ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਸੈਮੀਕੌਨ ਇੰਡੀਆ 2025 ਦਾ ਉਦਘਾਟਨ ਕੀਤਾ
ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਕਹੇਗੀ: ਭਾਰਤ ਵਿੱਚ ਡਿਜ਼ਾਈਨ, ਭਾਰਤ ਵਿੱਚ ਤਿਆਰ, ਦੁਨੀਆ ਦੁਆਰਾ ਭਰੋਸੇਯੋਗ: ਪ੍ਰਧਾਨ ਮੰਤਰੀ
ਚਿਪਸ ਡਿਜੀਟਲ ਡਾਇਮੰਡਸ ਹਨ: ਪ੍ਰਧਾਨ ਮੰਤਰੀ
ਕਾਗਜ਼ੀ ਕਾਰਵਾਈ ਜਿੰਨੀ ਘੱਟ ਹੋਵੇਗੀ, ਵੇਫਰ ਦਾ ਕੰਮ ਓਨੀ ਹੀ ਜਲਦੀ ਸ਼ੁਰੂ ਹੋ ਸਕਦਾ ਹੈ: ਪ੍ਰਧਾਨ ਮੰਤਰੀ
ਭਾਰਤ ਦੀ ਸਭ ਤੋਂ ਛੋਟੀ ਚਿਪ ਬਹੁਤ ਜਲਦੀ ਦੁਨੀਆ ਨੂੰ ਸਭ ਤੋਂ ਵੱਡੇ ਬਦਲਾਅ ਵੱਲ ਲੈ ਜਾਵੇਗੀ: ਪ੍ਰਧਾਨ ਮੰਤਰੀ
ਉਹ ਦਿਨ ਦੂਰ ਨਹੀਂ ਜਦੋਂ ਭਾਰਤ ਵਿੱਚ ਡਿਜ਼ਾਈਨ ਕੀਤੇ ਗਏ, ਭਾਰਤ ਵਿੱਚ ਤਿਆਰ ਨੂੰ ਦੁਨੀਆ ਦੁਆਰਾ ਭਰੋਸੇਯੋਗ ਕਿਹਾ ਜਾਵੇਗਾ: ਪ੍ਰਧਾਨ ਮੰਤਰੀ
Posted On:
02 SEP 2025 11:58AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਯਸ਼ੋਭੂਮੀ ਵਿੱਚ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਗਤੀ ਦੇਣ ਦੇ ਉਦੇਸ਼ ਨਾਲ ਆਯੋਜਿਤ “ਸੈਮੀਕੌਨ ਇੰਡੀਆ 2025” ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼-ਵਿਦੇਸ਼ ਦੇ ਸੈਮੀਕੰਡਕਟਰ ਉਦਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਸ਼ਿਰਕਤ ‘ਤੇ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਤੋਂ ਆਏ ਵਿਸ਼ੇਸ਼ ਮਹਿਮਾਨਾਂ, ਸਟਾਰਟਅੱਪਸ ਨਾਲ ਜੁੜੇ ਉਦਮੀਆਂ ਅਤੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਆਏ ਨੌਜਵਾਨ ਵਿਦਿਆਰਥੀਆਂ ਦਾ ਸੁਆਗਤ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਉਹ ਕੱਲ੍ਹ ਰਾਤ ਹੀ ਜਾਪਾਨ ਅਤੇ ਚੀਨ ਦੀ ਆਪਣੀ ਯਾਤਰਾ ਤੋਂ ਵਾਪਸ ਆਏ ਹਨ ਅਤੇ ਅੱਜ ਅਕਾਂਖਿਆਵਾਂ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਯਸ਼ੋਭੂਮੀ ਦੇ ਇਸ ਕੈਂਪਸ ਵਿੱਚ ਦਰਸ਼ਕਾਂ ਦੇ ਦਰਮਿਆਨ ਮੌਜੂਦ ਹਨ। ਹਮੇਸ਼ਾ ਤੋਂ ਸੁਭਾਵਿਕ ਅਤੇ ਸਰਵ ਜਾਣੀ-ਪਛਾਣੀ ਟੈਕਨੋਲੋਜੀ ਪ੍ਰਤੀ ਆਪਣੇ ਜਨੂਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਆਪਣੀ ਜਾਪਾਨ ਦੀ ਯਾਤਰਾ ਦੌਰਾਨ, ਉਨ੍ਹਾਂ ਨੂੰ ਜਾਪਾਨੀ ਪ੍ਰਧਾਨ ਮੰਤਰੀ, ਸ਼੍ਰੀ ਸ਼ਿਗੇਰੂ ਇਸ਼ੀਬਾ ਦੇ ਨਾਲ ਟੋਕੀਓ ਇਲੈਕਟ੍ਰੌਨ ਫੈਕਟਰੀ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਉਸ ਕੰਪਨੀ ਦੇ ਸੀਈਓ ਅੱਜ ਦਰਸ਼ਕਾਂ ਦਰਮਿਆਨ ਮੌਜੂਦ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਪ੍ਰਤੀ ਉਨ੍ਹਾਂ ਦਾ ਝੁਕਾਅ ਉਨ੍ਹਾਂ ਨੂੰ ਵਾਰ-ਵਾਰ ਅਜਿਹੇ ਲੋਕਾਂ ਵਿੱਚ ਲਿਆਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅੱਜ ਦਰਸ਼ਕਾਂ ਵਿੱਚ ਮੌਜੂਦ ਹੋ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।
ਦੁਨੀਆ ਭਰ ਦੇ 40 ਤੋਂ 50 ਦੇਸ਼ਾਂ ਦੇ ਸੈਮੀਕੰਡਕਟਰ ਸੈਕਟਰ ਦੇ ਮਾਹਿਰਾਂ ਦੀ ਮੌਜੂਦਗੀ ਨੂੰ ਦੇਖਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਇਨੋਵੇਸ਼ਨ ਅਤੇ ਯੁਵਾ ਸ਼ਕਤੀ ਵੀ ਇਸ ਸਮਾਗਮ ਵਿੱਚ ਸਪਸ਼ਟ ਤੌਰ 'ਤੇ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਲੱਖਣ ਸੁਮੇਲ ਇੱਕ ਸਪਸ਼ਟ ਸੰਦੇਸ਼ ਦਿੰਦਾ ਹੈ ਕਿ ਦੁਨੀਆ ਭਾਰਤ 'ਤੇ ਭਰੋਸਾ ਕਰਦੀ ਹੈ, ਦੁਨੀਆ ਭਾਰਤ ਵਿੱਚ ਵਿਸ਼ਵਾਸ ਕਰਦੀ ਹੈ ਅਤੇ ਦੁਨੀਆ ਭਾਰਤ ਨਾਲ ਸੈਮੀਕੰਡਕਟਰਾਂ ਦਾ ਭਵਿੱਖ ਬਣਾਉਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਸੈਮੀਕੌਨ ਇੰਡੀਆ ਵਿੱਚ ਮੌਜੂਦ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਉਹ ਇੱਕ ਵਿਕਸਿਤ ਅਤੇ ਆਤਮ-ਨਿਰਭਰ ਰਾਸ਼ਟਰ ਬਣਨ ਦੀ ਦਿਸ਼ਾ ਵੱਲ ਭਾਰਤ ਦੀ ਯਾਤਰਾ ਵਿੱਚ ਮਹੱਤਵਪੂਰਨ ਭਾਗੀਦਾਰ ਹਨ।
ਹਾਲ ਹੀ ਵਿੱਚ ਜਾਰੀ ਇਸ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵਾਰ ਫਿਰ, ਭਾਰਤ ਨੇ ਹਰ ਉਮੀਦ, ਹਰ ਅੰਦਾਜ਼ੇ ਅਤੇ ਹਰ ਪੂਰਵ-ਅਨੁਮਾਨ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਆਰਥਿਕ ਸਵਾਰਥਾਂ ਤੋਂ ਪ੍ਰੇਰਿਤ ਚਿੰਤਾਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ, ਉੱਥੇ ਹੀ ਭਾਰਤ ਨੇ 7.8 ਪ੍ਰਤੀਸ਼ਤ ਦੀ ਵਿਕਾਸ ਦਰ ਪ੍ਰਾਪਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਵਿਕਾਸ ਸਾਰੇ ਖੇਤਰਾਂ - ਮੈਨੂਫੈਕਚਰਿੰਗ, ਸੇਵਾ, ਖੇਤੀਬਾੜੀ ਅਤੇ ਨਿਰਮਾਣ - ਵਿੱਚ ਦਿਖਾਈ ਦੇ ਰਹੀ ਹੈ ਅਤੇ ਹਰ ਖੇਤਰ ਵਿੱਚ ਉਤਸ਼ਾਹ ਸਪਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਤੇਜ਼ ਵਿਕਾਸ ਸਾਰੇ ਉਦਯੋਗਾਂ ਨੂੰ ਅਤੇ ਹੋਰ ਨਾਗਰਿਕਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੀ ਇਹ ਗਤੀ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਲੈ ਜਾ ਰਹੀ ਹੈ।
ਸੈਮੀਕੰਡਕਟਰਾਂ ਦੀ ਦੁਨੀਆ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਤੇਲ ਕਾਲਾ ਸੋਨਾ ਸੀ, ਪਰ ਚਿਪਸ ਡਿਜੀਟਲ ਹੀਰੇ ਹਨ' ਇਸ ਕਥਨ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਲ ਨੇ ਪਿਛਲੀ ਸਦੀ ਨੂੰ ਆਕਾਰ ਦਿੱਤਾ ਅਤੇ ਦੁਨੀਆ ਦੀ ਕਿਸਮਤ ਤੇਲ ਦੇ ਖੂਹਾਂ ਤੋਂ ਤੈਅ ਹੁੰਦੀ ਹੈ। ਆਲਮੀ ਅਰਥਵਿਵਸਥਾ ਵਿੱਚ ਉਤਾਰ-ਚੜ੍ਹਾਅ ਇਸ ਗੱਲ 'ਤੇ ਨਿਰਭਰ ਕਰਦਾ ਸੀ ਕਿ ਇਨ੍ਹਾਂ ਖੂਹਾਂ ਤੋਂ ਕਿੰਨਾ ਪੈਟਰੋਲੀਅਮ ਕੱਢਿਆ ਗਿਆ ਸੀ। ਹਾਲਾਂਕਿ, 21ਵੀਂ ਸਦੀ ਦੀ ਸ਼ਕਤੀ ਹੁਣ ਛੋਟੀ ਚਿਪਸ ਵਿੱਚ ਕੇਂਦ੍ਰਿਤ ਹੈ। ਆਕਾਰ ਵਿੱਚ ਛੋਟੇ ਹੋਣ ਦੇ ਬਾਵਜੂਦ, ਇਹ ਚਿਪਸ ਆਲਮੀ ਪ੍ਰਗਤੀ ਨੂੰ ਤੇਜ਼ੀ ਨਾਲ ਵਧਾਉਣ ਦੀ ਸਮਰੱਥਾ ਰੱਖਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਗਲੋਬਲ ਸੈਮੀਕੰਡਕਟਰ ਬਜ਼ਾਰ ਪਹਿਲਾਂ ਹੀ 600 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਇਸ ਦੇ 1 ਟ੍ਰਿਲੀਅਨ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਜਿਸ ਗਤੀ ਨਾਲ ਭਾਰਤ ਸੈਮੀਕੰਡਕਟਰ ਖੇਤਰ ਵਿੱਚ ਅੱਗੇ ਵਧ ਰਿਹਾ ਹੈ, ਉਸ ਨੂੰ ਦੇਖਦੇ ਹੋਏ, ਇਸ 1 ਟ੍ਰਿਲੀਅਨ ਡਾਲਰ ਦੇ ਬਜ਼ਾਰ ਵਿੱਚ ਭਾਰਤ ਦੀ ਮਹੱਤਵਪੂਰਨ ਹਿੱਸੇਦਾਰੀ ਹੋਵੇਗੀ।
ਭਾਰਤ ਦੀ ਤੇਜ਼ ਪ੍ਰਗਤੀ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਸਾਲ 2021 ਵਿੱਚ ਸੈਮੀਕੌਨ ਇੰਡੀਆ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ 2023 ਤੱਕ, ਭਾਰਤ ਦੇ ਪਹਿਲੇ ਸੈਮੀਕੰਡਕਟਰ ਪਲਾਂਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਾਲ 2024 ਵਿੱਚ ਕਈ ਹੋਰ ਪਲਾਂਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਸਾਲ 2025 ਵਿੱਚ ਪੰਜ ਹੋਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ, ਦਸ ਸੈਮੀਕੰਡਕਟਰ ਪ੍ਰੋਜੈਕਟਸ ਇਸ ਸਮੇਂ ਚੱਲ ਰਹੇ ਹਨ, ਜਿਨ੍ਹਾਂ ਵਿੱਚ 18 ਬਿਲੀਅਨ ਡਾਲਰ ਤੋਂ ਵੱਧ ਯਾਨੀ 1.