ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਸੰਗਾਰੈੱਡੀ ਵਿੱਚ 6,800 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

ਛੇ ਨਵੀਆਂ ਸਟੇਸ਼ਨ ਇਮਾਰਤਾਂ ਸਮੇਤ ਸਨਤਨਗਰ - ਮੌਲਾ ਅਲੀ ਰੇਲ ਲਾਇਨ ਦੀ ਡਬਲਿੰਗ ਅਤੇ ਬਿਜਲੀਕਰਣ ਦਾ ਉਦਘਾਟਨ ਕੀਤਾ

ਘਾਟਕੇਸਰ - ਲਿੰਗਮਪੱਲੀ ਤੋਂ ਮੌਲਾ ਅਲੀ - ਸਨਤਨਗਰ ਦੇ ਦਰਮਿਆਨ ਐੱਮਐੱਮਟੀਐੱਸ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਇੰਡੀਅਨ ਆਇਲ ਪਾਰਾਦੀਪ-ਹੈਦਰਾਬਾਦ ਪ੍ਰੋਡਕਟ ਪਾਇਪਲਾਇਨ ਦਾ ਉਦਘਾਟਨ ਕੀਤਾ

ਹੈਦਰਾਬਾਦ ਵਿੱਚ ਨਾਗਰਿਕ ਹਵਾਬਾਜ਼ੀ ਖੋਜ ਸੰਗਠਨ (ਸੀਏਆਰਓ) ਕੇਂਦਰ ਦਾ ਉਦਘਾਟਨ ਕੀਤਾ

"ਮੈਂ ਰਾਜਾਂ ਦੇ ਵਿਕਾਸ ਦੇ ਜ਼ਰੀਏ ਰਾਸ਼ਟਰ ਵਿਕਾਸ ਦੇ ਮੰਤਰ ਵਿੱਚ ਵਿਸ਼ਵਾਸ ਕਰਦਾ ਹਾਂ"

“ਅੱਜ ਦੇ ਪ੍ਰੋਜੈਕਟ ਵਿਕਸਿਤ ਤੇਲੰਗਾਨਾ ਦੇ ਜ਼ਰੀਏ ਵਿਕਸਿਤ ਭਾਰਤ ਬਣਾਉਣ ਵਿੱਚ ਮਦਦ ਕਰਨਗੇ”

"ਬੇਗਮਪੇਟ ਹਵਾਈ ਅੱਡੇ 'ਤੇ ਹੈਦਰਾਬਾਦ ਵਿੱਚ ਨਾਗਰਿਕ ਹਵਾਬਾਜ਼ੀ ਖੋਜ ਸੰਗਠਨ (ਸੀਏਆਰਓ) ਕੇਂਦਰ, ਅਜਿਹੇ ਆਧੁਨਿਕ ਮਿਆਰਾਂ 'ਤੇ ਅਧਾਰਿਤ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੈ"

Posted On: 05 MAR 2024 11:49AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੇਲੰਗਾਨਾ ਦੇ ਸੰਗਾਰੈੱਡੀ ਵਿੱਚ 6,800 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਪ੍ਰੋਜੈਕਟ ਸੜਕ, ਰੇਲ, ਪੈਟਰੋਲੀਅਮ, ਹਵਾਬਾਜ਼ੀ ਅਤੇ ਕੁਦਰਤੀ ਗੈਸ ਵਰਗੇ ਪ੍ਰਮੁੱਖ ਖੇਤਰਾਂ ਨਾਲ ਸਬੰਧਿਤ ਹਨ।

