ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅਮਰੀਕਾ-ਭਾਰਤ ਸਿਵਿਲ ਨਿਊਕਲੀਅਰ ਕਾਮਰਸ ‘ਤੇ ਦੁਵੱਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ-ਅਮਰੀਕਾ ਪੁਲਾੜ ਸਹਿਯੋਗ ਦੇ ਤਹਿਤ ਭਾਰਤੀ ਪੁਲਾੜ ਯਾਤਰੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ

ਗ੍ਰੀਨ ਹਾਈਡ੍ਰੋਜਨ ਮਿਸ਼ਨ ਅਤੇ ਐੱਸਐੱਮਆਰ ਸਹਿਯੋਗ ਰਾਹੀਂ ਭਾਰਤ ਗਲੋਬਲ ਜਲਵਾਯੂ ਲਕਸ਼ ਦੀ ਪ੍ਰਾਪਤੀ ਵਿੱਚ ਯੋਗਦਾਨ ਕਰੇਗਾ: ਡਾ. ਸਿੰਘ

Posted On: 25 AUG 2024 12:49PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪ੍ਰਿਥਵੀ ਭਵਨ ਵਿਖੇ ਆਯੋਜਿਤ ਅਮਰੀਕਾ- ਭਾਰਤ ਸਿਵਿਲ ਨਿਊਕਲੀਅਰ ਕਾਮਰਸ ‘ਤੇ  ਇੱਕ ਮਹੱਤਵਪੂਰਨ ਦੁਵੱਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਜਿਸ ਵਿੱਚ ਵਿਗਿਆਨ, ਟੈਕਨੋਲੋਜੀ, ਸਵੱਛ ਊਰਜਾ ਦੇ ਮਹੱਤਵਪੂਰਨ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਵਧਦੇ ਸਹਿਯੋਗ ਨੂੰ ਉਜਾਗਰ ਕੀਤਾ ਗਿਆ।

ਡਾ. ਜਿਤੇਂਦਰ ਸਿੰਘ ਨੇ ਐਲਾਨ ਕੀਤਾ ਕਿ ਗਗਨਯਾਨ ਮਿਸ਼ਨ ਤੋਂ ਭਾਰਤੀ ਪੁਲਾੜ ਯਾਤਰੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ, ਜੋ ਭਾਰਤ-ਅਮਰੀਕਾ ਪੁਲਾੜ ਸਹਿਯੋਗ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਉਨ੍ਹਾਂ ਨੇ ਗਲੋਬਲ ਸਪਲਾਈ ਚੇਨਸ ਨੂੰ ਸੁਰੱਖਿਅਤ ਕਰਨ ਵਿੱਚ, ਵਿਸ਼ੇਸ਼ ਤੌਰ  ‘ਤੇ ਸੈਮੀਕੰਡਕਟਰ, ਫਾਰਮਾਸਿਊਟੀਕਲਜ਼ ਅਤੇ ਸਵੱਛ ਊਰਜਾ ਟੈਕਨੋਲੋਜੀਆਂ ਜਿਹੇ ਖੇਤਰਾਂ ਵਿੱਚ ਇਸ ਸਾਂਝੇਦਾਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜੋ ਮੌਜੂਦਾ ਸਮੇਂ ਵਿੱਚ ਅਤਿਅੰਤ ਮਹੱਤਵਪੂਰਨ ਹਨ।

 

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਭਾਰੀ ਉਦਯੋਗ, ਟ੍ਰਾਂਸਪੋਰਟੇਸ਼ਨ ਅਤੇ ਬਿਜਲੀ ਉਤਪਾਦਨ ਨੂੰ ਕਾਰਬਨ ਮੁਕਤ ਕਰਨ ਦੀ ਭਾਰਤ ਦੀ ਰਣਨੀਤੀ ਦਾ ਨੀਂਹ ਪੱਥਰ ਦੱਸਿਆ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਹ ਮਿਸ਼ਨ ਸਵੱਛ ਟੈਕਨੋਲੋਜੀਆਂ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਗਲੋਬਲ ਜਲਵਾਯੂ ਲਕਸ਼ਾਂ ਦੀ ਪ੍ਰਾਪਤੀ ਦੇ ਲਈ ਮਹੱਤਵਪੂਰਨ ਹੈ। ਮਜ਼ਬੂਤ ਨੀਤੀਗਤ ਢਾਂਚੇ ਅਤੇ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਭਾਰਤ ਇੱਕ ਟਿਕਾਊ ਅਤੇ ਲਚਕੀਲੇ ਊਰਜਾ ਭਵਿੱਖ ਦੀ ਅਗਵਾਈ ਕਰਨ ਲਈ ਤਿਆਰ ਹੈ।

