ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਰਬੀਆਈ@90 (RBI@90) ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕੀਤਾ


ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ 90 ਸਾਲ ਪੂਰੇ ਹੋਣ 'ਤੇ ਯਾਦਗਾਰੀ ਸਿੱਕਾ ਜਾਰੀ ਕੀਤਾ

"ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਸਾਡੇ ਦੇਸ਼ ਦੀ ਵਿਕਾਸ ਦਰ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ"

"ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਦੋਵੇਂ ਯੁਗਾਂ ਨੂੰ ਦੇਖਿਆ ਹੈ ਅਤੇ ਆਪਣੀ ਪੇਸ਼ੇਵਰਤਾ ਅਤੇ ਪ੍ਰਤੀਬੱਧਤਾ ਦੇ ਅਧਾਰ 'ਤੇ ਦੁਨੀਆ ਭਰ ਵਿੱਚ ਇੱਕ ਪਹਿਚਾਣ ਬਣਾਈ ਹੈ"

"ਅੱਜ ਅਸੀਂ ਇੱਕ ਅਜਿਹੇ ਮੁਕਾਮ 'ਤੇ ਪਹੁੰਚ ਗਏ ਹਾਂ ਜਿੱਥੇ ਭਾਰਤੀ ਬੈਂਕਿੰਗ ਪ੍ਰਣਾਲੀ ਨੂੰ ਵਿਸ਼ਵ ਦੀ ਇੱਕ ਮਜ਼ਬੂਤ ਅਤੇ ਟਿਕਾਊ ਬੈਂਕਿੰਗ ਪ੍ਰਣਾਲੀ ਵਜੋਂ ਦੇਖਿਆ ਜਾ ਰਿਹਾ ਹੈ"

"ਸਰਕਾਰ ਨੇ ਮਾਨਤਾ, ਸੰਕਲਪ ਅਤੇ ਪੁਨਰ-ਪੂੰਜੀਕਰਨ ਦੀ ਰਣਨੀਤੀ 'ਤੇ ਕੰਮ ਕੀਤਾ ਹੈ"

"ਕਿਰਿਆਸ਼ੀਲ ਮੁੱਲ ਨਿਗਰਾਨੀ ਅਤੇ ਵਿੱਤੀ ਮਜ਼ਬੂਤੀ ਜਿਹੇ ਕਦਮਾਂ ਨੇ ਕੋਰੋਨਾ ਦੇ ਔਖੇ ਸਮੇਂ ਦੌਰਾਨ ਵੀ ਮਹਿੰਗਾਈ ਨੂੰ ਦਰਮਿਆਨੇ ਪੱਧਰ 'ਤੇ ਰੱਖਿਆ"

“ਅੱਜ, ਭਾਰਤ ਗਲੋਬਲ ਜੀਡੀਪੀ ਵਿਕਾਸ ਵਿੱਚ 15 ਪ੍ਰਤੀਸ਼ਤ ਹਿੱਸੇਦਾਰੀ ਨਾਲ ਆਲਮੀ ਵਿਕਾਸ ਦਾ ਇੰਜਣ ਬਣ ਰਿਹਾ ਹੈ”

“ਵਿਕਸਿਤ ਭਾਰਤ ਦੇ ਬੈਂਕਿੰਗ ਦ੍ਰਿਸ਼ਟੀਕੋਣ ਦੀ ਸਰਬਪੱਖੀ ਪ੍ਰਸ਼ੰਸਾ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਢੁਕਵੀਂ ਸੰਸਥਾ ਹੈ”

Posted On: 01 APR 2024 12:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ, ਮਹਾਰਾਸ਼ਟਰ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ 90 ਸਾਲ ਪੂਰੇ ਹੋਣ ਸਬੰਧੀ ਇੱਕ ਪ੍ਰੋਗਰਾਮ, ਆਰਬੀਆਈ@90 (RBI@90) ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ 90 ਸਾਲ ਪੂਰੇ ਹੋਣ 'ਤੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 1 ਅਪ੍ਰੈਲ 1935 ਨੂੰ ਆਪਣਾ ਸੰਚਾਲਨ ਸ਼ੁਰੂ ਕੀਤਾ ਸੀ ਅਤੇ ਅੱਜ ਆਪਣੇ 90ਵੇਂ ਸਾਲ ਵਿੱਚ ਦਾਖਲ ਹੋ ਰਿਹਾ ਹੈ।

