ਪ੍ਰਧਾਨ ਮੰਤਰੀ ਦਫਤਰ

ਆਫ਼ਤ ਪ੍ਰਤੀਰੋਧੀ ਬੁਨਿਆਦੀ ਢਾਂਚੇ 'ਤੇ ਅੰਤਰਰਾਸ਼ਟਰੀ ਕਾਨਫਰੰਸ ਦੇ 6ਵੇਂ ਸੰਸਕਰਣ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਪਾਠ

Posted On: 24 APR 2024 9:54AM by PIB Chandigarh

ਐਕਸੀਲੈਂਸੀਜ਼, ਦੋਸਤੋ,
ਨਮਸਕਾਰ! ਮੈਂ ਤੁਹਾਡਾ ਸਾਰਿਆਂ ਦਾ ਭਾਰਤ ਵਿੱਚ ਨਿੱਘਾ ਸੁਆਗਤ ਕਰਦਾ ਹਾਂ। ਆਫ਼ਤ ਪ੍ਰਤੀਰੋਧੀ ਬੁਨਿਆਦੀ ਢਾਂਚੇ 'ਤੇ ਅੰਤਰਰਾਸ਼ਟਰੀ ਕਾਨਫਰੰਸ ਦੇ 6ਵੇਂ ਸੰਸਕਰਣ ਵਿੱਚ ਤੁਹਾਡਾ ਸਾਡੇ ਦਰਮਿਆਨ ਹੋਣਾ ਬਹੁਤ ਵਧੀਆ ਹੈ। ਤੁਹਾਡੀ ਭਾਗੀਦਾਰੀ ਇਸ ਮਹੱਤਵਪੂਰਨ ਮੁੱਦੇ 'ਤੇ ਵਿਸ਼ਵਵਿਆਪੀ ਸੰਵਾਦ ਅਤੇ ਫੈਸਲਿਆਂ ਨੂੰ ਮਜ਼ਬੂਤ ਕਰੇਗੀ।
ਦੋਸਤੋ,
ਪਿਛਲੇ ਕੁਝ ਸਾਲਾਂ ਵਿੱਚ, ਆਫ਼ਤ ਪ੍ਰਤੀਰੋਧੀ ਬੁਨਿਆਦੀ ਢਾਂਚੇ ਲਈ ਗਠਜੋੜ ਦਾ ਵਿਕਾਸ ਪ੍ਰਭਾਵਸ਼ਾਲੀ ਰਿਹਾ ਹੈ। ਅਸੀਂ 2019 ਤੋਂ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ, ਜਦੋਂ ਤੋਂ ਸੀਡੀਆਰਆਈ ਲਾਂਚ ਕੀਤਾ ਗਿਆ ਸੀ। ਇਹ ਹੁਣ 39 ਦੇਸ਼ਾਂ   ਅਤੇ 7 ਸੰਗਠਨਾਂ ਦਾ ਆਲਮੀ ਗਠਜੋੜ ਹੈ। ਇਹ ਭਵਿੱਖ ਲਈ ਇੱਕ ਚੰਗਾ ਸੰਕੇਤ ਹੈ।
ਦੋਸਤੋ,
ਜਿਵੇਂ ਕਿ ਅਸੀਂ ਸਾਰਿਆਂ ਨੇ ਦੇਖਿਆ ਹੈ, ਕੁਦਰਤੀ ਆਫ਼ਤਾਂ ਲਗਾਤਾਰ ਅਤੇ ਵਧੇਰੇ ਗੰਭੀਰ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਨਾਲ ਹੋਣ ਵਾਲੇ ਨੁਕਸਾਨ ਦੀ ਆਮ ਤੌਰ 'ਤੇ ਡਾਲਰਾਂ ਵਿੱਚ ਰਿਪੋਰਟ ਕੀਤੀ ਜਾਂਦੀ ਹੈ। ਪਰ ਲੋਕਾਂ, ਪਰਿਵਾਰਾਂ   ਅਤੇ ਭਾਈਚਾਰਿਆਂ 'ਤੇ ਉਨ੍ਹਾਂ ਦਾ ਅਸਲ ਪ੍ਰਭਾਵ ਸਿਰਫ ਗਿਣਤੀਆਂ ਤੋਂ ਪਰ੍ਹੇ ਹੈ। ਭੂਚਾਲ ਘਰਾਂ ਨੂੰ ਤਬਾਹ ਕਰ ਦਿੰਦੇ ਹਨ, ਹਜ਼ਾਰਾਂ ਲੋਕ ਬੇਘਰ ਹੋ ਜਾਂਦੇ ਹਨ। ਕੁਦਰਤੀ ਆਫ਼ਤਾਂ ਪਾਣੀ ਅਤੇ ਸੀਵਰੇਜ਼ ਸਿਸਟਮ ਨੂੰ ਵਿਗਾੜ ਸਕਦੀਆਂ ਹਨ, ਲੋਕਾਂ ਦੀ ਸਿਹਤ ਨੂੰ ਖਤਰੇ ਵਿੱਚ ਪਾ ਸਕਦੀਆਂ ਹਨ। ਕੁਝ ਆਫ਼ਤਾਂ ਊਰਜਾ ਪਲਾਂਟਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜਿਸ ਨਾਲ ਸੰਭਾਵੀ ਤੌਰ 'ਤੇ ਖ਼ਤਰਨਾਕ ਸਥਿਤੀਆਂ ਪੈਦਾ ਹੋ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦਾ ਇੱਕ ਮਨੁੱਖੀ ਪ੍ਰਭਾਵ ਹੈ।
ਦੋਸਤੋ,
ਸਾਨੂੰ ਅੱਜ, ਬਿਹਤਰ ਕੱਲ੍ਹ ਲਈ ਪ੍ਰਤੀਰੋਧੀ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਲਚੀਲੇਪਣ ਨੂੰ ਨਵੇਂ   ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ, ਇਸ ਨੂੰ ਆਫ਼ਤ ਤੋਂ ਬਾਅਦ ਦੇ  ਪੁਨਰ-ਨਿਰਮਾਣ ਦਾ ਹਿੱਸਾ ਬਣਨ ਦੀ ਵੀ ਜ਼ਰੂਰਤ ਹੈ। ਆਫ਼ਤਾਂ ਤੋਂ ਬਾਅਦ, ਤੁਰੰਤ ਫੋਕਸ ਕੁਦਰਤੀ ਤੌਰ 'ਤੇ ਰਾਹਤ ਅਤੇ ਮੁੜ ਵਸੇਬੇ 'ਤੇ ਹੁੰਦਾ ਹੈ। ਸ਼ੁਰੂਆਤੀ ਪ੍ਰਤੀਕਿਰਿਆ ਤੋਂ ਬਾਅਦ, ਸਾਡੇ ਫੋਕਸ ਵਿੱਚ ਬੁਨਿਆਦੀ ਢਾਂਚੇ ਦੀ ਲਚਕਤਾ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ।
ਦੋਸਤੋ,
ਕੁਦਰਤ ਅਤੇ ਆਫ਼ਤਾਂ ਦੀ ਕੋਈ ਹੱਦ ਨਹੀਂ ਹੁੰਦੀ। ਇੱਕ ਬਹੁਤ ਹੀ ਆਪਸ ਵਿੱਚ ਜੁੜੇ  ਵਿਸ਼ਵ ਵਿੱਚ, ਆਫ਼ਤਾਂ ਅਤੇ     ਰੁਕਾਵਟਾਂ ਵਿਆਪਕ ਪ੍ਰਭਾਵ ਦਾ ਕਾਰਨ ਬਣਦੀਆਂ ਹਨ। ਵਿਸ਼ਵ ਸਮੂਹਿਕ ਤੌਰ 'ਤੇ ਪ੍ਰਤੀਰੋਧੀ ਹੋ ਸਕਦਾ ਹੈ, ਤਾਂ ਹੀ   ਜਦੋਂ ਹਰੇਕ ਦੇਸ਼ ਵਿਅਕਤੀਗਤ ਤੌਰ 'ਤੇ ਲਚਕੀਲਾ ਹੁੰਦਾ ਹੈ। ਸਾਂਝੇ ਜੋਖਮਾਂ ਦੇ ਕਾਰਨ ਸਾਂਝਾ ਪ੍ਰਤੀਰੋਧ ਮਹੱਤਵਪੂਰਨ ਹੈ। ਸੀਡੀਆਰਆਈ ਅਤੇ ਇਹ ਕਾਨਫਰੰਸ ਇਸ ਸਮੂਹਿਕ ਮਿਸ਼ਨ ਲਈ ਇਕੱਠੇ ਹੋਣ ਵਿੱਚ ਸਾਡੀ ਮਦਦ ਕਰਦੀ ਹੈ।
