ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਰਾਜਕੋਟ ਵਿੱਚ 48,100 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ
ਰਾਜਕੋਟ, ਬਠਿੰਡਾ, ਰਾਏਬਰੇਲੀ, ਕਲਿਆਣੀ ਅਤੇ ਮੰਗਲਾਗਿਰੀ ਵਿਖੇ ਪੰਜ ਏਮਜ਼ ਸਮਰਪਿਤ ਕੀਤੇ
23 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 11,500 ਕਰੋੜ ਰੁਪਏ ਤੋਂ ਅਧਿਕ ਦੇ 200 ਤੋਂ ਅਧਿਕ ਸਿਹਤ ਸੰਭਾਲ਼ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ
ਪੁਣੇ ਵਿੱਚ 'ਨਿਸਰਗ ਗ੍ਰਾਮ' ਨਾਮਕ ਨੈਸ਼ਨਲ ਇੰਸਟੀਟਿਊਟ ਆਵੑ ਨੈਚਰੋਪੈਥੀ ਦਾ ਉਦਘਾਟਨ ਕੀਤਾ
ਲਗਭਗ 2280 ਕਰੋੜ ਰੁਪਏ ਦੇ ਕਰਮਚਾਰੀ ਰਾਜ ਬੀਮਾ ਨਿਗਮ ਦੇ 21 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ
ਵਿਭਿੰਨ ਅਖੁੱਟ ਊਰਜਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
9000 ਕਰੋੜ ਰੁਪਏ ਦੀ ਨਵੀਂ ਮੁੰਦਰਾ-ਪਾਣੀਪਤ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
"ਅਸੀਂ ਸਰਕਾਰ ਨੂੰ ਦਿੱਲੀ ਤੋਂ ਬਾਹਰ ਲੈ ਜਾ ਰਹੇ ਹਾਂ ਅਤੇ ਦਿੱਲੀ ਤੋਂ ਬਾਹਰ ਮਹੱਤਵਪੂਰਨ ਨੈਸ਼ਨਲ ਈਵੈਂਟਸ ਆਯੋਜਿਤ ਕਰਨ ਦਾ ਰੁਝਾਨ ਵਧ ਰਿਹਾ ਹੈ"
"ਨਵਾਂ ਭਾਰਤ ਤੇਜ਼ੀ ਨਾਲ ਕੰਮ ਪੂਰਾ ਕਰ ਰਿਹਾ ਹੈ"
"ਮੈਂ ਦੇਖ ਸਕਦਾ ਹਾਂ ਕਿ ਪੀੜ੍ਹੀਆਂ ਬਦਲ ਗਈਆਂ ਹਨ ਪਰ ਮੋਦੀ ਲਈ ਸਨੇਹ ਕਿਸੇ ਵੀ ਉਮਰ ਸੀਮਾ ਤੋਂ ਪਰ੍ਹੇ ਹੈ"
"ਜਲਮਗਨ ਦਵਾਰਕਾ ਦੇ ਦਰਸ਼ਨ ਨਾਲ, ਵਿਕਾਸ ਅਤੇ ਵਿਰਾਸਤ ਪ੍ਰਤੀ ਮੇਰੇ ਸੰਕਲਪ ਨੂੰ ਨਵੀਂ ਤਾਕਤ ਮਿਲੀ ਹੈ; ਵਿਕਸਿਤ ਭਾਰਤ ਦੇ ਮੇਰੇ ਲਕਸ਼ ਵਿੱਚ ਬ੍ਰਹਮ ਆਸਥਾ ਜੁੜ ਗਈ ਹੈ”
“
Posted On:
25 FEB 2024 6:40PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਕੋਟ, ਗੁਜਰਾਤ ਵਿੱਚ 48,100 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰੋਜੈਕਟਾਂ ਵਿੱਚ ਸਿਹਤ, ਸੜਕ, ਰੇਲ, ਊਰਜਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਟੂਰਿਜ਼ਮ ਜਿਹੇ ਮਹੱਤਵਪੂਰਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਰਾਜਾਂ ਦੇ ਮਾਣਯੋਗ ਰਾਜਪਾਲਾਂ ਅਤੇ ਮੁੱਖ ਮੰਤਰੀਆਂ, ਸੰਸਦ ਅਤੇ ਵਿਧਾਨ ਸਭਾਵਾਂ ਦੇ ਮੈਂਬਰਾਂ ਅਤੇ ਕੇਂਦਰੀ ਮੰਤਰੀਆਂ ਦੀ ਵਰਚੁਅਲ ਮੌਜੂਦਗੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਸਾਰੇ ਮੁੱਖ ਵਿਕਾਸ ਪ੍ਰੋਗਰਾਮ ਇਕੱਲੇ ਨਵੀਂ ਦਿੱਲੀ ਵਿੱਚ ਚਲਾਏ ਜਾਂਦੇ ਸਨ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਮੌਜੂਦਾ ਸਰਕਾਰ ਨੇ ਇਸ ਰੁਝਾਨ ਨੂੰ ਬਦਲ ਦਿੱਤਾ ਅਤੇ ਭਾਰਤ ਸਰਕਾਰ ਨੂੰ ਦੇਸ਼ ਦੇ ਹਰ ਕੋਨੇ ਵਿੱਚ ਲੈ ਗਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਰਾਜਕੋਟ ਵਿੱਚ ਅੱਜ ਦਾ ਆਯੋਜਨ ਇਸ ਵਿਸ਼ਵਾਸ ਦਾ ਸਬੂਤ ਹੈ।” ਉਨ੍ਹਾਂ ਨੇ ਇਸ ਸਮਰਪਣ ਨੂੰ ਵੀ ਰੇਖਾਂਕਿਤ ਕੀਤਾ ਕਿ ਨੀਂਹ ਪੱਥਰ ਰੱਖਣ ਦੇ ਸਮਾਗਮ ਦੇਸ਼ ਵਿੱਚ ਕਈ ਥਾਵਾਂ 'ਤੇ ਹੋ ਰਹੇ ਹਨ ਕਿਉਂਕਿ ਇਹ ਇੱਕ ਨਵੀਂ ਪਰੰਪਰਾ ਨੂੰ ਅੱਗੇ ਲੈ ਜਾਂਦਾ ਹੈ। ਜੰਮੂ ਵਿੱਚ ਇੱਕ ਪ੍ਰੋਗਰਾਮ ਤੋਂ ਆਈਆਈਟੀ ਭਿਲਾਈ, ਆਈਆਈਟੀ ਤਿਰੂਪਤੀ, ਆਈਆਈਆਈਟੀ ਕੁਰਨੂਲ, ਆਈਆਈਐੱਮ ਬੋਧ ਗਯਾ, ਆਈਆਈਐੱਮ ਜੰਮੂ, ਆਈਆਈਐੱਮ ਵਿਸ਼ਾਖਾਪਟਨਮ ਅਤੇ ਆਈਆਈਐੱਸ ਕਾਨਪੁਰ ਦੀਆਂ ਵਿਦਿਅਕ ਸੰਸਥਾਵਾਂ ਦੇ ਉਦਘਾਟਨ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਏਮਜ਼ ਰਾਜਕੋਟ, ਏਮਜ਼ ਰਾਏਬਰੇਲੀ, ਏਮਜ਼ ਮੰਗਲਾਗਿਰੀ, ਏਮਜ਼ ਬਠਿੰਡਾ ਅਤੇ ਏਮਜ਼ ਕਲਿਆਣੀ ਦਾ ਉਦਘਾਟਨ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ "ਖਾਸ ਕਰਕੇ ਜਦੋਂ ਤੁਸੀਂ ਇਨ੍ਹਾਂ 5 ਏਮਜ਼ ਨੂੰ ਦੇਖਦੇ ਹੋ ਤਾਂ ਪਤਾ ਲੱਗਦਾ ਹੈ ਕਿ ਵਿਕਾਸਸ਼ੀਲ ਭਾਰਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਰਾਜਕੋਟ ਨਾਲ ਆਪਣੀ ਲੰਬੀ ਸਾਂਝ ਨੂੰ ਯਾਦ ਕਰਦਿਆਂ ਕਿਹਾ ਕਿ 22 ਸਾਲ ਪਹਿਲਾਂ ਉਹ ਇੱਥੋਂ ਵਿਧਾਇਕ ਚੁਣੇ ਗਏ ਸਨ। 22 ਸਾਲ ਪਹਿਲਾਂ 25 ਫਰਵਰੀ ਨੂੰ ਉਨ੍ਹਾਂ ਨੇ ਵਿਧਾਇਕ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਾਜਕੋਟ ਦੇ ਲੋਕਾਂ ਦੇ ਭਰੋਸੇ 'ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇੱਕ ਆਭਾਰੀ ਪ੍ਰਧਾਨ ਮੰਤਰੀ ਨੇ ਕਿਹਾ "ਮੈਂ ਦੇਖ ਸਕਦਾ ਹਾਂ ਕਿ ਪੀੜ੍ਹੀਆਂ ਬਦਲ ਗਈਆਂ ਹਨ ਪਰ ਮੋਦੀ ਲਈ ਸਨੇਹ ਕਿਸੇ ਵੀ ਉਮਰ ਸੀਮਾ ਤੋਂ ਪਰੇ ਹੈ।”
