ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ, ਗੁਜਰਾਤ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ


ਸੁਦਰਸ਼ਨ ਚਕ੍ਰਧਾਰੀ ਮੋਹਨ ਅਤੇ ਚਰਖਾਧਾਰੀ ਮੋਹਨ ਦੇ ਦਿਖਾਏ ਮਾਰਗ ‘ਤੇ ਚਲ ਕੇ ਭਾਰਤ ਅੱਜ ਹੋਰ ਵੀ ਸਸ਼ਕਤ ਹੋ ਰਿਹਾ ਹੈ: ਪ੍ਰਧਾਨ ਮੰਤਰੀ

ਅੱਜ, ਅੱਤਵਾਦੀਆਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ, ਭਾਵੇਂ ਉਹ ਕਿਤੇ ਵੀ ਛਿਪੇ ਹੋਣ, ਛੱਡਿਆ ਨਹੀਂ ਜਾਂਦਾ: ਪ੍ਰਧਾਨ ਮੰਤਰੀ

ਸਾਡੀ ਸਰਕਾਰ ਲਘੂ ਉੱਦਮੀਆਂ, ਕਿਸਾਨਾਂ ਜਾਂ ਪਸ਼ੂਪਾਲਕਾਂ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਵੇਗੀ: ਪ੍ਰਧਾਨ ਮੰਤਰੀ

ਅੱਜ, ਗੁਜਰਾਤ ਦੀ ਧਰਤੀ ‘ਤੇ ਹਰ ਪ੍ਰਕਾਰ ਦੇ ਉਦਯੋਗਾਂ ਦਾ ਵਿਸਤਾਰ ਹੋ ਰਿਹਾ ਹੈ: ਪ੍ਰਧਾਨ ਮੰਤਰੀ

ਨਵ-ਮੱਧ ਵਰਗ ਅਤੇ ਮੱਧ ਵਰਗ, ਦੋਨਾਂ ਨੂੰ ਸਸ਼ਕਤ ਬਣਾਉਣ ਦਾ ਅਸੀਂ ਨਿਰੰਤਰ ਯਤਨ ਕਰ ਰਹੇ ਹਾਂ: ਪ੍ਰਧਾਨ ਮੰਤਰੀ

ਇਸ ਦੀਵਾਲੀ, ਭਾਵੇਂ ਉਹ ਵਪਾਰਕ ਭਾਈਚਾਰੇ ਹੋਣ ਜਾਂ ਹੋਰ ਪਰਿਵਾਰ, ਸਾਰਿਆਂ ਨੂੰ ਖੁਸ਼ੀਆਂ ਦਾ ਦੁੱਗਣਾ ਲਾਭ ਮਿਲੇਗਾ: ਪ੍ਰਧਾਨ ਮੰਤਰੀ

ਤਿਉਹਾਰਾਂ ਦੇ ਮੌਸਮ ਵਿੱਚ ਘਰ ਵਿੱਚ ਖਰੀਦੀ ਗਈ ਸਾਰੀ ਖਰੀਦਾਰੀ, ਤੋਹਫ਼ੇ ਅਤੇ ਸਜਾਵਟ ਦੇ ਲਈ ਲਿਆਂਦਿਆ ਗਿਆ ਸਾਰਾ ਸਾਮਾਨ, ਭਾਰਤ ਵਿੱਚ ਬਣਿਆ ਹੋਵੇ: ਪ੍ਰਧਾਨ ਮੰਤਰੀ

Posted On: 25 AUG 2025 9:04PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ। ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਇਸ ਸਮੇਂ ਗਣੇਸ਼ਉਤਸਵ ਦੇ ਉਤਸ਼ਾਹ ਵਿੱਚ ਡੁੱਬਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਗਣਪਤੀ ਬੱਪਾ ਦੇ ਅਸ਼ੀਰਵਾਦ ਨਾਲ, ਅੱਜ ਗੁਜਰਾਤ ਦੀ ਪ੍ਰਗਤੀ ਨਾਲ ਜੁੜੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਦੇ ਚਰਣਾਂ ਵਿੱਚ ਕਈ ਪ੍ਰੋਜੈਕਟ ਸਮਰਪਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਵਿਕਾਸ ਪਹਿਲਕਦਮੀਆਂ ਦੇ ਲਈ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।

ਇਸ ਮੌਨਸੂਨ ਸੀਜ਼ਨ ਵਿੱਚ, ਗੁਜਰਾਤ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਭਾਰਤ ਦੇ ਕੁਝ ਹਿੱਸਿਆਂ ਵਿੱਚ ਬੱਦਲ ਫਟਣ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਸਾਰੇ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਕੁਦਰਤ ਦਾ ਇਹ ਕਹਿਰ ਪੂਰੇ ਦੇਸ਼ ਲਈ ਇੱਕ ਚੁਣੌਤੀ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ, ਸਾਰੀਆਂ ਰਾਜ ਸਰਕਾਰਾਂ ਦੇ ਸਹਿਯੋਗ ਨਾਲ, ਰਾਹਤ ਅਤੇ ਬਚਾਅ ਕਾਰਜ ਸਰਗਰਮੀ ਨਾਲ ਚਲਾ ਰਹੀ ਹੈ।

ਗੁਜਰਾਤ ਨੂੰ ਦੋ ਮੋਹਨਾਂ ਦੀ ਧਰਤੀ ਦੱਸਦਿਆਂ, ਪ੍ਰਧਾਨ ਮੰਤਰੀ ਨੇ ਪਹਿਲੇ ਮੋਹਨ ਨੂੰ ਸੁਦਰਸ਼ਨ ਚਕ੍ਰਧਾਰੀ - ਦਵਾਰਕਾਧੀਸ਼ ਸ਼੍ਰੀ ਕ੍ਰਿਸ਼ਣ ਵਜੋਂ ਦਰਸਾਇਆ। ਉਨ੍ਹਾਂ ਨੇ ਦੂਜੇ ਮੋਹਨ ਨੂੰ ਚਰਖਾਧਾਰੀ - ਸਾਬਰਮਤੀ ਦੇ ਸੰਤ, ਪੂਜਯ ਬਾਪੂ ਵਜੋਂ ਦਰਸਾਇਆ। ਸ਼੍ਰੀ ਮੋਦੀ ਨੇ ਕਿਹਾ, " ਸੁਦਰਸ਼ਨ ਚਕ੍ਰਧਾਰੀ ਮੋਹਨ ਅਤੇ ਚਰਖਾਧਾਰੀ ਮੋਹਨ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲ ਕੇ, ਭਾਰਤ ਅੱਜ ਹੋਰ ਵੀ ਮਜ਼ਬੂਤ ​​ਹੋ ਰਿਹਾ ਹੈ।" ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਸੁਦਰਸ਼ਨ-ਚਕ੍ਰਧਾਰੀ ਮੋਹਨ ਨੇ ਸਾਨੂੰ ਸਿਖਾਇਆ ਕਿ ਕਿਵੇਂ ਅਸੀਂ ਰਾਸ਼ਟਰ ਅਤੇ ਸਮਾਜ ਦੀ ਰੱਖਿਆ ਕਰ ਸਕਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਸੁਦਰਸ਼ਨ ਚਕ੍ਰ ਨਿਆਂ ਅਤੇ ਸੁਰੱਖਿਆ ਦੀ ਢਾਲ ਬਣ ਗਿਆ ਹੈ - ਜੋ ਪਾਤਾਲ ਵਿੱਚ ਛਿਪੇ ਦੁਸ਼ਮਣਾਂ ਨੂੰ ਵੀ ਸਜ਼ਾ ਦੇਣ ਵਿੱਚ ਸਮਰੱਥ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹੀ ਭਾਵਨਾ ਅੱਜ ਭਾਰਤ ਦੇ ਫੈਸਲਿਆਂ ਵਿੱਚ ਵੀ ਝਲਕਦੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਭਾਰਤ ਅੱਤਵਾਦੀਆਂ ਜਾਂ ਉਨ੍ਹਾਂ ਦੇ ਮਾਲਕਾਂ ਨੂੰ ਨਹੀਂ ਬਖਸ਼ਦਾ, ਭਾਵੇਂ ਉਹ ਕਿਤੇ ਵੀ ਛਿਪੇ ਹੋਣ। ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਨੇ ਦੇਖਿਆ ਹੈ ਕਿ ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਕਿਵੇਂ ਲਿਆ। ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਨੂੰ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਸੁਦਰਸ਼ਨ-ਚਕ੍ਰਧਾਰੀ ਮੋਹਨ ਤੋਂ ਪ੍ਰੇਰਿਤ ਰਾਸ਼ਟਰ ਦੇ ਸੰਕਲਪ ਦਾ ਪ੍ਰਤੀਕ ਦੱਸਿਆ।

ਸਵਦੇਸ਼ੀ ਦੇ ਮਾਧਿਅਮ ਰਾਹੀਂ ਭਾਰਤ ਦੀ ਸਮ੍ਰਿੱਧੀ ਦਾ ਰਾਹ ਦਿਖਾਉਣ ਵਾਲੇ ਚਰਖਾਧਾਰੀ ਮੋਹਨ - ਪੂਜਯ ਬਾਪੂ - ਦੀ ਵਿਰਾਸਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਬਰਮਤੀ ਆਸ਼ਰਮ ਉਸ ਪਾਰਟੀ ਦੇ ਕਾਰਜਾਂ ਅਤੇ ਨਾਕਾਮੀਆਂ ਦਾ ਗਵਾਹ ਹੈ ਜਿਸ ਨੇ ਬਾਪੂ ਦੇ ਨਾਮ 'ਤੇ ਦਹਾਕਿਆਂ ਤੱਕ ਸੱਤਾ ਦਾ ਆਨੰਦ ਮਾਣਿਆ। ਉਨ੍ਹਾਂ ਨੇ ਸਵਾਲ ਕੀਤਾ ਕਿ ਉਸ ਪਾਰਟੀ ਨੇ ਸਵਦੇਸ਼ੀ ਦੇ ਮੰਤਰ ਨਾਲ ਕੀ ਕੀਤਾ। ਸੱਠ ਤੋਂ ਪੈਂਹਠ (60-65) ਵਰ੍ਹਿਆਂ ਤੱਕ ਦੇਸ਼ 'ਤੇ ਰਾਜ ਕਰਨ ਵਾਲੀ ਅਤੇ ਭਾਰਤ ਨੂੰ ਵਿਦੇਸ਼ੀ ਦੇਸ਼ਾਂ 'ਤੇ ਨਿਰਭਰ ਰੱਖਣ ਵਾਲੀ ਪਾਰਟੀ ਦੀ ਆਲੋਚਨਾ ਕਰਦੇ ਹੋਏ, ਸ਼੍ਰੀ ਮੋਦੀ ਨੇ ਦੋਸ਼ ਲਗਾਇਆ ਕਿ ਅਜਿਹਾ ਆਯਾਤ ਵਿੱਚ ਹੇਰਾਫੇਰੀ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਨੇ ਆਤਮ-ਨਿਰਭਰਤਾ ਨੂੰ ਵਿਕਸਿਤ ਰਾਸ਼ਟਰ ਦੇ ਨਿਰਮਾਣ ਦੀ ਨੀਂਹ ਬਣਾ ਦਿੱਤਾ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਆਪਣੇ ਕਿਸਾਨਾਂ, ਮਛੇਰਿਆਂ, ਪਸ਼ੂ ਪਾਲਕਾਂ ਅਤੇ ਉੱਦਮੀਆਂ ਦੀ ਤਾਕਤ ਰਾਹੀਂ ਇਸ ਰਾਹ 'ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਗੁਜਰਾਤ ਵਿੱਚ ਵੱਡੀ ਗਿਣਤੀ ਵਿੱਚ ਪਸ਼ੂ ਪਾਲਕ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਡੇਅਰੀ ਸੈਕਟਰ ਸ਼ਕਤੀ ਦਾ ਸਰੋਤ ਹੈ ਅਤੇ ਇਸ ਨੇ ਦੇਸ਼ ਨੂੰ ਇਸ ਖੇਤਰ ਵਿੱਚ ਆਤਮਨਿਰਭਰ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਦੁਨੀਆ ਆਰਥਿਕ ਸੁਆਰਥ ਤੋਂ ਪ੍ਰੇਰਿਤ ਰਾਜਨੀਤੀ ਦੇਖ ਰਹੀ ਹੈ। ਅਹਿਮਦਾਬਾਦ ਦੀ ਧਰਤੀ ਤੋਂ, ਸ਼੍ਰੀ ਮੋਦੀ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਛੋਟੇ ਉੱਦਮੀਆਂ, ਦੁਕਾਨਦਾਰਾਂ, ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਭਲਾਈ ਉਨ੍ਹਾਂ ਲਈ ਉੱਚਤਮ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਛੋਟੇ ਉੱਦਮੀਆਂ, ਕਿਸਾਨਾਂ ਜਾਂ ਪਸ਼ੂ ਪਾਲਕਾਂ ਦੇ ਹਿਤਾਂ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਵੇਗੀ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਗੁਜਰਾਤ ਆਤਮਨਿਰਭਰ ਭਾਰਤ ਅਭਿਯਾਨ ਨੂੰ ਤੇਜ਼ ਗਤੀ ਪ੍ਰਦਾਨ ਕਰ ਰਿਹਾ ਹੈ। ਇਹ ਪ੍ਰਗਤੀ ਦੋ ਦਹਾਕਿਆਂ ਦੇ ਸਮਰਪਿਤ ਯਤਨਾਂ ਦਾ ਨਤੀਜਾ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੇ ਉਹ ਦਿਨ ਨਹੀਂ ਦੇਖੇ ਹਨ, ਜਦੋਂ ਇਸ ਖੇਤਰ ਵਿੱਚ ਅਕਸਰ ਕਰਫਿਊ ਲਗਿਆ ਰਹਿੰਦਾ ਸੀ। ਇਹ ਯਾਦ ਕਰਦੇ ਹੋਏ ਕਿ ਵਪਾਰ ਅਤੇ ਕਾਰੋਬਾਰ ਕਰਨਾ ਬਹੁਤ ਮੁਸ਼ਕਿਲ ਹੋਇਆ ਕਰਦਾ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਸਮੇਂ ਅਸ਼ਾਂਤੀ ਦਾ ਮਾਹੌਲ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਾਲਾਂਕਿ, ਅੱਜ ਅਹਿਮਦਾਬਾਦ ਦੇਸ਼ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਇਸ ਤਬਦੀਲੀ ਨੂੰ ਸੰਭਵ ਬਣਾਉਣ ਦਾ ਕ੍ਰੈਡਿਟ ਇੱਥੇ ਦੇ ਲੋਕਾਂ ਨੂੰ ਦਿੱਤਾ।