ਰਾਜ ਦੀ ਯਾਤਰਾ ਦੇ ਦੂਸਰੇ ਦਿਨ ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਤੇਲੰਗਾਨਾ ਦੇ ਵਿਕਾਸ ਵਿੱਚ ਸਹਾਇਤਾ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਊਰਜਾ, ਜਲਵਾਯੂ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਕੱਲ੍ਹ ਆਦਿਲਾਬਾਦ ਤੋਂ ਲਗਭਗ 56,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਰਾਸ਼ਟਰ ਨੂੰ ਸਮਰਪਿਤ ਕਰਨ ਨੂੰ ਯਾਦ ਕੀਤਾ ਅਤੇ ਅੱਜ ਦੇ ਮੌਕੇ ਦਾ ਜ਼ਿਕਰ ਕੀਤਾ ਜਿੱਥੇ ਲਗਭਗ 7,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਨੀਂਹ ਪੱਥਰ ਰੱਖੇ ਜਾ ਰਹੇ ਹਨ, ਜਿਨ੍ਹਾਂ ਵਿੱਚ ਹਾਈਵੇ, ਰੇਲਵੇ, ਏਅਰਵੇਜ਼ ਅਤੇ ਪੈਟਰੋਲੀਅਮ ਦੇ ਸੈਕਟਰ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਸਰਕਾਰ ਦੀ ਕਾਰਜਸ਼ੀਲ ਵਿਚਾਰਧਾਰਾ ਨੂੰ ਉਜਾਗਰ ਕਰਦਿਆਂ ਕਿਹਾ, “ਮੈਂ ਰਾਜਾਂ ਦੇ ਵਿਕਾਸ ਰਾਹੀਂ ਰਾਸ਼ਟਰ ਵਿਕਾਸ ਦੇ ਮੰਤਰ ਵਿੱਚ ਵਿਸ਼ਵਾਸ ਰੱਖਦਾ ਹਾਂ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਉਸੇ ਭਾਵਨਾ ਨਾਲ ਤੇਲੰਗਾਨਾ ਦੀ ਸੇਵਾ ਲਈ ਕੰਮ ਕਰ ਰਹੀ ਹੈ ਅਤੇ ਅੱਜ ਦੇ ਵਿਕਾਸ ਕਾਰਜਾਂ ਲਈ ਨਾਗਰਿਕਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਬੇਗਮਪੇਟ ਹਵਾਈ ਅੱਡੇ 'ਤੇ ਹੈਦਰਾਬਾਦ ਵਿੱਚ ਨਾਗਰਿਕ ਹਵਾਬਾਜ਼ੀ ਖੋਜ ਸੰਗਠਨ (ਸੀਏਆਰਓ) ਕੇਂਦਰ ਦੇ ਉਦਘਾਟਨ ਨੂੰ ਹਵਾਬਾਜ਼ੀ ਖੇਤਰ ਵਿੱਚ ਤੇਲੰਗਾਨਾ ਲਈ ਇੱਕ ਬੜਾ ਤੋਹਫ਼ਾ ਦੱਸਿਆ। ਇਹ ਕੇਂਦਰ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੈ ਅਤੇ ਖੇਤਰ ਵਿੱਚ ਤੇਲੰਗਾਨਾ ਨੂੰ ਨਵੀਂ ਪਹਿਚਾਣ ਦੇਵੇਗਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਦੇਸ਼ ਵਿੱਚ ਹਵਾਬਾਜ਼ੀ ਸਟਾਰਟਅੱਪਸ ਨੂੰ ਇੱਕ ਖੋਜ ਅਤੇ ਵਿਕਾਸ ਪਲੈਟਫਾਰਮ ਪ੍ਰਦਾਨ ਕਰੇਗਾ।

