ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਬੀਪੀ ਨੈੱਟਵਰਕ ਇੰਡੀਆ@2047 ਸਮਿਟ ਨੂੰ ਸੰਬੋਧਤ ਕੀਤਾ


ਭਾਰਤ ਅਤੇ ਯੂਕੇ ਨੇ ਮੁਕਤ ਵਪਾਰ ਸਮਝੌਤੇ ਨੂੰ ਸਫ਼ਲਤਾਪੂਰਵਕ ਅੰਤਿਮ ਰੂਪ ਦੇ ਦਿੱਤਾ ਹੈ: ਪ੍ਰਧਾਨ ਮੰਤਰੀ

ਭਾਰਤ ਵਪਾਰ ਅਤੇ ਵਣਜ ਦਾ ਇੱਕ ਜੀਵੰਤ ਕੇਂਦਰ ਬਣ ਰਿਹਾ ਹੈ: ਪ੍ਰਧਾਨ ਮੰਤਰੀ

ਰਾਸ਼ਟਰ ਪ੍ਰਥਮ - ਪਿਛਲੇ ਇੱਕ ਦਹਾਕੇ ਤੋਂ ਭਾਰਤ ਨੇ ਲਗਾਤਾਰ ਇਸ ਨੀਤੀ ਦੀ ਪਾਲਣਾ ਕੀਤੀ ਹੈ: ਪ੍ਰਧਾਨ ਮੰਤਰੀ

ਅੱਜ ਜਦੋਂ ਕੋਈ ਭਾਰਤ ਨੂੰ ਦੇਖਦਾ ਹੈ, ਤਾਂ ਉਸ ਨੂੰ ਭਰੋਸਾ ਹੋ ਜਾਂਦਾ ਹੈ ਕਿ ਲੋਕਤੰਤਰ ਕੁਝ ਵੀ ਕਰ ਸਕਦਾ ਹੈ: ਪ੍ਰਧਾਨ ਮੰਤਰੀ

ਭਾਰਤ ਜੀਡੀਪੀ - ਕੇਂਦ੍ਰਿਤ ਦ੍ਰਿਸ਼ਟੀਕੋਣ ਤੋਂ ਕੁੱਲ ਲੋਕ ਸਸ਼ਕਤੀਕਰਨ (ਜੀਈਪੀ) - ਕੇਂਦ੍ਰਿਤ ਪ੍ਰਗਤੀ ਵੱਲ ਵਧ ਰਿਹਾ ਹੈ: ਪ੍ਰਧਾਨ ਮੰਤਰੀ

ਭਾਰਤ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਪਰੰਪਰਾ ਅਤੇ ਟੈਕਨੋਲੋਜੀ ਇਕੱਠੇ ਕਿਵੇਂ ਵਧ-ਫੁੱਲ ਸਕਦੇ ਹਨ: ਪ੍ਰਧਾਨ ਮੰਤਰੀ

ਆਤਮਨਿਰਭਰਤਾ ਹਮੇਸ਼ਾ ਤੋਂ ਸਾਡੇ ਆਰਥਿਕ ਡੀਐੱਨਏ ਦਾ ਹਿੱਸਾ ਰਹੀ ਹੈ: ਪ੍ਰਧਾਨ ਮੰਤਰੀ

Posted On: 06 MAY 2025 10:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਏਬੀਪੀ ਨੈੱਟਵਰਕ ਇੰਡੀਆ@2047 ਸਮਿਟ ਵਿੱਚ ਹਿੱਸਾ ਲਿਆ। ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਮੰਡਪਮ ਵਿੱਚ ਅੱਜ ਸਵੇਰ ਤੋਂ ਹੀ ਪ੍ਰੋਗਰਾਮ ਦੀ ਚਹਿਲ-ਪਹਿਲ ਬਣੀ ਹੋਇਆ ਹੈ। ਉਨ੍ਹਾਂ ਨੇ ਆਯੋਜਨ ਦਲ ਦੇ ਨਾਲ ਆਪਣੀ ਗੱਲਬਾਤ ਦਾ ਜ਼ਿਕਰ ਕੀਤਾ ਅਤੇ ਸਮਿਟ ਦੀ ਸਮ੍ਰਿੱਧ ਵਿਭਿੰਨਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਈ ਉੱਘੀਆਂ ਸ਼ਖ਼ਸੀਅਤਾਂ ਦੀ ਭਾਗੀਦਾਰੀ ਦੇ ਲਈ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਗਤੀਸ਼ੀਲਤਾ ਵਿੱਚ ਯੋਗਦਾਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਹਾਜ਼ਰੀਨ ਲੋਕਾਂ ਦਾ ਅਨੁਭਵ ਬੇਹੱਦ ਸਕਾਰਾਤਮਕ ਰਿਹਾ। ਸਮਿਟ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਦੀ ਵੱਡੀ ਮੌਜੂਦਗੀ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਖਾਸ ਤੌਰ 'ਤੇ ਡਰੋਨ ਦੀਦੀਆਂ ਅਤੇ ਲਖਪਤੀ ਦੀਦੀਆਂ ਦੁਆਰਾ ਸਾਂਝੇ ਕੀਤੇ ਗਏ ਪ੍ਰੇਰਕ ਤਜ਼ਰਬਿਆਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਪ੍ਰੇਰਨਾ ਦਾ ਸਰੋਤ ਹਨ।

ਸਮਿਟ ਨੂੰ ਹਰ ਖੇਤਰ ਵਿੱਚ ਖੁਦ ਨੂੰ ਸਥਾਪਿਤ ਕਰ ਰਹੇ ਬਦਲਦੇ ਭਾਰਤ ਦਾ ਪ੍ਰਤੀਬਿੰਬ ਦੱਸਦਿਆਂ ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਦੀ ਸਭ ਤੋਂ ਵੱਡੀ ਇੱਛਾ 2047 ਤੱਕ ਇੱਕ ਵਿਕਸਿਤ ਦੇਸ਼ ਬਣਨਾ ਹੈ। ਭਾਰਤ ਦੀ ਤਾਕਤ, ਸਰੋਤਾਂ ਅਤੇ ਦ੍ਰਿੜ ਸੰਕਲਪ ’ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੇ ਸ਼ਬਦਾਂ ਦਾ ਜ਼ਿਕਰ ਕਰਦੇ ਹੋਏ ਲੋਕਾਂ ਨੂੰ ਉੱਠਣ, ਜਾਗਣ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਤੱਕ ਦ੍ਰਿੜ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਅਟੁੱਟ ਭਾਵਨਾ ਅੱਜ ਹਰ ਨਾਗਰਿਕ ਵਿੱਚ ਦਿਖਾਈ ਦਿੰਦੀ ਹੈ। ਸ਼੍ਰੀ ਮੋਦੀ ਨੇ ਵਿਕਸਿਤ ਭਾਰਤ ਦੀ ਖੋਜ ਵਿੱਚ ਅਜਿਹੇ ਸਮਿਟਸ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇੱਕ ਸ਼ਾਨਦਾਰ ਸਮਿਟ ਦੀ ਮੇਜ਼ਬਾਨੀ ਦੇ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਸ਼੍ਰੀ ਅਤਿਦੇਬ ਸਰਕਾਰ, ਸ਼੍ਰੀ ਰਜਨੀਸ਼ ਅਤੇ ਏਬੀਪੀ ਨੈੱਟਵਰਕ ਦੀ ਪੂਰੀ ਟੀਮ ਨੂੰ ਉਨ੍ਹਾਂ ਦੇ ਯਤਨਾਂ ਲਈ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਅੱਜ ਦੇ ਦਿਨ ਨੂੰ ਭਾਰਤ ਦੇ ਲਈ ਇੱਕ ਇਤਿਹਾਸਕ ਪਲ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਅਤੇ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦਿੱਤੇ ਜਾਣ 'ਤੇ ਖੁਸ਼ੀ ਵਿਅਕਤ ਕੀਤੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋ ਪ੍ਰਮੁੱਖ ਖੁੱਲ੍ਹੇ ਬਾਜ਼ਾਰ ਵਾਲੀਆਂ ਅਰਥਵਿਵਸਥਾਵਾਂ ਦੇ ਵਿਚਕਾਰ ਇਹ ਸਮਝੌਤਾ ਵਪਾਰ ਅਤੇ ਆਰਥਿਕ ਸਹਿਯੋਗ ਵਿੱਚ ਇੱਕ ਨਵਾਂ ਅਧਿਆਏ ਜੋੜੇਗਾ, ਜਿਸ ਨਾਲ ਦੋਵਾਂ ਦੇਸ਼ਾਂ ਦੇ ਵਿਕਾਸ ਨੂੰ ਗਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਨੌਜਵਾਨਾਂ ਲਈ ਬਹੁਤ ਚੰਗੀ ਖ਼ਬਰ ਹੈ, ਕਿਉਂਕਿ ਇਸ ਨਾਲ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ ਅਤੇ ਭਾਰਤੀ ਕਾਰੋਬਾਰਾਂ ਅਤੇ ਐੱਮਐੱਸਐੱਮਈ ਦੇ ਲਈ ਨਵੇਂ ਮੌਕੇ ਖੁੱਲ੍ਹਣਗੇ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਭਾਰਤ ਨੇ ਹਾਲ ਹੀ ਵਿੱਚ ਯੂਏਈ, ਆਸਟ੍ਰੇਲੀਆ ਅਤੇ ਮਾਰੀਸ਼ਸ ਦੇ ਨਾਲ ਵਪਾਰ ਸਮਝੌਤੇ ਕੀਤੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਨਾ ਸਿਰਫ਼ ਸੁਧਾਰਾਂ ਨੂੰ ਲਾਗੂ ਕਰ ਰਿਹਾ ਹੈ, ਬਲਕਿ ਖੁਦ ਨੂੰ ਵਪਾਰ ਅਤੇ ਵਣਜ ਦੇ ਲਈ ਇੱਕ ਜੀਵੰਤ ਕੇਂਦਰ ਵਜੋਂ ਸਥਾਪਿਤ ਕਰਨ ਦੇ ਲਈ ਦੁਨੀਆ ਨਾਲ ਸਰਗਰਮ ਰੂਪ ਨਾਲ ਜੁੜ ਰਿਹਾ ਹੈ।