ਡਾ. ਜਿਤੇਂਦਰ ਸਿੰਘ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਅੰਤਰਰਾਸ਼ਟਰੀ ਭਾਗੀਦਾਰੀ ਦੀ ਸੰਭਾਵਨਾ ‘ਤੇ ਕੰਮ ਕਰ ਰਹੀ ਹੈ, ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਕਰ ਰਹੀ ਹੈ, ਅਤੇ ਛੋਟੇ ਮਾਡਿਊਲਰ ਰਿਐਕਟਰਾਂ (ਐੱਸਐੱਮਆਰ) ਦੀ ਤੈਨਾਤੀ ਦਾ ਸਮਰਥਨ ਕਰਨ ਲਈ ਰੈਗੂਲੇਟਰੀ ਢਾਂਚਿਆਂ ‘ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ  ਕਿਹਾ ਕਿ ਐੱਸਐੱਮਆਰ ਭਾਰਤ ਦੇ ਸਵੱਛ ਊਰਜਾ ਟ੍ਰਾਂਜਿਸ਼ਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਊਰਜਾ ਆਤਮਨਿਰਭਰਤਾ ਵਿੱਚ ਯੋਗਦਾਨ ਦੇਣਗੇ ਅਤੇ ਜਲਵਾਯੂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨਗੇ।

ਭਾਰਤ ਦੇ  “ਅਨੁਸੰਧਾਨ” ਨੈਸ਼ਨਲ ਰਿਸਰਚ ਫਾਊਂਡੇਸ਼ਨ (ਐੱਨਆਰਐੱਫ) ਅਤੇ ਸੰਯੁਕਤ ਰਾਜ ਅਮਰੀਕਾ ਦੇ ਨੈਸ਼ਨਲ ਸਾਇੰਸ ਫਾਊਂਡੇਸ਼ਨ (ਐੱਨਐੱਸਐੱਫ) ਦੇ ਦਰਮਿਆਨ ਸਮਾਨਤਾਵਾਂ ਦਾ ਜ਼ਿਕਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਵਿਗਿਆਨਿਕ ਖੋਜ ਅਤੇ ਇਨੋਵੇਸ਼ਨ ਨੂੰ ਅੱਗੇ ਵਧਾਉਣ ਵਿੱਚ ਦੋਹਾਂ ਸੰਗਠਨਾ ਦੀਆਂ ਮਹੱਤਵਪੂਰਨ ਭੂਮਿਕਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ “ਪੰਚਾਮ੍ਰਿਤ” ਜਲਵਾਯੂ ਕਾਰਜ ਯੋਜਨਾ ਦੇ ਮਹੱਤਵ ਬਾਰੇ ਦੱਸਿਆ, ਜਿਸ ਵਿੱਚ ਗੈਰ-ਜੀਵਾਸ਼ਮ ਊਰਜਾ ਸਮਰੱਥਾ ਨੂੰ 500 ਗੀਗਾਵਾਟ ਤੱਕ ਵਧਾਉਣ, ਕਾਰਬਨ ਨਿਕਾਸੀ ਨੂੰ 1 ਬਿਲੀਅਨ ਟਨ ਤੱਕ ਘੱਟ ਕਰਨ ਅਤੇ ਅੰਤ ਵਿੱਚ ਵਰ੍ਹੇ 2070 ਤੱਕ ਨੈੱਟ-ਜ਼ੀਰੋ ਨਿਕਾਸੀ ਪ੍ਰਾਪਤ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਗਈ।

 

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਡਾ. ਏ.ਕੇ.ਸੂਦ ਨੇ ਭਾਰਤ-ਅਮਰੀਕਾ ਸਾਂਝੇਦਾਰੀ ਦੇ ਮਹੱਤਵ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਇਹ ਸਿਰਫ਼ ਗਿਆਨ ਦੇ ਆਦਾਨ-ਪ੍ਰਦਾਨ ਦੇ ਸਬੰਧ ਵਿੱਚ ਨਹੀਂ ਹੈ, ਬਲਕਿ ਅਜਿਹੇ ਸਮਾਧਾਨਾਂ ਦਾ ਸਹਿ-ਨਿਰਮਾਣ ਕਰਨ ਬਾਰੇ ਵਿੱਚ ਹੈ ਜੋ ਭਵਿੱਖ ਨੂੰ ਸਾਕਾਰ ਰੂਪ ਪ੍ਰਦਾਨ ਕਰਨਗੇ। ਉਨ੍ਹਾਂ ਨੇ ਟਿਕਾਊ ਵਿਕਾਸ ਅਤੇ ਆਰਥਿਕ ਸਮ੍ਰਿੱਧੀ ਲਈ ਨਵੇਂ ਰਾਹ ਪੱਧਰਾ ਕਰਨ ਲਈ ਸਹਿਯੋਗ ਦੀ ਸਮਰੱਥਾ ‘ਤੇ ਜ਼ੋਰ ਦਿੱਤਾ।

