ਰੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਤਵਾਦ ਦੇ ਖਿਲਾਫ ਭਾਰਤ ਦੀ ਨੀਤੀ ਨੂੰ ਫਿਰ ਤੋਂ ਪਰਿਭਾਸ਼ਿਤ ਕੀਤਾ ਹੈ, ਭਾਰਤ ਦੀ ਧਰਤੀ ‘ਤੇ ਕਿਸੇ ਵੀ ਹਮਲੇ ਨੂੰ ਯੁੱਧ ਦੀ ਕਾਰਵਾਈ ਮੰਨਿਆ ਜਾਵੇਗਾ: ਸ੍ਰੀਨਗਰ ਵਿੱਚ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ


ਪਾਕਿਸਤਾਨ ਦੀ ਗੈਰਜ਼ਿੰਮੇਦਾਰ ਪਰਮਾਣੂ ਧਮਕੀਆਂ ਅੱਤਵਾਦ ਨੂੰ ਸਮਾਪਤ ਕਰਨ ਦੇ ਭਾਰਤ ਦੇ ਸੰਕਲਪ ਨੂੰ ਨਹੀਂ ਰੋਕ ਸਕਦੀਆਂ: ਸ਼੍ਰੀ ਰਾਜਨਾਥ ਸਿੰਘ; ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ ਦੀ ਆਈਏਈਏ ਨਿਗਰਾਨੀ ਦੀ ਮੰਗ

“ਭਾਰਤ ਸ਼ਾਂਤੀ ਨੂੰ ਪ੍ਰਾਥਮਿਕਤਾ ਦਿੰਦਾ ਹੈ, ਲੇਕਿਨ ਇਸ ਦੀ ਪ੍ਰਭੂਸੱਤਾ ‘ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਉਚਿਤ ਜਵਾਬ ਦਿੱਤਾ ਜਾਵੇਗਾ”

“ਜੇਕਰ ਪਾਕਿਸਤਾਨ ਅੱਤਵਾਦ ਦਾ ਸਮਰਥਨ ਜਾਰੀ ਰੱਖਦਾ ਹੈ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ; ਉਸ ਨੂੰ ਭਾਰਤ ਵਿਰੋਧੀ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣੀ ਬੰਦ ਕਰਨੀ ਹੋਵੇਗੀ”

“ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚਲ ਸਕਦੇ; ਪਾਕਿਸਤਾਨ ਦੇ ਨਾਲ ਗੱਲਬਾਤ ਕੇਵਲ ਅੱਤਵਾਦ ਅਤੇ ਪੀਓਕੇ ਮੁੱਦੇ ‘ਤੇ ਹੋਵੇਗੀ”

Posted On: 15 MAY 2025 3:32PM by PIB Chandigarh

 ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸ੍ਰੀਨਗਰ ਦੇ ਬਦਾਮੀ ਬਾਗ ਕੈਂਟ ਵਿੱਚ 15 ਮਈ, 2025 ਨੂੰ ਭਾਰਤੀ ਸੈਨਾ ਦੇ ਵੀਰ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਨੇ ਅੱਤਵਾਦ ਦੇ ਖਿਲਾਫ ਭਾਰਤ ਦੀ ਨੀਤੀ ਨੂੰ ਫਿਰ ਤੋਂ ਪਰਿਭਾਸ਼ਿਤ ਕੀਤਾ ਹੈ, ਜਿਸ ਦੇ ਅਨੁਸਾਰ ਹੁਣ ਭਾਰਤ ਦੀ ਧਰਤੀ ‘ਤੇ ਕੀਤੇ ਜਾਣ ਵਾਲੇ ਕਿਸੇ ਵੀ ਹਮਲੇ ਨੂੰ ਯੁੱਧ ਦੀ ਕਾਰਵਾਈ ਮੰਨਿਆ ਜਾਵੇਗਾ।” ਰੱਖਿਆ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਨੇ ਹਮੇਸ਼ਾ ਸ਼ਾਂਤੀ ਨੂੰ ਪ੍ਰਾਥਮਿਕਤਾ ਦਿੱਤੀ ਹੈ ਅਤੇ ਕਦੇ ਵੀ ਯੁੱਧ ਦਾ ਸਮਰਥਨ ਨਹੀਂ ਕੀਤਾ ਹੈ, ਹਾਲਾਂਕਿ, ਜਦੋਂ ਇਸ ਦੀ ਪ੍ਰਭੂਸੱਤਾ ‘ਤੇ ਹਮਲਾ ਹੁੰਦਾ ਹੈ, ਤਾਂ ਇਸ ਦਾ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਅੱਤਵਾਦ ਨੂੰ ਸਮਰਥਨ ਜਾਰੀ ਰੱਖਦਾ ਹੈ, ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

           

ਸ਼੍ਰੀ ਰਾਜਨਾਥ ਸਿੰਘ ਨੇ ਆਪ੍ਰੇਸ਼ਨ ਸਿੰਦੂਰ  ਨੂੰ ਅੱਤਵਾਦ ਦੇ ਖਿਲਾਫ ਇਤਿਹਾਸ ਵਿੱਚ ਭਾਰਤ ਦੁਆਰਾ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਦੱਸਿਆ ਅਤੇ ਇਸ ਨੂੰ ਅੱਤਵਾਦ ਨੂੰ ਖਤਮ ਕਰਨ ਦੇ ਲਈ ਕਿਸੇ ਵੀ ਹਦ ਤੱਕ ਜਾਣ ਦੀ ਦੇਸ਼ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਦੱਸਿਆ। ਉਨ੍ਹਾਂ ਨੇ ਕਿਹਾ, “ਆਪ੍ਰੇਸ਼ਨ ਸਿੰਦੂਰ  ਭਾਰਤ ਦੁਆਰਾ ਨਾ ਕੇਵਲ ਰੱਖਿਆ ਕਰਨ, ਸਗੋਂ ਜ਼ਰੂਰਤ ਪੈਣ ‘ਤੇ ਸਾਹਸਿਕ ਫੈਸਲੇ ਲੈਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਹਰ ਸੈਨਿਕ ਦਾ ਸੁਪਨਾ ਸੀ ਕਿ ਅਸੀਂ ਹਰ ਅੱਤਵਾਦੀ ਟਿਕਾਣੇ ਤੱਕ ਪਹੁੰਚਾਂਗੇ ਅਤੇ ਉਨ੍ਹਾਂ ਨੂੰ ਤਬਾਹ ਕਰਾਂਗੇ। ਅੱਤਵਾਦੀਆਂ ਨੇ ਭਾਰਤੀਆਂ ਨੂੰ ਉਨ੍ਹਾਂ ਦੇ ਧਰਮ ਦੇ ਅਧਾਰ ‘ਤੇ ਮਾਰਿਆ, ਲੇਕਿਨ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਕਰਨੀ ਦੇ ਲਈ ਮਾਰਿਆ। ਉਨ੍ਹਾਂ ਨੂੰ ਖਤਮ ਕਰਨਾ ਸਾਡਾ ਧਰਮ  ਸੀ। ਸਾਡੀ ਸੈਨਾ ਨੇ ਆਪਣੇ ਗੁੱਸੇ ਨੂੰ ਸਹੀ ਦਿਸ਼ਾ ਦਿੱਤੀ ਅਤੇ ਪਹਿਲਗਾਮ ਦਾ ਬਦਲਾ ਬਹੁਤ ਸਾਹਸ ਅਤੇ ਸੂਝ-ਬੂਝ ਦੇ ਨਾਲ ਲਿਆ।”

           

ਰੱਖਿਆ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਵਿੱਚ ਛਿਪੇ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਇਹ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਕਿਤੇ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਨੇ ਕਿਹਾ, “ਸਾਡੀਆਂ ਸੈਨਾਵਾਂ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਸਟੀਕ ਅਤੇ ਕਾਰਗਰ ਹੈ ਅਤੇ ਗਿਣਤੀ ਦਾ ਕੰਮ ਦੁਸ਼ਮਣਾਂ ‘ਤੇ ਛੱਡ ਦਿੱਤਾ ਗਿਆ ਹੈ।”

