ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

'ਮਨ ਕੀ ਬਾਤ' 114ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.09.2024)

Posted On: 29 SEP 2024 12:09PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਸਾਨੂੰ ਇਕ ਵਾਰ ਫਿਰ ਜੁੜਨ ਦਾ ਮੌਕਾ ਮਿਲਿਆ ਹੈ। ਅੱਜ ਦਾ ਇਹ ਐਪੀਸੋਡ ਮੈਨੂੰ ਭਾਵੁਕ ਕਰਨ ਵਾਲਾ ਹੈ। ਮੈਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨਾਲ ਘਿਰ ਰਿਹਾ ਹਾਂ - ਕਾਰਣ ਇਹ ਹੈ ਕਿ ‘ਮਨ ਦੀ ਬਾਤ’ ਦੀ ਸਾਡੀ ਇਸ ਯਾਤਰਾ ਨੂੰ 10 ਸਾਲ ਪੂਰੇ ਹੋ ਰਹੇ ਹਨ। 10 ਸਾਲ ਪਹਿਲਾਂ ‘ਮਨ ਕੀ ਬਾਤ’ ਦੀ ਸ਼ੁਰੂਆਤ 3 ਅਕਤੂਬਰ ਨੂੰ ਦੁਸਹਿਰੇ ਦੇ ਦਿਨ ਹੋਈ ਸੀ ਅਤੇ ਇਹ ਇੰਨਾ ਪਵਿੱਤਰ ਸੰਯੋਗ ਹੈ ਕਿ ਇਸ ਸਾਲ 3 ਅਕਤੂਬਰ ਨੂੰ ਜਦੋਂ ‘ਮਨ ਕੀ ਬਾਤ’ ਦੇ 10 ਸਾਲ ਪੂਰੇ ਹੋਣਗੇ ਤਾਂ ਨਵਰਾਤਰੇ ਦਾ ਪਹਿਲਾ ਦਿਨ ਹੋਵੇਗਾ। ‘ਮਨ ਕੀ ਬਾਤ’ ਦੀ ਇਸ ਲੰਮੀ ਯਾਤਰਾ ਦੇ ਕਈ ਅਜਿਹੇ ਪੜਾਅ ਹਨ, ਜਿਨ੍ਹਾਂ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ‘ਮਨ ਕੀ ਬਾਤ’ ਦੇ ਕਰੋੜਾਂ ਸਰੋਤੇ ਸਾਡੀ ਇਸ ਯਾਤਰਾ ਦੇ ਅਜਿਹੇ ਸਾਥੀ ਹਨ, ਜਿਨ੍ਹਾਂ ਦਾ ਮੈਨੂੰ ਨਿਰੰਤਰ ਸਹਿਯੋਗ ਮਿਲਦਾ ਰਿਹਾ। ਦੇਸ਼ ਦੇ ਕੋਨੇ-ਕੋਨੇ ਤੋਂ ਉਨ੍ਹਾਂ ਨੇ ਜਾਣਕਾਰੀਆਂ ਉਪਲੱਬਧ ਕਰਵਾਈਆਂ। ‘ਮਨ ਕੀ ਬਾਤ’ ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲੀ ਸੂਤਰਧਾਰ ਹਨ। ਆਮ ਤੌਰ ’ਤੇ ਇਕ ਧਾਰਨਾ ਬਣ ਗਈ ਹੈ ਕਿ ਜਦੋਂ ਤੱਕ ਚਟਪਟੀਆਂ ਗੱਲਾਂ ਨਾ ਹੋਣ, ਨਕਾਰਾਤਮਕ ਗੱਲਾਂ ਨਾ ਹੋਣ, ਉਦੋਂ ਤੱਕ ਉਸ ਨੂੰ ਜ਼ਿਆਦਾ ਤਵੱਜੋ ਨਹੀਂ ਮਿਲਦੀ। ਲੇਕਿਨ ‘ਮਨ ਕੀ ਬਾਤ’ ਨੇ ਸਾਬਿਤ ਕੀਤਾ ਹੈ ਕਿ ਦੇਸ਼ ਦੇ ਲੋਕਾਂ ਵਿੱਚ ਪੋਜ਼ਿਟਿਵ ਜਾਣਕਾਰੀ ਦੀ ਕਿੰਨੀ ਭੁੱਖ ਹੈ। ਪੋਜ਼ਿਟਿਵ ਗੱਲਾਂ, ਪ੍ਰੇਰਣਾ ਨਾਲ ਭਰ ਦੇਣ ਵਾਲੀ ਉਦਾਹਰਣ, ਹੌਂਸਲਾ ਦੇਣ ਵਾਲੀਆਂ ਕਹਾਣੀਆਂ ਲੋਕਾਂ ਨੂੰ ਬਹੁਤ ਪਸੰਦ ਆਉਂਦੀਆਂ ਹਨ। ਜਿਵੇਂ ਇਕ ਪੰਛੀ ਹੁੰਦਾ ਹੈ ‘ਚਕੋਰ’, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਰਫ਼ ਬਰਸਾਤ ਦੀ ਬੂੰਦ ਹੀ ਪੀਂਦਾ ਹੈ। ‘ਮਨ ਕੀ ਬਾਤ’ ਵਿੱਚ ਅਸੀਂ ਵੇਖਿਆ ਕਿ ਲੋਕ ਵੀ ‘ਚਕੋਰ’ ਪੰਛੀ ਦੇ ਵਾਂਗ ਦੇਸ਼ ਦੀਆਂ ਪ੍ਰਾਪਤੀਆਂ ਨੂੰ, ਲੋਕਾਂ ਦੀਆਂ ਸਮੂਹਿਕ ਪ੍ਰਾਪਤੀਆਂ ਨੂੰ ਕਿੰਨੇ ਮਾਣ ਨਾਲ ਸੁਣਦੇ ਹਨ। ‘ਮਨ ਕੀ ਬਾਤ’ ਦੀ 10 ਸਾਲ ਦੀ ਯਾਤਰਾ ਨੇ ਇਕ ਅਜਿਹੀ ਮਾਲਾ ਤਿਆਰ ਕੀਤੀ ਹੈ, ਜਿਸ ਵਿੱਚ ਹਰ ਐਪੀਸੋਡ ਦੇ ਨਾਲ ਨਵੀਆਂ ਕਹਾਣੀਆਂ, ਨਵੇਂ ਰਿਕਾਰਡ, ਨਵੀਆਂ ਸ਼ਖਸੀਅਤਾਂ ਜੁੜ ਜਾਂਦੀਆਂ ਹਨ। ਸਾਡੇ ਸਮਾਜ ਵਿੱਚ ਸਮੂਹਿਕਤਾ ਦੀ ਭਾਵਨਾ ਦੇ ਨਾਲ ਜੋ ਵੀ ਕੰਮ ਹੋ ਰਿਹਾ ਹੋਵੇ, ਉਸ ਨੂੰ ‘ਮਨ ਕੀ ਬਾਤ’ ਦੇ ਨਾਲ ਸਨਮਾਨ ਮਿਲਦਾ ਹੈ। ਮੇਰਾ ਮਨ ਵੀ ਉਦੋਂ ਮਾਣ ਨਾਲ ਭਰ ਜਾਂਦਾ ਹੈ, ਜਦੋਂ ਮੈਂ ‘ਮਨ ਕੀ ਬਾਤ’ ਦੇ ਲਈ ਆਈਆਂ ਚਿੱਠੀਆਂ ਨੂੰ ਪੜ੍ਹਦਾ ਹਾਂ। ਸਾਡੇ ਦੇਸ਼ ਵਿੱਚ ਕਿੰਨੇ ਪ੍ਰਤਿਭਾਵਾਨ ਲੋਕ ਹਨ, ਉਨ੍ਹਾਂ ਵਿੱਚ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦਾ ਕਿੰਨਾ ਜਜ਼ਬਾ ਹੈ। ਉਹ ਲੋਕਾਂ ਦੀ ਨਿਰਸੁਆਰਥ ਭਾਵ ਨਾਲ ਸੇਵਾ ਕਰਨ ਵਿੱਚ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੰਦੇ ਹਨ। ਉਨ੍ਹਾਂ ਦੇ ਬਾਰੇ ਜਾਣ ਕੇ ਮੈਂ ਊਰਜਾ ਨਾਲ ਭਰ ਜਾਂਦਾ ਹਾਂ। ‘ਮਨ ਕੀ ਬਾਤ’ ਦੀ ਇਹ ਪੂਰੀ ਪ੍ਰਕਿਰਿਆ ਮੇਰੇ ਲਈ ਅਜਿਹੀ ਹੈ, ਜਿਵੇਂ ਮੰਦਿਰ ਜਾ ਕੇ ਈਸ਼ਵਰ ਦੇ ਦਰਸ਼ਨ ਕਰਨੇ। ‘ਮਨ ਕੀ ਬਾਤ’ ਦੀ ਹਰ ਗੱਲ ਨੂੰ, ਹਰ ਘਟਨਾ ਨੂੰ, ਹਰ ਚਿੱਠੀ ਨੂੰ ਮੈਂ ਯਾਦ ਕਰਦਾ ਹਾਂ ਤਾਂ ਇੰਝ ਲੱਗਦਾ ਹੈ ਕਿ ਮੈਂ ਜਨਤਾ-ਜਨਾਰਦਨ, ਜੋ ਮੇਰੇ ਲਈ ਈਸ਼ਵਰ ਦਾ ਰੂਪ ਹੈ, ਮੈਂ ਉਨ੍ਹਾਂ ਦਾ ਦਰਸ਼ਨ ਕਰ ਰਿਹਾ ਹਾਂ।

