ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ 2025 ਵਿੱਚ ਹਿੱਸਾ ਲਿਆ
ਪ੍ਰਧਾਨ ਮੰਤਰੀ ਨੇ ਦਸ ਵਿਸ਼ਿਆਂ ‘ਤੇ ਪ੍ਰਤੀਭਾਗੀਆਂ ਦੁਆਰਾ ਲਿਖੇ ਗਏ ਸਰਬਸ੍ਰੇਸ਼ਠ ਲੇਖਾਂ ਦਾ ਸੰਗ੍ਰਹਿ ਜਾਰੀ ਕੀਤਾ
ਭਾਰਤ ਦੀ ਯੁਵਾ ਸ਼ਕਤੀ ਜ਼ਿਕਰਯੋਗ ਪਰਿਵਰਤਨ ਲਿਆ ਰਹੀ ਹੈ, ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਇੱਕ ਪ੍ਰੇਰਕ ਮੰਚ ਵਜੋਂ ਕੰਮ ਕਰਦਾ ਹੈ, ਜੋ ਇੱਕ ਵਿਕਸਿਤ ਭਾਰਤ ਨੂੰ ਆਕਾਰ ਦੇਣ ਲਈ ਸਾਡੇ ਨੌਜਵਾਨਾਂ ਦੀ ਊਰਜਾ ਅਤੇ ਰਚਨਾਤਮਕ ਭਾਵਨਾ ਨੂੰ ਇਕਜੁੱਟ ਕਰਦਾ ਹੈ: ਪ੍ਰਧਾਨ ਮੰਤਰੀ
ਭਾਰਤ ਦੀ ਯੁਵਾ ਸ਼ਕਤੀ ਦੀ ਸਮਰੱਥਾ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਏਗੀ: ਪ੍ਰਧਾਨ ਮੰਤਰੀ
ਭਾਰਤ ਵਿਭਿੰਨ ਖੇਤਰਾਂ ਵਿੱਚ ਆਪਣੇ ਲਕਸ਼ ਤੈਅ ਸਮੇਂ ਤੋਂ ਵੀ ਪਹਿਲਾਂ ਹਾਸਲ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਮਹੱਤਵਆਕਾਂਖੀ ਲਕਸ਼ਾਂ ਦੀ ਪ੍ਰਾਪਤੀ ਲਈ ਦੇਸ਼ ਦੇ ਹਰੇਕ ਨਾਗਰਿਕ ਦੀ ਸਰਗਰਮ ਭਾਗੀਦਾਰੀ ਅਤੇ ਸਮੂਹਿਕ ਪ੍ਰਯਾਸ ਜ਼ਰੂਰੀ ਹੈ: ਪ੍ਰਧਾਨ ਮੰਤਰੀ
ਭਾਰਤ ਦੇ ਨੌਜਵਾਨਾਂ ਦੇ ਵਿਚਾਰਾਂ ਦਾ ਦਾਇਰਾ ਬਹੁਤ ਵਿਆਪਕ ਹੈ: ਪ੍ਰਧਾਨ ਮੰਤਰੀ
ਵਿਕਸਿਤ ਭਾਰਤ ਆਰਥਿਕ, ਰਣਨੀਤਕ, ਸਮਾਜਿਕ ਅਤੇ ਸੱਭਿਆਚਾਰਕ ਤੌਰ ‘ਤੇ ਸਸ਼ਕਤ ਹੋਵੇਗਾ: ਪ੍ਰਧਾਨ ਮੰਤਰੀ
ਭਾਰਤ ਦੀ ਯੁਵਾ ਸ਼ਕਤੀ ਵਿਕਸਿਤ ਭਾਰਤ ਦੇ ਸੁਪਨੇ ਨੂੰ ਜ਼ਰੂਰ ਸਾਕਾਰ ਕਰੇਗੀ: ਪ੍ਰਧਾਨ ਮੰਤਰੀ
Posted On:
12 JAN 2025 4:53PM by PIB Chandigarh
ਸਵਾਮੀ ਵਿਵੇਕਾਨੰਦ ਦੀ ਜਯੰਤੀ ਦੇ ਮੌਕੇ ’ਤੇ ਰਾਸ਼ਟਰੀ ਯੁਵਾ ਦਿਵਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ 2025 ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਦੇਸ਼ ਭਰ ਦੇ 3,000 ਉਤਸ਼ਾਹੀ ਯੁਵਾ ਨੇਤਾਵਾਂ ਦੇ ਨਾਲ ਸੰਵਾਦ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਦੀ ਉਸ ਜੀਵੰਤ ਊਰਜਾ ਨੂੰ ਉਜਾਗਰ ਕੀਤਾ, ਜਿਸ ਨੇ ਭਾਰਤ ਮੰਡਪਮ ਵਿੱਚ ਜੀਵੰਤਤਾ ਅਤੇ ਊਰਜਾ ਲਿਆ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਸਵਾਮੀ ਵਿਵੇਕਾਨੰਦ, ਜਿਨ੍ਹਾਂ ਦਾ ਦੇਸ਼ ਦੇ ਨੌਜਵਾਨਾਂ ਵਿੱਚ ਅਸੀਮ ਵਿਸ਼ਵਾਸ ਸੀ, ਨੂੰ ਯਾਦ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਚੇਲੇ ਯੁਵਾ ਪੀੜ੍ਹੀ ਤੋਂ ਹੋਣਗੇ, ਜੋ ਸ਼ੇਰਾਂ ਦੀ ਤਰ੍ਹਾਂ ਹਰ ਸਮੱਸਿਆ ਦਾ ਸਮਾਧਾਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਵਾਮੀ ਜੀ ਅਤੇ ਉਨ੍ਹਾਂ ਦੀਆਂ ਮਾਨਤਾਵਾਂ ‘ਤੇ ਠੀਕ ਉਸੇ ਤਰ੍ਹਾਂ ਹੀ ਪੂਰਾ ਵਿਸ਼ਵਾਸ ਹੈ, ਜਿਵੇਂ ਕਿ ਸਵਾਮੀ ਜੀ ਨੂੰ ਨੌਜਵਾਨਾਂ ‘ਤੇ ਵਿਸ਼ਵਾਸ ਸੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਸਵਾਮੀ ਜੀ ‘ਤੇ ਪੂਰਾ ਭਰੋਸਾ ਹੈ, ਖਾਸ ਤੌਰ ‘ਤੇ ਨੌਜਵਾਨਾਂ ਬਾਰੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਲੈ ਕੇ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੇਕਰ ਸਵਾਮੀ ਵਿਵੇਕਾਨੰਦ ਅੱਜ ਸਾਡੇ ਦਰਮਿਆਨ ਹੁੰਦੇ, ਤਾਂ 21ਵੀਂ ਸਦੀ ਦੇ ਨੌਜਵਾਨਾਂ ਦੀ ਜਾਗ੍ਰਿਤ ਸ਼ਕਤੀ ਅਤ ਸਰਗਰਮ ਯਤਨਾਂ ਨੂੰ ਦੇਖ ਕੇ ਨਵੇਂ ਆਤਮ ਵਿਸ਼ਵਾਸ ਨਾਲ ਭਰ ਜਾਂਦੇ।
ਭਾਰਤ ਮੰਡਪਮ ਵਿੱਚ ਆਯੋਜਿਤ ਜੀ-20 ਪ੍ਰੋਗਰਾਮ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਵਿਸ਼ਵ ਦੇ ਨੇਤਾ ਜਿੱਥੇ ਦੁਨੀਆ ਦੇ ਭਵਿੱਖ ‘ਤੇ ਚਰਚਾ ਕਰਨ ਲਈ ਇਸ ਸਥਾਨ ‘ਤੇ ਇਕੱਠੇ ਹੋਏ ਸਨ, ਉੱਥੇ ਹੀ ਅੱਜ ਇੱਥੇ ਭਾਰਤ ਦੇ ਯੁਵਾ ਭਾਰਤ ਦੇ ਅਗਲੇ 25 ਵਰ੍ਹਿਆਂ ਲਈ ਰੋਡਮੈਪ ਤਿਆਰ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ ਆਪਣੇ ਆਵਾਸ ‘ਤੇ ਯੁਵਾ ਐਥਲੀਟਾਂ ਨਾਲ ਮੁਲਾਕਾਤ ਦਾ ਇੱਕ ਕਿੱਸਾ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇੱਕ ਐਥਲੀਟ ਨੇ ਕਿਹਾ, “ਦੁਨੀਆ ਦੇ ਲਈ, ਤੁਸੀਂ ਭਲੇ ਹੀ ਪ੍ਰਧਾਨ ਮੰਤਰੀ ਹੋ, ਲੇਕਿਨ ਸਾਡੇ ਲਈ, ਤੁਸੀਂ ਪਰਮ ਮਿੱਤਰ ਹੋ।”
