ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਅੱਜ ਆਈਜ਼ੌਲ, ਮਿਜ਼ੋਰਮ ਵਿੱਚ ਅਸਾਮ ਰਾਈਫਲਜ਼ ਬਟਾਲੀਅਨ ਦੀ ਜ਼ਮੀਨ ਮਿਜ਼ੋਰਮ ਸਰਕਾਰ ਨੂੰ ਤਬਦੀਲ ਕੀਤੀ ਗਈ ਅਤੇ ਨਕਸ਼ਿਆਂ ਦਾ ਰਸਮੀ ਅਦਾਨ-ਪ੍ਰਦਾਨ ਹੋਇਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇੱਕ ਮਹੱਤਵਪੂਰਨ ਫੈਸਲੇ ਦੇ ਕਾਰਨ, ਮਿਜ਼ੋਰਮ ਦੇ ਲੋਕਾਂ ਦੀ ਤਿੰਨ ਦਹਾਕੇ ਪੁਰਾਣੀ ਮੰਗ ਅੱਜ ਪੂਰੀ ਹੋ ਰਹੀ ਹੈ
ਪ੍ਰਧਾਨ ਮੰਤਰੀ ਮੋਦੀ ਦੇ ਦੂਰਦਰਸ਼ੀ ਫੈਸਲੇ ਨਾਲ ਮਿਜ਼ੋਰਮ ਦੇ ਇੱਕ ਮਹੱਤਵਪੂਰਨ ਖੇਤਰ ਵਿੱਚ ਜ਼ਮੀਨ ਦਾ ਇੱਕ ਵੱਡਾ ਖੇਤਰ ਉਪਲਬਧ ਹੋਵੇਗਾ, ਜਿਸ ਨਾਲ ਰਾਜ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ
ਇਹ ਫੈਸਲਾ ਮਿਜ਼ੋਰਮ ਦੇ ਲੋਕਾਂ ਪ੍ਰਤੀ ਮੋਦੀ ਸਰਕਾਰ ਦੀ ਜ਼ਿੰਮੇਵਾਰੀ ਅਤੇ ਰਾਜ ਦੀ ਪ੍ਰਗਤੀ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ
ਮੋਦੀ ਸਰਕਾਰ ਇੱਕ ਵਿਕਸਿਤ, ਸ਼ਾਂਤੀਪੂਰਨ, ਸੁਰੱਖਿਅਤ ਅਤੇ ਸੁੰਦਰ ਮਿਜ਼ੋਰਮ ਬਣਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ
1890 ਵਿੱਚ ਆਈਜ਼ੌਲ ਵਿੱਚ ਪਹਿਲੇ ਸੈਨਾ ਕੈਂਪ ਦੀ ਸਥਾਪਨਾ ਤੋਂ ਬਾਅਦ, ਇਹ ਖੇਤਰ ਲਈ ਸਭ ਤੋਂ ਮਹੱਤਵਪੂਰਨ ਫੈਸਲਾ ਹੈ
ਸੈਰ-ਸਪਾਟਾ ਤੋਂ ਟੈਕਨੋਲੋਜੀ, ਖੇਡਾਂ ਤੋਂ ਪੁਲਾੜ ਅਤੇ ਖੇਤੀਬਾੜੀ ਤੋਂ ਉੱਦਮਤਾ ਤੱਕ, ਮੋਦੀ ਸਰਕਾਰ ਉੱਤਰ-ਪੂਰਬ ਵਿੱਚ ਵਿਕਾਸ ਦੇ ਨਵੇਂ ਆਯਾਮਾਂ ਨੂੰ ਆਕਾਰ ਦੇ ਰਹੀ ਹੈ
Posted On:
15 MAR 2025 6:10PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਅੱਜ ਮਿਜ਼ੋਰਮ ਵਿੱਖੇ ਆਈਜ਼ੌਲ ਵਿੱਚ ਅਸਾਮ ਰਾਈਫਲਜ਼ ਬਟਾਲੀਅਨ ਦੀ ਜ਼ਮੀਨ ਮਿਜ਼ੋਰਮ ਸਰਕਾਰ ਨੂੰ ਤਬਦੀਲ ਕਰਨ ਅਤੇ ਨਕਸ਼ਿਆਂ ਦਾ ਰਸਮੀ ਅਦਾਨ-ਪ੍ਰਦਾਨ ਹੋਇਆ। ਇਸ ਸਮਾਗਮ ਵਿੱਚ ਮਿਜ਼ੋਰਮ ਦੇ ਮੁੱਖ ਮੰਤਰੀ ਸ਼੍ਰੀ ਲਲਦੂਓਮਾ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਅਤੇ ਅਸਮ ਰਾਈਫਲਜ਼ ਦੇ ਡਾਇਰੈਕਟਰ ਜਨਰਲ ਸਮੇਤ ਕਈ ਪਤਵੰਤੇ ਸ਼ਾਮਲ ਹੋਏ।
ਇਸ ਮੌਕੇ 'ਤੇ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਇਸ ਸਮਾਗਮ ਨੂੰ ਮਿਜ਼ੋਰਮ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਲਗਭਗ 35 ਸਾਲਾਂ ਤੋਂ ਭੂਗੋਲਿਕ ਸਥਿਤੀ ਕਾਰਨ ਜਗ੍ਹਾ ਦੀ ਕਮੀ ਦੇ ਕਾਰਨ ਅਸਮ ਰਾਈਫਲਜ਼ ਨੂੰ ਅੰਦਰੂਨੀ ਖੇਤਰਾਂ ਵਿੱਚ ਤਬਦੀਲ ਕਰਨ ਅਤੇ ਆਈਜ਼ੌਲ ਸਮੇਤ ਮਿਜ਼ੋਰਮ ਦੇ ਸਮੁੱਚੇ ਵਿਕਾਸ ਨੂੰ ਸੁਚਾਰੂ ਬਣਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਈਜ਼ੌਲ ਵਿੱਚ ਜਗ੍ਹਾ ਦੀ ਭਾਰੀ ਘਾਟ ਇਸ ਦੇ ਆਧੁਨਿਕੀਕਰਣ ਅਤੇ ਜਨਤਕ ਸਹੂਲਤਾਂ ਵਿੱਚ ਵਾਧੇ ਨੂੰ ਰੋਕ ਰਹੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਹੱਤਵਪੂਰਨ ਫੈਸਲੇ ਦੇ ਕਾਰਨ ਅੱਜ ਲਗਭਗ 30-35 ਸਾਲ ਪੁਰਾਣੀ ਇਹ ਮੰਗ ਪੂਰੀ ਹੋ ਰਹੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਫੈਸਲਾ ਸਿਰਫ਼ ਇੱਕ ਪ੍ਰਸ਼ਾਸਕੀ ਕਦਮ ਨਹੀਂ ਹੈ, ਸਗੋਂ ਮੋਦੀ ਸਰਕਾਰ ਦੀ ਮਿਜ਼ੋਰਮ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਅਤੇ ਰਾਜ ਦੀ ਪ੍ਰਗਤੀ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਦੂਰਦਰਸ਼ੀ ਫੈਸਲਾ ਮਿਜ਼ੋਰਮ ਦੇ ਇੱਕ ਮਹੱਤਵਪੂਰਨ ਖੇਤਰ ਵਿੱਚ ਜ਼ਮੀਨ ਦਾ ਇੱਕ ਵੱਡਾ ਖੇਤਰ ਉਪਲਬਧ ਕਰਵਾਏਗਾ, ਜਿਸ ਨਾਲ ਰਾਜ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ। ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਇਸ ਨੂੰ 1890 ਵਿੱਚ ਆਈਜ਼ੌਲ ਵਿੱਚ ਪਹਿਲੇ ਸੈਨਾ ਕੈਂਪ ਦੀ ਸਥਾਪਨਾ ਤੋਂ ਬਾਅਦ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਮੰਨਿਆ ਜਾਵੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਸਰਕਾਰ ਪਿਛਲੇ 10 ਵਰ੍ਹਿਆਂ ਤੋਂ ਪੂਰੇ ਉੱਤਰ-ਪੂਰਬ ਨੂੰ ਮਜ਼ਬੂਤ ਅਤੇ ਏਕੀਕ੍ਰਿਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੋਦੀ ਸਰਕਾਰ ਇਸ ਖੇਤਰ ਵਿੱਚ ਬੇਮਿਸਾਲ ਵਿਕਾਸ ਕਰ ਰਹੀ ਹੈ, ਜਿਸ ਵਿੱਚ ਸੈਰ-ਸਪਾਟਾ ਤੋਂ ਲੈ ਕੇ ਟੈਕਨੋਲੋਜੀ, ਖੇਡਾਂ ਤੋਂ ਲੈ ਕੇ ਪੁਲਾੜ ਅਤੇ ਖੇਤੀਬਾੜੀ ਤੋਂ ਲੈ ਕੇ ਉੱਦਮਤਾ ਤੱਕ ਦੇ ਖੇਤਰ ਸ਼ਾਮਲ ਹਨ। ਸ਼੍ਰੀ ਸ਼ਾਹ ਨੇ ਦੱਸਿਆ ਕਿ ਆਜ਼ਾਦੀ ਤੋਂ ਲੈ ਕੇ 2014 ਤੱਕ, ਸਾਰੇ ਪਿਛਲੇ ਪ੍ਰਧਾਨ ਮੰਤਰੀਆਂ ਨੇ ਸਮੂਹਿਕ ਤੌਰ 'ਤੇ ਉੱਤਰ-ਪੂਰਬ ਦਾ 21 ਵਾਰ ਦੌਰਾ ਕੀਤਾ ਸੀ, ਜਦੋਂ ਕਿ 2014 ਤੋਂ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਕੱਲੇ 78 ਦੌਰੇ ਕੀਤੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ, ਉੱਤਰ-ਪੂਰਬ ਦੇ ਮੰਤਰੀਆਂ ਤੋਂ ਇਲਾਵਾ, ਕੇਂਦਰੀ ਮੰਤਰੀਆਂ ਨੇ ਇਸ ਖੇਤਰ ਦਾ ਸਿਰਫ਼ 71 ਵਾਰ ਦੌਰਾ ਕੀਤਾ ਸੀ, ਜਦਕਿ ਪਿਛਲੇ ਦਹਾਕੇ ਵਿੱਚ, ਕੇਂਦਰੀ ਮੰਤਰੀਆਂ ਦੇ ਦੌਰੇ ਦੀ ਗਿਣਤੀ 700 ਤੋਂ ਵੱਧ ਹੋ ਗਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਉੱਤਰ-ਪੂਰਬ ਨਾ ਸਿਰਫ਼ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਸਗੋਂ ਬੇਮਿਸਾਲ ਸ਼ਾਂਤੀ ਦਾ ਅਨੁਭਵ ਵੀ ਕਰ ਰਿਹਾ ਹੈ। ਉਨ੍ਹਾਂ ਨੇ ਮਿਜ਼ੋਰਮ ਵਿੱਚ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ 'ਤੇ ਚਾਨਣਾ ਪਾਇਆ, ਜਿਸ ਵਿੱਚ ₹2,500 ਕਰੋੜ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ 502-ਏ 'ਤੇ ਪੈਕੇਜ-1 ਅਤੇ ਪੈਕੇਜ-3 ਦੀ ਸ਼ੁਰੂਆਤ ਸ਼ਾਮਲ ਹੈ। ਇਸ ਤੋਂ ਇਲਾਵਾ, ਆਈਜ਼ੌਲ ਅਤੇ ਕੋਲਾਸਿਬ ਜ਼ਿਲ੍ਹਿਆਂ ਵਿੱਚ ਰਾਸ਼ਟਰੀ ਰਾਜਮਾਰਗ 6 'ਤੇ ₹1,742 ਕਰੋੜ ਦੀ ਲਾਗਤ ਨਾਲ ਇੱਕ ਫੋਰ-ਲੇਨ ਰੋਡ ਵਿਕਸਿਤ ਕੀਤੀ ਜਾ ਰਹੀ ਹੈ, ਜਦਕਿ ਰਾਸ਼ਟਰੀ ਰਾਜਮਾਰਗ 54 ਦੇ ਆਈਜ਼ੌਲ-ਤੁਈਪਾਮ ਭਾਗ ਨੂੰ ₹1,006 ਕਰੋੜ ਦੀ ਲਾਗਤ ਨਾਲ ਡਬਲ-ਲੇਨ ਕਰਨ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ, ਮਿਜ਼ੋਰਮ ਵਿੱਚ ₹100 ਕਰੋੜ ਦੇ ਨਿਵੇਸ਼ ਨਾਲ ਬਾਂਸ ਦੀਆਂ ਲਿੰਕ ਸੜਕਾਂ ਬਣਾਈਆਂ ਜਾ ਰਹੀਆਂ ਹਨ। ਸ਼੍ਰੀ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਦਹਾਕੇ ਦੌਰਾਨ ਮਿਜ਼ੋਰਮ ਵਿੱਚ ₹5,000 ਕਰੋੜ ਦੇ ਸੜਕ ਨਿਰਮਾਣ ਪ੍ਰੋਜੈਕਟ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ₹2 ਕਰੋੜ ਦੀ ਲਾਗਤ ਨਾਲ 10 ਹੈਲੀਪੈਡ ਬਣਾਏ ਗਏ ਹਨ, ਅਤੇ ਬੈਰਾਬੀ-ਸੈਰਾਂਗ ਰੇਲਵੇ ਪ੍ਰੋਜੈਕਟ ₹5,000 ਕਰੋੜ ਦੇ ਨਿਵੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ₹600 ਕਰੋੜ ਦੀ ਲਾਗਤ ਨਾਲ 164 ਬੈੱਡਾਂ ਵਾਲਾ ਸੁਪਰ-ਸਪੈਸ਼ਲਿਟੀ ਰਿਸਰਚ ਸੈਂਟਰ ਬਣਾਇਆ ਜਾ ਰਿਹਾ ਹੈ, ਜਦਕਿ ₹1,300 ਕਰੋੜ ਦਾ ਤੂਈਰੀਅਲ ਹਾਈਡ੍ਰੋ ਪਾਵਰ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ ਹੈ। ਸੰਪਰਕ ਵਧਾਉਣ ਲਈ, ਰਾਜ ਭਰ ਵਿੱਚ 314 ਮੋਬਾਈਲ ਟਾਵਰ ਲਗਾਏ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਨੇ ਇੱਕ ਵਿਕਸਿਤ, ਸ਼ਾਂਤੀਪੂਰਨ, ਸੁਰੱਖਿਅਤ ਅਤੇ ਸੁੰਦਰ ਮਿਜ਼ੋਰਮ ਬਣਾਉਣ ਲਈ ਭਾਰਤ ਸਰਕਾਰ ਦੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕੀਤੀ।
*****
ਆਰਕੇ/ਵੀਵੀ/ਪੀਆਰ/ਪੀਐਸ
(Release ID: 2111583)
Visitor Counter : 3