ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਨਵੀਂ ਅਤੇ ਨਵਿਆਉਣਯੋਗ ਊਰਜਾ ਸਕੱਤਰ ਨੇ ਵਰਲਡ ਹਾਈਡ੍ਰੋਜਨ ਸਮਿਟ 2024 ਨੂੰ ਸੰਬੋਧਨ ਕੀਤਾ; ਉਨ੍ਹਾਂ ਨੇ ਨਵਿਆਉਣਯੋਗ ਊਰਜਾ ਅਤੇ ਗ੍ਰੀਨ ਹਾਈਡ੍ਰੋਜਨ ਵਿੱਚ ਭਾਰਤ ਦੇ ਵਿਜ਼ਨ ਅਤੇ ਸਮਰੱਥਾਵਾਂ ਨੂੰ ਉਜਾਗਰ ਕੀਤਾ

Posted On: 16 MAY 2024 2:16PM by PIB Chandigarh

ਭਾਰਤ ਸਰਕਾਰ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸਕੱਤਰ, ਸ਼੍ਰੀ ਭੂਪੇਂਦਰ ਸਿੰਘ ਭੱਲਾ ਨੇ 15 ਮਈ, 2024 ਨੂੰ ਨੀਦਰਲੈਂਡ ਦੇ ਰੋਟਰਡੈਮ ਵਿੱਚ ਵਰਲਡ ਹਾਈਡ੍ਰੋਜਨ ਸਮਿਟ 2024 ਨੂੰ ਸੰਬੋਧਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਨਵਿਆਉਣਯੋਗ ਊਰਜਾ ਅਤੇ ਗ੍ਰੀਨ ਹਾਈਡ੍ਰੋਜਨ ਉਤਪਾਦਨ ਦੇ ਖੇਤਰ ਵਿੱਚ ਭਾਰਤ ਦੇ ਰਣਨੀਤਕ ਵਿਜ਼ਨ ਅਤੇ ਸਮਰੱਥਾਵਾਂ ਨੂੰ ਉਜਾਗਰ ਕੀਤਾ।

ਸ਼੍ਰੀ ਭੱਲਾ ਨੇ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੀ ਵਿਆਪਕ ਪ੍ਰਕਿਰਤੀ ਨੂੰ ਰੇਖਾਂਕਿਤ ਕੀਤਾ, ਜਿਸ ਵਿੱਚ ਪਾਇਲਟ ਪ੍ਰੋਜੈਕਟਾਂ, ਖੋਜ ਅਤੇ ਵਿਕਾਸ (ਆਰਐਂਡਡੀ) ਪਹਿਲਾਂ ਅਤੇ ਕੌਸ਼ਲ ਵਿਕਾਸ ਪ੍ਰੋਗਰਾਮ ਜਿਹੇ ਕੰਪੋਨੈਂਟ ਸ਼ਾਮਲ ਹਨ। “ਇਹ ਸੰਪੂਰਨ ਦ੍ਰਿਸ਼ਟੀਕੋਣ ਹਾਈਡ੍ਰੋਜਨ ਮੁੱਲ ਲੜੀ ਵਿੱਚ ਇਨੋਵੇਸ਼ਨ, ਸਹਿਯੋਗ ਅਤੇ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਸ ਦੇ ਇਲਾਵਾ, ਪ੍ਰੋਜੈਕਟਾਂ ਦੇ ਸੰਚਾਲਨ ਅਤੇ ਖੋਜ ਅਤੇ ਵਿਕਾਸ ਨੂੰ ਅੱਗੇ ਵਧਾਉਣ ‘ਤੇ ਮਿਸ਼ਨ ਦਾ ਧਿਆਨ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀਆਂ ਲਈ ਇੱਕ ਜੀਵੰਤ ਈਕੋ-ਸਿਸਟਮ ਨੂੰ ਪ੍ਰੋਤਸਾਹਿਤ ਕਰਨ, ਅਤਿਆਧੁਨਿਕ ਸਮਾਧਾਨਾਂ ਅਤੇ ਸਰਵੋਤਮ ਪ੍ਰਥਾਵਾਂ ਦੇ ਉਭਾਰ ਨੂੰ ਹੁਲਾਰਾ ਦੇਣ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।”

ਨਵੀਂ ਅਤੇ ਨਵਿਆਉਣਯੋਗ ਊਰਜਾ ਸਕੱਤਰ ਨੇ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਗਲੋਬਲ ਲੀਡਰ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਅਤੇ ਦੇਸ਼ ਦੀ ਨਵਿਆਉਣਯੋਗ ਊਰਜਾ ਦੀ ਘੱਟ ਲਾਗਤ ‘ਤੇ ਜ਼ੋਰ ਦਿੱਤਾ। “ਪ੍ਰਤੀਯੋਗੀ ਮੁੱਲ ਨਿਰਧਾਰਣ ਦੇ ਨਾਲ, ਭਾਰਤ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਨਿਵੇਸ਼ ਦੇ ਨਾਲ ਇੱਕ ਆਕਰਸ਼ਕ ਲੈਂਡਸਕੇਪ ਪੇਸ਼ ਕਰਦਾ ਹੈ, ਜੋ ਟਿਕਾਊ ਊਰਜਾ ਸਰੋਤਾਂ ਵੱਲੋ ਪਰਿਵਰਤਨ ਦੀ ਦੇਸ਼ ਦੀ ਪ੍ਰਤੀਬੱਧਤਾ ਦੇ ਅਨੁਰੂਪ ਹੈ।” ਸ਼੍ਰੀ ਭੱਲਾ ਨੇ ਰਾਸ਼ਟਰੀ ਊਰਜਾ ਮਿਸ਼ਰਣ  ਵਿੱਚ ਨਵਿਆਉਣਯੋਗ ਊਰਜਾ ਸਰੋਤਾਂ ਦੇ ਨਿਰਵਿਘਨ ਏਕੀਕਰਣ ਲਈ ਇੱਕ ਪ੍ਰਮੁੱਖ ਪ੍ਰਵਰਤਕ (ਸਮਰਥਕ) ਵਜੋਂ ਭਾਰਤ ਦੇ ਏਕੀਕ੍ਰਿਤ ਗ੍ਰਿੱਡ ਬੁਨਿਆਦੀ ਢਾਂਚੇ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਮਿਟ ਦੇ ਦਰਸ਼ਕਾਂ ਨੂੰ ਦੱਸਿਆ ਕਿ ਇਹ ਏਕੀਕ੍ਰਿਤ ਗ੍ਰਿੱਡ ਨਾ ਕੇਵਲ ਗ੍ਰਿੱਡ ਸਥਿਰਤਾ ਅਤੇ ਭਰੋਸੇਯੋਗਤਾ ਨੂੰ ਵਧਾਉਂਦਾ ਹੈ, ਬਲਕਿ ਇਹ ਨਵਿਆਉਣਯੋਗ ਊਰਜਾ ਪਲਾਂਟਾਂ ਦੀ ਰਣਨੀਤਕ ਜਗ੍ਹਾ, ਕੁਸ਼ਲਤਾ ਨੂੰ ਅਨੁਕੂਲ ਬਣਾਉਣ ਅਤੇ ਲੰਬੀ ਦੂਰੀ ਦੀ ਆਵਾਜਾਈ ਅਤੇ ਹਾਈਡ੍ਰੋਜਨ ਦੇ ਸਟੋਰੇਜ ਦੀ ਜ਼ਰੂਰਤ ਨੂੰ ਘੱਟ ਕਰਨ ਵਿੱਚ ਵੀ ਸਮਰਥ ਬਣਾਉਂਦਾ ਹੈ।

ਸਕੱਤਰ ਨੇ ਕਿਹਾ, ਭਾਰਤ ਵਿੱਚ ਕੁਸ਼ਲ ਇੰਜੀਨੀਅਰਾਂ ਦਾ ਭਰਪੂਰ ਸਮੂਹ ਨਵਿਆਉਣਯੋਗ ਊਰਜਾ ਅਤੇ ਗ੍ਰੀਨ ਹਾਈਡ੍ਰੋਜਨ ਪ੍ਰੋਜੈਕਟਾਂ ਦੇ ਸਫ਼ਲ ਲਾਗੂਕਰਣ ਲਈ ਨੀਂਹ ਪੱਥਰ ਦੇ ਰੂਪ ਵਿੱਚ ਕੰਮ ਕਰਦਾ ਹੈ। “ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈਪੀਸੀ) ਸੇਵਾਵਾਂ ਵਿੱਚ ਵਿਸ਼ਵ ਪੱਧਰੀ  ਮੁਹਾਰਤ ਦੇ ਨਾਲ, ਭਾਰਤ ਇੱਕ ਮਜ਼ਬੂਤ ਪ੍ਰਤਿਭਾ ਪੂਲ ਪ੍ਰਦਾਨ ਕਰਦਾ ਹੈ, ਜੋ ਕੁਸ਼ਲਤਾ ਅਤੇ ਸਟੀਕਤਾ (ਸ਼ੁੱਧਤਾ) ਦੇ ਨਾਲ ਪ੍ਰੋਜੈਕਟਾਂ ਦੇ ਲਾਗੂਕਰਣ ਵਿੱਚ ਸਮਰੱਥ ਹੈ। ਉੱਚਿਤ ਲਾਗਤ ‘ਤੇ ਕੁਸ਼ਲ ਕਰਮਚਾਰੀਆਂ ਦੀ ਇਹ ਉਪਲਬਧਤਾ ਗ੍ਰੀਨ ਹਾਈਡ੍ਰੋਜਨ ਉਤਪਾਦਨ ਦੇ ਗਲੋਬਲ ਬਜ਼ਾਰ ਵਿੱਚ ਭਾਰਤ ਦੀ ਮੁਕਾਬਲੇਬਾਜ਼ੀ ਨੂੰ ਹੋਰ ਵਧਾਉਂਦੀ ਹੈ।”

ਸ਼੍ਰੀ ਭੱਲਾ ਨੇ ਗ੍ਰੀਨ ਹਾਈਡ੍ਰੋਜਨ ਦੇ ਮੋਹਰੀ ਨਿਰਯਾਤਕ ਦੇ ਰੂਪ ਵਿੱਚ ਉਭਰਨ ਦੀ ਭਾਰਤ ਦੀ ਅਭਿਲਾਸ਼ਾ ਨੂੰ ਉਜਾਗਰ ਕੀਤਾ। ਟਿਕਾਊ ਊਰਜਾ ਪ੍ਰਥਾਵਾਂ ਦੇ ਪ੍ਰਤੀ ਭਾਰਤ ਦੇ ਸਪਸ਼ਟ ਵਿਜ਼ਨ ਅਤੇ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ  ਨੇ ਗਲੋਬਲ ਹਾਈਡ੍ਰੋਜਨ ਇਕੌਨਮੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਰਾਸ਼ਟਰ ਦੇ ਦ੍ਰਿੜ੍ਹ ਸੰਕਲਪ ਨੂੰ ਰੇਖਾਂਕਿਤ ਕੀਤਾ। “ਉਤਪਾਦਨ ਵਧਾਉਣ ‘ਤੇ ਰਣਨੀਤਕ ਫੋਕਸ ਦੇ ਨਾਲ, ਭਾਰਤ ਦਾ ਉਦੇਸ਼ ਗ੍ਰੀਨ ਹਾਈਡ੍ਰੋਜਨ ਲਈ ਅੰਤਰਰਾਸ਼ਟਰੀ ਬਜ਼ਾਰ ਵਿੱਚ ਉਭਰਦੇ ਮੌਕਿਆਂ ਦਾ ਲਾਭ ਉਠਾਉਣਾ ਹੈ, ਜਿਸ ਨਾਲ ਗਲੋਬਲ ਊਰਜਾ ਪਰਿਵਰਤਨ ਵਿੱਚ ਇੱਕ ਪ੍ਰਮੁੱਖ ਦੇਸ਼ ਵਜੋਂ ਉਸ ਦੀ ਆਪਣੀ ਸਥਿਤੀ ਮਜ਼ਬੂਤ ਹੋ ਸਕੇ।”

 

