ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਹਾਕੁੰਭ ‘ਤੇ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 18 MAR 2025 1:05PM by PIB Chandigarh

ਮਾਣਯੋਗ ਸਪੀਕਰ ਸਾਹਿਬ ਜੀ,

ਮੈਂ ਪ੍ਰਯਾਗਰਾਜ ਵਿੱਚ ਹੋਏ ਮਹਾਕੁੰਭ ‘ਤੇ ਸੰਬੋਧਨ ਦੇਣ ਦੇ ਲਈ ਉਪਸਥਿਤ ਹੋਇਆ ਹਾਂ। ਅੱਜ ਮੈਂ ਇਸ ਸਦਨ ਦੇ ਜ਼ਰੀਏ ਕੋਟਿ-ਕੋਟਿ ਦੇਸ਼ਵਾਸੀਆਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਦੀ ਵਜ੍ਹਾ ਨਾਲ ਮਹਾਕੁੰਭ ਦਾ ਸਫ਼ਲ ਆਯੋਜਨ ਹੋਇਆ। ਮਹਾਕੁੰਭ ਦੀ ਸਫ਼ਲਤਾ ਵਿੱਚ ਅਨੇਕ ਲੋਕਾਂ ਦਾ ਯੋਗਦਾਨ ਹੈ। ਮੈਂ ਸਰਕਾਰ ਦੇ, ਸਮਾਜ ਦੇ, ਸਾਰੇ ਕਰਮਯੋਗੀਆਂ ਦਾ ਅਭਿਨੰਦਨ ਕਰਦਾ ਹਾਂ। ਮੈਂ ਦੇਸ਼ ਭਰ ਦੇ ਸ਼ਰਧਾਲੂਆਂ ਨੂੰ, ਉੱਤਰ ਪ੍ਰਦੇਸ਼ (ਯੂਪੀ) ਦੀ ਜਨਤਾ ਵਿਸ਼ੇਸ਼ ਤੌਰ ‘ਤੇ ਪ੍ਰਯਾਗਰਾਜ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ।

ਸਪੀਕਰ ਸਾਹਿਬ ਜੀ,

ਅਸੀਂ ਸਾਰੇ ਜਾਣਦੇ ਹਾਂ ਗੰਗਾ ਜੀ ਨੂੰ ਧਰਤੀ ‘ਤੇ ਲਿਆਉਣ ਦੇ ਲਈ ਇੱਕ ਭਾਗੀਰਥ ਪ੍ਰਯਾਸ ਲਗਿਆ ਸੀ। ਵੈਸਾ ਹੀ ਮਹਾਪ੍ਰਯਾਸ ਇਸ ਮਹਾਕੁੰਭ ਦੇ ਭਵਯ (ਸ਼ਾਨਦਾਰ) ਆਯੋਜਨ ਵਿੱਚ ਭੀ ਅਸੀਂ ਦੇਖਿਆ ਹੈ। ਮੈਂ ਲਾਲ ਕਿਲੇ ਤੋਂ ਸਬਕਾ ਪ੍ਰਯਾਸ ਦੇ ਮਹੱਤਵ ‘ਤੇ ਜ਼ੋਰ ਦਿੱਤਾ ਸੀ। ਪੂਰੇ ਵਿਸ਼ਵ ਨੇ ਮਹਾਕੁੰਭ ਦੇ ਰੂਪ ਵਿੱਚ ਭਾਰਤ ਦੇ ਵਿਰਾਟ ਸਵਰੂਪ ਦੇ ਦਰਸ਼ਨ ਕੀਤੇ। ਸਬਕਾ ਪ੍ਰਯਾਸ ਦਾ ਇਹੀ ਸਾਖਿਆਤ  ਸਵਰੂਪ ਹੈ। ਇਹ ਜਨਤਾ-ਜਨਾਰਦਨ ਦਾ, ਜਨਤਾ-ਜਨਾਰਦਨ ਦੇ ਸੰਕਲਪਾਂ ਦੇ ਲਈ, ਜਨਤਾ-ਜਨਾਰਦਨ ਦੀ ਸ਼ਰਧਾ ਤੋਂ ਪ੍ਰੇਰਿਤ ਮਹਾਕੁੰਭ ਸੀ।

