ਰਾਸ਼ਟਰਪਤੀ ਸਕੱਤਰੇਤ

ਮਨੁੱਖੀ ਸਮਾਜ ਜੰਗਲਾਂ ਦੇ ਮਹੱਤਵ ਨੂੰ ਭੁੱਲਣ ਦੀ ਗਲਤੀ ਕਰ ਰਿਹਾ ਹੈ: ਰਾਸ਼ਟਰਪਤੀ ਮੁਰਮੂ


ਭਾਰਤ ਦੇ ਰਾਸ਼ਟਰਪਤੀ ਨੇ ਇੰਦਰਾ ਗਾਂਧੀ ਨੈਸ਼ਨਲ ਫੌਰੈਸਟ ਅਕੈਡਮੀ, ਦੇਹਰਾਦੂਨ ਵਿਖੇ ਇੰਡੀਅਨ ਫੌਰੈਸਟ ਸਰਵਿਸ ਦੇ ਅਧਿਕਾਰੀ ਸਿਖਿਆਰਥੀਆਂ ਦੀ ਕਨਵੋਕੇਸ਼ਨ ਸੈਰੇਮਨੀ ਵਿੱਚ ਹਿੱਸਾ ਲਿਆ

Posted On: 24 APR 2024 3:15PM by PIB Chandigarh

ਮਨੁੱਖੀ ਸਮਾਜ ਜੰਗਲਾਂ ਨੂੰ ਭੁੱਲਣ ਦੀ ਗਲਤੀ ਕਰ ਰਿਹਾ ਹੈ। ਜੰਗਲ ਜੀਵਨਦਾਤਾ ਹਨ। ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (24 ਅਪ੍ਰੈਲ, 2024) ਨੂੰ ਇੰਦਰਾ ਗਾਂਧੀ ਨੈਸ਼ਨਲ ਫੌਰੈਸਟ ਅਕੈਡਮੀ, ਦੇਹਰਾਦੂਨ ਵਿਖੇ ਇੰਡੀਅਨ ਫੌਰੈਸਟ ਸਰਵਿਸ (2022 ਬੈਚ) ਦੇ ਕਨਵੋਕੇਸ਼ਨ ਸੈਰੇਮਨੀ ਵਿੱਚ ਅਧਿਕਾਰੀ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਸਤਵਿਕਤਾ ਇਹ ਹੈ ਕਿ ਜੰਗਲਾਂ ਨੇ ਧਰਤੀ ‘ਤੇ ਜੀਵਨ ਨੂੰ ਸੁਰੱਖਿਅਤ ਕੀਤਾ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਅਸੀਂ ਐਂਥ੍ਰੋਪੋਸੀਨ ਯੁੱਗ ਦੀ ਗੱਲ ਕਰਦੇ ਹਾਂ, ਜੋ ਮਾਨਵ-ਕੇਂਦਰਿਤ ਵਿਕਾਸ ਦਾ ਕਾਲ ਹੈ। ਇਸ ਦੌਰਾਨ ਵਿਕਾਸ ਦੇ ਨਾਲ-ਨਾਲ ਵਿਨਾਸ਼ਕਾਰੀ ਨਤੀਜੇ ਸਾਹਮਣੇ ਆਏ ਹਨ। ਸੰਸਾਧਨਾਂ ਦੇ ਲਗਾਤਾਰ ਸ਼ੋਸ਼ਣ ਨੇ ਮਨੁੱਖਤਾ ਨੂੰ ਇੱਕ ਅਜਿਹੇ ਮੁਕਾਮ 'ਤੇ ਪਹੁੰਚਾ ਦਿੱਤਾ ਹੈ ਜਿੱਥੇ ਵਿਕਾਸ ਦੇ ਮਾਪਦੰਡਾਂ ਦਾ ਮੁੜ ਮੁਲਾਂਕਣ ਕਰਨਾ ਹੋਵੇਗਾ। ਉਨ੍ਹਾਂ ਨੇ ਇਹ ਸਮਝਣ ਦੇ ਮਹੱਤਵ 'ਤੇ ਜ਼ੋਰ ਦਿੱਤਾ ਕਿ ਅਸੀਂ ਧਰਤੀ ਦੇ ਸਰੋਤਾਂ ਦੇ ਮਾਲਕ ਨਹੀਂ ਹਾਂ, ਸਗੋਂ ਅਸੀਂ ਟਰੱਸਟੀ ਹਾਂ। ਸਾਡੀਆਂ ਪ੍ਰਾਥਮਿਕਤਾਵਾਂ ਮਾਨਵ-ਵਿਗਿਆਨਕ ਹੋਣ ਦੇ ਨਾਲ-ਨਾਲ ਵਾਤਾਵਰਣ-ਕੇਂਦ੍ਰਿਤ ਵੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਈਕੋਲੌਜਿਕਲ ਵਾਤਾਵਰਣ ਨਾਲ ਜੁੜ ਕੇ ਹੀ ਅਸੀਂ ਵਾਸਤਵ ਵਿੱਚ ਮਾਨਵ-ਵਿਗਿਆਨਿਕ ਹੋ ਸਕਾਂਗੇ।

ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਜੰਗਲ ਸੰਸਾਧਨਾਂ ਦਾ ਬਹੁਤ ਤੇਜ਼ੀ ਨਾਲ ਖਾਤਮਾ ਹੋਇਆ ਹੈ। ਜੰਗਲਾਂ ਦਾ ਖਾਤਮਾ ਇੱਕ ਪ੍ਰਕਾਰ ਨਾਲ ਮਾਨਵਤਾ ਦਾ ਨਾਸ਼ ਹੀ ਹੈ। ਇਹ ਇੱਕ ਜਾਣਿਆ-ਪਹਿਚਾਣਿਆ ਤੱਥ ਹੈ ਕਿ ਧਰਤੀ ਦੀ ਜੈਵ ਵਿਭਿੰਨਤਾ ਅਤੇ ਕੁਦਰਤੀ ਸੁੰਦਰਤਾ ਦੀ ਸੰਭਾਲ ਇੱਕ ਬਹੁਤ ਹੀ ਮਹੱਤਵਪੂਰਨ ਕੰਮ ਹੈ ਜੋ ਸਾਨੂੰ ਛੇਤੀ ਹੀ ਕਰਨਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੰਭਾਲ ਅਤੇ ਪ੍ਰੋਤਸਾਹਨ ਦੇ ਜ਼ਰੀਏ ਮਨੁੱਖੀ ਜੀਵਨ ਨੂੰ ਸੰਕਟ ਤੋਂ ਬਚਾਇਆ ਜਾ ਸਕਦਾ ਹੈ। ਅਸੀਂ ਸਾਇੰਸ ਅਤੇ ਟੈਕਨੋਲੋਜੀ ਦੀ ਸਹਾਇਤਾ ਨਾਲ ਤੇਜ਼ੀ ਨਾਲ ਨੁਕਸਾਨ ਦੀ ਪੂਰਤੀ ਕਰ ਸਕਦੇ ਹਾਂ। ਉਦਾਹਰਣ ਦੇ ਲਈ, ਮਿਯਾਵਾਕੀ ਵਿਧੀ (Miyawaki Method) ਨੂੰ ਕਈ ਸਥਾਨਾਂ ‘ਤੇ ਅਪਣਾਇਆ ਜਾ ਰਿਹਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਵਣਰੋਪਣ ਅਤੇ ਖੇਤਰ ਵਿਸ਼ੇਸ਼ ਰੁੱਖਾਂ ਦੀਆਂ ਕਿਸਮਾਂ ਲਈ ਢੁਕਵੇਂ ਖੇਤਰਾਂ ਦੀ ਪਹਿਚਾਣ ਕਰਨ ਵਿੱਚ ਮਦਦ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵੱਖ-ਵੱਖ ਵਿਕਲਪਾਂ ਦਾ ਮੁਲਾਂਕਣ ਕਰਨ ਅਤੇ ਭਾਰਤ ਦੀਆਂ ਭੂਗੋਲਿਕ ਸਥਿਤੀਆਂ ਦੇ ਲਈ ਅਨੁਕੂਲ ਸਮਾਧਾਨ ਵਿਕਸਿਤ ਕਰਨ ਦੀ ਜ਼ਰੂਰਤ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਵਿਕਾਸ ਦੇ ਰਥ ਦੇ ਦੋ ਪਹੀਏ ਹੁੰਦੇ ਹਨ- ਪਰੰਪਰਾ ਅਤੇ ਆਧੁਨਿਕਤਾ। ਅੱਜ ਸਮਾਜ ਕਈ ਵਾਤਾਵਰਣ ਦੀਆਂ ਸਮੱਸਿਆਵਾਂ ਦਾ ਹਰਜ਼ਾਨਾ (ਖਾਮਿਆਜ਼ਾ) ਭੁਗਤ ਰਿਹਾ ਹੈ। ਇਸ ਦਾ ਇੱਕ ਪ੍ਰਮੁੱਖ ਕਾਰਨ ਇੱਕ ਵਿਸ਼ੇਸ਼ ਪ੍ਰਕਾਰ ਦੀ ਆਧੁਨਿਕਤਾ ਹੈ, ਜਿਸ ਦਾ ਮੂਲ ਕੁਦਰਤ ਦਾ ਸ਼ੋਸ਼ਣ ਹੈ। ਇਸ ਪ੍ਰਕਿਰਿਆ ਵਿੱਚ ਪਰੰਪਰਾਗਤ ਗਿਆਨ ਦੀ ਉਪੇਖਿਆ ਕੀਤੀ ਜਾਂਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਕਬਾਇਲੀ ਸਮਾਜ ਨੇ ਕੁਦਰਤ ਦੇ ਸ਼ਾਸ਼ਵਤ ਨਿਯਮਾਂ ਨੂੰ ਆਪਣੇ ਜੀਵਨ ਦਾ ਅਧਾਰ ਬਣਾਇਆ ਹੈ। ਇਸ ਸਮਾਜ ਦੇ ਲੋਕ ਕੁਦਰਤ ਦੀ ਸੰਭਾਲ ਕਰਦੇ ਹਨ। ਪਰੰਤੂ, ਅਸੰਤੁਲਿਤ ਆਧੁਨਿਕਤਾ ਦੇ ਪ੍ਰਭਾਵ ਹੇਠ, ਕੁਝ ਲੋਕ ਕਬਾਇਲੀ ਭਾਈਚਾਰੇ ਅਤੇ ਉਨ੍ਹਾਂ ਦੇ ਸਮੂਹਿਕ ਗਿਆਨ ਨੂੰ ਪ੍ਰਾਚੀਨ ਮੰਨਦੇ ਹਨ। ਜਲਵਾਯੂ ਪਰਿਵਰਤਨ ਵਿੱਚ ਕਬਾਇਲੀ ਸਮਾਜ ਦੀ ਕੋਈ ਭੂਮਿਕਾ ਨਹੀਂ ਹੈ, ਲੇਕਿਨ ਇਸ ਦੇ ਮਾੜੇ ਪ੍ਰਭਾਵਾਂ ਦਾ ਬੋਝ ਉਨ੍ਹਾਂ ‘ਤੇ ਵਧੇਰੇ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਸਦੀਆਂ ਤੋਂ ਕਬਾਇਲੀ ਸਮਾਜ ਦੁਆਰਾ ਇਕੱਠੇ ਕੀਤੇ ਗਏ ਗਿਆਨ ਦੀ ਮਹੱਤਤਾ ਨੂੰ ਸਮਝਣਾ ਅਤੇ ਵਾਤਾਵਰਣ ਨੂੰ ਬਿਹਤਰ ਬਣਾਉਣ ਦੇ ਲਈ ਇਸ ਦੀ ਵਰਤੋਂ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸਮੂਹਿਕ ਗਿਆਨ ਸਾਨੂੰ ਵਾਤਾਵਰਣਿਕ ਤੌਰ 'ਤੇ ਟਿਕਾਊ, ਨੈਤਿਕ ਤੌਰ 'ਤੇ ਫਾਇਦੇਮੰਦ ਅਤੇ ਸਮਾਜਿਕ ਤੌਰ 'ਤੇ ਉਚਿਤ ਮਾਰਗ ‘ਤੇ ਅੱਗੇ ਵਧਣ ਵਿੱਚ ਸਹਾਇਤਾ ਕਰ ਸਕਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਕਈ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਹੋਵੇਗਾ ਅਤੇ ਕਬਾਇਲੀ ਸਮਾਜ ਦੇ ਸੰਤੁਲਿਤ ਜੀਵਨ ਸ਼ੈਲੀ ਦੇ ਆਦਰਸ਼ਾਂ ਤੋਂ ਸਿੱਖਣਾ ਹੋਵੇਗਾ। ਸਾਨੂੰ ਵਾਤਾਵਰਨ ਨਿਆਂ ਦੀ ਭਾਵਨਾ ਨਾਲ ਅੱਗੇ ਵਧਣਾ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ 18ਵੀਂ ਅਤੇ 19ਵੀਂ ਸਦੀ ਵਿੱਚ ਉਦਯੋਗਿਕ ਕ੍ਰਾਂਤੀ ਨੇ ਇਮਾਰਤੀ ਲੱਕੜ ਅਤੇ ਹੋਰ ਫੌਰੈਸਟ ਪ੍ਰੋਡਕਟਸ ਦੀ ਮੰਗ ਵਧਾਈ ਹੈ। ਮੰਗ ਦਾ ਸਾਹਮਣਾ ਕਰਨ ਦੇ ਲਈ ਨਵੇਂ ਰੂਲਜ਼, ਰੈਗੂਲੇਸ਼ਨਜ਼ ਅਤੇ ਫੌਰੈਸਟ ਉਪਯੋਗ ਦੇ ਤਰੀਕਿਆਂ ਨੂੰ ਅਪਣਾਇਆ ਗਿਆ। ਅਜਿਹੇ ਰੂਲਜ਼ ਅਤੇ ਰੈਗੂਲੇਸ਼ਨਜ਼ ਨੂੰ ਲਾਗੂ ਕਰਨ ਦੇ ਲਈ, ਇੰਡੀਅਨ ਫੌਰੈਸਟ ਸਰਵਿਸ ਦੀ ਪੂਰਵਗਾਮੀ ਸੇਵਾ, ਇੰਪੀਰਿਅਲ ਫੌਰੈਸਟ ਸਰਵਿਸ ਦਾ ਗਠਨ ਕੀਤਾ ਗਿਆ ਸੀ। ਉਸ ਸੇਵਾ ਦਾ ਆਦੇਸ਼ ਕਬਾਇਲੀ ਸਮਾਜ ਅਤੇ ਜੰਗਲੀ ਸੰਪਦਾ ਦੀ ਰੱਖਿਆ ਕਰਨਾ ਨਹੀਂ ਸੀ। ਉਨ੍ਹਾਂ ਦਾ ਆਦੇਸ਼ ਭਾਰਤ ਦੇ ਜੰਗਲੀ ਸੰਸਾਧਨਾਂ (ਸੋਮਿਆਂ) ਦਾ ਵੱਧ ਤੋਂ ਵੱਧ ਸ਼ੋਸ਼ਣ ਕਰਕੇ ਬ੍ਰਿਟਿਸ਼ ਰਾਜ ਦੇ ਉਦੇਸ਼ਾਂ ਨੂੰ ਪ੍ਰੋਤਸਾਹਨ ਦੇਣਾ ਸੀ।

