ਰਾਸ਼ਟਰਪਤੀ ਸਕੱਤਰੇਤ
ਭਾਰਤੀ ਵਿਦੇਸ਼ ਸੇਵਾ ਦੇ ਟ੍ਰੇਨੀਜ਼ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
ਸਾਡੇ ਕੂਟਨੀਤਕ ਯਤਨ ਸਾਡੀਆਂ ਘਰੇਲੂ ਜ਼ਰੂਰਤਾਂ ਅਤੇ 2047 ਤੱਕ ਵਿਕਸਿਤ ਭਾਰਤ ਬਣਨ ਦੇ ਸਾਡੇ ਉਦੇਸ਼ ਨਾਲ ਜੁੜੇ ਹੋਣੇ ਚਾਹੀਦੇ ਹਨ: ਰਾਸ਼ਟਰਪਤੀ ਮੁਰਮੂ
Posted On:
19 AUG 2025 1:56PM by PIB Chandigarh
ਭਾਰਤੀ ਵਿਦੇਸ਼ ਸੇਵਾ (2024 ਬੈਚ) ਦੇ ਟ੍ਰੇਨੀਜ਼ ਅਧਿਕਾਰੀਆਂ ਨੇ ਅੱਜ (19 ਅਗਸਤ, 2025) ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਪਣੀ ਯਾਤਰਾ ਸ਼ੁਰੂ ਕਰਦੇ ਸਮੇਂ ਸੱਭਿਅਤਾਗਤ ਗਿਆਨ ਦੀਆਂ ਕਦਰਾਂ-ਕੀਮਤਾਂ-ਸ਼ਾਂਤੀ, ਬਹੁਲਵਾਦ, ਅਹਿੰਸਾ ਅਤੇ ਸੰਵਾਦ ਆਦਿ ਨੂੰ ਆਪਣੇ ਨਾਲ ਲੈ ਕੇ ਚਲਣਾ ਚਾਹੀਦਾ ਹੈ। ਨਾਲ ਹੀ, ਉਨ੍ਹਾਂ ਨੂੰ ਆਪਣੇ ਸਾਹਮਣੇ ਆਉਣ ਵਾਲੀ ਹਰ ਸੰਸਕ੍ਰਿਤੀ ਦੇ ਵਿਚਾਰਾਂ, ਲੋਕਾਂ ਅਤੇ ਦ੍ਰਿਸ਼ਟੀਕੋਣਾਂ ਦੇ ਪ੍ਰਤੀ ਖੁੱਲ੍ਹਾ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਆਲੇ-ਦੁਆਲੇ ਦੀ ਦੁਨੀਆ ਭੂ-ਰਾਜਨੀਤਕ ਬਦਲਾਵਾਂ, ਡਿਜੀਟਲ ਕ੍ਰਾਂਤੀ, ਜਲਵਾਯੂ ਪਰਿਵਰਤਨ ਅਤੇ ਬਹੁਪੱਖਵਾਦ ਦੇ ਸੰਦਰਭ ਵਿੱਚ ਤੇਜ਼ੀ ਨਾਲ ਬਦਲਾਅ ਦੇਖ ਰਹੀ ਹੈ। ਯੁਵਾ ਅਧਿਕਾਰੀਆਂ ਦੇ ਰੂਪ ਵਿੱਚ, ਉਨ੍ਹਾਂ ਦੀ ਚੁਸਤੀ ਅਤੇ ਅਨੁਕੂਲਤਾ ਸਾਡੀ ਸਫਲਤਾ ਦੀ ਕੁੰਜੀ ਹੋਵੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਗਲੋਬਲ ਨੌਰਥ ਅਤੇ ਸਾਊਥ ਦਰਮਿਆਨ ਅਸਮਾਨਤਾ ਤੋਂ ਪੈਦਾ ਸਮੱਸਿਆਵਾਂ ਹੋਣ, ਸੀਮਾ ਪਾਰ ਅੱਤਵਾਦ ਦਾ ਖਤਰਾ ਹੋਵੇ ਜਾਂ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਹੋਣ, ਭਾਰਤ ਅੱਜ ਵਿਸ਼ਵ ਦੀਆਂ ਪ੍ਰਮੁੱਖ ਚੁਣੌਤੀਆਂ ਦੇ ਸਮਾਧਾਨ ਦਾ ਇੱਕ ਲਾਜ਼ਮੀ ਹਿੱਸਾ ਹੈ। ਭਾਰਤ ਨਾ ਸਿਰਫ਼ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਸਗੋਂ ਇੱਕ ਨਿਰੰਤਰ ਉਭਰਦੀ ਹੋਈ ਆਰਥਿਕ ਸ਼ਕਤੀ ਵੀ ਹੈ। ਸਾਡੀ ਆਵਾਜ਼ ਦਾ ਮਹੱਤਵ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜਨੀਤਕਾਂ ਦੇ ਰੂਪ ਵਿੱਚ, ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਭਾਰਤ ਦਾ ਪਹਿਲਾ ਚਿਹਰਾ ਹੋਣਗੇ ਜਿਸ ਨੂੰ ਦੁਨੀਆ ਉਨ੍ਹਾਂ ਦੇ ਸ਼ਬਦਾਂ, ਕਾਰਜਾਂ ਅਤੇ ਕਦਰਾਂ-ਕੀਮਤਾਂ ਵਿੱਚ ਦੇਖੇਗੀ।

ਰਾਸ਼ਟਰਪਤੀ ਨੇ ਅੱਜ ਦੇ ਸਮੇਂ ਵਿੱਚ ਸੱਭਿਆਚਾਰਕ ਕੂਟਨੀਤੀ ਦੇ ਵਧਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਦਿਲ ਅਤੇ ਆਤਮਾ ਨਾਲ ਬਣੇ ਸਬੰਧ ਹਮੇਸ਼ਾ ਮਜ਼ਬੂਤ ਹੁੰਦੇ ਹਨ। ਭਾਵੇਂ ਉਹ ਯੋਗ ਹੋਵੇ, ਆਯੁਰਵੇਦ ਹੋਵੇ, ਸ਼੍ਰੀਅੰਨ ਹੋਵੇ ਜਾਂ ਭਾਰਤ ਦੀਆਂ ਸੰਗੀਤ, ਕਲਾਤਮਕ, ਭਾਸ਼ਾਈ ਅਤੇ ਅਧਿਆਤਮਿਕ ਪਰੰਪਰਾਵਾਂ ਹੋਣ, ਵਧੇਰੇ ਰਚਨਾਤਮਕ ਅਤੇ ਮਹੱਤਵਕਾਂਖੀ ਯਤਨ ਇਸ ਵਿਸ਼ਾਲ ਵਿਰਾਸਤ ਨੂੰ ਵਿਦੇਸ਼ਾਂ ਵਿੱਚ ਪ੍ਰਦਰਸ਼ਿਤ ਅਤੇ ਪ੍ਰਚਾਰਿਤ ਕਰਨਗੇ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਕੂਟਨੀਤਕ ਯਤਨ ਸਾਡੀਆਂ ਘਰੇਲੂ ਜ਼ਰੂਰਤਾਂ ਅਤੇ 2047 ਤੱਕ ਵਿਕਸਿਤ ਭਾਰਤ ਬਣਨ ਦੇ ਸਾਡੇ ਉਦੇਸ਼ ਦੇ ਨਾਲ ਨੇੜਤਾ ਨਾਲ ਜੁੜੇ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਯੁਵਾ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਖੁਦ ਨੂੰ ਨਾ ਸਿਰਫ਼ ਭਾਰਤ ਦੇ ਹਿਤਾਂ ਦੇ ਰਖਵਾਲੇ ਸਮਝਣ, ਸਗੋਂ ਉਸ ਦੀ ਆਤਮਾ ਦਾ ਰਾਜਦੂਤ ਵੀ ਸਮਝਣ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
************
ਐੱਮਜੇਪੀਐੱਸ/ਐੱਸਆਰ
(Release ID: 2158321)
Visitor Counter : 10