ਸਾਥੀਓ, ਮੈਂ ਅੱਜ ਦੂਰਦਰਸ਼ਨ, ਪ੍ਰਸਾਰ ਭਾਰਤੀ ਅਤੇ ਆਲ ਇੰਡੀਆ ਰੇਡੀਓ ਨਾਲ ਜੁੜੇ ਸਾਰੇ ਲੋਕਾਂ ਦੀ ਵੀ ਸ਼ਲਾਘਾ ਕਰਾਂਗਾ, ਉਨ੍ਹਾਂ ਦੇ ਅਣਥੱਕ ਯਤਨਾਂ ਨਾਲ ‘ਮਨ ਕੀ ਬਾਤ’ ਇਸ ਮਹੱਤਵਪੂਰਣ ਪੜਾਅ ਤੱਕ ਪਹੁੰਚਿਆ ਹੈ। ਮੈਂ ਵੱਖ-ਵੱਖ ਟੀ. ਵੀ. ਚੈਨਲਾਂ, ਖੇਤਰੀ ਟੀ. ਵੀ. ਚੈਨਲਾਂ ਦਾ ਵੀ ਧੰਨਵਾਦੀ ਹਾਂ, ਜਿਨ੍ਹਾਂ ਨੇ ਲਗਾਤਾਰ ਇਸ ਨੂੰ ਵਿਖਾਇਆ ਹੈ। ‘ਮਨ ਕੀ ਬਾਤ’ ਦੇ ਨਾਲ ਅਸੀਂ ਜਿਨ੍ਹਾਂ ਮੁੱਦਿਆਂ ਨੂੰ ਚੁੱਕਿਆ, ਉਨ੍ਹਾਂ ਨੂੰ ਲੈ ਕੇ ਕਈ ਮੀਡੀਆ ਹਾਊਸਿਜ਼ ਨੇ ਮੁਹਿੰਮ ਵੀ ਚਲਾਈ। ਮੈਂ ਪ੍ਰਿੰਟ ਮੀਡੀਆ ਨੂੰ ਵੀ ਧੰਨਵਾਦ ਦਿੰਦਾ ਹਾਂ ਕਿ ਉਨ੍ਹਾਂ ਨੇ ਇਸ ਨੂੰ ਘਰ-ਘਰ ਤੱਕ ਪਹੁੰਚਾਇਆ, ਮੈਂ ਉਨ੍ਹਾਂ ਯੂ-ਟਿਊਬਰਜ਼ ਨੂੰ ਵੀ ਧੰਨਵਾਦ ਦੇਵਾਂਗਾ, ਜਿਨ੍ਹਾਂ ਨੇ ‘ਮਨ ਕੀ ਬਾਤ’ ਦੇ ਅਨੇਕਾਂ ਪ੍ਰੋਗਰਾਮ ਕੀਤੇ। ਇਸ ਪ੍ਰੋਗਰਾਮ ਨੂੰ ਦੇਸ਼ ਦੀਆਂ 22 ਭਾਸ਼ਾਵਾਂ ਦੇ ਨਾਲ, 12 ਵਿਦੇਸ਼ੀ ਭਾਸ਼ਾਵਾਂ ਵਿੱਚ ਵੀ ਸੁਣਿਆ ਜਾ ਸਕਦਾ ਹੈ। ਮੈਨੂੰ ਚੰਗਾ ਲੱਗਦਾ ਹੈ, ਜਦੋਂ ਲੋਕ ਇਹ ਕਹਿੰਦੇ ਹਨ ਕਿ ਉਨ੍ਹਾਂ ਨੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਆਪਣੀ ਸਥਾਨਕ ਭਾਸ਼ਾ ਵਿੱਚ ਸੁਣਿਆ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ‘ਮਨ ਕੀ ਬਾਤ’ ਪ੍ਰੋਗਰਾਮ ’ਤੇ ਅਧਾਰਿਤ ਇਕ ਕਵਿਜ਼ ਕੰਪੀਟੀਸ਼ਨ ਵੀ ਚੱਲ ਰਿਹਾ ਹੈ, ਜਿਸ ਵਿੱਚ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ। mygov.in ’ਤੇ ਜਾ ਕੇ ਤੁਸੀਂ ਇਸ ਕੰਪੀਟੀਸ਼ਨ ਵਿੱਚ ਹਿੱਸਾ ਲੈ ਸਕਦੇ ਹੋ ਅਤੇ ਇਨਾਮ ਵੀ ਜਿੱਤ ਸਕਦੇ ਹੋ। ਅੱਜ ਇਸ ਮਹੱਤਵਪੂਰਣ ਪੜਾਅ ’ਤੇ ਮੈਂ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਮੰਗਦਾ ਹਾਂ। ਪਵਿੱਤਰ ਮਨ ਅਤੇ ਪੂਰੇ ਸਮਰਪਣ ਭਾਵ ਨਾਲ ਮੈਂ ਇਸੇ ਤਰ੍ਹਾਂ ਭਾਰਤ ਦੇ ਲੋਕਾਂ ਦੀ ਮਹਾਨਤਾ ਦੇ ਗੀਤ ਗਾਉਂਦਾ ਰਹਾਂ। ਦੇਸ਼ ਦੀ ਸਮੂਹਿਕ ਸ਼ਕਤੀ ਨੂੰ ਅਸੀਂ ਸਾਰੇ ਇਸੇ ਤਰ੍ਹਾਂ ਸੈਲੀਬ੍ਰੇਟ ਕਰਦੇ ਰਹੀਏ - ਇਹੀ ਮੇਰੀ ਈਸ਼ਵਰ ਅੱਗੇ ਪ੍ਰਾਰਥਨਾ ਹੈ, ਜਨਤਾ-ਜਨਾਰਦਨ ਅੱਗੇ ਬੇਨਤੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੇ ਕੁਝ ਹਫ਼ਤਿਆਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ਬਰਦਸਤ ਬਾਰਿਸ਼ ਹੋ ਰਹੀ ਹੈ। ਬਾਰਿਸ਼ ਦਾ ਇਹ ਮੌਸਮ ਸਾਨੂੰ ਯਾਦ ਦਿਵਾਉਂਦਾ ਹੈ ਕਿ ‘ਜਲ-ਸੰਭਾਲ’ ਕਿੰਨਾ ਜ਼ਰੂਰੀ ਹੈ, ਪਾਣੀ ਬਚਾਉਣਾ ਕਿੰਨਾ ਜ਼ਰੂਰੀ ਹੈ। ਬਾਰਿਸ਼ ਦੇ ਦਿਨਾਂ ਵਿੱਚ ਬਚਾਇਆ ਗਿਆ ਪਾਣੀ ਜਲ-ਸੰਕਟ ਦੇ ਮਹੀਨਿਆਂ ਵਿੱਚ ਬਹੁਤ ਮਦਦ ਕਰਦਾ ਹੈ ਅਤੇ ਇਹੀ ‘Catch The Rain’ ਵਰਗੀਆਂ ਮੁਹਿੰਮਾਂ ਦੀ ਭਾਵਨਾ ਹੈ। ਮੈਨੂੰ ਖੁਸ਼ੀ ਹੈ ਕਿ ਪਾਣੀ ਦੀ ਸੰਭਾਲ ਲਈ ਕਈ ਲੋਕ ਨਵੀਂ ਪਹਿਲ ਕਰ ਰਹੇ ਹਨ। ਅਜਿਹਾ ਹੀ ਇਕ ਯਤਨ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਵੇਖਣ ਨੂੰ ਮਿਲਿਆ ਹੈ, ਤੁਸੀਂ ਜਾਣਦੇ ਹੀ ਹੋ ‘ਝਾਂਸੀ’ ਬੁੰਦੇਲਖੰਡ ਵਿੱਚ ਹੈ, ਜਿਸ ਦੀ ਪਛਾਣ, ਪਾਣੀ ਦੀ ਕਿੱਲਤ ਨਾਲ ਜੁੜੀ ਹੋਈ ਹੈ। ਇੱਥੇ, ਝਾਂਸੀ ਵਿੱਚ ਕੁਝ ਔਰਤਾਂ ਨੇ ਘੁਰਾਰੀ ਨਦੀ ਨੂੰ ਨਵਾਂ ਜੀਵਨ ਦਿੱਤਾ ਹੈ। ਇਹ ਔਰਤਾਂ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਹਨ ਅਤੇ ਉਨ੍ਹਾਂ ਨੇ ‘ਜਲ ਸਹੇਲੀ’ ਬਣ ਕੇ ਇਸ ਮੁਹਿੰਮ ਦੀ ਅਗਵਾਈ ਕੀਤੀ ਹੈ। ਇਨ੍ਹਾਂ ਔਰਤਾਂ ਨੇ ਸੁੱਕ ਚੁੱਕੀ ਘੁਰਾਰੀ ਨਦੀ ਨੂੰ ਜਿਸ ਤਰ੍ਹਾਂ ਨਾਲ ਬਚਾਇਆ ਹੈ, ਉਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਇਨ੍ਹਾਂ ਜਲ ਸਹੇਲੀਆਂ ਨੇ ਬੋਰੀਆਂ ਵਿੱਚ ਰੇਤਾ ਭਰ ਕੇ ਚੈਕ ਡੈਮ (check dam) ਤਿਆਰ ਕੀਤਾ, ਬਾਰਿਸ਼ ਦਾ ਪਾਣੀ ਬਰਬਾਦ ਹੋਣ ਤੋਂ ਰੋਕਿਆ ਅਤੇ ਨਦੀ ਨੂੰ ਪਾਣੀ ਨਾਲ ਉੱਪਰ ਤੱਕ ਭਰ ਦਿੱਤਾ। ਇਨ੍ਹਾਂ ਔਰਤਾਂ ਨੇ ਸੈਂਕੜੇ ਤਲਾਬਾਂ ਦੇ ਨਿਰਮਾਣ ਅਤੇ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲਿਆ ਹੈ। ਇਸ ਨਾਲ ਇਸ ਖੇਤਰ ਦੇ ਲੋਕਾਂ ਦੀ ਪਾਣੀ ਦੀ ਸਮੱਸਿਆ ਤਾਂ ਦੂਰ ਹੋਈ ਹੀ ਹੈ, ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀਆਂ ਵੀ ਪਰਤ ਆਈਆਂ ਹਨ।

