ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਡਾ. ਮਨਸੁਖ ਮਾਂਡਵੀਆ ਨੇ ਭਾਰਤ ਨੂੰ ਖੇਡ ਮਹਾਂਸ਼ਕਤੀ ਬਣਾਉਣ ਲਈ ਪ੍ਰਤਿਭਾ ਵਿਕਾਸ 'ਤੇ ਜ਼ੋਰ ਦਿੱਤਾ


ਕੇਂਦਰੀ ਮੰਤਰੀ ਨੇ ਕੀਰਤੀ ਪ੍ਰੋਗਰਾਮ ਦੇ ਦੂਜੇ ਗੇੜ ਦੀ ਸ਼ੁਰੂਆਤ ਕੀਤੀ

“ਭਾਰਤ ਵਿਭਿੰਨਤਾ ਅਤੇ ਸੰਭਾਵਨਾਵਾਂ ਨਾਲ ਭਰਪੂਰ ਹੈ। ਭਾਰਤ ਵਿੱਚ ਬੌਧਿਕ ਸਮਰੱਥਾ, ਮਨੁੱਖੀ ਸ਼ਕਤੀ ਜਾਂ ਪ੍ਰਤਿਭਾ ਦੀ ਕਮੀ ਨਹੀਂ ਰਹੀ ਹੈ”- ਡਾ. ਮਾਂਡਵੀਆ

“ਕੀਰਤੀ ਪ੍ਰੋਗਰਾਮ ਤਹਿਤ 100 ਦਿਨਾਂ ਦੇ ਅੰਦਰ ਇੱਕ ਲੱਖ ਉੱਭਰਦੇ ਨੌਜਵਾਨ ਐਥਲੀਟਾਂ ਦੀ ਪਛਾਣ ਕੀਤੀ ਜਾਵੇਗੀ”

Posted On: 19 JUL 2024 3:08PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਕੀਰਤੀ (ਖੇਲੋ ਇੰਡੀਆ ਰਾਈਜ਼ਿੰਗ ਟੇਲੈਂਟ ਆਈਡੈਂਟੀਫਿਕੇਸ਼ਨ) ਪ੍ਰੋਗਰਾਮ ਦੇ ਦੂਜੇ ਗੇੜ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮਾਣਯੋਗ ਸੰਸਦ ਮੈਂਬਰ ਸ੍ਰੀ ਮਨੋਜ ਤਿਵਾੜੀ ਅਤੇ ਸ੍ਰੀਮਤੀ ਕਮਲਜੀਤ ਸਹਿਰਾਵਤ, ਉੱਘੇ ਐਥਲੀਟ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਭਾਰਤੀ ਖੇਡ ਅਥਾਰਟੀ (ਐੱਸਏਆਈ) ਅਤੇ ਐੱਮਸੀਡੀ ਸਕੂਲ ਦੇ ਬੱਚੇ ਹਾਜ਼ਰ ਸਨ।

Image

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਮਾਂਡਵੀਆ ਨੇ ਕਿਹਾ, “ਭਾਰਤ ਵਿਭਿੰਨਤਾ ਅਤੇ ਸੰਭਾਵਨਾਵਾਂ ਨਾਲ ਭਰਪੂਰ ਹੈ। ਭਾਰਤ ਵਿੱਚ ਬੌਧਿਕ ਸਮਰੱਥਾ, ਮਨੁੱਖੀ ਸ਼ਕਤੀ ਜਾਂ ਪ੍ਰਤਿਭਾ ਦੀ ਕਦੇ ਕਮੀ ਨਹੀਂ ਰਹੀ। ਸਿਰਫ਼ ਸ਼ਹਿਰ ਹੀ ਨਹੀਂ, ਸਗੋਂ ਸਾਡੇ ਦੂਰ-ਦੁਰਾਡੇ ਦੇ ਖੇਤਰਾਂ ਜਿਵੇਂ ਕਿ ਉੱਤਰ-ਪੂਰਬ, ਤਟਵਰਤੀ, ਹਿਮਾਲੀਆਈ ਅਤੇ ਕਬਾਇਲੀ ਖੇਤਰਾਂ ਵਿੱਚ ਵੀ ਵਧੀਆ ਖਿਡਾਰੀ ਹੋ ਸਕਦੇ ਹਨ। ਕੀਰਤੀ ਦਾ ਮੰਤਵ ਇਨ੍ਹਾਂ ਪ੍ਰਤਿਭਾਸ਼ਾਲੀ ਐਥਲੀਟਾਂ ਨੂੰ ਲੱਭਣਾ ਅਤੇ ਉਨ੍ਹਾਂ ਦੇ ਹੁਨਰ ਨੂੰ ਵਿਕਸਿਤ ਕਰਨਾ ਹੈ।

