ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ


ਅੱਜ, ਹਰ ਅੱਤਵਾਦੀ ਜਾਣਦਾ ਹੈ ਕਿ ਸਾਡੀਆਂ ਭੈਣਾਂ ਅਤੇ ਬੇਟੀਆਂ ਦੇ ਮੱਥੇ ਤੋਂ ਸਿੰਦੂਰ ਮਿਟਾਉਣ ਦੇ ਨਤੀਜੇ ਕੀ ਹੋਣਗੇ: ਪ੍ਰਧਾਨ ਮੰਤਰੀ

ਆਪ੍ਰੇਸ਼ਨ ਸਿੰਦੂਰ ਨਿਆਂ ਲਈ ਇੱਕ ਅਟੱਲ ਵਚਨਬੱਧਤਾ ਹੈ: ਪ੍ਰਧਾਨ ਮੰਤਰੀ

ਅੱਤਵਾਦੀਆਂ ਨੇ ਸਾਡੀਆਂ ਭੈਣਾਂ ਦੇ ਮੱਥੇ ਤੋਂ ਸਿੰਦੂਰ ਮਿਟਾਉਣ ਦੀ ਹਿੰਮਤ ਕੀਤੀ; ਇਸੇ ਲਈ ਭਾਰਤ ਨੇ ਅੱਤਵਾਦ ਦੇ ਹੈੱਡਕੁਆਰਟਰ ਨੂੰ ਤਬਾਹ ਕੀਤਾ: ਪ੍ਰਧਾਨ ਮੰਤਰੀ

ਪਾਕਿਸਤਾਨ ਨੇ ਸਾਡੀਆਂ ਸਰਹੱਦਾਂ 'ਤੇ ਹਮਲਾ ਕਰਨ ਦੀ ਤਿਆਰੀ ਕੀਤੀ ਸੀ, ਪਰ ਭਾਰਤ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਤੋਂ ਮਾਰਿਆ: ਪ੍ਰਧਾਨ ਮੰਤਰੀ

ਆਪ੍ਰੇਸ਼ਨ ਸਿੰਦੂਰ ਨੇ ਅੱਤਵਾਦ ਵਿਰੁੱਧ ਲੜਾਈ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ, ਇੱਕ ਨਵਾਂ ਮਾਪਦੰਡ, ਇੱਕ ਨਵੀਂ ਸਮਾਨਤਾ ਸਥਾਪਿਤ ਕੀਤੀ ਹੈ: ਪ੍ਰਧਾਨ ਮੰਤਰੀ

