ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਸੈਂਟਰਲ ਕੰਜਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀਸੀਪੀਏ)ਨੇ ਕੂਲ ਸਕਲਪਟਿੰਗ ਨਾਲ ਮੋਟਾਪਾ ਘਟਾਉਣ ਵਾਲੇ ਗੁੰਮਰਾਹਕੁੰਨ ਇਸ਼ਤਿਹਾਰਾਂ ਲਈ ਵੀਐੱਲਸੀਸੀ ਲਿਮਟਿਡ 'ਤੇ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ


ਸੀਸੀਪੀਏ ਨੇ ਭਵਿੱਖ ਵਿੱਚ ਇਸ਼ਤਿਹਾਰਾਂ ’ਤੇ ਤੱਥਾਂ ਦੀ ਸਟੀਕ ਜਾਣਕਾਰੀ (ਸਟ੍ਰਿਕਟ ਡਿਸਕਲੋਜ਼ਰ) ਦੇਣ ਦਾ ਹੁਕਮ ਦਿੱਤਾ

Posted On: 23 AUG 2025 12:43PM by PIB Chandigarh

ਸੈਂਟਰਲ ਕੰਜਿਊਮਰ ਪ੍ਰੋਟੈਕਸ਼ਨ ਅਥਾਰਿਟੀ (ਸੀਸੀਪੀਏ) ਨੇ ਯੂਐੱਸ-ਐੱਫਡੀਏ ਦੁਆਰਾ ਪ੍ਰਵਾਨਿਤ ਕੂਲ ਸਕਲਪਟਿੰਗ ਪ੍ਰਕਿਰਿਆ/ਮਸ਼ੀਨ ਦੀ ਵਰਤੋਂ ਰਾਹੀਂ ਮੋਟਾਪਾ ਘਟਾਉਣ ਅਤੇ ਸਲਿਮਿੰਗ ਇਲਾਜ ਦੇ ਸਬੰਧ ਵਿੱਚ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਲਈ ਵੀਐੱਲਸੀਸੀ ’ਤੇ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਸ ਤੋਂ ਪਹਿਲਾਂ, ਸੀਸੀਪੀਏ ਨੇ ਕੂਲ ਸਕਲਪਟਿੰਗ ਇਲਾਜਾਂ ਨਾਲ ਸਬੰਧਿਤ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਲਈ ਕਾਇਆ ਲਿਮਟਿਡ 'ਤੇ 3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ। ਕੰਪਨੀ ਦੇ ਇਸ਼ਤਿਹਾਰਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ "ਕਾਇਆ ਦਾ ਨੌਨ-ਸਰਜੀਕਲ ਫੈਟ ਰਿਡਕਸ਼ਨ" ਅਤੇ "ਕਾਇਆ ਕੂਲ ਸਕਲਪਟਿੰਗ ਨਾਲ ਅਸਾਨੀ ਨਾਲ ਵਜਨ ਘਟਾਉਂਦਾ ਹੈ"। ਇਸ਼ਤਿਹਾਰਾਂ ਵਿੱਚ ਪਹਿਲਾਂ ਅਤੇ ਬਾਅਦ ਦੀਆਂ ਗੁੰਮਰਾਹਕੁੰਨ ਤਸਵੀਰਾਂ ਵੀ ਦਿਖਾਈਆਂ ਗਈਆਂ ਸੀ, ਜੋ ਪੂਰੇ ਸਰੀਰ ਵਿੱਚ ਭਾਰੀ ਮਾਤਰਾ ਵਿੱਚ ਫੈਟ ਘੱਟ ਹੋਣ ਦਾ ਸੰਕੇਤ ਦੇ ਰਹੀਆਂ ਸਨ। ਇਹ ਦਾਅਵੇ ਅਸਲ ਅਮਰੀਕੀ-ਐੱਫਡੀਏ ਪ੍ਰਵਾਨਗੀ ਤੋਂ ਪਰ੍ਹੇ ਸਨ ਅਤੇ ਇਸ ਪ੍ਰਕਿਰਿਆ ਨੂੰ ਵਜਨ ਘਟਾਉਣ ਦੇ ਇਲਾਜ ਵਜੋਂ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ। ਕਾਇਆ ਲਿਮਟਿਡ ਨੇ ਸੀਸੀਪੀਏ ਦੇ ਆਦੇਸ਼ ਦੀ ਪਾਲਣਾ ਕੀਤੀ ਹੈ ਅਤੇ ਜੁਰਮਾਨੇ ਦੀ ਰਕਮ ਜਮ੍ਹਾ ਕਰ ਦਿੱਤੀ ਹੈ।

