ਭਾਰਤ ਚੋਣ ਕਮਿਸ਼ਨ
azadi ka amrit mahotsav

ਭਾਰਤੀ ਚੋਣ ਕਮਿਸ਼ਨ ਦੀ ਪਹੁੰਚ ਦੇ ਨਤੀਜੇ ਵਜੋਂ ਕਬਾਇਲੀ ਭਾਈਚਾਰਿਆਂ ਦੀ ਵੋਟਿੰਗ ਵਧੀ


ਪਿਛਲੇ ਦੋ ਸਾਲਾਂ ਵਿੱਚ ਚੋਣ ਕਮਿਸ਼ਨ ਦੇ ਯਤਨਾਂ ਨੇ ਪੀਵੀਟੀਜੀ ਭਾਈਚਾਰਿਆਂ ਅਤੇ ਆਦਿਵਾਸੀਆਂ ਨੂੰ ਚੋਣ ਪ੍ਰਕਿਰਿਆ ਵਿੱਚ ਵੱਡੇ ਪੱਧਰ 'ਤੇ ਸ਼ਾਮਲ ਕੀਤਾ

Posted On: 01 MAY 2024 2:46PM by PIB Chandigarh

ਚੋਣ ਕਮਿਸ਼ਨ (ਈਸੀਆਈ) ਦੇ ਪਿਛਲੇ ਦੋ ਸਾਲਾਂ ਵਿੱਚ ਪੀਵੀਟੀਜੀ (ਖ਼ਾਸ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ) ਭਾਈਚਾਰਿਆਂ ਅਤੇ ਹੋਰ ਕਬਾਇਲੀ ਸਮੂਹਾਂ ਨੂੰ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਫ਼ਲ ਮਿਲਿਆ ਹੈ। ਇਨ੍ਹਾਂ ਯਤਨਾਂ ਦਾ ਨਤੀਜਾ ਹੈ ਕਿ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਬਾਇਲੀ ਸਮੂਹਾਂ ਨੇ ਆਮ ਚੋਣਾਂ 2024 ਦੇ ਪਹਿਲੇ ਅਤੇ ਦੂਜੇ ਪੜਾਅ ਵਿੱਚ ਉਤਸ਼ਾਹ ਨਾਲ ਭਾਗ ਲਿਆ। ਇਸ ਵਾਰ ਇਤਿਹਾਸਕ ਤੌਰ 'ਤੇ ਗ੍ਰੇਟ ਨਿਕੋਬਾਰ ਦੇ ਸ਼ੋਂਪੇਨ ਕਬੀਲੇ ਨੇ ਪਹਿਲੀ ਵਾਰ ਆਮ ਚੋਣਾਂ ਵਿੱਚ ਵੋਟ ਪਾਈ।

ਭਾਰਤ ਦੇ ਚੋਣ ਕਮਿਸ਼ਨ ਨੇ ਪੀਵੀਟੀਜੀ ਭਾਈਚਾਰਿਆਂ ਨੂੰ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਲਈ ਚੇਤੰਨ ਰਹਿੰਦੇ ਹੋਏ, ਪਿਛਲੇ ਦੋ ਸਾਲਾਂ ਵਿੱਚ ਵੋਟਰਾਂ ਵਜੋਂ ਉਨ੍ਹਾਂ ਦੇ ਨਾਮ ਦਰਜ ਕਰਵਾਉਣ ਅਤੇ ਵੋਟਿੰਗ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਵੋਟਰ ਸੂਚੀਆਂ ਨੂੰ ਅੱਪਡੇਟ ਕਰਨ ਲਈ ਵਿਸ਼ੇਸ਼ ਸੰਖੇਪ ਸੋਧ ਦੇ ਦੌਰਾਨ, ਉਹਨਾਂ ਨੂੰ ਵੋਟਰ ਸੂਚੀਆਂ ਵਿੱਚ ਸ਼ਾਮਲ ਕਰਨ ਲਈ ਖ਼ਾਸ ਰਾਜਾਂ ਵਿੱਚ ਵਿਸ਼ੇਸ਼ ਆਊਟਰੀਚ ਕੈਂਪ ਲਗਾਏ ਗਏ ਸਨ, ਜਿੱਥੇ ਪੀਵੀਟੀਜੀ ਰਹਿੰਦੇ ਹਨ। ਧਿਆਨਯੋਗ ਹੈ ਕਿ ਨਵੰਬਰ, 2022 ਵਿੱਚ ਪੁਣੇ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ, ਵਿਸ਼ੇਸ਼ ਸੰਖੇਪ ਸੋਧ 2023 ਦੇ ਰਾਸ਼ਟਰੀ ਪੱਧਰ ਦੀ ਸ਼ੁਰੂਆਤ ਦੇ ਮੌਕੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਸ਼੍ਰੀ ਰਾਜੀਵ ਕੁਮਾਰ ਨੇ ਪੀਵੀਟੀਜੀ ਨੂੰ ਦੇਸ਼ ਦੇ ਮਾਣਮੱਤੇ ਵੋਟਰਾਂ ਵਜੋਂ ਨਾਮਜ਼ਦ ਕਰਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਕਮਿਸ਼ਨ ਦੇ ਫੋਕਸ ਆਊਟਰੀਚ ਅਤੇ ਦਖ਼ਲ 'ਤੇ ਜ਼ੋਰ ਦਿੱਤਾ ਸੀ।