ਪ੍ਰਧਾਨ ਮੰਤਰੀ ਨੇ ਭਾਰਤ ਦੇ ਨੌਜਵਾਨਾਂ ਦੇ ਨਾਲ ਆਪਣੀ ਦੋਸਤੀ ਦੇ ਬੰਧਨ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੋਸਤੀ ਵਿੱਚ ਸਭ ਤੋਂ ਮਜ਼ਬੂਤ ਕੜੀ ਵਿਸ਼ਵਾਸ ਹੈ। ਉਨ੍ਹਾਂ ਨੇ ਨੌਜਵਾਨਾਂ ‘ਤੇ ਆਪਣਾ ਅਸੀਮ ਭਰੋਸਾ ਵਿਅਕਤ ਕੀਤਾ, ਜਿਸ ਨੇ ਮਾਈ ਭਾਰਤ ਦੇ ਗਠਨ ਅਤੇ ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਦੀ ਨੀਂਹ ਰੱਖਣ ਨੂੰ ਪ੍ਰੇਰਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਜਲਦੀ ਹੀ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਏਗੀ।
ਨਕਾਰਾਮਤਕ ਲੋਕਾਂ ਦੇ ਵਿਚਾਰਾਂ ਨੂੰ ਖਾਰਿਜ ਕਰਦੇ ਹੋਏ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਹਾਲਾਂਕਿ ਲਕਸ਼ ਮਹੱਤਵਪੂਰਨ ਹੈ, ਲੇਕਿਨ ਇਹ ਅਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਗਤੀ ਦੇ ਪਹੀਏ ਨੂੰ ਚਲਾਉਣ ਵਾਲੇ ਲੱਖਾਂ ਨੌਜਵਾਨਾਂ ਦੇ ਸਮੂਹਿਕ ਯਤਨਾਂ ਨਾਲ ਰਾਸ਼ਟਰ ਨਿਰਸੰਦੇਹ ਆਪਣੇ ਲਕਸ਼ ਤੱਕ ਪਹੁੰਚੇਗਾ।
ਸ਼੍ਰੀ ਮੋਦੀ ਨੇ ਕਿਹਾ, “ਇਤਿਹਾਸ ਸਾਨੂੰ ਸਿਖਾਉਂਦਾ ਹੈ ਅਤੇ ਪ੍ਰੇਰਿਤ ਕਰਦਾ ਹੈ” ਅਤੇ ਅਜਿਹੀਆਂ ਕਈ ਗਲੋਬਲ ਉਦਾਹਰਣਾਂ ਨੂੰ ਉਜਾਗਰ ਕੀਤਾ ਜਿੱਥੇ ਰਾਸ਼ਟਰਾਂ ਅਤੇ ਸਮੂਹਾਂ ਨੇ ਵੱਡੇ ਸੁਪਨਿਆਂ ਅਤੇ ਸੰਕਲਪਾਂ ਦੇ ਨਾਲ ਆਪਣੇ ਲਕਸ਼ ਹਾਸਲ ਕੀਤੇ। ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਵਿੱਚ 1930 ਦੇ ਦਹਾਕੇ ਦੇ ਆਰਥਿਕ ਸੰਕਟ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਅਮਰੀਕੀਆਂ ਨੇ ਨਿਊ ਡੀਲ ਨੂੰ ਚੁਣਿਆ ਅਤੇ ਨਾ ਕੇਵਲ ਸੰਕਟ ‘ਤੇ ਕਾਬੂ ਪਾਇਆ ਬਲਕਿ ਆਪਣੇ ਵਿਕਾਸ ਨੂੰ ਵੀ ਗਤੀ ਦਿੱਤੀ। ਉਨ੍ਹਾਂ ਨੇ ਸਿੰਗਾਪੁਰ ਦਾ ਵੀ ਜ਼ਿਕਰ ਕੀਤਾ, ਜਿਸ ਨੇ ਜੀਵਨ ਨਾਲ ਜੁੜੇ ਬੁਨਿਆਦੀ ਸੰਕਟਾਂ ਦਾ ਸਾਹਮਣਾ ਕੀਤਾ ਲੇਕਿਨ ਅਨੁਸ਼ਾਸਨ ਅਤੇ ਸਮੂਹਿਕ ਯਤਨ ਦੇ ਜ਼ਰੀਏ ਇੱਕ ਗਲੋਬਲ ਵਿੱਤੀ ਅਤੇ ਵਪਾਰ ਕੇਂਦਰ ਦੇ ਰੂਪ ਵਿੱਚ ਉਭਰਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਵੀ ਸੁਤੰਤਰਤਾ ਸੰਗ੍ਰਾਮ ਅਤੇ ਸੁਤੰਤਰਤਾ ਦੇ ਬਾਅਦ ਖੁਰਾਕ ਸੰਕਟ ‘ਤੇ ਕਾਬੂ ਪਾਉਣ ਜਿਹੀਆਂ ਉਦਾਹਰਣਾਂ ਮੌਜੂਦ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵੱਡੇ ਲਕਸ਼ ਨਿਰਧਾਰਿਤ ਕਰਨਾ ਅਤੇ ਉਨ੍ਹਾਂ ਨੂੰ ਸਮੇਂ ਸੀਮਾ ਦੇ ਅੰਦਰ ਹਾਸਲ ਕਰਨਾ ਅਸੰਭਵ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਪਸ਼ਟ ਲਕਸ਼ ਦੇ ਬਿਨਾ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ ਅਤੇ ਅੱਜ ਦਾ ਭਾਰਤ ਇਸੇ ਮਾਨਸਿਕਤਾ ਦੇ ਨਾਲ ਕੰਮ ਕਰ ਰਿਹਾ ਹੈ।
ਪਿਛਲੇ ਦਹਾਕੇ ਵਿੱਚ ਦ੍ਰਿੜ੍ਹ ਸੰਕਲਪ ਰਾਹੀਂ ਟੀਚਿਆਂ ਨੂੰ ਪ੍ਰਾਪਤ ਕਰਨ ਦੀਆਂ ਕਈ ਉਦਾਹਰਣਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੋਣ ਦਾ ਸੰਕਲਪ ਲਿਆ ਅਤੇ 60 ਮਹੀਨਿਆਂ ਦੇ ਅੰਦਰ ਹੀ, 60 ਕਰੋੜ ਨਾਗਰਿਕਾਂ ਨੇ ਇਸ ਲਕਸ਼ ਨੂੰ ਹਾਸਲ ਕਰ ਲਿਆ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਲਗਭਗ ਹਰ ਪਰਿਵਾਰ ਨੂੰ ਹੁਣ ਬੈਂਕਿੰਗ ਸੇਵਾਵਾਂ ਪਹੁੰਚਯੋਗ ਹਨ ਅਤੇ ਮਹਿਲਾਵਾਂ ਦੀ ਰਸੋਈ ਨੂੰ ਧੂੰਏ ਤੋਂ ਮੁਕਤ ਕਰਨ ਲਈ 100 ਮਿਲੀਅਨ ਤੋਂ ਵੱਧ ਗੈਸ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ। ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਭਾਰਤ ਵਿਭਿੰਨ ਖੇਤਰਾਂ ਵਿੱਚ ਆਪਣੇ ਟੀਚਿਆਂ ਨੂੰ ਤੈਅ ਸਮੇਂ ਤੋਂ ਪਹਿਲਾਂ ਹੀ ਹਾਸਲ ਕਰ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ, ਜਦੋਂ ਦੁਨੀਆ ਵੈਕਸੀਨਸ ਲਈ ਜੂਝ ਰਹੀ ਸੀ, ਤਦ ਭਾਰਤੀ ਵਿਗਿਆਨਿਆਂ ਨੇ ਸਮੇਂ ਤੋਂ ਪਹਿਲਾਂ ਇੱਕ ਵੈਕਸੀਨ ਵਿਕਸਿਤ ਕਰ ਲਈ। ਉਨ੍ਹਾਂ ਨੇ ਕਿਹਾ ਕਿ ਇਸ ਭਵਿੱਖਬਾਣੀ ਦੇ ਬਾਵਜੂਦ ਕਿ ਭਾਰਤ ਵਿੱਚ ਸਾਰਿਆਂ ਨੂੰ ਵੈਕਸੀਨ ਲਗਾਉਣ ਵਿੱਚ 3-4 ਵਰ੍ਹੇ ਲਗ ਜਾਣਗੇ, ਦੇਸ਼ ਨੇ ਰਿਕਾਰਡ ਸਮੇਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਅਭਿਯਾਨ ਚਲਾਇਆ। ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਹੋਏ ਕਿ ਗ੍ਰੀਨ ਐਨਰਜੀ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ ਕਿ ਭਾਰਤ ਪੈਰਿਸ ਸਮਝੌਤੇ ਦੀਆਂ ਪ੍ਰਤੀਬੱਧਤਾਵਾਂ ਨੂੰ ਨਿਰਧਾਰਿਤ ਸਮੇਂ ਤੋਂ 9 ਸਾਲ ਪਹਿਲਾਂ ਪੂਰਾ ਕਰਨ ਵਾਲਾ ਪਹਿਲਾ ਦੇਸ਼ ਹੈ। ਉਨ੍ਹਾਂ ਨੇ 2030 ਤੱਕ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥਾਨੌਲ ਮਿਸ਼ਰਣ ਦੇ ਲਕਸ਼ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਭਾਰਤ ਸਮੇਂ ਸੀਮਾ ਤੋਂ ਪਹਿਲਾਂ ਹੀ ਹਾਸਲ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਹਰੇਕ ਸਫਲਤਾ ਇੱਕ ਪ੍ਰੇਰਣਾ ਦੇ ਰੂਪ ਵਿੱਚ ਕੰਮ ਕਰਦੀ ਹੈ ਅਤੇ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਲਕਸ਼ ਦੇ ਕਰੀਬ ਲਿਆਉਂਦੀ ਹੈ।
ਸ਼੍ਰੀ ਮੋਦੀ ਨੇ ਕਿਹਾ, “ਵੱਡੇ ਟੀਚਿਆਂ ਦੀ ਪ੍ਰਾਪਤੀ ਕੇਵਲ ਸਰਕਾਰੀ ਮਸ਼ੀਨਰੀ ਦੀ ਜ਼ਿੰਮੇਵਾਰੀ ਨਹੀਂ ਹੈ, ਬਲਕਿ ਇਸ ਦੇ ਲਈ ਹਰੇਕ ਨਾਗਰਿਕ ਦਾ ਸਮੂਹਿਕ ਪ੍ਰਯਾਸ ਜ਼ਰੂਰੀ ਹੈ।” ਉਨ੍ਹਾਂ ਨੇ ਰਾਸ਼ਟਰੀ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਵਿਚਾਰ-ਵਟਾਂਦਰਾ, ਦਿਸ਼ਾ ਅਤੇ ਸਵਾਮਿਤਵ ਦੇ ਮਹੱਤਵ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਇਸ ਪ੍ਰਕਿਰਿਆ ਦੀ ਉਦਾਹਰਣ ਹੈ, ਜਿਨ੍ਹਾਂ ਦੀ ਅਗਵਾਈ ਉਨ੍ਹਾਂ ਨੌਜਵਾਨਾਂ ਨੇ ਕੀਤੀ ਜਿਨ੍ਹਾਂ ਨੇ ਕੁਇਜ਼, ਲੇਖ ਪ੍ਰਤੀਯੋਗਿਤਾ ਅਤੇ ਪੇਸ਼ਕਾਰੀਆਂ ਵਿੱਚ ਹਿੱਸਾ ਲਿਆ।
ਉਨ੍ਹਾਂ ਨੇ ਵਿਕਸਿਤ ਭਾਰਤ ਦੇ ਲਕਸ਼ ਦਾ ਸਵਾਮੀਤਵ ਲੈਣ ਲਈ ਨੌਜਵਾਨਾਂ ਦੀ ਸ਼ਲਾਘਾ ਕੀਤੀ, ਜਿਵੇਂ ਕਿ ਜਾਰੀ ਕੀਤੀ ਗਈ ਲੇਖ ਦੀ ਪੁਸਤਕ ਅਤੇ ਉਨ੍ਹਾਂ ਦੇ ਦੁਆਰਾ ਸਮੀਖਿਆ ਕੀਤੀਆਂ ਗਈਆਂ ਦਸ ਪੇਸ਼ਕਾਰੀਆਂ ਵਿੱਚ ਪਰਿਲਕਸ਼ਿਤ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੁਆਰਾ ਸੁਝਾਏ ਗਏ ਸਮਾਧਾਨ ਅਸਲੀਅਤ ਅਤੇ ਅਨੁਭਵ ‘ਤੇ ਅਧਾਰਿਤ ਹਨ, ਜੋ ਦੇਸ਼ ਦੇ ਸਾਹਮਣਏ ਆਉਣ ਵਾਲੀਆਂ ਚੁਣੌਤੀਆਂ ਬਾਰੇ ਉਨ੍ਹਾਂ ਦੀ ਵਿਆਪਕ ਸਮਝ ਨੂੰ ਪ੍ਰਦਰਸ਼ਿਤ ਕਰਦੇ ਹਨ। ਉਨ੍ਹਾਂ ਨੇ ਨੌਜਵਾਨਾਂ ਦੀ ਵਿਆਪਕ ਸੋਚ ਅਤੇ ਮਾਹਿਰਾਂ, ਮੰਤਰੀਆਂ ਅਤੇ ਨੀਤੀ ਨਿਰਮਾਤਾਵਾਂ ਦੇ ਨਾਲ ਚਰਚਾ ਵਿੱਚ ਸਰਗਰਮ ਭਾਗੀਦਾਰੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਯੁਵਾ ਨੇਤਾ ਸੰਵਾਦ ਵਿਚ ਪੇਸ਼ ਵਿਚਾਰ ਅਤੇ ਸੁਝਾਅ ਹੁਣ ਦੇਸ਼ ਦੇ ਵਿਕਾਸ ਦਾ ਮਾਰਗਦਰਸ਼ਨ ਕਰਨ ਵਾਲੀਆਂ ਰਾਸ਼ਟਰੀ ਨੀਤੀਆਂ ਦਾ ਹਿੱਸਾ ਬਣਨਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਇੱਕ ਲੱਖ ਨਵੇਂ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਉਣ ਦੀ ਪ੍ਰਤੀਬੱਧਤਾ ਦੁਹਾਰਾਉਂਦੇ ਹੋਏ ਉਨ੍ਹਾਂ ਨੂੰ ਆਪਣੇ ਸੁਝਾਵਾਂ ਨੂੰ ਲਾਗੂ ਕਰਨ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ।