ਵੀਐੱਲਸੀਸੀ ਲਿਮਟਿਡ ਦਾ ਮਾਮਲਾ ਸੀਸੀਪੀਏ ਦੇ ਧਿਆਨ ਵਿੱਚ ਇੱਕ ਸ਼ਿਕਾਇਤ ਅਤੇ ਸਲਿਮਿੰਗ ਅਤੇ ਸੁੰਦਰਤਾ ਖੇਤਰ ਵਿੱਚ ਇਸ਼ਤਿਹਾਰਾਂ ਦੀ ਨਿਗਰਾਨੀ ਦੇ ਮਾਧਿਅਮ ਰਾਹੀਂ ਆਇਆ। ਜਾਂਚ ਕਰਨ 'ਤੇ ਪਾਇਆ ਗਿਆ ਕਿ ਵੀਐੱਲਸੀਸੀ ਇੱਕ ਹੀ ਸੈਸ਼ਨ ਵਿੱਚ ਭਾਰੀ ਵਜਨ ਘਟਾਉਣ ਅਤੇ ਇੰਚ ਘੱਟ ਕਰਨ ਦੇ ਵਧਾ-ਚੜ੍ਹਾ ਕੇ ਦਾਅਵੇ ਕਰ ਰਹੀ ਸੀ, ਜੋ ਕੂਲ ਸਕਲਪਟਿੰਗ ਮਸ਼ੀਨ ਨੂੰ ਦਿੱਤੀ ਗਈ ਅਸਲ ਪ੍ਰਵਾਨਗੀ ਤੋਂ ਕਿਤੇ ਜ਼ਿਆਦਾ ਸੀ, ਜਿਸ ਨਾਲ ਉਪਭੋਗਤਾ ਗੁੰਮਰਾਹ ਹੋ ਰਹੇ ਸਨ।

ਪੜਤਾਲ ਤੋਂ ਪਤਾ ਲੱਗਿਆ ਕਿ ਵੀਐੱਲਸੀਸੀ ਦੇ ਇਸ਼ਤਿਹਾਰਾਂ ਵਿੱਚ ਕੂਲ ਸਕਲਪਟਿੰਗ ਅਤੇ ਸਬੰਧਿਤ ਪ੍ਰਕਿਰਿਆਵਾਂ ਨੂੰ ਸਥਾਈ ਵਜਨ ਘਟਾਉਣ ਅਤੇ ਆਕਾਰ ਘਟਾਉਣ ਦੇ ਸਮਾਧਾਨ ਵਜੋਂ ਪੇਸ਼ ਕੀਤਾ ਗਿਆ ਸੀ। ਕੁਝ ਕਥਿਤ ਦਾਅਵੇ ਇਸ ਤਰ੍ਹਾਂ ਹਨ:

  • “ਇੱਕ ਸੈਸ਼ਨ ਵਿੱਚ 600 ਗ੍ਰਾਮ ਅਤੇ 7 ਸੈਂਟੀਮੀਟਰ ਤੱਕ ਵਜਨ ਘੱਟ ਕਰਨਾ”

  • “ਇੱਕ ਸੈਸ਼ਨ ਵਿੱਚ 1 ਸਾਈਜ਼ ਸਥਾਈ ਤੌਰ 'ਤੇ ਘੱਟ ਕਰਨਾ”

  • “ਇੱਕ ਘੰਟੇ ਵਿੱਚ ਇੱਕ ਸਾਈਜ਼ ਘੱਟ ਕਰਨਾ”

  • “ਵੀਐੱਲਸੀਸੀ ਲੈ ਕੇ ਆਇਆ ਹੈ ਇੱਕ ਬੇਮਿਸਾਲ ਮੋਟਾਪਾ ਘਟਾਉਣ ਵਾਲਾ ਇਲਾਜ”

  • “ਲਿਪੋਲੇਜ਼ਰ ਨਾਲ ਇੱਕ ਸੈਸ਼ਨ ਵਿੱਚ ਹੀ 6 ਸੈਂਟੀਮੀਟਰ ਅਤੇ 400 ਗ੍ਰਾਮ ਵਜਨ ਘੱਟ ਕਰਨਾ”

ਅਜਿਹੇ ਇਸ਼ਤਿਹਾਰਾਂ ਨਾਲ ਉਪਭੋਗਤਾ ਵਿੱਚ ਗਲਤ ਧਾਰਨਾ ਬਣੀ ਕਿ ਕੂਲ ਸਕਲਪਟਿੰਗ ਸਥਾਈ ਅਤੇ ਮਹੱਤਵਪੂਰਨ ਵਜਨ ਘਟਾਉਣ ਦੀ ਗਰੰਟੀ ਹੈ। ਦਰਅਸਲ, ਇਹ ਪ੍ਰਕਿਰਿਆ ਸਿਰਫ਼ ਸਰੀਰ ਦੇ ਕੁਝ ਖਾਸ ਹਿੱਸਿਆਂ ਵਿੱਚ ਮੌਜੂਦ ਫੈਟ ਵਿੱਚ ਕਮੀ ਲਈ ਅਤੇ ਸਿਰਫ਼ 30 ਜਾਂ ਇਸ ਤੋਂ ਘੱਟ ਬੌਡੀ ਮਾਸ ਇੰਡੈਕਸ (ਬੀਐੱਮਆਈ) ਵਾਲੇ ਵਿਅਕਤੀਆਂ ਲਈ ਹੀ ਮਨਜ਼ੂਰ ਹੈ।

ਯੂਐੱਸ-ਐੱਫਡੀਏ ਦੁਆਰਾ ਪ੍ਰਵਾਨਿਤ ਕੂਲ ਸਕਲਪਟਿੰਗ ਮਸ਼ੀਨ ਦੇ ਸਬੰਧ ਵਿੱਚ ਸੀਸੀਪੀਏ ਨੇ ਪਾਇਆ ਕਿ:

  • ਜ਼ੈਲਟਿਕ ਅਸਥੈਟਿਕਸ ਦੁਆਰਾ ਨਿਰਮਿਤ ਕੂਲ ਸਕਲਪਟਿੰਗ ਮਸ਼ੀਨ ਨੂੰ ਯੂਐੱਸ-ਐੱਫਡੀਏ ਦੁਆਰਾ ਸਿਰਫ਼ ਅਪਰ ਆਰਮ, ਬ੍ਰਾ ਫੈਟ, ਬੈਕ ਫੈਟ, ਬਨਾਨਾ ਰੋਲ ਫੈਟ, ਸਬਮੈਂਟਲ ਏਰੀਆ, ਪੱਟਾਂ, ਪੇਟ ਅਤੇ ਫਲੈਂਕ ਜਿਹੇ ਹਿੱਸਿਆਂ ਵਿੱਚ ਮੌਜੂਦ ਫੈਟ ਨੂੰ ਘੱਟ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ।

  • ਇਹ ਵਜਨ ਘਟਾਉਣ ਦਾ ਇਲਾਜ ਨਹੀਂ ਹੈ।

  • ਯੂਐੱਸ-ਐੱਫਡੀਏ ਨੂੰ ਪੇਸ਼ ਕੀਤੇ ਗਏ ਕਲੀਨਿਕਲ ਟ੍ਰਾਇਲਾਂ ਵਿੱਚ ਕੌਕੇਸ਼ਿਅਨ, ਹਿਸਪੈਨਿਕ ਅਤੇ ਅਫਰੀਕੀ-ਅਮਰੀਕੀ ਨਸਲ ਦੇ ਸਿਰਫ਼ 57 ਪ੍ਰਤਿਭਾਗੀ ਸ਼ਾਮਲ ਸਨ, ਜਿਨ੍ਹਾਂ ਵਿੱਚ ਕੋਈ ਭਾਰਤੀ ਜਾਂ ਏਸ਼ਿਆਈ ਪ੍ਰਤੀਨਿਧਤਾ ਨਹੀਂ ਸੀ।