ਗੁਜਰਾਤ ਵਿੱਚ ਸਥਾਪਿਤ ਸ਼ਾਂਤੀ ਅਤੇ ਸੁਰੱਖਿਆ ਦੇ ਮਾਹੌਲ ਦੇ ਰਾਜ ਭਰ ਵਿੱਚ ਸਕਾਰਾਤਮਕ ਨਤੀਜੇ ਮਿਲਣ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਅੱਜ, ਗੁਜਰਾਤ ਵਿੱਚ ਹਰ ਤਰ੍ਹਾਂ ਦੇ ਉਦਯੋਗਾਂ ਦਾ ਵਿਸਤਾਰ ਹੋ ਰਿਹਾ ਹੈ।" ਉਨ੍ਹਾਂ ਨੇ ਕਿਹਾ ਕਿ ਪੂਰਾ ਰਾਜ ਗੁਜਰਾਤ ਦੇ ਇੱਕ ਮੈਨੂਫੈਕਚਰਿੰਗ ਹੱਬ ਵਜੋਂ ਉੱਭਰਨ 'ਤੇ ਮਾਣ ਮਹਿਸੂਸ ਕਰਦਾ ਹੈ। ਦਾਹੋਦ ਦੇ ਆਪਣੇ ਹਾਲੀਆ ਦੌਰੇ ਨੂੰ ਯਾਦ ਕਰਦੇ ਹੋਏ, ਜਿੱਥੇ ਰੇਲ ਫੈਕਟਰੀ ਵਿੱਚ ਸ਼ਕਤੀਸ਼ਾਲੀ ਇਲੈਕਟ੍ਰਿਕ ਲੋਕੋਮੋਟਿਵ ਇੰਜਣ ਬਣਾਏ ਜਾ ਰਹੇ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਗੁਜਰਾਤ ਵਿੱਚ ਬਣੇ ਮੈਟ੍ਰੋ ਕੋਚ ਹੁਣ ਦੂਜੇ ਦੇਸ਼ਾਂ ਨੂੰ ਨਿਰਯਾਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਗੁਜਰਾਤ ਵਿੱਚ ਮੋਟਰਸਾਈਕਲਾਂ ਅਤੇ ਕਾਰਾਂ ਦਾ ਵੱਡੇ ਪੱਧਰ 'ਤੇ ਉਤਪਾਦਨ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਰਾਜ ਵਿੱਚ ਫੈਕਟਰੀਆਂ ਸਥਾਪਿਤ ਕਰ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਗੁਜਰਾਤ ਪਹਿਲਾਂ ਤੋਂ ਹੀ ਵੱਖ-ਵੱਖ ਜਹਾਜ਼ਾਂ ਦੇ ਕੰਪੋਨੈਂਟਸ ਦਾ ਉਤਪਾਦਨ ਅਤੇ ਨਿਰਯਾਤ ਕਰ ਰਿਹਾ ਹੈ।

ਉਨ੍ਹਾਂ ਨੇ ਐਲਾਨ ਕੀਤਾ ਕਿ ਵਡੋਦਰਾ ਨੇ ਹੁਣ ਟ੍ਰਾਂਸਪੋਰਟ ਜਹਾਜ਼ਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਗੁਜਰਾਤ ਇਲੈਕਟ੍ਰਿਕ ਵਾਹਨ ਨਿਰਮਾਣ ਲਈ ਇੱਕ ਪ੍ਰਮੁੱਖ ਕੇਂਦਰ ਬਣ ਰਿਹਾ ਹੈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਕੱਲ੍ਹ ਹੰਸਲਪੁਰ ਜਾਣਗੇ, ਜਿੱਥੇ ਇਲੈਕਟ੍ਰਿਕ ਵਾਹਨ ਨਿਰਮਾਣ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਆਧੁਨਿਕ ਇਲੈਕਟ੍ਰੌਨਿਕ ਉਪਕਰਣ ਸੈਮੀਕੰਡਕਟਰਾਂ ਦੇ ਬਿਨਾ ਨਹੀਂ ਬਣਾਏ ਜਾ ਸਕਦੇ, ਸ਼੍ਰੀ ਮੋਦੀ ਨੇ ਕਿਹਾ ਕਿ ਗੁਜਰਾਤ ਸੈਮੀਕੰਡਕਟਰ ਖੇਤਰ ਵਿੱਚ ਇੱਕ ਪ੍ਰਮੁੱਖ ਨਾਮ ਬਣਨ ਦੇ ਵੱਲ ਅਗ੍ਰਸਰ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਗੁਜਰਾਤ ਨੇ ਟੈਕਸਟਾਈਲ, ਰਤਨ ਅਤੇ ਗਹਿਣੇ ਉਦਯੋਗ ਵਿੱਚ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦਵਾਈਆਂ ਅਤੇ ਟੀਕਿਆਂ ਸਮੇਤ ਫਾਰਮਾਸਿਊਟੀਕਲ ਉਤਪਾਦਨ ਦੇ ਖੇਤਰ ਵਿੱਚ ਦੇਸ਼ ਦੇ ਨਿਰਯਾਤ ਦਾ ਲਗਭਗ ਇੱਕ ਤਿਹਾਈ ਹਿੱਸਾ ਗੁਜਰਾਤ ਤੋਂ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਭਾਰਤ ਸੌਰ, ਹਵਾ ਅਤੇ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਅਤੇ ਇਸ ਪ੍ਰਗਤੀ ਵਿੱਚ ਗੁਜਰਾਤ ਦਾ ਯੋਗਦਾਨ ਸਭ ਤੋਂ ਵੱਧ ਹੈ।" ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਗੁਜਰਾਤ ਹਰਿਤ ਊਰਜਾ ਅਤੇ ਪੈਟ੍ਰੋਕੈਮੀਕਲਜ਼ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਵੀ ਉਭਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਪੈਟ੍ਰੋਕੈਮੀਕਲ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਗੁਜਰਾਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਪਲਾਸਟਿਕ ਉਦਯੋਗ, ਸਿੰਥੈਟਿਕ ਫਾਈਬਰ, ਖਾਦ, ਦਵਾਈਆਂ, ਪੇਂਟ ਉਦਯੋਗ ਅਤੇ ਕੌਸਮੈਟਿਕਸ - ਸਾਰੇ ਪੈਟ੍ਰੋਕੈਮੀਕਲ ਖੇਤਰ 'ਤੇ ਬਹੁਤ ਜ਼ਿਆਦਾ ਨਿਰਭਰ ਹਨ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿੱਚ ਰਵਾਇਤੀ ਉਦਯੋਗ ਦਾ ਵਿਸਤਾਰ ਹੋ ਰਿਹਾ ਹੈ ਅਤੇ ਨਵੇਂ ਉਦਯੋਗ ਸਥਾਪਿਤ ਹੋ ਰਹੇ ਹਨ। ਇਹ ਸਾਰੇ ਯਤਨ ਆਤਮਨਿਰਭਰ ਭਾਰਤ ਪਹਿਲਕਦਮੀ ਨੂੰ ਮਜ਼ਬੂਤ ​​ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਵਿਕਾਸ ਗੁਜਰਾਤ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਲਗਾਤਾਰ ਪੈਦਾ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਉਦਯੋਗ ਹੋਵੇ, ਖੇਤੀਬਾੜੀ ਹੋਵੇ ਜਾਂ ਟੂਰਿਜ਼ਮ - ਸਾਰੇ ਖੇਤਰਾਂ ਲਈ ਸ਼ਾਨਦਾਰ ਕਨੈਕਟੀਵਿਟੀ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪਿਛਲੇ 20-25 ਵਰ੍ਹਿਆਂ ਵਿੱਚ ਗੁਜਰਾਤ ਦੀ ਕਨੈਕਟੀਵਿਟੀ ਵਿੱਚ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਕਈ ਸੜਕ ਅਤੇ ਰੇਲਵੇ ਨਾਲ ਸਬੰਧਤ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਰਿੰਗ ਰੋਡ ਵਜੋਂ ਜਾਣੇ ਜਾਂਦੇ ਸਰਕੂਲਰ ਰੋਡ ਨੂੰ ਹੁਣ ਚੌੜਾ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਛੇ-ਲੇਨ ਵਾਲੀ ਸੜਕ ਵਿੱਚ ਵਿਕਸਤ ਕੀਤਾ ਜਾ ਰਿਹਾ ਹੈ। ਇਸ ਵਿਸਤਾਰ ਨਾਲ ਸ਼ਹਿਰ ਦੇ ਸਭ ਤੋਂ ਵਿਅਸਤ ਖੇਤਰਾਂ ਵਿੱਚ ਟ੍ਰੈਫਿਕ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਵੀਰਮਗਾਮ-ਖੁਦਰਾਦ-ਰਾਮਪੁਰਾ ਸੜਕ ਨੂੰ ਚੌੜਾ ਕਰਨ ਨਾਲ ਖੇਤਰ ਦੇ ਕਿਸਾਨਾਂ ਅਤੇ ਉਦਯੋਗਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਨਵੇਂ ਬਣੇ ਅੰਡਰਪਾਸ ਅਤੇ ਰੇਲਵੇ ਓਵਰਬ੍ਰਿਜ ਸ਼ਹਿਰ ਦੀ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਉਣਗੇ।