ਇਹ ਯੁੱਧ ਦਾ ਯੁੱਗ ਨਹੀਂ ਹੈ, ਪਰ ਇਹ ਅੱਤਵਾਦ ਦਾ ਯੁੱਗ ਵੀ ਨਹੀਂ ਹੈ: ਪ੍ਰਧਾਨ ਮੰਤਰੀ

ਅੱਤਵਾਦ ਵਿਰੁੱਧ ਜ਼ੀਰੋ ਟੌਲਰੈਂਸ ਇੱਕ ਬਿਹਤਰ ਦੁਨੀਆ ਦੀ ਗਰੰਟੀ ਹੈ: ਪ੍ਰਧਾਨ ਮੰਤਰੀ

ਪਾਕਿਸਤਾਨ ਨਾਲ ਕੋਈ ਵੀ ਗੱਲਬਾਤ ਅੱਤਵਾਦ ਅਤੇ ਪੀਓਕੇ 'ਤੇ ਕੇਂਦ੍ਰਿਤ ਹੋਵੇਗੀ: ਪ੍ਰਧਾਨ ਮੰਤਰੀ

Posted On: 12 MAY 2025 8:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਰਾਸ਼ਟਰ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਟਿੱਪਣੀ ਕੀਤੀ ਕਿ ਰਾਸ਼ਟਰ ਨੇ ਹਾਲ ਹੀ ਦੇ ਦਿਨਾਂ ਵਿੱਚ ਭਾਰਤ ਦੀ ਤਾਕਤ ਅਤੇ ਸੰਜਮ ਦੋਵਾਂ ਨੂੰ ਦੇਖਿਆ ਹੈ। ਉਨ੍ਹਾਂ ਨੇ ਹਰੇਕ ਭਾਰਤੀ ਨਾਗਰਿਕ ਵੱਲੋਂ ਦੇਸ਼ ਦੀਆਂ ਸ਼ਕਤੀਸ਼ਾਲੀ ਹਥਿਆਰਬੰਦ ਫੌਜਾਂ, ਖੁਫੀਆ ਏਜੰਸੀਆਂ ਅਤੇ ਵਿਗਿਆਨੀਆਂ ਨੂੰ ਸਲਾਮ ਕੀਤਾ। ਪ੍ਰਧਾਨ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਭਾਰਤ ਦੇ ਬਹਾਦਰ ਸੈਨਿਕਾਂ ਦੁਆਰਾ ਦਿਖਾਏ ਗਏ ਅਟੁੱਟ ਸਾਹਸ ਨੂੰ ਉਜਾਗਰ ਕੀਤਾ ਅਤੇ ਉਨ੍ਹਾਂ ਦੀ ਬਹਾਦਰੀ, ਲਚਕੀਲੇਪਣ ਅਤੇ ਅਦੁੱਤੀ ਭਾਵਨਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਬੇਮਿਸਾਲ ਬਹਾਦਰੀ ਨੂੰ ਦੇਸ਼ ਦੀ ਹਰ ਮਾਂ, ਭੈਣ ਅਤੇ ਬੇਟੀ ਨੂੰ ਸਮਰਪਿਤ ਕੀਤਾ।