  • ਯੂਐੱਸ-ਐੱਫਡੀਏ ਨੇ ਭਾਰਤ ਵਿੱਚ ਕੂਲ ਸਕਲਪਟਿੰਗ ਦੀ ਵਰਤੋਂ ਲਈ ਕੋਈ ਖਾਸ ਮਨਜ਼ੂਰੀ ਨਹੀਂ ਦਿੱਤੀ ਹੈ।

ਇਨ੍ਹਾਂ ਮਹੱਤਵਪੂਰਨ ਤੱਥਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਵੀਐੱਲਸੀਸੀਨੇ ਉਪਭੋਗਤਾ ਸੁਰੱਖਿਆ ਐਕਟ, 2019 ਦੀ ਉਲੰਘਣਾ ਕਰਕੇ ਉਪਭੋਗਤਾਵਾਂ ਨੂੰ ਗੁੰਮਰਾਹ ਕੀਤਾ।

3 ਲੱਖ ਰੁਪਏ ਦੇ ਆਰਥਿਕ ਜੁਰਮਾਨੇ ਤੋਂ ਇਲਾਵਾ, ਸੀਸੀਪੀਏਨੇ ਨਿਰਦੇਸ਼ ਦਿੱਤਾ ਹੈ ਕਿ ਵੀਐੱਲਸੀਸੀ ਨੂੰ ਆਪਣੇ ਭਵਿੱਖ ਦੇ ਸਾਰੇ ਇਸ਼ਤਿਹਾਰਾਂ ਵਿੱਚ ਹੇਠ ਲਿਖਿਆਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ:

ਏ. ਇਸ਼ਤਿਹਾਰਾਂ/ ਡਿਸਕਲੇਮਰ ਵਿੱਚ ਤੱਥਾਂ ਦੀ ਸਟੀਕ ਜਾਣਕਾਰੀ

  • ਸਰੀਰ ਦੇ ਖਾਸ ਹਿੱਸੇ ਜਿਨ੍ਹਾਂ ਨੂੰ ਫੈਟ ਘੱਟ ਕਰਨ ਲਈ ਚਿੰਨ੍ਹਿਤ ਕੀਤਾ ਗਿਆ ਹੈ।

  • ਇਹ ਪ੍ਰਕਿਰਿਆ ਸਿਰਫ ਉਨ੍ਹਾਂ ਵਿਅਕਤੀਆਂ ਦੇ ਲਈ ਕੰਮ ਕਰਦੀ ਹੈ ਜਿਨ੍ਹਾਂ ਦਾ ਬੀਐੱਮਆਈ 30 ਜਾਂ ਉਸ ਤੋਂ ਘੱਟ ਹੋਵੇ।

  • ਸਾਰੇ ਇੰਕਲੁਜ਼ਨ ਅਤੇ ਐਕਸਕਲੁਜ਼ਨ ਯੂਐੱਸ-ਐੱਫਡੀਏ ਦੀ ਪ੍ਰਵਾਨਗੀ ਦੇ ਅਨੁਸਾਰ ਹੋਣ।

  • ਜਨਸੰਖਿਆ ਸਬੰਧੀ ਜਾਣਕਾਰੀ ਜਿੱਥੇ ਮਸ਼ੀਨ ਦੀ ਟੈਸਟਿੰਗ ਕੀਤੀ ਗਈ ਹੈ।

ਬੀ) ਸਪਸ਼ਟ ਤੌਰ 'ਤੇ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ: ਇਸ਼ਤਿਹਾਰਾਂ ਅਤੇ ਸਹਿਮਤੀ ਫਾਰਮਾਂ ਦੋਵਾਂ ਵਿੱਚ ਸਪਸ਼ਟ ਅਤੇ ਅਸਾਨੀ ਨਾਲ ਪੜ੍ਹਨਯੋਗ ਤਰੀਕੇ ਨਾਲ ਦੱਸਿਆ ਜਾਣਾ ਚਾਹੀਦਾ ਹੈ ਕਿ "ਕੂਲ ਸਕਲਪਟਿੰਗ ਪ੍ਰਕਿਰਿਆ ਦੀ ਵਰਤੋਂ ਫੋਕਲ ਫੈਟ ਜਮ੍ਹਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ, ਨਾ ਕਿ ਭਾਰ ਘਟਾਉਣ ਲਈ।"