ਸ਼੍ਰੀ ਮੋਦੀ ਨੇ ਯਾਦ ਕਰਦੇ ਹੋਏ ਕਿਹਾ ਕਿ ਇੱਕ ਸਮਾਂ ਸੀ ਜਦੋਂ ਇਸ ਖੇਤਰ ਵਿੱਚ ਸਿਰਫ਼ ਪੁਰਾਣੀਆਂ ਲਾਲ ਰੰਗ ਦੀਆਂ ਬੱਸਾਂ ਹੀ ਚੱਲਦੀਆਂ ਸਨ, ਪਰ ਅੱਜ ਬੀਆਰਟੀਐੱਸ ਜਨਮਾਰਗ ਅਤੇ ਏਸੀ-ਇਲੈਕਟ੍ਰਿਕ ਬੱਸਾਂ ਨੇ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਮੈਟ੍ਰੋ ਰੇਲ ਨੈੱਟਵਰਕ ਦਾ ਵੀ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਅਹਿਮਦਾਬਾਦ ਦੇ ਲੋਕਾਂ ਲਈ ਯਾਤਰਾ ਆਸਾਨ ਹੋ ਗਈ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਗੁਜਰਾਤ ਦਾ ਹਰ ਸ਼ਹਿਰ ਇੱਕ ਵੱਡੇ ਉਦਯੋਗਿਕ ਗਲਿਆਰੇ ਨਾਲ ਘਿਰਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ, ਹਾਲਾਂਕਿ, ਦੱਸ ਸਾਲ ਪਹਿਲਾਂ ਤੱਕ ਬੰਦਰਗਾਹਾਂ ਅਤੇ ਅਜਿਹੇ ਉਦਯੋਗਿਕ ਕੇਂਦਰਾਂ ਵਿਚਕਾਰ ਸਹੀ ਰੇਲ ਸੰਪਰਕ ਦੀ ਘਾਟ ਸੀ। ਸ਼੍ਰੀ ਮੋਦੀ ਨੇ ਕਿਹਾ ਕਿ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਉਨ੍ਹਾਂ ਨੇ ਗੁਜਰਾਤ ਵਿੱਚ ਇਸ ਮੁੱਦੇ 'ਤੇ ਧਿਆਨ ਕੇਂਦ੍ਰਿਤ ਕਰਨਾ ਸ਼ੁਰੂ ਕਰ ਦਿੱਤਾ। ਪਿਛਲੇ ਗਿਆਰਾਂ (11) ਵਰ੍ਹਿਆਂ ਵਿੱਚ, ਰਾਜ ਭਰ ਵਿੱਚ ਲਗਭਗ 3,000 ਕਿਲੋਮੀਟਰ ਨਵੀਂਆਂ ਰੇਲ ਪਟੜੀਆਂ ਵਿਛਾਈਆਂ ਗਈਆਂ ਹਨ, ਗੁਜਰਾਤ ਦਾ ਪੂਰਾ ਰੇਲਵੇ ਨੈੱਟਵਰਕ ਹੁਣ ਪੂਰੀ ਤਰ੍ਹਾਂ ਬਿਜਲੀਕਰਣ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਗੁਜਰਾਤ ਲਈ ਐਲਾਨੇ ਗਏ ਰੇਲਵੇ ਪ੍ਰੋਜੈਕਟਾਂ ਦਾ ਕਿਸਾਨਾਂ, ਉਦਯੋਗਾਂ ਅਤੇ ਸ਼ਰਧਾਲੂਆਂ ਨੂੰ ਦੋਵਾਂ ਨੂੰ ਲਾਭ ਹੋਵੇਗਾ।

ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹਿਰੀ ਗ਼ਰੀਬਾਂ ਲਈ ਸਨਮਾਨਜਨਕ ਜੀਵਨ ਯਕੀਨੀ ਬਣਾਉਣ ਲਈ ਵਚਨਬੱਧ ਹੈ, ਅਤੇ ਉਨ੍ਹਾਂ ਨੇ ਰਾਮਾਪੀਰ ਨੋ ਟੇਕਰੋ ਨੂੰ ਇਸ ਵਚਨਬੱਧਤਾ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਵਜੋਂ ਦਰਸਾਇਆ। ਉਨ੍ਹਾਂ ਨੇ ਯਾਦ ਕੀਤਾ ਕਿ ਪੂਜਯ ਬਾਪੂ ਹਮੇਸ਼ਾ ਗ਼ਰੀਬਾਂ ਦੀ ਸ਼ਾਨ 'ਤੇ ਜ਼ੋਰ ਦਿੰਦੇ ਸਨ ਅਤੇ ਸਾਬਰਮਤੀ ਆਸ਼ਰਮ ਦੇ ਨੇੜੇ ਨਵੇਂ ਬਣੇ ਘਰਾਂ ਨੂੰ ਇਸ ਦ੍ਰਿਸ਼ਟੀਕੋਣ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਵਜੋਂ ਦਰਸਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬਾਂ ਨੂੰ 1,500 ਪੱਕੇ ਘਰਾਂ ਦੀ ਵੰਡ ਅਣਗਿਣਤ ਨਵੇਂ ਸੁਪਨਿਆਂ ਦੀ ਨੀਂਹ ਰੱਖਣ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਵਰਾਤ੍ਰੀ ਅਤੇ ਦੀਵਾਲੀ 'ਤੇ ਇਨ੍ਹਾਂ ਘਰਾਂ ਵਿੱਚ ਰਹਿਣ ਵਾਲਿਆਂ ਦੇ ਚਿਹਰਿਆਂ 'ਤੇ ਖੁਸ਼ੀ ਹੋਰ ਵੀ ਵਧ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਪਹਿਲ ਦੇ ਨਾਲ, ਪੂਜਯ ਬਾਪੂ ਨੂੰ ਸੱਚੀ ਸ਼ਰਧਾਂਜਲੀ ਵਜੋਂ ਬਾਪੂ ਦੇ ਆਸ਼ਰਮ ਦੇ ਨਵੀਨੀਕਰਨ ਦਾ ਕੰਮ ਵੀ ਚੱਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਦੀ ਸ਼ਾਨਦਾਰ ਪ੍ਰਤਿਮਾ ਦਾ ਨਿਰਮਾਣ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਉਹ ਸਾਬਰਮਤੀ ਆਸ਼ਰਮ ਦੇ ਨਵੀਨੀਕਰਨ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿਸ ਤਰ੍ਹਾਂ ਸਟੈਚਿਊ ਆਫ ਯੂਨਿਟੀ ਦੇਸ਼ ਅਤੇ ਦੁਨੀਆ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ, ਉਸੇ ਤਰ੍ਹਾਂ ਸਾਬਰਮਤੀ ਆਸ਼ਰਮ ਦੀ ਮੁਰੰਮਤ ਪੂਰੀ ਹੋ ਜਾਣ ‘ਤੇ ਇਹ ਸ਼ਾਂਤੀ ਦਾ ਸਭ ਤੋਂ ਵੱਡਾ ਵਿਸ਼ਵ ਪ੍ਰਤੀਕ ਬਣ ਜਾਵੇਗਾ। ਸਾਰਿਆਂ ਨੂੰ ਉਨ੍ਹਾਂ ਦੇ ਸ਼ਬਦਾਂ 'ਤੇ ਧਿਆਨ ਦੇਣ ਦੀ ਤਾਕੀਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਨਵੀਨੀਕਰਨ ਪੂਰਾ ਹੋਣ ਤੋਂ ਬਾਅਦ, ਸਾਬਰਮਤੀ ਆਸ਼ਰਮ ਸ਼ਾਂਤੀ ਲਈ ਦੁਨੀਆ ਦੇ ਸਭ ਤੋਂ ਵੱਡੇ ਪ੍ਰੇਰਣਾ ਕੇਂਦਰ ਵਜੋਂ ਉਭਰੇਗਾ।

ਪ੍ਰਧਾਨ ਮੰਤਰੀ ਨੇ ਕਿਹਾ, “ਮਜ਼ਦੂਰ ਵਰਗ ਦੇ ਪਰਿਵਾਰਾਂ ਲਈ ਬਿਹਤਰ ਜੀਵਨ ਯਕੀਨੀ ਬਣਾਉਣਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਮਿਸ਼ਨ ਰਿਹਾ ਹੈ।” ਉਨ੍ਹਾਂ ਨੇ ਯਾਦ ਦਿਵਾਇਆ ਕਿ ਕਈ ਸਾਲ ਪਹਿਲਾਂ, ਗੁਜਰਾਤ ਵਿੱਚ ਝੁੱਗੀ-ਝੌਂਪੜੀ ਵਾਲਿਆਂ ਲਈ ਸਥਾਈ ਚਾਰਦੀਵਾਰੀ ਨਾਲ ਸੁਰੱਖਿਅਤ (ਗੇਟਿਡ ਸੋਸਾਇਟੀ) ਬਣਾਉਣ ਦੀ ਇੱਕ ਪਹਿਲ ਕੀਤੀ ਗਈ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿਛਲੇ ਕੁਝ ਸਾਲਾਂ ਵਿੱਚ, ਅਜਿਹੇ ਬਹੁਤ ਸਾਰੇ ਰਿਹਾਇਸ਼ੀ ਪ੍ਰੋਜੈਕਟ ਪੂਰੇ ਕੀਤੇ ਗਏ ਹਨ ਜਿਨ੍ਹਾਂ ਵਿੱਚ ਝੁੱਗੀਆਂ-ਝੌਂਪੜੀਆਂ ਨੂੰ ਸਨਮਾਨਜਨਕ ਰਿਹਾਇਸ਼ਾਂ ਨਾਲ ਬਦਲ ਦਿੱਤਾ ਗਿਆ ਹੈ ਅਤੇ ਇਹ ਪਹਿਲ ਜਾਰੀ ਰਹੇਗੀ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਹਾਸ਼ੀਏ 'ਤੇ ਪਏ ਲੋਕਾਂ ਦੀ ਪੂਜਾ ਕਰਦੇ ਹਨ ਅਤੇ ਸ਼ਹਿਰੀ ਗ਼ਰੀਬਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਰੇਹੜੀ-ਪਟਰੀ ਵਾਲਿਆਂ (ਸਟ੍ਰੀਟ-ਵੈਂਡਰ) ਅਤੇ ਫੁੱਟਪਾਥ 'ਤੇ ਕੰਮ ਕਰਨ ਵਾਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਤਹਿਤ, ਦੇਸ਼ ਭਰ ਵਿੱਚ ਲਗਭਗ 70 ਲੱਖ ਰਹੇੜੀ-ਪਟਰੀ ਵਾਲਿਆਂ ਅਤੇ ਠੇਲਾ ਚਲਾਉਣ ਵਾਲਿਆਂ ਨੂੰ ਬੈਂਕਾਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਗੁਜਰਾਤ ਵਿੱਚ ਵੀ ਇਸ ਪਹਿਲਕਦਮੀ ਰਾਹੀਂ ਲੱਖਾਂ ਲਾਭਾਰਥੀਆਂ ਨੂੰ ਮਦਦ ਮਿਲੀ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪਿਛਲੇ ਗਿਆਰਾਂ (11) ਸਾਲਾਂ ਵਿੱਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਮੁਕਤ ਕੀਤਾ ਗਿਆ ਹੈ, ਜੋ ਕਿ ਭਾਰਤ ਲਈ ਮਾਣ ਵਾਲੀ ਗੱਲ ਹੈ ਅਤੇ ਦੁਨੀਆ ਭਰ ਦੇ ਆਰਥਿਕ ਸੰਸਥਾਨਾਂ ਵਿੱਚ ਚਰਚਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਦੇਸ਼ ਵਿੱਚ ਇੱਕ ਨਵੇਂ ਮੱਧ ਵਰਗ ਦੇ ਉਭਾਰ ਵਿੱਚ ਯੋਗਦਾਨ ਦਿੱਤਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਸਾਡੀ ਸਰਕਾਰ ਨਵ-ਮੱਧ ਵਰਗ ਅਤੇ ਰਵਾਇਤੀ ਮੱਧ ਵਰਗ ਦੋਵਾਂ ਨੂੰ ਸਸ਼ਕਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।" ਉਨ੍ਹਾਂ ਨੇ ਦੱਸਿਆ ਕਿ 12 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਅੱਗੇ ਐਲਾਨ ਕੀਤਾ ਕਿ ਸਰਕਾਰ ਹੁਣ ਜੀਐੱਸਟੀ ਪ੍ਰਣਾਲੀ ਵਿੱਚ ਸੁਧਾਰ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੁਧਾਰ ਛੋਟੇ ਉੱਦਮੀਆਂ ਦਾ ਸਮਰਥਨ ਕਰਨਗੇ ਅਤੇ ਕਈ ਚੀਜ਼ਾਂ 'ਤੇ ਟੈਕਸ ਘਟਾਉਣਗੇ। ਉਨ੍ਹਾਂ ਨੇ ਕਿਹਾ ਕਿ ਇਸ ਦੀਵਾਲੀ 'ਤੇ, ਦੇਸ਼ ਭਰ ਦੇ ਵਪਾਰਕ ਭਾਈਚਾਰੇ ਅਤੇ ਪਰਿਵਾਰਾਂ ਨੂੰ ਖੁਸ਼ੀ ਦਾ ਦੋਹਰਾ ਤੋਹਫ਼ਾ ਮਿਲੇਗਾ।

ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਦੇ ਤਹਿਤ ਬਿਜਲੀ ਦੇ ਬਿਲਾਂ ਨੂੰ ਜ਼ੀਰੋ ਤੱਕ ਘਟਾਉਣ 'ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਗੁਜਰਾਤ ਵਿੱਚ ਲਗਭਗ ਛੇ ਲੱਖ ਪਰਿਵਾਰ ਪਹਿਲਾਂ ਹੀ ਇਸ ਯੋਜਨਾ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਇਕੱਲੇ ਗੁਜਰਾਤ ਵਿੱਚ, ਇਨ੍ਹਾਂ ਪਰਿਵਾਰਾਂ ਨੂੰ ਸਰਕਾਰ ਦੁਆਰਾ 3,000 ਕਰੋੜ ਰੁਪਏ ਤੋਂ ਵੱਧ ਦੇ ਫੰਡ ਪ੍ਰਦਾਨ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਲਾਭਾਰਥੀਆਂ ਦੇ ਬਿਜਲੀ ਬਿਲਾਂ ਵਿੱਚ ਮਹੱਤਵਪੂਰਨ ਮਹੀਨਾਵਾਰ ਬੱਚਤ ਹੋਈ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਅਹਿਮਦਾਬਾਦ ਸ਼ਹਿਰ ਹੁਣ ਸੁਪਨਿਆਂ ਅਤੇ ਸੰਕਲਪਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਇਹ ਯਾਦ ਕਰਦੇ ਹੋਏ ਕਿ ਇੱਕ ਸਮਾਂ ਸੀ ਜਦੋਂ ਲੋਕ ਅਹਿਮਦਾਬਾਦ ਨੂੰ "ਗਰਦਾਬਾਦ" ਕਹਿ ਕੇ ਉਸ ਦਾ ਮਜ਼ਾਕ ਉਡਾਉਂਦੇ ਸਨ, ਸ਼੍ਰੀ ਮੋਦੀ ਨੇ ਦੱਸਿਆ ਕਿ ਕਿਵੇਂ ਉੱਡਦੀ ਧੂੜ ਅਤੇ ਗੰਦਗੀ ਸ਼ਹਿਰ ਦੀ ਬਦਕਿਸਮਤੀ ਬਣ ਗਈ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਅਹਿਮਦਾਬਾਦ ਆਪਣੀ ਸਫਾਈ ਲਈ ਰਾਸ਼ਟਰੀ ਪੱਧਰ 'ਤੇ ਪਹਿਚਾਣ ਬਣਾ ਰਿਹਾ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਦਾ ਕ੍ਰੈਡਿਟ ਅਹਿਮਦਾਬਾਦ ਦੇ ਹਰ ਨਿਵਾਸੀ ਦੇ ਸਮੂਹਿਕ ਯਤਨਾਂ ਨੂੰ ਦਿੱਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅੱਜ ਦੇ ਨੌਜਵਾਨਾਂ ਨੇ ਉਹ ਦਿਨ ਨਹੀਂ ਦੇਖੇ ਜਦੋਂ ਸਾਬਰਮਤੀ ਨਦੀ ਸੁੱਕੇ ਨਾਲੇ ਵਰਗੀ ਦਿਖਦੀ ਸੀ। ਉਨ੍ਹਾਂ ਨੇ ਕਿਹਾ ਕਿ ਅਹਿਮਦਾਬਾਦ ਦੇ ਲੋਕਾਂ ਨੇ ਇਸ ਸਥਿਤੀ ਨੂੰ ਬਦਲਣ ਦਾ ਸੰਕਲਪ ਲਿਆ। ਸਾਬਰਮਤੀ ਰਿਵਰਫ੍ਰੰਟ ਹੁਣ ਸ਼ਹਿਰ ਦਾ ਮਾਣ ਵਧਾ ਰਿਹਾ ਹੈ। ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਕਾਂਕਰੀਆ ਝੀਲ ਦਾ ਪਾਣੀ ਕਦੇ ਹਰਾ ਅਤੇ ਜੰਗਲੀ ਬੂਟੀ ਕਾਰਨ ਬਦਬੂਦਾਰ ਹੋਇਆ ਕਰਦਾ ਸੀ, ਜਿਸ ਦੇ ਨੇੜੇ-ਤੇੜੇ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਸੀ ਅਤੇ ਇਹ ਇਲਾਕਾ ਅਸਮਾਜਿਕ ਤੱਤਾਂ ਦਾ ਪਸੰਦੀਦਾ ਟਿਕਾਣਾ ਬਣ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਇਹ ਝੀਲ ਬਿਹਤਰੀਨ ਮਨੋਰੰਜਨ ਸਥਾਨਾਂ ਵਿੱਚੋਂ ਇੱਕ ਬਣ ਗਈ ਹੈ। ਉਨ੍ਹਾਂ ਨੇ ਝੀਲ ਵਿੱਚ ਕਿਸ਼ਤੀ ਚਲਾਉਣ ਅਤੇ ਕਿਡਜ਼ ਸਿਟੀ ਦਾ ਜ਼ਿਕਰ ਅਜਿਹੇ ਥਾਵਾਂ ਦੇ ਰੂਪ ਵਿੱਚ ਕੀਤਾ, ਜਿੱਥੇ ਬੱਚਿਆਂ ਲਈ ਮਨੋਰੰਜਨ ਅਤੇ ਗਿਆਨ ਪ੍ਰਾਪਤੀ ਦਾ ਸੰਗਮ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਰੇ ਵਿਕਾਸ ਅਹਿਮਦਾਬਾਦ ਦੇ ਬਦਲਦੇ ਚਿਹਰੇ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕਾਂਕਰੀਆ ਕਾਰਨੀਵਲ ਹੁਣ ਸ਼ਹਿਰ ਦੀ ਇੱਕ ਨਵੀਂ ਪਹਿਚਾਣ ਬਣ ਗਿਆ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਅਹਿਮਦਾਬਾਦ ਇੱਕ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਉੱਭਰ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਅਹਿਮਦਾਬਾਦ ਨੂੰ ਯੂਨੈਸਕੋ ਦੁਆਰਾ ਵਿਸ਼ਵ ਧਰੋਹਰ ਸ਼ਹਿਰ ਵਜੋਂ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਹ ਇਤਿਹਾਸਕ ਦਰਵਾਜ਼ੇ ਹੋਣ, ਸਾਬਰਮਤੀ ਆਸ਼ਰਮ ਹੋਵੇ, ਜਾਂ ਸ਼ਹਿਰ ਦੀ ਸਮ੍ਰਿੱਧ ਵਿਰਾਸਤ ਹੋਵੇ - ਅਹਿਮਦਾਬਾਦ ਹੁਣ ਵਿਸ਼ਵ ਨਕਸ਼ੇ 'ਤੇ ਚਮਕ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਸ਼ਹਿਰ ਵਿੱਚ ਸੈਰ-ਸਪਾਟੇ ਦੇ ਆਧੁਨਿਕ ਅਤੇ ਨਵੀਨਤਾਕਾਰੀ ਰੂਪ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਹਿਮਦਾਬਾਦ ਸੰਗੀਤ ਸਮਾਗਮਾਂ ਨਾਲ ਜੁੜੀ ਅਰਥਵਿਵਸਥਾ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਸ਼ਹਿਰ ਵਿੱਚ ਆਯੋਜਿਤ ਕੋਲਡਪਲੇ ਸੰਗੀਤ ਸਮਾਗਮ ਦਾ ਵੀ ਜ਼ਿਕਰ ਕੀਤਾ, ਜਿਸ ਨੇ ਵਿਸ਼ਵਵਿਆਪੀ ਧਿਆਨ ਖਿੱਚਿਆ ਸੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਲੱਖ ਲੋਕਾਂ ਦੀ ਸਮਰੱਥਾ ਵਾਲਾ ਅਹਿਮਦਾਬਾਦ ਸਟੇਡੀਅਮ ਇੱਕ ਪ੍ਰਮੁੱਖ ਆਕਰਸ਼ਣ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਹਿਮਦਾਬਾਦ ਦੀ ਵੱਡੇ ਪੈਮਾਨੇ 'ਤੇ ਸੰਗੀਤ ਸਮਾਗਮਾਂ ਦੇ ਨਾਲ-ਨਾਲ ਪ੍ਰਮੁੱਖ ਖੇਡ ਆਯੋਜਨਾਂ ਦੀ ਮੇਜ਼ਬਾਨੀ ਕਰਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ।

