ਸੱਭਿਆਚਾਰ ਮੰਤਰਾਲਾ
ਭਾਰਤ ਦੀ ਸੱਭਿਆਚਾਰਕ ਵਿਰਾਸਤ ਸੰਭਾਲ ਦੀ ਯਾਤਰਾ
ਵਰਲਡ ਹੈਰੀਟੇਜ ਡੇਅ 2025
Posted On:
17 APR 2025 4:23PM by PIB Chandigarh
" ਸੱਭਿਆਚਾਰਕ ਵਿਰਾਸਤ ਸਿਰਫ਼ ਇਤਿਹਾਸ ਨਹੀਂ ਹੈ ਸਗੋਂ ਇਹ ਮਾਨਵਤਾ ਦੀ ਸਾਂਝੀ ਚੇਤਨਾ ਹੈ। ਜਦੋਂ ਵੀ ਅਸੀਂ ਇਤਿਹਾਸਕ ਸਥਾਨਾਂ ਨੂੰ ਦੇਖਦੇ ਹਾਂ, ਤਾਂ ਸਾਡੀ ਸੋਚ ਮੌਜੂਦਾ ਭੂ- ਰਾਜਨੀਤਕ ਕਾਰਕਾਂ ਤੋਂ ਉੱਪਰ ਉੱਠ ਜਾਂਦੀ ਹੈ।"
~ ਪ੍ਰਧਾਨ ਮੰਤਰੀ ਨਰੇਂਦਰ ਮੋਦੀ
ਸਾਰ
- ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤ ਦੇ ਸਨਮਾਨ ਅਤੇ ਸੰਭਾਲ ਦੇ ਲਈ ਹਰ ਸਾਲ 18 ਅਪ੍ਰੈਲ ਨੂੰ ਵਰਲਡ ਹੈਰੀਟੇਜ ਡੇਅ ਮਨਾਇਆ ਜਾਂਦਾ ਹੈ।
- ਇਸ ਵਰ੍ਹੇ ਦਾ ਵਿਸ਼ਾ ਹੈ " ਆਫਤਾਂ ਅਤੇ ਸੰਘਰਸ਼ਾਂ ਦੇ ਖਤਰੇ ਵਿੱਚ ਪਈ ਵਿਰਾਸਤ: ਆਈਸੀਓਐੱਮਓਐੱਸ ਦੀਆਂ 60 ਵਰ੍ਹਿਆਂ ਦੀਆਂ ਕਾਰਵਾਈਆਂ ਦੀਆਂ ਤਿਆਰੀ ਅਤੇ ਸਿੱਖਿਆ।"
- ਵਰਲਡ ਹੈਰੀਟੇਜ ਕਨਵੈਨਸ਼ਨ 1972 ਵਿੱਚ ਯੂਨੈਸਕੋ ਦੁਆਰਾ ਕੀਤਾ ਗਿਆ ਇੱਕ ਅੰਤਰਰਾਸ਼ਟਰੀ ਸਮਝੌਤਾ ਹੈ।
- ਵਰਲਡ ਹੈਰੀਟੇਜ ਕਨਵੈਨਸ਼ਨ ਨੂੰ ਦੁਨੀਆ ਭਰ ਦੇ ਦੇਸ਼ਾਂ ਦੁਆਰਾ ਮਹੱਤਵਪੂਰਨ ਸੱਭਿਆਚਾਰਕ ਅਤੇ ਕੁਦਰਤੀ ਸਥਾਨਾਂ ਦੀ ਸੁਰੱਖਿਆ ਲਈ ਅਪਣਾਇਆ ਗਿਆ ਸੀ।
- ਅਕਤੂਬਰ 2024 ਤੱਕ, 196 ਦੇਸ਼ਾਂ ਵਿੱਚ 1,223 ਵਰਲਡ ਹੈਰੀਟੇਜ ਸਾਈਟਾਂ ਹਨ (952 ਸੱਭਿਆਚਾਰਕ, 231 ਕੁਦਰਤੀ, 40 ਮਿਸ਼ਰਿਤ)।
- ਭਾਰਤ ਵਿੱਚ 43 ਵਰਲਡ ਹੈਰੀਟੇਜ ਸਾਈਟਾਂ ਹਨ, ਇਨ੍ਹਾਂ ਵਿੱਚ ਆਗਰੇ ਦਾ ਕਿਲ੍ਹਾ, ਤਾਜ ਮਹਿਲ, ਅਜੰਤਾ ਅਤੇ ਐਲੋਰਾ ਦੀਆਂ ਗੁਫਾਵਾਂ 1983 ਵਿੱਚ ਪਹਿਲੀ ਵਾਰ ਸੂਚੀਬੱਧ ਕੀਤੀਆਂ ਗਈਆਂ।
ਜਾਣ-ਪਹਿਚਾਣ
ਸਾਡੀ ਵਿਰਾਸਤ ਸਿਰਫ਼ ਪੱਥਰਾਂ, ਲਿਪੀਆਂ ਜਾਂ ਖੰਡਰ ਨਾਲ ਨਹੀਂ ਬਣੀ ਹੈ। ਇਹ ਮੰਦਿਰ ਦੀ ਕੰਧ ਦੀ ਹਰ ਗੂੰਜ, ਪ੍ਰਾਚੀਨ ਕਿਲ੍ਹਿਆਂ ਉੱਤੇ ਉੱਕਰੀ ਹਰ ਨੱਕਾਸ਼ੀ ਅਤੇ ਪੀੜ੍ਹੀ ਦਰ ਪੀੜ੍ਹੀ ਚੱਲਦੇ ਆਏ ਹਰ ਲੋਕ ਗੀਤ ਵਿੱਚ ਮੌਜੂਦ ਹਨ। ਇਹ ਦੱਸਦੀ ਹੈ ਕਿ ਅਸੀਂ ਕੌਣ ਸੀ, ਅਸੀਂ ਕਿਸ ਲਈ ਖੜ੍ਹੇ ਸੀ ਅਤੇ ਅਸੀਂ ਕਿਵੇਂ ਸਹਿਣ ਕੀਤਾ। ਵਰਲਡ ਹੈਰੀਟੇਜ ਡੇਅ ਦਿਲੋਂ ਯਾਦ ਦਿਵਾਉਂਦਾ ਹੈ ਕਿ ਇਨ੍ਹਾਂ ਸਦੀਵੀ ਖਜ਼ਾਨਿਆਂ ਦੀ ਨਾ ਸਿਰਫ਼ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ, ਸਗੋਂ ਉਨ੍ਹਾਂ ਨੂੰ ਸੁਰੱਖਿਅਤ ਵੀ ਕੀਤਾ ਜਾਣਾ ਚਾਹੀਦਾ ਹੈ। ਇਸ ਵਰ੍ਹੇ ਦੀ ਥੀਮ: "ਆਫਤਾਂ ਅਤੇ ਸੰਘਰਸ਼ਾਂ ਦੇ ਖਤਰੇ ਵਿੱਚ ਪਈ ਵਿਰਾਸਤ: ਆਈਸੀਓਐੱਮਓਐੱਸ ਦੀ 60 ਵਰ੍ਹਿਆਂ ਦੀ ਕਾਰਵਾਈਆਂ ਨਾਲ ਤਿਆਰੀ ਅਤੇ ਸਿੱਖਿਆ" ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡੇ ਅਤੀਤ ਨੂੰ ਸਰੱਖਿਅਤ ਕਰਨਾ ਸਾਡੇ ਭਵਿੱਖ ਦੀ ਰੱਖਿਆ ਕਰਨ ਦੀ ਕੁੰਜੀ ਹੈ।

ਵਰਲਡ ਹੈਰੀਟੇਜ ਡੇਅ ਦੇ ਪਿੱਛੇ ਦੀ ਕਹਾਣੀ
ਵਰਲਡ ਹੈਰੀਟੇਜ ਡੇਅ ਹਰ ਵਰ੍ਹੇ 18 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਸਮਾਰਕਾਂ ਅਤੇ ਸਥਾਨਾਂ ਲਈ ਅੰਤਰਰਾਸ਼ਟਰੀ ਦਿਵਸ ਵੀ ਕਿਹਾ ਜਾਂਦਾ ਹੈ। ਇਹ ਦਿਨ ਮਨੁੱਖੀ ਵਿਰਾਸਤ ਦਾ ਸਨਮਾਨ ਅਤੇ ਸੁਰੱਖਿਆ ਕਰਨ ਲਈ ਹੈ। ਇਹ ਉਨ੍ਹਾਂ ਲੋਕਾਂ ਅਤੇ ਸਮੂਹਾਂ ਦੀ ਵੀ ਸ਼ਲਾਘਾ ਕਰਦਾ ਹੈ ਜੋ ਇਸ ਨੂੰ ਸੰਭਾਲਣ ਲਈ ਕੰਮ ਕਰਦੇ ਹਨ। ਇਸ ਦਿਨ ਦੀ ਸ਼ੁਰੂਆਤ 1982 ਵਿੱਚ ਆਈਸੀਓਐੱਮਓਐੱਸ (ਸਮਾਰਕਾਂ ਅਤੇ ਸਥਾਨਾਂ ‘ਤੇ ਅੰਤਰਰਾਸ਼ਟਰੀ ਪ੍ਰੀਸ਼ਦ) ਦੁਆਰਾ ਦਿੱਤੀ ਗਈ ਸੀ। ਬਾਅਦ ਵਿੱਚ, 1983 ਵਿੱਚ, ਯੂਨੈਸਕੋ ਨੇ ਅਧਿਕਾਰਿਤ ਤੌਰ 'ਤੇ ਇਸ ਨੂੰ ਅਪਣਾਇਆ। ਹਰ ਸਾਲ, ਆਈਸੀਓਐੱਮਓਐੱਸ ਦਿਨ ਲਈ ਇੱਕ ਵਿਸ਼ੇਸ਼ ਥੀਮ ਦਿੰਦਾ ਹੈ। ਇਸ ਥੀਮ ਦੇ ਅਧਾਰ 'ਤੇ, ਲੋਕ ਅਤੇ ਸਮੂਹ ਵਿਰਾਸਤ ਦਾ ਜਸ਼ਨ ਮਨਾਉਣ ਅਤੇ ਉਸ ਦੀ ਸੁਰੱਖਿਆ ਕਰਨ ਲਈ ਦੁਨੀਆ ਭਰ ਵਿੱਚ ਪ੍ਰੋਗਰਾਮ ਅਤੇ ਗਤੀਵਿਧੀਆਂ ਦਾ ਆਯੋਜਨ ਕਰਦੇ ਹਨ।
ਵਿਸ਼ਵ ਹੈਰੀਟੇਜ ਕਨਵੈਨਸ਼ਨ ਨੂੰ ਸਮਝਣਾ
ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ, ਯੂਨੈਸਕੋ, ਦੁਨੀਆ ਭਰ ਵਿੱਚ ਮਹੱਤਵਪੂਰਨ ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤ ਦੀ ਰੱਖਿਆ ਅਤੇ ਸੰਭਾਲ ਲਈ ਕੰਮ ਕਰਦਾ ਹੈ। ਇਸ ਵਿੱਚ ਮਦਦ ਕਰਨ ਲਈ, ਯੂਨੈਸਕੋ ਦੇ ਮੈਂਬਰ ਦੇਸ਼ਾਂ ਨੇ 1972 ਵਿੱਚ ਵਰਲਡ ਹੈਰੀਟੇਜ ਕਨਵੈਨਸ਼ਨ ਨੂੰ ਅਪਣਾਇਆ। ਇਹ ਸਮਝੌਤਾ ਦੱਸਦਾ ਹੈ ਕਿ ਦੇਸ਼ਾਂ ਨੂੰ ਵਿਸ਼ਵ ਹੈਰੀਟੇਜ ਲਿਸਟ ਵਿੱਚ ਜੋੜੀਆਂ ਜਾ ਸਕਣ ਵਾਲੀਆਂ ਉਨ੍ਹਾਂ ਵਿਸ਼ੇਸ਼ ਥਾਵਾਂ ਨੂੰ ਲੱਭਣ ਅਤੇ ਉਨ੍ਹਾਂ ਦੀ ਦੇਖਭਾਲ ਲਈ ਕੀ ਕਰਨਾ ਚਾਹੀਦਾ ਹੈ। ਨਵੰਬਰ 1977 ਵਿੱਚ ਭਾਰਤ ਇਸ ਕਨਵੈਨਸ਼ਨ ਦਾ ਹਿੱਸਾ ਬਣਿਆ। ਅੱਜ, ਵਰਲਡ ਹੈਰੀਟੇਜ ਲਿਸਟ ਵਿੱਚ 1,223 ਸਥਾਨ ਸ਼ਾਮਲ ਹਨ ਜਿਨ੍ਹਾਂ ਨੂੰ ਪੂਰੀ ਮਨੁੱਖਤਾ ਲਈ ਕੀਮਤੀ ਮੰਨਿਆ ਜਾਂਦਾ ਹੈ। ਇਨ੍ਹਾਂ ਵਿੱਚ ਸੱਭਿਆਚਾਰਕ ਅਤੇ ਕੁਦਰਤੀ ਦੋਨਾਂ ਤਰ੍ਹਾਂ ਦੇ ਮਹੱਤਵ ਵਾਲੇ 952 ਸੱਭਿਆਚਾਰਕ ਸਥਾਨ, 231 ਕੁਦਰਤੀ ਸਥਾਨ ਅਤੇ 40 ਸਾਈਟਾਂ ਸ਼ਾਮਲ ਹਨ। ਅਕਤੂਬਰ 2024 ਤੱਕ, 196 ਦੇਸ਼ ਵਰਲਡ ਹੈਰੀਟੇਜ ਕਨਵੈਨਸ਼ਨ ਵਿੱਚ ਸ਼ਾਮਲ ਹੋ ਚੁੱਕੇ ਹਨ।

ਵਰਲਡ ਹੈਰੀਟੇਜ ਸਾਈਟਾਂ: ਭਵਿੱਖ ਦੀ ਸੁਰੱਖਿਆ
ਵਰਲਡ ਹੈਰੀਟੇਜ ਸਾਈਟਾਂ ਦਾ ਦੁਨੀਆ ਵਿੱਚ ਵਿਸ਼ੇਸ਼ ਸਥਾਨ ਹੈ ਅਤੇ ਇਨ੍ਹਾਂ ਦਾ ਮਨੁੱਖਤਾ ਲਈ ਬਹੁਤ ਮਹੱਤਵ ਹੈ। ਇਹ ਸੱਭਿਆਚਾਰਕ, ਕੁਦਰਤੀ ਜਾਂ ਦੋਨਾਂ ਦਾ ਮਿਸ਼ਰਣ ਹੋ ਸਕਦੇ ਹਨ। ਯੂਨੈਸਕੋ ਦੀ ਅਗਵਾਈ ਹੇਠ ਇੱਕ ਅੰਤਰਰਾਸ਼ਟਰੀ ਸਮਝੌਤੇ ਅਧੀਨ ਉਨ੍ਹਾਂ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਯੂਨੈਸਕੋ ਉਨ੍ਹਾਂ ਥਾਵਾਂ ਨੂੰ ਵਰਲਡ ਹੈਰੀਟੇਜ ਦਾ ਖਿਤਾਬ ਦਿੰਦਾ ਹੈ ਜੋ ਸੱਭਿਆਚਾਰਕ, ਇਤਿਹਾਸਕ ਜਾਂ ਵਿਗਿਆਨੀ ਤੌਰ 'ਤੇ ਮਹੱਤਵਪੂਰਨ ਹਨ।
ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੇ ਵਰਲਡ ਹੈਰੀਟੇਜ ਲਿਸਟ ਵਿੱਚ ਆਪਣੀ ਮੌਜੂਦਗੀ ਦਾ ਲਗਾਤਾਰ ਵਿਸਥਾਰ ਕੀਤਾ ਹੈ। ਜੁਲਾਈ 2024 ਵਿੱਚ, ਅਸਾਮ ਤੋਂ ਸੱਭਿਆਚਾਰਕ ਜਾਇਦਾਦ ਵਜੋਂ "ਮੋਇਦਮਜਸ: ਅਹੋਮ ਰਾਜਵੰਸ਼ ਦਾ ਟਿੱਲਾ-ਦਫ਼ਨ ਪ੍ਰਣਾਲੀ" ਨੂੰ ਸ਼ਾਮਲ ਕਰਕੇ ਇੱਕ ਮਾਣਮੱਤਾ ਵਾਧਾ ਕੀਤਾ ਗਿਆ। ਇਸ ਦੇ ਨਾਲ ਹੀ ਭਾਰਤ ਦੀਆਂ ਹੁਣ ਵਰਲਡ ਹੈਰੀਟੇਜ ਲਿਸਟ ਵਿੱਚ 43 ਥਾਵਾਂ ਹਨ ਅਤੇ ਯੂਨੈਸਕੋ ਦੀ ਅਸਥਾਈ ਲਿਸਟ ਵਿੱਚ 62 ਹੋਰ ਥਾਵਾਂ ਹਨ। ਦੇਸ਼ ਦੀ ਯਾਤਰਾ 1983 ਵਿੱਚ ਆਗਰਾ ਦੇ ਕਿਲ੍ਹੇ ਦੀ ਲਿਸਟ ਦੇ ਨਾਲ ਸ਼ੁਰੂ ਹੋਈ, ਇਸ ਤੋਂ ਬਾਅਦ ਤਾਜ ਮਹਿਲ, ਅਜੰਤਾ ਅਤੇ ਐਲੋਰਾ ਦੀਆਂ ਗੁਫਾਵਾਂ ਸ਼ਾਮਲ ਹੋਈਆਂ। ਇਨ੍ਹਾਂ ਥਾਵਾਂ ਨੂੰ ਨਾ ਸਿਰਫ਼ ਇਤਿਹਾਸ ਦੇ ਪ੍ਰਤੀਕਾਂ ਵਜੋਂ ਸੁਰੱਖਿਅਤ ਕੀਤਾ ਜਾਂਦਾ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਣ ਦੇ ਸਥਾਨਾਂ ਵਜੋਂ ਵੀ ਸੁਰੱਖਿਅਤ ਕੀਤਾ ਜਾਂਦਾ ਹੈ।

ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਹੁਲਾਰਾ ਦੇਣ ਲਈ ਸਰਕਾਰ ਦੀਆਂ ਪਹਿਲਕਦਮੀਆਂ
ਭਾਰਤ ਨੇ ਆਪਣੇ ਵਿਸ਼ਾਲ ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤ ਦੀ ਰੱਖਿਆ, ਮੁੜ ਸੁਰਜੀਤ ਅਤੇ ਤਰੱਕੀ ਲਈ ਕਈ ਸਾਰਥਕ ਕਦਮ ਚੁੱਕੇ ਹਨ। ਇਹ ਪਹਿਲਕਦਮੀ ਦੇਸ਼ ਦੀਆਂ ਸਦੀਵੀ ਪਰੰਪਰਾਵਾਂ ਅਤੇ ਇਤਿਹਾਸਕ ਵਿਰਾਸਤਾਂ ਦੀ ਸੁਰੱਖਿਆ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
- ਪੁਰਾਤਨ ਵਸਤਾਂ ਦੀਆਂ ਮੁੜ ਪ੍ਰਾਪਤੀ: ਭਾਰਤੀ ਪੁਰਾਤੱਤਵ ਸਰਵੇਖਣ ਸੱਭਿਆਚਾਰਕ ਜਾਇਦਾਦ ਦੇ ਸੰਭਾਲ ਲਈ ਪ੍ਰਤੀਬੱਧਤਾ ਹੈ। ਸਰਕਾਰ ਨੇ ਵਰ੍ਹੇ 1976 ਤੋਂ 2024 ਤੱਕ ਵਿਦੇਸ਼ਾਂ ਵਿੱਚ 655 ਪੁਰਾਤਨ ਅਵਸ਼ੇਸ਼ਾਂ ਨੂੰ ਮੁੜ ਪ੍ਰਾਪਤ ਕੀਤਾ ਹੈ, ਜਿਨ੍ਹਾਂ ਵਿੱਚੋਂ 642 ਪੁਰਾਤਨ ਅਵਸ਼ੇਸ਼ਾਂ ਨੂੰ ਵਰ੍ਹੇ 2014 ਤੋਂ ਮੁੜ ਹਾਸਲ ਕੀਤਾ ਗਿਆ ਹੈ।
- ਵਿਰਾਸਤ ਨੂੰ ਅਪਣਾਓ ਯੋਜਨਾ: "ਇੱਕ ਵਿਰਾਸਤ ਨੂੰ ਅਪਣਾਓ" ਪ੍ਰੋਗਰਾਮ 2017 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ 2023 ਵਿੱਚ ਇਸ ਨੂੰ "ਇੱਕ ਵਿਰਾਸਤ ਨੂੰ ਅਪਣਾਓ 2.0" ਵਜੋਂ ਨਵਾਂ ਰੂਪ ਦਿੱਤਾ ਗਿਆ। ਇਹ ਨਿਜੀ ਅਤੇ ਜਨਤਕ ਸਮੂਹਾਂ ਨੂੰ ਆਪਣੇ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਿਟੀ (ਸੀਐੱਲਆਰ) ਫੰਡ ਦੀ ਵਰਤੋਂ ਕਰਕੇ ਸੁਰੱਖਿਅਤ ਸਮਾਰਕਾਂ ‘ਤੇ ਸੁਵਿਧਾਵਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨ ਦੀ ਮੰਜੂਰੀ ਦਿੰਦਾ ਹੈ। ਹੁਣ ਤੱਕ ਇਸ ਪ੍ਰੋਗਰਾਮ ਦੇ ਤਹਿਤ ਭਾਰਤੀ ਪੁਰਾਤੱਤਵ ਸਰਵੇਖਣ ਅਤੇ ਵੱਖ-ਵੱਖ ਰਾਜਾਂ ਦੇ ਵਿਭਿੰਨ ਸਾਂਝੇਦਾਰ ਸੰਗਠਨਾਂ ਦਰਮਿਆਨ 21 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ ਹਨ।

- ਵਰਲਡ ਹੈਰੀਟੇਜ ਕਮੇਟੀ ਦਾ 46ਵਾਂ ਸੈਸ਼ਨ: ਭਾਰਤੀ ਪੁਰਾਤੱਤਵ ਸਰਵੇਖਣ, ਸੱਭਿਆਚਾਰ ਮੰਤਰਾਲੇ ਨੇ 21 ਤੋਂ 31 ਜੁਲਾਈ 2024 ਤੱਕ ਦਿੱਲੀ ਵਿੱਚ ਵਰਲਡ ਹੈਰੀਟੇਜ ਕਮੇਟੀ ਦੇ 46ਵੇਂ ਸੈਸ਼ਨ ਦੀ ਸਫ਼ਲਤਾਪੂਰਨ ਮੇਜ਼ਬਾਨੀ ਕੀਤੀ। ਇਸ ਮੀਟਿੰਗ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ ਕੀਤੀ ਅਤੇ ਇਸ ਵਿੱਚ 140 ਤੋਂ ਵੱਧ ਦੇਸ਼ਾਂ ਦੇ ਲਗਭਗ 2900 ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਵਿਰਾਸਤ ਸੰਭਾਲ ਵਿੱਚ ਭਾਰਤ ਦੀ ਆਲਮੀ ਭੂਮਿਕਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਪ੍ਰਤੀਨਿਧੀ ਸੱਭਿਆਚਾਰਕ, ਕੁਦਰਤੀ ਅਤੇ ਮਿਸ਼ਰਿਤ ਵਿਰਾਸਤ ਦੀ ਸੰਭਾਲ ‘ਤੇ ਚਰਚਾ ਅਤੇ ਸਹਿਯੋਗ ਕਰਨ ਲਈ ਇੱਕਠੇ ਹੋਏ।
- ਰਾਸ਼ਟਰੀ ਮਹੱਤਵ ਦੇ ਸਮਾਰਕਾਂ ਦਾ ਨਿਰਮਾਣ: ਭਾਰਤ ਵਿੱਚ 3,697 ਪ੍ਰਾਚੀਨ ਸਮਾਰਕ ਅਤੇ ਪੁਰਾਤੱਤਵ ਸਥਾਨ ਹਨ ਜਿਨ੍ਹਾਂ ਨੂੰ ਰਾਸ਼ਟਰੀ ਮਹੱਤਵ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਇਨ੍ਹਾਂ ਦੀ ਸੰਭਾਲ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰ ਹੈ। ਇਹ ਇਨ੍ਹਾਂ ਥਾਵਾਂ 'ਤੇ ਬੁਨਿਆਦੀ ਸੁਵਿਧਾਵਾਂ ਜਿਵੇਂ ਕਿ ਰਸਤੇ, ਸਾਈਨੇਜ, ਬੈਂਚ, ਦਿਵਯਾਂਗ ਸੈਲਾਨੀਆਂ ਲਈ ਸੁਵਿਧਾਵਾਂ, ਸਾਊਂਡ ਐਂਡ ਲਾਈਟ ਸ਼ੋਅ ਅਤੇ ਸਮਾਰਕ ਦੁਕਾਨਾਂ ਵੀ ਯਕੀਨੀ ਬਣਾਉਂਦਾ ਹੈ।