ਪੀਵੀਟੀਜੀ- ਮੱਧ ਪ੍ਰਦੇਸ਼ ਤੋਂ ਬੈਗਾ ਕਬੀਲਾ ਅਤੇ ਗ੍ਰੇਟ ਨਿਕੋਬਾਰ ਤੋਂ ਸ਼ੋਂਪੇਨ ਕਬੀਲਾ

ਕੁਝ ਰਾਜਾਂ ਦੀਆਂ ਝਲਕੀਆਂ

ਮੱਧ ਪ੍ਰਦੇਸ਼

ਮੱਧ ਪ੍ਰਦੇਸ਼ ਵਿੱਚ ਕੁੱਲ ਤਿੰਨ ਪੀਵੀਟੀਜੀ ਭਾਈਚਾਰੇ ਜਿਵੇਂ ਬੈਗਾ, ਭਾਰੀਆ ਅਤੇ ਸਹਰਿਆ ਹਨ। 23 ਜ਼ਿਲ੍ਹਿਆਂ ਦੀ ਕੁੱਲ 9,91,613 ਪੀਵੀਟੀਜੀ ਆਬਾਦੀ ਵਿੱਚੋਂ 6,37,681 ਨਾਗਰਿਕ 18 ਸਾਲ ਤੋਂ ਵੱਧ ਉਮਰ ਦੇ ਹਨ ਅਤੇ ਇਹ ਸਾਰੇ ਵੋਟਰ ਸੂਚੀ ਵਿੱਚ ਦਰਜ ਹਨ। ਸੂਬੇ ਵਿੱਚ ਦੋ ਪੜਾਵਾਂ ਵਿੱਚ ਹੋਈਆਂ ਵੋਟਾਂ ਦੌਰਾਨ ਬੈਗਾ ਅਤੇ ਭਾਰੀਆ ਕਬੀਲਿਆਂ ਦੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਉਹ ਸਵੇਰੇ-ਸਵੇਰੇ ਪੋਲਿੰਗ ਬੂਥ 'ਤੇ ਪਹੁੰਚੇ, ਵੋਟ ਪਾਉਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਅਤੇ ਇਸ ਤਰ੍ਹਾਂ ਲੋਕਤੰਤਰ ਦੇ ਮਹਾਨ ਤਿਉਹਾਰ 'ਚ ਆਪਣੀ ਸ਼ਮੂਲੀਅਤ ਯਕੀਨੀ ਬਣਾਈ।

ਪੋਲਿੰਗ ਸਟੇਸ਼ਨਾਂ 'ਤੇ ਆਦਿਵਾਸੀ ਸਮੂਹਾਂ ਦੇ ਸਵਾਗਤ ਲਈ ਕਬਾਇਲੀ ਥੀਮ ਵਾਲੇ ਪੋਲਿੰਗ ਸਟੇਸ਼ਨ ਵੀ ਬਣਾਏ ਗਏ ਸਨ। ਮੱਧ ਪ੍ਰਦੇਸ਼ ਦੇ ਡਿੰਡੋਰੀ 'ਚ ਪਿੰਡ ਵਾਸੀਆਂ ਨੇ ਖ਼ੁਦ ਪੋਲਿੰਗ ਸਟੇਸ਼ਨਾਂ ਨੂੰ ਸਜਾਇਆ।