ਦਲੇਰਾਨਾ ਫ਼ੈਸਲੇ ਲੈਣ ਅਤੇ ਟੀਚਿਆਂ ਨੂੰ ਹਾਸਲ ਕਰਨ ਦੇ ਲਈ ਰਾਸ਼ਟਰ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣਾ ਅਤੇ ਇਸਦੀਆਂ ਸਮਰੱਥਾਵਾਂ ਵਿੱਚ ਵਿਸ਼ਵਾਸ ਹੋਣਾ ਜ਼ਰੂਰੀ ਹੋਣ ’ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਬਦਕਿਸਮਤੀ ਨਾਲ, ਦਹਾਕਿਆਂ ਤੋਂ ਭਾਰਤ ਇੱਕ ਦਵੰਦ ਦ੍ਰਿਸ਼ਟੀਕੋਣ ਵਿੱਚ ਫ਼ਸਿਆ ਹੋਇਆ ਹੈ, ਜਿਸ ਨੇ ਪ੍ਰਗਤੀ ਵਿੱਚ ਰੁਕਾਵਟ ਪਾਈ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਵੇਂ ਅਤੀਤ ਵਿੱਚ ਵਿਸ਼ਵਵਿਆਪੀ ਰਾਏ, ਚੋਣ ਮੁਲਾਂਕਣ ਅਤੇ ਰਾਜਨੀਤਿਕ ਹੋਂਦ ਦੀਆਂ ਚਿੰਤਾਵਾਂ ਦੇ ਕਾਰਨ ਵੱਡੇ ਫ਼ੈਸਲੇ ਵਿੱਚ ਦੇਰੀ ਹੋਈ। ਉਨ੍ਹਾਂ ਨੇ ਦੱਸਿਆ ਕਿ ਅਕਸਰ ਸਵਾਰਥ ਨੂੰ ਜ਼ਰੂਰੀ ਸੁਧਾਰਾਂ ਨਾਲੋਂ ਤਰਜੀਹ ਦਿੱਤੀ ਜਾਂਦੀ ਹੈ, ਜਿਸ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਦੇਸ਼ ਉਦੋਂ ਤੱਕ ਅੱਗੇ ਨਹੀਂ ਵਧ ਸਕਦਾ ਜਦੋਂ ਤੱਕ ਉਸਦੇ ਫ਼ੈਸਲੇ ਥੋੜ੍ਹੇ ਸਮੇਂ ਦੇ ਰਾਜਨੀਤਿਕ ਵਿਚਾਰਾਂ ਤੋਂ ਤੈਅ ਨਾ ਹੋਣ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਸੱਚੀ ਪ੍ਰਗਤੀ ਉਦੋਂ ਹੁੰਦੀ ਹੈ ਜਦੋਂ ਫ਼ੈਸਲੇ ਲੈਣ ਦਾ ਇੱਕੋ-ਇੱਕ ਮਾਪਦੰਡ "ਰਾਸ਼ਟਰ ਪ੍ਰਥਮ" ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਨੇ ਇਸ ਸਿਧਾਂਤ ਦੀ ਪਾਲਣਾ ਕੀਤੀ ਹੈ ਅਤੇ ਦੇਸ਼ ਹੁਣ ਇਸ ਦ੍ਰਿਸ਼ਟੀਕੋਣ ਦੇ ਨਤੀਜੇ ਦੇਖ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਬੈਂਕਿੰਗ ਖੇਤਰ ਨੂੰ ਇੱਕ ਪ੍ਰਮੁੱਖ ਉਦਾਹਰਣ ਦੇ ਰੂਪ ਵਿੱਚ ਜ਼ਿਕਰ ਕਰਦੇ ਹੋਏ ਕਿਹਾ, "ਪਿਛਲੇ 10-11 ਸਾਲਾਂ ਵਿੱਚ, ਸਾਡੀ ਸਰਕਾਰ ਨੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਕਈ ਫੈਸਲਾਕੁੰਨ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਪਹਿਲਾਂ ਰਾਜਨੀਤਿਕ ਇੱਛਾ-ਸ਼ਕਤੀ ਦੀ ਕਮੀ ਸੀ ਅਤੇ ਜੋ ਦਹਾਕਿਆਂ ਤੱਕ ਅਣਸੁਲਝੇ ਸਨ।" ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬੈਂਕਿੰਗ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ 2014 ਤੋਂ ਪਹਿਲਾਂ, ਭਾਰਤ ਦੇ ਬੈਂਕ ਪਤਨ ਦੀ ਕਗਾਰ 'ਤੇ ਸੀ ਅਤੇ ਹਰ ਵਿੱਤੀ ਸਮਿਟ ਵਿੱਚ ਲਾਜ਼ਮੀ ਰੂਪ ਨਾਲ ਬੈਂਕਿੰਗ ਘਾਟੇ 'ਤੇ ਚਰਚਾ ਹੁੰਦੀ ਸੀ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਅੱਜ, ਭਾਰਤ ਦਾ ਬੈਂਕਿੰਗ ਖੇਤਰ ਦੁਨੀਆ ਵਿੱਚ ਸਭ ਤੋਂ ਮਜ਼ਬੂਤ ਹੈ, ਬੈਂਕਾਂ ਨੇ ਰਿਕਾਰਡ ਮੁਨਾਫ਼ਾ ਦਰਜ ਕੀਤਾ ਹੈ ਅਤੇ ਇਨ੍ਹਾਂ ਸੁਧਾਰਾਂ ਨਾਲ ਜਮ੍ਹਾਂਕਰਤਾਵਾਂ ਨੂੰ ਲਾਭ ਹੋਇਆ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਉਪਲਬਧੀਆਂ ਦੇ ਲਈ ਬੈਂਕਿੰਗ ਖੇਤਰ ਵਿੱਚ ਆਪਣੀ ਸਰਕਾਰ ਦੇ ਨਿਰੰਤਰ ਯਤਨਾਂ ਨੂੰ ਸਿਹਰਾ ਦਿੱਤਾ ਅਤੇ ਨਾਲ ਹੀ, ਪ੍ਰਮੁੱਖ ਸੁਧਾਰਾਂ, ਰਾਸ਼ਟਰੀ ਹਿੱਤ ਵਿੱਚ ਛੋਟੇ ਬੈਂਕਾਂ ਦੇ ਰਲੇਵੇਂ ਅਤੇ ਵਿੱਤੀ ਸੰਸਥਾਨਾਂ ਨੂੰ ਮਜ਼ਬੂਤ ਕਰਨ ਦੇ ਉਪਾਵਾਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਏਅਰ ਇੰਡੀਆ ਦੀ ਪਿਛਲੀ ਸਥਿਤੀ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ ਏਅਰਲਾਈਨ ਡੁੱਬ ਰਹੀ ਸੀ, ਜਿਸ ਨਾਲ ਦੇਸ਼ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਦੋਂ ਕਿ ਪਿਛਲੀਆਂ ਸਰਕਾਰਾਂ ਸੁਧਾਰਾਤਮਕ ਕਦਮ ਉਠਾਉਣ ਤੋਂ ਝਿਜਕ ਰਹੀਆਂ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੋਰ ਵਧੇਰੇ ਨੁਕਸਾਨ ਨੂੰ ਰੋਕਣ ਦੇ ਲਈ ਜ਼ਰੂਰੀ ਫ਼ੈਸਲੇ ਲਏ। ਉਨ੍ਹਾਂ ਨੇ ਦੁਹਰਾਇਆ, "ਸਾਡੀ ਸਰਕਾਰ ਦੇ ਲਈ ਰਾਸ਼ਟਰੀ ਹਿੱਤ ਸਭ ਤੋਂ ਉੱਪਰ ਹੈ।"