ਇਸ ਮੌਕੇ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਹੋਂਦ ਦੇ 90 ਸਾਲ ਪੂਰੇ ਕਰਕੇ ਇੱਕ ਇਤਿਹਾਸਕ ਮੀਲ ਪੱਥਰ 'ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ)  ਨੇ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਦੋਵੇਂ ਯੁੱਗਾਂ ਨੂੰ ਦੇਖਿਆ ਹੈ ਅਤੇ ਇਸ ਨੇ ਆਪਣੀ ਪੇਸ਼ੇਵਰਤਾ ਅਤੇ ਪ੍ਰਤੀਬੱਧਤਾ ਦੇ ਅਧਾਰ 'ਤੇ ਦੁਨੀਆ ਭਰ ਵਿੱਚ ਇੱਕ ਪਹਿਚਾਣ ਬਣਾਈ ਹੈ। ਪ੍ਰਧਾਨ ਮੰਤਰੀ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ)  ਦੇ 90 ਸਾਲ ਪੂਰੇ ਹੋਣ 'ਤੇ ਸਾਰੇ ਸਟਾਫ ਨੂੰ ਵਧਾਈ ਦਿੱਤੀ। ਮੌਜੂਦਾ ਭਾਰਤੀ ਰਿਜ਼ਰਵ ਬੈਂਕ (ਆਰਬੀਆਈ)  ਸਟਾਫ਼ ਨੂੰ ਸੁਭਾਗਾ ਮੰਨਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤਿਆਰ ਕੀਤੀਆਂ ਗਈਆਂ ਨੀਤੀਆਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ)  ਦੇ ਅਗਲੇ ਦਹਾਕੇ ਨੂੰ ਰੂਪ ਦੇਣਗੀਆਂ ਅਤੇ ਜ਼ਿਕਰ ਕੀਤਾ ਕਿ ਅਗਲੇ 10 ਸਾਲ ਭਾਰਤੀ ਰਿਜ਼ਰਵ ਬੈਂਕ (ਆਰਬੀਆਈ)  ਨੂੰ ਇਸ ਦੇ ਸ਼ਤਾਬਦੀ ਸਾਲ ਵਿੱਚ ਲੈ ਜਾਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਤੇਜ਼ ਰਫ਼ਤਾਰ ਵਿਕਾਸ ਅਤੇ ਵਿਸ਼ਵਾਸ ਅਤੇ ਸਥਿਰਤਾ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਆਰਬੀਆਈ ਦੀ ਤਰਜੀਹ ਨੂੰ ਉਜਾਗਰ ਕਰਦੇ ਹੋਏ ਕਿਹਾ, "ਵਿਕਸਿਤ ਭਾਰਤ ਦੇ ਸੰਕਲਪਾਂ ਲਈ ਅਗਲਾ ਦਹਾਕਾ ਬਹੁਤ ਮਹੱਤਵਪੂਰਨ ਹੈ"। ਪ੍ਰਧਾਨ ਮੰਤਰੀ ਨੇ ਇਸ ਦੇ ਲਕਸ਼ਾਂ ਅਤੇ ਸੰਕਲਪਾਂ ਦੀ ਪੂਰਤੀ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਜੀਡੀਪੀ ਅਤੇ ਦੇਸ਼ ਦੀ ਅਰਥਵਿਵਸਥਾ ਵਿੱਚ ਮੁਦਰਾ ਅਤੇ ਵਿੱਤੀ ਨੀਤੀਆਂ ਦੇ ਤਾਲਮੇਲ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ 2014 ਵਿੱਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ)  ਦੇ 80 ਸਾਲਾ ਜਸ਼ਨ ਨੂੰ ਯਾਦ ਕੀਤਾ ਅਤੇ ਦੇਸ਼ ਦੀ ਬੈਂਕਿੰਗ ਪ੍ਰਣਾਲੀ ਨੂੰ ਦਰਪੇਸ਼ ਐੱਨਪੀਏ ਅਤੇ ਸਥਿਰਤਾ ਜਿਹੀਆਂ ਉਸ ਸਮੇਂ ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉੱਥੋਂ ਸ਼ੁਰੂ ਕਰਕੇ ਅੱਜ ਅਸੀਂ ਉਸ ਮੁਕਾਮ 'ਤੇ ਪਹੁੰਚ ਗਏ ਹਾਂ ਜਿੱਥੇ ਭਾਰਤੀ ਬੈਂਕਿੰਗ ਪ੍ਰਣਾਲੀ ਨੂੰ ਵਿਸ਼ਵ ਦੀ ਇੱਕ ਮਜ਼ਬੂਤ ਅਤੇ ਟਿਕਾਊ ਬੈਂਕਿੰਗ ਪ੍ਰਣਾਲੀ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਉਸ ਸਮੇਂ ਦੀ ਕਮਜ਼ੋਰ ਬੈਂਕਿੰਗ ਪ੍ਰਣਾਲੀ ਹੁਣ ਮੁਨਾਫ਼ੇ ਵਿੱਚ ਹੈ ਅਤੇ ਰਿਕਾਰਡ ਕ੍ਰੈਡਿਟ ਦਿਖਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਇਸ ਤਬਦੀਲੀ ਲਈ ਨੀਤੀ, ਇਰਾਦਿਆਂ ਅਤੇ ਫ਼ੈਸਲਿਆਂ ਦੀ ਸਪਸ਼ਟਤਾ ਨੂੰ ਸਿਹਰਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, "ਜਿੱਥੇ ਇਰਾਦੇ ਸਹੀ ਹੁੰਦੇ ਹਨ, ਨਤੀਜੇ ਵੀ ਸਹੀ ਹੁੰਦੇ ਹਨ।" ਸੁਧਾਰਾਂ ਦੀ ਵਿਆਪਕ ਪ੍ਰਕਿਰਤੀ 'ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮਾਨਤਾ, ਸੰਕਲਪ ਅਤੇ ਪੁਨਰ-ਪੂੰਜੀਕਰਨ ਦੀ ਰਣਨੀਤੀ 'ਤੇ ਕੰਮ ਕੀਤਾ ਹੈ। ਸਰਕਾਰੀ ਖੇਤਰ ਦੇ ਬੈਂਕਾਂ ਦੀ ਮਦਦ ਕਰਨ ਦੇ ਨਾਲ-ਨਾਲ ਪ੍ਰਸ਼ਾਸਨ ਨਾਲ ਸਬੰਧਿਤ ਕਈ ਸੁਧਾਰਾਂ ਲਈ 3.5 ਲੱਖ ਕਰੋੜ ਦੀ ਪੂੰਜੀ ਨਿਵੇਸ਼ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਚਿੰਨ੍ਹਿਤ ਕੀਤਾ ਕਿ ਸਿਰਫ਼ ਇਨਸੌਲਵੈਂਸੀ ਅਤੇ ਬੈਂਕਰਪਸੀ ਕੋਡ ਨੇ 3.25 ਲੱਖ ਰੁਪਏ ਦੇ ਕਰਜ਼ਿਆਂ ਦਾ ਨਿਪਟਾਰਾ ਕੀਤਾ ਹੈ। ਉਨ੍ਹਾਂ ਨੇ ਦੇਸ਼ ਨੂੰ ਇਹ ਵੀ ਦੱਸਿਆ ਕਿ 9 ਲੱਖ ਕਰੋੜ ਰੁਪਏ ਤੋਂ ਵੱਧ ਦੇ ਅੰਡਰਲਾਇੰਗ ਡਿਫਾਲਟਸ ਨੂੰ ਸ਼ਾਮਲ ਕਰਨ ਵਾਲੀਆਂ 27,000 ਤੋਂ ਵੱਧ ਅਰਜ਼ੀਆਂ ਨੂੰ ਆਈਬੀਸੀ ਅਧੀਨ ਦਾਖਲੇ ਤੋਂ ਪਹਿਲਾਂ ਹੀ ਹੱਲ ਕੀਤਾ ਗਿਆ ਸੀ। ਬੈਂਕਾਂ ਦਾ ਕੁੱਲ ਐੱਨਪੀਏ ਜੋ 2018 ਵਿੱਚ 11.25 ਪ੍ਰਤੀਸ਼ਤ ਸੀ, ਸਤੰਬਰ 2023 ਤੱਕ ਘਟ ਕੇ 3 ਪ੍ਰਤੀਸ਼ਤ ਤੋਂ ਹੇਠਾਂ ਆ ਗਿਆ। ਉਨ੍ਹਾਂ ਨੇ ਕਿਹਾ ਕਿ ਦੋਹਰੀਆਂ ਬੈਲੰਸ ਸ਼ੀਟਾਂ ਦੀ ਸਮੱਸਿਆ ਪਿਛਲੇ ਸਮੇਂ ਦੀ ਸਮੱਸਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਤਬਦੀਲੀ ਵਿੱਚ ਯੋਗਦਾਨ ਲਈ ਆਰਬੀਆਈ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਭਾਵੇਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨਾਲ ਸਬੰਧਿਤ ਵਿਚਾਰ-ਵਟਾਂਦਰੇ ਅਕਸਰ ਵਿੱਤੀ ਪਰਿਭਾਸ਼ਾਵਾਂ ਅਤੇ ਗੁੰਝਲਦਾਰ ਪਰਿਭਾਸ਼ਾਵਾਂ ਤੱਕ ਸੀਮਿਤ ਹੁੰਦੇ ਹਨ, ਪਰ ਆਰਬੀਆਈ ਵਿੱਚ ਕੀਤੇ ਗਏ ਕੰਮ ਸਿੱਧੇ ਤੌਰ 'ਤੇ ਆਮ ਨਾਗਰਿਕਾਂ ਦੇ ਜੀਵਨ 'ਤੇ ਪ੍ਰਭਾਵ ਪਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ 'ਚ ਸਰਕਾਰ ਨੇ ਕੇਂਦਰੀ ਬੈਂਕਾਂ, ਬੈਂਕਿੰਗ ਪ੍ਰਣਾਲੀਆਂ ਅਤੇ ਲਾਭਾਰਥੀਆਂ ਦੇ ਦਰਮਿਆਨ ਆਖਰੀ ਕਤਾਰ ਤੱਕ ਸੰਪਰਕ ਨੂੰ ਉਜਾਗਰ ਕੀਤਾ ਹੈ ਅਤੇ ਗ਼ਰੀਬਾਂ ਦੇ ਵਿੱਤੀ ਸਮਾਵੇਸ਼ ਦੀ ਉਦਾਹਰਣ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 52 ਕਰੋੜ ਜਨ-ਧਨ ਖਾਤਿਆਂ 'ਚੋਂ 55 ਫੀਸਦੀ ਮਹਿਲਾਵਾਂ ਦੇ ਖਾਤੇ ਹਨ। ਉਨ੍ਹਾਂ ਨੇ ਖੇਤੀਬਾੜੀ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਵਿੱਤੀ ਸਮਾਵੇਸ਼ ਦੇ ਪ੍ਰਭਾਵਾਂ ਦਾ ਵੀ ਜ਼ਿਕਰ ਕੀਤਾ ਜਿੱਥੇ 7 ਕਰੋੜ ਤੋਂ ਵੱਧ ਕਿਸਾਨਾਂ, ਮਛੇਰਿਆਂ ਅਤੇ ਪਸ਼ੂ ਮਾਲਕਾਂ ਕੋਲ ਪ੍ਰਧਾਨ ਮੰਤਰੀ ਕਿਸਾਨ ਕ੍ਰੈਡਿਟ ਕਾਰਡਾਂ ਤੱਕ ਪਹੁੰਚ ਹੈ, ਜੋ ਗ੍ਰਾਮੀਣ ਅਰਥਵਿਵਸਥਾ ਨੂੰ ਇੱਕ ਮਹੱਤਵਪੂਰਨ ਹੁਲਾਰਾ ਪ੍ਰਦਾਨ ਕਰਦੇ ਹਨ। ਪਿਛਲੇ 10 ਸਾਲਾਂ ਵਿੱਚ ਸਹਿਕਾਰੀ ਖੇਤਰ ਨੂੰ ਹੁਲਾਰਾ ਦੇਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਹਿਕਾਰੀ ਬੈਂਕਾਂ ਬਾਰੇ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਦੀ ਮਹੱਤਤਾ 'ਤੇ ਰੋਸ਼ਨੀ ਪਾਈ। ਉਨ੍ਹਾਂ ਨੇ ਯੂਪੀਆਈ ਦੇ ਜ਼ਰੀਏ 1200 ਕਰੋੜ ਤੋਂ ਵੱਧ ਮਹੀਨਾਵਾਰ ਲੈਣ-ਦੇਣ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਇਸ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਪਲੈਟਫਾਰਮ ਬਣਾਇਆ ਗਿਆ। 