 

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਭਾਰਤ ਦੇ ਦ੍ਰਿੜ੍ਹ ਸੰਕਲਪ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਦੀ ਨਿਊਕਲੀਅਰ ਬਲੈਕਮੇਲ ਦੀ ਧਮਕੀ ਤੋਂ ਭਾਰਤ ਡਰਿਆ ਨਹੀਂ। ਉਨ੍ਹਾਂ ਨੇ ਕਿਹਾ ਕਿ ਦੁਨੀਆ ਨੇ ਦੇਖਿਆ ਹੈ ਕਿ ਪਾਕਿਸਤਾਨ ਨੇ ਕਿੰਨੀ ਗੈਰਜ਼ਿੰਮੇਦਾਰੀ ਨਾਲ ਕਈ ਵਾਰ ਭਾਰਤ ਨੂੰ ਪਰਮਾਣੂ ਧਮਕੀਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ, “ਮੈਂ ਦੁਨੀਆ ਦੇ ਸਾਹਮਣੇ ਇਹ ਸਵਾਲ ਉਠਾਉਂਦਾ ਹਾਂ: ਕੀ ਅਜਿਹੇ ਗੈਰਜ਼ਿੰਮੇਦਾਰ ਅਤੇ ਦੁਸ਼ਟ ਦੇਸ਼ ਦੇ ਹੱਥਾਂ ਵਿੱਚ ਪਰਮਾਣੂ ਹਥਿਆਰ ਸੁਰੱਖਿਅਤ ਹਨ? ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਨੂੰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੀ ਨਿਗਰਾਨੀ ਵਿੱਚ ਲਿਆ ਜਾਣਾ ਚਾਹੀਦਾ ਹੈ।”           

 ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਹਿਲਗਾਮ ਦੀ ਘਟਨਾ ਦੇ ਮਾਧਿਅਮ ਨਾਲ ਭਾਰਤ ਦੀ ਸਮਾਜਿਕ ਏਕਤਾ ਨੂੰ ਤੋੜਨ ਦਾ ਯਤਨ ਕੀਤਾ ਗਿਆ ਸੀ, ਅਤੇ ਹਥਿਆਰਬੰਦ ਬਲਾਂ ਨੇ ਦੁਸ਼ਮਣ ‘ਤੇ ਵਾਰ ਕਰਕੇ ਅੱਤਵਾਦੀ ਹਮਲੇ ਦਾ ਜਵਾਬ ਦਿੱਤਾ। ਉਨ੍ਹਾਂ ਨੇ ਲਗਭਗ 21 ਸਾਲ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪੇਈ ਦੇ ਸਾਹਮਣੇ ਕੀਤੇ ਗਏ ਪਾਕਿਸਤਾਨ ਦੇ ਉਸ ਐਲਾਨ ਦਾ ਜ਼ਿਕਰ ਕੀਤਾ ਕਿ ਹੁਣ ਉਸ ਦੀ ਧਰਤੀ ਤੋਂ ਅੱਤਵਾਦ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਭਾਰਤ ਨੂੰ ਧੋਖਾ ਦਿੰਦਾ ਰਿਹਾ ਹੈ, ਅਤੇ ਉਸ ਨੂੰ ਭਾਰਤ ਵਿਰੋਧੀ ਅਤੇ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣਾ ਬੰਦ ਕਰਨਾ ਚਾਹੀਦਾ ਹੈ ਅਤੇ ਆਪਣੀ ਜ਼ਮੀਨ ਦਾ ਇਸਤੇਮਾਲ ਭਾਰਤ ਦੇ ਖਿਲਾਫ ਨਹੀਂ ਹੋਣ ਦੇਣਾ ਚਾਹੀਦਾ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਅੱਜ ਅਜਿਹੀ ਸਥਿਤੀ ਵਿੱਚ ਪਹੁੰਚ ਗਿਆ ਹੈ ਜਿੱਥੇ ਉਸ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਤੋਂ ਲੋਨ ਮੰਗਣਾ ਪੈ ਰਿਹਾ ਹੈ, ਜਦਕਿ ਭਾਰਤ ਉਨ੍ਹਾਂ ਦੇਸ਼ਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਜੋ ਗਰੀਬ ਦੇਸ਼ਾਂ ਦੀ ਮਦਦ ਕਰਨ ਦੇ ਲਈ ਆਈਐੱਮਐੱਫ ਨੂੰ ਧਨ ਮੁਹੱਈਆ ਕਰਵਾਉਂਦੇ ਹਨ।