ਵਿਕਸਿਤ ਭਾਰਤ ਦੇ ਸੰਕਲਪ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦੀ ਕੇਂਦਰਤਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਇਸ ਸਾਲ ਦੇ ਬਜਟ ਵਿੱਚ 11 ਲੱਖ ਕਰੋੜ ਰੁਪਏ ਦੀ ਵੰਡ ਦਾ ਜ਼ਿਕਰ ਕੀਤਾ। ਤੇਲੰਗਾਨਾ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਪ੍ਰਦਾਨ ਕਰਨ ਦੀ ਕੋਸ਼ਿਸ਼ ਤਹਿਤ, ਪ੍ਰਧਾਨ ਮੰਤਰੀ ਨੇ ਕਿਹਾ, ਐੱਨਐੱਚ-161 ਦੇ ਕੰਡੀ ਤੋਂ ਰਾਮਸਨਪੱਲੇ ਸੈਕਸ਼ਨ ਅਤੇ ਐੱਨਐੱਚ-167 ਦੇ ਮਿਰਯਾਲਾਗੁਡਾ ਤੋਂ ਕੋਡਾਦ ਸੈਕਸ਼ਨ ਤੱਕ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੇ ਦਰਮਿਆਨ ਟ੍ਰਾਂਸਪੋਰਟ ਸੁਵਿਧਾਵਾਂ ਵਿੱਚ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ, “ਤੇਲੰਗਾਨਾ ਨੂੰ ਦੱਖਣ ਭਾਰਤ ਦੇ ਗੇਟਵੇਅ ਵਜੋਂ ਜਾਣਿਆ ਜਾਂਦਾ ਹੈ ਅਤੇ ਰਾਜ ਵਿੱਚ ਰੇਲ ਸੰਪਰਕ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕੀਤਾ ਅਤੇ ਰੇਲ ਲਾਇਨਾਂ ਨੂੰ ਤੇਜ਼ ਰਫ਼ਤਾਰ ਨਾਲ ਦੁੱਗਣਾ ਕੀਤਾ ਜਾ ਰਿਹਾ ਹੈ।" ਪ੍ਰਧਾਨ ਮੰਤਰੀ ਮੋਦੀ ਨੇ ਅੱਜ ਛੇ ਨਵੀਆਂ ਸਟੇਸ਼ਨ ਇਮਾਰਤਾਂ ਦੇ ਨਾਲ-ਨਾਲ ਸਨਤਨਗਰ-ਮੌਲਾ ਅਲੀ ਮਾਰਗ ਦੇ ਦੁੱਗਣੇ ਅਤੇ ਬਿਜਲੀਕਰਣ ਦਾ ਜ਼ਿਕਰ ਕੀਤਾ। ਅੱਜ ਘਾਟਕੇਸਰ - ਲਿੰਗਮਪੱਲੀ ਤੋਂ ਮੌਲਾ ਅਲੀ - ਸਨਤਨਗਰ ਤੋਂ ਐੱਮਐੱਮਟੀਐੱਸ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹੈਦਰਾਬਾਦ ਅਤੇ ਸਿਕੰਦਰਾਬਾਦ ਖੇਤਰ ਦੇ ਕਈ ਖੇਤਰਾਂ ਨੂੰ ਹੁਣ ਯਾਤਰੀਆਂ ਲਈ ਸੁਵਿਧਾਜਨਕ ਬਣਾਉਣ ਲਈ ਜੋੜਿਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਅੱਜ ਇੰਡੀਅਨ ਆਇਲ ਪਾਰਾਦੀਪ-ਹੈਦਰਾਬਾਦ ਉਤਪਾਦ ਪਾਇਪਲਾਇਨ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਪੈਟਰੋਲੀਅਮ ਉਤਪਾਦਾਂ ਨੂੰ ਕਿਫ਼ਾਇਤੀ ਅਤੇ ਵਾਤਾਵਰਣ ਅਨੁਕੂਲ ਢੰਗ ਨਾਲ ਲਿਜਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਵਿਕਸਿਤ ਤੇਲੰਗਾਨਾ ਦੇ ਜ਼ਰੀਏ ਵਿਕਸਿਤ ਭਾਰਤ ਨੂੰ ਹੁਲਾਰਾ ਮਿਲੇਗਾ।