ਸਾਥੀਓ, ਕਿਤੇ ਨਾਰੀ ਸ਼ਕਤੀ, ਜਲ ਸ਼ਕਤੀ ਨੂੰ ਵਧਾਉਂਦੀ ਹੈ ਤੇ ਕਿਤੇ ਜਲ ਸ਼ਕਤੀ ਵੀ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਦੀ ਹੈ। ਮੈਨੂੰ ਮੱਧ ਪ੍ਰਦੇਸ਼ ਦੇ ਦੋ ਬੜੇ ਹੀ ਪ੍ਰੇਰਣਾਦਾਇਕ ਯਤਨਾਂ ਦੀ ਜਾਣਕਾਰੀ ਮਿਲੀ ਹੈ। ਇੱਥੇ ਡਿੰਡੌਰੀ ਦੇ ਰਾਏਪੁਰਾ ਪਿੰਡ ਵਿੱਚ ਇਕ ਵੱਡੇ ਤਲਾਬ ਵਿੱਚ ਨਿਰਮਾਣ ਨਾਲ ਭੂ-ਜਲ ਦਾ ਪੱਧਰ ਕਾਫੀ ਵਧ ਗਿਆ ਹੈ। ਇਸ ਦਾ ਲਾਭ ਇਸ ਪਿੰਡ ਦੀਆਂ ਔਰਤਾਂ ਨੂੰ ਮਿਲਿਆ। ਇੱਥੇ ‘ਸ਼ਾਰਦਾ, ਅਜੀਵਿਕਾ, ਸਵੈ ਸਹਾਇਤਾ ਸਮੂਹ’ ਇਸ ਨਾਲ ਜੁੜੀਆਂ ਔਰਤਾਂ ਨੂੰ ਮੱਛੀ ਪਾਲਣ ਦਾ ਨਵਾਂ ਰੋਜ਼ਗਾਰ ਵੀ ਮਿਲ ਗਿਆ। ਇਨ੍ਹਾਂ ਔਰਤਾਂ ਨੇ ਫਿਸ਼ ਪਾਰਲਰ ਵੀ ਸ਼ੁਰੂ ਕੀਤਾ ਹੈ, ਜਿੱਥੇ ਹੋਣ ਵਾਲੀਆਂ ਮੱਛੀਆਂ ਦੀ ਵਿਕਰੀ ਨਾਲ ਉਨ੍ਹਾਂ ਦੀ ਆਮਦਨੀ ਵੀ ਵਧ ਰਹੀ ਹੈ। ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਵੀ ਔਰਤਾਂ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਇੱਥੋਂ ਦੇ ਖੋਂਪ ਪਿੰਡ ਦਾ ਵੱਡਾ ਤਲਾਬ ਜਦੋਂ ਸੁੱਕਣ ਲੱਗਾ ਤਾਂ ਔਰਤਾਂ ਨੇ ਇਸ ਨੂੰ ਮੁੜ ਸੁਰਜੀਤ ਕਰਨ ਦਾ ਜ਼ਿੰਮਾ ਚੁੱਕਿਆ। ‘ਹਰੀ ਬਗੀਆ ਸਵੈ-ਸਹਾਇਤਾ ਸਮੂਹ’ ਦੀਆਂ ਇਨ੍ਹਾਂ ਔਰਤਾਂ ਨੇ ਤਲਾਬ ਤੋਂ ਵੱਡੀ ਮਾਤਰਾ ਵਿੱਚ ਗਾਰਾ ਕੱਢਿਆ। ਤਲਾਬ ਵਿੱਚੋਂ ਜੋ ਗਾਰਾ ਨਿਕਲਿਆ, ਉਸ ਦੀ ਵਰਤੋਂ ਉਨ੍ਹਾਂ ਨੇ ਬੰਜਰ ਜ਼ਮੀਨ ’ਤੇ ਫਰੂਟ ਫੌਰੈਸਟ ਤਿਆਰ ਕਰਨ ਦੇ ਲਈ ਕੀਤੀ। ਇਨ੍ਹਾਂ ਔਰਤਾਂ ਦੀ ਮਿਹਨਤ ਨਾਲ ਨਾ ਸਿਰਫ ਤਲਾਬ ਵਿੱਚ ਚੰਗੀ ਤਰ੍ਹਾਂ ਪਾਣੀ ਭਰ ਗਿਆ, ਸਗੋਂ ਫਸਲਾਂ ਦੀ ਪੈਦਾਵਾਰ ਵੀ ਕਾਫੀ ਵਧੀ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਹੋ ਰਹੇ ‘ਜਲ ਸੰਭਾਲ’ ਦੇ ਇਹ ਯਤਨ ਪਾਣੀ ਦੇ ਸੰਕਟ ਨਾਲ ਨਿਬੜਨ ਵਿੱਚ ਬਹੁਤ ਮਦਦਗਾਰ ਸਾਬਿਤ ਹੋਣ ਵਾਲੇ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਵੀ ਆਪਣੇ ਆਲੇ-ਦੁਆਲੇ ਹੋ ਰਹੇ ਅਜਿਹੇ ਯਤਨਾਂ ਦੇ ਨਾਲ ਜ਼ਰੂਰ ਜੁੜੋਗੇ।

ਮੇਰੇ ਪਿਆਰੇ ਦੇਸ਼ਵਾਸੀਓ, ਉੱਤਰਾਖੰਡ ਦੇ ਉੱਤਰ ਕਾਸ਼ੀ ਵਿੱਚ ਇਕ ਸਰਹੱਦੀ ਪਿੰਡ ਹੈ ‘ਝਾਲਾ’, ਇੱਥੋਂ ਦੇ ਨੌਜਵਾਨਾਂ ਨੇ ਆਪਣੇ ਪਿੰਡ ਨੂੰ ਸਾਫ-ਸੁਥਰਾ ਰੱਖਣ ਦੇ ਲਈ ਇਕ ਖਾਸ ਪਹਿਲ ਸ਼ੁਰੂ ਕੀਤੀ ਹੈ। ਉਹ ਆਪਣੇ ਪਿੰਡ ਵਿੱਚ ‘ਧਨਯਵਾਦ ਪ੍ਰਕਿਰਤੀ’ ਜਾਂ ਕਹੋ ‘ਥੈਂਕਯੂ ਨੇਚਰ’ ਮੁਹਿੰਮ ਚਲਾ ਰਹੇ ਹਨ। ਇਸ ਦੇ ਤਹਿਤ ਪਿੰਡ ਵਿੱਚ ਰੋਜ਼ਾਨਾ ਦੋ ਘੰਟੇ ਸਫਾਈ ਕੀਤੀ ਜਾਂਦੀ ਹੈ, ਪਿੰਡ ਦੀਆਂ ਗਲੀਆਂ ਵਿੱਚ ਖਿਲਰੇ ਹੋਏ ਕੂੜੇ ਨੂੰ ਸਮੇਟ ਕੇ ਉਸ ਨੂੰ ਪਿੰਡ ਦੇ ਬਾਹਰ ਤੈਅ ਜਗ੍ਹਾ ’ਤੇ ਸੁੱਟਿਆ ਜਾਂਦਾ ਹੈ। ਇਸ ਨਾਲ ਝਾਲਾ ਪਿੰਡ ਵੀ ਸਵੱਛ ਹੋ ਰਿਹਾ ਹੈ ਅਤੇ ਲੋਕ ਜਾਗਰੂਕ ਵੀ ਹੋ ਰਹੇ ਹਨ। ਤੁਸੀਂ ਸੋਚੋ ਜੇਕਰ ਇੰਝ ਹੀ ਹਰ ਪਿੰਡ, ਹਰ ਗਲੀ, ਹਰ ਮੁਹੱਲਾ ਆਪਣੇ ਇੱਥੇ ਇੰਝ ਹੀ ‘ਥੈਂਕਯੂ’ ਮੁਹਿੰਮ ਸ਼ੁਰੂ ਕਰ ਦੇਵੇ ਤਾਂ ਕਿੰਨਾ ਵੱਡਾ ਪਰਿਵਰਤਨ ਆ ਸਕਦਾ ਹੈ।

ਸਾਥੀਓ, ਸਵੱਛਤਾ ਨੂੰ ਲੈ ਕੇ ਪੁੱਡੂਚੇਰੀ ਦੇ ਸਮੁੰਦਰ ਤਟ ’ਤੇ ਵੀ ਜ਼ਬਰਦਸਤ ਮੁਹਿੰਮ ਚਲਾਈ ਜਾ ਰਹੀ ਹੈ। ਇੱਥੇ ਰੰਮਿਆ ਜੀ ਨਾਂ ਦੀ ਮਹਿਲਾ, ਮਾਹੇ ਮਿਊਂਸੀਪਲਟੀ ਅਤੇ ਇਸ ਦੇ ਆਸ-ਪਾਸ ਦੇ ਖੇਤਰ ਦੇ ਨੌਜਵਾਨਾਂ ਦੀ ਇਕ ਟੀਮ ਦੀ ਅਗਵਾਈ ਕਰ ਰਹੀ ਹੈ। ਇਸ ਟੀਮ ਦੇ ਲੋਕ ਆਪਣੇ ਯਤਨਾਂ ਨਾਲ ਮਾਹੇ ਖੇਤਰ ਅਤੇ ਖਾਸ ਕਰਕੇ ਉੱਥੋਂ ਦੇ ਬੀਚਿਜ਼ ਨੂੰ ਪੂਰੀ ਤਰ੍ਹਾਂ ਸਾਫ-ਸੁਥਰਾ ਬਣਾ ਰਹੇ ਹਨ।

