ਵਿੱਤ ਮੰਤਰਾਲਾ
ਕੇਂਦਰੀ ਬਜਟ 2024-25 ਵਿੱਚ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 1.52 ਲੱਖ ਕਰੋੜ ਰੁਪਏ ਦਾ ਪ੍ਰਬੰਧ
400 ਜ਼ਿਲ੍ਹਿਆਂ ਵਿੱਚ ਬਣਾਏ ਜਾਣ ਵਾਲੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਵਰਤੋਂ ਕਰਦੇ ਹੋਏ ਸਾਉਣੀ ਲਈ ਡਿਜੀਟਲ ਫ਼ਸਲ ਸਰਵੇਖਣ
ਤੇਲ ਬੀਜਾਂ ਲਈ 'ਆਤਮਨਿਰਭਰਤਾ' ਦੀ ਪ੍ਰਾਪਤੀ ਲਈ ਰਣਨੀਤੀ ਬਣਾਈ ਜਾ ਰਹੀ ਹੈ
ਸਬਜ਼ੀਆਂ ਦੇ ਉਤਪਾਦਨ ਲਈ ਵੱਡੇ ਪੱਧਰ ਦੇ ਕਲੱਸਟਰ ਵੱਡੇ ਖਪਤ ਕੇਂਦਰਾਂ ਦੇ ਨੇੜੇ ਵਿਕਸਿਤ ਕੀਤੇ ਜਾਣਗੇ
ਬਜਟ ਵਿੱਚ ਝੀਂਗਾ ਬਰੂਡਸਟੌਕਸ ਲਈ ਨਿਊਕਲੀਅਸ ਪ੍ਰਜਨਨ ਕੇਂਦਰਾਂ ਦਾ ਨੈੱਟਵਰਕ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਦਾ ਐਲਾਨ
Posted On:
23 JUL 2024 12:59PM by PIB Chandigarh
ਖੇਤੀਬਾੜੀ ਸੈਕਟਰ ਵਿੱਚ ਉਤਪਾਦਕਤਾ ਅਤੇ ਪ੍ਰਤੀਰੋਧਕਤਾ ਨੂੰ ਵਧਾਉਣ ਦੇ ਉਪਾਵਾਂ ਦੇ ਹਿੱਸੇ ਵਜੋਂ ਕੇਂਦਰੀ ਬਜਟ 2024-25 ਵਿੱਚ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਤੇਲ ਬੀਜਾਂ ਵਿੱਚ 'ਆਤਮਨਿਰਭਰਤਾ', ਸਬਜ਼ੀਆਂ ਦੇ ਉਤਪਾਦਨ ਲਈ ਵੱਡੇ ਪੱਧਰ 'ਤੇ ਕਲੱਸਟਰ ਅਤੇ ਝੀਂਗਾ ਬਰੂਡਸਟੌਕਸ ਲਈ ਨਿਊਕਲੀਅਸ ਪ੍ਰਜਨਨ ਕੇਂਦਰਾਂ ਦੇ ਨੈੱਟਵਰਕ ਲਈ ਵਿੱਤੀ ਸਹਾਇਤਾ ਸਮੇਤ ਕਈ ਉਪਾਵਾਂ ਦਾ ਐਲਾਨ ਕੀਤਾ ਗਿਆ ਹੈ।
ਖੇਤੀਬਾੜੀ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚਾ
ਪਾਇਲਟ ਪ੍ਰੋਜੈਕਟ ਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਸਰਕਾਰ, ਰਾਜਾਂ ਨਾਲ ਭਾਈਵਾਲੀ ਵਿੱਚ 3 ਸਾਲਾਂ ਵਿੱਚ ਕਿਸਾਨਾਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਕਵਰੇਜ ਲਈ ਖੇਤੀਬਾੜੀ ਵਿੱਚ ਡਿਜੀਟਲ ਜਨਤਕ ਬੁਨਿਆਦੀ ਢਾਂਚੇ (ਡੀਪੀਆਈ) ਨੂੰ ਲਾਗੂ ਕਰਨ ਦੀ ਸਹੂਲਤ ਦੇਵੇਗੀ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ 2024-25 ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਇਸ ਸਾਲ ਦੌਰਾਨ ਡੀਪੀਆਈ ਦੀ ਵਰਤੋਂ ਕਰਦੇ ਹੋਏ ਸਾਉਣੀ ਲਈ ਡਿਜੀਟਲ ਫ਼ਸਲ ਸਰਵੇਖਣ 400 ਜ਼ਿਲ੍ਹਿਆਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 6 ਕਰੋੜ ਕਿਸਾਨਾਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦੇ ਵੇਰਵੇ ਕਿਸਾਨਾਂ ਅਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਵਿੱਚ ਲਿਆਂਦੇ ਜਾਣਗੇ। ਸ੍ਰੀਮਤੀ ਸੀਤਾਰਮਨ ਨੇ ਅੱਗੇ ਕਿਹਾ ਕਿ ਜਨ ਸਮਰਥ ਆਧਾਰਿਤ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰਨ ਨੂੰ 5 ਰਾਜਾਂ ਵਿੱਚ ਸਮਰੱਥ ਬਣਾਇਆ ਜਾਵੇਗਾ।
ਦਾਲ਼ਾਂ ਅਤੇ ਤੇਲ ਬੀਜਾਂ ਦੇ ਮਿਸ਼ਨ
ਦਾਲ਼ਾਂ ਅਤੇ ਤੇਲ ਬੀਜਾਂ ਵਿੱਚ ਆਤਮਨਿਰਭਰਤਾ ਹਾਸਲ ਕਰਨ ਲਈ ਸਰਕਾਰ ਇਨ੍ਹਾਂ ਦੇ ਉਤਪਾਦਨ, ਭੰਡਾਰਨ ਅਤੇ ਮੰਡੀਕਰਨ ਨੂੰ ਮਜ਼ਬੂਤ ਕਰੇਗੀ। ਅੱਜ ਸੰਸਦ ਵਿੱਚ ਕੇਂਦਰੀ ਬਜਟ 2024-25 ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰ੍ਹੋਂ, ਮੂੰਗਫਲੀ, ਤਿਲ, ਸੋਇਆਬੀਨ ਅਤੇ ਸੂਰਜਮੁਖੀ ਵਰਗੇ ਤੇਲ ਬੀਜਾਂ ਲਈ 'ਆਤਮਨਿਰਭਰਤਾ' ਹਾਸਲ ਕਰਨ ਲਈ ਇੱਕ ਰਣਨੀਤੀ ਬਣਾਈ ਜਾ ਰਹੀ ਹੈ, ਜਿਵੇਂ ਕਿ ਅੰਤਰਿਮ ਬਜਟ ਵਿੱਚ ਐਲਾਨ ਕੀਤਾ ਗਿਆ ਹੈ।
ਸਬਜ਼ੀਆਂ ਦਾ ਉਤਪਾਦਨ ਅਤੇ ਸਪਲਾਈ ਲੜੀ
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਸਬਜ਼ੀਆਂ ਦੇ ਉਤਪਾਦਨ ਲਈ ਵੱਡੇ ਪੱਧਰ 'ਤੇ ਕਲੱਸਟਰ ਵੱਡੇ ਖਪਤ ਕੇਂਦਰਾਂ ਦੇ ਨੇੜੇ ਵਿਕਸਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨ-ਉਤਪਾਦਕ ਸੰਗਠਨਾਂ, ਸਹਿਕਾਰੀ ਇਕਾਈਆਂ ਅਤੇ ਸਟਾਰਟ-ਅੱਪਸ ਨੂੰ ਸਬਜ਼ੀਆਂ ਦੀ ਸਪਲਾਈ ਲੜੀ ਲਈ ਉਤਸ਼ਾਹਿਤ ਕਰੇਗੀ, ਜਿਸ ਵਿੱਚ ਇਕੱਠਾ ਕਰਨਾ, ਭੰਡਾਰਨ ਅਤੇ ਮੰਡੀਕਰਨ ਸ਼ਾਮਲ ਹੈ।
ਝੀਂਗਾ ਉਤਪਾਦਨ ਅਤੇ ਨਿਰਯਾਤ
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਝੀਂਗਾ ਬਰੂਡਸਟੌਕਸ ਲਈ ਨਿਊਕਲੀਅਸ ਪ੍ਰਜਨਨ ਸੈਂਟਰਾਂ ਦਾ ਨੈੱਟਵਰਕ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਝੀਂਗਾ ਪਾਲਣ, ਪ੍ਰੋਸੈਸਿੰਗ ਅਤੇ ਨਿਰਯਾਤ ਲਈ ਵਿੱਤੀ ਸਹਾਇਤਾ ਨਾਬਾਰਡ ਵੱਲੋਂ ਸੁਵਿਧਾ ਦਿੱਤੀ ਜਾਵੇਗੀ।
ਕੇਂਦਰੀ ਬਜਟ ਵਿੱਚ ਐਲਾਨੇ ਗਏ 9 ਤਰਜੀਹੀ ਖੇਤਰਾਂ ਵਿੱਚੋਂ ਖੇਤੀਬਾੜੀ ਵਿੱਚ ਉਤਪਾਦਕਤਾ ਅਤੇ ਪ੍ਰਤੀਰੋਧਕਤਾ ਸਭ ਤੋਂ ਮੋਹਰੀ ਹੈ। ਬਜਟ 2024-25 ਵਿੱਚ ਖੇਤੀਬਾੜੀ ਅਤੇ ਸਹਾਇਕ ਖੇਤਰ ਲਈ 1.52 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਅੰਨਦਾਤਾ (ਕਿਸਾਨਾਂ) ਨੂੰ ਚਾਰ ਪ੍ਰਮੁੱਖ ਜਾਤਾਂ ਵਿੱਚੋਂ ਇੱਕ ਕਰਾਰ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇੱਕ ਮਹੀਨਾ ਪਹਿਲਾਂ ਸਾਰੀਆਂ ਪ੍ਰਮੁੱਖ ਫ਼ਸਲਾਂ ਲਈ ਉੱਚੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਹੈ, ਜੋ ਕਿ ਲਾਗਤਾਂ 'ਤੇ ਘੱਟੋ ਘੱਟ 50 ਪ੍ਰਤੀਸ਼ਤ ਤੋਂ ਘੱਟ ਮਾਰਜਨ ਦੇ ਵਾਅਦੇ ਨੂੰ ਪੂਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਨੂੰ ਪੰਜ ਸਾਲਾਂ ਲਈ ਵਧਾ ਦਿੱਤਾ ਗਿਆ ਹੈ, ਜਿਸ ਤੋਂ 80 ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਰਿਹਾ ਹੈ।
*** *** *** ***
ਐੱਨਬੀ/ਐੱਸਕੇ/ਵੀਐੱਮ
(Release ID: 2035968)
Visitor Counter : 62
Read this release in:
Odia
,
Malayalam
,
Kannada
,
English
,
Urdu
,
Hindi
,
Hindi_MP
,
Marathi
,
Bengali
,
Gujarati
,
Tamil
,
Telugu