ਆਦਰਯੋਗ ਸਪੀਕਰ ਸਾਹਿਬ ਜੀ,

ਮਹਾਕੁੰਭ ਵਿੱਚ ਅਸੀਂ ਸਾਡੀ ਰਾਸ਼ਟਰੀ ਚੇਤਨਾ ਦੇ ਜਾਗਰਣ ਦੇ ਵਿਰਾਟ ਦਰਸ਼ਨ ਕੀਤੇ ਹਨ। ਇਹ ਜੋ ਰਾਸ਼ਟਰੀ ਚੇਤਨਾ ਹੈ, ਇਹ ਜੋ ਰਾਸ਼ਟਰ ਨੂੰ ਨਵੇਂ ਸੰਕਲਪਾਂ ਦੀ ਤਰਫ ਲੈ ਜਾਂਦੀ ਹੈ, ਇਹ ਨਵੇਂ ਸੰਕਲਪਾਂ ਦੀ ਸਿੱਧੀ ਦੇ ਲਈ ਪ੍ਰੇਰਿਤ ਕਰਦੀ ਹੈ। ਮਹਾਕੁੰਭ ਨੇ ਉਨ੍ਹਾਂ ਸ਼ੰਕਾਵਾਂ-ਆਸ਼ੰਕਾਵਾਂ (ਖ਼ਦਸ਼ਿਆਂ) ਨੂੰ ਭੀ ਉਚਿਤ ਜਵਾਬ ਦਿੱਤਾ ਹੈ, ਜੋ ਸਾਡੀ ਸਮਰੱਥਾ ਨੂੰ ਲੈ ਕੇ ਕੁਝ ਲੋਕਾਂ ਦੇ ਮਨ ਵਿੱਚ ਰਹਿੰਦੀਆਂ ਹਨ।

ਸਪੀਕਰ ਸਾਹਿਬ ਜੀ,

ਪਿਛਲੇ ਵਰ੍ਹੇ ਅਯੁੱਧਿਆ ਦੇ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਅਸੀਂ ਸਾਰਿਆਂ ਨੇ ਇਹ ਮਹਿਸੂਸ ਕੀਤਾ ਸੀ ਕਿ ਕਿਵੇਂ ਦੇਸ਼ ਅਗਲੇ 1000 ਵਰ੍ਹਿਆਂ ਦੇ ਲਈ ਤਿਆਰ ਹੋ ਰਿਹਾ ਹੈ। ਇਸ ਦੇ ਠੀਕ 1 ਸਾਲ ਬਾਅਦ ਮਹਾਕੁੰਭ ਦੇ ਇਸ ਆਯੋਜਨ ਨੇ ਸਾਡੇ ਸਾਰਿਆਂ ਦੇ ਇਸ ਵਿਚਾਰ ਨੂੰ ਹੋਰ ਦ੍ਰਿੜ੍ਹ ਕੀਤਾ ਹੈ। ਦੇਸ਼ ਦੀ ਇਹ ਸਮੂਹਿਕ ਚੇਤਨਾ ਦੇਸ਼ ਦੀ ਸਮਰੱਥਾ ਦੱਸਦੀ ਹੈ। ਕਿਸੇ ਭੀ ਰਾਸ਼ਟਰ ਦੇ ਜੀਵਨ ਵਿੱਚ, ਮਾਨਵ ਜੀਵਨ ਦੇ ਇਤਿਹਾਸ ਵਿੱਚ ਭੀ ਅਨੇਕ ਐਸੇ ਮੋੜ ਆਉਂਦੇ ਹਨ, ਜੋ ਸਦੀਆਂ ਦੇ ਲਈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਦਾਹਰਣ ਬਣ ਜਾਂਦੇ ਹਨ। ਸਾਡੇ ਦੇਸ਼ ਦੇ ਇਤਿਹਾਸ ਵਿੱਚ ਭੀ ਅਜਿਹੇ ਪਲ ਆਏ ਹਨ, ਜਿਨ੍ਹਾਂ ਨੇ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ, ਦੇਸ਼ ਨੂੰ ਝਕਝੋਰ ਕੇ ਜਾਗ੍ਰਿਤ ਕਰ ਦਿੱਤਾ। ਜਿਵੇਂ ਭਗਤੀ ਅੰਦੋਲਨ ਦੇ ਕਾਲਖੰਡ ਵਿੱਚ ਅਸੀਂ ਦੇਖਿਆ ਕਿਵੇਂ ਦੇਸ਼ ਦੇ ਕੋਣੇ-ਕੋਣੇ ਵਿੱਚ ਅਧਿਆਤਮਿਕ ਚੇਤਨਾ ਉੱਭਰੀ।