ਬ੍ਰਿਟਿਸ਼ ਕਾਲ ਦੇ ਦੌਰਾਨ ਜੰਗਲੀ ਜਾਨਵਰਾਂ ਦੇ ਸਮੂਹਿਕ ਸ਼ਿਕਾਰ ਦਾ ਜ਼ਿਕਰ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਉਹ ਮਿਊਜ਼ੀਅਮਾਂ ਦਾ ਦੌਰਾ ਕਰਦੇ ਹਨ ਜਿੱਥੇ ਜਾਨਵਰਾਂ ਦੀ ਖੱਲ ਜਾਂ ਕੱਟੇ ਹੋਏ ਸਿਰ ਦੀਵਾਰਾਂ ‘ਤੇ ਸਜੇ ਹੁੰਦੇ ਹਨ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਵਸਤਾਂ ਮਨੁੱਖੀ ਸੱਭਿਅਤਾ ਦੇ ਪਤਨ ਦੀ ਕਹਾਣੀ ਕਹਿ ਰਹੀਆਂ ਹਨ। 

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇੰਡੀਅਨ ਫੌਰੈਸਟ ਸਰਵਿਸ ਦੇ ਅਧਿਕਾਰੀ ਬਸਤੀਵਾਦੀ ਮਾਨਸਿਕਤਾ ਅਤੇ ਸਾਬਕਾ ਇੰਪੀਰੀਅਲ ਫੌਰੈਸਟ ਸਰਵਿਸ ਦੇ ਨਜ਼ਰੀਏ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇੰਡੀਅਨ ਫੌਰੈਸਟ ਸਰਵਿਸ ਦੇ ਅਧਿਕਾਰੀਆਂ ਨੂੰ ਨਾ ਸਿਰਫ ਭਾਰਤ ਦੇ ਕੁਦਰਤੀ ਸੰਸਾਧਨਾਂ ਦੀ ਸੰਭਾਲ ਅਤੇ ਰੱਖਿਆ ਕਰਨੀ ਹੈ, ਬਲਕਿ ਮਾਨਵਤਾ ਦੇ ਹਿਤ ਵਿੱਚ ਪਰੰਪਰਾਗਤ ਗਿਆਨ ਦੀ ਵਰਤੋਂ ਵੀ ਕਰਨੀ ਹੈ। ਉਨ੍ਹਾਂ ਨੂੰ ਆਧੁਨਿਕਤਾ ਅਤੇ ਪਰੰਪਰਾ ਨੂੰ ਸਮਕਾਲੀਨ ਕਰਕੇ ਅਤੇ ਵਣਵਾਸੀਆਂ ਦੇ ਹਿਤਾਂ ਨੂੰ ਅੱਗੇ ਵਧਾ ਕੇ ਵਣ ਸੰਪਦਾ ਦੀ ਰੱਖਿਆ ਕਰਨੀ ਹੋਵੇਗੀ ਜਿਨ੍ਹਾਂ ਦਾ ਜੀਵਨ ਜੰਗਲਾਂ ‘ਤੇ ਅਧਾਰਿਤ ਹੈ। ਅਜਿਹਾ ਕਰਨ ਨਾਲ, ਉਹ ਇੱਕ ਅਜਿਹਾ ਯੋਗਦਾਨ ਦੇਣ ਵਿੱਚ ਸਮਰੱਥ ਹੋਣਗੇ ਜੋ ਅਸਲ ਵਿੱਚ ਸਮਾਵੇਸ਼ੀ ਅਤੇ ਵਾਤਾਵਰਣ ਦੇ ਅਨੁਕੂਲ ਹੋਣ। 

 

ਰਾਸ਼ਟਰਪਤੀ ਨੇ ਕਿਹਾ ਕਿ ਇੰਡੀਅਨ ਫੌਰੈਸਟ ਸਰਵਿਸ ਨੇ ਦੇਸ਼ ਨੂੰ ਕਈ ਅਧਿਕਾਰੀ ਦਿੱਤੇ ਹਨ ਜਿਨ੍ਹਾਂ ਨੇ ਵਾਤਾਵਰਣ ਲਈ ਅਦੁੱਤੀ ਕੰਮ ਕੀਤੇ ਹਨ। ਸ਼੍ਰੀ ਪੀ ਸ੍ਰੀਨਿਵਾਸ, ਸ਼੍ਰੀ ਸੰਜੇ ਕੁਮਾਰ ਸਿੰਘ, ਸ਼੍ਰੀ ਐੱਸ. ਮਣਿਕੰਦਨ ਜਿਹੇ ਇੰਡੀਅਨ ਫੌਰੈਸਟ ਸਰਵਿਸ ਦੇ ਅਫਸਰਾਂ ਨੇ ਡਿਊਟੀ ਦੀ ਲਾਈਨ ਵਿੱਚ ਆਪਣਾ ਜੀਵਨ ਕੁਰਬਾਨ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀ ਸਿਖਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਅਜਿਹੇ ਅਧਿਕਾਰੀਆਂ ਨੂੰ ਆਪਣਾ ਰੋਲ ਮਾਡਲ ਅਤੇ ਮਾਰਗ ਦਰਸ਼ਕ ਬਣਾਉਣ ਅਤੇ ਉਨ੍ਹਾਂ ਦੁਆਰਾ ਦਿਖਾਏ ਗਏ ਆਦਰਸ਼ਾਂ 'ਤੇ ਅੱਗੇ ਵਧਣ।

 

ਰਾਸ਼ਟਰਪਤੀ ਨੇ ਆਈਐੱਫਐੱਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਬਾਇਲੀ ਲੋਕਾਂ ਦਰਮਿਆਨ ਸਮਾਂ ਬਿਤਾਉਣ ਅਤੇ ਉਨ੍ਹਾਂ ਦਾ ਪਿਆਰ ਅਤੇ ਵਿਸ਼ਵਾਸ ਹਾਸਲ ਕਰਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਬਾਇਲੀ ਸਮਾਜ ਦੀਆਂ ਚੰਗੀਆਂ ਪ੍ਰਥਾਵਾਂ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਦਾਰੀਆਂ ਦੀ ਮਾਲਕੀ ਸੰਭਾਲਣ ਅਤੇ ਇੱਕ ਰੋਲ ਮਾਡਲ ਬਣਨ ਦੀ ਵੀ ਤਾਕੀਦ ਕੀਤੀ।

ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ਵਿੱਚ ਪੜ੍ਹਣ ਦੇ ਲਈ ਇੱਥੇ ਕਲਿੱਕ ਕਰੋ।

***************

ਡੀਐੱਸ/ਐੱਸਕੇਐੱਸ



(Release ID: 2018859) Visitor Counter : 18