ਇਸ ਮੌਕੇ 'ਤੇ ਤੇਲੰਗਾਨਾ ਦੇ ਰਾਜਪਾਲ ਡਾ. ਤਮਿਲੀਸਾਈ ਸੁੰਦਰਰਾਜਨ ਅਤੇ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਵੀ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦੋ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਿਨ੍ਹਾਂ ਵਿੱਚ ਐੱਨਐੱਚ-161 ਦੇ ਕੰਡੀ ਤੋਂ ਰਾਮਸਨਪੱਲੇ ਸੈਕਸ਼ਨ ਤੱਕ 40 ਕਿਲੋਮੀਟਰ ਲੰਬੀਆਂ ਚਾਰ ਮਾਰਗੀ ਸੜਕਾਂ ਸ਼ਾਮਲ ਹਨ। ਇਹ ਪ੍ਰੋਜੈਕਟ ਇੰਦੌਰ-ਹੈਦਰਾਬਾਦ ਆਰਥਿਕ ਗਲਿਆਰੇ ਦਾ ਇੱਕ ਹਿੱਸਾ ਹੈ ਅਤੇ ਤੇਲੰਗਾਨਾ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਵਿਚਕਾਰ ਨਿਰਵਿਘਨ ਯਾਤਰੀ ਅਤੇ ਮਾਲ ਢੋਆ-ਢੁਆਈ ਦੀ ਸੁਵਿਧਾ ਦੇਵੇਗਾ। ਇਹ ਸੈਕਸ਼ਨ ਹੈਦਰਾਬਾਦ ਅਤੇ ਨਾਂਦੇੜ ਵਿਚਕਾਰ ਸਫ਼ਰ ਦੇ ਸਮੇਂ ਵਿੱਚ ਵੀ 3 ਘੰਟੇ ਦੀ ਕਮੀ ਕਰੇਗਾ। ਪ੍ਰਧਾਨ ਮੰਤਰੀ ਨੇ ਐੱਨਐੱਚ-167 ਦੇ ਕੋਡਾਡ ਸੈਕਸ਼ਨ ਦੇ 47 ਕਿਲੋਮੀਟਰ ਲੰਬੇ ਮਿਰਯਾਲਾਗੁਡਾ ਨੂੰ ਪੱਕੇ ਕਿਨਾਰਿਆਂ ਨਾਲ ਦੋ ਲੇਨਾਂ ਵਿੱਚ ਅੱਪਗ੍ਰੇਡ ਕਰਨ ਦਾ ਵੀ ਉਦਘਾਟਨ ਕੀਤਾ। ਬਿਹਤਰ ਸੰਪਰਕ ਖੇਤਰ ਵਿੱਚ ਸੈਰ-ਸਪਾਟੇ ਦੇ ਨਾਲ-ਨਾਲ ਆਰਥਿਕ ਗਤੀਵਿਧੀਆਂ ਅਤੇ ਉਦਯੋਗਾਂ ਨੂੰ ਹੁਲਾਰਾ ਦੇਵੇਗਾ।

