ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮੱਛੀ ਪਾਲਣ ਖੇਤਰ ਦੀ ਪ੍ਰਗਤੀ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਚਰਚਾ ਦਾ ਮੁੱਖ ਵਿਸ਼ਾ ਈਈਜ਼ੈੱਡ ਅਤੇ ਖੇਤਰੀ ਜਲ ਤੋਂ ਬਾਹਰ ਦੇ ਸਮੁੰਦਰ ਵਿੱਚ ਮੱਛੀ ਪਾਲਣ ਰਿਹਾ

ਪ੍ਰਧਾਨ ਮੰਤਰੀ ਨੇ ਮੱਛੀ ਪਾਲਣ ਅਤੇ ਮਛੇਰਿਆਂ ਦੀ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਸੈਟੇਲਾਈਟ ਟੈਕਨੋਲੋਜੀ ਦੇ ਉਪਯੋਗ ਦਾ ਸੱਦਾ ਦਿੱਤਾ

ਪ੍ਰਧਾਨ ਮੰਤਰੀ ਨੇ ਸਮਾਰਟ ਬੰਦਰਗਾਹਾਂ, ਡ੍ਰੋਨ ਟ੍ਰਾਂਸਪੋਰਟ ਅਤੇ ਵੈਲਿਊ-ਐਡਿਡ ਸਪਲਾਈ ਚੇਨਸ ਦੇ ਨਾਲ ਮੱਛੀ ਪਾਲਣ ਦੇ ਆਧੁਨਿਕੀਕਰਣ ‘ਤੇ ਜ਼ੋਰ ਦਿੱਤਾ

ਖੇਤੀਬਾੜੀ ਖੇਤਰ ਵਿੱਚ ਖੇਤੀਬਾੜੀ ਤਕਨੀਕ ਦੀ ਤਰਜ਼ ‘ਤੇ ਪ੍ਰਧਾਨ ਮੰਤਰੀ ਨੇ ਉਤਪਾਦਨ, ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਦੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਲਈ ਮੱਛੀ ਪਾਲਣ ਖੇਤਰ ਵਿੱਚ ਮੱਛੀ ਤਕਨੀਕ ਨੂੰ ਅਪਣਾਉਣ ਦਾ ਸੁਝਾਅ ਦਿੱਤਾ

ਪ੍ਰਧਾਨ ਮੰਤਰੀ ਨੇ ਅੰਮ੍ਰਿਤ ਸਰੋਵਰਾਂ ਵਿੱਚ ਮੱਛੀ ਪਾਲਣ ਅਤੇ ਆਜੀਵਿਕਾ ਵਿੱਚ ਪ੍ਰੋਤਸਾਹਨ ਲਈ ਸਜਾਵਟੀ ਮੱਛੀ ਪਾਲਣ ਨੂੰ ਹੁਲਾਰਾ ਦੇਣ ‘ਤੇ ਚਰਚਾ ਕੀਤੀ

ਪ੍ਰਧਾਨ ਮੰਤਰੀ ਨੇ ਈਂਧਣ ਦੇ ਉਦੇਸ਼ਾਂ, ਪੋਸ਼ਣ ਸਬੰਧੀ ਇਨਪੁਟ ਦੇ ਰੂਪ ਵਿੱਚ, ਫਾਰਮਾਸਿਊਟੀਕਲ ਅਤੇ ਹੋਰ ਖੇਤਰਾਂ ਵਿੱਚ ਸਮੁੰਦਰੀ ਸ਼ੈਵਾਲ ਦੇ ਵਿਭਿੰਨ ਉਪਯੋਗ ਦੀ ਖੋਜ ਦਾ ਸੁਝਾਅ ਦਿੱਤਾ

ਪ੍ਰਧਾਨ ਮੰਤਰੀ ਨੇ ਜ਼ਮੀਨ ਨਾਲ ਘਿਰੇ ਖੇਤਰਾਂ ਵਿੱਚ ਮੱਛੀ ਸਪਲਾਈ ਵਧਾਉਣ ਲਈ ਰਣਨੀਤੀ ਬਣਾਉਣ ਦਾ ਸੱਦਾ ਦਿੱਤਾ