ਪ੍ਰਧਾਨ ਮੰਤਰੀ ਨੇ ਸੈਂਟਰਲ ਬੈਂਕ ਡਿਜੀਟਲ ਕਰੰਸੀ 'ਤੇ ਕੀਤੇ ਜਾ ਰਹੇ ਕੰਮ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਪਿਛਲੇ 10 ਸਾਲਾਂ ਦੇ ਬਦਲਾਅ ਨੇ ਇੱਕ ਨਵੀਂ ਬੈਂਕਿੰਗ ਪ੍ਰਣਾਲੀ, ਅਰਥਵਿਵਸਥਾ ਅਤੇ ਮੁਦਰਾ ਅਨੁਭਵ ਦੀ ਸਿਰਜਣਾ ਨੂੰ ਸਮਰੱਥ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਅਗਲੇ 10 ਸਾਲਾਂ ਦੇ ਟੀਚਿਆਂ ਲਈ ਸਪੱਸ਼ਟਤਾ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਦੇ ਹੋਏ ਨਕਦੀ ਰਹਿਤ ਅਰਥਵਿਵਸਥਾ ਨਾਲ ਲਿਆਂਦੇ ਗਏ ਬਦਲਾਅ 'ਤੇ ਨਜ਼ਰ ਰੱਖਣ ਦੀ ਮਹੱਤਤਾ ਵੱਲ ਇਸ਼ਾਰਾ ਕੀਤਾ। ਉਨ੍ਹਾਂ ਵਿੱਤੀ ਸਮਾਵੇਸ਼ ਅਤੇ ਸਸ਼ਕਤੀਕਰਣ ਪ੍ਰਕਿਰਿਆਵਾਂ ਨੂੰ ਡੂੰਘਾ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਭਾਰਤ ਜਿਹੇ ਵੱਡੇ ਦੇਸ਼ ਦੀਆਂ ਵਿਭਿੰਨ ਬੈਂਕਿੰਗ ਜ਼ਰੂਰਤਾਂ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ 'ਬੈਂਕਿੰਗ ਕਰਨ ਦੀ ਸੌਖ' ਨੂੰ ਬਿਹਤਰ ਬਣਾਉਣ ਅਤੇ ਨਾਗਰਿਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਨੁਕੂਲਿਤ ਸੇਵਾਵਾਂ ਪ੍ਰਦਾਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ।