- ਹੈਰੀਟੇਜ ਸਾਈਟਾ ਦੀ ਮੁੜ ਸੁਰਜੀਤ ਅਤੇ ਪੁਨਰ ਵਿਕਾਸ: ਭਾਰਤ ਨੇ ਸੰਭਾਲ ਅਤੇ ਵਿਕਾਸ ਪ੍ਰੋਜੈਕਟਾਂ ਰਾਹੀਂ ਪ੍ਰਮੁੱਖ ਹੈਰੀਟੇਜ ਸਾਈਟਾਂ ਨੂੰ ਮੁੜ ਸੁਰਜੀਤ ਕੀਤਾ ਹੈ। ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਕੌਰੀਡੋਰ, ਉੱਜੈਨ ਵਿੱਚ ਮਹਾਕਾਲ ਲੋਕ ਅਤੇ ਗੁਵਾਹਾਟੀ ਵਿੱਚ ਮਾਂ ਕਾਮਾਖਿਆ ਕੌਰੀਡੋਰ ਤੀਰਥ ਯਾਤਰੀ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੇ ਨਾਲ ਹੀ ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ ਹੈ। ਚਾਰ ਧਾਮ ਸੜਕ ਪ੍ਰੋਜੈਕਟ ਪਵਿੱਤਰ ਸਥਾਨਾਂ ਤੱਕ ਕਨੈਕਟੀਵਿਟੀ ਨੂੰ ਬਿਹਤਰ ਬਣਾਉਣਾ ਹੈ। ਇਸ ਤੋਂ ਇਲਾਵਾ, ਸੋਮਨਾਥ ਅਤੇ ਕਰਤਾਰਪੁਰ ਕੌਰੀਡੋਰ ਦੇ ਪ੍ਰੋਜੈਕਟ ਸੱਭਿਆਚਾਰਕ ਵਿਰਾਸਤ ਨੂੰ ਹੁਲਾਰਾ ਦਿੰਦਾ ਹੈ ਅਤੇ ਭਗਤਾਂ ਲਈ ਆਸਾਨ ਪਹੁੰਚ ਪ੍ਰਦਾਨ ਕਰਦੀ ਹੈ।
- ਪੋਰਟਲ ਜ਼ਰੂਰ ਦੇਖੋ: ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ "ਭਾਰਤ ਦੇ ਜ਼ਰੂਰ ਦੇਖੇ ਜਾਣ ਵਾਲੇ ਸਮਾਰਕਾਂ ਅਤੇ ਪੁਰਾਤੱਤਵ ਸਾਈਟਾਂ" ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪੋਰਟਲ ਬਣਾਇਆ ਹੈ। ਇਸ ਵਿੱਚ ਵਰਲਡ ਹੈਰੀਟੇਜ ਜਾਇਦਾਦਾਂ ਅਤੇ ਯੂਨੈਸਕੋ ਦੀਆਂ ਸੰਭਾਵਿਤ ਲਿਸਟਾਂ ਵਾਲੀਆਂ ਸਾਈਟਾਂ ਵਾਲੇ ਸਥਾਨਾਂ ਸਮੇਤ ਲਗਭਗ 100 ਪ੍ਰਮੁੱਖ ਸਥਾਨਾਂ ‘ਤੇ ਚਾਨਣਾ ਪਾਇਆ। ਇਹ ਪੋਰਟਲ ਇਤਿਹਾਸ, ਪਹੁੰਚ ਵੇਰਵਾ, ਸੁਵਿਧਾਵਾਂ ਅਤੇ ਮਨਮੋਹਕ ਦ੍ਰਿਸ਼ ਜਿਹੀਆਂ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਦਾ ਉਦੇਸ਼ ਗਲੋਬਲ ਵਿਜ਼ੀਟਰਸ ਲਈ ਇਨ੍ਹਾਂ ਸਥਾਨਾਂ ਨੂੰ ਉਤਸ਼ਾਹਿਤ ਕਰਨਾ ਹੈ। ਦੇਖੋ: asimustsee.nic.in
- ਭਾਰਤ ਵਿੱਚ ਸੱਭਿਆਚਾਰਕ ਵਿਰਾਸਤ ਦਾ ਡਿਜੀਟਾਈਜ਼ੇਸ਼ਨ: 2007 ਵਿੱਚ ਸਥਾਪਿਤ ਰਾਸ਼ਟਰੀ ਸਮਾਰਕਾਂ ਅਤੇ ਪੁਰਾਤਨ ਅਵਸ਼ੇਸ਼ ਮਿਸ਼ਨ (ਐਨਐੱਮਐੱਮਏ) ਭਾਰਤ ਦੀ ਵਿਰਾਸਤ ਅਤੇ ਪੁਰਾਤਨ ਅਵਸ਼ੇਸ਼ਾਂ ਨੂੰ ਡਿਜੀਟਲ ਬਣਾਉਣ ਅਤੇ ਦਸਤਾਵੇਜ਼ੀਕਰਣ ਕਰਨ ਦਾ ਕੰਮ ਕਰਦਾ ਹੈ। ਹੁਣ ਤੱਕ, 12.3 ਲੱਖ ਤੋਂ ਵੱਧ ਪੁਰਾਤੱਤਵ ਅਵਸ਼ੇਸ਼ ਅਤੇ 11,406 ਵਿਰਾਸਤੀ ਸਥਾਨਾਂ ਨੂੰ ਰਿਕਾਰਡ ਕੀਤਾ ਜਾ ਚੁੱਕਿਆ ਹੈ। 2024-25 ਲਈ, ਮਿਸ਼ਨ ਨੂੰ 20 ਲੱਖ ਰੁਪਏ ਅਲਾਟ ਕੀਤੇ ਗਏ ਸਨ। ਡਿਜੀਟਲ ਸਪੇਸ ਵਿੱਚ ਇੰਡੀਅਨ ਹੈਰੀਟੇਜ ਪਹਿਲ ਦਾ ਉਦੇਸ਼ ਇਮਰਸਿਵ ਟੂਲਸ ਅਤੇ ਰਿਸਰਚ ਸਹਿਯੋਗ ਰਾਹੀਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਅਤੇ ਪੇਸ਼ ਕਰਨ ਲਈ ਡਿਜੀਟਲ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਹੈ, ਜਿਸ ਵਿੱਚ ਇਮਰਸਿਵ ਟੂਲਸ ਅਤੇ ਖੋਜ ਸਹਿਯੋਗ ਸ਼ਾਮਲ ਹਨ।
- ਕਲਾਸੀਕਲ ਭਾਸ਼ਾਵਾਂ ਦਾ ਦਰਜਾ: 3 ਅਕਤੂਬਰ, 2024 ਨੂੰ ਸਰਕਾਰ ਨੇ ਅਸਮੀਆ, ਮਰਾਠੀ, ਪਾਲੀ, ਪ੍ਰਾਕ੍ਰਿਤ ਅਤੇ ਬੰਗਾਲੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ, ਜਿਸ ਨਾਲ ਕੁੱਲ 11 ਕਲਾਸੀਕਲ ਭਾਰਤੀ ਭਾਸ਼ਾਵਾਂ ਹੋ ਗਈਆਂ। ਇਹ ਕਦਮ ਭਾਰਤ ਦੀ ਆਪਣੀ ਵਿਭਿੰਨ ਅਤੇ ਪ੍ਰਾਚੀਨ ਭਾਸ਼ਾਈ ਵਿਰਾਸਤ ਨੂੰ ਸੁਰੱਖਿਅਤ ਕਰਨ ਦੀ ਦ੍ਰਿੜ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
- ਭਾਰਤ ਦਾ ਪਹਿਲਾ ਪੁਰਾਤੱਤਵ ਅਨੁਭਵ ਅਜਾਇਬ ਘਰ: ਕੇਂਦਰੀ ਮੰਤਰੀ ਅਮਿਤ ਸ਼ਾਹ ਨੇ 16 ਜਨਵਰੀ 2025 ਨੂੰ ਵਡਨਗਰ ਵਿੱਚ ਪੁਰਾਤੱਤਵ ਅਨੁਭਵ ਅਜਾਇਬ ਘਰ ਦਾ ਉਦਘਾਟਨ ਕੀਤਾ। 298 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਅਜਾਇਬ ਘਰ 12,500 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਵਡਨਗਰ ਦੇ 2,500 ਸਾਲ ਪੁਰਾਣੇ ਇਤਿਹਾਸ ਨੂੰ 5,000 ਤੋਂ ਵੱਧ ਕਲਾਕ੍ਰਿਤੀਆਂ ਦੇ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਅਜਾਇਬ ਘਰ ਵਿੱਚ ਚੀਨੀ ਮਿੱਟੀ ਦੇ ਭਾਂਡੇ, ਸਿੱਕੇ, ਔਜ਼ਾਰ ਅਤੇ ਪਿੰਜਰ ਦੇ ਅਵਸ਼ੇਸ਼ ਰੱਖੇ ਗਏ ਹਨ। ਇਸ ਵਿੱਚ ਨੌਂ ਗੈਲਰੀਆਂ ਅਤੇ 4,000 ਵਰਗ ਮੀਟਰ ਦੀ ਖੁਦਾਈ ਵਾਲੀ ਜਗ੍ਹਾ ਹੈ ਜੋ ਚੱਲ ਰਹੀਆਂ ਪੁਰਾਤੱਤਵ ਖੋਜਾਂ ਦਾ ਇੱਕ ਵਿਸਤ੍ਰਿਤ ਅਨੁਭਵ ਪ੍ਰਦਾਨ ਕਰਦਾ ਹੈ।