ਸਾਥੀਓ, ਮੈਂ ਇੱਥੇ ਸਿਰਫ ਦੋ ਯਤਨਾਂ ਦੀ ਚਰਚਾ ਕੀਤੀ ਹੈ, ਲੇਕਿਨ ਅਸੀਂ ਆਸ-ਪਾਸ ਵੇਖੀਏ ਤਾਂ ਪਤਾ ਲਗੇਗਾ ਕਿ ਦੇਸ਼ ਦੇ ਹਰ ਹਿੱਸੇ ਵਿੱਚ ਸਵੱਛਤਾ ਨੂੰ ਲੈ ਕੇ ਕੋਈ ਨਾ ਕੋਈ ਅਨੋਖਾ ਯਤਨ ਜ਼ਰੂਰ ਚੱਲ ਰਿਹਾ ਹੈ। ਕੁਝ ਹੀ ਦਿਨਾਂ ਬਾਅਦ ਆਉਣ ਵਾਲੇ 2 ਅਕਤੂਬਰ ਨੂੰ ‘ਸਵੱਛ ਮਿਸ਼ਨ ਭਾਰਤ’ ਦੇ 10 ਸਾਲ ਪੂਰੇ ਹੋ ਰਹੇ ਹਨ। ਇਹ ਮੌਕਾ ਉਨ੍ਹਾਂ ਲੋਕਾਂ ਦੇ ਸਨਮਾਨ ਦਾ ਹੈ, ਜਿਨ੍ਹਾਂ ਨੇ ਇਸ ਨੂੰ ਭਾਰਤੀ ਇਤਿਹਾਸ ਦਾ ਇੰਨਾ ਵੱਡਾ ਜਨ ਅੰਦੋਲਨ ਬਣਾ ਦਿੱਤਾ। ਇਹ ਮਹਾਤਮਾ ਗਾਂਧੀ ਜੀ ਨੂੰ ਸੱਚੀ ਸ਼ਰਧਾਂਜਲੀ ਹੈ ਜੋ ਜੀਵਨ ਭਰ ਇਸ ਉਦੇਸ਼ ਦੇ ਲਈ ਸਮਰਪਿਤ ਰਹੇ।

ਸਾਥੀਓ, ਅੱਜ ਇਹ ਸਵੱਛ ਭਾਰਤ ਮਿਸ਼ਨ ਦੀ ਹੀ ਸਫਲਤਾ ਹੈ ਕਿ ‘ਵੇਸਟ ਟੂ ਵੈਲਥ’ ਦਾ ਮੰਤਰ ਲੋਕਾਂ ਵਿੱਚ ਹਰਮਨਪਿਆਰਾ ਹੋ ਰਿਹਾ ਹੈ। ਲੋਕ ‘ਰੀਡਿਊਸ, ਰੀਯੂਜ਼ ਅਤੇ ਰੀਸਾਈਕਲ’ ’ਤੇ ਗੱਲ ਕਰਨ ਲੱਗੇ ਹਨ। ਉਸ ਦੀ ਉਦਾਹਰਣ ਦੇਣ ਲੱਗੇ ਹਨ। ਹੁਣ ਜਿਵੇਂ ਮੈਨੂੰ ਕੇਰਲਾ ਵਿੱਚ ਕੋਝੀਕੋਡ ਵਿੱਚ ਇਕ ਸ਼ਾਨਦਾਰ ਯਤਨ ਬਾਰੇ ਪਤਾ ਲੱਗਿਆ, ਇੱਥੇ 74 ਸਾਲਾਂ ਦੇ ਸੁਭਰਾਮਣਿਅਮ ਜੀ 23 ਹਜ਼ਾਰ ਤੋਂ ਜ਼ਿਆਦਾ ਕੁਰਸੀਆਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਦੁਬਾਰਾ ਕੰਮ ਆਉਣ ਲਾਇਕ ਬਣਾ ਚੁਕੇ ਹਨ। ਲੋਕ ਤਾਂ ਉਨ੍ਹਾਂ ਨੂੰ ‘ਰੀਡਿਊਸ, ਰੀਯੂਜ਼ ਅਤੇ ਰੀਸਾਈਕਲ’ ਯਾਨੀ ਆਰਆਰਆਰ ਚੈਂਪੀਅਨ ਵੀ ਕਹਿੰਦੇ ਹਨ। ਉਨ੍ਹਾਂ ਦੇ ਇਨ੍ਹਾਂ ਅਨੋਖੇ ਯਤਨਾਂ ਨੂੰ ਕੋਝੀਕੋਡ ਸਿਵਿਲ ਸਟੇਸ਼ਨ, ਪੀ. ਡਬਲਿਊ. ਡੀ. ਅਤੇ ਐੱਲ. ਆਈ. ਸੀ. ਦੇ ਦਫ਼ਤਰਾਂ ਵਿੱਚ ਵੇਖਿਆ ਜਾ ਸਕਦਾ ਹੈ।

ਸਾਥੀਓ, ਸਵੱਛਤਾ ਨੂੰ ਲੈ ਕੇ ਜਾਰੀ ਮੁਹਿੰਮ ਨਾਲ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਨਾ ਹੈ ਅਤੇ ਇਹ ਇਕ ਮੁਹਿੰਮ ਕਿਸੇ ਇਕ ਦਿਨ ਦੀ, ਇਕ ਸਾਲ ਦੀ ਨਹੀਂ ਹੁੰਦੀ, ਇਹ ਯੁਗਾਂ-ਯੁਗਾਂ ਤੱਕ ਨਿਰੰਤਰ ਚੱਲਣ ਵਾਲਾ ਕੰਮ ਹੈ। ਇਹ ਜਦੋਂ ਤੱਕ ਸਾਡਾ ਸੁਭਾਅ ਨਾ ਬਣ ਜਾਵੇ ‘ਸਵੱਛਤਾ’ ਉਦੋਂ ਤੱਕ ਕਰਨ ਦਾ ਕੰਮ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਪਰਿਵਾਰ, ਦੋਸਤਾਂ, ਗੁਆਂਢੀਆਂ ਜਾਂ ਸਹਿਕਰਮੀਆਂ ਦੇ ਨਾਲ ਮਿਲ ਕੇ ਸਵੱਛਤਾ ਮੁਹਿੰਮ ਵਿੱਚ ਹਿੱਸਾ ਜ਼ਰੂਰ ਲਓ। ਮੈਂ ਇਕ ਵਾਰ ਫਿਰ ‘ਸਵੱਛ ਭਾਰਤ ਮਿਸ਼ਨ’ ਦੀ ਸਫਲਤਾ ’ਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਸਾਨੂੰ ਸਾਰਿਆਂ ਨੂੰ ਆਪਣੀ ਵਿਰਾਸਤ ’ਤੇ ਬਹੁਤ ਫ਼ਖਰ ਹੈ ਅਤੇ ਮੈਂ ਤਾਂ ਹਮੇਸ਼ਾ ਕਹਿੰਦਾ ਹਾਂ ‘ਵਿਕਾਸ ਵੀ ਵਿਰਾਸਤ ਵੀ’। ਇਹੀ ਵਜ੍ਹਾ ਹੈ ਕਿ ਮੈਨੂੰ ਹੁਣੇ ਜਿਹੇ ਹੀ ਆਪਣੀ ਅਮਰੀਕਾ ਯਾਤਰਾ ਦੇ ਇਕ ਖ਼ਾਸ ਪੱਖ ਨੂੰ ਲੈ ਕੇ ਬਹੁਤ ਸਾਰੇ ਸੰਦੇਸ਼ ਮਿਲੇ ਹਨ। ਇਕ ਵਾਰ ਫਿਰ ਸਾਡੀਆਂ ਪ੍ਰਾਚੀਨ ਕਲਾਕ੍ਰਿਤੀਆਂ ਦੀ ਵਾਪਸੀ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ। ਮੈਂ ਇਸ ਬਾਰੇ ਤੁਹਾਡੇ ਸਾਰਿਆਂ ਦੀਆਂ ਭਾਵਨਾਵਾਂ ਨੂੰ ਸਮਝ ਸਕਦਾ ਹਾਂ ਅਤੇ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਵੀ ਇਸ ਬਾਰੇ ਦੱਸਣਾ ਚਾਹੁੰਦਾ ਹਾਂ।