ਉਨ੍ਹਾਂ ਨੇ ਦੇਸ਼ ਦੇ ਤੇਜ਼ ਅਤੇ ਟਿਕਾਊ ਵਿਕਾਸ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਭੂਮਿਕਾ ਨੂੰ ਉਜਾਗਰ ਕੀਤਾ। ਬੈਂਕਿੰਗ ਖੇਤਰ ਵਿੱਚ ਨਿਯਮ-ਅਧਾਰਿਤ ਅਨੁਸ਼ਾਸਨ ਅਤੇ ਵਿੱਤੀ ਤੌਰ 'ਤੇ ਵਿਵੇਕਸ਼ੀਲ ਨੀਤੀਆਂ ਨੂੰ ਲਾਗੂ ਕਰਨ ਵਿੱਚ ਆਰਬੀਆਈ ਦੀ ਪ੍ਰਾਪਤੀ ਨੂੰ ਨੋਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬੈਂਕਾਂ ਨੂੰ ਸਰਕਾਰ ਦੇ ਸਮਰਥਨ ਦਾ ਭਰੋਸਾ ਦਿੰਦੇ ਹੋਏ ਕਿਰਿਆਸ਼ੀਲ ਕਦਮ ਚੁੱਕਣ ਲਈ ਵੱਖ-ਵੱਖ ਖੇਤਰਾਂ ਦੀਆਂ ਜ਼ਰੂਰਤਾਂ ਦਾ ਅਗਾਊਂ ਅਨੁਮਾਨ ਲਗਾਉਣ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਵਾਲੇ ਉਪਾਵਾਂ ਦਾ ਵੀ ਜ਼ਿਕਰ ਕੀਤਾ ਜਿਵੇਂ ਕਿ ਮਹਿੰਗਾਈ ਦੇ ਲਕਸ਼ ਦਾ ਅਧਿਕਾਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਦੇਣ ਅਤੇ ਇਸ ਸਬੰਧ ਵਿੱਚ ਮੁਦਰਾ ਨੀਤੀ ਕਮੇਟੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਸਰਗਰਮ ਮੁੱਲ ਨਿਗਰਾਨੀ ਅਤੇ ਵਿੱਤੀ ਮਜ਼ਬੂਤੀ ਜਿਹੇ ਕਦਮਾਂ ਨੇ ਕੋਰੋਨਾ ਦੇ ਔਖੇ ਸਮੇਂ ਦੌਰਾਨ ਵੀ ਮਹਿੰਗਾਈ ਨੂੰ ਮੱਧਮ ਪੱਧਰ 'ਤੇ ਰੱਖਿਆ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਜੇਕਰ ਪ੍ਰਾਥਮਿਕਤਾਵਾਂ ਸਪਸ਼ਟ ਹੋਣ ਤਾਂ ਕਿਸੇ ਦੇਸ਼ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਨੇ ਕੋਵਿਡ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਵਿੱਤੀ ਸੂਝ-ਬੂਝ ਵੱਲ ਧਿਆਨ ਦੇਣ ਅਤੇ ਆਮ ਨਾਗਰਿਕਾਂ ਦੇ ਜੀਵਨ ਨੂੰ ਪਹਿਲ ਦੇਣ ਦੀ ਉਦਾਹਰਨ ਦਿੱਤੀ ਜਿਸ ਕਾਰਨ ਗ਼ਰੀਬ ਅਤੇ ਮੱਧ ਵਰਗ ਮੁਸੀਬਤਾਂ ਵਿੱਚੋਂ ਬਾਹਰ ਨਿਕਲ ਕੇ ਅੱਜ ਦੇਸ਼ ਦੇ ਵਿਕਾਸ ਨੂੰ ਗਤੀ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤੀ ਅਰਥਵਿਵਸਥਾ ਅਜਿਹੇ ਸਮੇਂ ਵਿੱਚ ਨਵੇਂ ਰਿਕਾਰਡ ਬਣਾ ਰਹੀ ਹੈ ਜਦੋਂ ਵਿਸ਼ਵ ਦੇ ਕਈ ਦੇਸ਼ ਅਜੇ ਵੀ ਮਹਾਮਾਰੀ ਦੇ ਆਰਥਿਕ ਝਟਕੇ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ”। ਉਨ੍ਹਾਂ ਨੇ ਭਾਰਤ ਦੀਆਂ ਸਫਲਤਾਵਾਂ ਨੂੰ ਵਿਸ਼ਵ ਪੱਧਰ 'ਤੇ ਲਿਜਾਣ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਕਿਸੇ ਵੀ ਵਿਕਾਸਸ਼ੀਲ ਦੇਸ਼ ਲਈ ਮਹਿੰਗਾਈ ਨਿਯੰਤਰਣ ਅਤੇ ਵਿਕਾਸ ਦੇ ਵਿਚਕਾਰ ਸੰਤੁਲਨ ਬਣਾਉਣ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਆਰਬੀਆਈ ਇਸ ਲਈ ਇੱਕ ਮਾਡਲ ਬਣ ਸਕਦਾ ਹੈ ਅਤੇ ਵਿਸ਼ਵ ਵਿੱਚ ਇੱਕ ਅਗਵਾਈ ਵਾਲੀ ਭੂਮਿਕਾ ਨਿਭਾ ਸਕਦਾ ਹੈ, ਜਿਸ ਨਾਲ ਪੂਰੇ ਵਿਸ਼ਵ ਦੱਖਣੀ ਖੇਤਰ ਨੂੰ ਸਮਰਥਨ ਮਿਲੇਗਾ।