ਸੁਆਮੀ ਵਿਵੇਕਾਨੰਦ ਜੀ ਨੇ ਸ਼ਿਕਾਗੋ ਵਿੱਚ ਇੱਕ ਸਦੀ ਪਹਿਲੇ ਜੋ ਭਾਸ਼ਣ ਦਿੱਤਾ, ਉਹ ਭਾਰਤ ਦੀ ਅਧਿਆਤਮਿਕ ਚੇਤਨਾ ਦਾ ਜੈਘੋਸ਼ ਸੀ, ਉਸ ਨੇ ਭਾਰਤੀਆਂ ਦੇ ਆਤਮਸਨਮਾਨ ਨੂੰ ਜਗਾ ਦਿੱਤਾ ਸੀ। ਸਾਡੀ ਆਜ਼ਾਦੀ ਦੇ ਅੰਦੋਲਨ ਵਿੱਚ ਭੀ ਅਨੇਕ ਅਜਿਹੇ ਪੜਾਅ ਆਏ ਹਨ। 1857 ਦਾ ਸੁਤੰਤਰਤਾ ਸੰਗ੍ਰਾਮ ਹੋਵੇ, ਵੀਰ ਭਗਤ ਸਿੰਘ ਦੀ ਸ਼ਹਾਦਤ ਦਾ ਸਮਾਂ ਹੋਵੇ, ਨੇਤਾਜੀ ਸੁਭਾਸ਼ ਬਾਬੂ ਦਾ ਦਿੱਲੀ ਚਲੋ ਦਾ ਜੈਘੋਸ਼ ਹੋਵੇ, ਗਾਂਧੀ ਜੀ ਦਾ ਦਾਂਡੀ ਮਾਰਚ ਹੋਵੇ, ਅਜਿਹੇ ਹੀ ਪੜਾਵਾਂ ਤੋਂ ਪ੍ਰੇਰਣਾ ਲੈ ਕੇ ਭਾਰਤ ਨੇ ਆਜ਼ਾਦੀ ਹਾਸਲ ਕੀਤੀ। ਮੈਂ ਪ੍ਰਯਾਗਰਾਜ ਮਹਾਕੁੰਭ ਨੂੰ ਭੀ ਅਜਿਹੇ ਹੀ ਇੱਕ ਅਹਿਮ ਪੜਾਅ ਦੇ ਰੂਪ ਵਿੱਚ ਦੇਖਦਾ ਹਾਂ, ਜਿਸ ਵਿੱਚ ਜਾਗ੍ਰਿਤ ਹੁੰਦੇ ਹੋਏ ਦੇਸ਼ ਦਾ ਪ੍ਰਤੀਬਿੰਬ ਨਜ਼ਰ ਆਉਂਦਾ ਹੈ।

