ਵਿੱਤ ਮੰਤਰਾਲਾ
azadi ka amrit mahotsav

ਬਿਜਲੀ ਸਟੋਰੇਜ ਲਈ ਪੰਪਡ ਸਟੋਰੇਜ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਨੀਤੀ ਲਿਆਂਦੀ ਜਾਵੇਗੀ


ਕੇਂਦਰੀ ਬਜਟ ਵਿੱਚ ਸੋਲਰ ਸੈੱਲਾਂ ਅਤੇ ਪੈਨਲਾਂ ਦੇ ਨਿਰਮਾਣ ਵਿੱਚ ਵਰਤੋਂ ਲਈ ਛੋਟ ਪ੍ਰਾਪਤ ਪੂੰਜੀਗਤ ਵਸਤੂਆਂ ਦੀ ਸੂਚੀ ਦੇ ਵਿਸਥਾਰ ਦਾ ਐਲਾਨ ਕੀਤਾ ਗਿਆ ਹੈ

ਐੱਨਟੀਪੀਸੀ ਅਤੇ ਬੀਐੱਚਈਐੱਲ ਵਿਚਕਾਰ ਸਾਂਝੇ ਉੱਦਮ ਰਾਹੀਂ ਏਯੂਐੱਸਸੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ 800 ਮੈਗਾਵਾਟ ਦਾ ਫੁੱਲ ਸਕੇਲ ਵਪਾਰਕ ਪਲਾਂਟ ਸਥਾਪਤ ਕੀਤਾ ਜਾਵੇਗਾ

ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਵਿੱਚ 1.28 ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਅਤੇ 14 ਲੱਖ ਅਰਜ਼ੀਆਂ ਦਾਇਰ

Posted On: 23 JUL 2024 12:52PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਉਚਿੱਤ ਊਰਜਾ ਪਰਿਵਰਤਨ ਮਾਰਗਾਂ 'ਤੇ ਇੱਕ ਨੀਤੀ ਦਸਤਾਵੇਜ਼ ਲਿਆਉਣ ਦਾ ਐਲਾਨ ਕੀਤਾ ਹੈ, ਜੋ ਰੁਜ਼ਗਾਰ, ਵਿਕਾਸ ਅਤੇ ਵਾਤਾਵਰਨ ਸਥਿਰਤਾ ਦੀਆਂ ਲੋੜਾਂ ਨੂੰ ਸੰਤੁਲਿਤ ਕਰਦੇ ਹਨ। ਅੱਜ ਸੰਸਦ ਵਿੱਚ ਕੇਂਦਰੀ ਬਜਟ 2024-2025 ਪੇਸ਼ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਇਹ ਉਪਲਬਧਤਾ, ਪਹੁੰਚਯੋਗਤਾ ਅਤੇ ਕਿਫਾਇਤੀਤਾ ਦੇ ਮਾਮਲੇ ਵਿੱਚ ਊਰਜਾ ਸੁਰੱਖਿਆ ਦੇ ਨਾਲ-ਨਾਲ ਉੱਚ ਅਤੇ ਵਧੇਰੇ ਸਰੋਤ-ਕੁਸ਼ਲ ਆਰਥਿਕ ਵਿਕਾਸ ਨੂੰ ਕਾਇਮ ਰੱਖਣ ਲਈ ਸਰਕਾਰ ਦੀ ਰਣਨੀਤੀ ਦਾ ਹਿੱਸਾ ਹੈ।

 

ਕੇਂਦਰੀ ਮੰਤਰੀ ਨੇ ਇਸ ਸਬੰਧ ਵਿੱਚ ਹੇਠ ਲਿਖੇ ਉਪਾਵਾਂ ਦਾ ਐਲਾਨ ਕੀਤਾ: 

 

ਪੰਪਡ ਸਟੋਰੇਜ ਨੀਤੀ

 

ਵਿੱਤ ਮੰਤਰੀ ਨੇ ਕਿਹਾ ਕਿ ਪਾਵਰ ਸਟੋਰੇਜ ਲਈ ਪੰਪ ਸਟੋਰੇਜ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਅਤੇ ਸਮੁੱਚੀ ਊਰਜਾ ਮਿਸ਼ਰਨ ਵਿੱਚ ਨਵਿਆਉਣਯੋਗ ਊਰਜਾ ਦੇ ਵਧਦੇ ਹਿੱਸੇ ਨੂੰ ਇਸਦੀ ਪਰਿਵਰਤਨਸ਼ੀਲ ਅਤੇ ਰੁਕ-ਰੁਕ ਕੇ ਪ੍ਰਕਿਰਤੀ ਨਾਲ ਸੁਚਾਰੂ ਢੰਗ ਨਾਲ ਜੋੜਨ ਲਈ ਇੱਕ ਨੀਤੀ ਲਿਆਂਦੀ ਜਾਵੇਗੀ।

 