ਸ਼ਾਸਨ ਵਿੱਚ ਇੱਕ ਮਹੱਤਵਪੂਰਨ ਬਦਲਾਅ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਇਸ ਕਬੂਲਨਾਮੇ ਨੂੰ ਯਾਦ ਕੀਤਾ ਕਿ ਗ਼ਰੀਬਾਂ ਦੇ ਲਈ ਨਿਰਧਾਰਤ ਸਰਕਾਰੀ ਧਨ ਦਾ ਸਿਰਫ਼ 15% ਹੀ ਅਸਲ ਵਿੱਚ ਗ਼ਰੀਬਾਂ ਤੱਕ ਪਹੁੰਚਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਾਲਾਂ ਦੌਰਾਨ ਸਰਕਾਰਾਂ ਬਦਲਣ ਦੇ ਬਾਵਜੂਦ, ਲਾਭਪਾਤਰੀਆਂ ਨੂੰ ਸਿੱਧੀ ਵਿੱਤੀ ਸਹਾਇਤਾ ਯਕੀਨੀ ਬਣਾਉਣ ਦੇ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਉਣ ਦੇ ਲਈ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਪ੍ਰਣਾਲੀ ਸ਼ੁਰੂ ਕੀਤੀ ਕਿ ਗ਼ਰੀਬਾਂ ਦੇ ਲਈ ਨਿਰਧਾਰਤ ਹਰੇਕ ਰੁਪਈਆ ਬਿਨਾਂ ਕਿਸੇ ਲੀਕੇਜ ਦੇ ਉਨ੍ਹਾਂ ਤੱਕ ਪਹੁੰਚੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਸੁਧਾਰ ਨੇ ਸਰਕਾਰੀ ਯੋਜਨਾਵਾਂ ਵਿੱਚ ਅਕੁਸ਼ਲਤਾਵਾਂ ਨੂੰ ਸਮਾਪਤ ਕਰ ਦਿੱਤਾ ਅਤੇ ਇੱਛਤ ਪ੍ਰਾਪਤਕਰਤਾਵਾਂ ਨੂੰ ਸਿੱਧੇ ਤੌਰ 'ਤੇ ਵਿੱਤੀ ਲਾਭ ਪਹੁੰਚਾਇਆ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪਹਿਲਾਂ ਸਰਕਾਰੀ ਰਿਕਾਰਡ ਵਿੱਚ 10 ਕਰੋੜ ਫ਼ਰਜ਼ੀ ਲਾਭਪਾਤਰੀ ਸਨ, ਜੋ ਕਦੇ ਅਸਲੀਅਤ ਵਿੱਚ ਮੌਜੂਦ ਨਹੀਂ ਸਨ, ਫਿਰ ਵੀ ਲਾਭ ਪ੍ਰਾਪਤ ਕਰ ਰਹੇ ਸਨ। ਇਹ ਨਾਮ ਪਿਛਲੀਆਂ ਸਰਕਾਰਾਂ ਦੁਆਰਾ ਬਣਾਈ ਗਈ ਪ੍ਰਣਾਲੀ ਵਿੱਚ ਸ਼ਾਮਲ ਸਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਰਕਾਰੀ ਰਿਕਾਰਡਾਂ ਤੋਂ ਇਨ੍ਹਾਂ 10 ਕਰੋੜ ਝੂਠੀਆਂ ਐਂਟਰੀਆਂ ਨੂੰ ਹਟਾ ਦਿੱਤਾ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਡੀਬੀਟੀ ਦੇ ਮਾਧਿਅਮ ਰਾਹੀਂ ਸਹੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਧਨ ਟ੍ਰਾਂਸਫਰ ਕੀਤਾ ਜਾਵੇ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਸੁਧਾਰ ਨੇ 3.5 ਲੱਖ ਕਰੋੜ ਰੁਪਏ ਤੋਂ ਵੱਧ ਨੂੰ ਗਲਤ ਹੱਥਾਂ ਵਿੱਚ ਜਾਣ ਤੋਂ ਰੋਕਿਆ ਹੈ।

 

ਪ੍ਰਧਾਨ ਮੰਤਰੀ ਨੇ ਵੰਨ ਰੈਂਕ ਵੰਨ ਪੈਨਸ਼ਨ (ਓਆਰਓਪੀ) ਯੋਜਨਾ ਨੂੰ ਲਾਗੂ ਕਰਨ ਵਿੱਚ ਦਹਾਕਿਆਂ ਤੋਂ ਹੋ ਰਹੀ ਦੇਰੀ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵਿੱਤੀ ਬੋਝ ਦਾ ਹਵਾਲਾ ਦਿੰਦੇ ਹੋਏ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਸੀ, ਲੇਕਿਨ ਉਨ੍ਹਾਂ ਦੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲਿਆਂ ਦੇ ਹਿਤਾਂ ਨੂੰ ਪ੍ਰਾਥਮਿਕਤਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਓਆਰਓਪੀ ਨਾਲ ਲੱਖਾਂ ਸੈਨਾ ਪਰਿਵਾਰਾਂ ਨੂੰ ਲਾਭ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਯੋਜਨਾ ਦੇ ਤਹਿਤ ਸਾਬਕਾ ਸੈਨਿਕਾਂ ਨੂੰ 1.25 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਹੈ, ਜਿਸ ਨਾਲ ਉਨ੍ਹਾਂ ਦੇ ਉਚਿਤ ਅਧਿਕਾਰ ਯਕੀਨੀ ਹੋਏ ਹਨ। ਪ੍ਰਧਾਨ ਮੰਤਰੀ ਨੇ ਆਰਥਿਕ ਤੌਰ ‘ਤੇ ਵੰਚਿਤ ਪਰਿਵਾਰਾਂ ਦੇ ਲਈ ਰਿਜ਼ਰਵੇਸ਼ਨ ਦੇ ਮੁੱਦੇ ਨੂੰ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਵਰ੍ਹਿਆਂ ਦੀਆਂ ਚਰਚਾਵਾਂ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਉਠਾਇਆ ਗਿਆ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਨੀਤੀ ਨੂੰ ਲਾਗੂ ਕਰਨ ਦੇ ਲਈ ਨਿਰਣਾਇਕ ਕਾਰਵਾਈ ਕੀਤੀ। ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੇ ਲਈ 33% ਰਿਜ਼ਰਵੇਸ਼ਨ ਬਾਰੇ, ਪ੍ਰਧਾਨ ਮੰਤਰੀ ਨੇ ਪਿਛਲੀ ਰਾਜਨੀਤਕ ਰੁਕਾਵਟਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਇਸ ਦੀ ਤਰੱਕੀ ਵਿੱਚ ਰੁਕਾਵਟ ਪਾਈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੁਆਰਤੀ ਹਿਤਾਂ ਨੇ ਇਸ ਮਹੱਤਵਪੂਰਨ ਸੁਧਾਰ ਵਿੱਚ ਦੇਰੀ ਕੀਤੀ, ਲੇਕਿਨ ਉਨ੍ਹਾਂ ਦੀ ਸਰਕਾਰ ਨੇ ਰਾਜਨੀਤਕ ਪ੍ਰਤੀਨਿਧੀਤਵ ਦੇ ਮਾਧਿਅਮ ਨਾਲ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੇ ਲਈ ਕਾਨੂੰਨ ਬਣਾ ਕੇ ਰਾਸ਼ਟਰੀ ਹਿਤ ਦੇ ਸਿਧਾਂਤ ਨੂੰ ਬਰਕਰਾਰ ਰੱਖਿਆ।