ਸਪੀਕਰ  ਸਾਹਿਬ ਜੀ,

ਅਸੀਂ ਕਰੀਬ ਡੇਢ ਮਹੀਨੇ ਤੱਕ ਭਾਰਤ ਵਿੱਚ ਮਹਾਕੁੰਭ ਦਾ ਉਤਸ਼ਾਹ ਦੇਖਿਆ, ਉਮੰਗ ਨੂੰ ਅਨੁਭਵ ਕੀਤਾ। ਕਿਵੇਂ ਸੁਵਿਧਾ-ਅਸੁਵਿਧਾ ਦੀ ਚਿੰਤਾ ਤੋਂ ਉੱਪਰ ਉੱਠਦੇ ਹੋਏ, ਕੋਟਿ-ਕੋਟਿ ਸ਼ਰਧਾਲੂ, ਸ਼ਰਧਾ-ਭਾਵ ਨਾਲ ਜੁਟੇ ਇਹ ਸਾਡੀ ਬਹੁਤ ਬੜੀ ਤਾਕਤ ਹੈ। ਲੇਕਿਨ ਇਹ ਉਮੰਗ, ਇਹ ਉਤਸ਼ਾਹ ਸਿਰਫ਼ ਇੱਥੇ ਤੱਕ ਹੀ ਸੀਮਿਤ ਨਹੀਂ ਸੀ। ਬੀਤੇ ਹਫ਼ਤੇ ਮੈਂ ਮਾਰੀਸ਼ਸ ਵਿੱਚ ਸਾਂ, ਮੈਂ ਤ੍ਰਿਵੇਣੀ ਤੋਂ, ਪ੍ਰਯਾਗਰਾਜ ਤੋਂ ਮਹਾਕੁੰਭ ਦੇ ਸਮੇਂ ਦਾ ਪਾਵਨ ਜਲ ਲੈ ਕੇ ਗਿਆ ਸੀ। ਜਦੋਂ ਉਸ ਪਵਿੱਤਰ ਜਲ ਨੂੰ ਮਾਰੀਸ਼ਸ ਦੇ ਗੰਗਾ ਤਲਾਬ ਵਿੱਚ ਅਰਪਿਤ ਕੀਤਾ ਗਿਆ, ਤਾਂ ਉੱਥੇ ਜੋ ਸ਼ਰਧਾ ਦਾ, ਆਸਥਾ ਦਾ, ਉਤਸਵ ਦਾ, ਮਾਹੌਲ ਸੀ, ਉਹ ਦੇਖਦੇ ਹੀ ਬਣਦਾ ਸੀ। ਇਹ ਦਿਖਾਉਂਦਾ ਹੈ ਕਿ ਅੱਜ ਸਾਡੀ ਪਰੰਪਰਾ, ਸਾਡੀ ਸੰਸਕ੍ਰਿਤੀ, ਸਾਡੇ ਸੰਸਕਾਰਾਂ ਨੂੰ ਆਤਮਸਾਤ ਕਰਨ ਦੀ, ਉਨ੍ਹਾਂ ਨੂੰ ਸੈਲੀਬ੍ਰੇਟ ਕਰਨ ਦੀ ਭਾਵਨਾ ਕਿਤਨੀ ਪ੍ਰਬਲ ਹੋ ਰਹੀ ਹੈ। 

 

ਸਪੀਕਰ ਸਾਹਿਬ ਜੀ,

ਮੈਂ ਇਹ ਭੀ ਦੇਖ ਰਿਹਾ ਹਾਂ ਕਿ ਪੀੜ੍ਹੀ ਦਰ ਪੀੜ੍ਹੀ ਸਾਡੇ ਸੰਸਕਾਰਾਂ ਦੇ ਅੱਗੇ ਵਧਣ ਦਾ ਜੋ ਕ੍ਰਮ ਹੈ, ਉਹ ਭੀ ਕਿਤਨੀ ਸਹਿਜਤਾ ਨਾਲ ਅੱਗੇ ਵਧ ਰਿਹਾ ਹੈ। ਆਪ (ਤੁਸੀਂ) ਦੇਖੋ, ਜੋ ਸਾਡੀ ਮਾਡਰਨ ਯੁਵਾ ਪੀੜ੍ਹੀ ਹੈ, ਇਹ ਕਿਤਨੇ ਸ਼ਰਧਾ-ਭਾਵ ਨਾਲ ਮਹਾਕੁੰਭ ਨਾਲ ਜੁੜੇ ਰਹੇ, ਦੂਸਰੇ ਉਤਸਵਾਂ ਨਾਲ ਜੁੜੇ ਰਹੇ ਹਨ। ਅੱਜ ਭਾਰਤ ਦਾ ਯੁਵਾ ਆਪਣੀ ਪਰੰਪਰਾ, ਆਪਣੀ ਆਸਥਾ, ਆਪਣੀ ਸ਼ਰਧਾ ਨੂੰ ਗਰਵ (ਮਾਣ) ਨਾਲ ਅਪਣਾ ਰਿਹਾ ਹੈ।