 

ਸ਼੍ਰੀ ਰਾਜਨਾਥ ਸਿੰਘ ਨੇ ਦੁਹਰਾਇਆ ਕਿ ਸੀਮਾ ਪਾਰ ਤੋਂ ਕੋਈ ਵੀ ਗੈਰ-ਜ਼ਰੂਰੀ ਕਾਰਵਾਈ ਨਹੀਂ ਹੋਣੀ ਚਾਹੀਦੀ ਹੈ, ਜੋ ਦੋਵੇਂ ਦੇਸ਼ਾਂ ਦਰਮਿਆਨ ਬਣੀ ਸਹਿਮਤੀ ਦਾ ਅਧਾਰ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਚਾਰਾਂ ਨੂੰ ਦੁਹਰਾਇਆ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚਲ ਸਕਦੇ, ਅਤੇ ਜੇਕਰ ਗੱਲਬਾਤ ਹੋਵੇਗੀ, ਤਾਂ ਉਹ ਕੇਵਲ ਅੱਤਵਾਦ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਤੇ ਹੋਵੇਗੀ।

            

ਰੱਖਿਆ ਮੰਤਰੀ ਨੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਨਾਗਰਿਕਾਂ ਅਤੇ ਆਪ੍ਰੇਸ਼ਨ ਸਿੰਦੂਰ ਦੌਰਾਨ ਮਾਤ ਭੂਮੀ ਦੀ ਸੇਵਾ ਵਿੱਚ ਸਰਵਉੱਚ ਬਲੀਦਾਨ ਦੇਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਜ਼ਖਮੀ ਸੈਨਿਕਾਂ ਦੇ ਸਾਹਸ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।


            

ਸ਼੍ਰੀ ਰਾਜਨਾਥ ਸਿੰਘ ਨੇ ਸੀਮਾ ਪਾਰ ਪਾਕਿਸਤਾਨੀ ਚੌਂਕੀਆਂ ਅਤੇ ਬੰਕਰਾਂ ਨੂੰ ਤਬਾਹ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ, ਜਿਸ ਨਾਲ ਦੁਸ਼ਮਣ ਨੂੰ ਸਪਸ਼ਟ ਸੰਦੇਸ਼ ਮਿਲ ਗਿਆ ਹੈ। ਉਨ੍ਹਾਂ ਨੇ ਕਿਹਾ, “ਮੈਂ ਅੱਜ ਭਾਰਤ ਦੇ ਲੋਕਾਂ ਦਾ ਸੰਦੇਸ਼ ਲੈ ਕੇ ਇੱਥੇ ਆਇਆ ਹਾਂ: ‘ਸਾਨੂੰ ਆਪਣੀਆਂ ਸੈਨਾਵਾਂ ‘ਤੇ ਮਾਣ ਹੈ।’”

 