ਜਲਵਾਯੂ ਪਰਿਵਰਤਨ ਦੇ ਵਿਰੁੱਧ ਲੜਾਈ ਵਿੱਚ ਊਰਜਾ ਤਬਦੀਲੀ ਨੂੰ ਮਹੱਤਵਪੂਰਨ ਕਰਾਰ ਦਿੰਦੇ ਹੋਏ ਵਿੱਤ ਮੰਤਰੀ ਨੇ ਦੇਸ਼ ਵਿੱਚ ਸੋਲਰ ਸੈੱਲਾਂ ਅਤੇ ਪੈਨਲਾਂ ਦੇ ਨਿਰਮਾਣ ਵਿੱਚ ਵਰਤੋਂ ਲਈ ਛੋਟ ਪ੍ਰਾਪਤ ਪੂੰਜੀਗਤ ਵਸਤੂਆਂ ਦੀ ਸੂਚੀ ਦਾ ਵਿਸਤਾਰ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸੋਲਰ ਸ਼ੀਸ਼ੇ ਅਤੇ ਟਿਨਡ ਕਾਪਰ ਇੰਟਰਕਨੈਕਟ ਦੀ ਲੋੜੀਂਦੀ ਘਰੇਲੂ ਨਿਰਮਾਣ ਸਮਰੱਥਾ ਦੇ ਮੱਦੇਨਜ਼ਰ ਬਜਟ 2024-25 ਵਿੱਚ ਉਨ੍ਹਾਂ ’ਤੇ ਲੱਗਣ ਵਾਲੀ ਕਸਟਮ ਡਿਊਟੀ ਨੂੰ ਵਧਾਉਣ ਦਾ ਪ੍ਰਸਤਾਵ ਨਹੀਂ ਕੀਤਾ ਗਿਆ ਹੈ। 

 

ਛੋਟੇ ਅਤੇ ਮੋਡਿਊਲਰ ਨਿਊਕਲੀਅਰ ਰਿਐਕਟਰਾਂ ਦੀ ਖੋਜ ਅਤੇ ਵਿਕਾਸ 

 

ਪਰਮਾਣੂ ਊਰਜਾ ਵਿਕਸਿਤ ਭਾਰਤ ਲਈ ਊਰਜਾ ਮਿਸ਼ਰਣ ਦਾ ਬਹੁਤ ਮਹੱਤਵਪੂਰਨ ਹਿੱਸਾ ਬਣਨ ਦੀ ਉਮੀਦ ਹੈ ਜਿਵੇਂ ਕਿ ਵਿੱਤ ਮੰਤਰੀ ਵੱਲੋਂ ਜ਼ੋਰ ਦਿੱਤਾ ਗਿਆ ਹੈ। ਇਸ ਕੰਮ ਲਈ ਸਰਕਾਰ (1) ਭਾਰਤ ਸਮਾਲ ਰਿਐਕਟਰ ਸਥਾਪਿਤ ਕਰਨ, (2) ਭਾਰਤ ਸਮਾਲ ਮੋਡਿਯੂਲਰ ਰਿਐਕਟਰ ਦੀ ਖੋਜ ਅਤੇ ਵਿਕਾਸ ਅਤੇ (3) ਪ੍ਰਮਾਣੂ ਊਰਜਾ ਲਈ ਨਵੀਆਂ ਤਕਨੀਕਾਂ ਦੀ ਖੋਜ ਅਤੇ ਵਿਕਾਸ ਲਈ ਪ੍ਰਾਈਵੇਟ ਸੈਕਟਰ ਨਾਲ ਭਾਈਵਾਲੀ ਕਰੇਗੀ। ਅੰਤਰਿਮ ਬਜਟ ਵਿੱਚ ਘੋਸ਼ਿਤ ਖੋਜ ਅਤੇ ਵਿਕਾਸ ਫੰਡ ਇਸ ਸੈਕਟਰ ਲਈ ਉਪਲਬਧ ਕਰਵਾਏ ਜਾਣਗੇ।

 

ਐਡਵਾਂਸਡ ਅਲਟਰਾ ਸੁਪਰ ਕ੍ਰਿਟੀਕਲ ਥਰਮਲ ਪਾਵਰ ਪਲਾਂਟ 

 

ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਬਹੁਤ ਜ਼ਿਆਦਾ ਕੁਸ਼ਲਤਾ ਵਾਲੇ ਐਡਵਾਂਸਡ ਅਲਟਰਾ ਸੁਪਰ ਕ੍ਰਿਟੀਕਲ (ਏ.ਯੂ.ਐੱਸ.ਸੀ.) ਥਰਮਲ ਪਾਵਰ ਪਲਾਂਟਾਂ ਲਈ ਸਵਦੇਸ਼ੀ ਤਕਨਾਲੋਜੀ ਦਾ ਵਿਕਾਸ ਪੂਰਾ ਕਰ ਲਿਆ ਗਿਆ ਹੈ। ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਐੱਨਟੀਪੀਸੀ ਅਤੇ ਭੇਲ (ਬੀਐੱਚਈਐੱਲ) ਵਿਚਕਾਰ ਇੱਕ ਸੰਯੁਕਤ ਉੱਦਮ ਏਯੂਐੱਸਸੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ 800 ਮੈਗਾਵਾਟ ਦੇ ਵਪਾਰਕ ਪਲਾਂਟ ਦੀ ਸਥਾਪਨਾ ਕਰੇਗਾ ਅਤੇ ਸਰਕਾਰ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲਾਂਟਾਂ ਲਈ ਉੱਚ ਦਰਜੇ ਦੇ ਸਟੀਲ ਅਤੇ ਹੋਰ 15 ਉੱਨਤ ਧਾਤੂ ਸਮੱਗਰੀ ਦੇ ਉਤਪਾਦਨ ਲਈ ਸਵਦੇਸ਼ੀ ਸਮਰੱਥਾ ਦੇ ਵਿਕਾਸ ਦੇ ਨਤੀਜੇ ਵਜੋਂ ਅਰਥਵਿਵਸਥਾ ਲਈ ਮਜ਼ਬੂਤ ​​ਸਪਿਨ-ਆਫ ਲਾਭ ਹੋਵੇਗਾ।