ਡਾ. ਮਾਂਡਵੀਆ ਨੇ ਕਿਹਾ, “ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਸਾਡੇ ਜੀਵਨ ਵਿੱਚ ਖੇਡਾਂ ਦੇ ਮਹੱਤਵ 'ਤੇ ਵਾਰ-ਵਾਰ ਜ਼ੋਰ ਦਿੱਤਾ ਹੈ। ਭਾਰਤ ਨੂੰ ਵਿਸ਼ਵ ਖੇਡ ਮਹਾਂਸ਼ਕਤੀ ਬਣਾਉਣ ਦੇ ਵਿਜ਼ਨ ਦੇ ਨਾਲ ਸਰਕਾਰ ਨੇ ਪ੍ਰਤਿਭਾਸ਼ਾਲੀ ਅਥਲੀਟਾਂ ਨੂੰ ਦਿਲੋਂ ਸਮਰਥਨ ਦੇਣ ਲਈ ਸਰਗਰਮ ਕਦਮ ਚੁੱਕੇ ਹਨ। ਸਰਕਾਰ ਦੀ ਕੇਂਦਰਿਤ ਪਹੁੰਚ ਹਾਲ ਹੀ ਦੇ ਸਾਲਾਂ ਵਿੱਚ ਓਲੰਪਿਕ ਸਮੇਤ ਵੱਖ-ਵੱਖ ਆਲਮੀ ਚੈਂਪੀਅਨਸ਼ਿਪ ਵਿੱਚ ਸਾਡੇ ਵਧੇ ਹੋਏ ਤਮਗਿਆਂ ਦੀ ਗਿਣਤੀ ਵਿੱਚ ਝਲਕਦੀ ਹੈ। ਸਾਨੂੰ ਇਨ੍ਹਾਂ ਉੱਚ-ਪ੍ਰਦਰਸ਼ਨ ਅਸਾਸਿਆਂ ਦੀ ਇੱਕ ਸਥਿਰ ਧਾਰਾ ਦੀ ਲੋੜ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਕੀਰਤੀ, ਖੇਡਾਂ ਦੀ ਉੱਤਮਤਾ ਵੱਲ ਇੱਕ ਕਦਮ ਹੈ।"

ਸ਼ੁਰੂਆਤੀ ਸਮਾਗਮ ਵਿੱਚ ਸ਼ਾਮਲ ਹੋਏ ਹਜ਼ਾਰਾਂ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਡਾ. ਮਾਂਡਵੀਆ ਨੇ ਕਿਹਾ, "ਤੁਹਾਡੇ ਵਿੱਚ ਜ਼ਰੂਰ ਕੋਈ ਨਾ ਕੋਈ ਓਲੰਪਿਕ ਚੈਂਪੀਅਨ ਹੋਵੇਗਾ। ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਹਾਂ ਕਿ ਤੁਹਾਡੇ ਮਾਤਾ-ਪਿਤਾ ਆਏ ਹਨ ਅਤੇ ਖੇਡਾਂ ਵਿੱਚ ਭਾਗ ਲੈਣ ਲਈ ਤੁਹਾਡਾ ਸਮਰਥਨ ਕਰ ਰਹੇ ਹਨ।“ ਕੇਂਦਰੀ ਮੰਤਰੀ ਨੇ ਅੱਗੇ ਕਿਹਾ, "ਹੋ ਸਕਦਾ ਹੈ ਕਿ ਇੱਕ ਦਿਨ ਜਦੋਂ ਤੁਸੀਂ ਓਲੰਪਿਕ ਤਮਗਾ ਜਿੱਤੋ, ਉਦੋਂ ਤੁਸੀਂ ਜਾਂ ਤੁਹਾਡੇ ਮਾਤਾ-ਪਿਤਾ ਜੇਐੱਲਐੱਨ ਸਟੇਡੀਅਮ ਵਿੱਚ ਇਸ ਦਿਨ ਨੂੰ ਯਾਦ ਕਰੋਗੇ।"

