ਪ੍ਰਧਾਨ ਮੰਤਰੀ ਦਫਤਰ
ਐੱਸਸੀਓ ਰਾਜ ਦੇ ਪ੍ਰਮੁੱਖਾਂ ਦੀ ਕੌਂਸਲ ਦੀ ਮੀਟਿੰਗ ‘ਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਟਿੱਪਣੀਆਂ
ਮੀਟਿੰਗ ਦਾ ਵਿਸ਼ਾ: ਬਹੁਪੱਖੀ ਸੰਵਾਦ ਨੂੰ ਮਜ਼ਬੂਤ ਕਰਨਾ –ਟਿਕਾਊ ਸ਼ਾਂਤੀ ਅਤੇ ਵਿਕਾਸ ਦੇ ਲਈ ਕੋਸ਼ਿਸ਼ ਕਰਨਾ
ਮੀਟਿੰਗ ਵਿੱਚ ਮੌਜੂਦ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਪੇਸ਼ ਕੀਤਾ।
Posted On:
04 JUL 2024 6:04PM by PIB Chandigarh
ਇਸ ਸਮੇਂ ਦੁਨੀਆ ਜੀਓਪੌਲਿਟੀਕਲ ਟੈਨਸ਼ਨਸ, ਜੀਓਇਕੋਨੋਮਿਕ ਫੋਰਸਿਜ਼ ਅਤੇ ਜੀਓਟੈਕਨੋਲੋਜੀਕਲ ਪ੍ਰਗਤੀ ਦੇ ਕਾਰਨ ਬਹੁਤ ਵੱਡੇ ਬਦਲਾਵਾਂ ਦਾ ਅਨੁਭਵ ਕਰ ਰਹੀ ਹੈ। ਇਨ੍ਹਾਂ ਸਾਰਿਆਂ ਦੇ ਵਿਆਪਕ ਪ੍ਰਭਾਵ ਹਨ। ਜਦੋਂ ਅਸੀਂ ਅੱਗੇ ਦੇਖਦੇ ਹਾਂ, ਤਾਂ ਪਾਉਂਦੇ ਹਾਂ ਕਿ ਤਤਕਾਲੀ ਅਤੇ ਪ੍ਰਣਾਲੀਗਤ ਚੁਣੌਤੀਆਂ ਅਤੇ ਮੌਕੇ ਦੋਨੋਂ ਹੀ ਮੌਜੂਦ ਹਨ। ਜਦੋਂ ਅਸੀਂ ਇਨ੍ਹਾਂ ਚੁਣੌਤੀਆਂ ‘ਤੇ ਵਿਚਾਰ ਕਰਦੇ ਹਾਂ, ਤਾਂ ਸਾਨੂੰ ਇਹ ਸਾਫ ਹੋਣਾ ਚਾਹੀਦਾ ਹੈ ਕਿ ਦੁਨੀਆ ਲਾਜ਼ਮੀ ਤੌਰ 'ਤੇ ਸੱਚੀ ਬਹੁਧਰੁਵੀਤਾ ਵੱਲ ਵਧ ਰਹੀ ਹੈ। ਅਜਿਹੇ ਵਿੱਚ ਐੱਸਸੀਓ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਪਰ ਇਸ ਦਾ ਅਸਲ ਮਹੱਤਵ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅਸੀਂ ਸਾਰੇ ਆਪਸ ਵਿੱਚ ਕਿੰਨਾ ਚੰਗਾ ਸਹਿਯੋਗ ਕਰਦੇ ਹਾਂ। ਅਸੀਂ SCO ਦੇ ਅੰਦਰ ਇਸ ਬਾਰੇ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ। ਇਹ ਵਿਸਤ੍ਰਿਤ ਪਰਿਵਾਰ 'ਤੇ ਵੀ ਲਾਗੂ ਹੁੰਦਾ ਹੈ।
ਚੁਣੌਤੀਆਂ ਦੀ ਗੱਲ ਕਰੀਏ, ਤਾਂ ਆਤੰਕਵਾਦ ਨਿਸ਼ਚਿਤ ਤੌਰ ‘ਤੇ ਸਾਡੇ ਵਿੱਚੋਂ ਕਈਆਂ ਦੇ ਲਈ ਸਭ ਤੋਂ ਮਹੱਤਵਪੂਰਨ ਹੈ। ਸੱਚਾਈ ਇਹ ਹੈ ਕਿ ਰਾਸ਼ਟਰਾਂ ਦੁਆਰਾ ਇਸ ਨੂੰ ਅਸਥਿਰਤਾ ਦੇ ਸਾਧਨ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਸੀਮਾ ਪਾਰ ਅੱਤਵਾਦ ਨਾਲ ਜੁੜੇ ਸਾਡੇ ਆਪਣੇ ਤਜ਼ਰਬੇ ਹਨ। ਸਾਡੇ ਸਾਹਮਣੇ ਇਹ ਸਾਫ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਰੂਪ ਜਾਂ ਅਭਿਵਿਅਕਤੀ ਵਿੱਚ ਅੱਤਵਾਦ ਨੂੰ ਉਚਿਤ ਜਾਂ ਮਾਫ ਨਹੀਂ ਕੀਤਾ ਜਾ ਸਕਦਾ ਹੈ। ਅੱਤਵਾਦੀਆੰ ਨੂੰ ਸਹਾਰਾ ਦੇਣ ਦੀ ਸਖਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਸੀਮਾ ਪਾਰ ਅੱਤਵਾਦ ਨੂੰ ਨਿਰਣਾਇਕ ਜਵਾਬ ਦੇਣ ਦੀ ਜ਼ਰੂਰਤ ਹੈ ਅਤੇ ਅੱਤਵਾਦ ਦੇ ਵਿੱਤਪੋਸ਼ਣ ਅਤੇ ਭਰਤੀ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕੀਤਾ ਜਾਣਾ ਚਾਹੀਦਾ ਹੈ। ਐੱਸਸੀਓ ਨੂੰ ਆਪਣੀ ਪ੍ਰਤੀਬੱਧਤਾ ਵਿੱਚ ਕਦੇ ਵੀ ਕਮੀ ਨਹੀਂ ਲਿਆਉਣੀ ਚਾਹੀਦੀ। ਅਸੀਂ ਇਸ ਸਬੰਧ ਵਿੱਚ ਦੋਹਰੇ ਮਾਪਦੰਡ ਨਹੀਂ ਅਪਣਾ ਸਕਦੇ।
ਜਦੋਂ ਜੀਓਇਕੋਨੋਮਿਕਸ ਦੀ ਗੱਲ ਆਉਂਦੀ ਹੈ ਤਾਂ ਅੱਜ ਦੀ ਜ਼ਰੂਰਤ ਵੱਖ-ਵੱਖ, ਭਰੋਸੇਯੋਗ ਅਤੇ ਮਜ਼ਬੂਤ ਸਪਲਾਈ ਚੇਨਸ ਬਣਾਉਣਾ ਹੈ। ਇਹ ਕੋਵਿਡ ਦੇ ਤਜ਼ਰਬਿਆਂ ਦੀ ਇੱਕ ਅਹਿਮ ਸਿੱਖ ਹੈ। ਮੇਕ ਇਨ ਇੰਡੀਆ ਆਲਮੀ ਵਿਕਾਸ ਦੇ ਇੰਜਣਾਂ ਨੂੰ ਗਤੀ ਦੇ ਸਕਦਾ ਹੈ ਅਤੇ ਗਲੋਬਲ ਇਕੋਨੋਮੀ ਨੂੰ ਲੋਕਤੰਤਰੀ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਭਾਰਤ ਸਮਰੱਥਾ ਨਿਰਮਾਣ ਵਿੱਚ ਦੂਸਰੇ ਦੇਸ਼ਾਂ ਦੇ ਨਾਲ ਸਾਂਝੇਦਾਰੀ ਕਰਨ ਲਈ ਤਿਆਰ ਹੈ, ਵਿਸ਼ੇਸ਼ ਕਰਕੇ ਗਲੋਬਲ ਸਾਊਥ ਦੇ ਦੇਸ਼ਾਂ ਦੇ ਨਾਲ।