 

'ਹਾਰਡ ਟੁ ਇਬੇਟ' ਉਦਯੋਗਾਂ ਲਈ ਰੋਡਮੈਪ 

 

ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ 'ਹਾਰਡ ਟੁ ਇਬੇਟ' ਉਦਯੋਗਾਂ ਨੂੰ 'ਊਰਜਾ ਕੁਸ਼ਲਤਾ' ਟੀਚਿਆਂ ਤੋਂ 'ਨਿਕਾਸ ਟੀਚਿਆਂ' ਤੱਕ ਲਿਜਾਣ ਲਈ ਲਈ ਇੱਕ ਰੋਡਮੈਪ ਤਿਆਰ ਕੀਤਾ ਜਾਵੇਗਾ। ਉਨ੍ਹਾਂ ਘੋਸ਼ਣਾ ਕੀਤੀ ਕਿ ਇਨ੍ਹਾਂ ਉਦਯੋਗਾਂ ਨੂੰ ਮੌਜੂਦਾ 'ਪਰਫਾਰਮ, ਅਚੀਵ ਅਤੇ ਟ੍ਰੇਡ' ਮੋਡ ਤੋਂ 'ਇੰਡੀਅਨ ਕਾਰਬਨ ਮਾਰਕੀਟ' ਮੋਡ ਵਿੱਚ ਤਬਦੀਲ ਕਰਨ ਲਈ ਢੁਕਵੇਂ ਨਿਯਮ ਲਾਗੂ ਕੀਤੇ ਜਾਣਗੇ।

 

ਪਰੰਪਰਾਗਤ ਮਾਈਕ੍ਰੋ ਅਤੇ ਛੋਟੇ ਉਦਯੋਗਾਂ ਨੂੰ ਸਹਾਇਤਾ

 

ਵਿੱਤ ਮੰਤਰੀ ਨੇ ਕਿਹਾ ਕਿ ਪਿੱਤਲ ਅਤੇ ਸੇਰਾਮਿਕ ਕਲੱਸਟਰ ਸਮੇਤ 60 ਕਲੱਸਟਰਾਂ ਵਿੱਚ ਰਵਾਇਤੀ ਸੂਖਮ ਅਤੇ ਲਘੂ ਉਦਯੋਗਾਂ ਦੇ ਨਿਵੇਸ਼-ਗਰੇਡ ਊਰਜਾ ਆਡਿਟ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਨੂੰ ਊਰਜਾ ਦੇ ਸਾਫ਼-ਸੁਥਰੇ ਰੂਪਾਂ ਵਿੱਚ ਤਬਦੀਲ ਕਰਨ ਅਤੇ ਊਰਜਾ ਕੁਸ਼ਲਤਾ ਉਪਾਵਾਂ ਨੂੰ ਲਾਗੂ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਅਗਲੇ ਪੜਾਅ ਵਿੱਚ ਇਸ ਸਕੀਮ ਨੂੰ ਹੋਰ 100 ਕਲੱਸਟਰਾਂ ਵਿੱਚ ਦੁਹਰਾਇਆ ਜਾਵੇਗਾ।

 

ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ 

 

ਅੰਤਰਿਮ ਬਜਟ ਵਿੱਚ ਘੋਸ਼ਣਾ ਦੇ ਅਨੁਸਾਰ ਇੱਕ ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ ਛੱਤਾਂ ਉੱਤੇ ਸੋਲਰ ਪਲਾਂਟ ਲਗਾਉਣ ਲਈ ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸਕੀਮ ਨੂੰ 1.28 ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਅਤੇ 14 ਲੱਖ ਅਰਜ਼ੀਆਂ ਨਾਲ ਸ਼ਾਨਦਾਰ ਹੁੰਗਾਰਾ ਮਿਲਿਆ ਹੈ ਅਤੇ ਸਰਕਾਰ ਇਸ ਨੂੰ ਹੋਰ ਉਤਸ਼ਾਹਿਤ ਕਰੇਗੀ।

 *** *** *** ***

 

ਐੱਨਬੀ/ਐੱਸਕੇ/ਏਜੀ


(Release ID: 2036388) Visitor Counter : 47