ਰੱਖਿਆ ਮੰਤਰੀ ਨੇ ਹਥਿਆਰਬੰਦ ਬਲਾਂ ਦੀ ਵੀਰਤਾ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ ਸੈਨਿਕਾਂ ਨੂੰ ਐਡਵਾਂਸਡ ਹਥਿਆਰਾਂ ਅਤੇ ਪਲੈਟਫਾਰਮਾਂ ਅਤੇ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕਰਨ ਦੇ ਲਈ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਕਿਹਾ, “ਸਾਡੀ ਸਰਕਾਰ ਨੇ ਯਕੀਨੀ ਬਣਾਇਆ ਹੈ ਕਿ ਸਾਡੇ ਹਥਿਆਰਬੰਦ ਬਲ ਹਰ ਸਥਿਤੀ ਦੇ ਲਈ ਤਿਆਰ ਰਹਿਣ। ਆਧੁਨਿਕ ਰਾਈਫਲ, ਮਿਜ਼ਾਈਲ ਰੱਖਿਆ ਕਵਚ ਅਤੇ ਡ੍ਰੋਨ ਜਿਹੇ ਕਈ ਨਵੀਂ ਪੀੜ੍ਹੀ ਦੇ ਉਪਕਰਣ ਭਾਰਤ ਵਿੱਚ ਹੀ ਤੇਜ਼ੀ ਨਾਲ ਬਣਾਏ ਜਾ ਰਹੇ ਹਨ। ਐੱਲਓਸੀ ਅਤੇ ਐੱਲਏਸੀ ‘ਤੇ ਪਹਿਲਾਂ ਤੋਂ ਕਿਤੇ ਵੱਧ ਕਨੈਕਟੀਵਿਟੀ ਯਕੀਨੀ ਬਣਾਈ ਗਈ ਹੈ। ਜਿਸ ਸਮਰਪਣ ਅਤੇ ਤਤਪਰਤਾ ਦੇ ਨਾਲ ਸਾਡੇ ਸੈਨਿਕ ਦੇਸ਼ ਦੀ ਸੇਵਾ ਕਰਦੇ ਹਨ, ਸਰਕਾਰ ਵੀ ਤੁਹਾਡੀ ਸੇਵਾ ਕਰਨ ਦਾ ਯਤਨ ਕਰ ਰਹੀ ਹੈ।”

 

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਦੇਸ਼ ਦੀ ਜਨਤਾ ਹਰ ਕਦਮ ‘ਤੇ, ਹਰ ਸਥਿਤੀ ਵਿੱਚ ਹਥਿਆਰਬੰਦ ਬਲਾਂ ਦੇ ਨਾਲ ਮੌਢੇ ਨਾਲ ਮੌਢਾ ਮਿਲਾ ਕੇ ਖੜੀ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਸੈਨਾ ਦੇ ਸਹਿਯੋਗ ਨਾਲ ਭਾਰਤ ਜਲਦੀ ਹੀ ਇਸ ਖੇਤਰ ਵਿੱਚ ਅੱਤਵਾਦ ਦਾ ਸਫਾਇਆ ਕਰ ਦੇਵੇਗਾ, ਤਾਕਿ ਕੋਈ ਵੀ ਦੇਸ਼ ਦੀ ਪ੍ਰਭੂਸੱਤਾ ‘ਤੇ ਬੁਰੀ ਨਜ਼ਰ ਪਾਉਣ ਦੀ ਹਿੰਮਤ ਨਾ ਕਰ ਸਕੇ।

 

ਇਸ ਅਵਸਰ ‘ਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ, ਸ਼੍ਰੀ ਮਨੋਜ ਸਿਨ੍ਹਾ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ, ਸ਼੍ਰੀ ਓਮਰ ਅਬਦੁੱਲਾ, ਆਰਮੀ ਸਟਾਫ ਜਨਰਲ ਦੇ ਚੀਫ, ਉਪੇਂਦਰ ਦ੍ਵਿਵੇਦੀ ਅਤੇ ਭਾਰਤੀ ਸੈਨਾ ਦੇ ਹੋਰ ਸੀਨੀਅਰ ਅਧਿਕਾਰੀ ਮੋਜੂਦ ਸਨ।

*********

ਵੀਕੇ/ਸੈਵੀ


(Release ID: 2129123)