ਸਾਥੀਓ, ਅਮਰੀਕਾ ਦੀ ਮੇਰੀ ਯਾਤਰਾ ਦੌਰਾਨ ਅਮਰੀਕੀ ਸਰਕਾਰ ਨੇ ਭਾਰਤ ਨੂੰ ਲਗਭਗ 300 ਪ੍ਰਾਚੀਨ ਕਲਾਕ੍ਰਿਤੀਆਂ ਵਾਪਸ ਕੀਤੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਨੇ ਪੂਰਾ ਆਪਣਾਪਨ ਦਿਖਾਉਂਦੇ ਹੋਏ ਡੇਲਾਵੇਅਰ ਦੀ ਆਪਣੀ ਨਿਜੀ ਰਿਹਾਇਸ਼ ਵਿੱਚ ਇਨ੍ਹਾਂ ਵਿੱਚੋਂ ਕੁਝ ਕਲਾਕ੍ਰਿਤੀਆਂ ਮੈਨੂੰ ਵਿਖਾਈਆਂ। ਵਾਪਸ ਕੀਤੀਆਂ ਗਈਆਂ ਕਲਾਕ੍ਰਿਤੀਆਂ ਟੈਰਾਕੋਟਾ, ਸਟੋਨ, ਹਾਥੀ ਦੰਦ, ਲੱਕੜੀ, ਤਾਂਬੇ ਅਤੇ ਕਾਂਸੇ ਵਰਗੀਆਂ ਚੀਜ਼ਾਂ ਨਾਲ ਬਣੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਕਈ ਤਾਂ 4 ਹਜ਼ਾਰ ਸਾਲ ਪੁਰਾਣੀਆਂ ਹਨ। 4 ਹਜ਼ਾਰ ਸਾਲ ਪੁਰਾਣੀਆਂ ਕਲਾਕ੍ਰਿਤੀਆਂ ਤੋਂ ਲੈ ਕੇ 19ਵੀਂ ਸਦੀ ਤੱਕ ਦੀਆਂ ਕਲਾਕ੍ਰਿਤੀਆਂ ਨੂੰ ਅਮਰੀਕਾ ਨੇ ਵਾਪਸ ਕੀਤੀਆਂ ਹਨ - ਇਨ੍ਹਾਂ ਵਿੱਚ ਫੁੱਲਦਾਨ, ਦੇਵੀ-ਦੇਵਤਿਆਂ ਦੀਆਂ ਟੈਰਾਕੋਟਾ ਤਖ਼ਤੀਆਂ, ਜੈਨ ਤੀਰਥੰਕਰਾਂ ਦੀਆਂ ਮੂਰਤੀਆਂ ਤੋਂ ਇਲਾਵਾ ਭਗਵਾਨ ਬੁੱਧ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਮੂਰਤੀਆਂ ਵੀ ਸ਼ਾਮਲ ਹਨ। ਵਾਪਸ ਕੀਤੀਆਂ ਗਈਆਂ ਚੀਜ਼ਾਂ ਵਿੱਚ ਪਸ਼ੂਆਂ ਦੀਆਂ ਕਈ ਆਕ੍ਰਿਤੀਆਂ ਵੀ ਹਨ। ਪੁਰਸ਼ ਅਤੇ ਮਹਿਲਾਵਾਂ ਦੀਆਂ ਆਕ੍ਰਿਤੀਆਂ ਵਾਲੀ ਜੰਮੂ-ਕਸ਼ਮੀਰ ਦੀ ਟੈਰਾਕੋਟਾ ਟਾਈਲ ਤਾਂ ਬਹੁਤ ਹੀ ਦਿਲਚਸਪ ਹੈ ਤੇ ਇਨ੍ਹਾਂ ਵਿੱਚ ਕਾਂਸੇ ਦੀਆਂ ਬਣੀਆਂ ਭਗਵਾਨ ਸ਼੍ਰੀ ਗਣੇਸ਼ ਦੀਆਂ ਮੂਰਤੀਆਂ ਵੀ ਹਨ ਜੋ ਦੱਖਣ ਭਾਰਤ ਦੀਆਂ ਹਨ। ਵਾਪਸ ਕੀਤੀਆਂ ਗਈਆਂ ਚੀਜ਼ਾਂ ਵਿੱਚ ਵੱਡੀ ਗਿਣਤੀ ਵਿੱਚ ਭਗਵਾਨ ਵਿਸ਼ਨੂੰ ਦੀਆਂ ਤਸਵੀਰਾਂ ਵੀ ਹਨ। ਇਹ ਮੁੱਖ ਰੂਪ ਵਿੱਚ ਉੱਤਰ ਅਤੇ ਦੱਖਣ ਭਾਰਤ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਕਲਾਕ੍ਰਿਤੀਆਂ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਸਾਡੇ ਪੁਰਖੇ ਬਾਰੀਕੀਆਂ ਦਾ ਕਿੰਨਾ ਧਿਆਨ ਰੱਖਦੇ ਸਨ। ਕਲਾ ਬਾਰੇ ਉਨ੍ਹਾਂ ਵਿੱਚ ਬੇਹੱਦ ਸੂਝਬੂਝ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕਲਾਕ੍ਰਿਤੀਆਂ ਨੂੰ ਤਸਕਰੀ ਅਤੇ ਦੂਸਰੇ ਨਾਜਾਇਜ਼ ਤਰੀਕਿਆਂ ਨਾਲ ਦੇਸ਼ ਤੋਂ ਬਾਹਰ ਲਿਜਾਇਆ ਗਿਆ ਸੀ। ਇਹ ਗੰਭੀਰ ਅਪਰਾਧ ਹੈ, ਇਕ ਤਰ੍ਹਾਂ ਨਾਲ ਇਹ ਆਪਣੀ ਵਿਰਾਸਤ ਨੂੰ ਖ਼ਤਮ ਕਰਨ ਵਰਗਾ ਹੈ, ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ ਇਕ ਦਹਾਕੇ ਵਿੱਚ ਅਜਿਹੀਆਂ ਕਈ ਕਲਾਕ੍ਰਿਤੀਆਂ ਅਤੇ ਸਾਡੀਆਂ ਬਹੁਤ ਸਾਰੀਆਂ ਪ੍ਰਾਚੀਨ ਵਿਰਾਸਤਾਂ ਦੀ ਘਰ ਵਾਪਸੀ ਹੋਈ ਹੈ। ਇਸ ਦਿਸ਼ਾ ਵਿੱਚ ਅੱਜ ਭਾਰਤ ਕਈ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਵੀ ਕਰ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਜਦੋਂ ਅਸੀਂ ਆਪਣੀ ਵਿਰਾਸਤ ’ਤੇ ਮਾਣ ਕਰਦੇ ਹਾਂ ਤਾਂ ਦੁਨੀਆਂ ਵੀ ਇਸ ਦਾ ਸਨਮਾਨ ਕਰਦੀ ਹੈ ਅਤੇ ਉਸੇ ਦਾ ਨਤੀਜਾ ਹੈ ਕਿ ਅੱਜ ਵਿਸ਼ਵ ਦੇ ਕਈ ਦੇਸ਼ ਸਾਡੇ ਇੱਥੋਂ ਲਿਜਾਈਆਂ ਗਈਆਂ ਅਜਿਹੀਆਂ ਕਲਾਕ੍ਰਿਤੀਆਂ ਨੂੰ ਸਾਨੂੰ ਵਾਪਸ ਦੇ ਰਹੇ ਹਨ।

ਮੇਰੇ ਪਿਆਰੇ ਸਾਥੀਓ, ਜੇਕਰ ਮੈਂ ਪੁੱਛਾਂ ਕਿ ਕੋਈ ਬੱਚਾ ਕਿਹੜੀ ਭਾਸ਼ਾ ਸਭ ਤੋਂ ਅਸਾਨੀ ਨਾਲ ਅਤੇ ਛੇਤੀ ਸਿੱਖਦਾ ਹੈ - ਤਾਂ ਤੁਹਾਡਾ ਜਵਾਬ ਹੋਵੇਗਾ ਮਾਂ-ਬੋਲੀ। ਸਾਡੇ ਦੇਸ਼ ਵਿੱਚ ਲਗਭਗ 20 ਹਜ਼ਾਰ ਭਾਸ਼ਾਵਾਂ ਅਤੇ ਬੋਲੀਆਂ ਹਨ ਅਤੇ ਇਹ ਸਾਰੀਆਂ ਦੀਆਂ ਸਾਰੀਆਂ ਕਿਸੇ ਨਾ ਕਿਸੇ ਦੀਆਂ ਤਾਂ ਮਾਤ ਭਾਸ਼ਾਵਾਂ ਹਨ ਹੀ। ਕੁਝ ਭਾਸ਼ਾਵਾਂ ਅਜਿਹੀਆਂ ਹਨ, ਜਿਨ੍ਹਾਂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ, ਲੇਕਿਨ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਉਨ੍ਹਾਂ ਭਾਸ਼ਾਵਾਂ ਦੀ ਸੰਭਾਲ ਕਰਨ ਲਈ ਅੱਜ ਅਨੋਖੇ ਯਤਨ ਹੋ ਰਹੇ ਹਨ। ਅਜਿਹੀ ਹੀ ਇਕ ਭਾਸ਼ਾ ਹੈ ਸਾਡੀ ‘ਸੰਥਾਲੀ’ ਭਾਸ਼ਾ। ਸੰਥਾਲੀ ਨੂੰ ਡਿਜੀਟਲ ਇਨੋਵੇਸ਼ਨ ਦੀ ਮਦਦ ਨਾਲ ਨਵੀਂ ਪਛਾਣ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ‘ਸੰਥਾਲੀ’, ਸਾਡੇ ਦੇਸ਼ ਦੇ ਕਈ ਰਾਜਾਂ ਵਿੱਚ ਰਹਿ ਰਹੇ ਸੰਥਾਲ ਕਬਾਇਲੀ ਭਾਈਚਾਰੇ ਦੇ ਲੋਕ ਬੋਲਦੇ ਹਨ। ਭਾਰਤ ਤੋਂ ਇਲਾਵਾ ਬੰਗਲਾ ਦੇਸ਼, ਨੇਪਾਲ ਅਤੇ ਭੂਟਾਨ ਵਿੱਚ ਵੀ ‘ਸੰਥਾਲੀ’ ਬੋਲਣ ਵਾਲੇ ਕਬਾਇਲੀ ਭਾਈਚਾਰੇ ਮੌਜੂਦ ਹਨ। ਸੰਥਾਲੀ ਭਾਸ਼ਾ ਦੀ ਔਨਲਾਈਨ ਪਛਾਣ ਤਿਆਰ ਕਰਨ ਦੇ ਲਈ ਓਡੀਸ਼ਾ ਦੇ ਮਿਊਰਭੰਜ ਵਿੱਚ ਰਹਿਣ ਵਾਲੇ ਸ਼੍ਰੀਮਾਨ ਰਾਮਜੀਤ ਟੁੱਡੂ ਇਕ ਮੁਹਿੰਮ ਚਲਾ ਰਹੇ ਹਨ। ਰਾਮਜੀਤ ਜੀ ਨੇ ਇਕ ਅਜਿਹਾ ਡਿਜੀਟਲ ਪਲੈਟਫਾਰਮ ਤਿਆਰ ਕੀਤਾ ਹੈ, ਜਿੱਥੇ ਸੰਥਾਲੀ ਭਾਸ਼ਾ ਨਾਲ ਜੁੜੇ ਸਾਹਿਤ ਨੂੰ ਪੜ੍ਹਿਆ ਜਾ ਸਕਦਾ ਹੈ ਅਤੇ ਸੰਥਾਲੀ ਭਾਸ਼ਾ ਵਿੱਚ ਲਿਖਿਆ ਜਾ ਸਕਦਾ ਹੈ। ਦਰਅਸਲ ਕੁਝ ਸਾਲ ਪਹਿਲਾਂ ਜਦੋਂ ਰਾਮਜੀਤ ਜੀ ਨੇ ਮੋਬਾਈਲ ਫੋਨ ਦਾ ਇਸਤੇਮਾਲ ਸ਼ੁਰੂ ਕੀਤਾ ਤਾਂ ਉਹ ਇਸ ਗੱਲ ਤੋਂ ਦੁਖੀ ਹੋਏ ਕਿ ਉਹ ਆਪਣੀ ਮਾਂ-ਬੋਲੀ ਵਿੱਚ ਸੰਦੇਸ਼ ਨਹੀਂ ਦੇ ਸਕਦੇ, ਇਸ ਤੋਂ ਬਾਅਦ ਉਹ ‘ਸੰਥਾਲੀ’ ਭਾਸ਼ਾ ਦੀ ਲਿਪੀ ‘ਓਲ ਚਿਕੀ’ ਨੂੰ ਟਾਈਪ ਕਰਨ ਦੀਆਂ ਸੰਭਾਵਨਾਵਾਂ ਤਲਾਸ਼ ਕਰਨ ਲਗੇ। ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਉਨ੍ਹਾਂ ਨੇ ‘ਓਲ ਚਿਕੀ’ ਵਿੱਚ ਟਾਈਪ ਕਰਨ ਦੀ ਤਕਨੀਕ ਵਿਕਸਿਤ ਕਰ ਲਈ। ਅੱਜ ਉਨ੍ਹਾਂ ਦੇ ਯਤਨਾਂ ਨਾਲ ਸੰਥਾਲੀ ਭਾਸ਼ਾ ਵਿੱਚ ਲਿਖੇ ਲੇਖ ਲੱਖਾਂ ਲੋਕਾਂ ਤੱਕ ਪਹੁੰਚ ਰਹੇ ਹਨ।