ਅੱਜ ਦੇ ਪ੍ਰੋਗਰਾਮ ਵਿੱਚ ਦੇਰੀ ਲਈ ਮੁਆਫੀ ਮੰਗਦੇ ਹੋਏ, ਪ੍ਰਧਾਨ ਮੰਤਰੀ ਨੇ ਹਾਜ਼ਰੀਨ ਨੂੰ ਦਿਨ ਦੇ ਸ਼ੁਰੂ ਵਿੱਚ ਦਵਾਰਕਾ ਵਿੱਚ ਆਪਣੀਆਂ ਗਤੀਵਿਧੀਆਂ ਬਾਰੇ ਦੱਸਿਆ ਜਿੱਥੇ ਉਨ੍ਹਾਂ ਨੇ ਸੁਦਰਸ਼ਨ ਸੇਤੂ ਸਮੇਤ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਇੱਕ ਵਾਰ ਫਿਰ ਜਲਮਗਨ ਹੋਏ ਪਵਿੱਤਰ ਸ਼ਹਿਰ ਦਵਾਰਕਾ ਵਿਖੇ ਪ੍ਰਾਰਥਨਾ ਕਰਨ ਦੇ ਆਪਣੇ ਬ੍ਰਹਮ ਅਨੁਭਵ ਦਾ ਵਰਣਨ ਕੀਤਾ। ਪ੍ਰਧਾਨ ਮੰਤਰੀ ਮੋਦੀ ਜੋ ਅਜੇ ਵੀ ਉਨ੍ਹਾਂ ਭਾਵਨਾਵਾਂ ਨਾਲ ਭਰੇ ਹੋਏ ਸਨ, ਉਨ੍ਹਾਂ ਨੇ ਕਿਹਾ “ਪੁਰਾਤੱਤਵਿਕ ਅਤੇ ਧਾਰਮਿਕ ਸਮੱਗਰੀ ਨੂੰ ਪੜ੍ਹਨਾ ਸਾਨੂੰ ਦਵਾਰਕਾ ਬਾਰੇ ਹੈਰਾਨੀ ਨਾਲ ਭਰ ਦਿੰਦਾ ਹੈ। ਅੱਜ ਮੈਨੂੰ ਉਸ ਪਵਿੱਤਰ ਦ੍ਰਿਸ਼ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਦਾ ਮੌਕਾ ਮਿਲਿਆ ਅਤੇ ਮੈਂ ਉਸ ਪਵਿੱਤਰ ਅਸਥਾਨ ਨੂੰ ਛੂਹ ਸਕਿਆ। ਮੈਂ ਉੱਥੇ ਪ੍ਰਾਰਥਨਾ ਕੀਤੀ ਅਤੇ ‘ਮੋਰ-ਪੰਖ’ ਭੇਟ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ, “ਉਨ੍ਹਾਂ ਗਹਿਰਾਈਆਂ ਵਿੱਚ, ਮੈਂ ਭਾਰਤ ਦੇ ਸ਼ਾਨਦਾਰ ਅਤੀਤ ਬਾਰੇ ਸੋਚ ਰਿਹਾ ਸੀ। ਜਦੋਂ ਮੈਂ ਬਾਹਰ ਆਇਆ, ਤਾਂ ਮੈਂ ਭਗਵਾਨ ਕ੍ਰਿਸ਼ਨ ਦੇ ਆਸ਼ੀਰਵਾਦ ਦੇ ਨਾਲ-ਨਾਲ ਦਵਾਰਕਾ ਦੀ ਪ੍ਰੇਰਨਾ ਵੀ ਲੈ ਕੇ ਬਾਹਰ ਆਇਆ।” ਉਨ੍ਹਾਂ ਨੇ ਅੱਗੇ ਕਿਹਾ “ਇਸ ਨਾਲ ‘ਵਿਕਾਸ ਅਤੇ ਵਿਰਾਸਤ’ ਦੇ ਮੇਰੇ ਸੰਕਲਪ ਨੂੰ ਇੱਕ ਨਵੀਂ ਤਾਕਤ ਅਤੇ ਊਰਜਾ ਮਿਲੀ। ਵਿਕਸਿਤ ਭਾਰਤ ਲਈ ਮੇਰੇ ਲਕਸ਼ ਦੇ ਨਾਲ ਇੱਕ ਬ੍ਰਹਮ ਵਿਸ਼ਵਾਸ ਜੁੜ ਗਿਆ ਹੈ।”
ਅੱਜ ਦੇ 48,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਤੱਟ ਤੋਂ ਹਰਿਆਣਾ ਦੇ ਪਾਣੀਪਤ ਵਿਖੇ ਇੰਡੀਅਨ ਆਇਲ ਦੀ ਰਿਫਾਇਨਰੀ ਤੱਕ ਕੱਚੇ ਤੇਲ ਨੂੰ ਲਿਜਾਣ ਲਈ ਚਾਲੂ ਕੀਤੀ ਨਵੀਂ ਮੁੰਦਰਾ-ਪਾਣੀਪਤ ਪਾਈਪਲਾਈਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸੜਕਾਂ, ਰੇਲਵੇ, ਬਿਜਲੀ, ਸਿਹਤ ਅਤੇ ਸਿੱਖਿਆ ਨਾਲ ਸਬੰਧਿਤ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਰਾਜਕੋਟ ਅਤੇ ਸੌਰਾਸ਼ਟਰ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ, "ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਤੋਂ ਬਾਅਦ, ਹੁਣ ਏਮਜ਼ ਰਾਜਕੋਟ ਰਾਸ਼ਟਰ ਨੂੰ ਸਮਰਪਿਤ ਹੈ।" ਉਨ੍ਹਾਂ ਨੇ ਸਾਰੇ ਸ਼ਹਿਰਾਂ ਦੇ ਨਾਗਰਿਕਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ ਜਿੱਥੇ ਅੱਜ ਏਮਜ਼ ਦਾ ਉਦਘਾਟਨ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅੱਜ ਦਾ ਦਿਨ ਨਾ ਸਿਰਫ਼ ਰਾਜਕੋਟ ਲਈ ਬਲਕਿ ਪੂਰੇ ਦੇਸ਼ ਲਈ ਇੱਕ ਇਤਿਹਾਸਕ ਮੌਕਾ ਹੈ", ਇਹ ਉਜਾਗਰ ਕਰਦੇ ਹੋਏ ਕਿ ਰਾਜਕੋਟ ਅੱਜ ਵਿਕਸਿਤ ਭਾਰਤ ਵਿੱਚ ਸਿਹਤ ਸੰਭਾਲ ਸੁਵਿਧਾਵਾਂ ਦੇ ਲੋੜੀਂਦੇ ਪੱਧਰ ਦੀ ਇੱਕ ਝਲਕ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 50 ਸਾਲਾਂ ਤੱਕ ਦੇਸ਼ ਵਿੱਚ ਇੱਕ ਹੀ ਏਮਜ਼ ਸੀ, ਉਹ ਵੀ ਦਿੱਲੀ ਵਿੱਚ। ਉਨ੍ਹਾਂ ਕਿਹਾ ਕਿ ਭਾਵੇਂ ਆਜ਼ਾਦੀ ਦੇ ਸੱਤ ਦਹਾਕਿਆਂ ਦੌਰਾਨ ਸਿਰਫ਼ ਸੱਤ ਏਮਜ਼ ਹੀ ਚਾਲੂ ਹੋਏ ਸਨ ਪਰ ਇਨ੍ਹਾਂ ਵਿੱਚੋਂ ਕੁਝ ਮੁਕੰਮਲ ਨਹੀਂ ਹੋ ਸਕੇ। ਪ੍ਰਧਾਨ ਮੰਤਰੀ ਨੇ ਕਿਹਾ, "ਪਿਛਲੇ 10 ਦਿਨਾਂ ਵਿੱਚ, ਦੇਸ਼ ਨੇ ਸੱਤ ਨਵੇਂ ਏਮਜ਼ ਦਾ ਨੀਂਹ ਪੱਥਰ ਅਤੇ ਉਦਘਾਟਨ ਦੇਖਿਆ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ 70 ਸਾਲਾਂ ਵਿੱਚ ਕੀਤੇ ਕੰਮਾਂ ਨਾਲੋਂ ਵੀ ਤੇਜ਼ ਰਫਤਾਰ ਨਾਲ ਕੰਮ ਪੂਰਾ ਕੀਤਾ ਹੈ ਤਾਂ ਜੋ ਦੇਸ਼ ਨੂੰ ਵਿਕਾਸ ਦੇ ਰਾਹ 'ਤੇ ਲਿਜਾਇਆ ਜਾ ਸਕੇ। ਉਨ੍ਹਾਂ ਨੇ ਨੀਂਹ ਪੱਥਰ ਰੱਖਣ ਅਤੇ ਮੈਡੀਕਲ ਕਾਲਜ, ਮਲਟੀ-ਸਪੈਸ਼ਲਿਟੀ ਹਸਪਤਾਲਾਂ ਦੇ ਸੈਟੇਲਾਈਟ ਸੈਂਟਰਾਂ ਅਤੇ ਚਿੰਤਾਜਨਕ ਬਿਮਾਰੀਆਂ ਦੇ ਇਲਾਜ ਕੇਂਦਰਾਂ ਸਮੇਤ 200 ਤੋਂ ਵੱਧ ਸਿਹਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਸਮਰਪਿਤ ਕਰਨ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ 'ਮੋਦੀ ਕੀ ਗਾਰੰਟੀ ਦਾ ਮਤਲਬ ਗਾਰੰਟੀ ਪੂਰੀ ਕਰਨ ਦੀ ਗਾਰੰਟੀ' ਦੇ ਵਾਅਦੇ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 3 ਸਾਲ ਪਹਿਲਾਂ ਰਾਜਕੋਟ ਏਮਜ਼ ਦਾ ਨੀਂਹ ਪੱਥਰ ਉਨ੍ਹਾਂ ਨੇ ਹੀ ਰੱਖਿਆ ਸੀ ਅਤੇ ਅੱਜ ਉਹ ਗਾਰੰਟੀ ਪੂਰੀ ਹੋ ਗਈ ਹੈ। ਇਸੇ ਤਰ੍ਹਾਂ ਪੰਜਾਬ ਨੂੰ ਏਮਜ਼ ਦੀ ਗਾਰੰਟੀ ਦਿੱਤੀ ਗਈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਹੀ ਇਸ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਉਦਘਾਟਨ ਵੀ ਕੀਤਾ। ਇਹੀ ਚੱਕਰ ਰਾਏਬਰੇਲੀ, ਮੰਗਲਾਗਿਰੀ, ਕਲਿਆਣੀ ਅਤੇ ਰੇਵਾੜੀ ਏਮਜ਼ ਦਾ ਹੋਇਆ ਹੈ। ਪਿਛਲੇ 10 ਸਾਲਾਂ ਵਿੱਚ, ਵੱਖੋ-ਵੱਖਰੇ ਰਾਜਾਂ ਵਿੱਚ 10 ਨਵੇਂ ਏਮਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੋਦੀ ਕੀ ਗਾਰੰਟੀ ਉਥੋਂ ਸ਼ੁਰੂ ਹੁੰਦੀ ਹੈ ਜਿੱਥੇ ਦੂਸਰਿਆਂ ਤੋਂ ਉਮੀਦਾਂ ਖ਼ਤਮ ਹੁੰਦੀਆਂ ਹਨ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਸਿਹਤ ਸੰਭਾਲ ਪ੍ਰਣਾਲੀ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰਾਂ ਕਾਰਨ ਮਹਾਮਾਰੀ ਨੂੰ ਭਰੋਸੇਯੋਗ ਢੰਗ ਨਾਲ ਕਾਬੂ ਕੀਤਾ ਜਾ ਸਕਿਆ। ਉਨ੍ਹਾਂ ਨੇ ਏਮਜ਼, ਮੈਡੀਕਲ ਕਾਲਜਾਂ ਅਤੇ ਗੰਭੀਰ ਦੇਖਭਾਲ ਦੇ ਬੁਨਿਆਦੀ ਢਾਂਚੇ ਦੇ ਬੇਮਿਸਾਲ ਵਿਸਤਾਰ ਦਾ ਜ਼ਿਕਰ ਕੀਤਾ। ਛੋਟੀਆਂ-ਮੋਟੀਆਂ ਬਿਮਾਰੀਆਂ ਲਈ ਪਿੰਡਾਂ ਵਿੱਚ ਡੇਢ ਲੱਖ ਤੋਂ ਵੱਧ ਆਯੁਸ਼ਮਾਨ ਅਰੋਗਯ ਮੰਦਿਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੈਡੀਕਲ ਕਾਲਜਾਂ ਦੀ ਸੰਖਿਆ 2014 ਵਿੱਚ 387 ਤੋਂ ਵਧ ਕੇ 706 ਹੋ ਗਈ ਹੈ, ਐੱਮਬੀਬੀਐੱਸ ਦੀਆਂ ਸੀਟਾਂ 10 ਸਾਲ ਪਹਿਲੇ 50 ਹਜ਼ਾਰ ਤੋਂ ਵਧ ਕੇ 1 ਲੱਖ ਤੋਂ ਵੱਧ ਹੋ ਗਈਆਂ ਹਨ, ਪੋਸਟ-ਗ੍ਰੈਜੂਏਟ ਸੀਟਾਂ 2014 ਵਿੱਚ 30 ਹਜ਼ਾਰ ਤੋਂ ਵਧ ਕੇ 70 ਹਜ਼ਾਰ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੂਰੇ 70 ਵਰ੍ਹਿਆਂ ਵਿੱਚ ਜਿੰਨੇ ਡਾਕਟਰ ਸਨ, ਉਨ੍ਹਾਂ ਤੋਂ ਕਿਤੇ ਵੱਧ ਡਾਕਟਰ ਅਗਲੇ ਕੁਝ ਵਰ੍ਹਿਆਂ ਵਿੱਚ ਇਨ੍ਹਾਂ ਕਾਲਜਾਂ ਵਿੱਚੋਂ ਨਿਕਲਣਗੇ। ਦੇਸ਼ ਵਿੱਚ 64 ਹਜ਼ਾਰ ਕਰੋੜ ਰੁਪਏ ਦਾ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਚੱਲ ਰਿਹਾ ਹੈ। ਅੱਜ ਦੇ ਸਮਾਗਮ ਵਿੱਚ ਮੈਡੀਕਲ ਕਾਲਜ, ਟੀਬੀ ਹਸਪਤਾਲ ਅਤੇ ਖੋਜ ਕੇਂਦਰ, ਪੀਜੀਆਈ ਸੈਟੇਲਾਈਟ ਸੈਂਟਰ, ਕ੍ਰਿਟੀਕਲ ਕੇਅਰ ਬਲਾਕ ਅਤੇ ਦਰਜਨਾਂ ਈਐੱਸਆਈਸੀ ਹਸਪਤਾਲਾਂ ਜਿਹੇ ਪ੍ਰੋਜੈਕਟ ਵੀ ਵੇਖੇ ਗਏ।
ਪ੍ਰਧਾਨ ਮੰਤਰੀ ਨੇ ਪੋਸ਼ਣ, ਯੋਗ, ਆਯੂਸ਼ ਅਤੇ ਸਵੱਛਤਾ 'ਤੇ ਜ਼ੋਰ ਦਿੰਦਿਆਂ ਕਿਹਾ, "ਸਰਕਾਰ ਬਿਮਾਰੀਆਂ ਦੀ ਰੋਕਥਾਮ ਦੇ ਨਾਲ-ਨਾਲ ਇਸ ਨਾਲ ਲੜਨ ਦੀ ਸਮਰੱਥਾ ਨੂੰ ਵੀ ਪ੍ਰਾਥਮਿਕਤਾ ਦਿੰਦੀ ਹੈ।" ਉਨ੍ਹਾਂ ਨੇ ਰਵਾਇਤੀ ਭਾਰਤੀ ਮੈਡੀਸਿਨ ਅਤੇ ਆਧੁਨਿਕ ਮੈਡੀਸਿਨ ਦੋਵਾਂ ਨੂੰ ਉਤਸ਼ਾਹਿਤ ਕਰਨ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ਅਤੇ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਅੱਜ ਉਦਘਾਟਨ ਕੀਤੇ ਜਾ ਰਹੇ ਯੋਗ ਅਤੇ ਨੈਚਰੋਪੈਥੀ ਨਾਲ ਸਬੰਧਿਤ ਦੋ ਵੱਡੇ ਹਸਪਤਾਲਾਂ ਅਤੇ ਖੋਜ ਕੇਂਦਰਾਂ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਵਾਇਤੀ ਮੈਡੀਕਲ ਪ੍ਰਣਾਲੀ ਨਾਲ ਸਬੰਧਿਤ ਡਬਲਿਊਐੱਚਓ ਦਾ ਗਲੋਬਲ ਸੈਂਟਰ ਵੀ ਇੱਥੇ ਗੁਜਰਾਤ ਵਿੱਚ ਬਣਾਇਆ ਜਾ ਰਿਹਾ ਹੈ।
