣੇ ਵੱਲ ਖਿੱਚਿਆ।

ਸਹਾਇਕ ਭੂਮਿਕਾਵਾਂ ਲਈ ਬਰਾਬਰ ਸਤਿਕਾਰ ਦਿੱਤਾ ਗਿਆ ਜੋ ਫਿਲਮਾਂ ਨੂੰ ਉਨ੍ਹਾਂ ਦੀ ਆਤਮਾ ਪ੍ਰਦਾਨ ਕਰਦੀਆਂ ਹਨ। ਵਿਜੇਰਾਘਵਨ ਅਤੇ ਮੁਥੁਪੇਟਾਈ ਸੋਮੂ ਭਾਸਕਰ ਨੂੰ ਸਰਵੋਤਮ ਸਹਾਇਕ ਅਦਾਕਾਰਾਂ ਵਜੋਂ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਦੀ ਕਲਾ ਨੇ ਸਾਬਤ ਕੀਤਾ ਕਿ ਕਿਵੇਂ ਛੋਟੇ ਪਾਤਰ ਪੂਰੇ ਬਿਰਤਾਂਤ ਦਾ ਬੋਝ ਚੁੱਕ ਸਕਦੇ ਹਨ। ਉਰਵਸ਼ੀ ਅਤੇ ਜਾਨਕੀ ਬੋਦੀਵਾਲਾ ਨੂੰ ਸਰਵੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਮਿਲਿਆ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਪ੍ਰਸ਼ੰਸਾ ਮਿਲੀ, ਜਿਸ ਵਿੱਚ ਪ੍ਰਮਾਣਿਕਤਾ ਅਤੇ ਡੂੰਘਾਈ ਸੀ ਅਤੇ ਦਰਸ਼ਕਾਂ ਦੇ ਚਿਹਰੇ ਅਤੇ ਭਾਵਨਾਵਾਂ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ।

ਅਦਾਕਾਰੀਆਂ ਤੋਂ ਇਲਾਵਾ ਫਿਲਮਾਂ ਨੇ ਇੱਛਾਵਾਂ, ਸੰਘਰਸ਼ ਅਤੇ ਕਲਪਨਾ ਦੀਆਂ ਕਹਾਣੀਆਂ ਵੀ ਦੱਸੀਆਂ। 12ਵੀਂ ਫੇਲ ਨੂੰ ਸਰਵੋਤਮ ਫੀਚਰ ਫਿਲਮ ਐਲਾਨਿਆ ਗਿਆ, ਜਿਸ ਦੀ ਦ੍ਰਿੜਤਾ ਦੀ ਕਹਾਣੀ ਅਣਗਿਣਤ ਜ਼ਿੰਦਗੀਆਂ ਲਈ ਸ਼ੀਸ਼ਾ ਬਣ ਗਈ। ਫਲਾਵਰਿੰਗ ਮੈਨ ਨੂੰ ਸਰਵੋਤਮ ਗੈਰ-ਫੀਚਰ ਫਿਲਮ ਅਤੇ ਸਰਵੋਤਮ ਦਸਤਾਵੇਜ਼ੀ ਫਿਲਮ ਗੌਡ ਵੁਲਚਰ ਐਂਡ ਹਿਊਮਨ ਨੇ ਸਿਨੇਮਾ ਦੀ ਦਸਤਾਵੇਜ਼ੀਕਰਣ, ਸਵਾਲ ਕਰਨ ਅਤੇ ਅਕਸਰ ਅਣਦੇਖੇ ਰਹਿ ਜਾਣ ਵਾਲੀਆਂ ਸੱਚਾਈਆਂ ਨੂੰ ਪ੍ਰਕਾਸ਼ਮਾਨ ਕਰਨ ਦੀ ਯੋਗਤਾ ਦਿਖਾਈ।

ਨਵੇਂ ਖੇਤਰਾਂ ਵਿੱਚ, ਹਨੂੰ-ਮਾਨ ਨੂੰ ਏਵੀਜੀਸੀ (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕਾਮਿਕਸ) ਵਿੱਚ ਸਰਵੋਤਮ ਫਿਲਮ ਵਜੋਂ ਸਨਮਾਨਿਤ ਕੀਤਾ ਗਿਆ, ਜੋ ਕਿ ਦ੍ਰਿਸ਼ ਕਹਾਣੀ ਸੁਣਾਉਣ ਵਿੱਚ ਭਾਰਤ ਦੀ ਵਧਦੀ ਤਾਕਤ ਦੀ ਮਾਨਤਾ ਹੈ, ਜਦਕਿ ਗਿੱਧ: ਦ ਸਕਵੇਂਜਰ ਨੇ ਸਰਵੋਤਮ ਲਘੂ ਫਿਲਮ ਦਾ ਪੁਰਸਕਾਰ ਜਿੱਤਿਆ।

ਕੁੱਲ ਮਿਲਾ ਕੇ, ਇਹ ਸਨਮਾਨ ਸਿਰਫ਼ ਪ੍ਰਾਪਤੀਆਂ ਦੀ ਸੂਚੀ ਨਹੀਂ ਸਨ, ਸਗੋਂ ਆਵਾਜ਼ਾਂ, ਸਿਤਾਰਿਆਂ ਅਤੇ ਨਵੇਂ ਕਲਾਕਾਰਾਂ, ਮੁੱਖ ਧਾਰਾ ਅਤੇ ਪ੍ਰਯੋਗਾਤਮਕ ਦਾ ਇੱਕ ਸ਼ਾਨਦਾਰ ਸੁਮੇਲ ਸਨ, ਜੋ ਇੱਕ ਵਾਰ ਫਿਰ ਸਾਬਤ ਕਰਦੇ ਹਨ ਕਿ ਭਾਰਤੀ ਸਿਨੇਮਾ ਆਪਣੇ ਅੰਦਰ ਇੱਕ ਰਾਸ਼ਟਰ ਦੇ ਸੁਪਨੇ ਅਤੇ ਉਸ ਦੇ ਭਵਿੱਖ ਨੂੰ ਸਰੂਪ ਦੇਣ ਦਾ ਵਿਸ਼ਵਾਸ ਰੱਖਦਾ ਹੈ।

ਪੁਰਸਕਾਰਾਂ ਦੀ ਪੂਰੀ ਸੂਚੀ ਹੇਠਾਂ ਦਿੱਤੇ ਲਿੰਕ 'ਤੇ ਮਿਲ ਸਕਦੀ ਹੈ:

https://www.pib.gov.in/PressReleasePage.aspx?PRID=2151537 

************

ਧਰਮੇਂਦਰ ਤਿਵਾਰੀ/ ਨਵੀਨ ਸ਼੍ਰੀਜੀਤ


(Release ID: 2170454) Visitor Counter : 6