ਡਿੰਡੋਰੀ, ਮੱਧ ਪ੍ਰਦੇਸ਼ ਵਿੱਚ ਪੋਲਿੰਗ ਸਟੇਸ਼ਨ

ਕਰਨਾਟਕ

ਕਰਨਾਟਕ ਦੇ ਪੱਛਮੀ ਅਤੇ ਦੱਖਣੀ ਖੇਤਰ ਪੀਵੀਟੀਜੀ ਜੇਨੂ ਕੁਰੂਬਾ ਅਤੇ ਕੋਰਾਗਾ ਭਾਈਚਾਰਿਆਂ ਦੇ ਬਸੇਰੇ ਹਨ। ਆਮ ਚੋਣਾਂ ਤੋਂ ਪਹਿਲਾਂ, ਮੁੱਖ ਚੋਣ ਅਧਿਕਾਰੀ (ਸੀਈਓ) ਕਰਨਾਟਕ ਦੇ ਦਫ਼ਤਰ ਨੇ ਸਮਾਜਿਕ ਅਤੇ ਕਬਾਇਲੀ ਭਲਾਈ ਵਿਭਾਗਾਂ ਦੇ ਸਹਿਯੋਗ ਨਾਲ ਵੋਟਰ ਸੂਚੀ ਵਿੱਚ ਯੋਗ ਪੀਵੀਟੀਜੀ ਦੇ 100% ਨਾਮਾਂਕਣ ਨੂੰ ਯਕੀਨੀ ਬਣਾਇਆ। ਜ਼ਿਲ੍ਹਾ ਅਤੇ ਏਸੀ ਪੱਧਰੀ ਕਬਾਇਲੀ ਭਲਾਈ ਕਮੇਟੀਆਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੇ ਸਾਰੇ ਪੀਵੀਟੀਜੀ ਭਾਈਚਾਰਿਆਂ ਦੇ ਦਾਖ਼ਲੇ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਵਿੱਚ ਚੋਣ ਜਾਗਰੂਕਤਾ ਪੈਦਾ ਕਰਨ ਲਈ ਨਿਯਮਤ ਮੀਟਿੰਗਾਂ ਕੀਤੀਆਂ। ਚੋਣ ਅਧਿਕਾਰੀਆਂ ਨੇ ਆਪਣੀ ਰਜਿਸਟ੍ਰੇਸ਼ਨ ਅਤੇ ਚੋਣ ਭਾਗੀਦਾਰੀ ਨੂੰ ਵਧਾਉਣ ਲਈ ਇਨ੍ਹਾਂ ਖੇਤਰਾਂ ਦਾ ਦੌਰਾ ਕੀਤਾ ਹੈ। ਪੂਰੀ ਆਬਾਦੀ ਵਿੱਚੋਂ 55,815 ਪੀਵੀਟੀਜੀ ਹਨ, ਜਿਨ੍ਹਾਂ ਵਿੱਚੋਂ 39,498 ਲੋਕਾਂ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ ਉਹ ਸਾਰੇ ਵੋਟਰ ਸੂਚੀਆਂ ਵਿੱਚ ਦਰਜ ਹਨ।

ਇਨ੍ਹਾਂ ਪੀਵੀਟੀਜੀ ਵੋਟਰਾਂ ਨੂੰ ਪੋਲਿੰਗ ਵਾਲੇ ਦਿਨ ਵੋਟ ਪਾਉਣ ਲਈ ਆਕਰਸ਼ਿਤ ਕਰਨ ਦੀ ਕੋਸ਼ਿਸ਼ ਵਿੱਚ ਆਦਿਵਾਸੀ ਥੀਮ 'ਤੇ 40 ਵਿਲੱਖਣ ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਕੇਰਲ

ਕੇਰਲ ਵਿੱਚ ਪੰਜ ਕਬਾਇਲੀ ਭਾਈਚਾਰਿਆਂ ਨੂੰ ਪੀਵੀਟੀਜੀ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।ਉਹ ਕਾਸਰਗੋਡ ਜ਼ਿਲ੍ਹੇ ਦੇ ਕੋਰਾਗਾ, ਮਲੱਪੁਰਮ ਜ਼ਿਲ੍ਹੇ ਦੇ ਨੀਲਾਂਬੁਰ ਘਾਟੀ ਅਤੇ ਚੋਲਨਾਇਕਨ, ਪਲੱਕੜ ਜ਼ਿਲ੍ਹੇ ਦੇ ਅਟੱਪਾਡੀ ਅਤੇ ਕੁੰਬਰ, ਤ੍ਰਿਸ਼ੂਰ ਜ਼ਿਲ੍ਹੇ ਦੇ ਪਰਮਬੀਕੁਲਮ, ਪਲੱਕੜ ਅਤੇ ਕਾਦਰ, ਵਾਇਨਾਡ, ਕੋਜ਼ੀਕੋਡ, ਮਲੱਪੁਰਮ ਅਤੇ ਪਲੱਕੜ ਜ਼ਿਲ੍ਹੇ ਦੇ ਕਟੂਨਾਇਕਨ ਹਨ। 31 ਮਾਰਚ, 2024 ਤੱਕ ਪੀਵੀਟੀਜੀ ਦੀ ਕੁੱਲ ਆਬਾਦੀ 4750 ਹੈ, ਜਿਸ ਵਿੱਚੋਂ 3850 ਲੋਕਾਂ ਨੇ ਵਿਸ਼ੇਸ਼ ਮੁਹਿੰਮ ਅਤੇ ਰਜਿਸਟ੍ਰੇਸ਼ਨ ਕੈਂਪਾਂ ਰਾਹੀਂ ਵੋਟਰ ਸੂਚੀ ਵਿੱਚ ਸਫਲਤਾਪੂਰਵਕ ਆਪਣੇ ਨਾਮ ਦਰਜ ਕਰਵਾਏ ਹਨ। ਇਨ੍ਹਾਂ ਵਿੱਚ ਚੋਣ ਸਾਖਰਤਾ ਕਲੱਬਾਂ ਅਤੇ ਚੋਣ ਸਕੂਲਾਂ ਰਾਹੀਂ ਵੋਟਰ ਜਾਗਰੂਕਤਾ ਪਹਿਲਕਦਮੀਆਂ ਦੇ ਨਾਲ-ਨਾਲ ਪੋਲਿੰਗ ਵਾਲੇ ਦਿਨ ਆਵਾਜਾਈ ਦਾ ਪ੍ਰਬੰਧ ਸ਼ਾਮਲ ਹੈ।