ਅਤੀਤ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਨੂੰ ਵੋਟ ਬੈਂਕ ਦੀ ਰਾਜਨੀਤਕ ਚਿੰਤਾਵਾਂ ਦੇ ਕਾਰਨ ਜਾਣ-ਬੁੱਝ ਕੇ ਟਾਲਣ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਟ੍ਰਿਪਲ ਤਲਾਕ ਦਾ ਉਦਾਹਰਣ ਦਿੱਤਾ, ਜਿਸ ਦੇ ਅਣਗਿਣਤ ਮੁਸਲਿਮ ਮਹਿਲਾਵਾਂ ‘ਤੇ ਵਿਨਾਸ਼ਕਾਰੀ ਪਰਿਣਾਮ ਹੋਏ, ਫਿਰ ਵੀ ਪਿਛਲੀਆਂ ਸਰਕਾਰਾਂ ਉਨ੍ਹਾਂ ਦੀ ਦੁਰਦਸ਼ਾ ਦੇ ਪ੍ਰਤੀ ਉਦਾਸੀਨ ਰਹੀਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਟ੍ਰਿਪਲ ਤਲਾਕ ਦੇ ਖਿਲਾਫ ਕਾਨੂੰਨ ਬਣਾ ਕੇ ਮਹਿਲਾਵਾਂ ਦੇ ਅਧਿਕਾਰਾਂ ਅਤੇ ਮੁਸਲਿਮ ਪਰਿਵਾਰਾਂ ਦੀ ਭਲਾਈ ਨੂੰ ਪ੍ਰਾਥਮਿਕਤਾ ਦਿੱਤੀ, ਨਿਆਂ ਅਤੇ ਸਸ਼ਕਤੀਕਰਣ ਯਕੀਨੀ ਬਣਾਇਆ। ਵਕਫ ਐਕਟ ਵਿੱਚ ਸੁਧਾਰਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਜ਼ਰੂਰਤ ‘ਤੇ ਵੀ ਗੱਲ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਰਾਜਨੀਤਕ ਕਾਰਨਾਂ ਨਾਲ ਜ਼ਰੂਰੀ ਸੰਸ਼ੋਧਨਾਂ ਵਿੱਚ ਦਹਾਕਿਆਂ ਤੱਕ ਦੇਰੀ ਹੋਈ। ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਮਹੱਤਵਪੂਰਨ ਬਦਲਾਅ ਕੀਤੇ ਹਨ ਜੋ ਅਸਲ ਵਿੱਚ ਮੁਸਲਿਮ ਮਾਤਾਵਾਂ, ਭੈਣਾਂ ਅਤੇ ਭਾਈਚਾਰੇ ਦੇ ਆਰਥਿਕ ਤੌਰ ‘ਤੇ ਵੰਚਿਤ ਵਰਗਾਂ ਨੂੰ ਲਾਭਵੰਦ ਕਰਨਗੇ।

ਆਪਣੀ ਸਰਕਾਰ ਦੁਆਰਾ ਕੀਤੀ ਗਈ “ਨਦੀਆਂ ਨੂੰ ਆਪਸ ਵਿੱਚ ਜੋੜਨ” ਦੀ ਇੱਕ ਮਹੱਤਵਪੂਰਨ ਪਹਿਲ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦਹਾਕਿਆਂ ਤੋਂ ਜਲ ਵਿਵਾਦ ਚਰਚਾਵਾਂ ਵਿੱਚ ਹਾਵੀ ਰਹੇ ਹਨ, ਲੇਕਿਨ ਉਨ੍ਹਾਂ ਦੇ ਪ੍ਰਸ਼ਾਸਨ ਨੇ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਨਦੀਆਂ ਨੂੰ ਜੋੜਨ ਦੇ ਲਈ ਇੱਕ ਵੱਡਾ ਅਭਿਯਾਨ ਸ਼ੁਰੂ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕੇਨ-ਬੇਤਵਾ ਲਿੰਕ ਪ੍ਰੋਜੈਕਟ ਅਤੇ ਪਾਰਵਤੀ-ਕਾਲੀਸਿੰਧ-ਚੰਬਲ ਲਿੰਕ ਪ੍ਰੋਜੈਕਟ ਜਿਹੇ ਪ੍ਰਮੁੱਖ ਪ੍ਰੋਜੈਕਟਾਂ ਦਾ ਹਵਾਲਾ ਦਿੰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਪਹਿਲਕਦਮੀਆਂ ਨਾਲ ਪਾਣੀ ਦੀ ਸੁਲਭਤਾ ਯਕੀਨੀ ਬਣਾ ਕੇ ਲੱਖਾਂ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਜਲ ਸੰਸਾਧਨਾਂ ‘ਤੇ ਮੀਡੀਆ ਵਿੱਚ ਚਲ ਰਹੀ ਚਰਚਾ ਦਾ ਜ਼ਿਕਰ ਕਰਦੇ ਹੋਏ, ਅਤੀਤ ਦੀ ਉਸ ਸਥਿਤੀ ਨੂੰ ਰੇਖਾਂਕਿਤ ਕੀਤਾ ਜਦੋਂ ਭਾਰਤ ਦੇ ਪਾਣੀ ਦਾ ਉਚਿਤ ਹਿੱਸਾ ਉਸ ਦੀਆਂ ਸੀਮਾਵਾਂ ਤੋਂ ਬਾਹਰ ਵਹਿ ਰਿਹਾ ਸੀ। ਉਨ੍ਹਾਂ ਨੇ ਕਿਹਾ, “ਭਾਰਤ ਦਾ ਪਾਣੀ ਦੇਸ਼ ਦੇ ਅੰਦਰ ਹੀ ਰਹੇਗਾ ਅਤੇ ਦੇਸ਼ ਦੇ ਵਿਕਾਸ ਦੇ ਲਈ ਆਪਣੇ ਉਚਿਤ ਉਦੇਸ਼ ਨੂੰ ਪੂਰਾ ਕਰੇਗਾ।”

ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਜਿੱਥੇ ਨਵੇਂ ਸੰਸਦ ਭਵਨ ਦੇ ਨਿਰਮਾਣ ‘ਤੇ ਵਿਆਪਕ ਤੌਰ ‘ਤੇ ਚਰਚਾ ਹੋ ਰਹੀ ਹੈ, ਉੱਥੇ ਇੱਕ ਮਹੱਤਵਪੂਰਨ ਉਪਲਬਧੀ ਜਿਸ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਉਹ ਹੈ ਦਿੱਲੀ ਵਿੱਚ ਡਾ. ਅੰਬੇਡਕਰ ਰਾਸ਼ਟਰੀ ਸਮਾਰਕ ਦੀ ਸਥਾਪਨਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਮੂਲ ਤੌਰ ‘ਤੇ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਦੌਰਾਨ ਸ਼ੁਰੂ ਕੀਤੀ ਗਈ ਸੀ, ਲੇਕਿਨ ਨਿਰਮਾਣ ਇੱਕ ਦਹਾਕੇ ਤੱਕ ਰੁਕਿਆ ਰਿਹਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨੇ ਨਾ ਕੇਵਲ ਸਮਾਰਕ ਦਾ ਨਿਰਮਾਣ ਪੂਰਾ ਕੀਤਾ, ਸਗੋਂ ਬਾਬਾ ਸਾਹੇਬ ਅੰਬੇਡਕਰ ਨਾਲ ਜੁੜੇ ਪ੍ਰਮੁੱਖ ਸਥਲਾਂ ਨੂੰ ਪੰਚਤੀਰਥ ਦੇ ਰੂਪ ਵਿੱਚ ਵਿਕਸਿਤ ਕੀਤਾ, ਜਿਸ ਨਾਲ ਉਨ੍ਹਾਂ ਦੀ ਵਿਰਾਸਤ ਨੂੰ ਆਲਮੀ ਮਾਨਤਾ ਮਿਲ ਸਕੇ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ 2014 ਵਿੱਚ ਜਦੋਂ ਉਨ੍ਹਾਂ ਦੀ ਸਰਕਾਰ ਬਣੀ ਸੀ, ਉਸ ਸਮੇਂ ਸ਼ਾਸਨ ਵਿੱਚ ਲੋਕਾਂ ਦਾ ਭਰੋਸਾ ਬੁਰੀ ਤਰ੍ਹਾਂ ਡਗਮਗਾ ਰਿਹਾ ਸੀ, ਉਨ੍ਹਾਂ ਸਥਿਤੀਆਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਨੇ ਤਾਂ ਇਹ ਸਵਾਲ ਵੀ ਉਠਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਕੀ ਲੋਕਤੰਤਰ ਅਤੇ ਵਿਕਾਸ ਇਕੱਠੇ ਰਹਿ ਸਕਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਅੱਜ ਦਾ ਭਾਰਤ ਲੋਕਤੰਤਰ ਦੀ ਸ਼ਕਤੀ ਦਾ ਪ੍ਰਮਾਣ ਹੈ, ਜੋ ਮਾਣ ਨਾਲ ਦਰਸਾਉਂਦਾ ਹੈ ਕਿ ਲੋਕਤੰਤਰ ਕੁਝ ਵੀ ਕਰ ਸਕਦਾ ਹੈ।” ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪਿਛਲੇ ਇੱਕ ਦਹਾਕੇ ਵਿੱਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ ਹਨ, ਜਿਸ ਨਾਲ ਦੁਨੀਆ ਨੂੰ ਲੋਕਤੰਤਰੀ ਸ਼ਾਸਨ ਦੀ ਪ੍ਰਭਾਵਸ਼ੀਲਤਾ ਬਾਰੇ ਇੱਕ ਮਜ਼ਬੂਤ ਸੰਦੇਸ਼ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੁਦ੍ਰਾ ਯੋਜਨਾ ਦੇ ਤਹਿਤ ਲੋਨ ਪ੍ਰਾਪਤ ਕਰਨ ਵਾਲੇ ਲੱਖਾਂ ਛੋਟੇ ਉੱਦਮੀਆਂ ਨੇ ਲੋਕਤੰਤਰ ਦੇ ਸਕਾਰਾਤਮਕ ਪ੍ਰਭਾਵ ਨੂੰ ਪ੍ਰਤੱਖ ਤੌਰ ‘ਤੇ ਅਨੁਭਵ ਕੀਤਾ ਹੈ।

ਇਸ ਦੇ ਇਲਾਵਾ, ਕਦੇ ਪਿਛੜੇ ਮੰਨੇ ਜਾਣ ਵਾਲੇ ਕਈ ਜ਼ਿਲ੍ਹੇ ਹੁਣ ਅਕਾਂਖੀ ਜ਼ਿਲ੍ਹਿਆਂ ਵਿੱਚ ਬਦਲ ਗਏ ਹਨ, ਜੋ ਪ੍ਰਮੁੱਖ ਵਿਕਾਸਾਤਮਕ ਮਿਆਰਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰ ਰਹੇ ਹਨ, ਜਿਸ ਨਾਲ ਇਸ ਗੱਲ ਦੀ ਹੋਰ ਪੁਸ਼ਟੀ ਹੁੰਦੀ ਹੈ ਕਿ ਲੋਕਤੰਤਰ ਠੋਸ ਪਰਿਣਾਮ ਦੇ ਸਕਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਆਦਿਵਾਸੀ ਭਾਈਚਾਰੇ, ਜਿਨ੍ਹਾਂ ਵਿੱਚ ਸਭ ਤੋਂ ਵੱਧ ਹਾਸ਼ੀਏ ‘ਤੇ ਪਏ ਕੁਝ ਸਮੂਹ ਵੀ ਸ਼ਾਮਲ ਹਨ, ਇਤਿਹਾਸਿਕ ਤੌਰ ‘ਤੇ ਵਿਕਾਸ ਤੋਂ ਵੰਚਿਤ ਰਹੇ ਹਨ। ਪ੍ਰਧਾਨ ਮੰਤਰੀ ਜਨਮਨ ਯੋਜਨਾ ਦੇ ਲਾਗੂਕਰਨ ਨਾਲ ਇਹ ਭਾਈਚਾਰਾ ਹੁਣ ਸਰਕਾਰੀ ਸੇਵਾਵਾਂ ਤੱਕ ਪਹੁੰਚ ਬਣਾ ਰਹੇ ਹਨ, ਜਿਸ ਨਾਲ ਲੋਕਤੰਤਰ ਦੇ ਉਥਾਨ ਦੀ ਸਮਰੱਥਾ ਵਿੱਚ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾ ਲੋਕਤੰਤਰ ਇਹ ਯਕੀਨੀ ਬਣਾਉਂਦਾ ਹੈ ਕਿ ਵਿਕਾਸ ਅਤੇ ਰਾਸ਼ਟਰੀ ਸੰਸਾਧਨ ਬਿਨਾ ਕਿਸੇ ਭੇਦਭਾਵ ਦੇ ਅੰਤਿਮ ਨਾਗਰਿਕ ਤੱਕ ਪਹੁੰਚੇ ਅਤੇ ਉਨ੍ਹਾਂ ਦੀ ਸਰਕਾਰ ਇਸ ਮੂਲਭੂਤ ਉਦੇਸ਼ ਦੇ ਲਈ ਪ੍ਰਤੀਬੱਧ ਹੈ।

ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਤੇਜ਼ੀ ਨਾਲ ਵਿਕਾਸ ਦੁਆਰਾ ਪਰਿਭਾਸ਼ਿਤ ਭਵਿੱਖ ਦਾ ਨਿਰਮਾਣ ਕਰ ਰਿਹਾ ਹੈ, ਜੋ ਪ੍ਰਗਤੀਸ਼ੀਲ ਸੋਚ, ਮਜ਼ਬੂਤ ਸੰਕਲਪ ਅਤੇ ਗਹਿਰੀ ਹਮਦਰਦੀ ਨਾਲ ਭਰਪੂਰ ਹੈ, ਸ਼੍ਰੀ ਮੋਦੀ ਨੇ ਮਾਨਵ-ਕੇਂਦ੍ਰਿਤ ਗਲੋਬਲਾਈਜ਼ੇਸ਼ਨ ਦੇ ਵੱਲ ਬਦਲਾਅ ਨੂੰ ਰੇਖਾਂਕਿਤ ਕੀਤਾ, ਜਿੱਥੇ ਵਿਕਾਸ ਕੇਵਲ ਬਜ਼ਾਰਾਂ ਦੁਆਰਾ ਸੰਚਾਲਿਤ ਨਹੀਂ ਹੁੰਦਾ ਹੈ, ਸਗੋਂ ਲੋਕਾਂ ਦੇ ਮਾਣ ਅਤੇ ਇੱਛਾਵਾਂ ਦੀ ਪੂਰਤੀ ਯਕੀਨੀ ਬਣਾ ਕੇ ਹੁੰਦਾ ਹੈ। ਉਨ੍ਹਾਂ ਨੇ ਕਿਹਾ, “ਸਾਡੀ ਸਰਕਾਰ ਜੀਡੀਪੀ-ਕੇਂਦ੍ਰਿਤ ਦ੍ਰਿਸ਼ਟੀਕੋਣ ਨਾਲ ਅੱਗੇ ਵਧ ਕੇ ਜੀਈਪੀ-ਕੇਂਦ੍ਰਿਤ ਪ੍ਰਗਤੀ-ਲੋਕਾਂ ਦੇ ਸਮੁੱਚੇ ਸਸ਼ਕਤੀਕਰਣ-ਸਮਾਜ ਦੇ ਸਮੂਹਿਕ ਉਥਾਨ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।” ਇਸ ਵਿਜ਼ਨ ਨੂੰ ਦਰਸਾਉਣ ਵਾਲੇ ਪ੍ਰਮੁੱਖ ਉਪਾਵਾਂ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸੇ ਗਰੀਬ ਪਰਿਵਾਰ ਨੂੰ ਪੱਕਾ ਘਰ ਮਿਲਦਾ ਹੈ, ਤਾਂ ਉਸ ਦਾ ਸਸ਼ਕਤੀਕਰਣ ਅਤੇ ਆਤਮ-ਸਨਮਾਨ ਵਧਦਾ ਹੈ। ਜਦੋਂ ਸਵੱਛਤਾ ਸੁਵਿਧਾਵਾਂ ਬਣਦੀਆਂ ਹਨ, ਤਾਂ ਵਿਅਕਤੀ ਖੁੱਲ੍ਹੇ ਵਿੱਚ ਸ਼ੌਚ ਦੀ ਅਪਮਾਨਜਨਕ ਸਥਿਤੀ ਤੋਂ ਮੁਕਤ ਹੋ ਜਾਂਦਾ ਹੈ। ਜਦੋਂ ਆਯੁਸ਼ਮਾਨ ਭਾਰਤ ਦੇ ਲਾਭਾਰਥੀਆਂ ਨੂੰ 5 ਲੱਖ ਰੁਪਏ ਤੱਕ ਦੀ ਮੁਫਤ ਸਿਹਤ ਸੇਵਾ ਮਿਲਦੀ ਹੈ, ਤਾਂ ਉਨ੍ਹਾਂ ਦੀ ਸਭ ਤੋਂ ਵੱਡੀਆਂ ਵਿੱਤੀ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਕਈ ਪਹਿਲਕਦਮੀਆਂ ਸਮਾਵੇਸ਼ੀ ਅਤੇ ਸੰਵੇਦਨਸ਼ੀਲ ਵਿਕਾਸ ਦੇ ਰਾਹ ਨੂੰ ਮਜ਼ਬੂਤ ਕਰ ਰਹੀਆਂ ਹਨ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਹਰੇਕ ਨਾਗਰਿਕ ਸਸ਼ਕਤ ਹੋਵੇ।