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਐੱਨਐੱਚ-65 ਦੇ 29 ਕਿਲੋਮੀਟਰ ਲੰਬੇ ਪੁਣੇ-ਹੈਦਰਾਬਾਦ ਸੈਕਸ਼ਨ ਦੇ ਛੇ ਮਾਰਗੀ ਕਰਨ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਤੇਲੰਗਾਨਾ ਦੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਜਿਵੇਂ ਕਿ ਪਤੰਚੇਰੂ ਦੇ ਨੇੜੇ ਪਸ਼ਮਿਲਾਰਮ ਉਦਯੋਗਿਕ ਖੇਤਰ ਨੂੰ ਵੀ ਬਿਹਤਰ ਸੰਪਰਕ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਨੇ ਛੇ ਨਵੀਆਂ ਸਟੇਸ਼ਨ ਇਮਾਰਤਾਂ ਦੇ ਨਾਲ-ਨਾਲ ਸਨਤਨਗਰ- ਮੌਲਾ ਅਲੀ ਰੇਲ ਲਾਇਨ ਦੀ ਡਬਲਿੰਗ ਅਤੇ ਬਿਜਲੀਕਰਣ ਦਾ ਉਦਘਾਟਨ ਕੀਤਾ। ਪ੍ਰੋਜੈਕਟ ਦੇ ਸਮੁੱਚੇ 22 ਰੂਟ ਕਿਲੋਮੀਟਰ ਨੂੰ ਆਟੋਮੈਟਿਕ ਸਿਗਨਲ ਨਾਲ ਚਾਲੂ ਕੀਤਾ ਗਿਆ ਹੈ ਅਤੇ ਐੱਮਐੱਮਟੀਐੱਸ (ਮਲਟੀ ਮਾਡਲ ਟ੍ਰਾਂਸਪੋਰਟ ਸਰਵਿਸ) ਪੜਾਅ - II ਪ੍ਰੋਜੈਕਟ ਦੇ ਹਿੱਸੇ ਵਜੋਂ ਪੂਰਾ ਕੀਤਾ ਗਿਆ ਹੈ। ਇਸਦੇ ਹਿੱਸੇ ਵਜੋਂ ਫਿਰੋਜ਼ਗੁਡਾ, ਸੁਚਿਤਰਾ ਸੈਂਟਰ, ਭੂਦੇਵੀ ਨਗਰ, ਅਮਮੁਗੁਡਾ, ਨੇਰੇਦਮੇਟ ਅਤੇ ਮੌਲਾ ਅਲੀ ਹਾਊਸਿੰਗ ਬੋਰਡ ਸਟੇਸ਼ਨਾਂ 'ਤੇ ਛੇ ਨਵੀਆਂ ਸਟੇਸ਼ਨ ਇਮਾਰਤਾਂ ਬਣੀਆਂ ਹਨ। ਇਸ ਸੈਕਸ਼ਨ ਵਿੱਚ ਡਬਲਿੰਗ ਅਤੇ ਬਿਜਲੀਕਰਣ ਦਾ ਕੰਮ ਪਹਿਲੀ ਵਾਰ ਯਾਤਰੀ ਰੇਲਾਂ ਦੀ ਸ਼ੁਰੂਆਤ ਲਈ ਰਾਹ ਪੱਧਰਾ ਕਰਦਾ ਹੈ। ਇਹ ਹੋਰ ਬਹੁਤ ਜ਼ਿਆਦਾ ਸੰਤ੍ਰਿਪਤ ਭਾਗਾਂ 'ਤੇ ਬੋਝ ਨੂੰ ਘਟਾ ਕੇ ਖੇਤਰ ਵਿੱਚ ਸਮੇਂ ਦੀ ਪਾਬੰਦਤਾ ਅਤੇ ਟ੍ਰੇਨਾਂ ਦੀ ਸਮੁੱਚੀ ਗਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।

ਪ੍ਰਧਾਨ ਮੰਤਰੀ ਨੇ ਘਾਟਕੇਸਰ - ਲਿੰਗਮਪੱਲੀ ਤੋਂ ਮੌਲਾ ਅਲੀ - ਸਨਤਨਗਰ ਰਾਹੀਂ ਉਦਘਾਟਨੀ ਐੱਮਐੱਮਟੀਐੱਸ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੇਲ ਸੇਵਾ ਹੈਦਰਾਬਾਦ - ਸਿਕੰਦਰਾਬਾਦ ਦੋਵੇਂ ਸ਼ਹਿਰੀ ਖੇਤਰਾਂ ਵਿੱਚ ਪ੍ਰਸਿੱਧ ਉਪਨਗਰੀ ਰੇਲ ਸੇਵਾ ਨੂੰ ਪਹਿਲੀ ਵਾਰ ਨਵੇਂ ਖੇਤਰਾਂ ਤੱਕ ਵਿਸਤਾਰ ਕਰਦੀ ਹੈ। ਇਹ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਨਵੇਂ ਖੇਤਰਾਂ ਜਿਵੇਂ ਕਿ ਚੇਰਲਾਪੱਲੀ ਅਤੇ ਮੌਲਾ ਅਲੀ ਨੂੰ ਜੁੜਵਾਂ ਸ਼ਹਿਰ ਖੇਤਰ ਦੇ ਪੱਛਮੀ ਹਿੱਸੇ ਨਾਲ ਜੋੜਦਾ ਹੈ। ਟਵਿੰਨ ਸਿਟੀ ਦੇ ਪੂਰਬੀ ਖੇਤਰ ਨੂੰ ਪੱਛਮੀ ਹਿੱਸੇ ਨਾਲ ਜੋੜਨ ਵਾਲੀ ਆਵਾਜਾਈ ਦਾ ਸੁਰੱਖਿਅਤ, ਤੇਜ਼ ਅਤੇ ਕਿਫਾਇਤੀ ਢੰਗ ਯਾਤਰੀਆਂ ਲਈ ਬਹੁਤ ਲਾਹੇਵੰਦ ਹੋਵੇਗਾ।