ਸਕੱਤਰ ਨੇ ਵਰਲਡ ਹਾਈਡ੍ਰੋਜਨ ਸਮਿਟ ਦੇ ਪ੍ਰਤੀਨਿਧੀਆਂ ਨੂੰ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਦੇ ਕਿਸੇ ਵੀ ਪੈਮਾਨੇ ਦੀ ਮੰਗ ਨੂੰ ਪੂਰਾ ਕਰਨ ਦੀ ਭਾਰਤ ਦੀ ਸਮਰੱਥਾ ਦਾ ਭਰੋਸਾ ਦਿੱਤਾ, ਬਸ਼ਰਤੇ ਇਸ ਦੇ ਲਈ ਬਜ਼ਾਰ ਵਿੱਚ ਕਾਫੀ ਮੰਗ ਅਤੇ ਸਮਰਥਨ ਹੋਵੇ। ਇਹ ਆਤਮਵਿਸ਼ਵਾਸ ਭਾਰਤ ਦੀ ਮਜ਼ਬੂਤ ਨਵਿਆਉਣਯੋਗ ਊਰਜਾ ਪਰਿਨਿਯੋਜਨ ਰਣਨੀਤੀ ਤੋਂ ਪੈਦਾ ਹੋਇਆ ਹੈ, ਜਿਵੇਂ ਕਿ ਇਸ ਦੇ ਰਾਸ਼ਟਰੀ ਪੱਧਰ ‘ਤੇ ਨਿਰਧਾਰਿਤ ਯੋਗਦਾਨ (ਐੱਨਡੀਸੀ) ਵਿੱਚ ਦਰਸਾਇਆ ਗਿਆ ਹੈ। ਦੇਸ਼ ਵਿੱਚ ਨਵਿਆਉਣਯੋਗ ਊਰਜਾ ਬੁਨਿਆਦੀ ਢਾਂਚੇ ਦੇ  ਤੇਜ਼ੀ ਨਾਲ ਵਿਸਤਾਰ ਨੂੰ ਉਜਾਗਰ ਕਰਦੇ ਹੋਏ, ਸਕੱਤਰ ਨੇ ਦਰਸ਼ਕਾਂ ਨੂੰ ਸੂਚਿਤ ਕੀਤਾ ਕਿ ਭਾਰਤ ਦੀ ਮੌਜੂਦਾ ਸਥਾਪਿਤ ਬਿਜਲੀ ਸਮਰੱਥਾ ਦਾ ਲਗਭਗ 43 ਪ੍ਰਤੀਸ਼ਤ ਗੈਰ-ਜੀਵਾਸ਼ਮ-ਈਂਧਣ ਸਰੋਤਾਂ ਤੋਂ ਹੈ, ਜਿਸ ਵਿੱਚ 2030 ਤੱਕ 50 ਪ੍ਰਤੀਸ਼ਤ ਤੱਕ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ।

 

ਸ਼੍ਰੀ ਭੱਲਾ ਦੇ ਮੁੱਖ ਭਾਸ਼ਣ ਨੇ ਨਵਿਆਉਣਯੋਗ ਊਰਜਾ ਅਤੇ ਗ੍ਰੀਨ ਹਾਈਡ੍ਰੋਜਨ ਉਤਪਾਦਨ ਦੇ ਖੇਤਰ ਵਿੱਚ ਭਾਰਤ ਦੀ ਅਗਵਾਈ, ਅਭਿਲਾਸ਼ਾ ਅਤੇ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਮਰੱਥਾ, ਬੁਨਿਆਦੀ ਢਾਂਚੇ ਦੇ ਵਿਕਾਸ, ਕੁਸ਼ਲ ਕਰਮਚਾਰੀਆਂ, ਅਭਿਲਾਸ਼ਾ ਅਤੇ ਸਕੇਲੇਬਿਲਿਟੀ ‘ਤੇ ਜ਼ੋਰ ਦੇਣ ਦੇ ਨਾਲ, ਇੰਡੀਆ ਗਲੋਬਲ ਹਾਈਡ੍ਰੋਜਨ ਇਕੌਨਮੀ ਨੂੰ ਆਕਾਰ ਦੇਣ ਅਤੇ ਗਲੋਬਲ ਪੱਧਰ ‘ਤੇ ਟਿਕਾਊ ਊਰਜਾ ਸਮਾਧਾਨਾਂ ਨੂੰ ਅੱਗੇ ਵਧਾਉਣ ਵਿੱਚ ਇੱਕ ਪ੍ਰਮੁੱਖ ਦੇਸ਼ ਦੇ ਰੂਪ ਵਿੱਚ ਉਭਰਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ ਗ੍ਰੀਨ ਅਤੇ ਅਧਿਕ ਟਿਕਾਊ ਭਵਿੱਖ ਲਈ ਇਨੋਵੇਸ਼ਨ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਦੀ ਭਾਰਤ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।

 ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ-  ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲ ਹੈ, ਜਿਸ ਦਾ ਲਕਸ਼ ਭਾਰਤ ਵਿੱਚ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀਆਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਅਪਣਾਉਣ ਨੂੰ ਹੁਲਾਰਾ ਦੇਣਾ ਹੈ। 2030 ਤੱਕ 50 ਲੱਖ ਟਨ ਸਲਾਨਾ ਗ੍ਰੀਨ ਹਾਈਡ੍ਰੋਜਨ ਉਤਪਾਦਨ ਸਮਰੱਥਾ ਸਥਾਪਿਤ ਕਰਨ ਦੇ ਲਕਸ਼ ਦੇ ਨਾਲ, ਇਹ ਮਿਸ਼ਨ ਹਾਈਡ੍ਰੋਜਨ ਅਰਥਵਿਵਸਥਾ ਵਿੱਚ ਭਾਰਤ ਦੀਆਂ ਅਭਿਲਾਸ਼ਾਵਾਂ (ਇੱਛਾਵਾਂ) ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦਾ ਪ੍ਰਤੀਨਿਧੀਤੱਵ ਕਰਦਾ ਹੈ। ਕੇਂਦਰ ਸਰਕਾਰ ਨੇ ਇਸ ਸਬੰਧ ਵਿੱਚ ਬਹੁਤ ਪ੍ਰਗਤੀ ਕੀਤੀ ਹੈ, ਪ੍ਰਤੀ ਵਰ੍ਹੇ ਕੁੱਲ 412,000 ਟਨ ਗ੍ਰੀਨ ਹਾਈਡ੍ਰੋਜਨ ਉਤਪਾਦਨ ਦਾ ਸਮਰਥਨ ਕਰਨ ਲਈ ਪ੍ਰੋਤਸਾਹਨ ਲਈ ਟੈਂਡਰ ਪ੍ਰਦਾਨ ਕੀਤੇ ਹਨ। ਇਸ ਦੇ ਇਲਾਵਾ, ਪ੍ਰਤੀ ਵਰ੍ਹੇ 1,500 ਮੈਗਾਵਾਟ ਦੀ ਇਲੈਕਟ੍ਰੋਲਾਈਜ਼ਰ ਨਿਰਮਾਣ ਸਮਰੱਥਾ ਦੀ ਸਥਾਪਨਾ ਲਈ ਟੈਂਡਰ ਪ੍ਰਦਾਨ ਕੀਤੇ ਗਏ ਹਨ, ਜਿਸ ਨਾਲ ਵੱਡੇ ਪੈਮਾਨੇ ‘ਤੇ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕਰਨ ਦੀ ਭਾਰਤ ਦੀ ਸਮਰੱਥਾ ਨੂੰ ਹੁਲਾਰਾ ਮਿਲੇਗਾ।

 

ਇਹ ਵੀ ਪੜ੍ਹੋ:

ਨੀਦਰਲੈਂਡ ਵਿੱਚ ਹੋਏ ਵਰਡਲ ਹਾਈਡ੍ਰੋਜਨ ਸਮਿਟ 2024 ਵਿੱਚ ਮੇਡੇਨ ਇੰਡੀਆ ਪਵੇਲੀਅਨ ਨੇ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦਾ ਪ੍ਰਦਰਸ਼ਨ ਕੀਤਾ।

 

 ************

ਪੀਆਈਬੀ ਦਿੱਲੀ/ਕ੍ਰਿਪਾ ਸ਼ੰਕਰ ਯਾਦਵ/ ਧੀਪ ਜੌਇ ਮੈਮਪਿਲੀ



(Release ID: 2020917) Visitor Counter : 22