ਕੇਰਲ ਦੇ ਕੁਰੁੰਬਾ ਆਦਿਵਾਸੀ ਵੋਟਰਾਂ ਨੇ ਇੱਕ ਪ੍ਰੇਰਨਾਦਾਇਕ ਉਪਲਬਧੀ ਹਾਸਲ ਕੀਤੀ। ਕੇਰਲਾ ਵਿੱਚ ਸਾਈਲੈਂਟ ਵੈਲੀ ਦੇ ਮੁਕਲੀ ਇਲਾਕੇ ਵਿੱਚ ਪੋਲਿੰਗ ਸਟੇਸ਼ਨਾਂ ਤੱਕ ਪਹੁੰਚਣ ਲਈ ਉਹ ਪਹਿਲਾਂ ਘੰਟਿਆਂਬੱਧੀ ਪੈਦਲ ਚੱਲ ਕੇ ਪਹੁੰਚਯੋਗ ਜੰਗਲੀ ਖੇਤਰ ਵਿੱਚ ਪੁੱਜੇ ਅਤੇ ਉਥੋਂ ਉਨ੍ਹਾਂ ਦੀ ਆਵਾਜਾਈ ਦੀ ਸਹੂਲਤ ਲਈ ਵਾਹਨ ਮੁਹੱਈਆ ਕਰਵਾਏ ਗਏ। 80 ਅਤੇ 90 ਦੇ ਦਹਾਕੇ ਵਿੱਚ ਬਹੁਤ ਸਾਰੇ ਕਬਾਇਲੀ ਵੋਟਰਾਂ ਨੇ ਲੋਕਤੰਤਰ ਪ੍ਰਤੀ ਵਚਨਬੱਧਤਾ ਦੀ ਮਿਸਾਲ ਕਾਇਮ ਕੀਤੀ ਅਤੇ ਕਈਆਂ ਲਈ ਪ੍ਰੇਰਨਾ ਬਣ ਗਏ। 817 ਵੋਟਰਾਂ ਵਿੱਚੋਂ 417 ਔਰਤਾਂ ਸਨ।

ਤ੍ਰਿਪੁਰਾ

ਰਿਆਂਗ ਤ੍ਰਿਪੁਰਾ ਦੇ ਕਬਾਇਲੀ ਸਮੂਹਾਂ ਵਿੱਚੋਂ ਇੱਕ ਹੈ ਜੋ ਇਕੱਲਤਾ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਦਾ ਹੈ। ਉਹ ਰਾਜ ਦੇ ਵਿਧਾਨ ਸਭਾ ਹਲਕਿਆਂ ਜਿਵੇਂ ਧਲਾਈ, ਉੱਤਰ, ਗੋਮਤੀ ਅਤੇ ਦੱਖਣੀ ਤ੍ਰਿਪੁਰਾ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਦੂਰ-ਦੁਰਾਡੇ ਅਤੇ ਪਹਾੜੀ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਬਰੂ ਸਮੁਦਾਏ, ਜਿਸ ਨੂੰ ਰਿਆਂਗ ਭਾਈਚਾਰੇ ਵਜੋਂ ਵੀ ਜਾਣਿਆ ਜਾਂਦਾ ਹੈ, ਮਿਜ਼ੋਰਮ ਰਾਜ ਤੋਂ ਤ੍ਰਿਪੁਰਾ ਰਾਜ ਵਿੱਚ ਪਰਵਾਸ ਕਰ ਗਿਆ ਅਤੇ ਹੁਣ ਸਰਕਾਰ ਵੱਲੋਂ ਪ੍ਰਦਾਨ ਕੀਤੇ ਗਏ ਕਈ ਪੁਨਰਵਾਸ ਸਥਾਨਾਂ ਵਿੱਚ ਰਹਿ ਰਿਹਾ ਹੈ।

ਓਡੀਸ਼ਾ

 

ਓਡੀਸ਼ਾ ਵਿੱਚ 13 ਖ਼ਾਸ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਰਹਿੰਦੇ ਹਨ। ਇਨ੍ਹਾਂ ਦੇ ਨਾਂ ਪੌੜੀ ਭੂਈਆ, ਜੁਆਂਗ, ਸੌਰਾ, ਲੰਜੀਆ ਸੌਰਾ, ਮਨਕੀੜੀਆ, ਬਿਰਹੋਰ, ਕੁਟੀਆ ਕੋਂਢਾ, ਬੋਂਡੋ, ਦੀਦਾਈ, ਲੋਢਾ, ਖਰੀਆ, ਚੁਕੂਟੀਆ ਭੁੰਜੀਆ, ਡੋਂਗੋਰੀਆ ਖੋਂਡ ਹਨ। ਓਡੀਸ਼ਾ ਵਿੱਚ ਉਨ੍ਹਾਂ ਦੀ ਕੁੱਲ ਆਬਾਦੀ 2,64,974 ਹੈ।

ਮਹੱਤਵਪੂਰਨ ਯਤਨਾਂ ਅਤੇ ਰਜਿਸਟ੍ਰੇਸ਼ਨ ਮੁਹਿੰਮ ਨਾਲ ਵੋਟਰ ਸੂਚੀ ਵਿੱਚ ਸਾਰੇ 1,84,274 ਯੋਗ ਪੀਵੀਟੀਜੀ ਦਾ 100% ਨਾਮਾਂਕਣ ਕੀਤਾ ਗਿਆ ਹੈ। ਚੋਣ ਭਾਗੀਦਾਰੀ ਦੀ ਮਹੱਤਤਾ ਬਾਰੇ ਸਮੇਂ-ਸਮੇਂ 'ਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਸਥਾਨਕ ਬੋਲੀਆਂ ਵਿੱਚ ਵੋਟਰ ਸਿੱਖਿਆ ਸਮੱਗਰੀ ਤਿਆਰ ਕੀਤੀ ਗਈ। ਵਿਸ਼ੇਸ਼ ਰਜਿਸਟ੍ਰੇਸ਼ਨ ਮੁਹਿੰਮ ਦੇ ਨਾਲ ਰਵਾਇਤੀ ਲੋਕ ਕਲਾਵਾਂ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਸ਼ਾਮਲ ਕਰਨ ਵਾਲੀ ਬਹੁ-ਪੱਖੀ ਪਹੁੰਚ 100% ਪੀਵੀਟੀਜੀ ਨਾਮਾਂਕਣ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਪਾਲਾ ਅਤੇ ਦਸਕਥੀਆ ਵਰਗੇ ਸਭਿਆਚਾਰਕ ਰੂਪਾਂ ਦੇ ਨਾਲ-ਨਾਲ ਸਥਾਨਕ ਭਾਸ਼ਾਵਾਂ ਵਿੱਚ ਕੀਤੇ ਗਏ ਨੁੱਕੜ ਨਾਟਕਾਂ ਨੇ ਵੋਟਰ ਸਿੱਖਿਆ ਅਤੇ ਜਾਗਰੂਕਤਾ ਲਈ ਸ਼ਕਤੀਸ਼ਾਲੀ ਮਾਧਿਅਮ ਵਜੋਂ ਕੰਮ ਕੀਤਾ ਹੈ।

ਇਨ੍ਹਾਂ ਭਾਈਚਾਰਿਆਂ ਨੂੰ ਚੋਣ ਪ੍ਰਕਿਰਿਆ ਬਾਰੇ ਸਿੱਖਿਅਤ ਕਰਨ ਲਈ ਪੀਵੀਟੀਜੀ ਖੇਤਰਾਂ ਵਿੱਚ ਮੋਬਾਈਲ ਪ੍ਰਦਰਸ਼ਨ ਵਾਹਨ ਚਲਾਏ ਗਏ ਸਨ ਅਤੇ 20,000 ਤੋਂ ਵੱਧ ਪੀਵੀਟੀਜੀ ਨੇ ਵੋਟਿੰਗ ਪ੍ਰਕਿਰਿਆ ਤੋਂ ਜਾਣੂ ਹੋਣ ਲਈ ਮੌਕ ਪੋਲ ਵਿੱਚ ਹਿੱਸਾ ਲਿਆ। ਸਥਾਨਕ ਉਪ-ਭਾਸ਼ਾਵਾਂ ਵਿੱਚ ਕੰਧ ਚਿੱਤਰਕਾਰੀ ਦੇ ਨਵੀਨਤਾਕਾਰੀ ਵਿਚਾਰ ਨੇ ਨਾ ਸਿਰਫ਼ ਆਲੇ-ਦੁਆਲੇ ਦੇ ਖੇਤਰਾਂ ਦੀ ਸੁੰਦਰਤਾ ਵਿੱਚ ਵਾਧਾ ਕੀਤਾ ਬਲਕਿ "ਯਕੀਨੀ ਤੌਰ 'ਤੇ ਵੋਟ ਦਿਓ" ਅਤੇ "ਮੇਰੀ ਵੋਟ ਨਹੀਂ ਖ਼ਰੀਦੀ ਜਾ ਸਕਦੀ" ਵਰਗੇ ਮਜ਼ਬੂਤ ਸੰਦੇਸ਼ ਵੀ ਦਿੱਤੇ।

ਓਡੀਸ਼ਾ ਵਿੱਚ ਪੌੜੀ ਭੂਯਾਨ ਕਬੀਲੇ (ਪੀਵੀਟੀਜੀ) ਦੇ ਵੋਟਰਾਂ ਨੇ ਬੋਨਈ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਯਤਨਾਂ ਨਾਲ ਮਜ਼ਬੂਤ ​​​​ਹੋਏ ਸਭਿਆਚਾਰਕ ਤੌਰ 'ਤੇ ਪ੍ਰੇਰਿਤ ਪ੍ਰੋਗਰਾਮਾਂ ਦਾ ਆਯੋਜਨ ਕੀਤਾ।

