ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਵੀਰ ਜਯੰਤੀ ਦੇ ਅਵਸਰ ‘ਤੇ 2550ਵੇਂ ਭਗਵਾਨ ਮਹਾਵੀਰ ਨਿਰਵਾਣ ਮਹੋਤਸਵ ਦਾ ਉਦਘਾਟਨ ਕੀਤਾ
ਸਮਾਰਕ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤਾ
“ਭਗਵਾਨ ਮਹਾਵੀਰ ਦੀਆਂ ਕਦਰਾਂ ਕੀਮਤਾਂ ਦੇ ਪ੍ਰਤੀ ਨੌਜਵਾਨਾਂ ਦੀ ਪ੍ਰਤੀਬੱਧਤਾ ਦੇਸ਼ ਦੇ ਸਹੀ ਦਿਸ਼ਾ ਵਿੱਚ ਅੱਗੇ ਵਧਣ ਦਾ ਸੰਕੇਤ ਹੈ”
“ਅਸੀਂ 2500 ਵਰ੍ਹੇ ਦੇ ਬਾਅਦ ਵੀ ਭਗਵਾਨ ਮਹਾਵੀਰ ਦਾ ਨਿਰਵਾਣ ਦਿਵਸ ਮਨਾ ਰਹੇ ਹਾਂ ਅਤੇ ਮੈਨੂੰ ਯਕੀਨ ਹੈ ਕਿ ਦੇਸ਼ ਆਉਣ ਵਾਲੇ ਹਜ਼ਾਰਾਂ ਵਰ੍ਹਿਆਂ ਤੱਕ ਭਗਵਾਨ ਮਹਾਵੀਰ ਦੀਆਂ ਕਦਰਾਂ ਕੀਮਤਾਂ ਦਾ ਜਸ਼ਨ ਮਨਾਉਂਦਾ ਰਹੇਗਾ”
“ਦੁਨੀਆ ਵਿੱਚ ਕਈ ਯੁੱਧਾਂ ਦੇ ਸਮੇਂ ਸਾਡੇ ਤੀਰਥੰਕਰਾਂ ਦੀਆਂ ਸਿੱਖਿਆਵਾਂ ਹੋਰ ਵੀ ਮਹੱਤਵਪੂਰਨ ਹੋ ਗਈਆਂ ਹਨ”
“ਭਾਰਤ ਵਿਰੋਧਾਂ ਵਿੱਚ ਵੰਡੇ ਹੋਏ ਵਿਸ਼ਵ ਵਿੱਚ ‘ਵਿਸ਼ਵ-ਬੰਧੁ’ ਦੇ ਰੂਪ ਵਿੱਚ ਆਪਣੀ ਜਗ੍ਹਾ ਬਣਾ ਰਿਹਾ ਹੈ”
“ਨਵੀਂ ਪੀੜ੍ਹੀ ਮੰਨਦੀ ਹੈ ਕਿ ਭਾਰਤ ਦੀ ਪਹਿਚਾਣ ਉਸ ਦਾ ਗੌਰਵ ਹੈ। ਭਾਰਤ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਸਵੈਮਾਣ ਦੀ ਭਾਵਨਾ ਜਾਗ੍ਰਿਤ ਹੋ ਜਾਂਦੀ ਹੈ ਤਾਂ ਕਿਸੇ ਰਾਸ਼ਟਰ ਨੂੰ ਰੋਕਣਾ ਅਸੰਭਵ ਹੋ ਜਾਂਦਾ ਹੈ”
“ਭਾਰਤ ਦੇ ਲਈ ਆਧੁਨਿਕਤਾ ਉਸ ਦਾ ਸਰੀਰ ਹੈ, ਅਧਿਆਤਮਿਕਤਾ ਉਸ ਦੀ ਆਤਮਾ ਹੈ”
Posted On:
21 APR 2024 12:04PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਮਹਾਵੀਰ ਜਯੰਤੀ ਦੇ ਸ਼ੁਭ ਅਵਸਰ ‘ਤੇ 2550ਵੇਂ ਭਗਵਾਨ ਮਹਾਵੀਰ ਨਿਰਵਾਣ ਮਹੋਤਸਵ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਭਗਵਾਨ ਮਹਾਵੀਰ ਦੀ ਮੂਰਤੀ ‘ਤੇ ਚਾਵਲ ਅਤੇ ਫੁੱਲਾਂ ਦੀਆਂ ਪੱਤੀਆਂ ਨਾਲ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸਕੂਲੀ ਬੱਚਿਆਂ ਦੁਆਰਾ ਭਗਵਾਨ ਮਹਾਵੀਰ ਸਵਾਮੀ ‘ਤੇ “ਵਰਤਮਾਨ ਵਿੱਚ ਵਰਧਮਾਨ” ਨਾਮਕ ਡਾਂਸ ਡਰਾਮਾ ਦੀ ਪੇਸ਼ਕਾਰੀ ਦੇਖੀ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਇੱਕ ਸਮਾਰਕ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਨਦਾਰ ਭਾਰਤ ਮੰਡਪਮ ਅੱਜ 2550ਵੇਂ ਭਗਵਾਨ ਮਹਾਵੀਰ ਨਿਰਵਾਣ ਮਹੋਤਸਵ ਦਾ ਗਵਾਹ ਹੈ। ਸਕੂਲੀ ਬੱਚਿਆਂ ਦੁਆਰਾ ਭਗਵਾਨ ਮਹਾਵੀਰ ਸਵਾਮੀ ‘ਤੇ ਪੇਸ਼ ਡਾਂਸ ਡਰਾਮਾ ‘ਵਰਤਮਾਨ ਵਿੱਚ ਵਰਧਮਾਨ’ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਮਹਾਵੀਰ ਦੀਆਂ ਕਦਰਾਂ ਕੀਮਤਾਂ ਦੇ ਪ੍ਰਤੀ ਨੌਜਵਾਨਾਂ ਦਾ ਸਮਰਪਣ ਅਤੇ ਪ੍ਰਤੀਬੱਧਤਾ ਦੇਸ਼ ਦੇ ਸਹੀ ਦਿਸ਼ਾ ਵਿੱਚ ਅੱਗੇ ਵਧਣ ਦਾ ਸੰਕੇਤ ਹੈ।
ਉਨ੍ਹਾਂ ਨੇ ਇਸ ਅਵਸਰ ‘ਤੇ ਇੱਕ ਸਮਾਰਕ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ ਅਤੇ ਜੈਨ ਭਾਈਚਾਰੇ ਦਾ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਅਸ਼ੀਰਵਾਦ ਦੇ ਲਈ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਜੈਨ ਭਾਈਚਾਰੇ ਦੇ ਸੰਤਾਂ ਨੂੰ ਨਮਨ ਕੀਤਾ ਅਤੇ ਮਹਾਵੀਰ ਜਯੰਤੀ ਦੇ ਸ਼ੁਭ ਅਵਸਰ ‘ਤੇ ਸਾਰੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਆਚਾਰਿਆ ਸ਼੍ਰੀ ਵਿਦਿਆਸਾਗਰ ਜੀ ਮਹਾਰਾਜ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਆਚਾਰਿਆ ਦੇ ਨਾਲ ਹਾਲ ਵਿੱਚ ਹੋਈ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਅਸ਼ੀਰਵਾਦ ਹੁਣ ਵੀ ਸਾਡਾ ਮਾਰਗਦਰਸ਼ਨ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਭਗਵਾਨ ਮਹਾਵੀਰ ਦੇ 2550ਵੇਂ ਨਿਰਵਾਣ ਮਹੋਤਸਵ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਅੰਮ੍ਰਿਤ ਕਾਲ ਦੇ ਸ਼ੁਰੂਆਤੀ ਪੜਾਅ ਜਿਹੇ ਵਿਭਿੰਨ ਸੁਖਦ ਸੰਜੋਗਾਂ ਦਾ ਜ਼ਿਕਰ ਕੀਤਾ ਜਦੋਂ ਦੇਸ਼ ਆਜ਼ਾਦੀ ਦੀ ਸਵਰਣ ਸ਼ਤਾਬਦੀ ਦੀ ਤਰਫ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਸੰਵਿਧਾਨ ਦੇ 75ਵੇਂ ਵਰ੍ਹੇ ਅਤੇ ਲੋਕਤੰਤਰ ਦੇ ਉਤਸਵ ਦਾ ਵੀ ਜ਼ਿਕਰ ਕੀਤਾ ਜੋ ਰਾਸ਼ਟਰ ਦੀ ਭਵਿੱਖ ਦੀ ਦਿਸ਼ਾ ਤੈਅ ਕਰੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤ ਕਾਲ ਦਾ ਵਿਚਾਰ ਕੇਵਲ ਇੱਕ ਸੰਕਲਪ ਨਹੀਂ ਹੈ ਬਲਕਿ ਇੱਕ ਅਧਿਆਤਮਿਕ ਪ੍ਰੇਰਣਾ ਹੈ ਜੋ ਸਾਨੂੰ ਅਮਰਤਾ ਅਤੇ ਅਨੰਤ ਕਾਲ ਤੱਕ ਜਿਉਣ ਦੀ ਮੰਜ਼ੂਰੀ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ 2500 ਵਰ੍ਹਿਆਂ ਦੇ ਬਾਅਦ ਵੀ ਭਗਵਾਨ ਮਹਾਵੀਰ ਦਾ ਨਿਰਵਾਣ ਦਿਵਸ ਮਨਾ ਰਹੇ ਹਾਂ ਅਤੇ ਮੈਨੂੰ ਯਕੀਨ ਹੈ ਕਿ ਦੇਸ਼ ਆਉਣ ਵਾਲੇ ਹਜ਼ਾਰਾਂ ਵਰ੍ਹਿਆਂ ਤੱਕ ਭਗਵਾਨ ਮਹਾਵੀਰ ਦੀਆਂ ਕਦਰਾਂ ਕੀਮਤਾਂ ਦਾ ਜਸ਼ਨ ਮਨਾਉਂਦਾ ਰਹੇਗਾ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਸਦੀਆਂ ਅਤੇ ਹਜ਼ਾਰਾਂ ਵਰ੍ਹਿਆਂ ਦੀ ਕਲਪਨਾ ਕਰਨ ਦੀ ਤਾਕਤ ਅਤੇ ਉਸ ਦੇ ਦੂਰਦਰਸ਼ੀ ਦ੍ਰਿਸ਼ਟੀਕੋਣ ਨੇ ਇਸ ਨੂੰ ਪ੍ਰਿਥਵੀ ‘ਤੇ ਸਭ ਤੋਂ ਲੰਬੇ ਸਮੇਂ ਤੱਕ ਜੀਵਿਤ ਰਹਿਣ ਵਾਲੀ ਸੱਭਿਅਤਾ ਅਤੇ ਅੱਜ ਮਾਨਵਤਾ ਦਾ ਸੁਰੱਖਿਅਤ ਠਿਕਾਨਾ ਬਣਾ ਦਿੱਤਾ ਹੈ। “ਇਹ ਭਾਰਤ ਹੀ ਹੈ ਜੋ ‘ਸਵੈ’ ਦੇ ਲਈ ਨਹੀਂ, ‘ਸਰਵਮ’ ਦੇ ਲਈ ਸੋਚਦਾ ਹੈ। ਜੋ ‘ਸਵੈ’ ਦੀ ਨਹੀਂ, ‘ਸਰਵਸਵ’ ਦੀ ਭਾਵਨਾ ਕਰਦਾ ਹੈ, ਜੋ ਅਹਮ ਨਹੀਂ ਵਯਮ ਦੀ ਸੋਚਦਾ ਹੈ, ਜੋ ‘ਇਤਿ’ ਨਹੀਂ, ‘ਅਪਰਿਮਿਤ’ ਵਿੱਚ ਵਿਸ਼ਵਾਸ ਕਰਦਾ ਹੈ, ਜੋ ਨੀਤੀ ਹੀ ਨਹੀਂ, ਨੇਤੀ ਦੀ ਵੀ ਗੱਲ ਕਰਦਾ ਹੈ। ਇਹ ਭਾਰਤ ਹੀ ਹੈ ਜੋ ਸਰੀਰ ਵਿੱਚ ਬ੍ਰਹਿਮੰਡ ਦੀ ਗੱਲ ਕਰਦਾ ਹੈ, ਵਿਸ਼ਵ ਵਿੱਚ ਬ੍ਰਹਮ ਦੀ ਗੱਲ ਕਰਦਾ ਹੈ, ਜੀਵ ਵਿੱਚ ਸ਼ਿਵ ਦੀ ਗੱਲ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਠਹਿਰਾਅ ਦੇ ਕਾਰਨ ਵਿਚਾਰ ਮਤਭੇਦਾਂ ਵਿੱਚ ਬਦਲ ਸਕਦੇ ਹਨ, ਹਾਲਾਂਕਿ, ਚਰਚਾ ਦੀ ਪ੍ਰਕਿਰਤੀ ਦੇ ਅਧਾਰ ‘ਤੇ ਚਰਚਾ ਨਵੀਆਂ ਸੰਭਾਵਨਾਵਾਂ ਦੇ ਨਾਲ-ਨਾਲ ਵਿਨਾਸ਼ ਦਾ ਕਰਨ ਵੀ ਬਣ ਸਕਦੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਿਛਲੇ 75 ਵਰ੍ਹਿਆਂ ਦੇ ਮੰਥਨ ਤੋਂ ਇਸ ਅੰਮ੍ਰਿਤ ਕਾਲ ਵਿੱਚ ਅੰਮ੍ਰਿਤ ਨਿਕਲਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਦੁਨੀਆ ਵਿੱਚ ਕਈ ਯੁੱਧਾਂ ਦੇ ਸਮੇਂ ਸਾਡੇ ਤੀਰਥੰਕਰਾਂ ਦੀਆਂ ਸਿੱਖਿਆਵਾਂ ਹੋਰ ਵੀ ਮਹੱਤਵਪੂਰਨ ਹੋ ਗਈਆਂ ਹਨ।” ਪੀਐੱਮ ਮੋਦੀ ਨੇ ਅਨੇਕਾਂਤਵਾਦ ਅਤੇ ਸਯਾਦਵਾਦ ਜਿਹੇ ਦਰਸ਼ਨਾਂ ਨੂੰ ਯਾਦ ਕੀਤਾ ਜੋ ਸਾਨੂੰ ਇੱਕ ਵਿਸ਼ੇ ਦੇ ਕਈ ਪਹਿਲੂਆਂ ਨੂੰ ਸਮਝਣ ਅਤੇ ਦੂਸਰਿਆਂ ਦੇ ਦ੍ਰਿਸ਼ਟੀਕੋਣ ਨੂੰ ਵੀ ਦੇਖਣ ਅਤੇ ਸਵੀਕਾਰਨ ਦੀ ਉਦਾਰਤਾ ਨੂੰ ਅਪਣਾਉਣਾ ਸਿਖਾਉਂਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਸੰਘਰਸ਼ਾਂ ਵਿੱਚ ਫਸੀ ਦੁਨੀਆ ਭਾਰਤ ਤੋਂ ਸ਼ਾਂਤੀ ਦੀ ਉਮੀਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਭਾਰਤ ਦੀ ਇਸ ਨਵੀਂ ਭੂਮਿਕਾ ਦਾ ਕ੍ਰੈਡਿਟ ਸਾਡੀ ਵਧਦੀ ਸਮਰੱਥਾ ਅਤੇ ਵਿਦੇਸ਼ ਨੀਤੀ ਨੂੰ ਦਿੱਤਾ ਜਾ ਰਿਹਾ ਹੈ। ਲੇਕਿਨ ਮੈਂ ਇਸ ਵਿੱਚ ਸਾਡੇ ਸੱਭਿਆਚਾਰਕ ਅਕਸ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਭਾਰਤ ਇਸ ਭੂਮਿਕਾ ਵਿੱਚ ਆਇਆ ਹੈ, ਕਿਉਂਕਿ ਅੱਜ ਅਸੀਂ ਸੱਚ ਅਤੇ ਅਹਿੰਸਾ ਜਿਹੇ ਸਿਧਾਂਤਾਂ ਨੂੰ ਗਲੋਬਲ ਪਲੈਟਫਾਰਮਾਂ ‘ਤੇ ਪੂਰੇ ਆਤਮਵਿਸ਼ਵਾਸ ਨਾਲ ਰੱਖਦੇ ਹਨ। ਅਸੀਂ ਦੁਨੀਆ ਨੂੰ ਦੱਸਦੇ ਹਾਂ ਕਿ ਆਲਮੀ ਸੰਕਟਾਂ ਅਤੇ ਸੰਘਰਸ਼ਾਂ ਦਾ ਸਮਾਧਾਨ ਭਾਰਤ ਦੇ ਪ੍ਰਾਚੀਨ ਸੱਭਿਆਚਾਰ ਅਤੇ ਪ੍ਰਾਚੀਨ ਪਰੰਪਰਾ ਵਿੱਚ ਹੈ। ਇਸ ਲਈ, ਅੱਜ ਵਿਰੋਧਾਂ ਵਿੱਚ ਵੀ ਵੰਡੇ ਹੋਏ ਵਿਸ਼ਵ ਦੇ ਲਈ, ਭਾਰਤ ‘ਵਿਸ਼ਵ-ਬੰਧੁ’ ਦੇ ਰੂਪ ਵਿੱਚ ਆਪਣੀ ਜਗ੍ਹਾ ਬਣਾ ਰਿਹਾ ਹੈ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਲਈ ਮਿਸ਼ਨ ਲਾਇਫ ਅਤੇ ਵੰਨ ਵਰਲਡ, ਵੰਨ ਸਨ (ਸੂਰਜ), ਵੰਨ ਗਰਿੱਡ ਦੇ ਰੋਡਮੈਪ ਦੇ ਨਾਲ ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ ਦੇ ਦ੍ਰਿਸ਼ਟੀਕੋਣ ਜਿਹੀਆਂ ਭਾਰਤੀ ਪਹਿਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਅੰਤਰਰਾਸ਼ਟਰੀ ਸੋਲਰ ਗਠਬੰਧਨ ਜਿਹੀ ਭਵਿੱਖਮੁਖੀ ਆਲਮੀ ਪਹਿਲ ਦੀ ਅਗਵਾਈ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਨ੍ਹਾਂ ਪਹਿਲਾਂ ਨੇ ਨਾ ਸਿਰਫ਼ ਦੁਨੀਆ ਵਿੱਚ ਉਮੀਦ ਪੈਦਾ ਕੀਤੀ ਹੈ ਬਲਕਿ ਸਾਡੇ ਸੱਭਿਆਚਾਰ ਅਤੇ ਪਰੰਪਰਾ ਦੇ ਪ੍ਰਤੀ ਆਲਮੀ ਧਾਰਨਾ ਵਿੱਚ ਬਦਲਾਅ ਆਇਆ ਹੈ।”
ਜੈਨ ਧਰਮ ਦੇ ਅਰਥ ਦੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੈਨ ਧਰਮ ਦਾ ਅਰਥ ਹੈ, ਜਿਨ ਦਾ ਮਾਰਗ, ਯਾਨੀ, ਜਿੱਤਣ ਵਾਲੇ ਦਾ ਮਾਰਗ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਕਦੇ ਦੂਸਰੇ ਦੇਸ਼ਾਂ ਨੂੰ ਜਿੱਤਣ ਦੇ ਲਈ ਹਮਲੇ ਨਹੀਂ ਕੀਤੇ ਬਲਕਿ ਅਸੀਂ ਖੁਦ ਵਿੱਚ ਸੁਧਾਰ ਕਰਕੇ ਆਪਣੀਆਂ ਕਮੀਆਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਇਸ ਲਈ, ਮੁਸ਼ਕਲ ਤੋਂ ਮੁਸ਼ਕਲ ਦੌਰ ਆਏ, ਲੇਕਿਨ ਹਰ ਦੌਰ ਵਿੱਚ ਕੋਈ ਨਾ ਕੋਈ ਰਿਸ਼ੀ, ਮਨੀਸ਼ੀ, ਸਾਡੇ ਮਾਰਗਦਰਸ਼ਨ ਦੇ ਲਈ ਪ੍ਰਗਟ ਹੋਇਆ, ਜਿਸ ਨਾਲ ਕਈ ਮਹਾਨ ਸੱਭਿਅਤਾਵਾਂ ਦੇ ਨਸ਼ਟ ਹੋਣ ਦੇ ਬਾਵਜੂਦ ਦੇਸ਼ ਨੂੰ ਆਪਣਾ ਰਾਹ ਲੱਭਣ ਵਿੱਚ ਮਦਦ ਮਿਲੀ।
ਉਨ੍ਹਾਂ ਨੇ ਪਿਛਲੇ 10 ਵਰ੍ਹਿਆਂ ਵਿੱਚ ਹੋਏ ਕਈ ਸਮਾਗਮਾਂ ‘ਤੇ ਚਾਨਣਾਂ ਪਾਇਆ ਅਤੇ ਕਿਹਾ ਕਿ “ਸਾਡੇ ਜੈਨ ਆਚਾਰਿਆਂ ਨੇ ਮੈਨੂੰ ਜਦੋਂ ਵੀ ਸੱਦਾ ਦਿੱਤਾ, ਮੇਰੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਪ੍ਰੋਗਰਾਮਾਂ ਵਿੱਚ ਵੀ ਜ਼ਰੂਰ ਸ਼ਾਮਲ ਰਹਾਂ। ਪ੍ਰਧਾਨ ਮੰਤਰੀ ਨੇ ਕਿਹਾ, “ਸੰਸਦ ਦੇ ਨਵੇਂ ਭਵਨ ਵਿੱਚ ਪ੍ਰਵੇਸ਼ ਤੋਂ ਪਹਿਲਾਂ, ਮੈਨੂੰ ਆਪਣੀਆਂ ਇਨ੍ਹਾਂ ਕਦਰਾਂ ਕੀਮਤਾਂ ਨੂੰ ਯਾਦ ਕਰਨ ਦੇ ਲਈ ‘ਮਿੱਛਾਮੀ ਦੁੱਕੜਮ (मिच्छामी दुक्कड़म)’ ਦਾ ਪਾਠ ਕਰਨਾ ਯਾਦ ਹੈ। ਇਸੇ ਤਰ੍ਹਾਂ, ਅਸੀਂ ਆਪਣੀਆਂ ਵਿਰਾਸਤਾਂ ਨੂੰ ਸੰਵਾਰਨਾ ਸ਼ੁਰੂ ਕੀਤਾ। ਅਸੀਂ ਯੋਗ ਅਤੇ ਆਯੁਰਵੇਦ ਦੀ ਗੱਲ ਕੀਤੀ। ਅੱਜ ਦੇਸ਼ ਦੀ ਨਵੀਂ ਪੀੜ੍ਹੀ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਸਾਡੀ ਪਹਿਚਾਣ ਸਾਡਾ ਸਵੈਮਾਣ ਹੈ। ਜਦੋਂ ਰਾਸ਼ਟਰ ਵਿੱਚ ਸਵੈਮਾਣ ਦਾ ਇਹ ਭਾਵ ਜਾਗ ਜਾਂਦਾ ਹੈ, ਤਾਂ ਉਸ ਨੂੰ ਰੋਕਣਾ ਅਸੰਭਵ ਹੋ ਜਾਂਦਾ ਹੈ। ਭਾਰਤ ਦੀ ਪ੍ਰਗਤੀ ਇਸ ਦਾ ਪ੍ਰਮਾਣ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਲਈ ਆਧੁਨਿਕਤਾ ਉਸ ਦਾ ਸਰੀਰ ਹੈ, ਅਧਿਆਤਮਿਕਤਾ ਉਸ ਦੀ ਆਤਮਾ ਹੈ। ਜੇਕਰ ਆਧੁਨਿਕਤਾ ਤੋਂ ਅਧਿਆਤਮਿਕਤਾ ਨੂੰ ਕੱਢ ਦਿੱਤਾ ਜਾਂਦਾ ਹੈ, ਤਾਂ ਅਰਾਜਕਤਾ ਦਾ ਜਨਮ ਹੁੰਦਾ ਹੈ।” ਉਨ੍ਹਾਂ ਨੇ ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਲਈ ਕਿਹਾ ਕਿਉਂਕਿ ਇਨ੍ਹਾਂ ਕਦਰਾਂ ਕੀਮਤਾਂ ਨੂੰ ਮੁੜ-ਸੁਰਜੀਤ ਕਰਨਾ ਅੱਜ ਸਮੇਂ ਦੀ ਮੰਗ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਭ੍ਰਿਸ਼ਟਾਚਾਰ ਅਤੇ ਨਿਰਾਸ਼ਾ ਦੇ ਦੌਰ ਤੋਂ ਉੱਭਰ ਰਿਹਾ ਹੈ ਕਿਉਂਕਿ 25 ਕਰੋੜ ਤੋਂ ਵੱਧ ਭਾਰਤੀ ਗ਼ਰੀਬੀ ਤੋਂ ਬਾਹਰ ਆ ਗਏ ਹਨ। ਨਾਗਰਿਕਾਂ ਨੂੰ ਇਸ ਪਲ ਲਾਭ ਉਠਾਉਣ ਦਾ ਸੱਦਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ‘ਅਸਤੇਯ ਅਤੇ ਅਹਿੰਸਾ’ ਦੇ ਮਾਰਗ ‘ਤੇ ਚਲਣ ਦੇ ਲਈ ਕਿਹਾ ਅਤੇ ਰਾਸ਼ਟਰ ਦੇ ਭਵਿੱਖ ਦੇ ਲਈ ਕੰਮ ਕਰਦੇ ਰਹਿਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ ਅਤੇ ਸੰਤਾਂ ਦਾ ਉਨ੍ਹਾਂ ਦੇ ਪ੍ਰੇਰਕ ਸ਼ਬਦਾਂ ਦੇ ਲਈ ਧੰਨਵਾਦ ਕੀਤਾ।