ਸਰਕਾਰ ਦੇ ਮੂਲ ਦਰਸ਼ਨ ‘ਨਾਗਰਿਕ ਦੇਵੋ ਭਵ’ ਨੂੰ ਦੁਹਰਾਉਂਦੇ ਹੋਏ, ਲੋਕਾਂ ਦੀ ਸੇਵਾ ਕਰਨ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਪੁਰਾਣੀ “ਮਾਈ-ਬਾਪ” ਸੱਭਿਆਚਾਰ ਦਾ ਪਾਲਨ ਕਰਨ ਦੀ ਬਜਾਏ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ ਦੇ ਰੂਪ ਵਿੱਚ ਦੇਖਦਾ ਹੈ। ਉਨ੍ਹਾਂ ਨੇ ਸੇਵਾ-ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਵੱਲ ਬਦਲਾਅ ‘ਤੇ ਚਾਨਣਾ ਪਾਇਆ, ਜਿੱਥੇ ਸਰਕਾਰ ਨਾਗਰਿਕਾਂ ਦੇ ਲਈ ਪਹੁੰਚ ਯਕੀਨੀ ਬਣਾਉਣ ਦੇ ਲਈ ਸਰਗਰਮ ਤੌਰ ‘ਤੇ ਕੰਮ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਲੋਕਾਂ ਨੂੰ ਆਪਣੇ ਦਸਤਾਵੇਜ਼ਾਂ ਨੂੰ ਤਸਦੀਕ ਕਰਵਾਉਣ ਲਈ ਵਾਰ-ਵਾਰ ਸਰਕਾਰੀ ਦਫਤਰਾਂ ਦੇ ਚੱਕਰ ਲਗਾਉਣੇ ਪੈਂਦੇ ਸੀ, ਜਦਕਿ ਹੁਣ ਸਵੈ-ਅਟੈਸਟ ਨੇ ਇਸ ਪ੍ਰਕਿਰਿਆ ਨੂੰ ਹੋਰ ਵੱਧ ਸੁਵਿਧਾਜਨਕ ਬਣਾ ਦਿੱਤਾ ਹੈ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਕਈ ਯੁਵਾ ਵਿਅਕਤੀਆਂ ਦੀ ਮੌਜੂਦਗੀ ‘ਤੇ ਧਿਆਨ ਦਿੱਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਵੇਂ ਡਿਜੀਟਲ ਪ੍ਰਗਤੀ ਨੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸੁਚਾਰੂ ਕੀਤਾ ਹੈ, ਜਿਸ ਨਾਲ ਜਨਤਕ ਸੇਵਾਵਾਂ ਹੋਰ ਕੁਸ਼ਲ ਅਤੇ ਨਾਗਰਿਕ-ਅਨੁਕੂਲ ਬਣ ਗਈਆਂ ਹਨ। 

ਸ਼੍ਰੀ ਮੋਦੀ ਨੇ ਸਰਕਾਰੀ ਪ੍ਰਕਿਰਿਆਵਾਂ ਵਿੱਚ ਆਏ ਬਦਲਾਅ ਨੂੰ ਰੇਖਾਂਕਿਤ ਕੀਤਾ, ਜਿਸ ਨਾਲ ਉਹ ਵਧੇਰੇ ਪਹੁੰਚਯੋਗ ਅਤੇ ਨਾਗਰਿਕ-ਅਨੁਕੂਲ ਬਣ ਗਏ ਹਨ। ਉਨ੍ਹਾਂ ਨੇ ਸੀਨੀਅਰ ਨਾਗਰਿਕਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਯਾਦ ਕੀਤਾ, ਜਿਨ੍ਹਾਂ ਨੂੰ ਪਹਿਲਾਂ ਆਪਣੀ ਜੀਵਿਤ ਹੋਣ ਦਾ ਪ੍ਰਮਾਣ ਦੇਣ ਲਈ ਹਰ ਵਰ੍ਹੇ ਦਫ਼ਤਰਾਂ ਜਾਂ ਬੈਂਕਾਂ ਦੇ ਚੱਕਰ ਲਗਾਉਣੇ ਪੈਂਦੇ ਸਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨੇ ਇੱਕ ਡਿਜੀਟਲ ਪ੍ਰਣਾਲੀ ਸ਼ੁਰੂ ਕੀਤੀ ਹੈ, ਜਿਸ ਨਾਲ ਸੀਨੀਅਰ ਨਾਗਰਿਕ ਆਪਣੇ ਜੀਵਨ ਪ੍ਰਮਾਣ ਪੱਤਰ ਨੂੰ ਦੂਰ ਤੋਂ ਹੀ ਜਮ੍ਹਾ ਕਰਵਾ ਸਕਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਕਿਵੇਂ ਬਿਜਲੀ ਕਨੈਕਸ਼ਨ ਪ੍ਰਾਪਤ ਕਰਨਾ, ਪਾਣੀ ਦੇ ਨਲ ਲਗਾਉਣਾ, ਬਿਲਾਂ ਦਾ ਭੁਗਤਾਨ ਕਰਨਾ, ਗੈਸ ਸਿਲੰਡਰ ਬੁਕ ਕਰਨਾ ਅਤੇ ਡਿਲੀਵਰੀ ਪ੍ਰਾਪਤ ਕਰਨਾ ਜਿਹੇ ਨਿਯਮਿਤ ਕਾਰਜਾਂ ਲਈ ਵਾਰ-ਵਾਰ ਚੱਕਰ ਲਗਾਉਣੇ ਪੈਂਦੇ ਸਨ ਅਤੇ ਇੱਥੋਂ ਤੱਕ ਕਿ ਕੰਮ ਤੋਂ ਛੁੱਟੀ ਵੀ ਲੈਣੀ ਪੈਂਦੀ ਸੀ। ਉਨ੍ਹਾਂ ਨੇ ਕਿਹਾ ਕਿ ਅੱਜ, ਇਨ੍ਹਾਂ ਵਿੱਚੋਂ ਕਈ ਸੇਵਾਵਾਂ ਨੂੰ ਔਨਲਾਈਨ ਪਲੈਟਫਾਰਮ ਰਾਹੀਂ ਸੁਚਾਰੂ ਬਣਾਇਆ ਜਾਂਦਾ ਹੈ, ਜਿਸ ਨਾਲ ਨਾਗਰਿਕਾਂ ਦੀ ਅਸੁਵਿਧਾ ਘੱਟ ਹੋਈ ਹੈ। ਸ਼੍ਰੀ ਮੋਦੀ ਨੇ ਪਾਸਪੋਰਟ, ਟੈਕਸ ਰਿਫੰਡ ਜਾਂ ਹੋਰ ਸੇਵਾਵਾਂ ਲਈ ਸਰਕਾਰ-ਨਾਗਰਿਕ ਦਰਮਿਆਨ ਹਰ ਗੱਲਬਾਤ ਨੂੰ ਸਰਲ, ਤੇਜ਼ ਅਤੇ ਕੁਸ਼ਲ ਬਣਾਉਣ ਦੀ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦੀ ਮੁੜ ਤੋਂ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਵਿਜ਼ਨ ‘ਨਾਗਰਿਕ ਦੇਵੋ ਭਵ: ਦੇ ਸਿਧਾਂਤ ਦੇ ਅਨੁਸਾਰ ਹੈ, ਜੋ 2047 ਤੱਕ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ।

ਪਰੰਪਰਾ ਅਤੇ ਪ੍ਰਗਤੀ ਦੋਨੋਂ ਨੂੰ ਇਕੱਠੇ ਅੱਗੇ ਵਧਾਉਣ ਦੇ ਭਾਰਤ ਦੇ ਵਿਲੱਖਣ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕਰਦੇ ਹੋਏ, “ਵਿਕਾਸ ਭੀ, ਵਿਰਾਸਤ ਭੀ” ਦੇ ਪ੍ਰਤੀ ਰਾਸ਼ਟਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਇਹ ਪ੍ਰਦਰਸ਼ਿਤ ਕਰ ਰਿਹਾ ਹੈ ਕਿ ਕਿਵੇਂ ਪਰੰਪਰਾ ਅਤੇ ਟੈਕਨੋਲੋਜੀ ਇਕੱਠੇ ਫਲ-ਫੁੱਲ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਡਿਜੀਟਲ ਲੈਣ-ਦੇਣ ਵਿੱਚ ਗਲੋਬਲ ਨੇਤਾਵਾਂ ਵਿੱਚ ਸ਼ੁਮਾਰ ਹੈ, ਨਾਲ ਹੀ ਯੋਗ ਅਤੇ ਆਯੁਰਵੇਦ ਨੂੰ ਵੀ ਵਿਸ਼ਵ ਮੰਚ ‘ਤੇ ਲੈ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਰਿਕਾਰਡ ਐੱਫਡੀਆਈ ਪ੍ਰਵਾਹ ਦੇ ਨਾਲ ਭਾਰਤ ਨਿਵੇਸ਼ ਲਈ ਇੱਕ ਬੇਹਦ ਆਕਰਸ਼ਕ ਮੰਜ਼ਿਲ ਬਣ ਗਿਆ ਹੈ।