ਦੇਸ਼ ਅਤੇ ਦੁਨੀਆ ਦੋਵਾਂ ਨੂੰ ਹੈਰਾਨ ਕਰਨ ਵਾਲੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਵਹਿਸ਼ੀ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਕਾਰਵਾਈ ਨੂੰ ਦਹਿਸ਼ਤ ਦਾ ਇੱਕ ਭਿਆਨਕ ਪ੍ਰਦਰਸ਼ਨ ਦੱਸਿਆ, ਜਿੱਥੇ ਛੁੱਟੀਆਂ ਦਾ ਆਨੰਦ ਮਾਣ ਰਹੇ ਮਾਸੂਮ ਨਾਗਰਿਕਾਂ ਨੂੰ ਉਨ੍ਹਾਂ ਦੀ ਆਸਥਾ ਬਾਰੇ ਸਵਾਲ ਕੀਤੇ ਜਾਣ ਤੋਂ ਬਾਅਦ  ਉਨ੍ਹਾਂ ਦੇ ਪਰਿਵਾਰਾਂ ਅਤੇ ਬੱਚਿਆਂ ਦੇ ਸਾਹਮਣੇ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਬੇਰਹਿਮੀ ਦਾ ਕਾਰਾ ਨਹੀਂ ਸੀ, ਬਲਕਿ ਦੇਸ਼ ਦੀ ਸਦਭਾਵਨਾ ਨੂੰ ਤੋੜਨ ਦੀ ਇੱਕ ਘਿਣਾਉਣੀ ਕੋਸ਼ਿਸ਼ ਵੀ ਸੀ। ਇਸ ਹਮਲੇ 'ਤੇ ਆਪਣੀ ਡੂੰਘੀ ਨਿਜੀ ਪੀੜ ਜ਼ਾਹਿਰ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਪੂਰਾ ਦੇਸ਼ - ਹਰ ਨਾਗਰਿਕ, ਹਰ ਭਾਈਚਾਰਾ, ਸਮਾਜ ਦਾ ਹਰ ਵਰਗ ਅਤੇ ਹਰ ਰਾਜਨੀਤਿਕ ਪਾਰਟੀ - ਅੱਤਵਾਦ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਨ ਲਈ ਇੱਕਜੁੱਟ ਹੋ ਕੇ ਖੜ੍ਹੇ ਹੋਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਹਥਿਆਰਬੰਦ ਬਲਾਂ ਨੂੰ, ਅੱਤਵਾਦੀਆਂ ਨੂੰ ਖਤਮ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੈ। ਉਨ੍ਹਾਂ ਨੇ ਸਾਰੇ ਅੱਤਵਾਦੀ ਸੰਗਠਨਾਂ ਨੂੰ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਉਹ ਹੁਣ ਦੇਸ਼ ਦੀਆਂ ਮਹਿਲਾਵਾਂ ਦੀ ਇੱਜ਼ਤ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਦੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਸਮਝ ਗਏ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ,"ਆਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਨਾਮ ਨਹੀਂ ਹੈ, ਬਲਕਿ ਲੱਖਾਂ ਭਾਰਤੀਆਂ ਦੀਆਂ ਭਾਵਨਾਵਾਂ ਦਾ ਪ੍ਰਤੀਬਿੰਬ ਹੈ, ਇਸ ਨੂੰ ਨਿਆਂ ਪ੍ਰਤੀ ਇੱਕ ਅਟੱਲ ਵਚਨਬੱਧਤਾ ਵਜੋਂ ਦਰਸਾਇਆ, ਜਿਸ ਨੂੰ ਦੁਨੀਆ ਨੇ 6-7 ਮਈ ਨੂੰ ਪੂਰਾ ਹੁੰਦਾ ਦੇਖਿਆ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਇੱਕ ਫੈਸਲਾਕੁੰਨ ਝਟਕਾ ਦਿੰਦਿਆਂ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ਅਤੇ ਸਿਖਲਾਈ ਕੇਂਦਰਾਂ 'ਤੇ ਸਟੀਕ ਹਮਲੇ ਕੀਤੇ। ਉਨ੍ਹਾਂ ਟਿੱਪਣੀ ਕੀਤੀ ਕਿ ਅੱਤਵਾਦੀਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਭਾਰਤ ਅਜਿਹਾ ਦਲੇਰਾਨਾ ਕਦਮ ਚੁੱਕੇਗਾ, ਪਰ ਜਦੋਂ ਦੇਸ਼ ਆਪਣੇ ਮਾਰਗਦਰਸ਼ਕ ਸਿਧਾਂਤ ਵਜੋਂ ਨੇਸ਼ਨ ਫਸਟ ਨਾਲ ਇੱਕਜੁੱਟ ਹੁੰਦਾ ਹੈ, ਤਾਂ ਦ੍ਰਿੜ੍ਹ ਫੈਸਲੇ ਲਏ ਜਾਂਦੇ ਹਨ ਅਤੇ ਪ੍ਰਭਾਵਸ਼ਾਲੀ ਨਤੀਜੇ ਪ੍ਰਾਪਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦੀ ਕੇਂਦਰਾਂ 'ਤੇ ਭਾਰਤ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੇ ਨਾ ਸਿਰਫ਼ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ, ਬਲਕਿ ਉਨ੍ਹਾਂ ਦੇ ਮਨੋਬਲ ਨੂੰ ਵੀ ਤੋੜ ਦਿੱਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਹਾਵਲਪੁਰ ਅਤੇ ਮੁਰੀਦਕੇ ਵਰਗੇ ਸਥਾਨ ਲੰਬੇ ਸਮੇਂ ਤੋਂ ਆਲਮੀ ਅੱਤਵਾਦ ਦੇ ਕੇਂਦਰਾਂ ਵਜੋਂ ਕੰਮ ਕਰ ਰਹੇ ਸਨ, ਜਿਨ੍ਹਾਂ ਨੂੰ ਦੁਨੀਆ ਭਰ ਵਿੱਚ ਵੱਡੇ ਹਮਲਿਆਂ ਨਾਲ ਜੋੜਿਆ ਗਿਆ ਸੀ, ਜਿਨ੍ਹਾਂ ਵਿੱਚ 9/11 ਅਮਰੀਕਾ ਦੇ ਹਮਲੇ, ਲੰਡਨ ਟਿਊਬ ਬੰਬ ਧਮਾਕੇ ਅਤੇ ਭਾਰਤ ਵਿੱਚ ਦਹਾਕਿਆਂ ਤੋਂ ਚੱਲ ਰਹੀਆਂ ਅੱਤਵਾਦੀ ਘਟਨਾਵਾਂ ਸ਼ਾਮਲ ਹਨ। ਉਨ੍ਹਾਂ ਐਲਾਨ ਕੀਤਾ ਕਿ ਕਿਉਂਕਿ ਅੱਤਵਾਦੀਆਂ ਨੇ ਭਾਰਤੀ ਮਹਿਲਾਵਾਂ ਦੇ ਮਾਣ ਸਨਮਾਨ ਨੂੰ ਹਾਨੀ ਪਹੁੰਚਾਉਣ ਦੀ ਹਿੰਮਤ ਕੀਤੀ ਸੀ, ਇਸ ਲਈ ਭਾਰਤ ਨੇ ਅੱਤਵਾਦ ਦੇ ਹੈੱਡਕੁਆਰਟਰ ਨੂੰ ਤਬਾਹ ਕੀਤਾ ਹੈ। ਇਸ ਕਾਰਵਾਈ ਦੇ ਨਤੀਜੇ ਵਜੋਂ 100 ਤੋਂ ਵੱਧ ਖਤਰਨਾਕ ਅੱਤਵਾਦੀਆਂ ਦਾ ਖਾਤਮਾ ਹੋਇਆ, ਜਿਨ੍ਹਾਂ ਵਿੱਚ ਪ੍ਰਮੁੱਖ ਅੱਤਵਾਦੀ ਵੀ ਸ਼ਾਮਲ ਸਨ ਜਿਨ੍ਹਾਂ ਨੇ ਦਹਾਕਿਆਂ ਤੋਂ ਭਾਰਤ ਵਿਰੁੱਧ ਖੁੱਲ੍ਹ ਕੇ ਸਾਜ਼ਿਸ਼ ਰਚੀ ਸੀ, ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਭਾਰਤ ਵਿਰੁੱਧ ਧਮਕੀਆਂ ਦੇਣ ਵਾਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਬੇਅਸਰ ਕਰ ਦਿੱਤਾ ਗਿਆ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਸਟੀਕ ਅਤੇ ਜ਼ਬਰਦਸਤ ਹਮਲਿਆਂ ਨੇ ਪਾਕਿਸਤਾਨ ਨੂੰ ਡੂੰਘੇ ਸਦਮੇ ਵਿੱਚ ਛੱਡ ਦਿੱਤਾ ਹੈ, ਉਸ ਨੂੰ ਨਿਰਾਸ਼ਾ ਵਿੱਚ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਵਿਰੁੱਧ ਵਿਸ਼ਵਵਿਆਪੀ ਲੜਾਈ ਵਿੱਚ ਸ਼ਾਮਲ ਹੋਣ ਦੀ ਬਜਾਏ, ਪਾਕਿਸਤਾਨ ਨੇ ਲਾਪਰਵਾਹੀ ਭਰਪੂਰ ਕਦਮ ਚੁੱਕਿਆ ਹੈ- ਉਸਨੇ ਭਾਰਤੀ ਸਕੂਲਾਂ, ਕਾਲਜਾਂ, ਗੁਰਦੁਆਰਿਆਂ, ਮੰਦਿਰਾਂ ਅਤੇ ਨਾਗਰਿਕ ਘਰਾਂ 'ਤੇ ਹਮਲੇ ਕਰਨ ਦੇ ਨਾਲ-ਨਾਲ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਸ ਹਮਲੇ ਨੇ ਪਾਕਿਸਤਾਨ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ, ਕਿਉਂਕਿ ਉਸ ਦੇ ਡਰੋਨ ਅਤੇ ਮਿਜ਼ਾਈਲਾਂ ਭਾਰਤ ਦੀਆਂ ਉੱਨਤ ਹਵਾਈ ਰੱਖਿਆ ਪ੍ਰਣਾਲੀਆਂ ਦੇ ਸਾਹਮਣੇ ਤੂੜੀ ਵਾਂਗ ਖਿੱਲਰ ਗਈਆਂ, ਜਿਸ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਬੇਅਸਰ ਕਰ ਦਿੱਤਾ। ਉਨ੍ਹਾਂ ਟਿੱਪਣੀ ਕੀਤੀ ਕਿ ਜਦੋਂ ਪਾਕਿਸਤਾਨ ਨੇ ਭਾਰਤ ਦੀਆਂ ਸਰਹੱਦਾਂ 'ਤੇ ਹਮਲਾ ਕਰਨ ਦੀ ਤਿਆਰੀ ਕੀਤੀ ਸੀ, ਤਾਂ ਭਾਰਤ ਨੇ ਪਾਕਿਸਤਾਨ ਦੇ ਮੂਲ ਭਾਗ 'ਤੇ ਇੱਕ ਫੈਸਲਾਕੁੰਨ ਝਟਕਾ ਦਿੱਤਾ। ਭਾਰਤੀ ਡਰੋਨਾਂ ਅਤੇ ਮਿਜ਼ਾਈਲਾਂ ਨੇ ਬਹੁਤ ਹੀ ਸਟੀਕ ਹਮਲੇ ਕੀਤੇ, ਪਾਕਿਸਤਾਨੀ ਹਵਾਈ ਅੱਡਿਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ, ਜਿਸ ਬਾਰੇ ਉਹ ਲੰਬੇ ਸਮੇਂ ਤੋਂ ਸ਼ੇਖੀ ਮਾਰ ਰਿਹਾ ਸੀ। ਭਾਰਤ ਦੀ ਜਵਾਬੀ ਕਾਰਵਾਈ ਦੇ ਪਹਿਲੇ ਤਿੰਨ ਦਿਨਾਂ ਦੇ ਅੰਦਰ, ਪਾਕਿਸਤਾਨ ਨੂੰ ਆਪਣੀਆਂ ਉਮੀਦਾਂ ਤੋਂ ਕਿਤੇ ਵੱਧ ਤਬਾਹੀ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀਆਂ ਹਮਲਾਵਰ ਜਵਾਬੀ ਕਾਰਵਾਈਆਂ ਤੋਂ ਬਾਅਦ, ਪਾਕਿਸਤਾਨ ਨੇ ਤਣਾਅ ਘਟਾਉਣ ਦੇ ਢੰਗ - ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ, ਵਧਦੇ ਤਣਾਅ ਤੋਂ ਰਾਹਤ ਲਈ ਆਲਮੀ ਭਾਈਚਾਰੇ ਨੂੰ ਅਪੀਲ ਕੀਤੀ।

