ਮੰਤਰੀ ਮੰਡਲ

ਡਾ. ਟੀ.ਵੀ. ਸੋਮਨਾਥਨ ਨੇ ਨਵੇਂ ਕੈਬਨਿਟ ਸਕੱਤਰ ਦਾ ਅਹੁਦਾ ਸੰਭਾਲਿਆ

Posted On: 30 AUG 2024 4:47PM by PIB Chandigarh

ਡਾ. ਟੀ.ਵੀ. ਸੋਮਨਾਥਨ ਨੇ ਅੱਜ ਸ਼੍ਰੀ ਰਾਜੀਵ ਗਾਬਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਭਾਰਤ ਸਰਕਾਰ ਵਿੱਚ ਨਵੇਂ ਕੈਬਨਿਟ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਡਾ. ਸੋਮਨਾਥਨ ਤਮਿਲ ਨਾਡੂ ਕੈਡਰ (1987 ਬੈਚ) ਦੇ ਇੱਕ ਆਈਏਐੱਸ ਅਧਿਕਾਰੀ ਹਨ। ਉਨ੍ਹਾਂ ਨੇ ਕਲਕੱਤਾ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੀਐੱਚਡੀ ਕੀਤੀ ਹੈ। ਉਨ੍ਹਾਂ ਨੇ ਹਾਰਵਰਡ ਬਿਜ਼ਨਿਸ ਸਕੂਲ ਦਾ ਐਗਜ਼ੀਕਿਊਟਿਵ ਡਿਵੈਲਪਮੈਂਟ ਪ੍ਰੋਗਰਾਮ ਵੀ ਪੂਰਾ ਕੀਤਾ ਹੈ ਅਤੇ ਇੱਕ ਮੁਕੰਮਲ ਯੋਗਤਾ ਪ੍ਰਾਪਤ ਚਾਰਟਰਡ ਅਕਾਊਂਟੈਂਟ, ਲਾਗਤ ਅਕਾਊਂਟੈਂਟ ਅਤੇ ਕੰਪਨੀ ਸਕੱਤਰ ਹਨ।

 ਡਾ. ਸੋਮਨਾਥਨ ਨੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸੰਯੁਕਤ ਸਕੱਤਰ ਅਤੇ ਵਧੀਕ ਸਕੱਤਰ ਵਰਗੇ ਕੇਂਦਰ ਵਿੱਚ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਕਾਰਪੋਰੇਟ ਮਾਮਲੇ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵਜੋਂ ਵੀ ਕੰਮ ਕੀਤਾ ਹੈ ਅਤੇ ਉਹ ਵਾਸ਼ਿੰਗਟਨ ਡੀਸੀ ਵਿੱਚ ਵਿਸ਼ਵ ਬੈਂਕ ਵਿੱਚ ਕਾਰਪੋਰੇਟ ਮਾਮਲਿਆਂ ਦੇ ਡਾਇਰੈਕਟਰ ਵਜੋਂ ਤਾਇਨਾਤ ਰਹੇ ਹਨ। ਕੈਬਨਿਟ ਸਕੱਤਰ ਵਜੋਂ ਨਿਯੁਕਤੀ ਤੋਂ ਪਹਿਲਾਂ ਉਹ ਵਿੱਤ ਸਕੱਤਰ ਅਤੇ ਖਰਚਾ ਵਿਭਾਗ ਦੇ ਸਕੱਤਰ ਦਾ ਚਾਰਜ ਸੰਭਾਲ ਚੁੱਕੇ ਹਨ।