ਹੁਮਾਯੂੰ ਦਾ ਮਕਬਰਾ ਵਰਲਡ ਹੈਰੀਟੇਜ ਸਾਈਟ ਅਜਾਇਬ ਘਰ: 29 ਜੁਲਾਈ 2024 ਨੂੰ ਨਵੀਂ ਦਿੱਲੀ ਵਿੱਚ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਹੁਮਾਯੂੰ ਦੇ ਮਕਬਰੇ ਵਿੱਚ 100,000 ਵਰਗ ਫੁੱਟ ਵਿੱਚ ਫੈਲੇ ਇੱਕ ਅਤਿ-ਆਧੁਨਿਕ ਅਜਾਇਬ ਘਰ ਦਾ ਉਦਘਾਟਨ ਕੀਤਾ ਗਿਆ। ਇਹ ਅਜਾਇਬ ਘਰ ਇਸ ਸਥਾਨ ਦੇ ਸਮ੍ਰਿੱਧ ਇਤਿਹਾਸ, ਆਰਕੀਟੈਕਚਰ ਅਤੇ ਸੰਭਾਲ ਯਾਤਰਾ ਨੂੰ ਪ੍ਰਦਰਸ਼ਿਤ ਕਰਦਾ ਹੈ, ਜੋ ਸੈਲਾਨੀਆਂ ਨੂੰ ਇੱਕ ਸਮ੍ਰਿੱਧ ਸੱਭਿਆਚਾਰਕ ਅਨੁਭਵ ਪ੍ਰਦਾਨ ਕਰਦਾ ਹੈ।
- ਐੱਮਓਡਲਿਊਸੀਏਪੀ ਰਜਿਸਟਰ ਵਿੱਚ ਭਾਰਤ ਦੀ ਸਾਹਿਤਕ ਉਪਲਬਧੀ: ਇੱਕ ਇਤਿਹਾਸਕ ਉਪਲਬਧੀ ਵਿੱਚ, ਭਾਰਤ ਦੇ ਤਿੰਨ ਸਾਹਿਤਕ ਖਜ਼ਾਨੇ: ਰਾਮਚਰਿਤਮਾਨਸ, ਪੰਚਤੰਤਰ ਅਤੇ ਸ੍ਰਹਦਯਾਲੋਕ-ਸਥਾਨ, 2024 ਮੈਮੋਰੀ ਆਫ਼ ਦ ਵਰਲਡ ਕਮੇਟੀ ਫਾਰ ਏਸ਼ੀਆ ਐਂਡ ਦ ਪੈਸੀਫਿਕ (ਐੱਮਓਡਬਲਿਊਸੀਏਪੀ) ਖੇਤਰੀ ਰਜਿਸਟਰ ਵਿੱਚ ਦਰਜ ਕੀਤਾ ਗਿਆ। ਮੰਗੋਲੀਆ ਵਿੱਚ 8 ਮਈ, 2024 ਨੂੰ ਐਲਾਨੇ ਇਹ ਮਾਨਤਾ ਭਾਰਤ ਦੀ ਸਮ੍ਰਿੱਧ ਸਾਹਿਤਕ ਅਤੇ ਸੱਭਿਆਚਾਰਕ ਵਿਰਾਸਤ ਦੇ ਵਿਸ਼ਵਵਿਆਪੀ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ।
ਸਾਰ
ਵਰਲਡ ਹੈਰੀਟੇਜ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੀ ਵਿਰਾਸਤ ਦੀ ਰੱਖਿਆ ਕਰਨਾ ਇੱਕ ਸਾਂਝੀ ਜ਼ਿੰਮੇਵਾਰੀ ਹੈ। ਪ੍ਰਾਚੀਨ ਸਮਾਰਕਾਂ ਤੋਂ ਲੈ ਕੇ ਸਦੀਵੀ ਸਾਹਿਤ ਤੱਕ, ਭਾਰਤ ਪ੍ਰਭਾਵੀ ਰਾਸ਼ਟਰੀ ਯਤਨਾਂ ਅਤੇ ਗਲੋਬਲ ਸਹਿਯੋਗ ਰਾਹੀਂ ਆਪਣੀ ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤ ਨੂੰ ਸਰੁੱਖਿਅਤ ਕਰਨ ਦਾ ਕੰਮ ਲਗਾਤਾਰ ਕਰ ਰਿਹਾ ਹੈ। ਇਹ ਯਤਨ ਸਾਡੇ ਸਮ੍ਰਿੱਧ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ, ਐਜੁਕੇਟ ਅਤੇ ਇਕਜੁੱਟ ਕਰਨ ਦਾ ਕੰਮ ਯਕੀਨੀ ਬਣਾਉਦੇ ਹਨ।
ਸੰਦਰਭ
ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ।
*****
ਸੰਤੋਸ਼ ਕੁਮਾਰ/ਸਰਲਾ ਮੀਨਾ/ਕਾਮਨਾ ਲਾਕਾਰੀਆ
(Release ID: 2124328)