ਉਨ੍ਹਾਂ ਖੁਲਾਸਾ ਕੀਤਾ ਕਿ, ਭਾਰੀ ਨੁਕਸਾਨ ਝੱਲਣ ਤੋਂ ਬਾਅਦ, ਪਾਕਿਸਤਾਨ ਦੀ ਫੌਜ ਨੇ 10 ਮਈ ਦੀ ਦੁਪਹਿਰ ਨੂੰ ਭਾਰਤ ਦੇ ਡੀਜੀਐੱਮਓ ਨਾਲ ਸੰਪਰਕ ਕੀਤਾ। ਉਦੋਂ ਤੱਕ, ਭਾਰਤ ਪਹਿਲਾਂ ਹੀ ਵੱਡੇ ਪੱਧਰ 'ਤੇ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਚੁੱਕਾ ਸੀ, ਪ੍ਰਮੁੱਖ ਅੱਤਵਾਦੀਆਂ ਨੂੰ ਖਤਮ ਕਰ ਚੁੱਕਾ ਸੀ ਅਤੇ ਪਾਕਿਸਤਾਨ ਦੇ ਅੱਤਵਾਦੀ ਕੇਂਦਰਾਂ ਨੂੰ ਖੰਡਰ ਬਣਾ ਚੁੱਕਾ ਸੀ। ਸ਼੍ਰੀ ਮੋਦੀ ਨੇ ਨੋਟ ਕੀਤਾ ਕਿ ਪਾਕਿਸਤਾਨ ਨੇ ਆਪਣੀ ਅਪੀਲ ਵਿੱਚ ਭਰੋਸਾ ਦਿੱਤਾ ਕਿ ਉਹ ਭਾਰਤ ਵਿਰੁੱਧ ਸਾਰੀਆਂ ਅੱਤਵਾਦੀ ਗਤੀਵਿਧੀਆਂ ਅਤੇ ਫੌਜੀ ਹਮਲੇ ਬੰਦ ਕਰ ਦੇਵੇਗਾ। ਇਸ ਬਿਆਨ ਦੇ ਮੱਦੇਨਜ਼ਰ, ਭਾਰਤ ਨੇ ਸਥਿਤੀ ਦੀ ਸਮੀਖਿਆ ਕੀਤੀ ਅਤੇ ਪਾਕਿਸਤਾਨ ਦੇ ਅੱਤਵਾਦੀ ਅਤੇ ਫੌਜੀ ਸਥਾਪਨਾਵਾਂ ਵਿਰੁੱਧ ਆਪਣੀਆਂ ਜਵਾਬੀ ਕਾਰਵਾਈਆਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੁਹਰਾਇਆ ਕਿ ਇਹ ਮੁਅੱਤਲੀ ਇੱਕ ਸਿੱਟਾ ਨਹੀਂ ਹੈ - ਭਾਰਤ ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਦੇ ਹਰ ਕਦਮ ਦਾ ਮੁਲਾਂਕਣ ਕਰਦਾ ਰਹੇਗਾ, ਜੋ ਇਹ ਯਕੀਨੀ ਬਣਾਏਗਾ ਕਿ ਉਸ ਦੀਆਂ ਭਵਿੱਖ ਦੀਆਂ ਕਾਰਵਾਈਆਂ ਉਸ ਦੀਆਂ ਵਚਨਬੱਧਤਾਵਾਂ ਦੇ ਅਨੁਸਾਰ ਹੋਣ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ - ਥਲ ਸੈਨਾ, ਹਵਾਈ ਸੈਨਾ, ਜਲ ਸੈਨਾ, ਸੀਮਾ ਸੁਰੱਖਿਆ ਬਲ (ਬੀਐੱਸਐੱਫ), ਅਤੇ ਅਰਧ ਸੈਨਿਕ ਇਕਾਈਆਂ - ਹਰ ਸਮੇਂ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਉੱਚ ਚੌਕਸੀ 'ਤੇ ਰਹਿੰਦੀਆਂ ਹਨ। "ਆਪ੍ਰੇਸ਼ਨ ਸਿੰਦੂਰ ਹੁਣ ਅੱਤਵਾਦ ਵਿਰੁੱਧ ਲੜਾਈ ਵਿੱਚ ਭਾਰਤ ਦੀ ਸਥਾਪਿਤ ਨੀਤੀ ਹੈ, ਜੋ ਭਾਰਤ ਦੀ ਰਣਨੀਤਕ ਪਹੁੰਚ ਵਿੱਚ ਇੱਕ ਫੈਸਲਾਕੁੰਨ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ", ਉਨ੍ਹਾਂ ਇਹ ਕਹਿੰਦੇ ਹੋਏ ਐਲਾਨ ਕੀਤਾ ਕਿ ਇਸ ਕਾਰਵਾਈ ਨੇ ਅੱਤਵਾਦ ਵਿਰੋਧੀ ਉਪਾਵਾਂ ਵਿੱਚ ਇੱਕ ਨਵਾਂ ਮਿਆਰ, ਇੱਕ ਸਮਾਨਤਾ ਸਥਾਪਿਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਸੁਰੱਖਿਆ ਸਿਧਾਂਤ ਦੇ ਤਿੰਨ ਮੁੱਖ ਥੰਮ੍ਹਾਂ ਨੂੰ ਰੇਖਾਂਕਿਤ ਕੀਤਾ; ਪਹਿਲਾ, ਫੈਸਲਾਕੁੰਨ ਜਵਾਬ, ਜਦੋਂ ਭਾਰਤ 'ਤੇ ਕਿਸੇ ਵੀ ਅੱਤਵਾਦੀ ਹਮਲੇ ਦਾ ਮਜ਼ਬੂਤ ਅਤੇ ਦ੍ਰਿੜ੍ਹ ਜਵਾਬ ਦਿੱਤਾ ਜਾਵੇਗਾ। ਭਾਰਤ ਆਪਣੀਆਂ ਸ਼ਰਤਾਂ 'ਤੇ ਉਨ੍ਹਾਂ ਦੀਆਂ ਜੜ੍ਹਾਂ 'ਤੇ ਅੱਤਵਾਦੀ ਕੇਂਦਰਾਂ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਕਾਰਵਾਈ ਕਰੇਗਾ। ਦੂਜਾ 'ਪ੍ਰਮਾਣੂ ਬਲੈਕਮੇਲ' ਲਈ ਕੋਈ ਸਹਿਣਸ਼ੀਲਤਾ ਨਹੀਂ ਹੈ; ਭਾਰਤ ਪ੍ਰਮਾਣੂ ਖਤਰਿਆਂ ਤੋਂ ਡਰੇਗਾ ਨਹੀਂ। ਇਸ ਬਹਾਨੇ ਕੰਮ ਕਰਨ ਵਾਲੀ ਕਿਸੇ ਵੀ ਅੱਤਵਾਦੀ ਸੁਰੱਖਿਅਤ ਪਨਾਹਗਾਹ ਨੂੰ ਸਟੀਕ ਅਤੇ ਫੈਸਲਾਕੁੰਨ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਤੀਜਾ ਥੰਮ੍ਹ ਅੱਤਵਾਦ ਸਪੌਂਸਰਾਂ ਅਤੇ ਅੱਤਵਾਦੀਆਂ ਦਰਮਿਆਨ ਕੋਈ ਫਰਕ ਨਹੀਂ ਹੈ; ਭਾਰਤ ਹੁਣ ਅੱਤਵਾਦੀ ਆਗੂਆਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੀਆਂ ਸਰਕਾਰਾਂ ਵਿੱਚ ਵੱਖਰੀਆਂ ਸੰਸਥਾਵਾਂ ਵਜੋਂ ਫਰਕ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ, ਦੁਨੀਆ ਨੇ ਇੱਕ ਵਾਰ ਫਿਰ ਪਾਕਿਸਤਾਨ ਦੀ ਪਰੇਸ਼ਾਨ ਕਰਨ ਵਾਲੀ ਸੱਚਾਈ ਦੇਖੀ - ਸੀਨੀਅਰ ਪਾਕਿਸਤਾਨੀ ਫੌਜੀ ਅਧਿਕਾਰੀਆਂ ਨੇ ਮਾਰੇ ਗਏ ਅੱਤਵਾਦੀਆਂ ਦੇ ਅੰਤਿਮ ਸਸਕਾਰ ਵਿੱਚ ਖੁੱਲ੍ਹ ਕੇ ਸ਼ਮੂਲੀਅਤ ਕੀਤੀ, ਜੋ ਕਿ ਸਟੇਟ-ਸਪਾਂਸਰਡ ਅੱਤਵਾਦ ਵਿੱਚ ਪਾਕਿਸਤਾਨ ਦੇ ਡੂੰਘਾਈ ਨਾਲ ਸ਼ਾਮਲ ਹੋਣ ਨੂੰ ਸਾਬਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਮੁੜ ਦੁਹਰਾਇਆ ਕਿ ਭਾਰਤ ਆਪਣੇ ਨਾਗਰਿਕਾਂ ਨੂੰ ਕਿਸੇ ਵੀ ਖਤਰੇ ਤੋਂ ਬਚਾਉਣ ਲਈ ਫੈਸਲਾਕੁੰਨ ਕਦਮ ਚੁੱਕਦਾ ਰਹੇਗਾ।