ਪ੍ਰਿਥਵੀ ਵਿਗਿਆਨ ਸਕੱਤਰ ਡਾ. ਰਵੀ ਚੰਦ੍ਰਨ ਨੇ ਸਮੁੰਦਰੀ ਊਰਜਾ ਅਤੇ ਕਾਰਬਨ ਕੈਪਚਰ, ਉਪਯੋਗ ਅਤੇ ਸਟੋਰੇਜ (ਸੀਸੀਯੂਐੱਸ) ਟੈਕਨੋਲੋਜੀਆਂ ਵਿੱਚ ਸਾਂਝੇਦਾਰੀ ਦੀ ਪ੍ਰਗਤੀ ਨੂੰ ਉਜਾਗਰ ਕੀਤਾ, ਜਦਕਿ ਬਾਇਓਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਰਾਜੇਸ਼ ਗੋਖਲੇ ਨੇ ਬਾਇਓਮਾਸ ਤੋਂ ਊਰਜਾ ਪਰਿਵਰਤਨ ਅਤੇ ਪਹਿਲੀ ਅਤੇ ਦੂਸਰੀ ਪੀੜ੍ਹੀ ਦੇ ਬਾਇਓਫਿਊਲ ਦੇ ਸਫ਼ਲ ਲਾਗੂਕਰਨ ‘ਤੇ ਭਾਰਤ ਦੇ ਵਿਜ਼ਨ ਨੂੰ ਰੇਖਾਂਕਿਤ ਕੀਤਾ।

ਪ੍ਰੋ. ਅਭੈ ਕਰੰਦੀਕਰ ਨੇ ਡੇਟਾ ਐਨਾਲਿਟਿਕਸ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ ਸਮੇਤ ਉਭਰਦੀਆਂ ਟੈਕਨੋਲੋਜੀਆਂ ਵਿੱਚ ਭਾਰਤ ਦੀ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕੀਤੀ, ਅਤੇ ਇਨ੍ਹਾਂ ਖੇਤਰਾਂ ਵਿੱਚ ਇਨੋਵੇਸ਼ਨ ਦੇ ਰਣਨੀਤਕ ਮਹੱਤਵ ‘ਤੇ ਜ਼ੋਰ ਦਿੱਤਾ। ਕੌਂਸਲ ਆਫ ਸਾਇੰਸ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ) ਦੇ ਡਾਇਰੈਕਟਰ ਜਨਰਲ ਡਾ. ਐੱਨ ਕਲਾਈਸੇਲਵੀ ਨੇ ਲਿਥੀਅਮ-ਆਇਨ ਬੈਟਰੀ ਵਿਕਾਸ ਅਤੇ ਸਵਦੇਸ਼ੀ ਬੈਟਰੀ ਨਿਰਮਾਣ ਵਿੱਚ ਭਾਰਤ ਦੀ ਪ੍ਰਗਤੀ ‘ਤੇ ਚਰਚਾ ਕੀਤਾ ਅਤੇ ਟਿਕਾਊ ਅਤੇ ਸਰਕੂਲਰ ਐਨਰਜੀ ਸਟੋਰੇਜ ਸਮਾਧਾਨ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। 

ਉਚ ਪੱਧਰੀ ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕੀ ਰਾਸ਼ਟਰਪਤੀ ਦੇ ਅੰਤਰਰਾਸ਼ਟਰੀ ਜਲਵਾਯੂ ਨੀਤੀ ਦੇ ਸੀਨੀਅਰ ਸਲਾਹਕਾਰ ਜੌਨ ਪੋਡੇਸਟਾ ਅਤੇ ਅਮਰੀਕੀ ਊਰਜਾ ਵਿਭਾਗ ਦੇ ਉਪ ਸਕੱਤਰ ਡੇਵਿਡ ਤੁਰਕ ਕਰ ਰਹੇ ਹਨ।

 ਮੀਟਿੰਗ ਦੀ ਸਮਾਪਤੀ ਦੋਹਾਂ ਦੇਸ਼ਾਂ ਦੁਆਰਾ ਉਭਰਦੀਆਂ ਟੈਕਨੋਲੋਜੀਆਂ ਵਿੱਚ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਦੇ ਨਾਲ ਹੋਈ, ਜਿਸ ਵਿੱਚ ਆਰਥਿਕ ਵਿਕਾਸ, ਰਾਸ਼ਟਰੀ ਸੁਰੱਖਿਆ ਅਤੇ ਟੈਕਨੋਲੋਜੀ ਪ੍ਰਗਤੀ ਵਿੱਚ ਆਲਮੀ ਅਗਵਾਈ ਨੂੰ ਵਧਾਉਣ ਵਿੱਚ ਆਪਸੀ ਹਿਤਾਂ ਦਾ ਸਮਾਵੇਸ਼ ਸ਼ਾਮਲ ਸੀ।

****

ਕੇਐੱਸਵਾਈ/ਪੀਐੱਸਐੱਮ


(Release ID: 2050511) Visitor Counter : 44