ਵਰਤਮਾਨ ਵਿੱਚ ਟੈਕਨੋਲੋਜੀ ਨਾ ਕੇਵਲ ਬਹੁਤ ਆਸ਼ਾਵਾਦੀ ਹੈ, ਬਲਕਿ ਵਿਕਾਸ ਅਤੇ ਸੁਰੱਖਿਆ ਦੋਨੋਂ ਹੀ ਮਾਮਲਿਆਂ ਵਿੱਚ ਤੇਜ਼ੀ ਨਾਲ ਗੇਮ ਚੇਂਜਰ ਬਣ ਰਹੀ ਹੈ। ਡਿਜੀਟਲ ਯੁਗ ਨੂੰ ਵਧੇਰੇ ਵਿਸ਼ਵਾਸ ਅਤੇ ਪਾਰਦਰਸ਼ਿਤਾ ਦੀ ਲੋੜ ਹੈ। ਏਆਈ ਅਤੇ ਸਾਈਬਰ ਸੁਰੱਖਿਆ ਆਪਣੇ ਆਪ ਵਿੱਚ ਮਹੱਤਵਪੂਰਨ ਮੁੱਦੇ ਉਠਾਉਂਦੇ ਹਨ। ਨਾਲ ਹੀ, ਭਾਰਤ ਨੇ ਦਿਖਾਇਆ ਹੈ ਕਿ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਡਿਜੀਟਲ ਵਿੱਤੀ ਸਮਾਵੇਸ਼ ਬਹੁਤ ਵੱਡਾ ਫਰਕ ਲਿਆ ਸਕਦੇ ਹਨ। ਸਾਡੀ ਐੱਸਸੀਓ ਪ੍ਰੈਜ਼ੀਡੈਂਸੀ ਦੇ ਦੌਰਾਨ ਦੋਨੋਂ ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਉਹ ਐੱਸਸੀਓ ਮੈਂਬਰਾਂ ਅਤੇ ਹਿੱਸੇਦਾਰਾਂ ਨੂੰ ਸ਼ਾਮਲ ਕਰਦੇ ਹੋਏ ਅੰਤਰਰਾਸ਼ਟਰੀ ਸਹਿਯੋਗ ਦੇ ਦਾਇਰੇ ਦਾ ਵੀ ਵਿਸਤਾਰ ਕਰਦੇ ਹਨ।
ਚੁਣੌਤੀਆਂ ‘ਤੇ ਦ੍ਰਿੜ ਰਹਿੰਦੇ ਹੋਏ, ਸਰਗਰਮੀ ਨਾਲ ਅਤੇ ਸਹਿਯੋਗਾਤਮਕ ਤੌਰ ‘ਤੇ ਵਿਕਾਸ ਦੇ ਰਸਤਿਆਂ ਦੀ ਭਾਲ ਕਰਨਾ ਵੀ ਉਨਾ ਹੀ ਮਹੱਤਵਪੂਰਨ ਹੈ। ਵਰਤਮਾਨ ਗਲੋਬਲ ਬਹਿਸ, ਨਵੇਂ ਸੰਪਰਕ ਸਬੰਧ ਬਣਾਉਣ ‘ਤੇ ਕੇਂਦ੍ਰਿਤ ਹੈ, ਜੋ ਇੱਕ ਪੁਨਰ-ਸੰਤੁਲਿਤ ਵਿਸ਼ਵ ਦੀ ਬਿਹਤਰ ਸੇਵਾ ਕਰਨਗੇ। ਜੇਕਰ ਇਸ ਨੂੰ ਤੇਜ਼ ਗਤੀ ਪ੍ਰਾਪਤ ਕਰਨੀ ਹੈ, ਤਾਂ ਇਸ ਲਈ ਕਈ ਦੇਸ਼ਾਂ ਦੇ ਸਾਂਝੇ ਪ੍ਰਯਾਸਾਂ ਦੀ ਲੋੜ ਹੈ। ਇਸ ਨੂੰ ਦੇਸ਼ ਦੀ ਪ੍ਰਭੁਸੱਤਾ ਅਤੇ ਖੇਤਰ ਅਖੰਡਤਾ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਗੁਆਂਢੀਆ ਲਈ ਗੈਰ-ਭੇਦਭਾਵਪੂਰਨ ਵਪਾਰ ਤੇ ਆਵਾਜਾਈ ਅਧਿਕਾਰਾਂ ਦੀ ਨੀਂਹ ‘ਤੇ ਬਣਾਇਆ ਜਾਣਾ ਚਾਹੀਦਾ ਹੈ। ਐੱਸਸੀਓ ਵਿਸਤਾਰਿਤ ਪਰਿਵਾਰ ਲਈ, ਅਸੀਂ ਭਾਰਤ ਅਤੇ ਈਰਾਨ ਦਰਮਿਆਨ ਦੀਰਘਕਾਲੀ ਸਮਝੌਤੇ ਜਰੀਏ ਹਾਲ ਹੀ ਵਿੱਚ ਚਾਰਬਹਾਰ ਬੰਦਰਗਾਹ ‘ਤੇ ਹੋਏ ਵਿਕਾਸ ਨੂੰ ਰੇਖਾਂਕਿਤ ਕਰਦੇ ਹਨ। ਇਹ ਨਾ ਕੇਵਲ ਜ਼ਮੀਨ ਨਾਲ ਘਿਰੇ ਮੱਧ ਏਸ਼ਿਆਈ ਰਾਜਾਂ ਲਈ ਬਹੁਤ ਕੀਮਤੀ ਹੈ, ਬਲਕਿ ਭਾਰਤ ਅਤੇ ਯੂਰੇਸ਼ੀਆ ਦੇ ਦਰਮਿਆਨ ਵਣਜ ਨੂੰ ਵੀ ਜੋਖਮ ਮੁਕਤ ਕਰਦਾ ਹੈ।