ਪੀਵੀਟੀਜੀ ਖੇਤਰਾਂ ਵਿੱਚ 666 ਥੀਮ-ਅਧਾਰਿਤ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜੋ ਕਿ ਲੌਜਿਸਟਿਕਲ ਰੁਕਾਵਟਾਂ ਨੂੰ ਦੂਰ ਕਰਦੇ ਹਨ ਅਤੇ ਪੋਲਿੰਗ ਪ੍ਰਕਿਰਿਆ ਨੂੰ ਉਨ੍ਹਾਂ ਦੀ ਪਹੁੰਚ ਵਿੱਚ ਯਕੀਨੀ ਬਣਾਉਂਦੇ ਹਨ। ਰਾਜ ਵਿੱਚ ਆਉਣ ਵਾਲੇ ਪੜਾਵਾਂ (ਪੜਾਅ 4-7) ਵਿੱਚ ਵੋਟਾਂ ਪੈਣੀਆਂ ਹਨ।

ਬਿਹਾਰ

ਬਿਹਾਰ ਵਿੱਚ ਮਾਲ ਪਹਾੜੀਆ, ਸੌਰੀਆ ਪਹਾੜੀਆ, ਪਹਾੜੀਆ, ਕੋਰਵਾ ਅਤੇ ਬਿਰਹੋਰ ਸਮੇਤ ਪੰਜ ਪੀਵੀਟੀਜੀ ਭਾਈਚਾਰੇ ਹਨ। ਰਾਜ ਦੇ ਦਸ ਜ਼ਿਲ੍ਹਿਆਂ ਵਿੱਚ ਇਨ੍ਹਾਂ ਦੀ ਆਬਾਦੀ 7631 ਹੈ। ਇਨ੍ਹਾਂ ਵਿੱਚੋਂ 3147 ਯੋਗ ਵਿਅਕਤੀਆਂ ਨੇ ਵੋਟਰ ਵਜੋਂ ਨਾਮ ਦਰਜ ਕਰਵਾਏ, ਜੋ ਕਿ 100% ਨਾਮਾਂਕਣ ਹੈ। ਚੱਲ ਰਹੀਆਂ ਚੋਣਾਂ ਵਿੱਚ ਆਪਣੀ ਭਾਗੀਦਾਰੀ ਵਧਾਉਣ ਲਈ ‘ਵੋਟਰ ਅਪੀਲ ਪੱਤਰ’ ਸਮੇਤ ਇੱਕ ਵਿਆਪਕ ਮੁਹਿੰਮ ਚਲਾਈ ਗਈ।

ਝਾਰਖੰਡ

ਝਾਰਖੰਡ ਵਿੱਚ 32 ਆਦਿਵਾਸੀ ਸਮੂਹ ਹਨ। ਇਨ੍ਹਾਂ ਵਿੱਚੋਂ 9 ਭਾਵ ਅਸੁਰ, ਬਿਰਹੋਰ, ਬਿਰਜੀਆ, ਕੋਰਵਾ, ਮੱਲ ਪਹਾੜੀਆ, ਪਹਾੜੀਆ, ਸੌਰੀਆ ਪਹਾੜੀਆ, ਬੈਗਾ ਅਤੇ ਸਾਵਰ ਪੀਵੀਟੀਜੀ ਨਾਲ ਸਬੰਧਤ ਹਨ। ਐੱਸਐੱਸਆਰ 2024 ਦੇ ਦੌਰਾਨ, ਝਾਰਖੰਡ ਵਿੱਚ ਪੀਵੀਟੀਜੀ ਦੀਆਂ ਬਸਤੀਆਂ ਵਿੱਚ ਵਿਸ਼ੇਸ਼ ਮੁਹਿੰਮਾਂ ਚਲਾਈਆਂ ਗਈਆਂ, ਜੋ ਕਿ ਜ਼ਿਆਦਾਤਰ ਪਹਾੜੀ ਖੇਤਰ ਹਨ। ਇਸ ਦੇ ਨਤੀਜੇ ਵਜੋਂ 6,979 ਨਾਮਜ਼ਦਗੀਆਂ ਹੋਈਆਂ। 18 ਸਾਲ ਤੋਂ ਵੱਧ ਉਮਰ ਦੇ 1,69,288 ਯੋਗ ਪੀਵੀਟੀਜੀ ਹੁਣ ਵੋਟਰ ਸੂਚੀ ਵਿੱਚ ਦਰਜ ਹਨ। ਕੁੱਲ ਪੀਵੀਟੀਜੀ ਆਬਾਦੀ 2,58,266 ਹੈ।