ਵਿਕਸਿਤ ਭਾਰਤ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ ਅਤੇ ਇਸ ਦੀ ਆਰਥਿਕ, ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਸ਼ਕਤੀ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਵਿੱਚ, ਅਰਥਵਿਵਸਥਾ ਅਤੇ ਇਕੋਲੌਜੀ ਦੋਵੇਂ ਹੀ ਵਿਕਸਿਤ ਹੋਣਗੇ, ਜਿਸ ਨਾਲ ਚੰਗੀ ਸਿੱਖਿਆ ਅਤੇ ਆਮਦਨ ਦੇ ਕਈ ਅਵਸਰ ਮਿਲਣਗੇ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਦੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਅਤੇ ਕੁਸ਼ਲ ਯੁਵਾ ਸ਼੍ਰਮਸ਼ਕਤੀ ਉਪਲਬਧ ਹੋਵੇਗੀ, ਜੋ ਉਨ੍ਹਾਂ ਦੇ ਸੁਪਨਿਆਂ ਲਈ ਖੁੱਲ੍ਹਾ ਅਸਮਾਨ ਪ੍ਰਦਾਨ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਕਸ਼ ਨੂੰ ਹਾਸਲ ਕਰਨ ਲਈ ਹਰੇਕ ਫੈਸਲੇ, ਕਦਮ ਅਤੇ ਨੀਤੀ ਨੂੰ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਭਾਰਤ ਲਈ ਲੰਬੀ ਛਲਾਂਗ ਲਗਾਉਣ ਦਾ ਪਲ ਹੈ, ਕਿਉਂਕਿ ਦੇਸ਼ ਆਉਣ ਵਾਲੇ ਕਈ ਦਹਾਕਿਆਂ ਤੱਕ ਸਭ ਤੋਂ ਯੁਵਾ ਰਾਸ਼ਟਰ ਬਣਿਆ ਰਹੇਗਾ। ਸ਼੍ਰੀ ਮੋਦੀ ਨੇ ਕਿਹਾ, “ਗਲੋਬਲ ਏਜੰਸੀਆਂ ਭਾਰਤ ਦੀ ਜੀਡੀਪੀ ਨੂੰ ਜ਼ਿਕਰਯੋਗ ਹੁਲਾਰਾ ਦੇਣ ਦੀ ਨੌਜਵਾਨਾਂ ਦੀ ਸਮਰੱਥਾ ਨੂੰ ਪਹਿਚਾਣਉਂਦੀਆਂ ਹਨ।”
ਨੌਜਵਾਨਾਂ ਦੀ ਸ਼ਕਤੀ ਵਿੱਚ ਵਿਸ਼ਵਾਸ ਕਰਨ ਵਾਲੇ ਮਹਾਰਿਸ਼ੀ ਅਰਬਿੰਦੋ, ਗੁਰੂਦੇਵ ਟੈਗੋਰ ਅਤੇ ਹੋਮੀ ਜੇ ਭਾਬਾ ਜਿਹੇ ਮਹਾਨ ਵਿਚਾਰਕਾਂ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀਯ ਯੁਵਾ ਪ੍ਰਮੁੱਖ ਗਲੋਬਲ ਕੰਪਨੀਆਂ ਦੀ ਅਗਵਾਈ ਕਰ ਰਹੇ ਹਨ ਅਤੇ ਦੁਨੀਆ ਭਰ ਵਿੱਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਗਲੇ 25 ਵਰ੍ਹੇ, ‘ਅੰਮ੍ਰਿਤ ਕਾਲ’ ਮਹੱਤਵਪੂਰਨ ਹਨ, ਅਤੇ ਉਨ੍ਹਾਂ ਵਿਸ਼ਵਾਸ ਵਿਅਕਤ ਕੀਤਾ ਕਿ ਯੁਵਾ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਗੇ। ਉਨ੍ਹਾਂ ਨੇ ਸਟਾਰਟਅੱਪਸ ਜਗਤ ਵਿੱਚ ਭਾਰਤ ਨੂੰ ਟੌਪ ਵਿੱਚ ਲਿਆਉਣ, ਮੈਨੂਫੈਕਚਰਿੰਗ ਨੂੰ ਅੱਗੇ ਵਧਾਉਣ, ਡਿਜੀਟਲ ਇੰਡੀਆ ਨੂੰ ਗਲੋਬਲ ਪੱਧਰ ‘ਤੇ ਉਪਰ ਉਠਾਉਣ ਅਤੇ ਖੇਡਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਿੱਚ ਨੌਜਵਾਨਾਂ ਦੀਆਂ ਉਪਲਬਧੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤੀ ਯੁਵਾ ਅਸੰਭਵ ਨੂੰ ਸੰਭਵ ਬਣਾਉਂਦੇ ਹਨ, ਤਾਂ ਇੱਕ ਵਿਕਸਿਤ ਭਾਰਤ ਦਾ ਲਕਸ਼ ਨਿਰਸੰਦੇਹ ਹਾਸਲ ਕੀਤਾ ਜਾ ਸਕਦਾ ਹੈ।
ਅੱਜ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਵਿੱਚ ਜਿੱਥੇ ਹਰ ਹਫ਼ਤੇ ਇੱਕ ਨਵੀਂ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ, ਉੱਥੇ ਹੀ ਹਰ ਦਿਨ ਇੱਕ ਨਵਾਂ ਆਈਟੀਆਈ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ, ਉਨ੍ਹਾਂ ਨੇ ਕਿਹਾ ਕਿ ਹਰ ਤੀਸਰੇ ਦਿਨ ਇੱਕ ਅਟਲ ਟਿੰਕਰਿੰਗ ਲੈਬ ਖੋਲ੍ਹੀ ਗਈ ਅਤੇ ਪ੍ਰਤੀਦਿਨ ਦੋ ਨਵੇਂ ਕਾਲਜ ਸਥਾਪਿਤ ਕੀਤੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਹੁਣ 23 ਆਈਆਈਟੀ ਹਨ ਅਤੇ ਪਿਛਲੇ ਦਹਾਕੇ ਵਿੱਚ ਆਈਆਈਆਈਟੀ ਦੀ ਸੰਖਿਆ 9 ਤੋਂ ਵਧ ਕੇ 25 ਹੋ ਗਈ ਹੈ, ਅਤੇ ਆਈਆਈਐੱਮ ਦੀ ਸੰਖਿਆ 13 ਤੋਂ 21 ਹੋ ਗਈ ਹੈ। ਉਨ੍ਹਾਂ ਨੇ ਏਮਸ ਦੀ ਸੰਖਿਆ ਵਿੱਚ ਤਿੰਨ ਗੁਣਾ ਵਾਧੇ ਦਾ ਵੀ ਜ਼ਿਕਰ ਕੀਤਾ ਅਤੇ ਪਿਛਲੇ ਦਸ ਵਰ੍ਹਿਆਂ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਲਗਭਗ ਦੁੱਗਣੀ ਹੋ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਵਿਦਿਅਕ ਸੰਸਥਾਨ ਮਾਤਰਾ ਅਤੇ ਗੁਣਵੱਤਾ, ਦੋਨੋਂ ਹੀ ਮਾਮਲਿਆਂ ਵਿੱਚ ਉਤਕ੍ਰਿਸ਼ਟ ਨਤੀਜੇ ਦਿਖਾ ਰਹੇ ਹਨ ਅਤੇ ਕਿਊਐੱਸ ਰੈਂਕਿੰਗ ਵਿੱਚ ਉੱਚ ਸਿੱਖਿਆ ਸੰਸਥਾਨਾਂ ਦੀ ਸੰਖਿਆ 2014 ਵਿੱਚ ਨੌ ਤੋਂ ਵਧ ਕੇ ਅੱਜ 46 ਹੋ ਗਈ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦੀਆਂ ਵਿਦਿਅਕ ਸੰਸਥਾਵਾਂ ਦੀ ਵਧਦੀ ਸਮਰੱਥਾ ਵਿਕਸਿਤ ਭਾਰਤ ਦਾ ਇੱਕ ਮਹੱਤਵਪੂਰਨ ਅਧਾਰ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “2047 ਤੱਕ ਵਿਕਸਿਤ ਭਾਰਤ ਦੇ ਲਕਸ਼ ਨੂੰ ਹਾਸਲ ਕਰਨ ਲਈ ਰੋਜ਼ਾਨਾ ਟੀਚਿਆਂ ਅਤੇ ਨਿਰੰਤਰ ਪ੍ਰਯਾਸਾਂ ਦੀ ਜ਼ਰੂਰਤ ਹੈ।” ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ 250 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਨਿਕਾਲਿਆ ਗਿਆ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਜਲਦੀ ਹੀ ਪੂਰਾ ਦੇਸ਼ ਗ਼ਰੀਬੀ ਤੋਂ ਮੁਕਤ ਹੋ ਜਾਵੇਗਾ। ਉਨ੍ਹਾਂ ਨੇ ਇਸ ਦਹਾਕੇ ਦੇ ਅੰਤ ਤੱਕ 500 ਗੀਗਾਵਾਟ ਦੀ ਨਵਿਆਉਣਯੋਗ ਊਰਜਾ ਸਮਰੱਥਾ ਹਾਸਲ ਕਰਨ ਅਤੇ 2030 ਤੱਕ ਰੇਲਵੇ ਦੁਆਰਾ ਨੈੱਟ ਜ਼ੀਰੋ ਕਾਰਬਨ ਨਿਕਾਸੀ ਨੂੰ ਸੰਭਵ ਬਣਾਉਣ ਦੇ ਭਾਰਤ ਦੇ ਟੀਚੇ ਨੂੰ ਉਜਾਗਰ ਕੀਤਾ।
ਅਗਲੇ ਦਹਾਕੇ ਵਿੱਚ ਓਲੰਪਿਕ ਦੀ ਮੇਜ਼ਬਾਨੀ ਦੇ ਅਭਿਲਾਸ਼ੀ ਟੀਚੇ ‘ਤੇ ਚਾਨਣਾ ਪਾਉਂਦੇ ਹੋਏ ਅਤੇ ਇਸ ਨੂੰ ਹਾਸਲ ਕਰਨ ਦੇ ਪ੍ਰਤੀ ਦੇਸ਼ ਦੇ ਸਮਰਪਣ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਪੁਲਾੜ ਸ਼ਕਤੀ ਦੇ ਰੂਪ ਵਿੱਚ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ, 2035 ਤੱਕ ਇੱਕ ਪੁਲਾੜ ਸਟੇਸ਼ਨ ਸਥਾਪਿਤ ਕਰਨ ਦੀ ਯੋਜਨਾ ਹੈ। ਉਨ੍ਹਾਂ ਨੇ ਚੰਦ੍ਰਯਾਨ ਦੀ ਸਫਲਤਾ ਅਤੇ ਗਗਨਯਾਨ ਦੀ ਚਲ ਰਹੀ ਤਿਆਰੀ ਦਾ ਜ਼ਿਕਰ ਕੀਤਾ, ਜਿਸ ਦਾ ਅੰਤਿਮ ਲਕਸ਼ ਕਿਸੇ ਭਾਰਤੀ ਨੂੰ ਚੰਦਰਮਾ ‘ਤੇ ਉਤਾਰਨਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੇ ਟੀਚਿਆਂ ਨੂੰ ਹਾਸਲ ਕਰਨ ਨਾਲ 2047 ਤੱਕ ਵਿਕਸਿਤ ਭਾਰਤ ਦਾ ਮਾਰਗ ਪੱਧਰਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਦੈਨਿਕ ਜੀਵਨ ‘ਤੇ ਆਰਥਿਕ ਵਿਕਾਸ ਦੇ ਪ੍ਰਭਾਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਜਿਵੇਂ-ਜਿਵੇਂ ਅਰਥਵਿਵਸਥਾ ਵਧਦੀ ਹੈ, ਇਹ ਜੀਵਨ ਦੇ ਸਾਰੇ ਪਹਿਲੂਆਂ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਇਸ ਸਦੀ ਦੇ ਪਹਿਲੇ ਦਹਾਕੇ ਵਿੱਚ, ਭਾਰਤ ਇੱਕ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਗਿਆ ਸੀ, ਲੇਕਿਨ ਛੋਟੇ ਆਰਥਿਕ ਆਕਾਰ ਦੇ ਨਾਲ ਖੇਤੀਬਾੜੀ ਬਜਟ ਕੇਵਲ ਕੁਝ ਹਜ਼ਾਰ ਕਰੋੜ ਦਾ ਹੀ ਸੀ ਅਤੇ ਬੁਨਿਆਦੀ ਢਾਂਚੇ ਦਾ ਬਜਟ ਇੱਕ ਲੱਖ ਕਰੋੜ ਤੋਂ ਵੀ ਘੱਟ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਜ਼ਿਆਦਾਤਰ ਪਿੰਡਾਂ ਵਿੱਚ ਉਪਯੁਕਤ ਸੜਕਾਂ ਦੀ ਘਾਟ ਸੀ, ਰਾਸ਼ਟਰੀ ਰਾਜਮਾਰਗਾਂ ਅਤੇ ਰੇਲਵੇ ਦੀ ਸਥਿਤੀ ਖਰਾਬ ਸੀ ਅਤੇ ਦੇਸ਼ ਦੇ ਇੱਕ ਵੱਡੇ ਹਿੱਸੇ ਵਿੱਚ ਬਿਜਲੀ ਅਤੇ ਪਾਣੀ ਜਿਹੀਆਂ ਬੁਨਿਆਦੀ ਸੇਵਾਵਾਂ ਉਪਲਬਧ ਨਹੀਂ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਦੋ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਬਾਅਦ, ਭਾਰਤ ਦਾ ਬੁਨਿਆਦੀ ਢਾਂਚਾ ਬਜਟ ਦੋ ਲੱਖ ਕਰੋੜ ਰੁਪਏ ਤੋਂ ਵੀ ਘੱਟ ਸੀ। ਹਾਲਾਕਿ, ਦੇਸ਼ ਵਿੱਚ ਸੜਕਾਂ, ਰੇਲਵੇ, ਹਵਾਈ ਅੱਡਿਆਂ, ਨਹਿਰਾਂ, ਗਰੀਬਾਂ ਦੇ ਲਈ ਆਵਾਸ, ਸਕੂਲਾਂ ਅਤੇ ਹਸਪਤਾਲਾਂ ਦੇ ਮਾਮਲੇ ਵਿੱਚ ਮਹੱਤਵਪੂਰਨ ਸੁਧਾਰ ਹੋਏ।
ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਤੇਜ਼ੀ ਨਾਲ ਤਿੰਨ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਦਾ ਗਿਆ, ਹਵਾਈ ਅੱਡਿਆਂ ਦੀ ਸੰਖਿਆ ਦੁੱਗਣੀ ਹੋ ਗਈ, ਵੰਦੇ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਅਤੇ ਬੁਲੇਟ ਟ੍ਰੇਨ ਦਾ ਸੁਪਨਾ ਸਾਕਾਰ ਹੋਣ ਲਗਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਵਿਸ਼ਵ ਪੱਧਰ ‘ਤੇ 5ਜੀ ਦੀ ਸਭ ਤੋਂ ਤੇਜ਼ ਸ਼ੁਰੂਆਤ ਦੇ ਲਕਸ਼ ਨੂੰ ਵੀ ਹਾਸਲ ਕੀਤਾ, ਹਜ਼ਾਰਾਂ ਗ੍ਰਾਮ ਪੰਚਾਇਤਾਂ ਤੱਕ ਬ੍ਰੌਡਬੈਂਡ ਇੰਟਰਨੈੱਟ ਦਾ ਵਿਸਤਾਰ ਕੀਤਾ ਗਿਆ ਅਤੇ 300,000 ਤੋਂ ਵੱਧ ਪਿੰਡਾਂ ਵਿੱਚ ਸੜਕਾਂ ਬਣਾਈਆਂ ਗਈਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ 23 ਲੱਖ ਕਰੋੜ ਰੁਪਏ ਦੇ ਗਿਰਵੀ-ਮੁਕਤ ਮੁਦ੍ਰਾ ਲੋਨ ਪ੍ਰਦਾਨ ਕੀਤੇ ਗਏ ਅਤੇ ਦੁਨੀਆ ਦੀ ਸਭ ਤੋਂ ਵੱਡੀ ਮੁਫਤ ਸਿਹਤ ਸੇਵਾ ਯੋਜਨਾ, ਆਯੁਸ਼ਮਾਨ ਭਾਰਤ ਸ਼ੁਰੂ ਕੀਤੀ ਗਈ। ਇਸ ਦੇ ਇਲਾਵਾ, ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਹਰ ਵਰ੍ਹੇ ਹਜ਼ਾਰਾਂ ਕਰੋੜ ਰੁਪਏ ਸਿੱਧਾ ਜਮ੍ਹਾ ਕਰਨ ਦੀ ਯੋਜਨਾ ਸ਼ੁਰੂ ਕੀਤੀ ਗਈ ਅਤੇ ਗਰੀਬਾਂ ਦੇ ਲਈ ਚਾਰ ਕਰੋੜ ਪੱਕੇ ਘਰ ਬਣਾਏ ਗਏ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਿਵੇਂ-ਜਿਵੇਂ ਅਰਥਵਿਵਸਥਾ ਵਧੀ, ਵਿਕਾਸ ਗਤੀਵਿਧੀਆਂ ਵਿੱਚ ਤੇਜ਼ੀ ਆਈ, ਵੱਧ ਅਵਸਰ ਪੈਦਾ ਹੋਏ ਅਤੇ ਹਰ ਖੇਤਰ ਅਤੇ ਸਮਾਜਿਕ ਵਰਗ ‘ਤੇ ਖਰਚ ਕਰਨ ਦੀ ਦੇਸ਼ ਦੀ ਸਮਰੱਥਾ ਵਿੱਚ ਵਾਧਾ ਹੋਇਆ।
ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿ ਭਾਰਤ ਹੁਣ ਲਗਭਗ ਚਾਰ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਹੈ ਅਤੇ ਆਪਣੀਆਂ ਸਮਰੱਥਾਵਾਂ ਵਿੱਚ ਜ਼ਿਕਰਯੋਗ ਵਾਧਾ ਕਰ ਰਿਹਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਵਰਤਮਾਨ ਬਜਟ 11 ਲੱਖ ਕਰੋੜ ਰੁਪਏ ਤੋਂ ਵੱਧ ਦਾ ਹੈ, ਜੋ ਇੱਕ ਦਹਾਕੇ ਪਹਿਲਾਂ ਦੀ ਤੁਲਨਾ ਵਿੱਚ ਲਗਭਗ ਛੇ ਗੁਣਾ ਵੱਧ ਹੈ ਅਤੇ ਇਕੱਲੇ ਰੇਲਵੇ ‘ਤੇ 2014 ਦੇ ਪੂਰੇ ਬੁਨਿਆਦੀ ਢਾਂਚੇ ਦੇ ਬਜਟ ਦੀ ਤੁਲਨਾ ਵਿੱਚ ਵੱਧ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਧਿਆ ਹੋਇਆ ਬਜਟ ਭਾਰਤ ਦੇ ਬਦਲਦੇ ਦ੍ਰਿਸ਼ ਵਿੱਚ ਸਪਸ਼ਟ ਹੈ, ਜਿਸ ਦਾ ਭਾਰਤ ਮੰਡਪਮ ਇੱਕ ਸੁੰਦਰ ਉਦਾਹਰਣ ਹੈ।
ਸ਼੍ਰੀ ਮੋਦੀ ਨੇ ਕਿਹਾ, “ਭਾਰਤ ਤੇਜ਼ੀ ਨਾਲ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਵੱਲ ਅਗ੍ਰਸਰ ਹੈ, ਜਿਸ ਨਾਲ ਵਿਕਾਸ ਅਤੇ ਸੁਵਿਧਾਵਾਂ ਵਿੱਚ ਬਹੁਤ ਵਿਸਤਾਰ ਹੋਵੇਗਾ।” ਉਨ੍ਹਾਂ ਨੇ ਵਿਸ਼ਵਾਸ ਜਤਾਇਆ ਅਤੇ ਅਨੁਮਾਨ ਵਿਅਕਤ ਕੀਤਾ ਕਿ ਅਗਲ ਦਹਾਕੇ ਦੇ ਅੰਤ ਤੱਕ ਭਾਰਤ ਦਸ ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ। ਉਨ੍ਹਾਂ ਨੇ ਇਹ ਕਹਿੰਦੇ ਹੋਏ ਨੌਜਵਾਨਾਂ ਨੂੰ ਅਰਥਵਿਵਸਥਾ ਦੇ ਵਧਣ ਦੇ ਨਾਲ ਪੈਦਾ ਹੋਣ ਵਾਲੇ ਅਣਗਿਣਤ ਅਵਸਰਾਂ ਬਾਰੇ ਪ੍ਰੋਤਸਾਹਿਤ ਕੀਤਾ ਕਿ ਉਨ੍ਹਾਂ ਦੀ ਪੀੜ੍ਹੀ ਨਾ ਕੇਵਲ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਪਰਿਵਾਰਤਨ ਲਿਆਵੇਗੀ, ਸਭ ਤੋਂ ਇਸ ਦੀ ਸਭ ਤੋਂ ਵੱਡੀ ਲਾਭਾਰਥੀ ਵੀ ਹੋਵੇਗੀ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਕੰਫਰਟ ਜ਼ੋਨ ਤੋਂ ਬਚਣ, ਜੋਖਮ ਲੈਣ ਅਤੇ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ, ਜਿਵੇਂ ਕਿ ਯੁਵਾ ਨੇਤਾ ਸੰਵਾਦ ਦੇ ਪ੍ਰਤੀਭਾਗੀਆਂ ਨੇ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜੀਵਨ ਦਾ ਇਹ ਮੰਤਰ ਉਨ੍ਹਾਂ ਨੂੰ ਸਫਲਤਾ ਦੀਆਂ ਨਵੀਆਂ ਉਚਾਈਆਂ ਤੱਕ ਲੈ ਜਾਵੇਗਾ।