ਤਿਉਹਾਰਾਂ ਦੇ ਮੌਸਮ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਹੁਣ ਨਵਰਾਤਰੀ, ਵਿਜੇਦਸ਼ਮੀ, ਧਨਤੇਰਸ ਅਤੇ ਦੀਵਾਲੀ ਜਿਹੇ ਤਿਉਹਾਰਾਂ ਦੇ ਦੌਰ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਤਿਉਹਾਰ ਸਿਰਫ਼ ਸੱਭਿਆਚਾਰਕ ਤਿਉਹਾਰ ਹੀ ਨਹੀਂ ਹਨ, ਬਲਕਿ ਇਨ੍ਹਾਂ ਨੂੰ ਆਤਮਨਿਰਭਰਤਾ ਦੇ ਤਿਉਹਾਰਾਂ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਨਾਗਰਿਕਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਤਿਉਹਾਰਾਂ ਦੇ ਮੌਸਮ ਵਿੱਚ ਘਰ ਲਿਆਂਦੀ ਗਈ ਸਾਰੀ ਖਰੀਦਦਾਰੀ, ਤੋਹਫ਼ੇ ਅਤੇ ਸਜਾਵਟੀ ਸਮਾਨ ਭਾਰਤ ਨਿਰਮਿਤ ਹੋਵੇ। ਉਨ੍ਹਾਂ ਨੇ ਸਾਰਿਆਂ ਨੂੰ ਯਾਦ ਦਿਵਾਇਆ ਕਿ ਸੱਚਾ ਤੋਹਫ਼ਾ ਉਹ ਹੁੰਦਾ ਹੈ ਜੋ ਭਾਰਤ ਵਿੱਚ ਬਣਿਆ ਹੋਵੇ - ਭਾਰਤੀ ਨਾਗਰਿਕਾਂ ਦੇ ਹੱਥਾਂ ਨਾਲ ਤਿਆਰ ਕੀਤਾ ਗਿਆ ਹੋਵੇ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਭਾਰਤੀ ਨਿਰਮਿਤ ਉਤਪਾਦਾਂ ਨੂੰ ਮਾਣ ਨਾਲ ਵੇਚਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਛੋਟੇ-ਛੋਟੇ ਪਰ ਸਾਰਥਕ ਯਤਨਾਂ ਨਾਲ ਇਹ ਤਿਉਹਾਰ ਭਾਰਤ ਦੀ ਖੁਸ਼ਹਾਲੀ ਦੇ ਸ਼ਾਨਦਾਰ ਉਤਸਵ ਬਣਾਉਣਗੇ। ਉਨ੍ਹਾਂ ਨੇ ਵਿਕਾਸ ਪਹਿਲਕਦਮੀਆਂ ਲਈ ਸਾਰੇ ਨਾਗਰਿਕਾਂ ਨੂੰ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ਨੂੰ ਸਮਾਪਤ ਕੀਤਾ।

ਇਸ ਸਮਾਗਮ ਵਿੱਚ ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਕੇਂਦਰੀ ਮੰਤਰੀ ਸ਼੍ਰੀ ਸੀਆਰ ਪਾਟਿਲ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।

ਪਿਛੋਕੜ

ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਆਵਾਜਾਈ-ਸੰਪਰਕ ਸੁਵਿਧਾ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ 1,400 ਕਰੋੜ ਰੁਪਏ ਤੋਂ ਵੱਧ ਦੇ ਕਈ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿੱਚ 530 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 65 ਕਿਲੋਮੀਟਰ ਲੰਬੀ ਮੇਹਸਾਣਾ-ਪਾਲਨਪੁਰ ਰੇਲ ਲਾਈਨ ਦਾ ਦੋਹਰੀਕਰਣ, 37 ਕਿਲੋਮੀਟਰ ਲੰਬੀ ਕਲੋਲ-ਕੜੀ-ਕਟੋਸਨ ਰੋਡ ਰੇਲ ਲਾਈਨ ਦਾ ਗੇਜ ਪਰਿਵਰਤਨ ਅਤੇ 860 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਨਿਰਮਿਤ 40 ਕਿਲੋਮੀਟਰ ਲੰਬੀ ਬੇਚਰਾਜੀ-ਰਾਜੁਨ ਰੇਲ ਲਾਈਨ ਸ਼ਾਮਲ ਹਨ। ਵੱਡੀ-ਲਾਈਨ ਸਮਰੱਥਾ ਦੇ ਨਾਲ, ਇਹ ਪ੍ਰੋਜੈਕਟ ਖੇਤਰ ਵਿੱਚ ਸਹਿਜ, ਸੁਰੱਖਿਅਤ ਅਤੇ ਵਧੇਰੇ ਨਿਰਵਿਘਨ ਆਵਾਜਾਈ-ਸੰਪਰਕ ਸੁਵਿਧਾ ਨੂੰ ਯਕੀਨੀ ਬਣਾਉਣਗੇ। ਇਸ ਨਾਲ ਰੋਜ਼ਾਨਾ ਯਾਤਰੀਆਂ, ਸੈਲਾਨੀਆਂ ਅਤੇ ਕਾਰੋਬਾਰਾਂ ਲਈ ਯਾਤਰਾ ਆਸਾਨ ਹੋ ਜਾਵੇਗੀ, ਨਾਲ ਹੀ ਖੇਤਰੀ ਆਰਥਿਕ ਏਕੀਕਰਣ ਨੂੰ ਵੀ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ, ਕਟੋਸਨ ਰੋਡ ਅਤੇ ਸਾਬਰਮਤੀ ਵਿਚਕਾਰ ਯਾਤਰੀ ਟ੍ਰੇਨ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਨਾਲ ਧਾਰਮਿਕ ਸਥਾਨਾਂ ਤੱਕ ਬਿਹਤਰ ਪਹੁੰਚ ਉਪਲਬਧ ਹੋਵੇਗੀ ਅਤੇ ਜ਼ਮੀਨੀ ਪੱਧਰ 'ਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਬੇਚਰਾਜੀ ਤੋਂ ਮਾਲ ਗੱਡੀ ਸੇਵਾ ਰਾਜ ਦੇ ਉਦਯੋਗਿਕ ਕੇਂਦਰਾਂ ਨਾਲ ਆਵਾਜਾਈ ਸੰਪਰਕ ਸੁਵਿਧਾ ਵਧਾਏਗੀ, ਲੌਜਿਸਟਿਕਸ ਨੈੱਟਵਰਕ ਨੂੰ ਮਜ਼ਬੂਤ ​​ਕਰੇਗੀ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ।

