ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਨੇ ਮਹਾਰਾਸ਼ਟਰ ਤੋਂ ਜ਼ੀਕਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਰਾਜਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ


ਰਾਜਾਂ ਨੂੰ ਜ਼ੀਕਾ ਵਾਇਰਸ ਦੀ ਲਾਗ ਲਈ ਗਰਭਵਤੀ ਔਰਤਾਂ ਦੀ ਸਕਰੀਨਿੰਗ ਅਤੇ ਜ਼ੀਕਾ ਲਈ ਪਾਜ਼ਿਟਿਵ ਪਾਈਆਂ ਜਾਣ ਵਾਲੀਆਂ ਗਰਭਵਤੀ ਮਾਵਾਂ ਦੇ ਭਰੂਣ ਦੇ ਵਿਕਾਸ ਦੀ ਨਿਗਰਾਨੀ ਦੁਆਰਾ ਨਿਰੰਤਰ ਚੌਕਸੀ ਦੀ ਸਥਿਤੀ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ

ਸਿਹਤ ਸਹੂਲਤਾਂ/ ਹਸਪਤਾਲਾਂ ਨੂੰ ਏਡੀਜ਼ ਮੱਛਰ ਮੁਕਤ ਰੱਖਣ ਲਈ ਨਿਗਰਾਨੀ ਕਰਨ ਅਤੇ ਕਾਰਵਾਈ ਕਰਨ ਲਈ ਇੱਕ ਨੋਡਲ ਅਫਸਰ ਲਗਾਉਣ ਲਈ ਕਿਹਾ

ਰਾਜ ਕੀਟ ਵਿਗਿਆਨਿਕ ਨਿਗਰਾਨੀ ਨੂੰ ਮਜ਼ਬੂਤ ਕਰਨ ਅਤੇ ਰਿਹਾਇਸ਼ੀ ਖੇਤਰਾਂ, ਕੰਮ ਦੀਆਂ ਜਗ੍ਹਾਵਾਂ, ਸਕੂਲਾਂ, ਨਿਰਮਾਣ ਸਥਾਨਾਂ, ਸੰਸਥਾਵਾਂ ਅਤੇ ਸਿਹਤ ਸਹੂਲਤਾਂ ਵਿੱਚ ਵੈਕਟਰ ਨਿਯੰਤਰਣ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਕਿਹਾ

Posted On: 03 JUL 2024 3:07PM by PIB Chandigarh

ਮਹਾਰਾਸ਼ਟਰ ਤੋਂ ਜ਼ੀਕਾ ਵਾਇਰਸ ਦੇ ਕੁਝ ਰਿਪੋਰਟ ਕੀਤੇ ਮਾਮਲਿਆਂ ਦੇ ਮੱਦੇਨਜ਼ਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਸੇਵਾਵਾਂ (ਡੀਜੀਐੱਚਐੱਸ) ਦੇ ਡਾਇਰੈਕਟਰ ਜਨਰਲ ਡਾ: ਅਤੁਲ ਗੋਇਲ ਨੇ ਰਾਜਾਂ ਨੂੰ ਦੇਸ਼ ਵਿੱਚ ਜ਼ੀਕਾ ਵਾਇਰਸ ਦੀ ਸਥਿਤੀ ’ਤੇ ਨਿਰੰਤਰ ਚੌਕਸੀ ਬਣਾਈ ਰੱਖਣ ਦੀ ਜ਼ਰੂਰਤ ਨੂੰ ਉਜਾਗਰ ਕਰਨ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।

ਕਿਉਂਕਿ ਜ਼ੀਕਾ ਪ੍ਰਭਾਵਿਤ ਗਰਭਵਤੀ ਔਰਤ ਦੇ ਭਰੂਣ ਵਿੱਚ ਮਾਈਕ੍ਰੋਸੇਫਲੀ ਅਤੇ ਨਿਊਰੋਲੌਜੀਕਲ ਨਤੀਜਿਆਂ ਨਾਲ ਜੁੜਿਆ ਹੋਇਆ ਹੈ, ਇਸ ਲਈ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਡਾਕਟਰਾਂ ਨੂੰ ਨਜ਼ਦੀਕੀ ਨਿਗਰਾਨੀ ਲਈ ਅਲਰਟ ਕਰਨ। ਰਾਜਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪ੍ਰਭਾਵਿਤ ਖੇਤਰਾਂ ਵਿੱਚ ਜਾਂ ਜ਼ੀਕਾ ਵਾਇਰਸ ਦੀ ਲਾਗ ਲਈ ਗਰਭਵਤੀ ਔਰਤਾਂ ਦੀ ਜਾਂਚ ਕਰਨ ਲਈ ਪ੍ਰਭਾਵਿਤ ਖੇਤਰਾਂ ਤੋਂ ਆਏ ਕੇਸਾਂ ਲਈ ਸਿਹਤ ਸਹੂਲਤਾਂ ਨੂੰ ਨਿਰਦੇਸ਼ ਦੇਣ, ਜ਼ੀਕਾ ਲਈ ਪਾਜ਼ਿਟਿਵ ਪਾਈਆਂ ਜਾਣ ਵਾਲੀਆਂ ਗਰਭਵਤੀ ਮਾਵਾਂ ਦੇ ਭਰੂਣ ਦੇ ਵਿਕਾਸ ਦੀ ਨਿਗਰਾਨੀ ਕਰਨ ਅਤੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਮ ਕਰਨ। ਰਾਜਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਸਿਹਤ ਸਹੂਲਤਾਂ/ ਹਸਪਤਾਲਾਂ ਨੂੰ ਏਡੀਜ਼ ਮੱਛਰ ਮੁਕਤ ਰੱਖਣ ਲਈ ਨਿਗਰਾਨੀ ਕਰਨ ਅਤੇ ਕਾਰਵਾਈ ਕਰਨ ਲਈ ਇੱਕ ਨੋਡਲ ਅਫਸਰ ਦੀ ਨਿਯੁਕਤੀ ਕਰਨ ਲਈ ਸਲਾਹ ਦੇਣ।