ਗੁਜਰਾਤ

ਗੁਜਰਾਤ ਦੇ 15 ਜ਼ਿਲ੍ਹਿਆਂ ਵਿੱਚ ਕੋਲਘਾ, ਕਥੋਡੀ, ਕੋਤਵਾਲੀਆ, ਪਧਾਰ ਅਤੇ ਸਿੱਦੀ ਆਦਿਵਾਸੀ ਭਾਈਚਾਰੇ ਪੀਵੀਟੀਜੀ ਨਾਲ ਸਬੰਧਤ ਕਬਾਇਲੀ ਸਮੂਹ ਹਨ। ਰਾਜ ਵਿੱਚ ਯੋਗ ਪੀਵੀਟੀਜੀ ਦੀ 100% ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਇਆ ਗਿਆ ਹੈ। ਕੁੱਲ 86,755 ਵੋਟਰ ਸੂਚੀ ਵਿੱਚ ਦਰਜ ਹਨ। ਗੁਜਰਾਤ ਵਿੱਚ ਆਮ ਚੋਣਾਂ 2024 ਦੇ ਤੀਜੇ ਪੜਾਅ ਵਿੱਚ ਵੋਟਿੰਗ ਹੋ ਰਹੀ ਹੈ।

ਤਾਮਿਲਨਾਡੂ

ਤਾਮਿਲਨਾਡੂ ਵਿੱਚ ਕੁੱਟੂਨਾਇਕਨ, ਕੋਟਾ, ਕੁਰੁੰਬਾ, ਇਰੂਲਰ, ਪਾਨਿਯਾਨ, ਟੋਡਾ ਨਾਮਕ ਛੇ ਪੀਵੀਟੀਜੀ ਹਨ। ਇਨ੍ਹਾਂ ਦੀ ਕੁੱਲ ਆਬਾਦੀ 2,26,300 ਹੈ। 18 ਸਾਲ ਤੋਂ ਵੱਧ ਉਮਰ ਦੇ 1,62,049 ਪੀਵੀਟੀਜੀ ਵਿੱਚੋਂ 1,61,932 ਰਜਿਸਟਰਡ ਵੋਟਰ ਹਨ। 23 ਜ਼ਿਲ੍ਹਿਆਂ ਵਿੱਚ ਇੱਕ ਵਿਆਪਕ ਮੁਹਿੰਮ ਵਿੱਚ ਕੋਇੰਬਟੂਰ, ਨੀਲਗਿਰੀ ਅਤੇ ਤਿਰੂਪਥੁਰ ਵਰਗੇ ਖੇਤਰਾਂ 'ਤੇ ਮਹੱਤਵਪੂਰਨ ਫੋਕਸ ਦੇ ਨਾਲ ਪੀਵੀਟੀਜੀ ਨੂੰ ਸ਼ਾਮਲ ਕਰਨ ਨੂੰ ਤਰਜੀਹ ਦਿੱਤੀ ਗਈ ਹੈ।

ਉਤਸ਼ਾਹੀ ਵੋਟਰਾਂ ਨੇ ਵੱਖ-ਵੱਖ ਸਾਧਨਾਂ ਜਿਵੇਂ ਸੰਘਣੇ ਜੰਗਲਾਂ, ਜਲ ਮਾਰਗਾਂ ਆਦਿ ਰਾਹੀਂ ਪੋਲਿੰਗ ਸਟੇਸ਼ਨ 'ਤੇ ਪਹੁੰਚ ਕੇ ਲੋਕ ਸਭਾ ਚੋਣਾਂ ਵਿੱਚ ਆਪਣੀ ਸ਼ਮੂਲੀਅਤ ਯਕੀਨੀ ਬਣਾਈ।

ਛੱਤੀਸਗੜ੍ਹ

ਛੱਤੀਸਗੜ੍ਹ ਵਿੱਚ 1,86,918 ਦੀ ਸੰਯੁਕਤ ਆਬਾਦੀ ਦੇ ਨਾਲ ਪੰਜ ਪੀਵੀਟੀਜੀ ਹਨ। ਇਨ੍ਹਾਂ ਦੇ ਨਾਮ ਅਬੂਝਮਾਦੀਆ, ਬੈਗਾ, ਬਿਰਹੋਰ, ਕਮਰ ਅਤੇ ਪਹਾੜੀ ਕੋਰਾਵਾ ਹਨ ਜੋ ਰਾਜ ਦੇ 18 ਜ਼ਿਲ੍ਹਿਆਂ ਵਿੱਚ ਫੈਲੇ ਹੋਏ ਹਨ। 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 1,20,632 ਹੈ ਅਤੇ ਇਹ ਸਾਰੇ ਵੋਟਰ ਸੂਚੀ ਵਿੱਚ ਦਰਜ ਹਨ।