ਭਾਰਤ ਦੇ ਭਵਿੱਖ ਦੇ ਰੋਡਮੈਪ ਨੂੰ ਆਕਾਰ ਦੇਣ ਵਿੱਚ ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਉਸ ਊਰਜਾ, ਉਤਸ਼ਾਹ ਅਤੇ ਸਮਰਪਣ ਦੀ ਸਰਾਹਨਾ ਕੀਤੀ ਜਿਸ ਦੇ ਨਾਲ ਨੌਜਵਾਨਾਂ ਨੇ ਇਸ ਸੰਕਲਪ ਨੂੰ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਵਿਚਾਰ ਅਨਮੋਲ, ਉਤਕ੍ਰਿਸ਼ਟ ਅਤੇ ਸਰਵੋਤਮ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਇਨ੍ਹਾਂ ਵਿਚਾਰਾਂ ਨੂੰ ਦੇਸ਼ ਦੇ ਹਰ ਕੋਨੇ ਵਿੱਚ ਲੈ ਜਾਣ ਅਤੇ ਹਰ ਜ਼ਿਲ੍ਹੇ, ਪਿੰਡ ਅਤੇ ਪੜੌਸ ਦੇ ਹੋਰ ਨੌਜਵਾਨਾਂ ਨੂੰ ਵਿਕਸਿਤ ਭਾਰਤ ਦੀ ਭਾਵਨਾ ਨਾਲ ਜੋੜਨ ਦੀ ਤਾਕੀਦ ਕੀਤੀ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਪ੍ਰਤੀਬੱਧਤਾ ਦੁਹਰਾਈ ਅਤੇ ਸਾਰਿਆਂ ਨੂੰ ਇਸ ਸੰਕਲਪ ਦੇ ਲਈ ਜਿਉਣ ਅਤੇ ਖੁਦ ਨੂੰ ਸਮਰਪਿਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਇੱਕ ਵਾਰ ਫਿਰ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਰਾਸ਼ਟਰੀ ਯੁਵਾ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ।
ਇਸ ਪ੍ਰੋਗਰਾਮ ਵਿੱਚ ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆਂ, ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ, ਕੇਂਦਰੀ ਰਾਜ ਮੰਤਰੀ, ਸ਼੍ਰੀ ਜਯੰਤ ਚੌਧਰੀ ਅਤੇ ਸ਼੍ਰੀਮਤੀ ਰਕਸ਼ਾ ਖਡਸੇ ਸਹਿਤ ਹੋਰ ਪਤਵੰਤੇ ਮੌਜੂਦ ਸੀ।
ਪਿਛੋਕੜ
ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਦਾ ਉਦੇਸ਼ ਰਸਮੀ ਤੌਰ ‘ਤੇ ਰਾਸ਼ਟਰੀ ਯੁਵਾ ਮਹੋਤਸਵ ਆਯੋਜਿਤ ਕਰਨ ਦੀ 25 ਵਰ੍ਹੇ ਪੁਰਾਣੀ ਪਰੰਪਰਾ ਨੂੰ ਤੋੜਣਾ ਹੈ। ਇਹ ਪ੍ਰਧਾਨ ਮੰਤਰੀ ਦੇ ਸੁਤੰਤਰਤਾ ਦਿਵਸ ਦੇ ਸੱਦੇ ਦੇ ਅਨੁਰੂਪ ਹੈ, ਜਿਸ ਵਿੱਚ ਬਿਨਾ ਕਿਸੇ ਰਾਜਨੀਤਿਕ ਸਬੰਧਾਂ ਦੇ 1 ਲੱਖ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਸ਼ਾਮਲ ਕਰਨਾ ਅਤੇ ਉਨ੍ਹਾਂ ਨੂੰ ਵਿਕਸਿਤ ਭਾਰਤ ਦੇ ਲਈ ਆਪਣੇ ਵਿਚਾਰਾਂ ਦੀ ਵਾਸਤਵਿਕਤਾ ਵਿੱਚ ਬਦਲਣ ਲਈ ਇੱਕ ਰਾਸ਼ਟਰੀ ਮੰਚ ਪ੍ਰਦਾਨ ਕਰਨ ਦੀ ਗੱਲ ਕਹੀ ਗਈ ਹੈ। ਇਸ ਦੇ ਅਨੁਰੂਪ, ਇਸ ਰਾਸ਼ਟਰੀ ਯੁਵਾ ਦਿਵਸ ‘ਤੇ, ਪ੍ਰਧਾਨ ਮੰਤਰੀ ਦੇਸ਼ ਦੇ ਭਵਿੱਖ ਦੇ ਨੇਤਾਵਾਂ ਨੂੰ ਪ੍ਰੇਰਿਤ, ਪ੍ਰੋਤਸਾਹਿਤ ਕਰਨ ਅਤੇ ਸਸ਼ਕਤ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਕਈ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਨੋਵੇਟਿਵ ਯੰਗ ਲੀਡਰਸ ਪ੍ਰਧਾਨ ਮੰਤਰੀ ਦੇ ਸਾਹਮਣੇ ਭਾਰਤ ਦੇ ਵਿਕਾਸ ਲਈ ਮਹੱਤਵਪੂਰਨ ਦਸ ਵਿਸ਼ਾਗਤ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਦਸ ਪਾਵਰ ਪੁਆਇੰਟਸ ਪੇਸ਼ਕਾਰੀਆਂ ਦਿੱਤੀਆਂ। ਇਹ ਪੇਸ਼ਕਾਰੀਆਂ ਭਾਰਤ ਦੀਆਂ ਕੁਝ ਸਭ ਤੋਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਯੁਵਾ ਨੇਤਾਵਾਂ ਦੁਆਰਾ ਪ੍ਰਸਤਾਵਿਤ ਇਨੋਵੇਟਿਵ ਆਈਡੀਆਜ਼ ਅਤੇ ਸਮਾਧਾਨਾਂ ਨੂੰ ਦਰਸਾਉਂਦੀਆਂ ਹਨ। ਇਹ ਪੇਸ਼ਕਾਰੀਆਂ ਭਾਰਤ ਦੀਆਂ ਕੁਝ ਸਭ ਤੋਂ ਮਹੱਤਵਪੂਰਨ ਚੁਣੌਤੀਆਂ ਨਾਲ ਨਜਿੱਠਣ ਲਈ ਯੁਵਾ ਨੇਤਾਵਾਂ ਦੁਆਰਾ ਪ੍ਰਸਤਾਵਿਤ ਨਵੇਂ ਵਿਚਾਰਾਂ ਅਤੇ ਸਮਾਧਾਨਾਂ ਨੂੰ ਦਰਸਾਉਂਦੀਆਂ ਹਨ।
ਪ੍ਰਧਾਨ ਮੰਤਰੀ ਦਸ ਵਿਸ਼ਿਆਂ ‘ਤੇ ਪ੍ਰਤੀਭਾਗੀਆਂ ਦੁਆਰਾ ਲਿਖੇ ਗਏ ਸਰਵਸ਼੍ਰੇਸ਼ਠ ਲੇਖਾਂ ਦਾ ਸੰਗ੍ਰਹਿ ਵੀ ਜਾਰੀ ਕੀਤਾ। ਇਨ੍ਹਾਂ ਵਿਸ਼ਿਆਂ ਵਿੱਚ ਟੈਕਨੋਲੋਜੀ, ਸਥਿਰਤਾ, ਮਹਿਲਾ ਸਸ਼ਕਤੀਕਰਣ, ਮੈਨੂਫੈਕਚਰਿੰਗ ਅਤੇ ਖੇਤੀਬਾੜੀ ਜਿਹੇ ਵੱਖ-ਵੱਖ ਖੇਤਰ ਸ਼ਾਮਲ ਹਨ।
ਇੱਕ ਅਨੋਖੇ ਹਾਲਾਤ ਵਿੱਚ, ਪ੍ਰਧਾਨ ਮੰਤਰੀ ਯੁਵਾ ਨੇਤਾਵਾਂ ਨਾਲ ਦੁਪਹਿਰ ਦੇ ਭੋਜਨ ਵਿੱਚ ਸ਼ਾਮਲ ਹੋਏ, ਜਿਸ ਨਾਲ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਨਾਲ ਆਪਣੇ ਵਿਚਾਰ, ਤਜ਼ਰਬੇ ਅਤੇ ਇੱਛਾਵਾਂ ਸਿੱਧੇ ਸਾਂਝਾ ਕਰਨ ਦਾ ਅਵਸਰ ਮਿਲਿਆ। ਇਹ ਨਿਜੀ ਗੱਲਬਾਤ ਸ਼ਾਸਨ ਅਤੇ ਯੁਵਾ ਅਕਾਂਖਿਆਵਾਂ ਦਰਮਿਆਨ ਪਾੜੇ ਨੂੰ ਖਤਮ ਕਰੇਗੀ, ਜਿਸ ਨਾਲ ਪ੍ਰਤੀਭਾਗੀਆਂ ਦਰਮਿਆਨ ਮਾਲਕੀ ਅਤੇ ਜ਼ਿੰਮੇਦਾਰੀ ਦੀ ਗਹਿਰੀ ਭਾਵਨਾ ਨੂੰ ਹੁਲਾਰਾ ਮਿਲੇਗਾ।