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਇੰਡੀਅਨ ਆਇਲ ਪਾਰਾਦੀਪ-ਹੈਦਰਾਬਾਦ ਉਤਪਾਦ ਪਾਇਪਲਾਇਨ ਦਾ ਉਦਘਾਟਨ ਕੀਤਾ। 4.5 ਐੱਮਐੱਮਟੀਪੀਏ ਦੀ ਸਮਰੱਥਾ ਵਾਲੀ 1212 ਕਿਲੋਮੀਟਰ ਉਤਪਾਦ ਪਾਇਪਲਾਇਨ ਓਡੀਸ਼ਾ (329 ਕਿਲੋਮੀਟਰ), ਆਂਧਰ ਪ੍ਰਦੇਸ਼ (723 ਕਿਲੋਮੀਟਰ) ਅਤੇ ਤੇਲੰਗਾਨਾ (160 ਕਿਲੋਮੀਟਰ) ਰਾਜਾਂ ਵਿੱਚੋਂ ਲੰਘਦੀ ਹੈ। ਪਾਇਪਲਾਇਨ ਪਾਰਾਦੀਪ ਰਿਫਾਇਨਰੀ ਤੋਂ ਵਿਸ਼ਾਖਾਪਟਨਮ, ਅਚੁਤਾਪੁਰਮ, ਵਿਜੇਵਾੜਾ (ਆਂਧਰ ਪ੍ਰਦੇਸ਼ ਵਿੱਚ) ਅਤੇ ਹੈਦਰਾਬਾਦ (ਤੇਲੰਗਾਨਾ ਵਿੱਚ) ਨੇੜੇ ਮਲਕਾਪੁਰ ਵਿਖੇ ਡਿਲਿਵਰੀ ਸਟੇਸ਼ਨਾਂ ਤੱਕ ਪੈਟਰੋਲੀਅਮ ਉਤਪਾਦਾਂ ਦੀ ਸੁਰੱਖਿਅਤ ਅਤੇ ਆਰਥਿਕ ਟ੍ਰਾਂਸਪੋਰਟ ਨੂੰ ਯਕੀਨੀ ਬਣਾਏਗੀ।

ਪ੍ਰਧਾਨ ਮੰਤਰੀ ਨੇ ਹੈਦਰਾਬਾਦ ਵਿੱਚ ਨਾਗਰਿਕ ਹਵਾਬਾਜ਼ੀ ਖੋਜ ਸੰਗਠਨ (ਸੀਏਆਰਓ) ਕੇਂਦਰ ਦਾ ਉਦਘਾਟਨ ਕੀਤਾ। ਇਸਦੀ ਸਥਾਪਨਾ ਭਾਰਤੀ ਹਵਾਈ ਅੱਡਾ ਅਥਾਰਿਟੀ ਦੁਆਰਾ ਬੇਗਮਪੇਟ ਹਵਾਈ ਅੱਡੇ, ਹੈਦਰਾਬਾਦ ਵਿਖੇ ਨਾਗਰਿਕ ਹਵਾਬਾਜ਼ੀ ਖੇਤਰ ਵਿੱਚ ਖੋਜ ਅਤੇ ਵਿਕਾਸ (ਆਰ ਐਂਡ ਡੀ) ਗਤੀਵਿਧੀਆਂ ਨੂੰ ਅੱਪਗ੍ਰੇਡ ਕਰਨ ਅਤੇ ਵਧਾਉਣ ਲਈ ਕੀਤੀ ਗਈ ਹੈ। ਸਵਦੇਸ਼ੀ ਅਤੇ ਇਨੋਵੇਟਿਵ ਸਮਾਧਾਨ ਪ੍ਰਦਾਨ ਕਰਨ ਲਈ ਅੰਦਰੂਨੀ ਅਤੇ ਸਹਿਯੋਗੀ ਖੋਜ ਦੁਆਰਾ ਹਵਾਬਾਜ਼ੀ ਭਾਈਚਾਰੇ ਲਈ ਇੱਕ ਆਲਮੀ ਖੋਜ ਪਲੈਟਫਾਰਮ ਪ੍ਰਦਾਨ ਕਰਨ ਦੀ ਕਲਪਨਾ ਕੀਤੀ ਗਈ ਹੈ। 350 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੀ, ਇਹ ਅਤਿ-ਆਧੁਨਿਕ ਸੁਵਿਧਾ 5-ਸਟਾਰ-ਗ੍ਰੀਹਾ ਰੇਟਿੰਗ ਅਤੇ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈਸੀਬੀਸੀ) ਦੇ ਨਿਯਮਾਂ ਦੀ ਪਾਲਣਾ ਕਰਦੀ ਹੈ। ਸੀਏਆਰਓ ਭਵਿੱਖੀ ਖੋਜ ਅਤੇ ਵਿਕਾਸ ਪਹਿਲਾਂ ਦਾ ਸਮਰਥਨ ਕਰਨ ਲਈ ਵਿਆਪਕ ਪ੍ਰਯੋਗਸ਼ਾਲਾ ਸਮਰੱਥਾਵਾਂ ਦੇ ਇੱਕ ਸੈੱਟ ਦੀ ਵਰਤੋਂ ਕਰੇਗਾ। ਇਹ ਸੰਚਾਲਨ ਵਿਸ਼ਲੇਸ਼ਣ ਅਤੇ ਪ੍ਰਦਰਸ਼ਨ ਮਾਪ ਲਈ ਡਾਟਾ ਵਿਸ਼ਲੇਸ਼ਣ ਸਮਰੱਥਾਵਾਂ ਦਾ ਵੀ ਲਾਭ ਉਠਾਏਗਾ। ਸੀਏਆਰਓ ਵਿੱਚ ਮੁੱਢਲੀਆਂ ਆਰ ਐਂਡ ਡੀ ਗਤੀਵਿਧੀਆਂ ਵਿੱਚ ਏਅਰਸਪੇਸ ਅਤੇ ਹਵਾਈ ਅੱਡੇ ਨਾਲ ਸਬੰਧਿਤ ਸੁਰੱਖਿਆ, ਸਮਰੱਥਾ ਅਤੇ ਕੁਸ਼ਲਤਾ ਸੁਧਾਰ ਪ੍ਰੋਗਰਾਮ, ਪ੍ਰਮੁੱਖ ਹਵਾਈ ਖੇਤਰ ਦੀਆਂ ਚੁਣੌਤੀਆਂ ਨਾਲ ਨਜਿੱਠਣਾ, ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਦੀਆਂ ਪ੍ਰਮੁੱਖ ਚੁਣੌਤੀਆਂ ਦੀ ਪੜਚੋਲ ਕਰਨਾ ਅਤੇ ਭਵਿੱਖੀ ਹਵਾਈ ਖੇਤਰ ਅਤੇ ਹਵਾਈ ਅੱਡੇ ਅਤੇ ਹੋਰ ਜ਼ਰੂਰਤਾਂ ਲਈ ਚਿੰਨ੍ਹਿਤ ਕੀਤੇ ਗਏ ਖੇਤਰਾਂ ਵਿੱਚ ਟੈਕਨੋਲੋਜੀਆਂ ਅਤੇ ਉਤਪਾਦਾਂ ਦਾ ਵਿਕਾਸ ਕਰਨਾ ਸ਼ਾਮਲ ਹੋਵੇਗਾ। 

 

 

****


ਡੀਐੱਸ/ਟੀਐੱਸ



(Release ID: 2011903) Visitor Counter : 42