ਰਾਜਾਂ ਨੂੰ ਕੀਟ ਵਿਗਿਆਨਿਕ ਨਿਗਰਾਨੀ ਨੂੰ ਮਜ਼ਬੂਤ ਕਰਨ ਅਤੇ ਰਿਹਾਇਸ਼ੀ ਖੇਤਰਾਂ, ਕੰਮ ਦੀਆਂ ਜਗ੍ਹਾਵਾਂ, ਸਕੂਲਾਂ, ਨਿਰਮਾਣ ਸਥਾਨਾਂ, ਸੰਸਥਾਵਾਂ ਅਤੇ ਸਿਹਤ ਸਹੂਲਤਾਂ ਵਿੱਚ ਵੈਕਟਰ ਨਿਯੰਤਰਣ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ ਗਿਆ ਹੈ। ਰਾਜਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਮਾਜ ਵਿੱਚ ਦਹਿਸ਼ਤ ਨੂੰ ਘਟਾਉਣ ਲਈ ਸੋਸ਼ਲ ਮੀਡੀਆ ਅਤੇ ਹੋਰ ਪਲੇਟਫਾਰਮਾਂ ਵਿੱਚ ਸਾਵਧਾਨੀ ਵਾਲੇ ਆਈਈਸੀ ਸੰਦੇਸ਼ਾਂ ਰਾਹੀਂ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ, ਕਿਉਂਕਿ ਜ਼ੀਕਾ ਕਿਸੇ ਵੀ ਹੋਰ ਵਾਇਰਲ ਇਨਫੈਕਸ਼ਨ ਵਾਂਗ ਹੈ ਜਿਸ ਵਿੱਚ ਜ਼ਿਆਦਾਤਰ ਕੇਸ ਲੱਛਣ ਰਹਿਤ ਅਤੇ ਹਲਕੇ ਹੁੰਦੇ ਹਨ। ਹਾਲਾਂਕਿ, ਇਹ ਮਾਈਕ੍ਰੋਸੇਫਲੀ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ, ਦੇਸ਼ ਵਿੱਚ 2016 ਤੋਂ ਬਾਅਦ ਕਿਸੇ ਵੀ ਜ਼ੀਕਾ ਵਾਇਰਸ ਨਾਲ ਸਬੰਧਿਤ ਮਾਈਕ੍ਰੋਸੇਫਲੀ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।

ਕਿਸੇ ਵੀ ਆਉਣ ਵਾਲੇ ਵਾਧੇ/ ਪ੍ਰਕੋਪ ਦੀ ਸਮੇਂ ਸਿਰ ਖੋਜ ਅਤੇ ਨਿਯੰਤਰਣ ਲਈ, ਰਾਜ ਦੇ ਅਧਿਕਾਰੀਆਂ ਨੂੰ ਚੌਕਸ ਰਹਿਣ, ਤਿਆਰ ਰਹਿਣ ਅਤੇ ਹਰ ਪੱਧਰ ’ਤੇ ਢੁੱਕਵੀਂ ਲੌਜਿਸਟਿਕਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਹੈ। ਰਾਜਾਂ ਨੂੰ ਇਹ ਵੀ ਤਾਕੀਦ ਕੀਤੀ ਗਈ ਸੀ ਕਿ ਕਿਸੇ ਵੀ ਖੋਜੇ ਕੇਸ ਦੀ ਤੁਰੰਤ ਇੰਟੀਗ੍ਰੇਟਿਡ ਡਿਜ਼ੀਜ਼ ਸਰਵੇਲੈਂਸ ਪ੍ਰੋਗਰਾਮ (ਆਈਡੀਐੱਸਪੀ) ਅਤੇ ਨੈਸ਼ਨਲ ਸੈਂਟਰ ਫਾਰ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ (ਐੱਨਸੀਵੀਬੀਡੀਸੀ) ਨੂੰ ਰਿਪੋਰਟ ਕਰਨ।