ਡਾ. ਮਾਂਡਵੀਆ ਨੇ ਅੱਗੇ ਕਿਹਾ ਕਿ ਸਰਕਾਰ ਨੇ ਕੀਰਤੀ ਪ੍ਰੋਗਰਾਮ ਤਹਿਤ 100 ਦਿਨਾਂ ਦੇ ਅੰਦਰ 1 ਲੱਖ ਉੱਭਰਦੇ ਨੌਜਵਾਨ ਐਥਲੀਟਾਂ ਦੀ ਪਛਾਣ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੀਰਤੀ ਪ੍ਰੋਗਰਾਮ ਤਹਿਤ ਹਰ ਕਿਸੇ ਨੂੰ ਆਪਣੀ ਖੇਡ ਕਲਾ ਦੇ ਵਿਕਾਸ ਦੇ ਮੌਕੇ ਦਿੱਤੇ ਜਾਣਗੇ, ਭਾਵੇਂ ਉਹ ਪਿੰਡ ਵਿੱਚ ਰਹਿੰਦੇ ਹੋਣ ਜਾਂ ਸ਼ਹਿਰ ਵਿੱਚ, ਭਾਵੇਂ ਉਹ ਗ਼ਰੀਬ ਹੋਵੇ ਜਾਂ ਅਮੀਰ।

ਅੱਜ ਦੇ ਸਮਾਗਮ ਵਿੱਚ ਦੇਸ਼ ਵਿਆਪੀ ਪ੍ਰਤਿਭਾ ਖੋਜ ਦੀ ਸ਼ੁਰੂਆਤ ਕੀਤੀ ਗਈ ਜੋ 2047 ਤੱਕ ਭਾਰਤ ਨੂੰ ਓਲੰਪਿਕ ਖੇਡਾਂ ਵਿੱਚ ਚੋਟੀ ਦੇ 5 ਦੇਸ਼ਾਂ ਵਿੱਚੋਂ ਇੱਕ ਬਣਾਉਣ ਲਈ ਇੱਕ ਕਦਮ ਸਾਬਤ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਇਸ ਸਾਲ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ 117 ਅਥਲੀਟਾਂ ਵਿੱਚੋਂ 28 ਖੇਲੋ ਇੰਡੀਆ ਈਕੋਸਿਸਟਮ ਵਿਚੋਂ ਉੱਭਰੇ ਹਨ।

ਕੀਰਤੀ ਦੇ ਪ੍ਰਤਿਭਾ ਪਛਾਣ ਮਾਡਲ ਨੂੰ ਵਿਗਿਆਨਕ ਤੌਰ 'ਤੇ ਆਈਟੀ ਟੂਲਸ ਅਤੇ ਆਲਮੀ ਸਰਬੋਤਮ ਅਭਿਆਸਾਂ ਦੀ ਵਰਤੋਂ ਕਰਕੇ ਯੋਜਨਾਬੱਧ ਕੀਤਾ ਗਿਆ ਹੈ। ਕੀਰਤੀ ਪ੍ਰੋਗਰਾਮ ਦਾ ਮੰਤਵ ਇਸ ਪਾੜੇ ਨੂੰ ਪੂਰਾ ਕਰਨਾ ਅਤੇ ਨੌਜਵਾਨ ਉੱਭਰਦੇ ਐਥਲੀਟਾਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਆਧਾਰ 'ਤੇ ਰਾਹ ਚੁਣਨ ਲਈ ਦਿਸ਼ਾ ਪ੍ਰਦਾਨ ਕਰਨਾ ਹੈ।

 