11 ਜਨਵਰੀ ਤੋਂ ਸ਼ੁਰੂ ਹੋ ਰਹੇ ਇਸ ਸੰਵਾਦ ਦੌਰਾਨ ਯੁਵਾ ਨੇਤਾ ਪ੍ਰਤੀਯੋਗਿਤਾਵਾਂ ਗਤੀਵਿਧੀਆਂ ਅਤੇ ਸੱਭਿਆਚਾਰਕ ਅਤੇ ਵਿਸ਼ਾਗਤ ਪੇਸ਼ਕਾਰੀਆਂ ਵਿੱਚ ਹਿੱਸਾ ਲਿਆ। ਇਸ ਵਿੱਚ ਸਲਾਹਕਾਰਾਂ ਅਤੇ ਡੋਮੇਨ ਮਾਹਿਰਾਂ ਦੀ ਅਗਵਾਈ ਵਿੱਚ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਵੀ ਸ਼ਾਮਲ ਹੈ। ਇਸ ਵਿੱਚ ਭਾਰਤ ਦੀ ਕਲਾਤਮਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੇ ਸੱਭਿਆਚਾਰਕ ਪ੍ਰਦਰਸ਼ਨ ਵੀ ਹੋਏ ਜੋ ਇਸ ਦੀ ਆਧੁਨਿਕ ਤਰੱਕੀ ਦਾ ਪ੍ਰਤੀਕ ਹਨ।
ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਵਿੱਚ ਹਿੱਸਾ ਲੈਣ ਲਈ 3000 ਗਤੀਸ਼ੀਲ ਅਤੇ ਪ੍ਰੇਰਿਤ ਨੌਜਵਾਨਾਂ ਦੀ ਚੋਣ ਵਿਕਸਿਤ ਭਾਰਤ ਚੈਲੇਂਜ ਦੇ ਜ਼ਰੀਏ ਕੀਤੀ ਗਈ ਹੈ, ਜੋ ਪੂਰੇ ਦੇਸ਼ ਤੋਂ ਸਭ ਤੋਂ ਵੱਧ ਉਤਸ਼ਾਹੀ ਅਤੇ ਗਤੀਸ਼ੀਲ ਯੁਵਾ ਪ੍ਰਤਿਭਾਵਾਂ ਪਹਿਚਾਣਨ ਅਤੇ ਉਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਸਾਵਧਾਨੀਪੂਰਵਕ ਤਿਆਰ ਕੀਤਾ ਗਿਆ, ਯੋਗਤਾ-ਅਧਾਰਿਤ ਬਹੁ-ਪੱਧਰੀ ਚੋਣ ਪ੍ਰਕਿਰਿਆ ਹੈ। ਇਸ ਵਿੱਚ 15 ਤੋਂ 29 ਵਰ੍ਹਿਆਂ ਦੇ ਪ੍ਰਤੀਭਾਗੀਆਂ ਦੇ ਤਿੰਨ ਪੜਾਅ ਸ਼ਾਮਲ ਸਨ। ਪਹਿਲਾ ਪੜਾਅ, ਵਿਕਸਿਤ ਭਾਰਤ ਕੁਇਜ਼, ਸਾਰੇ ਰਾਜਾਂ ਦੇ ਨੌਜਵਾਨਾਂ ਦੇ ਹਿੱਸਾ ਲੈਣ ਲਈ 12 ਭਾਸ਼ਾਵਾਂ ਵਿੱਚ ਆਯੋਜਿਤ ਕੀਤਾ ਗਿਆ ਸੀ, ਅਤੇ ਇਸ ਵਿੱਚ ਲਗਭਗ 30 ਲੱਖ ਨੌਜਵਾਨਾਂ ਨੇ ਹਿੱਸਾ ਲਿਆ। ਕੁਇਜ਼ ਵਿੱਚ ਹਿੱਸਾ ਲੈਣ ਵਾਲੇ ਯੋਗ ਪ੍ਰਤੀਭਾਗੀ ਦੂਸਰੇ ਪੜਾਅ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦਸ ਮਹੱਤਵਪੂਰਨ ਵਿਸ਼ਿਆਂ ‘ਤੇ ਆਪਣੇ ਵਿਚਾਰ ਵਿਅਕਤ ਕੀਤੇ, ਜਿਸ ਵਿੱਚ 2 ਲੱਖ ਤੋਂ ਵੱਧ ਲੇਖ ਪੇਸ਼ ਕੀਤੇ ਗਏ। ਤੀਸਰੇ ਪੜਾਅ, ਸਟੇਟ ਰਾਉਂਡ ਵਿੱਚ ਹਰੇਕ ਵਿਸ਼ੇ ਦੇ 25 ਉਮੀਦਵਾਰ ਸਖ਼ਤ ਨਿਜੀ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਲਈ ਪਹੁੰਚੇ। ਹਰੇਕ ਰਾਜ ਨੇ ਹਰ ਟ੍ਰੈਕ ਤੋਂ ਆਪਣੇ ਟੌਪ ਤਿੰਨ ਪ੍ਰਤੀਭਾਗੀਆਂ ਦੀ ਪਹਿਚਾਣ ਕੀਤੀ, ਜਿਸ ਨਾਲ ਦਿੱਲੀ ਵਿੱਚ ਰਾਸ਼ਟਰੀ ਪ੍ਰੋਗਰਾਮ ਲਈ ਗਤੀਸ਼ੀਲ ਟੀਮਾਂ ਬਣੀਆਂ।
ਸਟੇਟ ਚੈਂਪੀਅਨਸ਼ਿਪ ਦੀਆਂ ਟੌਪ 500 ਟੀਮਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਕਸਿਤ ਭਾਰਤ ਚੈਲੇਂਜ ਟ੍ਰੈਕ ਤੋਂ 1500 ਪ੍ਰਤੀਭਾਗੀ, ਰਾਜ ਪੱਧਰੀ ਯੁਵਾ ਮਹੋਤਸਵਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸਾਇੰਸ ਅਤੇ ਟੈਕਨੋਲੋਜੀ ਵਿੱਚ ਇਨੋਵੇਸ਼ਨ ਨਾਲ ਸਬੰਧਿਤ ਪ੍ਰਦਰਸ਼ਨੀਆਂ ਜ਼ਰੀਏ ਚੁਣੇ ਗਏ ਟ੍ਰੈਡੀਸ਼ਨਲ ਟ੍ਰੈਕਸ ਤੋਂ 1000 ਪ੍ਰਤੀਭਾਗੀ; ਅਤੇ ਵੱਖ ਵੱਖ ਖੇਤਰਾਂ ਵਿੱਚ ਆਪਣੇ ਬੇਮਿਸਾਲ ਯੋਗਦਾਨ ਲਈ ਬੁਲਾਏ ਗਏ 500 ਪਾਥਬ੍ਰੇਕਰਸ ਨੇ ਇਸ ਸੰਵਾਦ ਵਿੱਚ ਹਿੱਸਾ ਲਿਆ।
https://twitter.com/narendramodi/status/1878374391311991005
https://twitter.com/PMOIndia/status/1878376290220216624
https://twitter.com/PMOIndia/status/1878378518729326892
https://twitter.com/PMOIndia/status/1878379545524359563
https://twitter.com/PMOIndia/status/1878380471874195932
https://twitter.com/PMOIndia/status/1878380894710378937
https://twitter.com/PMOIndia/status/1878381786461299008
https://youtu.be/vpuhYLf5vU8
***
ਐੱਮਜੇਪੀਐੱਸ/ਐੱਸਆਰ
(Release ID: 2092801)
Visitor Counter : 5
Read this release in:
Telugu
,
Khasi
,
English
,
Urdu
,
Hindi
,
Marathi
,
Bengali
,
Manipuri
,
Bengali-TR
,
Gujarati
,
Odia
,
Tamil
,
Kannada
,
Malayalam