ਸਾਥੀਓ, ਜਦੋਂ ਸਾਡੇ ਦ੍ਰਿੜ੍ਹ ਸੰਕਲਪ ਦੇ ਨਾਲ ਸਮੂਹਿਕ ਭਾਗੀਦਾਰੀ ਦਾ ਸੰਗਮ ਹੁੰਦਾ ਹੈ ਤਾਂ ਪੂਰੇ ਸਮਾਜ ਦੇ ਲਈ ਅਨੋਖੇ ਨਤੀਜੇ ਸਾਹਮਣੇ ਆਉਂਦੇ ਹਨ। ਇਸ ਦੀ ਸਭ ਤੋਂ ਤਾਜ਼ਾ ਉਦਾਹਰਣ ਹੈ ‘ਏਕ ਪੇੜ ਮਾਂ ਕੇ ਨਾਮ’। ਇਹ ਮੁਹਿੰਮ ਅਨੋਖੀ ਮੁਹਿੰਮ ਰਹੀ। ਜਨਭਾਗੀਦਾਰੀ ਦੀ ਅਜਿਹੀ ਉਦਾਹਰਣ ਵਾਕਿਆ ਹੀ ਬਹੁਤ ਪ੍ਰੇਰਿਤ ਕਰਨ ਵਾਲੀ ਹੈ। ਵਾਤਾਵਰਣ ਦੀ ਸੰਭਾਲ ਨੂੰ ਲੈ ਕੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿੱਚ ਦੇਸ਼ ਦੇ ਕੋਨੇ-ਕੋਨੇ ਵਿੱਚ ਲੋਕਾਂ ਨੇ ਕਮਾਲ ਕਰ ਵਿਖਾਇਆ ਹੈ। ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤੇਲੰਗਾਨਾ ਨੇ ਟੀਚੇ ਤੋਂ ਜ਼ਿਆਦਾ ਗਿਣਤੀ ਵਿੱਚ ਪੌਦੇ ਲਾ ਕੇ ਨਵਾਂ ਰਿਕਾਰਡ ਬਣਾਇਆ ਹੈ। ਇਸ ਮੁਹਿੰਮ ਦੇ ਤਹਿਤ ਉੱਤਰ ਪ੍ਰਦੇਸ਼ ਵਿੱਚ 26 ਕਰੋੜ ਤੋਂ ਜ਼ਿਆਦਾ ਪੌਦੇ ਲਗਾਏ ਗਏ। ਗੁਜਰਾਤ ਦੇ ਲੋਕਾਂ ਨੇ 15 ਕਰੋੜ ਤੋਂ ਜ਼ਿਆਦਾ ਪੌਦੇ ਲਗਾਏ, ਰਾਜਸਥਾਨ ਵਿੱਚ ਸਿਰਫ ਅਗਸਤ ਮਹੀਨੇ ਵਿੱਚ ਹੀ 6 ਕਰੋੜ ਤੋਂ ਜ਼ਿਆਦਾ ਪੌਦੇ ਲਗਾਏ ਗਏ ਹਨ। ਦੇਸ਼ ਦੇ ਹਜ਼ਾਰਾਂ ਸਕੂਲ ਵੀ ਇਸ ਮੁਹਿੰਮ ਵਿੱਚ ਜ਼ੋਰ-ਸ਼ੋਰ ਨਾਲ ਹਿੱਸਾ ਲੈ ਰਹੇ ਹਨ।

ਸਾਥੀਓ, ਸਾਡੇ ਦੇਸ਼ ਵਿੱਚ ਦਰੱਖ਼ਤ ਲਗਾਉਣ ਦੀ ਮੁਹਿੰਮ ਨਾਲ ਜੁੜੇ ਕਿੰਨੇ ਹੀ ਉਦਾਹਰਣ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹੀ ਹੀ ਇਕ ਉਦਾਹਰਣ ਹੈ, ਤੇਲੰਗਾਨਾ ਦੇ ਕੇ.ਐਨ.ਰਾਜਸ਼ੇਖਰ ਜੀ ਦੀ। ਦਰੱਖਤ ਲਗਾਉਣ ਦੇ ਲਈ ਉਨ੍ਹਾਂ ਦਾ ਜਨੂੰਨ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਦਿੰਦਾ ਹੈ। ਲਗਭਗ 4 ਸਾਲ ਪਹਿਲਾਂ ਉਨ੍ਹਾਂ ਨੇ ਦਰੱਖ਼ਤ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨੇ ਤੈਅ ਕੀਤਾ ਕਿ ਹਰ ਰੋਜ਼ ਇਕ ਦਰੱਖ਼ਤ ਜ਼ਰੂਰ ਲਗਾਉਣਗੇ। ਉਨ੍ਹਾਂ ਨੇ ਇਸ ਮੁਹਿੰਮ ਦਾ ਸਖ਼ਤੀ ਨਾਲ ਪਾਲਣ ਕੀਤਾ। ਉਹ 1500 ਤੋਂ ਜ਼ਿਆਦਾ ਪੌਦੇ ਲਗਾ ਚੁੱਕੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸਾਲ ਇਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਵੀ ਉਹ ਆਪਣੇ ਸੰਕਲਪ ਤੋਂ ਹਟੇ ਨਹੀਂ। ਮੈਂ ਅਜਿਹੇ ਸਾਰੇ ਯਤਨਾਂ ਦੀ ਦਿਲ ਤੋਂ ਸ਼ਲਾਘਾ ਕਰਦਾ ਹਾਂ। ਮੇਰੀ ਤੁਹਾਨੂੰ ਵੀ ਬੇਨਤੀ ਹੈ ਕਿ ‘ਏਕ ਪੇੜ ਮਾਂ ਕੇ ਨਾਮ’ ਇਸ ਪਵਿੱਤਰ ਮੁਹਿੰਮ ਨਾਲ ਤੁਸੀਂ ਜ਼ਰੂਰ ਜੁੜੋ।