ਦੋਸਤੋ,
ਸਾਂਝੀ ਪ੍ਰਤੀਰੋਧਕਤਾ ਹਾਸਲ ਕਰਨ ਲਈ, ਸਾਨੂੰ ਸਭ ਤੋਂ ਕਮਜ਼ੋਰ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਉਦਾਹਰਣ ਲਈ, ਛੋਟੇ ਟਾਪੂ ਵਿਕਾਸਸ਼ੀਲ ਰਾਜ ਆਫ਼ਤਾਂ ਦੇ ਉੱਚ ਖਤਰੇ ਵਿੱਚ ਹਨ। ਸੀਡੀਆਰਆਈ ਦਾ ਇੱਕ ਪ੍ਰੋਗਰਾਮ ਹੈ ਜੋ 13 ਅਜਿਹੀਆਂ ਥਾਵਾਂ 'ਤੇ ਪ੍ਰੋਜੈਕਟਾਂ ਲਈ ਫੰਡਿੰਗ ਕਰ ਰਿਹਾ ਹੈ। ਡੋਮਿਨਿਕਾ ਵਿੱਚ ਪ੍ਰਤੀਰੋਧੀ ਆਵਾਸ, ਪਾਪੂਆ ਨਿਊ ਗਿਨੀ ਵਿੱਚ ਪ੍ਰਤੀਰੋਧੀ ਆਵਾਜਾਈ ਨੈੱਟਵਰਕ ਅਤੇ ਡੋਮਿਨਿਕਨ ਰੀਪਬਲਿਕ ਅਤੇ ਫਿਜੀ ਵਿੱਚ ਉੱਨਤ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਕੁਝ ਉਦਾਹਰਣਾਂ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਸੀਡੀਆਰਆਈ ਦਾ ਧਿਆਨ ਗਲੋਬਲ ਸਾਊਥ 'ਤੇ ਵੀ ਹੈ।
ਦੋਸਤੋ,
ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦੌਰਾਨ, ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਸੀ। ਵਿਚਾਰ-ਵਟਾਂਦਰੇ ਦੇ ਕੇਂਦਰ ਵਿੱਚ ਵਿੱਤ ਦੇ ਨਾਲ ਇੱਕ ਨਵਾਂ ਆਫ਼ਤ ਜੋਖਮ ਘਟਾਉਣ ਵਾਲਾ ਕਾਰਜ ਸਮੂਹ ਬਣਾਇਆ ਗਿਆ ਸੀ। ਸੀਡੀਆਰਆਈ ਦੇ ਵਾਧੇ ਦੇ ਨਾਲ, ਅਜਿਹੇ ਕਦਮ ਵਿਸ਼ਵ ਨੂੰ ਇੱਕ ਪ੍ਰਤੀਰੋਧੀ ਭਵਿੱਖ ਵੱਲ ਲੈ ਜਾਣਗੇ। ਮੈਨੂੰ ਯਕੀਨ ਕਿ ਅਗਲੇ ਦੋ ਦਿਨਾਂ ਵਿੱਚ ਆਈਸੀਡੀਆਰਆਈ ਵਿੱਚ ਫਲਦਾਇਕ ਵਿਚਾਰ-ਵਟਾਂਦਰੇ ਦੇਖਣ ਨੂੰ ਮਿਲਣਗੇ। ਤੁਹਾਡਾ ਧੰਨਵਾਦ। 
ਤੁਹਾਡਾ ਬਹੁਤ-ਬਹੁਤ ਧੰਨਵਾਦ!


*****


ਡੀਐੱਸ/ਟੀਐੱਸ
 



(Release ID: 2018737) Visitor Counter : 25