ਗ਼ਰੀਬ ਅਤੇ ਮੱਧ ਵਰਗ ਨੂੰ ਬਿਹਤਰ ਸਿਹਤ ਸੁਵਿਧਾਵਾਂ ਦਾ ਲਾਭ ਲੈਣ ਦੇ ਨਾਲ-ਨਾਲ ਪੈਸੇ ਦੀ ਬਚਤ ਕਰਨ ਵਿੱਚ ਮਦਦ ਕਰਨ ਲਈ, ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਯੋਜਨਾ 'ਤੇ ਚਾਨਣਾ ਪਾਇਆ ਜਿਸ ਨਾਲ 1 ਲੱਖ ਕਰੋੜ ਰੁਪਏ ਦੀ ਬਚਤ ਹੋਈ ਹੈ, ਅਤੇ ਜਨ ਔਸ਼ਧੀ ਕੇਂਦਰ ਜੋ 80% ਛੋਟ 'ਤੇ ਦਵਾਈਆਂ ਪ੍ਰਦਾਨ ਕਰਦੇ ਹਨ, ਜਿਸ ਨਾਲ 30 ਹਜ਼ਾਰ ਕਰੋੜ ਰੁਪਏ ਦੀ ਬਚਤ ਹੋਈ। ਗਰੀਬਾਂ ਨੇ ਉੱਜਵਲਾ ਯੋਜਨਾ ਦੇ ਤਹਿਤ 70,000 ਕਰੋੜ ਰੁਪਏ ਤੋਂ ਵੱਧ ਦੀ ਬਚਤ ਕੀਤੀ ਹੈ, ਨਾਗਰਿਕਾਂ ਨੇ ਮੋਬਾਈਲ ਡੇਟਾ ਦੀਆਂ ਕੀਮਤਾਂ ਘੱਟ ਹੋਣ ਕਾਰਨ ਹਰ ਮਹੀਨੇ 4,000 ਰੁਪਏ ਦੀ ਬਚਤ ਕੀਤੀ ਹੈ ਅਤੇ ਟੈਕਸ ਸੁਧਾਰਾਂ ਕਾਰਨ ਟੈਕਸਦਾਤਾਵਾਂ ਲਈ ਲਗਭਗ 2.5 ਲੱਖ ਕਰੋੜ ਰੁਪਏ ਦੀ ਬਚਤ ਹੋਈ ਹੈ।
ਪ੍ਰਧਾਨ ਮੰਤਰੀ ਨੇ ਪੀਐੱਮ ਸੂਰਯਘਰ ਯੋਜਨਾ ਬਾਰੇ ਵੀ ਵਿਸਤਾਰ ਵਿੱਚ ਦੱਸਿਆ ਜੋ ਬਿਜਲੀ ਦੇ ਬਿੱਲਾਂ ਨੂੰ ਜ਼ੀਰੋ ਤੱਕ ਘਟਾ ਦੇਵੇਗੀ ਅਤੇ ਪਰਿਵਾਰਾਂ ਲਈ ਆਮਦਨ ਪੈਦਾ ਕਰੇਗੀ। ਲਾਭਾਰਥੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ ਅਤੇ ਬਾਕੀ ਬਿਜਲੀ ਸਰਕਾਰ ਖਰੀਦੇਗੀ। ਉਨ੍ਹਾਂ ਨੇ ਕੱਛ ਵਿੱਚ ਦੋ ਪਲਾਂਟਾਂ ਜਿਹੇ ਵੱਡੇ ਪਵਨ ਊਰਜਾ ਅਤੇ ਸੋਲਰ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ।
ਇਹ ਨੋਟ ਕਰਦੇ ਹੋਏ ਕਿ ਰਾਜਕੋਟ ਮਜ਼ਦੂਰਾਂ, ਉੱਦਮੀਆਂ ਅਤੇ ਕਾਰੀਗਰਾਂ ਦਾ ਸ਼ਹਿਰ ਹੈ, ਪ੍ਰਧਾਨ ਮੰਤਰੀ ਨੇ 13,000 ਕਰੋੜ ਰੁਪਏ ਦੀ ਪੀਐੱਮ ਵਿਸ਼ਵਕਰਮਾ ਯੋਜਨਾ ਬਾਰੇ ਗੱਲ ਕੀਤੀ, ਜਿਸਦਾ ਲੱਖਾਂ ਵਿਸ਼ਵਕਰਮਾ ਨੂੰ ਲਾਭ ਹੋਵੇਗਾ। ਗੁਜਰਾਤ ਵਿੱਚ ਸਿਰਫ਼ 20,000 ਵਿਸ਼ਵਕਰਮਾ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਹਰੇਕ ਵਿਸ਼ਵਕਰਮਾ ਨੂੰ 15,000 ਰੁਪਏ ਦੀ ਸਹਾਇਤਾ ਮਿਲੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੀਐੱਮ ਸਵਨਿਧੀ ਯੋਜਨਾ ਤਹਿਤ ਸਟ੍ਰੀਟ ਵਿਕਰੇਤਾਵਾਂ ਨੂੰ 10,000 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਗੁਜਰਾਤ ਦੇ ਸਟ੍ਰੀਟ ਵੈਂਡਰਾਂ ਨੂੰ ਕਰੀਬ 800 ਕਰੋੜ ਰੁਪਏ ਦੀ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਇਕੱਲੇ ਰਾਜਕੋਟ ਵਿੱਚ ਹੀ 30,000 ਤੋਂ ਵੱਧ ਕਰਜ਼ੇ ਵੰਡੇ ਗਏ ਹਨ।