ਇਹ ਜ਼ੋਰ ਦਿੰਦੇ ਹੋਏ ਕਿ ਭਾਰਤ ਨੇ ਜੰਗ ਦੇ ਮੈਦਾਨ ਵਿੱਚ ਪਾਕਿਸਤਾਨ ਨੂੰ ਲਗਾਤਾਰ ਹਰਾਇਆ ਹੈ, ਅਤੇ ਆਪ੍ਰੇਸ਼ਨ ਸਿੰਦੂਰ ਨੇ ਦੇਸ਼ ਦੀ ਫੌਜੀ ਤਾਕਤ ਵਿੱਚ ਇੱਕ ਨਵਾਂ ਪਹਿਲੂ ਜੋੜਿਆ ਹੈ, ਸ਼੍ਰੀ ਮੋਦੀ ਨੇ ਮਾਰੂਥਲ ਅਤੇ ਪਹਾੜੀ ਯੁੱਧ ਦੋਵਾਂ ਵਿੱਚ ਭਾਰਤ ਦੀ ਸ਼ਾਨਦਾਰ ਸਮਰੱਥਾ ਨੂੰ ਉਜਾਗਰ ਕੀਤਾ, ਨਾਲ ਹੀ ਨਵੇਂ ਯੁੱਗ ਦੇ ਯੁੱਧ ਵਿੱਚ ਵੀ ਉੱਤਮਤਾ ਸਥਾਪਿਤ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਪ੍ਰੇਸ਼ਨ ਦੌਰਾਨ, ਮੇਡ ਇਨ ਇੰਡੀਆ ਰੱਖਿਆ ਉਪਕਰਣਾਂ ਦੀ ਪ੍ਰਭਾਵਸ਼ੀਲਤਾ ਨਿਰਣਾਇਕ ਤੌਰ 'ਤੇ ਸਾਬਤ ਹੋਈ। ਉਨ੍ਹਾਂ ਟਿੱਪਣੀ ਕੀਤੀ ਕਿ ਦੁਨੀਆ ਹੁਣ ਭਾਰਤ ਦੁਆਰਾ ਬਣਾਈਆਂ ਰੱਖਿਆ ਪ੍ਰਣਾਲੀਆਂ ਨੂੰ 21ਵੀਂ ਸਦੀ ਦੇ ਯੁੱਧ ਵਿੱਚ ਇੱਕ ਸ਼ਕਤੀਸ਼ਾਲੀ ਤਾਕਤ ਵਜੋਂ ਦੇਖ ਰਹੀ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਏਕਤਾ ਸਾਰੇ ਰੂਪਾਂ ਦੇ ਅੱਤਵਾਦ ਵਿਰੁੱਧ ਲੜਾਈ ਵਿੱਚ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ, ਪ੍ਰਧਾਨ ਮੰਤਰੀ ਨੇ ਮੁੜ ਦੁਹਰਾਇਆ ਕਿ ਜਦਕਿ ਇਹ ਯੁੱਗ ਯੁੱਧ ਦਾ ਯੁੱਗ ਨਹੀਂ ਹੈ, ਇਹ ਅੱਤਵਾਦ ਦਾ ਵੀ ਨਹੀਂ ਹੋ ਸਕਦਾ। ਉਨ੍ਹਾਂ ਐਲਾਨ ਕੀਤਾ, "ਅੱਤਵਾਦ ਵਿਰੁੱਧ ਜ਼ੀਰੋ ਟੌਲਰੈਂਸ ਇੱਕ ਬਿਹਤਰ ਅਤੇ ਸੁਰੱਖਿਅਤ ਦੁਨੀਆ ਦੀ ਗਰੰਟੀ ਹੈ"।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੀ ਫੌਜ ਅਤੇ ਸਰਕਾਰ ਨੇ ਅੱਤਵਾਦ ਦੀ ਲਗਾਤਾਰ ਪੁਸ਼ਤ-ਪਨਾਹੀ ਕੀਤੀ ਹੈ, ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਅੰਤ ਵਿੱਚ ਪਾਕਿਸਤਾਨ ਨੂੰ ਉਸ ਦੇ ਪਤਨ ਵੱਲ ਲੈ ਜਾਣਗੀਆਂ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪਾਕਿਸਤਾਨ ਬਚਾਅ ਚਾਹੁੰਦਾ ਹੈ, ਤਾਂ ਉਸ ਨੂੰ ਆਪਣੇ ਅੱਤਵਾਦੀ ਢਾਂਚੇ ਨੂੰ ਤਬਾਹ ਕਰਨਾ ਪਵੇਗਾ - ਸ਼ਾਂਤੀ ਦਾ ਕੋਈ ਹੋਰ ਰਸਤਾ ਨਹੀਂ ਹੈ। ਉਨ੍ਹਾਂ ਭਾਰਤ ਦੇ ਦ੍ਰਿੜ੍ਹ ਇਰਾਦੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਹੋ ਸਕਦੇ, ਅੱਤਵਾਦ ਅਤੇ ਵਪਾਰ ਸਮਾਨਾਂਤਰ ਨਹੀਂ ਚੱਲ ਸਕਦੇ, ਅਤੇ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ। ਆਲਮੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਭਾਰਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਨੂੰ ਦੁਹਰਾਇਆ ਕਿ ਪਾਕਿਸਤਾਨ ਨਾਲ ਕੋਈ ਵੀ ਚਰਚਾ ਸਿਰਫ਼ ਅੱਤਵਾਦ 'ਤੇ ਕੇਂਦ੍ਰਿਤ ਹੋਵੇਗੀ ਅਤੇ ਪਾਕਿਸਤਾਨ ਨਾਲ ਕੋਈ ਵੀ ਗੱਲਬਾਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਆਲੇ-ਦੁਆਲੇ ਕੇਂਦ੍ਰਿਤ ਰਹੇਗੀ।