ਉਨ੍ਹਾਂ ਨੇ ਚੋਰੀ ਕੀਤੀਆਂ ਗਈਆਂ ਕਲਾਕ੍ਰਿਤੀਆਂ ਅਤੇ ਵਿਰਾਸਤ ਦੀਆਂ ਵਸਤੂਆਂ ਦੀ ਬੇਮਿਸਾਲ ਸੰਖਿਆ ਵਿੱਚ ਵਾਪਸੀ ‘ਤੇ ਵੀ ਜ਼ੋਰ ਦਿੱਤਾ, ਜੋ ਭਾਰਤ ਦੇ ਵਧਦੇ ਗਲੋਬਲ ਕਦ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੋਬਾਈਲ ਫੋਨ ਨਿਰਮਾਤਾ ਅਤੇ ਬਾਜਰਾ ਜਿਹੇ ਸੁਪਰਫੁੱਡ ਦਾ ਮੋਹਰੀ ਉਤਪਾਦਕ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਸੋਲਰ ਪਾਵਰ ਵਿੱਚ ਦੇਸ਼ ਦੀ ਉਪਲਬਧੀ ਨੂੰ ਉਜਾਗਰ ਕੀਤਾ, ਜਿਸ ਨੇ 100 ਗੀਗਾਵਾਟ ਉਤਪਾਦਨ ਸਮਰੱਥਾ ਨੂੰ ਪਾਰ ਕਰ ਲਿਆ ਹੈ। ਇਸ ਨਾਲ ਅਖੁੱਟ ਊਰਜਾ ਵਿੱਚ ਭਾਰਤ ਦੀ ਅਗਵਾਈ ਨੂੰ ਮਜ਼ਬੂਤੀ ਮਿਲਣ ਦਾ ਪਤਾ ਚਲਦਾ ਹੈ।

ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਗਤੀ ਦੇ ਲਈ  ਆਪਣੀ ਸੱਭਿਆਚਾਰਕ ਜੜ੍ਹਾਂ ਨੂੰ ਤਿਆਗਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀ ਵਿਰਾਸਤ ਤੋਂ ਜਿੰਨਾ ਗਹਿਰਾਈ ਨਾਲ ਜੁੜਿਆ ਰਹੇਗਾ, ਆਧੁਨਿਕ ਪ੍ਰਗਤੀ ਦੇ ਨਾਲ ਉਸ ਦਾ ਏਕੀਕਰਣ ਓਨਾ ਹੀ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਆਪਣੀ ਪ੍ਰਾਚੀਨ ਵਿਰਾਸਤ ਨੂੰ ਸੁਰੱਖਿਅਤ ਰੱਖਦੇ ਹੋਏ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਇਹ ਭਵਿੱਖ ਦੇ ਲਈ ਤਾਕਤ ਦਾ ਸਰੋਤ ਬਣੀ ਰਹੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 2047 ਤੱਕ ਵਿਕਸਿਤ ਭਾਰਤ ਵੱਲੋਂ ਯਾਤਰਾ ਵਿੱਚ ਹਰ ਕਦਮ ਦਾ ਬਹੁਤ ਮਹੱਤਵ ਹੈ।

ਉਨ੍ਹਾਂ ਨੇ ਦੱਸਿਆ ਕਿ ਅਕਸਰ ਲੋਕ ਸਰਕਾਰੀ ਫੈਸਲਿਆਂ ਦੇ ਗੁਣਕ ਪ੍ਰਭਾਵ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਨ। ਉਨ੍ਹਾਂ ਨੇ ਮੀਡੀਆ ਅਤੇ ਕੰਟੈਂਟ ਨਿਰਮਾਣ ਖੇਤਰ ਦੀ ਉਦਾਹਰਣ ਦਿੰਦੇ ਹੋਏ ਯਾਦ ਦਿਵਾਇਆ ਕਿ ਇੱਕ ਦਹਾਕੇ ਪਹਿਲਾਂ ਜਦੋਂ ਉਨ੍ਹਾਂ ਨੇ ਡਿਜੀਟਲ ਇੰਡੀਆ ਬਾਰੇ ਗੱਲ ਕੀਤੀ ਸੀ, ਤਾਂ ਕਈ ਲੋਕਾਂ ਨੇ ਸੰਦੇਹ ਵਿਅਕਤ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਡਿਜੀਟਲ ਇੰਡੀਆ ਨੇ ਲੋਕਾਂ ਦੀ ਰੁਟੀਨ ਵਿੱਚ ਆਪਣਾ ਸਥਾਨ ਬਣਾ ਲਿਆ ਹੈ। ਸ਼੍ਰੀ ਮੋਦੀ ਨੇ ਡਿਜੀਟਲ ਸਪੇਸ ਵਿੱਚ ਕ੍ਰਾਂਤੀ ਲਿਆਉਣ ਦਾ ਕ੍ਰੈਡਿਟ ਕਿਫਾਇਤੀ ਡੇਟਾ ਅਤੇ ਘਰੇਲੂ ਪੱਧਰ ‘ਤੇ ਨਿਰਮਿਤ ਸਮਾਰਟਫੋਨ ਨੂੰ ਦਿੱਤਾ।

ਡਿਜੀਟਲ ਇੰਡੀਆ ਨੇ ਜੀਵਨ ਨੂੰ ਅਸਾਨ ਬਣਾਇਆ ਹੈ, ਲੇਕਿਨ ਉਨ੍ਹਾਂ ਨੇ ਕੰਟੈਂਟ ਅਤੇ ਰਚਨਾਤਮਕਤਾ ‘ਤੇ ਇਸ ਦੇ ਪ੍ਰਭਾਵ ਨੂੰ ਵੀ ਉਜਾਗਰ ਕੀਤਾ, ਜਿਸ ਨੂੰ ਅਕਸਰ ਅਣਦੇਖਿਆਂ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਡਿਜੀਟਲ ਪਲੈਟਫਾਰਮ ਦੇ ਲੋਕਾਂ ਨੂੰ ਕਿਵੇਂ ਸਸ਼ਕਤ ਬਣਾਇਆ ਹੈ, ਇਸ ਦੀ ਉਦਾਹਰਣ ਵੀ ਸਾਂਝੀ ਕੀਤੀ। ਉਨ੍ਹਾਂ ਨੇ ਇੱਕ ਗ੍ਰਾਮੀਣ ਮਹਿਲਾ ਦੀ ਉਦਾਹਰਣ ਦਿੱਤੀ ਜਿਸ ਨੇ ਲੱਖਾਂ ਸਬਸਕ੍ਰਾਈਬਰਸ ਦੇ ਨਾਲ ਸਫ਼ਲਤਾ ਹਾਸਲ ਕੀਤੀ ਹੈ, ਇੱਕ ਕਬਾਇਲੀ ਯੁਵਾ ਨੇ ਗਲੋਬਲ ਦਰਸ਼ਕਾਂ ਦੇ ਸਾਹਮਣੇ ਪਰੰਪਰਾਗਤ ਕਲਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਇੱਕ ਵਿਦਿਆਰਥੀ ਨੇ ਇਨੋਵੇਟਿਵ ਤਰੀਕੇ ਨਾਲ ਟੈਕਨੋਲੋਜੀ ਦੀ ਵਿਆਖਿਆ ਕੀਤੀ ਹੈ। ਮੁੰਬਈ ਵਿੱਚ ਹਾਲ ਹੀ ਵਿੱਚ ਹੋਈ ਵੇਵਸ ਸਮਿਟ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਕੱਲੇ ਯੂਟਿਊਬ ਨੇ ਪਿਛਲੇ ਤਿੰਨ ਵਰ੍ਹਿਆਂ ਵਿੱਚ ਭਾਰਤੀ ਕੰਟੈਂਟ ਕ੍ਰਿਏਟਰਸ ਨੂੰ 21,000 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ, ਜੋ ਇਹ ਸਾਬਤ ਕਰਦਾ ਹੈ ਕਿ ਸਮਾਰਟਫੋਨ ਸੰਚਾਰ ਸਾਧਨਾਂ ਤੋਂ ਅੱਗੇ ਵਧ ਕੇ ਰਚਨਾਤਮਕਤਾ ਅਤੇ ਆਮਦਨ ਸਿਰਜਣ ਲਈ ਸ਼ਕਤੀਸ਼ਾਲੀ ਸਾਧਨ ਬਣ ਗਏ ਹਨ। ਵੇਵਸ ਸਮਿਟ ਵਿੱਚ, ਮੀਡੀਆ, ਮਨੋਰੰਜਨ ਅਤੇ ਰਚਨਾਮਤਕ ਉਦਯੋਗਾਂ ਦੇ ਗਲੋਬਲ ਨੇਤਾ ਇਕੱਠੇ ਹੋਏ ਸਨ।