ਇਹ ਨੋਟ ਕਰਦੇ ਹੋਏ ਕਿ ਭਾਰਤ ਅੱਜ ਵਿਸ਼ਵ ਵਿੱਚ ਸਭ ਤੋਂ ਵੱਧ ਯੁਵਾ ਦੇਸ਼ ਹੈ, ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਆਰਬੀਆਈ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੇਸ਼ ਵਿੱਚ ਨਵੇਂ ਸੈਕਟਰ ਖੋਲ੍ਹਣ ਦਾ ਸਿਹਰਾ ਸਰਕਾਰ ਦੀਆਂ ਨੀਤੀਆਂ ਨੂੰ ਦਿੱਤਾ, ਜਿਸ ਨਾਲ ਅੱਜ ਦੇ ਨੌਜਵਾਨਾਂ ਲਈ ਬਹੁਤ ਸਾਰੇ ਮੌਕੇ ਪੈਦਾ ਹੋਏ ਹਨ। ਉਨ੍ਹਾਂ ਨੇ ਹਰਿਤ ਊਰਜਾ ਖੇਤਰਾਂ ਦੇ ਵਿਸਤਾਰ ਦੀ ਉਦਾਹਰਣ ਦਿੱਤੀ ਅਤੇ ਸੌਰ ਊਰਜਾ, ਗ੍ਰੀਨ ਹਾਇਡ੍ਰੋਜਨ ਅਤੇ ਈਥਾਨੌਲ ਦੇ ਮਿਸ਼ਰਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਵਦੇਸ਼ੀ ਤੌਰ 'ਤੇ ਬਣਾਈ 5ਜੀ ਟੈਕਨੋਲੋਜੀ ਅਤੇ ਰੱਖਿਆ ਖੇਤਰ ਵਿੱਚ ਵਧਦੀ ਬਰਾਮਦ 'ਨੂੰ ਵੀ ਛੋਹਿਆ। ਐੱਮਐੱਸਐੱਮਈਜ਼ ਦੇ ਭਾਰਤ ਦੇ ਨਿਰਮਾਣ ਖੇਤਰ ਦੀ ਰੀੜ੍ਹ ਦੀ ਹੱਡੀ ਬਣਨ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਐੱਮਐੱਸਐੱਮਈਜ਼ ਨੂੰ ਸਮਰਥਨ ਦੇਣ ਲਈ ਕੋਵਿਡ ਮਹਾਮਾਰੀ ਦੌਰਾਨ ਕ੍ਰੈਡਿਟ ਗਰੰਟੀ ਸਕੀਮ ਨੂੰ ਲਾਗੂ ਕਰਨ ਨੂੰ ਉਜਾਗਰ ਕੀਤਾ। ਉਨ੍ਹਾਂ ਜ਼ੋਰ ਦਿੱਤਾ ਕਿ ਆਰਬੀਆਈ ਨਵੇਂ ਸੈਕਟਰਾਂ ਨਾਲ ਜੁੜੇ ਨੌਜਵਾਨਾਂ ਲਈ ਕਰਜ਼ੇ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਿਲੱਖਣ ਨੀਤੀਆਂ ਲੈ ਕੇ ਆਵੇ।