ਇਸ ਅਵਸਰ ‘ਤੇ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ (ਸੁਤੰਤਰ ਚਾਰਜ) ਅਤੇ ਸੰਸਦੀ ਮਾਮਲੇ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਜੈਨ ਭਾਈਚਾਰੇ ਦੇ ਹੋਰ ਪਤਵੰਤੇ ਅਤੇ ਸੰਤ ਉਪਸਥਿਤ ਸਨ।
ਪਿਛੋਕੜ
24ਵੇਂ ਤੀਰਥੰਕਰ ਭਗਵਾਨ ਮਹਾਵੀਰ ਨੇ ਅਹਿੰਸਾ (Non-Violence), ਸੱਤਿਆ (Truthfulness), ਅਸਤੇਯ (Non-Stealing) ਬ੍ਰਹਮਚਾਰਿਆ (Chastity) ਅਤੇ ਅਪ੍ਰਗ੍ਰਹਿ (Non-attachment) ਜਿਹੇ ਜੈਨ ਸਿਧਾਂਤਾਂ ਦੇ ਜ਼ਰੀਏ ਸ਼ਾਂਤੀਪੂਰਣ ਸਹਿ-ਹੋਂਦ ਅਤੇ ਸਰਵ-ਵਿਆਪਕ ਭਾਈਚਾਰੇ ਦਾ ਮਾਰਗ ਰੌਸ਼ਨ ਕੀਤਾ।
ਜੈਨ ਮਹਾਵੀਰ ਸਵਾਮੀ ਜੀ ਸਮੇਤ ਹਰੇਕ ਤੀਰਥੰਕਰ ਦੇ ਪੰਜ ਕਲਿਆਣਕ (ਪ੍ਰਮੁੱਖ ਪ੍ਰੋਗਰਾਮ) ਮਨਾਉਂਦੇ ਹਨ: ਚਯਵਨ/ਗਰਭ (ਗਰਭਾਧਾਨ) ਕਲਿਆਣਕ; ਜਨਮ ਕਲਿਆਣਕ; ਦੀਕਸ਼ਾ (ਤਿਆਗ) ਕਲਿਆਣਕ; ਕੇਵਲਗਿਆਨ (ਸਰਵਯੱਗਤਾ) ਕਲਿਆਣਕ ਅਤੇ ਨਿਰਵਾਣ (ਮੁਕਤੀ-ਪਰਮ ਮੋਕਸ਼) ਕਲਿਆਣਕ। 21 ਅਪ੍ਰੈਲ 2024 ਨੂੰ ਭਗਵਾਨ ਮਹਾਵੀਰ ਸਵਾਮੀ ਦਾ ਜਨਮ ਕਲਿਆਣਕ ਹੈ ਅਤੇ ਸਰਕਾਰ ਇਸ ਅਵਸਰ ਨੂੰ ਜੈਨ ਭਾਈਚਾਰੇ ਦੇ ਨਾਲ ਭਾਰਤ ਮੰਡਪਮ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਕੇ ਮਨਾ ਰਹੀ ਹੈ, ਨਾਲ ਹੀ ਜੈਨ ਭਾਈਚਾਰੇ ਦੇ ਸੰਤ ਇਸ ਅਵਸਰ ਦੀ ਸ਼ੋਭਾ ਵਧਾ ਰਹੇ ਹਨ ਅਤੇ ਸਮਾਗਮ ਨੂੰ ਅਸ਼ੀਰਵਾਦ ਦੇ ਰਹੇ ਹਨ।
*********
ਡੀਐੱਸ/ਟੀਐੱਸ
(Release ID: 2018438)
Visitor Counter : 67
Read this release in:
Odia
,
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Tamil
,
Telugu
,
Kannada
,
Malayalam