ਮੇਰੇ ਪਿਆਰੇ ਸਾਥੀਓ, ਤੁਸੀਂ ਵੇਖਿਆ ਹੋਵੇਗਾ ਕਿ ਸਾਡੇ ਆਸ-ਪਾਸ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਮੁਸੀਬਤ ਦੇ ਸਮੇਂ ਹੌਂਸਲਾ ਨਹੀਂ ਛੱਡਦੇ, ਸਗੋਂ ਉਸ ਤੋਂ ਸਿੱਖਦੇ ਹਨ। ਅਜਿਹੀ ਹੀ ਇਕ ਔਰਤ ਹੈ ਸੁਬਾਸ਼੍ਰੀ, ਜਿਨ੍ਹਾਂ ਨੇ ਆਪਣੇ ਯਤਨਾਂ ਨਾਲ ਦੁਰਲਭ ਅਤੇ ਬਹੁਤ ਲਾਭਕਾਰੀ ਜੜ੍ਹੀ-ਬੂਟੀਆਂ ਦਾ ਇਕ ਅਨੋਖਾ ਬਗੀਚਾ ਤਿਆਰ ਕੀਤਾ ਹੈ। ਉਹ ਤਮਿਲ ਨਾਡੂ ਦੇ ਮਦੁਰੈ ਦੀ ਰਹਿਣ ਵਾਲੀ ਹਨ। ਵੈਸੇ ਪੇਸ਼ੇ ਤੋਂ ਤਾਂ ਉਹ ਇਕ ਟੀਚਰ ਨੇ, ਲੇਕਿਨ ਔਸ਼ਧੀ, ਬਨਸਪਤੀਆਂ, Medical Herbs ਦੇ ਪ੍ਰਤੀ ਉਨ੍ਹਾਂ ਨੂੰ ਡੂੰਘਾ ਲਗਾਓ ਹੈ। ਉਨ੍ਹਾਂ ਦਾ ਇਹ ਲਗਾਓ 80 ਦੇ ਦਹਾਕੇ ਵਿੱਚ ਉਦੋਂ ਸ਼ੁਰੂ ਹੋਇਆ, ਜਦੋਂ ਇਕ ਵਾਰ ਉਨ੍ਹਾਂ ਦੇ ਪਿਤਾ ਨੂੰ ਜ਼ਹਿਰੀਲੇ ਸੱਪ ਨੇ ਕੱਟ ਲਿਆ। ਉਦੋਂ ਰਵਾਇਤੀ ਜੜ੍ਹੀ-ਬੂਟੀਆਂ ਨੇ ਉਨ੍ਹਾਂ ਦੇ ਪਿਤਾ ਦੀ ਸਿਹਤ ਸੁਧਾਰਣ ਵਿੱਚ ਕਾਫੀ ਮਦਦ ਕੀਤੀ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਰਵਾਇਤੀ ਔਸ਼ਧੀਆਂ ਅਤੇ ਜੜ੍ਹੀ-ਬੂਟੀਆਂ ਦੀ ਖੋਜ ਸ਼ੁਰੂ ਕੀਤੀ। ਅੱਜ ਮਦੁਰੈ ਦੇ ਵੇਰੀਚੀਯੁਰ ਪਿੰਡ ਵਿੱਚ ਉਨ੍ਹਾਂ ਦਾ ਅਨੋਖਾ ਹਰਬਲ ਗਾਰਡਨ ਹੈ, ਜਿਨ੍ਹਾਂ ਵਿੱਚ 500 ਤੋਂ ਜ਼ਿਆਦਾ ਦੁਰਲਭ ਜੜ੍ਹੀ-ਬੂਟੀਆਂ ਦੇ ਪੌਦੇ ਹਨ। ਆਪਣੇ ਇਸ ਬਗੀਚੇ ਨੂੰ ਤਿਆਰ ਕਰਨ ਦੇ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਹੈ। ਇਕ-ਇਕ ਪੌਦੇ ਨੂੰ ਖੋਜਣ ਦੇ ਲਈ ਉਨ੍ਹਾਂ ਨੇ ਦੂਰ-ਦੂਰ ਤੱਕ ਯਾਤਰਾਵਾਂ ਕੀਤੀਆਂ, ਜਾਣਕਾਰੀਆਂ ਪ੍ਰਾਪਤ ਕੀਤੀਆਂ ਅਤੇ ਕਈ ਵਾਰ ਦੂਸਰੇ ਲੋਕਾਂ ਤੋਂ ਮਦਦ ਵੀ ਮੰਗੀ। ਕੋਵਿਡ ਦੇ ਸਮੇਂ ਉਨ੍ਹਾਂ ਨੇ ਇਮਿਊਨਿਟੀ ਵਧਾਉਣ ਵਾਲੀਆਂ ਜੜ੍ਹੀ-ਬੂਟੀਆਂ ਲੋਕਾਂ ਤੱਕ ਪਹੁੰਚਾਈਆਂ। ਅੱਜ ਉਨ੍ਹਾਂ ਦਾ ਹਰਬਲ ਗਾਰਡਨ ਵੇਖਣ ਦੇ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਉਹ ਸਾਰਿਆਂ ਨੂੰ ਹਰਬਲ ਪੌਦਿਆਂ ਦੀ ਜਾਣਕਾਰੀ ਅਤੇ ਉਨ੍ਹਾਂ ਦੀ ਵਰਤੋਂ ਸਬੰਧੀ ਦੱਸਦੇ ਹਨ। ਸੁਬਾਸ਼੍ਰੀ ਸਾਡੀ ਇਸ ਰਵਾਇਤੀ ਵਿਰਾਸਤ ਨੂੰ ਅੱਗੇ ਵਧਾ ਰਹੇ ਨੇ ਜੋ ਸੈਂਕੜੇ ਸਾਲਾਂ ਤੋਂ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਉਨ੍ਹਾਂ ਦਾ ਹਰਬਲ ਗਾਰਡਨ ਸਾਡੇ ਅਤੀਤ ਨੂੰ ਭਵਿੱਖ ਨਾਲ ਜੋੜਦਾ ਹੈ। ਉਨ੍ਹਾਂ ਨੂੰ ਸਾਡੀਆਂ ਢੇਰਾਂ ਸ਼ੁਭਕਾਮਨਾਵਾਂ।

ਸਾਥੀਓ, ਬਦਲਦੇ ਹੋਏ ਇਸ ਸਮੇਂ ਵਿੱਚ ‘ਨੇਚਰ ਆਫ ਜੌਬਸ’ ਬਦਲ ਰਹੀ ਹੈ ਅਤੇ ਨਵੇਂ-ਨਵੇਂ ਸੈਕਟਰ ਸਾਹਮਣੇ ਆ ਰਹੇ ਹਨ। ਜਿਵੇਂ ਗੇਮਿੰਗ, ਐਮੀਨੇਸ਼ਨ, ਰੀਲ ਮੇਕਿੰਗ, ਫਿਲਮ ਮੇਕਿੰਗ ਜਾਂ ਪੋਸਟਰ ਮੇਕਿੰਗ। ਜੇਕਰ ਇਨ੍ਹਾਂ ਵਿੱਚੋਂ ਕਿਸੇ ਸਕਿੱਲ ਵਿੱਚ ਤੁਸੀਂ ਚੰਗਾ ਪ੍ਰਦਰਸ਼ਨ ਕਰ ਸਕਦੇ ਹੋ ਤਾਂ ਤੁਹਾਡੇ ਟੈਲੰਟ ਨੂੰ ਬਹੁਤ ਵੱਡਾ ਮੰਚ ਮਿਲ ਸਕਦਾ ਹੈ। ਜੇਕਰ ਤੁਸੀਂ ਕਿਸੇ ਬੈਂਡ ਨਾਲ ਜੁੜੇ ਹੋ ਜਾਂ ਫਿਰ ਕਮਿਊਨਿਟੀ ਰੇਡੀਓ ਦੇ ਲਈ ਕੰਮ ਕਰਦੇ ਹੋ ਤਾਂ ਵੀ ਤੁਹਾਡੇ ਲਈ ਬਹੁਤ ਵੱਡਾ ਮੌਕਾ ਹੈ। ਤੁਹਾਡੇ ਟੈਲੰਟ ਅਤੇ ਕ੍ਰਿਏਟੀਵਿਟੀ ਨੂੰ ਉਤਸ਼ਾਹਿਤ ਕਰਨ ਦੇ ਲਈ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ‘ਕ੍ਰਿਏਟ ਇਨ ਇੰਡੀਆ’ ਇਸ ਥੀਮ ਦੇ ਤਹਿਤ 25 ਚੈਲੇਂਜਿਸ ਸ਼ੁਰੂ ਕੀਤੇ ਹਨ। ਇਹ ਚੈਲੇਂਜਿਸ ਤੁਹਾਨੂੰ ਜ਼ਰੂਰ ਦਿਲਚਸਪ ਲੱਗਣਗੇ। ਕੁਝ ਚੈਲੇਂਜਿਸ ਤਾਂ ਮਿਊਜ਼ਿਕ ਐਜੂਕੇਸ਼ਨ ਅਤੇ ਇੱਥੋਂ ਤੱਕ ਕਿ ਐਂਟੀ ਪਾਇਰੇਸੀ ’ਤੇ ਵੀ ਫੋਕਸ ਹਨ। ਇਸ ਆਯੋਜਨ ਵਿੱਚ ਕਈ ਸਾਰੇ ਪ੍ਰੋਫੈਸ਼ਨਲ ਆਰਗੇਨਾਈਜ਼ੇਸ਼ਨ ਵੀ ਸ਼ਾਮਲ ਹਨ। ਜੋ ਇਨ੍ਹਾਂ ਚੈਲੇਂਜਿਸ ਨੂੰ ਆਪਣਾ ਪੂਰਾ ਸਪੋਰਟ ਦੇ ਰਹੇ ਹਨ। ਇਨ੍ਹਾਂ ਵਿੱਚ ਸ਼ਾਮਲ ਹੋਣ ਲਈ ਤੁਸੀਂ wavesindia.org ’ਤੇ ਲੌਗ ਇਨ ਕਰ ਸਕਦੇ ਹੋ। ਦੇਸ਼ ਭਰ ਦੇ ਕ੍ਰਿਏਟਰਜ਼ ਨੂੰ ਮੇਰੀ ਵਿਸ਼ੇਸ਼ ਬੇਨਤੀ ਹੈ ਕਿ ਉਹ ਇਸ ਵਿੱਚ ਜ਼ਰੂਰ ਹਿੱਸਾ ਲੈਣ ਅਤੇ ਆਪਣਾ ਕ੍ਰਿਏਟੀਵਿਟੀ ਨੂੰ ਜ਼ਰੂਰ ਸਾਹਮਣੇ ਲਿਆਉਣ।