21ਵੀਂ ਸਦੀ ਵਿੱਚ ਨਵੀਨਤਾ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਤਜਵੀਜ਼ਾਂ ਲਈ ਤਿਆਰ ਰਹਿਣ ਲਈ ਕਿਹਾ, ਜੋ ਟੀਮਾਂ ਦੇ ਨਾਲ ਅਤਿ-ਆਧੁਨਿਕ ਤਕਨੀਕਾਂ ਅਤੇ ਕਾਰਜ ਲਈ ਕਰਮਚਾਰੀਆਂ ਦੀ ਪਹਿਚਾਣ ਦੇ ਸਬੰਧ ਵਿੱਚ ਆਉਣਗੀਆਂ। ਉਨ੍ਹਾਂ ਨੇ ਬੈਂਕਰਾਂ ਅਤੇ ਰੈਗੂਲੇਟਰਾਂ ਨੂੰ ਪੁਲਾੜ ਅਤੇ ਟੂਰਿਜ਼ਮ ਜਿਹੇ ਨਵੇਂ ਅਤੇ ਰਵਾਇਤੀ ਖੇਤਰਾਂ ਦੀਆਂ ਲੋੜਾਂ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਮਾਹਿਰਾਂ ਦੇ ਵਿਚਾਰ ਦਾ ਜ਼ਿਕਰ ਕੀਤਾ ਕਿ ਆਉਣ ਵਾਲੇ ਸਾਲਾਂ ਵਿੱਚ ਅਯੁੱਧਿਆ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਟੂਰਿਜ਼ਮ ਕੇਂਦਰ ਬਣਨ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਵਿੱਤੀ ਸਮਾਵੇਸ਼ਨ ਅਤੇ ਡਿਜੀਟਲ ਭੁਗਤਾਨ ਲਈ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਨੂੰ ਸਿਹਰਾ ਦਿੱਤਾ ਜਿਸ ਨਾਲ ਛੋਟੇ ਕਾਰੋਬਾਰਾਂ ਅਤੇ ਰੇਹੜੀ ਪਟੜੀ ਵਾਲਿਆਂ ਦੀ ਵਿੱਤੀ ਸਮਰੱਥਾ ਵਿੱਚ ਪਾਰਦਰਸ਼ਤਾ ਆਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਇਹ ਜਾਣਕਾਰੀ ਉਨ੍ਹਾਂ ਨੂੰ ਵਿੱਤੀ ਤੌਰ 'ਤੇ ਸਮਰੱਥ ਬਣਾਉਣ ਲਈ ਵਰਤੀ ਜਾਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਅਗਲੇ 10 ਸਾਲਾਂ ਵਿੱਚ ਭਾਰਤ ਦੀ ਆਰਥਿਕ ਆਤਮਨਿਰਭਰਤਾ ਨੂੰ ਵਧਾਉਣ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਵਿਸ਼ਵ ਮੁੱਦਿਆਂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, “ਅੱਜ, ਭਾਰਤ ਗਲੋਬਲ ਜੀਡੀਪੀ ਵਿਕਾਸ ਵਿੱਚ 15 ਪ੍ਰਤੀਸ਼ਤ ਹਿੱਸੇਦਾਰੀ ਨਾਲ ਆਲਮੀ ਵਿਕਾਸ ਦਾ ਇੰਜਣ ਬਣ ਰਿਹਾ ਹੈ”। ਉਨ੍ਹਾਂ ਨੇ ਰੁਪਏ ਨੂੰ ਵਿਸ਼ਵ ਭਰ ਵਿੱਚ ਵਧੇਰੇ ਪਹੁੰਚਯੋਗ ਅਤੇ ਸਵੀਕਾਰਯੋਗ ਬਣਾਉਣ ਦੇ ਯਤਨਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਬਹੁਤ ਜ਼ਿਆਦਾ ਆਰਥਿਕ ਪਸਾਰ ਅਤੇ ਵੱਧ ਰਹੇ ਕਰਜ਼ੇ ਦੇ ਵਧਦੇ ਰੁਝਾਨਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਦੇ ਨਿੱਜੀ ਖੇਤਰ ਦੇ ਕਰਜ਼ੇ ਨੇ ਉਨ੍ਹਾਂ ਦੀ ਜੀਡੀਪੀ ਨੂੰ ਦੁੱਗਣਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਦੇਸ਼ਾਂ ਦੇ ਕਰਜ਼ੇ ਦਾ ਪੱਧਰ ਵੀ ਦੁਨੀਆ 'ਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਕਾਸ ਦੀਆਂ ਸੰਭਾਵਨਾਵਾਂ ਅਤੇ ਸਮਰੱਥਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਇਸ ਬਾਰੇ ਇੱਕ ਅਧਿਐਨ ਕਰਨ ਦਾ ਸੁਝਾਅ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਦੇ ਪ੍ਰੋਜੈਕਟਾਂ ਨੂੰ ਲੋੜੀਂਦੇ ਫੰਡ ਪ੍ਰਦਾਨ ਕਰਨ ਲਈ ਇੱਕ ਮਜ਼ਬੂਤ ਬੈਂਕਿੰਗ ਉਦਯੋਗ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਏਆਈ ਅਤੇ ਬਲਾਕ ਚੇਨ (BlockChain) ਜਿਹੀਆਂ ਟੈਕਨੋਲੋਜੀਆਂ ਨਾਲ ਲਿਆਂਦੀਆਂ ਤਬਦੀਲੀਆਂ ਨੂੰ ਨੋਟ ਕੀਤਾ ਅਤੇ ਵਧ ਰਹੀ ਡਿਜੀਟਲ ਬੈਂਕਿੰਗ ਪ੍ਰਣਾਲੀ ਵਿੱਚ ਸਾਇਬਰ ਸੁਰੱਖਿਆ ਦੀ ਮਹੱਤਤਾ ਨੂੰ ਨੋਟ ਕੀਤਾ। ਉਨ੍ਹਾਂ ਹਾਜ਼ਰੀਨ ਨੂੰ ਫਿਨਟੈੱਕ ਇਨੋਵੇਸ਼ਨ ਦੀ ਰੋਸ਼ਨੀ ਵਿੱਚ ਬੈਂਕਿੰਗ ਪ੍ਰਣਾਲੀ ਦੇ ਢਾਂਚੇ ਵਿੱਚ ਲੋੜੀਂਦੀਆਂ ਤਬਦੀਲੀਆਂ ਬਾਰੇ ਸੋਚਣ ਲਈ ਕਿਹਾ ਕਿਉਂਕਿ ਨਵੇਂ ਵਿੱਤ, ਸੰਚਾਲਨ ਅਤੇ ਵਪਾਰਕ ਮਾਡਲਾਂ ਦੀ ਜ਼ਰੂਰਤ ਹੋਵੇਗੀ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਗਲੋਬਲ ਚੈਂਪੀਅਨਜ਼ ਤੋਂ ਸਟ੍ਰੀਟ ਵਿਕਰੇਤਾਵਾਂ, ਆਧੁਨਿਕ ਖੇਤਰਾਂ ਤੋਂ ਲੈ ਕੇ ਰਵਾਇਤੀ ਖੇਤਰਾਂ ਲਈ ਕ੍ਰੈਡਿਟ ਜ਼ਰੂਰਤਾਂ ਨੂੰ ਪੂਰਾ ਕਰਨਾ ਵਿਕਸ਼ਿਤ ਭਾਰਤ ਲਈ ਮਹੱਤਵਪੂਰਨ ਹੈ ਅਤੇ ਰਿਜ਼ਰਵ ਬੈਂਕ ਵਿਕਸਿਤ ਭਾਰਤ ਦੇ ਬੈਂਕਿੰਗ ਦ੍ਰਿਸ਼ਟੀਕੋਣ ਦੀ ਸਰਬਪੱਖੀ ਪ੍ਰਸ਼ੰਸਾ ਲਈ ਢੁਕਵੀਂ ਸੰਸਥਾ ਹੈ।”

ਇਸ ਮੌਕੇ 'ਤੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਰਮੇਸ਼ ਬੈਂਸ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਅਤੇ ਸ਼੍ਰੀ ਅਜੀਤ ਪਵਾਰ, ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ, ਵਿੱਤ ਰਾਜ ਮੰਤਰੀ ਸ਼੍ਰੀ ਭਗਵਤ ਕਿਸ਼ਨ ਰਾਓ ਕਰਾਡ ਅਤੇ ਸ਼੍ਰੀ ਪੰਕਜ ਚੌਧਰੀ ਅਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਮੌਜੂਦ ਸਨ।

 

****

 

ਡੀਐੱਸ/ਟੀਐੱਸ



(Release ID: 2016863) Visitor Counter : 55