ਜ਼ੀਕਾ ਟੈਸਟਿੰਗ ਸਹੂਲਤ ਨੈਸ਼ਨਲ ਇੰਸਟੀਟੀਊਟ ਆਵ੍ ਵਾਇਰੋਲੋਜੀ (ਐੱਨਆਈਵੀ), ਪੂਨੇ; ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ), ਦਿੱਲੀ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੀਆਂ ਕੁਝ ਚੋਣਵੀਆਂ ਵਾਇਰਸ ਖੋਜ ਅਤੇ ਡਾਇਗਨੌਸਟਿਕ ਲੈਬਾਰਟਰੀਆਂ ਵਿਖੇ ਉਪਲਬਧ ਹੈ। ਉੱਚ ਪੱਧਰ ’ਤੇ ਸਮੀਖਿਆਵਾਂ ਕੀਤੀਆਂ ਜਾ ਰਹੀਆਂ ਹਨ।

ਡੀਜੀਐੱਚਐੱਸ ਨੇ ਇਸ ਸਾਲ ਦੇ ਸ਼ੁਰੂ ਵਿੱਚ 26 ਅਪ੍ਰੈਲ ਨੂੰ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ ਅਤੇ ਡਾਇਰੈਕਟਰ, ਐੱਨਸੀਵੀਬੀਡੀਸੀ ਨੇ ਫ਼ਰਵਰੀ ਅਤੇ ਅਪ੍ਰੈਲ, 2024 ਵਿੱਚ ਰਾਜਾਂ ਨੂੰ ਇੱਕੋ ਵੈਕਟਰ ਮੱਛਰ ਦੁਆਰਾ ਫੈਲਣ ਵਾਲੇ ਜ਼ੀਕਾ, ਡੇਂਗੂ ਅਤੇ ਚਿਕਨਗੁਨੀਆ ਬਾਰੇ ਚੇਤਾਵਨੀ ਦੇਣ ਲਈ ਦੋ ਐਡਵਾਈਜ਼ਰੀਆਂ ਜਾਰੀ ਕੀਤੀਆਂ ਹਨ।

ਕੇਂਦਰੀ ਸਿਹਤ ਮੰਤਰਾਲਾ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।

ਪਿਛੋਕੜ:

ਜ਼ੀਕਾ ਡੇਂਗੂ ਅਤੇ ਚਿਕਨਗੁਨੀਆ ਵਾਂਗ ਏਡੀਜ਼ ਮੱਛਰ ਤੋਂ ਪੈਦਾ ਹੋਣ ਵਾਲੀ ਵਾਇਰਲ ਬੀਮਾਰੀ ਹੈ। ਇਹ ਇੱਕ ਗੈਰ-ਘਾਤਕ ਰੋਗ ਹੈ। ਹਾਲਾਂਕਿ, ਜ਼ੀਕਾ ਪ੍ਰਭਾਵਿਤ ਗਰਭਵਤੀ ਔਰਤਾਂ ਵਿੱਚ ਪੈਦਾ ਹੋਏ ਬੱਚਿਆਂ ਦੇ ਮਾਈਕ੍ਰੋਸੇਫਲੀ (ਸਿਰ ਦਾ ਆਕਾਰ ਛੋਟਾ ਹੋਣਾ) ਨਾਲ ਜੁੜਿਆ ਹੋਇਆ ਹੈ ਜੋ ਇਸਨੂੰ ਇੱਕ ਵੱਡੀ ਚਿੰਤਾ ਬਣਾਉਂਦਾ ਹੈ।

ਭਾਰਤ ਵਿੱਚ 2016 ਵਿੱਚ ਗੁਜਰਾਤ ਰਾਜ ਤੋਂ ਜ਼ੀਕਾ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਉਸ ਤੋਂ ਬਾਅਦ, ਤਮਿਲ ਨਾਡੂ, ਮੱਧ ਪ੍ਰਦੇਸ਼, ਰਾਜਸਥਾਨ, ਕੇਰਲ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਕਰਨਾਟਕ ਵਰਗੇ ਕਈ ਹੋਰ ਰਾਜਾਂ ਵਿੱਚ ਬਾਅਦ ਵਿੱਚ ਮਾਮਲੇ ਸਾਹਮਣੇ ਆਏ ਹਨ।

2024 ਵਿੱਚ (2 ਜੁਲਾਈ ਤੱਕ), ਮਹਾਰਾਸ਼ਟਰ ਵਿੱਚ ਪੂਨੇ (6), ਕੋਲਹਾਪੁਰ (1) ਅਤੇ ਸੰਗਾਮਨੇਰ (1) ਤੋਂ ਅੱਠ ਮਾਮਲੇ ਸਾਹਮਣੇ ਆਏ ਹਨ।

************

ਐੱਮਵੀ

ਐੱਚਐੱਫ਼ਡਬਲਯੂ/ ਜ਼ੀਕਾ ਵਾਇਰਸ ’ਤੇ ਐਡਵਾਈਜ਼ਰੀ/ 03 ਜੁਲਾਈ 2024/ 1



(Release ID: 2030704) Visitor Counter : 7