ਸਪੀਕਰ ਸਾਹਿਬ ਜੀ,

ਜਦੋਂ ਇੱਕ ਸਮਾਜ ਦੀਆਂ ਭਾਵਨਾਵਾਂ ਵਿੱਚ ਆਪਣੀ ਵਿਰਾਸਤ ‘ਤੇ ਗਰਵ (ਮਾਣ) ਭਾਵ ਵਧਦਾ ਹੈ, ਤਾਂ ਅਸੀਂ ਅਜਿਹੀਆਂ ਹੀ ਸ਼ਾਨਦਾਰ-ਪ੍ਰੇਰਕ ਤਸਵੀਰਾਂ ਦੇਖਦੇ ਹਾਂ, ਜੋ ਅਸੀਂ ਮਹਾਕੁੰਭ ਦੇ ਦੌਰਾਨ ਦੇਖੀਆਂ ਹਨ। ਇਸ ਨਾਲ ਆਪਸੀ ਭਾਈਚਾਰਾ ਵਧਦਾ ਹੈ, ਅਤੇ ਇਹ ਆਤਮਵਿਸ਼ਵਾਸ ਵਧਦਾ ਹੈ ਕਿ ਇੱਕ ਦੇਸ਼ ਦੇ ਰੂਪ ਵਿੱਚ ਅਸੀਂ ਬੜੇ ਲਕਸ਼ਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਆਪਣੀਆਂ ਪਰੰਪਰਾਵਾਂ ਨਾਲ, ਆਪਣੀ ਆਸਥਾ ਨਾਲ, ਆਪਣੀ ਵਿਰਾਸਤ ਨਾਲ ਜੁੜਨ ਦੀ ਇਹ ਭਾਵਨਾ ਅੱਜ ਦੇ ਭਾਰਤ ਦੀ ਬਹੁਤ ਬੜੀ ਪੂੰਜੀ ਹੈ।

ਸਪੀਕਰ ਸਾਹਿਬ ਜੀ,

ਮਹਾਕੁੰਭ ਤੋਂ ਅਨੇਕ ਅੰਮ੍ਰਿਤ ਨਿਕਲੇ ਹਨ, ਏਕਤਾ ਦਾ ਅੰਮ੍ਰਿਤ ਇਸ ਦਾ ਬਹੁਤ ਪਵਿੱਤਰ ਪ੍ਰਸਾਦ ਹੈ। ਮਹਾਕੁੰਭ ਅਜਿਹਾ ਆਯੋਜਨ ਰਿਹਾ, ਜਿਸ ਵਿੱਚ ਦੇਸ਼ ਦੇ ਹਰ ਖੇਤਰ ਤੋਂ, ਹਰ ਇੱਕ ਕੋਣੇ ਤੋਂ ਆਏ ਲੋਕ ਇੱਕ ਹੋ ਗਏ, ਲੋਕ ਅਹਿਮ ਤਿਆਗ ਕਰਕੇ, ਵਯਮ ਦੇ ਭਾਵ ਨਾਲ, ਮੈਂ ਨਹੀਂ, ਹਮ  (ਅਸੀਂ) ਦੀ ਭਾਵਨਾ ਨਾਲ ਪ੍ਰਯਾਗਰਾਜ ਵਿੱਚ ਜੁਟੇ। ਅਲੱਗ-ਅਲੱਗ ਰਾਜਾਂ ਤੋਂ ਲੋਕ ਆ ਕੇ ਪਵਿੱਤਰ ਤ੍ਰਿਵੇਣੀ ਦਾ ਹਿੱਸਾ ਬਣੇ। ਜਦੋਂ ਅਲੱਗ-ਅਲੱਗ ਖੇਤਰਾਂ ਤੋਂ ਆਏ ਕਰੋੜਾਂ-ਕਰੋੜਾਂ ਲੋਕ ਰਾਸ਼ਟਰੀਅਤਾ ਦੇ ਭਾਵ ਨੂੰ ਮਜ਼ਬੂਤੀ ਦਿੰਦੇ ਹਨ, ਤਾਂ ਦੇਸ਼ ਦੀ ਏਕਤਾ ਵਧਦੀ ਹੈ।