ਪੀਵੀਟੀਜੀ ਦੀ ਚੋਣ ਭਾਗੀਦਾਰੀ ਨੂੰ ਵਧਾਉਣ ਲਈ ਕਈ ਕਦਮ ਚੁੱਕੇ ਗਏ ਹਨ। ਇਨ੍ਹਾਂ ਵਿੱਚ ਗਰਿਆਬੰਦ ਵਿੱਚ ਵੋਟਰ ਸਿੱਖਿਆ ਮੁਹਿੰਮ, ਕਾਂਕੇਰ ਵਿੱਚ ਵਾਧੂ ਵਾਹਨਾਂ ਦੀ ਤਾਇਨਾਤੀ ਅਤੇ ਕਬੀਰਧਾਮ ਜ਼ਿਲ੍ਹੇ ਵਿੱਚ ਬੈਗਾ ਆਦਿਵਾਸੀ ਥੀਮ ਦੇ ਤਹਿਤ ਵਾਤਾਵਰਨ ਅਨੁਕੂਲ ਪੋਲਿੰਗ ਸਟੇਸ਼ਨਾਂ ਦੀ ਸਥਾਪਨਾ ਅਤੇ ਟਿਕਾਊ ਚੋਣਾਂ ਵੱਲ ਇੱਕ ਕਦਮ ਵਜੋਂ ਸਜਾਵਟ ਲਈ ਬਾਂਸ, ਫੁੱਲਾਂ, ਪੱਤਿਆਂ ਦੀ ਪਲਾਸਟਿਕ ਮੁਕਤ ਕੁਦਰਤੀ ਸਮੱਗਰੀ ਦੀ ਵਰਤੋਂ ਸ਼ਾਮਲ ਹੈ। 

ਇੱਕ ਮਹੱਤਵਪੂਰਨ ਪ੍ਰਾਪਤੀ ਵਿੱਚ 100% ਐਪਿਕ ਕਾਰਡ ਦੀ ਵੰਡ ਨੂੰ ਯਕੀਨੀ ਬਣਾਇਆ ਗਿਆ ਅਤੇ ਮਹਾਸਮੁੰਦ ਜ਼ਿਲ੍ਹੇ ਵਿੱਚ "ਚੁਨਾਈ ਮਢਈ" ਤਿਉਹਾਰ ਦੇ ਜਸ਼ਨ ਨੇ ਆਦਿਵਾਸੀਆਂ ਨਾਲ ਸੰਪਰਕ ਸਥਾਪਤ ਕਰਨ ਵਿੱਚ ਮਦਦ ਕੀਤੀ।

ਰਾਜਨੰਦਗਾਓਂ ਦੇ ਕਬੀਰਧਾਮ ਜ਼ਿਲ੍ਹੇ ਵਿੱਚ ਵਾਤਾਵਰਨ ਅਨੁਕੂਲ ਪੋਲਿੰਗ ਬੂਥ।

ਮਹਾਸਮੁੰਦ ਪੀ.ਸੀ. - ਪਿੰਡ ਕੁਲਹਾੜੀਘਾਟ, ਜ਼ਿਲ੍ਹਾ ਗਰੀਆਬੰਦ - ਕਮਾਰ ਪੀਵੀਟੀਜੀ

ਪਿਛੋਕੜ

ਭਾਰਤ ਵਿੱਚ 8.6 ਫੀਸਦੀ ਆਦਿਵਾਸੀ ਆਬਾਦੀ ਹੈ। ਇਨ੍ਹਾਂ ਵਿੱਚ ਆਦਿਵਾਸੀਆਂ ਦੇ 75 ਸਮੂਹ ਸ਼ਾਮਲ ਹਨ ਜੋ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਹਨ। ਪੀਵੀਟੀਜੀ ਨੂੰ ਪਹਿਲਾਂ ਤੋਂ ਪਹੁੰਚਯੋਗ ਖੇਤਰਾਂ ਵਿੱਚ ਨਵੇਂ ਪੋਲਿੰਗ ਸਟੇਸ਼ਨ ਬਣਾ ਕੇ ਵੱਡੇ ਪੱਧਰ 'ਤੇ ਕਵਰ ਕੀਤਾ ਗਿਆ ਹੈ। ਪਿਛਲੀਆਂ 11 ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਵਿੱਚ, ਕਮਰ, ਭੁੰਜੀਆ, ਬੈਗਾ, ਪਹਾੜੀ ਕੋਰਵਾ, ਅਬੂਝਮਾਡੀਆ, ਬਿਰਹੋਰ, ਸਹਾਰਿਆ, ਭਰੀਆ, ਚੇਂਚੂ, ਕੋਲਮ, ਥੋਟੀ, ਕੋਂਡਾਰੇਡੀ ਅਤੇ ਜੇਨੂ ਕੁਬਾਰਾ ਆਦਿ 14 ਪੀਵੀਟੀਜੀ ਭਾਈਚਾਰਿਆਂ ਦੇ ਲਗਭਗ 9 ਲੱਖ ਯੋਗ ਵੋਟਰ ਸਨ। ਚੋਣ ਕਮਿਸ਼ਨ ਦੇ ਵਿਸ਼ੇਸ਼ ਯਤਨਾਂ ਨੇ ਇਨ੍ਹਾਂ ਰਾਜਾਂ ਵਿੱਚ ਪੀਵੀਟੀਜੀ ਦੇ 100% ਨਾਮਾਂਕਣ ਨੂੰ ਯਕੀਨੀ ਬਣਾਇਆ।

****

ਡੀਕੇ/ਆਰਪੀ


(Release ID: 2019614) Visitor Counter : 94