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਭਾਰਤ ਵਿੱਚ ਵਧ ਰਹੇ ਆਲਮੀ ਵਿਸ਼ਵਾਸ ਨੂੰ ਦਰਸਾਉਂਦਾ ਹੈ। ਸੈਮੀਕੰਡਕਟਰ ਸੈਕਟਰ ਵਿੱਚ ਗਤੀ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਫਾਈਲ ਤੋਂ ਫੈਕਟਰੀ ਤੱਕ ਦਾ ਸਮਾਂ ਜਿੰਨਾ ਘੱਟ ਹੋਵੇਗਾ ਅਤੇ ਕਾਗਜ਼ੀ ਕਾਰਵਾਈ ਓਨੀ ਹੀ ਘੱਟ ਹੋਵੇਗੀ, ਵੇਫਰ ਦਾ ਕੰਮ ਓਨੀ ਹੀ ਜਲਦੀ ਸ਼ੁਰੂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ। ਇੱਕ ਰਾਸ਼ਟਰੀ ਸਿੰਗਲ ਵਿੰਡੋ ਸਿਸਟਮ ਸਥਾਪਿਤ ਕੀਤਾ ਗਿਆ ਹੈ, ਜੋ ਕੇਂਦਰ ਅਤੇ ਰਾਜਾਂ ਦੋਵਾਂ ਤੋਂ ਸਾਰੀਆਂ ਪ੍ਰਵਾਨਗੀਆਂ ਇੱਕ ਥਾਂ 'ਤੇ ਪ੍ਰਾਪਤ ਕਰਨ ਦੇ ਯੋਗ ਬਣਾਏਗਾ। ਨਤੀਜੇ ਵਜੋਂ, ਨਿਵੇਸ਼ਕਾਂ ਨੂੰ ਲੰਬੀਆਂ ਕਾਗਜ਼ੀ ਕਾਰਵਾਈਆਂ ਤੋਂ ਮੁਕਤ ਕੀਤਾ ਗਿਆ ਹੈ, ਉਨ੍ਹਾਂ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿੱਚ ਸੈਮੀਕੰਡਕਟਰ ਪਾਰਕ ਇੱਕ ਪਲੱਗ-ਐਂਡ-ਪਲੇਅ ਬੁਨਿਆਦੀ ਢਾਂਚੇ ਦੇ ਮਾਡਲ ਦੇ ਤਹਿਤ ਵਿਕਸਿਤ ਕੀਤੇ ਜਾ ਰਹੇ ਹਨ, ਜੋ ਜ਼ਮੀਨ, ਬਿਜਲੀ ਸਪਲਾਈ, ਬੰਦਰਗਾਹ ਅਤੇ ਹਵਾਈ ਅੱਡੇ ਦੀ ਕਨੈਕਟੀਵਿਟੀ ਅਤੇ ਕੁਸ਼ਲ ਕਾਮਿਆਂ ਦੇ ਪੂਲ ਤੱਕ ਪਹੁੰਚ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਜਿਹੇ ਬੁਨਿਆਦੀ ਢਾਂਚੇ ਨੂੰ ਪ੍ਰੋਤਸਾਹਨ ਨਾਲ ਜੋੜਿਆ ਜਾਂਦਾ ਹੈ, ਤਾਂ ਉਦਯੋਗਿਕ ਵਿਕਾਸ ਅਟੱਲ ਹੁੰਦਾ ਹੈ। ਭਾਵੇਂ ਪੀਐੱਲਆਈ ਪ੍ਰੋਤਸਾਹਨਾਂ ਰਾਹੀਂ ਹੋਵੇ ਜਾਂ ਡਿਜ਼ਾਈਨ ਲਿੰਕਡ ਗ੍ਰਾਂਟਾਂ ਰਾਹੀਂ, ਭਾਰਤ ਸ਼ੁਰੂਆਤ ਤੋਂ ਅੰਤ ਤੱਕ ਸਮਰੱਥਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੀ ਕਰਾਨ ਹੈ ਕਿ ਨਿਵੇਸ਼ ਦਾ ਪ੍ਰਵਾਹ ਜਾਰੀ ਹੈ। ਭਾਰਤ ਬੈਕਐਂਡ ਆਪ੍ਰੇਸ਼ਨ ਤੋਂ ਅੱਗੇ ਵਧ ਕੇ ਇੱਕ ਫੁੱਲ-ਸਟੈਕ ਸੈਮੀਕੰਡਕਟਰ ਰਾਸ਼ਟਰ ਬਣਨ ਵੱਲ ਅਗ੍ਰਸਰ ਆਪਣੇ ਦ੍ਰਿਸ਼ਟੀਕੋਣ ‘ਤੇ ਵਿਚਾਰ ਪ੍ਰਗਟ ਕਰਦੇ ਹੋਏ, ਸ਼੍ਰੀ ਮੋਦੀ ਨੇ ਦੁਹਰਾਇਆ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੀ ਸਭ ਤੋਂ ਛੋਟੀ ਚਿਪ ਦੁਨੀਆ ਦੇ ਸਭ ਤੋਂ ਵੱਡੇ ਪਰਿਵਰਤਨ ਦੀ ਨੀਂਹ ਰੱਖੇਗੀ। ਉਨ੍ਹਾਂ ਕਿਹਾ ਕਿ ਸਾਡੀ ਯਾਤਰਾ ਦੇਰ ਨਾਲ ਸ਼ੁਰੂ ਹੋਈ, ਪਰ ਹੁਣ ਸਾਨੂੰ ਕੋਈ ਨਹੀਂ ਰੋਕ ਸਕਦਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸੀਜੀ ਪਾਵਰ ਦੇ ਪਾਇਲਟ ਪਲਾਂਟ ਨੇ 28 ਅਗਸਤ ਨੂੰ ਕੰਮ ਸ਼ੁਰੂ ਕਰ ਦਿੱਤਾ ਹੈ, ਯਾਨੀ ਸਿਰਫ਼ 4-5 ਦਿਨ ਪਹਿਲਾਂ। ਉਨ੍ਹਾਂ ਕਿਹਾ ਕਿ ਕੀਨਜ਼ ਦਾ ਪਾਇਲਟ ਪਲਾਂਟ ਵੀ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਮਾਈਕ੍ਰੋਨ ਅਤੇ ਟਾਟਾ ਦੇ ਟੈਸਟ ਚਿਪਸ ਪਹਿਲਾਂ ਹੀ ਉਤਪਾਦਨ ਵਿੱਚ ਹਨ। ਉਨ੍ਹਾਂ ਨੇ ਦੁਹਰਾਇਆ ਕਿ ਇਸ ਵਰ੍ਹੇ ਵਪਾਰਕ ਚਿਪ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ, ਜੋ ਕਿ ਸੈਮੀਕੰਡਕਟਰ ਖੇਤਰ ਵਿੱਚ ਭਾਰਤ ਦੀ ਤੇਜ਼ ਪ੍ਰਗਤੀ ਨੂੰ ਦਰਸਾਉਂਦਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਸੈਮੀਕੰਡਕਟਰ ਸਫ਼ਲਤਾ ਦੀ ਕਹਾਣੀ ਕਿਸੇ ਇੱਕ ਕਾਰਜਖੇਤਰ ਜਾਂ ਇੱਕ ਸਿੰਗਲ ਟੈਕਨੋਲੋਜੀ ਤੱਕ ਸੀਮਿਤ ਨਹੀਂ ਹੈ। ਭਾਰਤ ਇੱਕ ਵਿਆਪਕ ਈਕੋਸਿਸਟਮ ਦਾ ਨਿਰਮਾਣ ਕਰ ਰਿਹਾ ਹੈ - ਜਿਸ ਵਿੱਚ ਡਿਜ਼ਾਈਨਿੰਗ, ਨਿਰਮਾਣ, ਪੈਕੇਜਿੰਗ ਅਤੇ ਉੱਚ-ਤਕਨੀਕ ਵਾਲੇ ਉਪਕਰਣ, ਸਾਰੇ ਦੇਸ਼ਾਂ ਦੇ ਅੰਦਰ ਹੀ ਸ਼ਾਮਲ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸੈਮੀਕੰਡਕਟਰ ਮਿਸ਼ਨ ਸਿਰਫ਼ ਇੱਕ ਫੈਬ ਸਥਾਪਿਤ ਕਰਨ ਜਾਂ ਇੱਕ ਚਿਪ ਬਣਾਉਣ ਤੱਕ ਹੀ ਸੀਮਤ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਦਾ ਨਿਰਮਾਣ ਕਰ ਰਿਹਾ ਹੈ ਜੋ ਦੇਸ਼ ਨੂੰ ਆਤਮ-ਨਿਰਭਰ ਅਤੇ ਆਲਮੀ ਪੱਧਰ 'ਤੇ ਪ੍ਰਤੀਯੋਗੀ ਬਣਾਏਗਾ।
ਭਾਰਤ ਦੇ ਸੈਮੀਕੰਡਕਟਰ ਮਿਸ਼ਨ ਦੀ ਇੱਕ ਹੋਰ ਮੁੱਖ ਵਿਸ਼ੇਸ਼ਤਾ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਇਸ ਖੇਤਰ ਵਿੱਚ ਦੁਨੀਆ ਦੀਆਂ ਸਭ ਤੋਂ ਉੱਨਤ ਟੈਕਨੋਲੋਜੀਆਂ ਦੇ ਨਾਲ-ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਧਿਆਨ ਘਰੇਲੂ ਤੌਰ 'ਤੇ ਨਿਰਮਿਤ ਚਿਪਸ ਰਾਹੀਂ ਉੱਭਰ ਰਹੀਆਂ ਟੈਕਨੋਲੋਜੀਆਂ ਨੂੰ ਸਸ਼ਕਤ ਬਣਾਉਣ 'ਤੇ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਨੋਇਡਾ ਅਤੇ ਬੰਗਲੁਰੂ ਵਿੱਚ ਵਿਕਸਿਤ ਕੀਤੇ ਜਾ ਰਹੇ ਡਿਜ਼ਾਈਨ ਸੈਂਟਰ ਦੁਨੀਆ ਦੀਆਂ ਕੁਝ ਸਭ ਤੋਂ ਅਡਵਾਂਸਡ ਚਿਪਸ 'ਤੇ ਕੰਮ ਕਰ ਰਹੇ ਹਨ - ਜੋ ਅਰਬਾਂ ਟਰਾਂਜ਼ਿਸਟਰਾਂ ਨੂੰ ਸਟੋਰ ਕਰਨ ਦੇ ਸਮਰੱਥ ਹਨ। ਉਨ੍ਹਾਂ ਨੇ ਕਿਹਾ ਕਿ ਇਹ ਚਿਪਸ 21ਵੀਂ ਸਦੀ ਦੀਆਂ ਵਿਆਪਕ ਟੈਕਨੋਲੋਜੀਆਂ ਨੂੰ ਸ਼ਕਤੀ ਪ੍ਰਦਾਨ ਕਰਨਗੇ। ਗਲੋਬਲ ਸੈਮੀਕੰਡਕਟਰ ਸੈਕਟਰ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਭਾਰਤ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਵਿੱਚ ਉੱਚੀਆਂ ਇਮਾਰਤਾਂ ਅਤੇ ਪ੍ਰਭਾਵਸ਼ਾਲੀ ਫਿਜ਼ੀਕਲ ਇਨਫ੍ਰਾਸਟ੍ਰਕਚਰ ਦਿਖਦੇ ਹਨ, ਪਰ ਉਨ੍ਹਾਂ ਦੀ ਨੀਂਹ ਸਟੀਲ 'ਤੇ ਟਿਕੀ ਹੋਈ ਹੈ। ਇਸੇ ਤਰ੍ਹਾਂ, ਭਾਰਤ ਦੇ ਡਿਜੀਟਲ ਬੁਨਿਆਦੀ ਢਾਂਚੇ ਦੀ ਨੀਂਹ ਮਹੱਤਵਪੂਰਨ ਖਣਿਜਾਂ 'ਤੇ ਟਿਕੀ ਹੋਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਰਤਮਾਨ ਸਮੇਂ ਰਾਸ਼ਟਰੀ ਮਹੱਤਵਪੂਰਨ ਖਣਿਜ ਮਿਸ਼ਨ 'ਤੇ ਕੰਮ ਕਰ ਰਿਹਾ ਹੈ ਅਤੇ ਘਰੇਲੂ ਤੌਰ 'ਤੇ ਦੁਰਲਭ ਖਣਿਜਾਂ ਦੀ ਆਪਣੀ ਮੰਗ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਵਰ੍ਹਿਆਂ ਵਿੱਚ, ਮਹੱਤਵਪੂਰਨ ਖਣਿਜ ਪ੍ਰੋਜੈਕਟਾਂ 'ਤੇ ਜ਼ਿਕਰਯੋਗ ਪ੍ਰਗਤੀ ਹੋਈ ਹੈ।
ਸੈਮੀਕੰਡਕਟਰ ਸੈਕਟਰ ਦੇ ਵਿਕਾਸ ਵਿੱਚ ਸਟਾਰਟ-ਅੱਪਸ ਅਤੇ ਐੱਮਐੱਸਐੱਮਈਜ਼ ਦੀ ਮਹੱਤਵਪੂਰਨ ਭੂਮਿਕਾ ਦੀ ਕਲਪਨਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਭਾਰਤ ਦੁਨੀਆ ਦੀ ਸੈਮੀਕੰਡਕਟਰ ਡਿਜ਼ਾਈਨ ਪ੍ਰਤਿਭਾ ਦਾ 20 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ ਅਤੇ ਦੇਸ਼ ਦੇ ਨੌਜਵਾਨ ਸੈਮੀਕੰਡਕਟਰ ਉਦਯੋਗ ਲਈ ਸਭ ਤੋਂ ਵੱਡੀ ਮਨੁੱਖੀ ਕਿਰਤ ਪੂੰਜੀ ਕਾਰਖਾਨੇ ਦੀ ਪ੍ਰਤੀਨਿਧਤਾ ਕਰਦੇ ਹਨ। ਨੌਜਵਾਨ ਉੱਦਮੀਆਂ, ਇਨੋਵੇਟਰਾਂ ਅਤੇ ਸਟਾਰਟ-ਅੱਪਸ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਅੱਗੇ ਆਉਣ ਦੀ ਅਪੀਲ ਕਰਦੇ ਹੋਏ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਡਿਜ਼ਾਈਨ ਲਿੰਕਡ ਇਨਸੈਂਟਿਵ ਸਕੀਮ ਅਤੇ ਚਿਪ-ਟੂ-ਸਟਾਰਟਅੱਪ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਉਨ੍ਹਾਂ ਲਈ ਤਿਆਰ ਕੀਤੇ ਗਏ ਹਨ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਡਿਜ਼ਾਈਨ ਲਿੰਕਡ ਇਨਸੈਂਟਿਵ ਸਕੀਮ ਨੂੰ ਇਸ ਦੇ ਉਦੇਸ਼ਾਂ ਦੀ ਬਿਹਤਰ ਢੰਗ ਨਾਲ ਪੂਰਤੀ ਲਈ ਪੁਨਰਗਠਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਖੇਤਰ ਵਿੱਚ ਭਾਰਤੀ ਬੌਧਿਕ ਸੰਪਦਾ (ਆਈਪੀ) ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਰਾਸ਼ਟਰੀ ਖੋਜ ਫੰਡ ਵੀ ਰਣਨੀਤਕ ਗਠਜੋੜ ਰਾਹੀਂ ਇਸ ਯਤਨ ਦਾ ਸਮਰਥਨ ਕਰੇਗਾ। ਕਈ ਰਾਜਾਂ ਦੀ ਸੈਮੀਕੰਡਕਟਰ ਮਿਸ਼ਨ ਵਿੱਚ ਸਰਗਰਮ ਭਾਗੀਦਾਰੀ ਅਤੇ ਇਸ ਖੇਤਰ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਗਈਆਂ ਨੀਤੀਆਂ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜ ਸਮਰਪਿਤ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ। ਉਨ੍ਹਾਂ ਨੇ ਸਾਰੇ ਰਾਜਾਂ ਨੂੰ ਇੱਕ ਦੂਜੇ ਨਾਲ ਸੈਮੀਕੰਡਕਟਰ ਈਕੋਸਿਸਟਮ ਬਣਾਉਣ ਅਤੇ ਆਪਣੇ ਖੇਤਰਾਂ ਵਿੱਚ ਨਿਵੇਸ਼ ਦੇ ਵਾਤਾਵਰਣ ਨੂੰ ਵਧਾਉਣ ਲਈ ਇੱਕ ਦੂਜੇ ਨਾਲ ਸਿਹਤਮੰਦ ਮੁਕਾਬਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਭਾਰਤ ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀ ਦੇ ਮੰਤਰ ‘ਤੇ ਚੱਲ ਕੇ ਇਸ ਮੁਕਾਮ 'ਤੇ ਪਹੁੰਚਿਆ ਹੈ। ਅਗਲੀ ਪੀੜ੍ਹੀ ਦੇ ਸੁਧਾਰਾਂ ਦਾ ਇੱਕ ਨਵਾਂ ਪੜਾਅ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਮਿਸ਼ਨ ਦੇ ਅਗਲੇ ਪੜਾਅ ‘ਤੇ ਕੰਮ ਚੱਲ ਰਿਹਾ ਹੈ। ਮੌਜੂਦ ਸਾਰੇ ਨਿਵੇਸ਼ਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਉਨ੍ਹਾਂ ਦਾ ਸਵਾਗਤ ਕਰਨ ਲਈ ਭਾਰਤ ਦੀ ਤਿਆਰੀ ਵਿਅਕਤ ਕਰਦੇ ਹੋਏ ਕਿਹਾ ਕਿ ਡਿਜ਼ਾਈਨ ਤਿਆਰ ਹੈ। ਮਾਸਕ ਇਕਸਾਰ ਹੈ। ਹੁਣ ਸਟੀਕ ਲਾਗੂਕਰਣ ਅਤੇ ਵੱਡੇ ਪੱਧਰ 'ਤੇ ਡਿਲੀਵਰੀ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਨੀਤੀਆਂ ਥੋੜ੍ਹੇ ਸਮੇਂ ਦੇ ਸੰਕੇਤ ਨਹੀਂ, ਸਗੋਂ ਲੰਬੇ ਸਮੇਂ ਦੀਆਂ ਵਚਨਬੱਧਤਾਵਾਂ ਹਨ ਅਤੇ ਭਰੋਸਾ ਦਿੱਤਾ ਕਿ ਹਰੇਕ ਨਿਵੇਸ਼ਕ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਕਹੇਗੀ: ਭਾਰਤ ਵਿੱਚ ਡਿਜ਼ਾਈਨ ਕੀਤੇ, ਭਾਰਤ ਵਿੱਚ ਬਣਾਏ ਗਏ, ਦੁਨੀਆ ਦੁਆਰਾ ਭਰੋਸੇਯੋਗ ਹਨ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਇਸ ਕਾਮਨਾ ਨਾਲ ਕੀਤੀ ਕਿ ਭਾਰਤ ਦੇ ਯਤਨਾਂ ਦਾ ਹਰ ਹਿੱਸਾ ਸਫਲ ਹੋਵੇ, ਹਰ ਬਾਈਟ ਇਨੋਵੇਸ਼ਨ ਨਾਲ ਭਰੀ ਹੋਵੇ, ਅਤੇ ਇਹ ਯਾਤਰਾ ਗਲਤੀ-ਮੁਕਤ ਅਤੇ ਉੱਚ-ਪ੍ਰਦਰਸ਼ਨ ਵਾਲੀ ਰਹੇ।
ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਸ਼੍ਰੀ ਜਤਿਨ ਪ੍ਰਸਾਦ, ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਣ ਮਾਝੀ ਸਹਿਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਸੈਮੀਕੌਨ ਇੰਡੀਆ-2025, 2 ਤੋਂ 4 ਸਤੰਬਰ ਤੱਕ ਚੱਲਣ ਵਾਲਾ ਤਿੰਨ ਦਿਨਾਂ ਕਾਨਫਰੰਸ ਹੈ। ਇਹ ਭਾਰਤ ਵਿੱਚ ਇੱਕ ਮਜ਼ਬੂਤ, ਉਦਾਰ ਅਤੇ ਦੀਰਘਕਾਲੀ ਸੈਮੀਕੰਡਕਟਰ ਈਕੋਸਿਸਟਮ ਨੂੰ ਅੱਗੇ ਵਧਾਉਣ ‘ਤੇ ਕੇਂਦ੍ਰਿਤ ਹੋਵੇਗਾ। ਇਸ ਵਿੱਚ ਸੈਮੀਕੌਨ ਇੰਡੀਆ ਪ੍ਰੋਗਰਾਮ ਦੀ ਪ੍ਰਗਤੀ, ਸੈਮੀਕੰਡਕਟਰ ਫੈਬ ਅਤੇ ਅਡਵਾਂਸਡ ਪੈਕੇਜ਼ਿੰਗ ਪ੍ਰੋਜੈਕਟਾਂ, ਇਨਫ੍ਰਾਸਟ੍ਰਕਚਰ ਦੀ ਤਿਆਰੀ, ਸਮਾਰਟ ਮੈਨੂਫੈਕਚਰਿੰਗ, ਖੋਜ ਅਤੇ ਵਿਕਾਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਇਨੋਵੇਸ਼ਨ, ਨਿਵੇਸ਼ ਦੇ ਅਵਸਰ, ਰਾਜ ਪੱਧਰੀ ਨੀਤੀ ਲਾਗੂਕਰਣ ਆਦਿ ‘ਤੇ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਇਸ ਪ੍ਰੋਗਰਾਮ ਵਿੱਚ ਡਿਜ਼ਾਈਨ ਲਿੰਕਡ ਇਨਸੈਂਟਿਵ (ਡੀਐੱਲਆਈ) ਯੋਜਨਾ ਦੇ ਤਹਿਤ ਪਹਿਲਕਦਮੀਆਂ, ਸਟਾਰਟਅੱਪਸ ਈਕੋਸਿਸਟਮ ਦੇ ਵਿਕਾਸ, ਅੰਤਰਰਾਸ਼ਟਰੀ ਸਹਿਯੋਗ ਅਤੇ ਭਾਰਤ ਦੇ ਸੈਮੀਕੰਡਕਟਰ ਖੇਤਰ ਦੇ ਵਿਕਾਸ ਦੇ ਭਵਿੱਖ ਦੇ ਰੋਡਮੈਪ ਦਾ ਵੀ ਜ਼ਿਕਰ ਕੀਤਾ ਜਾਵੇਗਾ।
ਇਸ ਵਿੱਚ 20,750 ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈਣਗੇ, ਜਿਨ੍ਹਾਂ ਵਿੱਚ 48 ਤੋਂ ਵੱਧ ਦੇਸ਼ਾਂ ਦੇ 2,500 ਤੋਂ ਵੱਧ ਵਫ਼ਦ, 50 ਜ਼ਿਆਦਾ ਆਲਮੀ ਨੇਤਾਵਾਂ ਸਮੇਤ 150 ਤੋਂ ਵੱਧ ਸਪੀਕਰਸ ਅਤੇ 350 ਤੋਂ ਵੱਧ ਪ੍ਰਦਰਸ਼ਕ ਸ਼ਾਮਲ ਹੋਣਗੇ। ਇਸ ਵਿੱਚ 6 ਦੇਸ਼ਾਂ ਦੀਆਂ ਗੋਲਮੇਜ਼ ਚਰਚਾਵਾਂ, ਦੇਸ਼-ਪੱਧਰੀ ਮੰਡਪ ਅਤੇ ਕਾਰਜਬਲ ਵਿਕਾਸ ਅਤੇ ਸਟਾਰਟਅੱਪਸ ਲਈ ਸਮਰਪਿਤ ਮੰਡਪ ਵੀ ਸ਼ਾਮਲ ਹੋਣਗੇ।
***
ਐੱਮਜੇਪੀਐੱਸ/ਐੱਸਆਰ
(Release ID: 2163190)
Visitor Counter : 5
Read this release in:
Telugu
,
English
,
Urdu
,
Marathi
,
हिन्दी
,
Nepali
,
Bengali
,
Assamese
,
Manipuri
,
Bengali-TR
,
Gujarati
,
Odia
,
Tamil
,
Kannada
,
Malayalam