 ਤਮਿਲ ਨਾਡੂ ਰਾਜ ਸਰਕਾਰ ਵਿੱਚ, ਡਾ. ਸੋਮਨਾਥਨ ਨੇ ਕਈ ਅਹਿਮ ਅਹੁਦਿਆਂ 'ਤੇ ਕੰਮ ਕੀਤਾ ਜਿਵੇਂ ਕਿ ਚੇੱਨਈ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ, ਮੁੱਖ ਮੰਤਰੀ ਦੇ ਸਕੱਤਰ ਅਤੇ ਜੀਐੱਸਟੀ ਰੋਲ ਆਊਟ ਦੇ ਮਹੱਤਵਪੂਰਨ ਪੜਾਅ ਦੌਰਾਨ ਵਧੀਕ ਮੁੱਖ ਸਕੱਤਰ ਅਤੇ ਵਪਾਰਕ ਟੈਕਸ ਕਮਿਸ਼ਨਰ ਰਹੇ ਸਨ। ਉਨ੍ਹਾਂ ਨੇ ਅਨੁਸ਼ਾਸਨੀ ਕਾਰਵਾਈਆਂ ਦੇ ਕਮਿਸ਼ਨਰ ਵਜੋਂ ਵੀ ਕੰਮ ਕੀਤਾ ਹੈ। ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ, ਚੇੱਨਈ ਦੇ ਸੰਸਥਾਪਕ ਮੈਨੇਜਿੰਗ ਡਾਇਰੈਕਟਰ ਹੋਣ ਦੇ ਨਾਤੇ, ਉਹ ਚੇੱਨਈ ਮੈਟਰੋ ਰੇਲ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਵਿੱਤੀ ਕਲੋਜ਼ਰ ਨੂੰ ਪ੍ਰਾਪਤ ਕਰਨ ਅਤੇ ਸ਼ੁਰੂਆਤੀ ਟੈਂਡਰ ਦੇਣ ਲਈ ਜ਼ਿੰਮੇਵਾਰ ਸਨ।

 ਡਾ. ਸੋਮਨਾਥਨ 1996 ਵਿੱਚ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰੀ ਵਾਈਸ ਪ੍ਰੈਜ਼ੀਡੈਂਸੀ ਵਿੱਚ ਵਿੱਤੀ ਅਰਥ ਸ਼ਾਸਤਰੀ ਵਜੋਂ ਯੰਗ ਪ੍ਰੋਫੈਸ਼ਨਲ ਪ੍ਰੋਗਰਾਮ ਰਾਹੀਂ ਵਾਸ਼ਿੰਗਟਨ ਵਿੱਚ ਵਿਸ਼ਵ ਬੈਂਕ ਵਿੱਚ ਸ਼ਾਮਲ ਹੋਏ। ਜਦੋਂ ਉਨ੍ਹਾਂ ਨੂੰ ਬਜਟ ਨੀਤੀ ਸਮੂਹ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਤਾਂ ਉਹ ਬੈਂਕ ਦੇ ਸਭ ਤੋਂ ਘੱਟ ਉਮਰ ਦੇ ਸੈਕਟਰ ਮੈਨੇਜਰਾਂ ਵਿੱਚੋਂ ਇੱਕ ਬਣੇ। 2011 ਵਿੱਚ, ਵਿਸ਼ਵ ਬੈਂਕ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਦੀ ਮੰਗ ਕੀਤੀ ਗਈ ਸੀ ਅਤੇ ਉਨ੍ਹਾਂ ਨੇ 2011 ਤੋਂ 2015 ਤੱਕ ਡਾਇਰੈਕਟਰ ਵਜੋਂ ਸੇਵਾਵਾਂ ਦਿੱਤੀਆਂ ਸਨ।

 ਡਾ. ਸੋਮਨਾਥਨ ਨੇ ਅਰਥ ਸ਼ਾਸਤਰ, ਵਿੱਤ ਅਤੇ ਜਨਤਕ ਨੀਤੀ 'ਤੇ ਰਸਾਲਿਆਂ ਅਤੇ ਅਖਬਾਰਾਂ ਵਿੱਚ 80 ਤੋਂ ਵੱਧ ਪੇਪਰ ਅਤੇ ਲੇਖ ਪ੍ਰਕਾਸ਼ਿਤ ਕੀਤੇ ਹਨ ਅਤੇ ਉਹ ਮੈਕਗ੍ਰਾ ਹਿੱਲ, ਕੈਂਬ੍ਰਿਜ/ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਵਲੋਂ ਪ੍ਰਕਾਸ਼ਿਤ ਤਿੰਨ ਕਿਤਾਬਾਂ ਦੇ ਲੇਖਕ ਹਨ।

 

 

 

***

ਐੱਮਜੇਪੀਐੱਸ/ਵੀਜੇ



(Release ID: 2050520) Visitor Counter : 7