ਖੇਤਰ ਦੇ ਬਾਰੇ, ਮੈਂ ਅਫਗਾਨੀਸਤਾਨ ‘ਤੇ ਵੀ ਗੱਲ ਕਰਨਾ ਚਾਹਾਂਗਾ। ਸਾਡੇ ਲੋਕਾਂ ਦੇ ਦਰਮਿਆਨ ਇਤਿਹਾਸਕ ਸਬੰਧ ਹਨ ਜੋ ਸਾਡੇ ਸਬੰਧਾਂ ਦਾ ਅਧਾਰ ਹਨ। ਸਾਡੇ ਸਹਿਯੋਗ ਵਿੱਚ ਵਿਕਾਸ ਪ੍ਰੋਜੈਕਟਾਂ, ਮਾਨਵੀ ਸਹਾਇਤਾ, ਸਮਰੱਥਾ ਨਿਰਮਾਣ ਅਤੇ ਖੇਡਾਂ ਸ਼ਾਮਲ ਹਨ। ਭਾਰਤ ਅਫਗਾਨ ਲੋਕਾਂ ਦੀਆਂ ਲੋੜਾਂ ਅਤੇ ਇੱਛਾਵਾਂ ਪ੍ਰਤੀ ਸੰਵੇਦਨਸ਼ੀਲ ਹੈ।
ਐੱਸਸੀਓ ਵਿਸਤ੍ਰਿਤ ਪਰਿਵਾਰ ਮੌਜੂਦਾ ਅੰਤਰਰਾਸ਼ਟਰੀ ਵਿਵਸਥਾ ਵਿੱਚ ਸੁਧਾਰ ਪ੍ਰਤੀ ਆਪਣੀ ਵਚਨਬੱਧਤਾ ਸ਼ੇਅਰ ਕਰਦਾ ਹੈ। ਇਹ ਤਦ ਹੀ ਸੰਭਵ ਹੈ, ਜਦ ਇਹ ਕੋਸ਼ਿਸ਼ ਸੰਯੁਕਤ ਰਾਸ਼ਟਰ ਅਤੇ ਉਸ ਦੀ ਸੁਰੱਖਿਆ ਕੌਂਸਲ ਤੱਕ ਵਿਸਤਾਰਿਤ ਹੋਵੇ। ਸਾਨੂੰ ਉਮੀਦ ਹੈ ਕਿ ਨੇੜੇ ਭਵਿੱਖ ਵਿੱਚ, ਅਸੀਂ ਅੱਗੇ ਦੀ ਰਾਹ ‘ਤੇ ਇੱਕ ਮਜ਼ਬੂਤ ਆਮ ਸਹਿਮਤੀ ਵਿਕਸਿਤ ਕਰ ਸਕਦੇ ਹਾਂ।
ਭਾਰਤ ਨੇ ਐੱਸਸੀਓ ਦੇ ਆਰਥਿਕ ਏਜੰਡੇ ਨੂੰ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਅਸੀਂ ਐੱਸਸੀਓ ਸਟਾਰਟਅੱਪ ਫੋਰਮ ਅਤੇ ਸਟਾਰਟਅੱਪ ਅਤੇ ਇਨੋਵੇਸ਼ਨ 'ਤੇ ਸਪੈਸ਼ਲ ਵਰਕਿੰਗ ਗਰੁੱਪ ਜਿਹੀਆਂ ਵਿਵਸਥਾਵਾਂ ਨੂੰ ਸੰਸਥਾਗਤ ਰੂਪ ਦਿੱਤਾ ਹੈ। ਭਾਰਤ ਵਿੱਚ 130,000 ਸਟਾਰਟਅੱਪਸ ਹਨ, ਜਿਨ੍ਹਾਂ ਵਿੱਚ 100 ਯੂਨਿਕੋਰਨ ਸ਼ਾਮਲ ਹਨ, ਸਾਡਾ ਅਨੁਭਵ ਦੂਜਿਆਂ ਲਈ ਉਪਯੋਗੀ ਹੋ ਸਕਦਾ ਹੈ।
ਜਦੋਂ ਮੈਡੀਕਲ ਅਤੇ ਵੈੱਲਨੈੱਸ ਟੂਰਿਜ਼ਮ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਜਾਣਦੇ ਹੋਵੋਗੇ ਕਿ WHO ਨੇ ਗੁਜਰਾਤ ਵਿੱਚ ਟ੍ਰੈਡੀਸ਼ਨਲ ਮੈਡੀਸਨ ਲਈ ਇੱਕ ਗਲੋਬਲ ਸੈਂਟਰ ਸਥਾਪਿਤ ਕੀਤਾ ਹੈ। ਐੱਸਸੀਓ ਵਿੱਚ, ਭਾਰਤ ਨੇ ਟ੍ਰੈਡੀਸ਼ਨਲ ਮੈਡੀਸਨ 'ਤੇ ਇੱਕ ਨਵੇਂ ਐੱਸਸੀਓ ਵਰਕਿੰਗ ਗਰੁੱਪ ਲਈ ਪਹਿਲ ਕੀਤੀ ਹੈ।
ਸਿੱਖਿਆ, ਸਿਖਲਾਈ ਅਤੇ ਸਮਰੱਥਾ ਨਿਰਮਾਣ ਨੂੰ ਵਧਾਉਣਾ ਭਾਰਤ ਦੇ ਅੰਤਰਰਾਸ਼ਟਰੀ ਸਹਿਯੋਗ ਦੇ ਮੁੱਖ ਥੰਮ੍ਹ ਹਨ। ਅਸੀਂ ਉਨ੍ਹਾਂ ਨੂੰ ਹੋਰ ਅੱਗੇ ਲਿਜਾਣ ਲਈ ਵਚਨਬੱਧ ਹਾਂ, ਭਾਵੇਂ ਉਹ ਸੀ5 ਭਾਈਵਾਲਾਂ ਨਾਲ ਹੋਣ, ਜਾਂ 'ਨੇਬਰਹੁੱਡ ਫਸਟ' ਜਾਂ ਐਕਸਟੈਂਡਿਡ ਨੇਬਰਹੁੱਡ ਦੇ ਨਾਲ।
ਜਿਵੇਂ-ਜਿਵੇਂ ਹੋਰ ਦੇਸ਼ ਨਿਰੀਖਕਾਂ ਜਾਂ ਸੰਵਾਦ ਸਹਿਭਾਗੀਆਂ ਵਜੋਂ ਐਸਸੀਓ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਸਾਨੂੰ ਬਿਹਤਰ ਸੰਵਾਦ ਕਰਨ ਅਤੇ ਆਪਣੀ ਸਹਿਮਤੀ ਨੂੰ ਹੋਰ ਡੂੰਘਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੰਗਰੇਜ਼ੀ ਨੂੰ ਤੀਜੀ ਸਰਕਾਰੀ ਭਾਸ਼ਾ ਦਾ ਦਰਜਾ ਦੇਣਾ ਜ਼ਰੂਰੀ ਹੋਵੇਗਾ।
ਅਸੀਂ ਸਮਿਟ ਦੀ ਸਫਲ ਮੇਜ਼ਬਾਨੀ ਲਈ ਕਜ਼ਾਖ ਧਿਰ ਨੂੰ ਵਧਾਈ ਦਿੰਦੇ ਹਾਂ। ਵਿਸ਼ਵ ਬੰਧੂ ਜਾਂ ਦੁਨੀਆ ਦੇ ਮਿੱਤਰ ਦੇ ਰੂਪ ਵਿੱਚ, ਭਾਰਤ ਸਦਾ ਆਪਣੇ ਸਾਰੇ ਹਿੱਸੇਦਾਰਾਂ ਦੇ ਨਾਲ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ। ਅਸੀਂ ਐੱਸਸੀਓ ਦੀ ਆਗਾਮੀ ਚੀਨੀ ਪ੍ਰੈਜ਼ੀਡੈਂਸੀ ਦੀ ਸਫਲਤਾ ਲਈ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।
****
ਡੀਐੱਸ/ਐੱਸਆਰ
(Release ID: 2031388)
Visitor Counter : 52
Read this release in:
Tamil
,
English
,
Urdu
,
Marathi
,
Hindi
,
Hindi_MP
,
Assamese
,
Manipuri
,
Gujarati
,
Odia
,
Telugu
,
Kannada
,
Malayalam