ਬੁੱਧ ਪੂਰਨਿਮਾ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ 'ਤੇ ਵਿਚਾਰ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ਾਂਤੀ ਦਾ ਮਾਰਗ ਸ਼ਕਤੀ ਦੁਆਰਾ ਨਿਰਦੇਸ਼ਿਤ ਹੋਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਨੁੱਖਤਾ ਨੂੰ ਸ਼ਾਂਤੀ ਅਤੇ ਸਮ੍ਰਿੱਧੀ ਵੱਲ ਵਧਣਾ ਚਾਹੀਦਾ ਹੈ ਤਾਂ ਜੋ ਹਰ ਭਾਰਤੀ ਸਨਮਾਨ ਨਾਲ ਰਹਿ ਸਕੇ ਅਤੇ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਹੋ ਸਕੇ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ਸ਼ਾਂਤੀ ਬਣਾਈ ਰੱਖਣ ਲਈ ਮਜ਼ਬੂਤ ​​ਹੋਣਾ ਚਾਹੀਦਾ ਹੈ ਅਤੇ ਲੋੜ ਪੈਣ 'ਤੇ ਇਸ ਤਾਕਤ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੀਆਂ ਘਟਨਾਵਾਂ ਨੇ ਆਪਣੇ ਸਿਧਾਂਤਾਂ ਦੀ ਰਾਖੀ ਵਿੱਚ ਭਾਰਤ ਦੇ ਦ੍ਰਿੜ੍ਹ ਸੰਕਲਪ ਨੂੰ ਦਰਸਾਇਆ ਹੈ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਉਨ੍ਹਾਂ ਨੇ ਇੱਕ ਵਾਰ ਫਿਰ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਅਤੇ ਭਾਰਤ ਦੇ ਲੋਕਾਂ ਦੀ ਹਿੰਮਤ ਅਤੇ ਏਕਤਾ ਲਈ ਆਪਣਾ ਡੂੰਘਾ ਸਤਿਕਾਰ ਪ੍ਰਗਟ ਕੀਤਾ।

https://x.com/narendramodi/status/1921936017428459986

https://x.com/PMOIndia/status/1921937942995488906

https://x.com/PMOIndia/status/1921938177914237127

https://x.com/PMOIndia/status/1921938853268427211

https://x.com/PMOIndia/status/1921939676295794956

https://x.com/PMOIndia/status/1921940598040183037

https://x.com/PMOIndia/status/1921941537987895703

https://x.com/PMOIndia/status/1921941724311552398

https://x.com/PMOIndia/status/1921942528196026505

https://x.com/PMOIndia/status/1921942828105506950

https://x.com/PMOIndia/status/1921945595838640422

https://youtu.be/bXxeQvuYP6o

************ 

ਐੱਮਜੇਪੀਐੱਸ/ਐੱਸਆਰ


(Release ID: 2128312) Visitor Counter : 2