Posted On: 15 MAY 2025 8:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ‘ਤੇ ਮੱਛੀ ਪਾਲਣ ਖੇਤਰ ਦੀ ਪ੍ਰਗਤੀ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਵਿਸ਼ੇਸ਼ ਆਰਥਿਕ ਖੇਤਰ (ਈਈਜ਼ੈੱਡ) ਅਤੇ ਖੇਤਰੀ ਜਲ ਤੋਂ ਬਾਹਰ ਦੇ ਸਮੁੰਦਰ ਵਿੱਚ ਮੱਛੀ ਪਾਲਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਮੱਛੀ ਸੰਸਾਧਨਾਂ ਦੇ ਬਿਹਤਰ ਉਪਯੋਗ ਅਤੇ ਮਛੇਰਿਆਂ ਨੂੰ ਸੁਰੱਖਿਆ ਨਿਰਦੇਸ਼ ਦੇਣ ਲਈ ਸੈਟੇਲਾਈਟ ਟੈਕਨੋਲੋਜੀ ਦੇ ਵਿਆਪਕ ਉਪਯੋਗ ‘ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਸਮਾਰਟ ਬੰਦਰਗਾਹਾਂ ਅਤੇ ਬਜ਼ਾਰਾਂ ਰਾਹੀਂ ਇਸ ਖੇਤਰ ਦੇ ਆਧੁਨਿਕੀਕਰਣ, ਪਕੜੀ ਗਈ ਮੱਛੀਆਂ ਦੀ ਟ੍ਰਾਂਸਪੋਰਟੇਸਨ ਅਤੇ ਉਸ ਦੀ ਮਾਰਕੀਟਿੰਗ ਵਿੱਚ ਡ੍ਰੋਨ ਦੇ ਉਪਯੋਗ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਪਲਾਈ ਚੇਨ ਵਿੱਚ ਮੁੱਲ ਜੋੜਨ ਲਈ ਕੰਮਕਾਜ ਦੀ ਇੱਕ ਸਵਸਥ ਪ੍ਰਣਾਲੀ ਵੱਲ ਵਧਣ ਦੀ ਜ਼ਰੂਰਤ ਹੈ।

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਸਿਵਿਲ ਐਵੀਏਸ਼ਨ ਦੇ ਸਲਾਹ-ਮਸ਼ਵਰੇ ਨਾਲ ਉਤਪਾਦਨ ਕੇਂਦਰਾਂ ਤੋਂ ਸ਼ਹਿਰਾਂ/ਕਸਬਿਆਂ ਵਿੱਚ ਵੱਡੇ ਨਜ਼ਦੀਕੀ ਬਜ਼ਾਰਾਂ ਤੱਕ ਤਾਜ਼ੀ ਮੱਛੀ ਲੈ ਜਾਣ ਲਈ ਤਕਨੀਕੀ ਪ੍ਰੋਟੋਕੋਲ ਦੇ ਅਨੁਸਾਰ ਡ੍ਰੋਨ ਦੇ ਉਪਯੋਗ ਦੀ ਖੋਜ ਕਰਨ ਦਾ ਸੁਝਾਅ ਦਿੱਤਾ।