ਟ੍ਰਾਂਸਪੋਰਟ ਸੰਪਰਕ ਸੁਵਿਧਾ ਵਿੱਚ ਸੁਧਾਰ, ਯਾਤਰੀਆਂ ਦੀ ਸੁਰੱਖਿਆ ਵਧਾਉਣ ਅਤੇ ਖੇਤਰੀ ਵਿਕਾਸ ਵਿੱਚ ਤੇਜ਼ੀ ਲਿਆਉਣ ਦੇ ਆਪਣੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਵੀਰਮਗਾਮ-ਖੁਦਾਦ-ਰਾਮਪੁਰਾ ਸੜਕ ਨੂੰ ਚੌੜਾ ਕਰਨ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਅਹਿਮਦਾਬਾਦ-ਮੇਹਸਾਣਾ-ਪਾਲਨਪੁਰ ਮਾਰਗ 'ਤੇ ਛੇ-ਲੇਨ ਵਾਲੇ ਵਾਹਨ ਅੰਡਰਪਾਸ ਅਤੇ ਅਹਿਮਦਾਬਾਦ-ਵੀਰਮਗਾਮ ਮਾਰਗ 'ਤੇ ਰੇਲਵੇ ਓਵਰਬ੍ਰਿਜ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਿਆ। ਸਮੂਹਿਕ ਤੌਰ 'ਤੇ, ਇਹ ਪਹਿਲਕਦਮੀਆਂ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣਗੀਆਂ, ਆਵਾਜਾਈ ਕੁਸ਼ਲਤਾ ਅਤੇ ਆਰਥਿਕ ਮੌਕਿਆਂ ਨੂੰ ਬਿਹਤਰ ਬਣਾਉਣਗੀਆਂ।

ਰਾਜ ਵਿੱਚ ਬਿਜਲੀ ਖੇਤਰ ਨੂੰ ਮਹੱਤਵਪੂਰਨ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਉੱਤਰੀ ਗੁਜਰਾਤ ਵਿਜ ਕੰਪਨੀ ਲਿਮਟਿਡ (ਯੂਜੀਵੀਸੀਐੱਲ) ਦੇ ਤਹਿਤ ਅਹਿਮਦਾਬਾਦ, ਮੇਹਸਾਣਾ ਅਤੇ ਗਾਂਧੀਨਗਰ ਵਿੱਚ ਬਿਜਲੀ ਵੰਡ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਿਨ੍ਹਾਂ ਦਾ ਉਦੇਸ਼ ਪੁਨਰ-ਵਿਕਸਿਤ ਵੰਡ ਖੇਤਰ ਯੋਜਨਾ ਦੇ ਤਹਿਤ ਘਾਟੇ ਨੂੰ ਘੱਟ ਕਰਨਾ, ਨੈੱਟਵਰਕ ਦਾ ਆਧੁਨਿਕੀਕਰਣ ਕਰਨਾ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। 1000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇਹ ਪ੍ਰੋਜੈਕਟ ਪ੍ਰਤੀਕੂਲ ਮੌਸਮ ਦੇ ਦੌਰਾਨ ਬਿਜਲੀ ਦੀਆਂ ਰੁਕਾਵਟਾਂ ਅਤੇ ਕਟੌਤੀਆਂ ਨੂੰ ਘੱਟ ਕਰਨਗੇ, ਜਨਤਕ ਸੁਰੱਖਿਆ, ਟ੍ਰਾਂਸਫਾਰਮਰ ਸੁਰੱਖਿਆ ਅਤੇ ਬਿਜਲੀ ਸਪਲਾਈ ਨੈੱਟਵਰਕ ਦੀ ਭਰੋਸੇਯੋਗਤਾ ਵਿੱਚ ਸੁਧਾਰ ਲਿਆਉਣਗੇ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਇਨ-ਸੀਟੂ ਸਲੱਮ ਪੁਨਰਵਾਸ ਹਿੱਸੇ ਦੇ ਤਹਿਤ ਰਾਮਾਪੀਰ ਨੋ ਟੇਕਰੋ ਦੇ ਸੈਕਟਰ-3 ਸਥਿਤ ਸਲੱਮ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਅਹਿਮਦਾਬਾਦ ਦੇ ਆਲੇ-ਦੁਆਲੇ ਸਰਦਾਰ ਪਟੇਲ ਰਿੰਗ ਰੋਡ 'ਤੇ ਟ੍ਰੈਫਿਕ ਪ੍ਰਵਾਹ ਨੂੰ ਸੌਖਾ ਬਣਾਉਣ ਅਤੇ ਆਵਾਜਾਈ-ਸੰਪਰਕ ਸੁਵਿਧਾ ਵਿੱਚ ਸੁਧਾਰ ਲਈ ਲਾਗੂ ਕੀਤੇ ਜਾ ਰਹੇ ਵੱਡੇ ਸੜਕ ਚੌੜਾ ਕਰਨ ਦੇ ਪ੍ਰਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਪਾਣੀ ਅਤੇ ਸੀਵਰੇਜ ਪ੍ਰਬੰਧਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਪ੍ਰਮੁੱਖ ਸ਼ਹਿਰੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।

ਪ੍ਰਸ਼ਾਸਨਿਕ ਕੁਸ਼ਲਤਾ ਅਤੇ ਜਨਤਕ ਸੇਵਾ ਅਦਾਇਗੀ ਨੂੰ ਮਜ਼ਬੂਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਪ੍ਰਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਵਿੱਚ ਅਹਿਮਦਾਬਾਦ ਪੱਛਮੀ ਵਿੱਚ ਇੱਕ ਨਵੇਂ ਸਟੈਂਪਸ ਅਤੇ ਰਜਿਸਟ੍ਰੇਸ਼ਨ ਭਵਨ ਦਾ ਨਿਰਮਾਣ ਸ਼ਾਮਲ ਹੋਵੇਗਾ, ਜਿਸ ਦਾ ਉਦੇਸ਼ ਨਾਗਰਿਕ-ਕੇਂਦ੍ਰਿਤ ਸੇਵਾਵਾਂ ਵਿੱਚ ਸੁਧਾਰ ਲਿਆਉਣਾ ਹੈ। ਇਸ ਤੋਂ ਇਲਾਵਾ, ਗਾਂਧੀਨਗਰ ਵਿੱਚ ਇੱਕ ਰਾਜ-ਪੱਧਰੀ ਡੇਟਾ ਸਟੋਰੇਜ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ, ਜਿਸ ਨਾਲ ਪੂਰੇ ਗੁਜਰਾਤ ਵਿੱਚ ਸੁਰੱਖਿਅਤ ਡੇਟਾ ਪ੍ਰਬੰਧਨ ਅਤੇ ਡਿਜੀਟਲ ਸ਼ਾਸਨ ਸਮਰੱਥਾਵਾਂ ਨੂੰ ਬਿਹਤਰ ਬਣਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ।

***************

ਐੱਮਜੇਪੀਐੱਸ/ ਐੱਸਆਰ


(Release ID: 2160903)