ਜਦੋਂ  ਅਲੱਗ-ਅਲੱਗ ਭਾਸ਼ਾਵਾਂ-ਬੋਲੀਆਂ ਬੋਲਣ ਵਾਲੇ ਲੋਕ ਸੰਗਮ ਤਟ ‘ਤੇ ਹਰ-ਹਰ ਗੰਗੇ ਦਾ ਉਦਘੋਸ਼ (ਜੈਕਾਰਾ) ਕਰਦੇ ਹਨ, ਤਾਂ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਝਲਕ ਦਿਖਦੀ ਹੈ, ਏਕਤਾ ਦੀ ਭਾਵਨਾ ਵਧਦੀ ਹੈ। ਮਹਾਕੁੰਭ ਵਿੱਚ ਅਸੀਂ ਦੇਖਿਆ ਹੈ ਕਿ ਉੱਥੇ ਛੋਟੇ-ਬੜੇ ਦਾ ਕੋਈ ਭੇਦ ਨਹੀਂ ਸੀ, ਇਹ ਭਾਰਤ ਦੀ ਬਹੁਤ ਬੜੀ ਸਮਰੱਥਾ ਹੈ। ਇਹ ਦਿਖਾਉਂਦਾ ਹੈ ਕਿ ਏਕਤਾ ਦਾ ਅਦਭੁਤ ਤੱਤ ਸਾਡੇ ਅੰਦਰ ਰਚਿਆ-ਵਸਿਆ ਹੋਇਆ ਹੈ। ਸਾਡੀ ਏਕਤਾ ਦੀ ਸਮਰੱਥਾ ਇਤਨੀ ਹੈ ਕਿ ਉਹ ਭੇਦਣ  ਦੇ ਸਾਰੇ ਪ੍ਰਯਾਸਾਂ ਨੂੰ ਭੀ ਭੇਦ ਦਿੰਦਾ ਹੈ।

ਏਕਤਾ ਦੀ ਇਹੀ ਭਾਵਨਾ ਭਾਰਤੀਆਂ ਦਾ ਬਹੁਤ ਬੜਾ ਸੁਭਾਗ ਹੈ। ਅੱਜ ਪੂਰੇ ਵਿਸ਼ਵ ਵਿੱਚ ਜੋ ਬਿਖਰਾਅ ਦੀਆਂ ਸਥਿਤੀਆਂ ਹਨ, ਉਸ ਦੌਰ ਵਿੱਚ ਇਕਜੁੱਟਤਾ ਦਾ ਇਹ ਵਿਰਾਟ ਪ੍ਰਦਰਸ਼ਨ ਸਾਡੀ ਬਹੁਤ ਬੜੀ ਤਾਕਤ ਹੈ। ਅਨੇਕਤਾ ਵਿੱਚ ਏਕਤਾ ਭਾਰਤ ਦੀ ਵਿਸ਼ੇਸ਼ਤਾ ਹੈ, ਇਹ ਅਸੀਂ ਹਮੇਸ਼ਾ ਕਹਿੰਦੇ ਆਏ ਹਾਂ, ਇਹ ਅਸੀਂ ਹਮੇਸ਼ਾ ਮਹਿਸੂਸ ਕੀਤਾ ਹੈ ਅਤੇ ਇਸ ਦੇ ਵਿਰਾਟ ਰੂਪ ਦਾ ਅਨੁਭਵ ਅਸੀਂ ਪ੍ਰਯਾਗਰਾਜ ਮਹਾਕੁੰਭ ਵਿੱਚ ਕੀਤਾ ਹੈ। ਸਾਡੀ ਜ਼ਿੰਮੇਵਾਰੀ ਹੈ ਕਿ ਅਨੇਕਤਾ ਵਿੱਚ ਏਕਤਾ ਦੀ ਇਸੇ ਵਿਸ਼ੇਸ਼ਤਾ ਨੂੰ ਅਸੀਂ ਨਿਰੰਤਰ ਸਮ੍ਰਿੱਧ ਕਰਦੇ ਰਹੀਏ।