ਟੈਕਨੋਲੋਜੀ ਦੇ ਉਪਯੋਗ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਐਗਰੋ ਟੈੱਕ ਦੀ ਤਰ੍ਹਾਂ ਹੀ ਮੱਛੀ ਪਾਲਣ ਖੇਤਰ ਵਿੱਚ ਵੀ ਟੈਕਨੋਲੋਜੀ ਨੂੰ ਅਪਣਾਇਆ ਜਾਣਾ ਚਾਹੀਦਾ ਹੈ ਤਾਕਿ ਉਤਪਾਦਨ, ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਦੀਆਂ ਕਾਰਜ ਪ੍ਰਣਾਲੀਆਂ ਵਿੱਚ ਸੁਧਾਰ ਹੋ ਸਕੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਸਰੋਵਰਾਂ ਵਿੱਚ ਮੱਛੀ ਉਤਪਾਦਨ ਨਾਲ ਨਾ ਸਿਰਫ਼ ਇਨ੍ਹਾਂ ਜਲ ਸਰੋਤਾਂ ਦੀ ਜੀਵਿਕਾ ਵਿੱਚ ਸੁਧਾਰ ਹੋਵੇਗਾ, ਸਗੋਂ ਮਛੇਰਿਆਂ ਦੀ ਆਜੀਵਿਕਾ ਵਿੱਚ ਵੀ ਸੁਧਾਰ ਹੋਵੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਣਨਾ ਪਾਇਆ ਕਿ ਆਮਦਨ ਸਿਰਜਣ ਦੇ ਇੱਕ ਅਵਸਰ ਦੇ ਰੂਪ ਵਿੱਚ ਸਜਾਵਟੀ ਮੱਛੀ ਪਾਲਣ ਨੂੰ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਮੀਨ ਨਾਲ ਘਿਰੇ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਰਣਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿੱਥੇ ਮੱਛੀ ਦੀ ਮੰਗ ਵਧੇਰੇ ਹੈ, ਲੇਕਿਨ ਸਪਲਾਈ ਬਹੁਤ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਸਮੁੰਦਰੀ ਸ਼ੈਵਾਲ ਦਾ ਉਪਯੋਗ ਈਂਧਣ ਦੇ ਲਈ, ਪੋਸ਼ਣ ਸਬੰਧੀ ਇਨਪੁਟ ਦੇ ਰੂਪ ਵਿੱਚ, ਫਾਰਮਾਸਿਊਟੀਕਲ ਅਤੇ ਹੋਰ ਖੇਤਰਾਂ ਵਿੱਚ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਸਬੰਧਿਤ ਵਿਭਾਗਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਸਮੁੰਦਰੀ ਸ਼ੈਵਾਲ ਖੇਤਰ ਵਿੱਚ ਜ਼ਰੂਰੀ ਆਉਟਪੁਟ ਅਤੇ ਨਤੀਜਾ ਬਣਾਉਣ ਲਈ ਟੈਕਨੋਲੋਜੀ ਦਾ ਉਪਯੋਗ ਕਰਨਾ ਚਾਹੀਦਾ ਹੈ, ਜਿਸ ਨਾਲ ਪੂਰਨ ਮਾਲਕੀ ਯਕੀਨੀ ਬਣਾਈ ਜਾ ਸਕੇ।

ਪ੍ਰਧਾਨ ਮੰਤਰੀ ਨੇ ਮਛੇਰਿਆਂ ਨੂੰ ਮੱਛੀ ਪਕੜਨ ਦੀਆਂ ਆਧੁਨਿਕ ਪ੍ਰਣਾਲੀਆਂ ਵਿੱਚ ਸਮਰੱਥ ਬਣਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਇਸ ਖੇਤਰ ਦੇ ਵਿਕਾਸ ਵਿੱਚ ਰੁਕਾਵਟ ਪਾਉਣ ਵਾਲੀਆਂ ਵਸਤੂਆਂ ਦੀ ਇੱਕ ਨਕਾਰਾਤਮਕ ਸੂਚੀ ਬਣਾਏ ਰੱਖਣ ਦਾ ਵੀ ਸੁਝਾਅ ਦਿੱਤਾ, ਤਾਕਿ ਇਨ੍ਹਾਂ ਨਾਲ ਨਜਿੱਠਣ ਲਈ ਕਾਰਜ ਯੋਜਨਾ ਬਣਾਈ ਜਾ ਸਕੇ ਅਤੇ ਮਛੇਰਿਆਂ ਲਈ ਵਪਾਰ ਕਰਨ ਵਿੱਚ ਅਸਾਨੀ ਅਤੇ ਈਜ਼ ਆਫ਼ ਲਿਵਿੰਗ ਵਿੱਚ ਅਸਾਨੀ ਨਾਲ ਵਧਾਇਆ ਜਾ ਸਕੇ।

ਮੀਟਿੰਗ ਦੌਰਾਨ, ਮਹੱਤਵਪੂਰਨ ਪਹਿਲਕਦਮੀਆਂ ਵਿੱਚ ਹੋਈ ਪ੍ਰਗਤੀ, ਪਿਛਲੀ ਸਮੀਖਿਆ ਦੌਰਾਨ ਦਿੱਤੇ ਗਏ ਸੁਝਾਵਾਂ ਦੀ ਪਾਲਣਾ ਅਤੇ ਭਾਰਤੀ ਵਿਸ਼ੇਸ਼ ਆਰਥਿਕ ਖੇਤਰ (ਈਈਜ਼ੈੱਡ) ਅਤੇ ਖੇਤਰੀ ਜਲ ਤੋਂ ਬਾਹਰ ਦੇ ਸਮੁੰਦਰਾਂ ਤੋਂ ਨਿਰੰਤਰ ਮੱਛੀ ਪਾਲਣ ਦੇ ਲਈ ਪ੍ਰਸਤਾਵਿਤ ਸਮਰੱਥ ਢਾਂਚੇ ‘ਤੇ ਇੱਕ ਪੇਸ਼ਕਾਰੀ ਵੀ ਦਿੱਤੀ ਗਈ।

ਸਰਕਾਰ ਨੇ 2015 ਤੋਂ ਵਿਭਿੰਨ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਜਿਵੇਂ ਕਿ ਨੀਲੀ ਕ੍ਰਾਂਤੀ ਯੋਜਨਾ, ਮੱਛੀ ਪਾਲਣ ਅਤੇ ਐਕੁਆਕਲਚਰ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ), ਪ੍ਰਧਾਨ ਮੰਤਰੀ ਮਤਸਯ ਸਮ੍ਰਿੱਧੀ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ), ਪ੍ਰਧਾਨ ਮੰਤਰੀ ਮਤਸਯ ਸਮ੍ਰਿੱਧੀ ਸਹਿ ਯੋਜਨਾ (ਪੀਐੱਮਐੱਮਕੇਐੱਸਐੱਸਵਾਈ) ਅਤੇ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਰਾਹੀਂ ਨਿਵੇਸ਼ ਨੂੰ ਵਧਾ ਕੇ 38,572 ਕਰੋੜ ਰੁਪਏ ਕਰ ਦਿੱਤਾ ਹੈ। ਭਾਰਤ ਨੇ 2024-25 ਵਿੱਚ 9 ਪ੍ਰਤੀਸ਼ਤ ਤੋਂ ਵੱਧ ਦੀ ਖੇਤਰੀ ਵਾਧਾ ਦਰ ਦੇ ਨਾਲ 195 ਲੱਖ ਟਨ ਦਾ ਸਲਾਨਾ ਮੱਛੀ ਉਤਪਾਦਨ ਦਰਜ ਕੀਤਾ ਹੈ।

ਮੀਟਿੰਗ ਵਿੱਚ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਊਰਫ ਲਲਨ ਸਿੰਘ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਡਾ. ਪੀ.ਕੇ. ਮਿਸ਼ਰਾ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ-2 ਸ਼੍ਰੀ ਸ਼ਕਤੀਕਾਂਤ ਦਾਸ, ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼੍ਰੀ ਅਮਿਤ ਖਰੇ, ਮੱਛੀ ਪਾਲਣ ਵਿਭਾਗ ਦੇ ਸਕੱਤਰ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

************

ਐੱਮਜੇਪੀਐੱਸ/ਵੀਜੇ


(Release ID: 2129053)