ਮੇਰੇ ਪਿਆਰੇ ਦੇਸ਼ਵਾਸੀਓ, ਇਸ ਮਹੀਨੇ ਇਕ ਹੋਰ ਮਹੱਤਵਪੂਰਣ ਮੁਹਿੰਮ ਦੇ 10 ਸਾਲ ਪੂਰੇ ਹੋਏ ਹਨ। ਇਸ ਮੁਹਿੰਮ ਦੀ ਸਫਲਤਾ ਵਿੱਚ ਦੇਸ਼ ਦੇ ਵੱਡੇ ਉਦਯੋਗਾਂ ਤੋਂ ਲੈ ਕੇ ਛੋਟੇ ਦੁਕਾਨਦਾਰਾਂ ਤੱਕ ਦਾ ਯੋਗਦਾਨ ਸ਼ਾਮਲ ਹੈ। ਮੈਂ ਗੱਲ ਕਰ ਰਿਹਾ ਹਾਂ ‘ਮੇਕ ਇਨ ਇੰਡੀਆ’ ਦੀ। ਅੱਜ ਮੈਨੂੰ ਇਹ ਵੇਖ ਕੇ ਬਹੁਤ ਖੁਸ਼ੀ ਮਿਲਦੀ ਹੈ ਕਿ ਗ਼ਰੀਬ, ਮੱਧ ਵਰਗ ਅਤੇ MSM5s ਨੂੰ ਇਸ ਮੁਹਿੰਮ ਨਾਲ ਬਹੁਤ ਫਾਇਦਾ ਮਿਲਿਆ ਹੈ। ਇਸ ਮੁਹਿੰਮ ਨੇ ਹਰ ਵਰਗ ਦੇ ਲੋਕਾਂ ਨੂੰ ਆਪਣਾ ਟੈਲੰਟ ਸਾਹਮਣੇ ਲਿਆਉਣ ਦਾ ਮੌਕਾ ਦਿੱਤਾ ਹੈ। ਅੱਜ ਭਾਰਤ ਮੈਨੂਫੈਕਚਰਿੰਗ ਦਾ ਪਾਵਰ ਹਾਊਸ ਬਣਿਆ ਹੈ ਅਤੇ ਦੇਸ਼ ਦੀ ਨੌਜਵਾਨ ਸ਼ਕਤੀ ਦੀ ਵਜ੍ਹਾ ਨਾਲ ਦੁਨੀਆ ਭਰ ਦੀਆਂ ਨਜ਼ਰਾਂ ਸਾਡੇ ’ਤੇ ਹਨ। ਆਟੋ ਮੋਬਾਇਲਜ਼ ਹੋਣ, ਟੈਕਸਟਾਈਲ ਹੋਵੇ, ਐਵੀਏਸ਼ਨ ਹੋਵੇ, ਇਲੈਕਟ੍ਰੋਨਿਕਸ ਹੋਵੇ ਜਾਂ ਫਿਰ ਡਿਫੈਂਸ ਹਰ ਖੇਤਰ ਵਿੱਚ ਦੇਸ਼ ਦਾ ਐਕਸਪੋਰਟ ਲਗਾਤਾਰ ਵਧ ਰਿਹਾ ਹੈ। ਦੇਸ਼ ਵਿੱਚ 649 ਦਾ ਲਗਾਤਾਰ ਵਧਣਾ ਵੀ ਸਾਡੇ ‘ਮੇਕ ਇਨ ਇੰਡੀਆ’ ਦੀ ਸਫਲਤਾ ਦੀ ਕਹਾਣੀ ਦੱਸ ਰਿਹਾ ਹੈ। ਹੁਣ ਅਸੀਂ ਮੁੱਖ ਤੌਰ ‘ਤੇ ਦੋ ਚੀਜ਼ਾਂ ’ਤੇ ਫੋਕਸ ਕਰ ਰਹੇ ਹਾਂ, ਪਹਿਲੀ ਹੈ ‘ਕੁਆਲਿਟੀ’ ਯਾਨੀ ਸਾਡੇ ਦੇਸ਼ ਵਿੱਚ ਬਣੀਆਂ ਚੀਜ਼ਾਂ ਗਲੋਬਲ ਸਟੈਂਡਰਡ ਦੀਆਂ ਹੋਣ, ਦੂਸਰੀ ਹੈ ‘ਵੋਕਲ ਫਾਰ ਲੋਕਲ’ ਯਾਨੀ ਸਥਾਨਕ ਚੀਜ਼ਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਤਸ਼ਾਹ ਮਿਲੇ। ‘ਮਨ ਕੀ ਬਾਤ’ ਵਿੱਚ ਅਸੀਂ #MyProductMyPride  ਦੀ ਵੀ ਚਰਚਾ ਕੀਤੀ ਹੈ। ਲੋਕਲ ਪ੍ਰੋਡਕਟਸ ਨੂੰ ਉਤਸ਼ਾਹ ਦੇਣ ਨਾਲ ਦੇਸ਼ ਦੇ ਲੋਕਾਂ ਨੂੰ ਇਸ ਤਰ੍ਹਾਂ ਨਾਲ ਫਾਇਦਾ ਹੁੰਦਾ ਹੈ। ਇਸ ਨੂੰ ਇਕ ਉਦਾਹਰਣ ਨਾਲ ਸਮਝਿਆ ਜਾ ਸਕਦਾ ਹੈ। ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਵਿੱਚ ਟੈਕਸਟਾਈਲ ਦੀ ਇਕ ਪੁਰਾਣੀ ਪਰੰਪਰਾ ਹੈ - ਭੰਡਾਰਾ ਟਸਰ ਸਿਲਕ ਹੈਂਡਲੂਮ। ਟਸਰ ਸਿਲਕ ਆਪਣੇ ਡਿਜ਼ਾਈਨ, ਰੰਗ ਅਤੇ ਮਜਬੂਤੀ ਦੇ ਲਈ ਜਾਣੀ ਜਾਂਦੀ ਹੈ। ਭੰਡਾਰਾ ਦੇ ਕੁਝ ਹਿੱਸਿਆਂ ਵਿੱਚ 50 ਤੋਂ ਵੀ ਜ਼ਿਆਦਾ ‘ਸੈਲਫ ਹੈਲਪ ਗਰੁੱਪਸ’ ਇਸ ਦੀ ਸੰਭਾਲ ਕਰਨ ਦੇ ਕੰਮ ਵਿੱਚ ਜੁਟੇ ਹਨ। ਇਨ੍ਹਾਂ ਵਿੱਚ ਔਰਤਾਂ ਦੀ ਬਹੁਤ ਵੱਡੀ ਭਾਗੀਦਾਰੀ ਹੈ। ਇਹ ਸਿਲਕ ਤੇਜ਼ੀ ਨਾਲ ਹਰਮਨਪਿਆਰੀ ਹੋ ਰਹੀ ਹੈ ਅਤੇ ਸਥਾਨਕ ਸਮੁਦਾਇਆਂ ਨੂੰ ਸਸ਼ਕਤ ਬਣਾ ਰਹੀ ਹੈ ਅਤੇ ਇਹੀ ਤਾਂ ‘ਮੇਕ ਇਨ ਇੰਡੀਆ’ ਦੀ ਸਪਿਰਿਟ ਹੈ।

ਸਾਥੀਓ, ਤਿਓਹਾਰਾਂ ਦੇ ਇਸ ਮੌਸਮ ਵਿੱਚ ਤੁਸੀਂ ਫਿਰ ਤੋਂ ਆਪਣਾ ਪੁਰਾਣਾ ਸੰਕਲਪ ਵੀ ਜ਼ਰੂਰ ਦੁਹਰਾਓ। ਕੁਝ ਵੀ ਖਰੀਦੋਗੇ ਤਾਂ ਮੇਡ ਇਨ ਇੰਡੀਆ ਹੀ ਹੋਣਾ ਚਾਹੀਦਾ ਹੈ, ਕੁਝ ਵੀ ਗਿਫਟ ਖਰੀਦੋਗੇ ਤਾਂ ਉਹ ਵੀ ਮੇਡ ਇਨ ਇੰਡੀਆ ਹੋਣਾ ਚਾਹੀਦਾ ਹੈ। ਸਿਰਫ ਮਿੱਟੀ ਦੇ ਦੀਵੇ ਖਰੀਦਣਾ ਹੀ ‘ਵੋਕਲ ਫਾਰ ਲੋਕਲ’ ਨਹੀਂ ਹੈ। ਤੁਹਾਨੂੰ ਆਪਣੇ ਖੇਤਰ ਵਿੱਚ ਬਣੇ ਸਥਾਨਕ ਉਤਪਾਦਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਹੈ। ਅਜਿਹਾ ਕੋਈ ਵੀ ਪ੍ਰੋਡਕਟ, ਜਿਸ ਨੂੰ ਬਣਾਉਣ ਵਿੱਚ ਭਾਰਤ ਦੇ ਕਿਸੇ ਕਾਰੀਗਰ ਦਾ ਪਸੀਨਾ ਲੱਗਿਆ ਜਾਂ ਜੋ ਭਾਰਤ ਦੀ ਮਿੱਟੀ ਵਿੱਚ ਬਣਿਆ ਹੋਵੇ, ਉਹ ਸਾਡਾ ਮਾਣ ਹੈ - ਅਸੀਂ ਇਸੇ ਗੌਰਵ ’ਤੇ ਹਮੇਸ਼ਾ ਚਾਰ ਚੰਨ ਲਾਉਣੇ ਹਨ।

ਸਾਥੀਓ, ‘ਮਨ ਕੀ ਬਾਤ’ ਦੇ ਇਸ ਐਪੀਸੋਡ ਵਿੱਚ ਮੈਨੂੰ ਤੁਹਾਡੇ ਨਾਲ ਜੁੜ ਕੇ ਬਹੁਤ ਚੰਗਾ ਲਗਿਆ। ਇਸ ਪ੍ਰੋਗਰਾਮ ਨਾਲ ਜੁੜ ਕੇ ਆਪਣੇ ਵਿਚਾਰ ਅਤੇ ਸੁਝਾਓ ਮੈਨੂੰ ਜ਼ਰੂਰ ਭੇਜਣਾ। ਮੈਨੂੰ ਤੁਹਾਡੇ ਪੱਤਰਾਂ ਅਤੇ ਸੁਨੇਹਿਆਂ ਦੀ ਉਡੀਕ ਹੈ। ਕੁਝ ਦਿਨ ਬਾਅਦ ਤਿਓਹਾਰਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਨਰਾਤਿਆਂ ਨਾਲ ਇਸ ਦੀ ਸ਼ੁਰੂਆਤ ਹੋਵੇਗੀ ਅਤੇ ਫਿਰ ਅਗਲੇ ਦੋ ਮਹੀਨੇ ਤੱਕ ਪੂਜਾ-ਪਾਠ, ਵਰਤ, ਤਿਓਹਾਰ, ਉਮੰਗ, ਖੁਸ਼ੀ ਚਾਰੇ ਪਾਸੇ ਇਹੀ ਵਾਤਾਵਰਣ ਛਾਇਆ ਰਹੇਗਾ। ਮੈਂ ਆਉਣ ਵਾਲੇ ਤਿਓਹਾਰਾਂ ਦੀ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਸਾਰੇ ਆਪਣੇ ਪਰਿਵਾਰ ਅਤੇ ਆਪਣੇ ਪਿਆਰਿਆਂ ਦੇ ਨਾਲ ਤਿਓਹਾਰਾਂ ਦਾ ਖੂਬ ਆਨੰਦ ਲਓ ਅਤੇ ਦੂਸਰਿਆਂ ਨੂੰ ਵੀ ਆਪਣੇ ਆਨੰਦ ਵਿੱਚ ਸ਼ਾਮਲ ਕਰੋ। ਅਗਲੇ ਮਹੀਨੇ ‘ਮਨ ਕੀ ਬਾਤ’ ਵਿੱਚ ਕੁਝ ਹੋਰ ਨਵੇਂ ਵਿਸ਼ਿਆਂ ਦੇ ਨਾਲ ਤੁਹਾਡੇ ਨਾਲ ਜੁੜਾਂਗੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।

 

***********

ਐੱਮਜੇਪੀਐੱਸ/ਆਰਟੀ/ਐੱਨਐੱਮ



(Release ID: 2060074) Visitor Counter : 4