ਸਪੀਕਰ ਸਾਹਿਬ ਜੀ,

ਮਹਾਕੁੰਭ ਤੋਂ ਸਾਨੂੰ ਅਨੇਕ ਪ੍ਰੇਰਣਾਵਾਂ ਭੀ ਮਿਲੀਆਂ ਹਨ। ਸਾਡੇ ਦੇਸ਼ ਵਿੱਚ ਇਤਨੀਆਂ ਸਾਰੀਆਂ ਛੋਟੀਆਂ ਬੜੀਆਂ ਨਦੀਆਂ ਹਨ, ਕਈ ਨਦੀਆਂ ਅਜਿਹੀਆਂ ਹਨ, ਜਿਨ੍ਹਾਂ ‘ਤੇ ਸੰਕਟ ਭੀ ਆ ਰਿਹਾ ਹੈ। ਕੁੰਭ ਤੋਂ ਪ੍ਰੇਰਣਾ ਲੈਂਦੇ ਹੋਏ ਸਾਨੂੰ ਨਦੀ ਉਤਸਵ ਦੀ ਪਰੰਪਰਾ ਨੂੰ ਨਵਾਂ ਵਿਸਤਾਰ ਦੇਣਾ ਹੋਵੇਗਾ, ਇਸ ਬਾਰੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ, ਇਸ ਨਾਲ ਵਰਤਮਾਨ ਪੀੜ੍ਹੀ ਨੂੰ ਪਾਣੀ ਦਾ ਮਹੱਤਵ ਸਮਝ ਆਵੇਗਾ, ਨਦੀਆਂ ਦੀ ਸਾਫ਼-ਸਫ਼ਾਈ ਨੂੰ ਬਲ ਮਿਲੇਗਾ, ਨਦੀਆਂ ਦੀ ਰੱਖਿਆ ਹੋਵੇਗੀ।

ਸਪੀਕਰ ਸਾਹਿਬ ਜੀ,

ਮੈਨੂੰ ਵਿਸ਼ਵਾਸ ਹੈ ਕਿ ਮਹਾਕੁੰਭ ਤੋਂ ਨਿਕਲਿਆ ਅੰਮ੍ਰਿਤ ਸਾਡੇ ਸੰਕਲਪਾਂ ਦੀ ਸਿੱਧੀ ਦਾ ਬਹੁਤ ਹੀ ਮਜ਼ਬੂਤ ਮਾਧਿਅਮ ਬਣੇਗਾ। ਮੈਂ ਇੱਕ ਵਾਰ ਫਿਰ ਮਹਾਕੁੰਭ ਦੇ ਆਯੋਜਨ ਨਾਲ ਜੁੜੇ ਹਰੇਕ ਵਿਅਕਤੀ ਦੀ ਸ਼ਲਾਘਾ ਕਰਦਾ ਹਾਂ, ਦੇਸ਼ ਦੇ ਸਾਰੇ ਸ਼ਰਧਾਲੂਆਂ ਨੂੰ ਨਮਨ ਕਰਦਾ ਹਾਂ, ਸਦਨ ਦੀ ਤਰਫ਼ ਤੋਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

************

ਐੱਮਜੇਪੀਐੱਸ/ਐੱਸਟੀ/ਆਰਕੇ


(Release ID: 2112247) Visitor Counter : 9