ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਕੋਵਿਡ-19 ਲੌਕਡਾਊਨ ਕਾਰਨ ਪ੍ਰਭਾਵਿਤ ਖਪਤਕਾਰਾਂ ਨੂੰ ਬੁਕਿੰਗ ਦੀ ਰਕਮ ਵਾਪਸ ਕਰਨ ਲਈ ਆਨਲਾਈਨ 'ਯਾਤਰਾ' ਪਲੇਟਫ਼ਾਰਮ ਨੂੰ ਨਿਰਦੇਸ਼ ਦਿੱਤਾ
ਢਾਈ ਕਰੋੜ ਰੁਪਏ ਤੋਂ ਵੱਧ ਦਾ ਰੀਫੰਡ ਅਜੇ ਵੀ ਬਕਾਇਆ, ਖਪਤਕਾਰਾਂ ਨੂੰ ਲਗਭਗ 23 ਕਰੋੜ ਰੁਪਏ ਵਾਪਸ ਕੀਤੇ ਗਏ
ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਰਵਿਘਨ ਹੱਲ ਲਈ ਰਾਸ਼ਟਰੀ ਖਪਤਕਾਰ ਹੈਲਪਲਾਈਨ ਨੇ ਏਜੰਸੀ ਰਾਹੀਂ ਪੰਜ ਪੇਸ਼ੇਵਰਾਂ ਦੀ ਨਿਯੁਕਤੀ ਕੀਤੀ
Posted On:
09 JUL 2024 12:04PM by PIB Chandigarh
ਨੈਸ਼ਨਲ ਕੰਜ਼ਿਊਮਰ ਹੈਲਪਲਾਈਨ (1915-ਟੋਲ ਫ੍ਰੀ ਨੰਬਰ) ਰਾਹੀਂ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਦੇ ਧਿਆਨ ਵਿੱਚ ਆਇਆ ਹੈ ਕਿ ਕੋਵਿਡ ਲੌਕਡਾਊਨ ਕਾਰਨ ਰੱਦ ਕੀਤੀਆਂ ਗਈਆਂ ਹਵਾਈ ਟਿਕਟਾਂ ਦੀ ਵਾਪਸੀ ਨਾ ਹੋਣ ਸਬੰਧੀ ਕਈ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਕਿ ਟਰੈਵਲ ਏਜੰਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਏਅਰਲਾਈਨਜ਼ ਤੋਂ ਰੀਫੰਡ ਨਹੀਂ ਮਿਲਿਆ ਹੈ।
ਸੁਪਰੀਮ ਕੋਰਟ ਨੇ 01.10.2020 ਨੂੰ ਪ੍ਰਵਾਸੀ ਲੀਗਲ ਸੈੱਲ ਬਨਾਮ ਯੂਨੀਅਨ ਆਫ਼ ਇੰਡੀਆ (ਡਬਲਯੂਪੀ(ਸੀ)ਡੀ ਨੰਬਰ 10966 ਆਫ਼ 2020) ਵਿੱਚ ਆਪਣੇ ਫੈਸਲੇ ਵਿੱਚ ਨਿਰਦੇਸ਼ ਦਿੱਤਾ ਸੀ ਕਿ:
“ਜੇਕਰ ਲੌਕਡਾਊਨ ਦੀ ਮਿਆਦ ਦੌਰਾਨ ਯਾਤਰਾ ਲਈ ਟਿਕਟਾਂ ਕਿਸੇ ਟਰੈਵਲ ਏਜੰਟ ਵੱਲੋਂ ਬੁੱਕ ਕੀਤੀਆਂ ਗਈਆਂ ਹਨ ਤਾਂ ਅਜਿਹੇ ਸਾਰੇ ਮਾਮਲਿਆਂ ਵਿੱਚ ਏਅਰਲਾਈਨਜ਼ ਵੱਲੋਂ ਤੁਰੰਤ ਪੂਰਾ ਰੀਫੰਡ ਕੀਤਾ ਜਾਵੇਗਾ। ਅਜਿਹੇ ਰੀਫੰਡ 'ਤੇ ਏਜੰਟ ਯਾਤਰੀਆਂ ਨੂੰ ਤੁਰੰਤ ਰਕਮ ਵਾਪਸ ਕਰ ਦੇਣਗੇ।”
ਉਪਰੋਕਤ ਸਥਿਤੀ ਦੇ ਮੱਦੇਨਜ਼ਰ ਸੀਸੀਪੀਏ ਨੇ ਕੋਵਿਡ-19 ਲੌਕਡਾਊਨ ਕਾਰਨ ਰੱਦ ਕੀਤੀਆਂ ਏਅਰਲਾਈਨਜ਼ ਦੀਆਂ ਟਿਕਟਾਂ ਦੀ ਵਾਪਸੀ ਨਾ ਕਰਨ ਦੇ ਸਬੰਧ ਵਿੱਚ ਯਾਤਰਾ ਦੇ ਵਿਰੁੱਧ ਸੁਓ-ਮੋਟੋ ਕਾਰਵਾਈ ਸ਼ੁਰੂ ਕੀਤੀ।
ਇਸ ਟਰੈਵਲ ਕੰਪਨੀ ਨੂੰ ਕੋਵਿਡ-19 ਵਿੱਚ ਪ੍ਰਭਾਵਿਤ ਹੋਈਆਂ ਬੁਕਿੰਗਾਂ ਦੇ ਰੀਫੰਡ ਦੇ ਬਕਾਇਆ ਹੋਣ ਬਾਰੇ 09.03.2021 ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ। ਇਸ ਅਨੁਸਾਰ ਸੀਸੀਪੀਏ ਨੇ ਕੰਪਨੀ ਨਾਲ ਕਈ ਸੁਣਵਾਈਆਂ ਕੀਤੀਆਂ ਅਤੇ ਖਪਤਕਾਰਾਂ ਨੂੰ ਕੀਤੇ ਗਏ ਰੀਫੰਡ ਦੀ ਪ੍ਰਗਤੀ ਦੀ ਨੇੜਿਓਂ ਨਿਗਰਾਨੀ ਕੀਤੀ।
8 ਜੁਲਾਈ, 2021 ਤੋਂ 25 ਜੂਨ, 2024 ਤੱਕ ਸੀਸੀਪੀਏ ਨੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਕਈ ਸੁਣਵਾਈਆਂ ਕੀਤੀਆਂ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ 'ਯਾਤਰਾ' ਆਨਲਾਈਨ ਲਿਮਿਟਿਡ ਨੇ ਬਕਾਇਆ ਰੀਫੰਡ ਬੁਕਿੰਗਾਂ ਦੀ ਕੁੱਲ ਸੰਖਿਆ ਨੂੰ ਘਟਾਉਣ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਸਾਲ 2021 ਵਿੱਚ 26,25,82,484 ਰੁਪਏ ਦੀਆਂ 36,276 ਬਕਾਇਆ ਬੁਕਿੰਗਾਂ ਸਨ। 21 ਜੂਨ, 2024 ਤੱਕ 2,52,87,098 ਰੁਪਏ ਦੀ ਰੀਫੰਡ ਰਾਸ਼ੀ ਦੇ ਨਾਲ ਇਹ ਗਿਣਤੀ ਕਾਫ਼ੀ ਘੱਟ ਕੇ 4,837 ਬੁਕਿੰਗਾਂ ਤੱਕ ਰਹਿ ਗਈ ਹੈ। 'ਯਾਤਰਾ' ਨੇ ਖਪਤਕਾਰਾਂ ਨੂੰ ਲਗਭਗ 87 ਪ੍ਰਤੀਸ਼ਤ ਰਕਮ ਵਾਪਸ ਕਰ ਦਿੱਤੀ ਹੈ ਅਤੇ ਲਗਭਗ 13 ਪ੍ਰਤੀਸ਼ਤ ਰਕਮ ਨੂੰ ਉਪਭੋਗਤਾਵਾਂ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਬਕਾਇਆ ਰੀਫੰਡ ਏਅਰਲਾਈਨਜ਼ ਵੱਲੋਂ ਤੁਰੰਤ ਅਤੇ ਕੁਸ਼ਲਤਾ ਨਾਲ ਦਿੱਤੇ ਜਾਣ।
ਸਾਲ 2021 ਵਿੱਚ ਏਅਰਲਾਈਨਜ਼ ਨਾਲ ਸਬੰਧਿਤ 9,60,14,463 ਰੁਪਏ ਦੇ ਰੀਫੰਡ ਲਈ ਕੁੱਲ 5,771 ਬੁਕਿੰਗਾਂ ਬਕਾਇਆ ਸਨ। ਸਾਲ 2024 ਤੱਕ 'ਯਾਤਰਾ' ਆਨਲਾਈਨ ਪਲੇਟਫ਼ਾਰਮ ਨੇ 31,79,069 ਰੁਪਏ ਦੀ ਬਕਾਇਆ ਰਕਮ ਵਾਪਸ ਕਰ ਦਿੱਤੀ ਹੈ ਅਤੇ ਏਅਰਲਾਈਨਜ਼ ਦੀਆਂ ਬਕਾਇਆ ਬੁਕਿੰਗਾਂ ਘੱਟ ਕੇ 98 ਰਹਿ ਗਈਆਂ ਹਨ। ਸੀਸੀਪੀਏ ਵੱਲੋਂ ਮਿਤੀ 27.06.2024 ਦੇ ਆਰਡਰ ਨੇ 'ਯਾਤਰਾ' ਦੀਆਂ 22 ਬਾਕੀ ਏਅਰਲਾਈਨਾਂ ਨੂੰ ਖਪਤਕਾਰਾਂ ਨੂੰ 31,79,069 ਰੁਪਏ ਦੀ ਰਕਮ ਤੇਜ਼ੀ ਨਾਲ ਵਾਪਸ ਕਰਨ ਦਾ ਨਿਰਦੇਸ਼ ਦਿੱਤਾ।
ਸੀਸੀਪੀਏ ਦੇ ਸਾਹਮਣੇ ਹੋਈ ਕਾਰਵਾਈ ਦੌਰਾਨ ਮੇਕ ਮਾਈ ਟ੍ਰਿਪ, ਈਜ਼ ਮਾਈ ਟ੍ਰਿਪ, ਕਲੀਅਰ ਟ੍ਰਿਪ, ਇਕਸੀਗੋ ਅਤੇ ਥਾਮਸ ਕੁੱਕ ਵਰਗੇ ਕਈ ਹੋਰ 'ਟ੍ਰੈਵਲ' ਪਲੇਟਫ਼ਾਰਮਾਂ ਨੇ ਉਨ੍ਹਾਂ ਖਪਤਕਾਰਾਂ ਨੂੰ ਪੂਰੀ ਰਕਮ ਵਾਪਸ ਕਰ ਦਿੱਤੀ ਹੈ ਜਿਨ੍ਹਾਂ ਦੀਆਂ ਟਿਕਟਾਂ ਕੋਵਿਡ ਲੌਕਡਾਊਨ ਕਾਰਨ ਪ੍ਰਭਾਵਿਤ ਹੋਈਆਂ ਸਨ।
ਖਪਤਕਾਰਾਂ ਨੂੰ ਸਮੇਂ ਸਿਰ ਰੀਫੰਡ ਪ੍ਰਕਿਰਿਆ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਸੀਸੀਪੀਏ ਨੇ 27.06.2024 ਨੂੰ 'ਯਾਤਰਾ' ਨੂੰ ਰਾਸ਼ਟਰੀ ਖਪਤਕਾਰ ਹੈਲਪ ਲਾਈਨ (ਐੱਨਸੀਐੱਚ) 'ਤੇ ਪ੍ਰਬੰਧ ਕਰਨ ਦਾ ਨਿਰਦੇਸ਼ ਦਿੰਦੇ ਹੋਏ ਇੱਕ ਹੁਕਮ ਜਾਰੀ ਕੀਤਾ। ਖ਼ਾਸ ਤੌਰ 'ਤੇ 'ਯਾਤਰਾ' ਨੂੰ ਬਾਕੀ ਬਚੇ 4,837 ਯਾਤਰੀਆਂ ਨੂੰ ਕਾਲ ਕਰਨ ਲਈ ਐੱਨਸੀਐੱਚ ਵਿੱਚ ਪੰਜ ਵਿਸ਼ੇਸ਼ ਪੇਸ਼ੇਵਰਾਂ ਨੂੰ ਤਾਇਨਾਤ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਉਨ੍ਹਾਂ ਨੂੰ ਸੂਚਿਤ ਕੀਤਾ ਜਾ ਸਕੇ ਕਿ ਕੋਵਿਡ ਲੌਕਡਾਊਨ ਨਾਲ ਸਬੰਧਿਤ ਫਲਾਈਟ ਰੱਦ ਹੋਣ ਕਾਰਨ ਉਨ੍ਹਾਂ ਦੇ ਬਕਾਇਆ ਰੀਫੰਡ ਦੀ ਪ੍ਰਕਿਰਿਆ ਕੀਤੀ ਜਾਵੇਗੀ। ਇਨ੍ਹਾਂ ਪੰਜ ਪੇਸ਼ੇਵਰਾਂ ਨੂੰ ਸ਼ਾਮਲ ਕਰਨ ਦਾ ਖ਼ਰਚਾ ਪੂਰੀ ਤਰ੍ਹਾਂ 'ਯਾਤਰਾ' ਪਲੇਟਫ਼ਾਰਮ ਵੱਲੋਂ ਚੁੱਕਿਆ ਜਾਵੇਗਾ ਅਤੇ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ (ਐੱਨਸੀਐੱਚ) ਰਾਹੀਂ ਸਿੱਧੇ ਏਜੰਸੀ ਨੂੰ ਅਦਾ ਕੀਤਾ ਜਾਵੇਗਾ।
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਦਾ ਹੁਕਮ ਸਮੇਂ ਸਿਰ ਰੀਫੰਡ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਯਾਤਰਾ ਨੂੰ ਸਾਰੀਆਂ ਬਕਾਇਆ ਬੁਕਿੰਗਾਂ ਦੇ ਮੁਕੰਮਲ ਹੱਲ ਨੂੰ ਯਕੀਨੀ ਬਣਾਉਣ ਲਈ ਇਸ ਨਿਰਦੇਸ਼ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
***************
ਏਡੀ/ਐੱਨਐੱਸ
(Release ID: 2031815)
Visitor Counter : 37