ਪ੍ਰੋਜੈਕਟ ਕੀਰਤੀ ਆਪਣੀ ਵਿਕੇਂਦਰੀਕ੍ਰਿਤ ਅਤੇ ਸਮੂਹ-ਆਧਾਰਿਤ ਪ੍ਰਤਿਭਾ ਪਛਾਣ ਪਹੁੰਚ ਨਾਲ ਦੋਹਰੇ ਮੰਤਵਾਂ-ਖੇਡਾਂ ਵਿੱਚ ਵਿਆਪਕ ਭਾਗੀਦਾਰੀ ਅਤੇ ਉੱਤਮਤਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਕੀਰਤੀ ਪ੍ਰੋਗਰਾਮ ਦੀ ਯੋਜਨਾ ਪ੍ਰਤਿਭਾ ਦੀ ਪਛਾਣ ਅਤੇ ਵਿਕਾਸ ਨੂੰ ਤੇਜ਼ ਕਰਨ ਅਤੇ ਬਾਅਦ ਵਿੱਚ ਇੱਕ ਸਾਲ ਦੇ ਅੰਦਰ 20 ਲੱਖ ਮੁਲਾਂਕਣ ਕਰਨ ਲਈ ਸੰਚਾਲਨ ਨੂੰ ਵਧਾਉਣ ਲਈ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ 100 ਸਥਾਨਾਂ 'ਤੇ 100 ਦਿਨਾਂ ਦੇ ਅੰਦਰ 1 ਲੱਖ ਤੋਂ ਵੱਧ ਮੁਲਾਂਕਣਾਂ ਨੂੰ ਪੂਰਾ ਕਰਨਾ ਹੈ।

ਭਾਰਤੀ ਖੇਡ ਅਥਾਰਟੀ ਦਿੱਲੀ ਵਿੱਚ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਸਹਿਯੋਗ ਨਾਲ ਕੁੱਲ 12 ਜ਼ੋਨਾਂ ਵਿੱਚ 25000 ਐੱਮਸੀਡੀ ਵਿਦਿਆਰਥੀਆਂ ਦੇ ਕੀਰਤੀ ਮੁਲਾਂਕਣ ਕਰੇਗੀ। ਇਹ ਮੁਲਾਂਕਣ ਕੁੱਲ 27 ਦਿਨਾਂ ਤੱਕ ਜਾਰੀ ਰਹਿਣਗੇ ਅਤੇ 5 ਪ੍ਰਮੁੱਖ ਖੇਡਾਂ ਜਿਵੇਂ ਅਥਲੈਟਿਕਸ, ਫੁੱਟਬਾਲ, ਵਾਲੀਬਾਲ, ਕਬੱਡੀ ਅਤੇ ਖੋ-ਖੋ ਨੂੰ ਕਵਰ ਕਰਨਗੇ।

ਦਿੱਲੀ ਨਗਰ ਨਿਗਮ ਨੇ 2022-23 ਵਿੱਚ ਆਪਣੇ ਪਾਇਲਟ ਪ੍ਰੋਜੈਕਟ ਵਿੱਚ 6-10 ਸਾਲ ਦੀ ਉਮਰ ਦੇ ਨੌਜਵਾਨ ਐੱਮਸੀਡੀ ਵਿਦਿਆਰਥੀਆਂ ਲਈ ਵੱਖ-ਵੱਖ ਖੇਡਾਂ ਜਿਵੇਂ ਕਿ ਫੁੱਟਬਾਲ, ਵਾਲੀਬਾਲ ਆਦਿ ਨੂੰ ਕਵਰ ਕਰਦੇ ਹੋਏ ਦਿੱਲੀ ਭਰ ਵਿੱਚ ਵੱਖ-ਵੱਖ ਖੇਡ ਕੈਂਪ ਲਗਾਏ ਹਨ।

ਤੀਜੇ ਪੜਾਅ ਵਿੱਚ ਕੀਰਤੀ ਪ੍ਰੋਗਰਾਮ ਵਿੱਚ ਕੀਰਤੀ ਦੀ ਛੱਤਰੀ ਹੇਠ ਖੇਲੋ ਇੰਡੀਆ ਯੋਜਨਾ ਦੇ ਸਾਰੇ 20 ਅਨੁਸ਼ਾਸਨ ਸ਼ਾਮਲ ਹੋਣਗੇ।

ਕੀਰਤੀ ਦਾ ਪਹਿਲਾ ਗੇੜ ਇਸ ਸਾਲ 12 ਮਾਰਚ ਨੂੰ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਗਿਆ ਸੀ।

ਕੀਰਤੀ ਦੇ ਦੂਜੇ ਗੇੜ ਦੀ ਸ਼ੁਰੂਆਤ ਦੇਖਣ ਲਈ, ਇੱਥੇ ਕਲਿੱਕ ਕਰੋ।

ਕੀਰਤੀ ਪ੍ਰੋਗਰਾਮ 'ਤੇ ਵਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ।

************

ਹਿਮਾਂਸ਼ੂ ਪਾਠਕ



(Release ID: 2035041) Visitor Counter : 29