ਸੀ) ਸਿਰਫ਼ ਯੂਐੱਸ-ਐੱਫਡੀਏ ਦੁਆਰਾ ਪ੍ਰਵਾਨਿਤ ਦਾਅਵਿਆਂ ਨੂੰ ਹੀ ਸਹੀ ਤਰੀਕੇ ਨਾਲ ਦੱਸਿਆ ਜਾਣਾ ਚਾਹੀਦਾ ਹੈ।

ਡੀ) ਉਪਭੋਗਤਾ ਦੁਆਰਾ ਸੇਵਾਪ੍ਰਾਪਤ ਕਰਨ ਤੋਂ ਪਹਿਲਾਂ, ਭਾਰਤੀ ਜਨਸੰਖਿਆ ਬਾਰੇ ਇਸ ਦੀ ਟੈਸਟਿੰਗ ਨਹੀਂ ਹੋਣ ਅਤੇ ਯੂਐੱਸ-ਐੱਫਡੀਏ ਦੁਆਰਾ ਭਾਰਤ ਲਈ ਇਸ ਦੀ ਪ੍ਰਵਾਨਗੀ ਦੀ ਘਾਟ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।

ਈ) ਅਣਉਚਿਤ ਅਤੇ ਪੱਖਪਾਤੀ ਇਕਰਾਰਨਾਮਿਆਂ ਦੇ ਪ੍ਰਾਵਧਾਨਾਂ ਨੂੰ ਸਮਾਪਤ ਕਰਨਾ ਜੋ ਕੀਤੇ ਗਏ ਦਾਅਵਿਆਂ ਲਈ ਕਾਨੂੰਨੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੋਂ ਬਚਣ ਦਾ ਯਤਨ ਕਰਦੇ ਹਨ।

ਸੀਸੀਪੀਏ ਨੇ ਭਾਰਤ ਵਿੱਚ ਕੂਲ ਸਕਲਪਟਿੰਗ ਮਸ਼ੀਨਾਂ ਦੀ ਵਰਤੋਂ ਕਰਨ ਵਾਲੇ ਸਾਰੇ ਸੁੰਦਰਤਾ ਕਲੀਨਿਕਾਂ, ਵੈਲਨੈੱਸ ਸੈਂਟਰਾਂ ਅਤੇ ਸਰਵਿਸ ਪ੍ਰੋਵਾਈਡਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਕਿਸੇ ਵੀ ਉਲੰਘਣਾ 'ਤੇ ਉਪਭੋਗਤਾ ਸੁਰੱਖਿਆ ਐਕਟ, 2019 ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਜੁਰਮਾਨੇ, ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਬੰਦ ਕਰਨਾ ਅਤੇ ਕਾਨੂੰਨੀ ਕਾਰਵਾਈ ਸ਼ਾਮਲ ਹੈ।

ਇਹ ਹੁਕਮ ਸਿਹਤ, ਵੈਲਨੈੱਸ ਅਤੇ ਸੁੰਦਰਤਾ ਉਦਯੋਗ ਵਿੱਚ ਝੂਠੇ, ਗੁੰਮਰਾਹਕੁੰਨ ਅਤੇ ਵਧਾ-ਚੜ੍ਹਾ ਕੇ ਪੇਸ਼ ਕੀਤੇ ਇਸ਼ਤਿਹਾਰਾਂ ਤੋਂ ਉਪਭੋਗਤਾਵਾਂ ਦੀ ਸੁਰੱਖਿਆ ਕਰਨ ਲਈ ਸੀਸੀਪੀਏਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦਾ ਹੈ।

ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਾਵਧਾਨ ਰਹਿਣ ਅਤੇ ਅਜਿਹੇ ਇਸ਼ਤਿਹਾਰਾਂ ਦੇ ਝਾਂਸੇ ਵਿੱਚ ਨਾ ਆਉਣ ਜੋ ਕੂਲ ਸਕਲਪਟਿੰਗਰਾਹੀਂ ਤੁਰੰਤ ਵਜਨ ਘਟਾਉਣ ਜਾਂ ਸਾਈਜ਼ ਵਿੱਚ ਸਥਾਈ ਕਮੀ ਦਾ ਦਾਅਵਾ ਕਰਦੇ ਹਨ।

*****

ਏਡੀ/ਐੱਨਐੱਸ


(Release ID: 2160202)