ਪ੍ਰਧਾਨ ਮੰਤਰੀ ਨੇ 2047 ਤੱਕ ਵਿਕਸਿਤ ਭਾਰਤ ਦਾ ਵਿਜ਼ਨ ਆਤਮਨਿਰਭਰ ਭਾਰਤ ਪਹਿਲ ਨਾਲ ਨੇੜਿਓਂ ਜੁੜੇ ਹੋਣ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਆਤਮਨਿਰਭਰਤਾ ਹਮੇਸ਼ਾ ਤੋਂ ਭਾਰਤ ਦੇ ਆਰਥਿਕ ਡੀਐੱਨਏ ਦਾ ਇੱਕ ਬੁਨਿਆਦੀ ਹਿੱਸਾ ਰਹੀ ਹੈ”। ਉਨ੍ਹਾਂ ਨੇ ਕਿਹਾ ਕਿ ਫਿਰ ਵੀ ਵਰ੍ਹਿਆਂ ਤੱਕ ਦੇਸ਼ ਨੂੰ ਨਿਰਮਾਤਾ ਦੀ ਬਜਾਏ ਸਿਰਫ਼ ਇੱਕ ਬਜ਼ਾਰ ਦੇ ਰੂਪ ਵਿੱਚ ਦੇਖਿਆ ਜਾਂਦਾ ਰਿਹਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਹਾਣੀ ਹੁਣ ਬਦਲ ਰਹੀ ਹੈ ਅਤੇ ਉਨ੍ਹਾਂ ਨੇ ਭਾਰਤ ਦੇ ਇੱਕ ਪ੍ਰਮੁੱਖ ਰੱਖਿਆ ਨਿਰਮਾਤਾ ਅਤੇ ਨਿਰਯਾਤਕ ਦੇ ਰੂਪ ਵਿੱਚ ਉਭਰਨ ਨੂੰ ਉਜਾਗਰ ਕੀਤਾ, ਜਿਸ ਦੇ ਰੱਖਿਆ ਉਤਪਾਦ 100 ਤੋਂ ਵੱਧ ਦੇਸ਼ਾਂ ਨੂੰ ਸਪਲਾਈ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਰੱਖਿਆ ਨਿਰਯਾਤ ਵਿੱਚ ਨਿਰੰਤਰ ਵਾਧੇ ਦਾ ਜ਼ਿਕਰ ਕੀਤਾ ਅਤੇ ਭਾਰਤ ਦੇ ਸਵਦੇਸ਼ੀ ਜਲ ਸੈਨਾ ਬੇੜੇ ਦੀ ਤਾਕਤ ਨੂੰ ਰੇਖਾਂਕਿਤ ਕੀਤਾ, ਜਿਸ ਵਿੱਚ ਆਈਐੱਨਐੱਸ ਵਿਕਰਾਂਤ, ਆਈਐੱਨਐੱਸ ਸੂਰਤ ਤੇ ਆਈਐੱਨਐੱਸ ਨੀਲਗਿਰੀ ਸ਼ਾਮਲ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਘਰੇਲੂ ਸਮਰੱਥਾ ਦੇ ਮਾਧਿਅਮ ਨਾਲ ਬਣਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਜਿਹੇ ਉਨ੍ਹਾਂ ਖੇਤਰਾਂ ਵਿੱਚ ਉੱਤਮਤਾ ਹਾਸਲ ਕਰ ਰਿਹਾ ਹੈ ਜਿਨ੍ਹਾਂ ਨੂੰ ਪਹਿਲਾਂ ਇਸ ਦੀ ਤਾਕਤ ਤੋਂ ਬਾਹਰ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਹਾਲ ਦੇ ਵਰ੍ਹਿਆਂ ਵਿੱਚ, ਦੇਸ਼ ਇਲੈਕਟ੍ਰੌਨਿਕਸ ਉਤਪਾਦਾਂ ਦਾ ਇੱਕ ਮਹੱਤਵਪੂਰਨ ਨਿਰਯਾਤਕ ਬਣ ਗਿਆ ਹੈ, ਜਿਸ ਵਿੱਚ ਸਥਾਨਕ ਇਨੋਵੇਸ਼ਨ ਗਲੋਬਲ ਮਾਰਕਿਟਸ ਤੱਕ ਪਹੁੰਚ ਰਹੇ ਹਨ। ਉਨ੍ਹਾਂ ਨੇ ਹਾਲ ਦੇ ਨਿਰਯਾਤ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਿਛਲੇ ਵਰ੍ਹੇ ਭਾਰਤ ਦਾ ਕੁੱਲ ਨਿਰਯਾਤ ਰਿਕਾਰਡ 825 ਬਿਲੀਅਨ ਡਾਲਰ ਤੱਕ ਪਹੁੰਚ ਗਿਆ,

ਜੋ ਇੱਕ ਦਹਾਕੇ ਵਿੱਚ ਲਗਭਗ ਦੁੱਗਣਾ ਹੋ ਗਿਆ ਹੈ। ਇਸ ਗਤੀ ਨੂੰ ਹੋਰ ਤੇਜ਼ ਕਰਨ ਲਈ, ਉਨ੍ਹਾਂ ਨੇ ਨਵੀਨਤਮ ਬਜਟ ਵਿੱਚ ਮਿਸ਼ਨ ਮੈਨੂਫੈਕਚਰਿੰਗ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਭਾਰਤ ਦੀਆਂ ਉਤਪਾਦਨ ਸਮਰੱਥਾਵਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਾ ਹੈ। ਉਨ੍ਹਾਂ ਨੇ ਕਿਹਾ, “ਭਾਰਤ ਦੀ ਵਧਦੀ ਮੈਨੂਫੈਕਚਰਿੰਗ ਸਮਰੱਥਾ ਗਲੋਬਲ ਪਲੈਟਫਾਰਮ ‘ਤੇ ਕ੍ਰਿਏਟਰਸ, ਇਨੋਵੇਟਰਸ ਅਤੇ ਡਿਸਟਰੱਪਟਰਸ (Disruptors) ਵਜੋਂ ਆਪਣੇ ਲੋਕਾਂ ਦੀ ਪਹਿਚਾਣ ਬਣਾ ਰਹੀ ਹੈ।”

ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਦਹਾਕਾ ਆਉਣ ਵਾਲੀਆਂ ਸਦੀਆਂ ਲਈ ਭਾਰਤ ਦੀ ਦਿਸ਼ਾ ਤੈਅ ਕਰੇਗਾ ਅਤੇ ਉਨ੍ਹਾਂ ਨੇ ਇਸ ਨੂੰ ਦੇਸ਼ ਦੀ ਕਿਸਮਤ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਦੌਰ ਦੱਸਿਆ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਦੇਸ਼ ਭਰ ਵਿੱਚ ਹਰ ਨਾਗਰਿਕ , ਸੰਸਥਾ ਅਤੇ ਖੇਤਰ ਵਿੱਚ ਪਰਿਵਰਤਨ ਦੀ ਭਾਵਨਾ ਸਪਸ਼ਟ ਹੈ। ਇਹ ਦੇਖਦੇ ਹੋਏ ਕਿ ਸਮਿਟ ਵਿੱਚ ਹੋਈਆਂ ਚਰਚਾਵਾਂ ਪ੍ਰਗਤੀ ਦੇ ਇਸ ਸਾਂਝੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀਆਂ ਹਨ, ਸ਼੍ਰੀ ਮੋਦੀ ਨੇ ਸਮਿਟ ਦੇ ਸਫ਼ਲ ਆਯੋਜਨ ਲਈ ਏਬੀਪੀ ਨੈੱਟਵਰਕ ਨੂੰ ਵਧਾਈ ਦਿੰਦੇ ਹੋਏ ਸਮਾਪਤੀ ਕੀਤੀ।

 

 

 

 

 

 

 

 

 

***

ਐੱਮਜੇਪੀਐੱਸ/ਐੱਸਆਰ


(Release ID: 2127636) Visitor Counter : 11