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਜਦੋਂ ਭਾਰਤ ਦੇ ਨਾਗਰਿਕ ਸਸ਼ਕਤ ਹੁੰਦੇ ਹਨ, ਤਾਂ ਵਿਕਸਿਤ ਭਾਰਤ ਦਾ ਮਿਸ਼ਨ ਮਜ਼ਬੂਤ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦਿਆਂ ਕਿਹਾ, "ਜਦੋਂ ਮੋਦੀ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕ ਮਹਾਸ਼ਕਤੀ ਬਣਾਉਣ ਦੀ ਗਾਰੰਟੀ ਦਿੰਦਾ ਹੈ, ਤਾਂ ਇਸਦਾ ਲਕਸ਼ ਸਾਰਿਆਂ ਲਈ ਸਿਹਤ ਅਤੇ ਸਭ ਲਈ ਸਮ੍ਰਿੱਧੀ ਹੈ।"
ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਸੰਸਦ ਮੈਂਬਰ ਸ਼੍ਰੀ ਸੀਆਰ ਪਾਟਿਲ ਆਦਿ ਹਾਜ਼ਰ ਸਨ।
ਪਿਛੋਕੜ
ਦੇਸ਼ ਵਿੱਚ ਤੀਸਰੇ ਦਰਜੇ ਦੀ ਸਿਹਤ ਸੰਭਾਲ਼ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ, ਪ੍ਰਧਾਨ ਮੰਤਰੀ ਨੇ ਰਾਜਕੋਟ (ਗੁਜਰਾਤ), ਬਠਿੰਡਾ (ਪੰਜਾਬ), ਰਾਏਬਰੇਲੀ (ਉੱਤਰ ਪ੍ਰਦੇਸ਼), ਕਲਿਆਣੀ (ਪੱਛਮੀ ਬੰਗਾਲ) ਅਤੇ ਮੰਗਲਾਗਿਰੀ (ਆਂਧਰ ਪ੍ਰਦੇਸ਼) ਵਿਖੇ ਪੰਜ ਆਲ ਇੰਡੀਆ ਇੰਸਟੀਟਿਊਟ ਆਵੑ ਮੈਡੀਕਲ ਸਾਇੰਸਜ਼ (ਏਮਜ਼) ਰਾਸ਼ਟਰ ਨੂੰ ਸਮਰਪਿਤ ਕੀਤੇ।
ਪ੍ਰਧਾਨ ਮੰਤਰੀ ਨੇ 23 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 11,500 ਕਰੋੜ ਰੁਪਏ ਤੋਂ ਵੱਧ ਦੇ 200 ਤੋਂ ਵੱਧ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
ਪ੍ਰਧਾਨ ਮੰਤਰੀ ਨੇ 23 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 11,500 ਕਰੋੜ ਰੁਪਏ ਤੋਂ ਵੱਧ ਦੇ 200 ਤੋਂ ਵੱਧ ਸਿਹਤ ਸੰਭਾਲ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ।
ਪ੍ਰਧਾਨ ਮੰਤਰੀ ਨੇ ਪੁਡੂਚੇਰੀ ਦੇ ਕਰਾਈਕਲ ਵਿਖੇ ਜਿਪਮਰ (JIPMER) ਦੇ ਮੈਡੀਕਲ ਕਾਲਜ ਅਤੇ ਪੰਜਾਬ ਦੇ ਸੰਗਰੂਰ ਵਿੱਚ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵੑ ਮੈਡੀਕਲ ਐਂਡ ਐਜੂਕੇਸ਼ਨਲ ਰਿਸਰਚ (ਪੀਜੀਆਈਐੱਮਈਆਰ) ਦੇ 300 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਯਾਨਮ, ਪੁਡੂਚੇਰੀ ਵਿੱਚ ਜਿਪਮਰ ਦੀ 90 ਬਿਸਤਰਿਆਂ ਵਾਲੀ ਮਲਟੀ ਸਪੈਸ਼ਲਿਟੀ ਕੰਸਲਟਿੰਗ ਯੂਨਿਟ ਸਮੇਤ ਚੇਨਈ ਵਿੱਚ ਨੈਸ਼ਨਲ ਸੈਂਟਰ ਫਾਰ ਏਜਿੰਗ; ਪੂਰਨੀਆ, ਬਿਹਾਰ ਵਿੱਚ ਨਵਾਂ ਸਰਕਾਰੀ ਮੈਡੀਕਲ ਕਾਲਜ; ਆਈਸੀਐੱਮਆਰ ਦੀਆਂ 2 ਫੀਲਡ ਯੂਨਿਟਾਂ - ਨੈਸ਼ਨਲ ਇੰਸਟੀਟਿਊਟ ਆਵੑ ਵਾਇਰੋਲੋਜੀ ਕੇਰਲ ਯੂਨਿਟ, ਅਲਾਪੁਝਾ, ਕੇਰਲ ਅਤੇ ਨੈਸ਼ਨਲ ਇੰਸਟੀਟਿਊਟ ਆਵੑ ਰਿਸਰਚ ਇਨ ਟੀਬੀ (ਐੱਨਆਈਆਰਟੀ): ਨਵੀਂ ਕੰਪੋਜ਼ਿਟ ਟੀਬੀ ਰਿਸਰਚ ਸੁਵਿਧਾ, ਤਿਰੂਵੱਲੁਰ, ਤਮਿਲਨਾਡੂ ਅਤੇ ਹੋਰਾਂ ਦਾ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਪੰਜਾਬ ਦੇ ਫਿਰੋਜ਼ਪੁਰ ਵਿੱਚ ਪੀਜੀਆਈਐੱਮਈਆਰ ਦੇ 100 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਸਮੇਤ ਵਿਭਿੰਨ ਸਿਹਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ; ਆਰਐੱਮਐੱਲ ਹਸਪਤਾਲ, ਦਿੱਲੀ ਵਿਖੇ ਮੈਡੀਕਲ ਕਾਲਜ ਦੀ ਨਵੀਂ ਇਮਾਰਤ; ਰਿਮਸ (RIMS), ਇੰਫਾਲ ਵਿਖੇ ਕ੍ਰਿਟੀਕਲ ਕੇਅਰ ਬਲਾਕ (Critical Care Block); ਝਾਰਖੰਡ ਦੇ ਕੋਡਰਮਾ ਅਤੇ ਦੁਮਕਾ ਵਿੱਚ ਨਰਸਿੰਗ ਕਾਲਜਾਂ ਦੀ ਵੀ ਨੀਂਹ ਰੱਖੀ।
ਇਨ੍ਹਾਂ ਤੋਂ ਇਲਾਵਾ, ਰਾਸ਼ਟਰੀ ਸਿਹਤ ਮਿਸ਼ਨ ਅਤੇ ਪੀਐੱਮ-ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (ਪੀਐੱਮ-ਏਬੀਐੱਚਆਈਐੱਮ) ਦੇ ਤਹਿਤ, ਪ੍ਰਧਾਨ ਮੰਤਰੀ ਨੇ 115 ਪ੍ਰੋਜੈਕਟਾਂ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿੱਚ ਪੀਐੱਮ-ਏਬੀਐੱਚਆਈਐੱਮ ਦੇ ਤਹਿਤ 78 ਪ੍ਰੋਜੈਕਟ (50 ਯੂਨਿਟ ਕ੍ਰਿਟੀਕਲ ਕੇਅਰ ਬਲਾਕ, ਇੰਟੀਗਰੇਟਿਡ ਪਬਲਿਕ ਹੈਲਥ ਲੈਬ ਦੇ 15 ਯੂਨਿਟ, ਬਲਾਕ ਪਬਲਿਕ ਹੈਲਥ ਯੂਨਿਟਾਂ ਦੇ 13 ਯੂਨਿਟ); ਨੈਸ਼ਨਲ ਹੈਲਥ ਮਿਸ਼ਨ ਅਧੀਨ ਵਿਭਿੰਨ ਪ੍ਰੋਜੈਕਟਸ ਜਿਵੇਂ ਕਿ ਕਮਿਊਨਿਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਕੇਅਰ ਸੈਂਟਰ, ਮਾਡਲ ਹਸਪਤਾਲ, ਟਰਾਂਜ਼ਿਟ ਹੋਸਟਲ ਆਦਿ ਦੀਆਂ 30 ਯੂਨਿਟਾਂ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਪੁਣੇ ਵਿੱਚ ‘ਨਿਸਰਗ ਗ੍ਰਾਮ’ ਨਾਮਕ ਨੈਸ਼ਨਲ ਇੰਸਟੀਟਿਊਟ ਆਵੑ ਨੈਚਰੋਪੈਥੀ ਦਾ ਵੀ ਉਦਘਾਟਨ ਕੀਤਾ। ਇਸ ਵਿੱਚ ਨੈਚਰੋਪੈਥੀ ਮੈਡੀਕਲ ਕਾਲਜ ਦੇ ਨਾਲ-ਨਾਲ ਬਹੁ-ਅਨੁਸ਼ਾਸਨੀ ਖੋਜ ਅਤੇ ਵਿਸਤਾਰ ਕੇਂਦਰ ਦੇ ਨਾਲ 250 ਬਿਸਤਰਿਆਂ ਵਾਲਾ ਹਸਪਤਾਲ ਸ਼ਾਮਲ ਹੈ। ਇਸ ਤੋਂ ਇਲਾਵਾ, ਉਹ ਝੱਜਰ, ਹਰਿਆਣਾ ਵਿਖੇ ਕੇਂਦਰੀ ਯੋਗ ਅਤੇ ਕੁਦਰਤੀ ਖੋਜ ਸੰਸਥਾਨ ਦਾ ਉਦਘਾਟਨ ਵੀ ਕਰਨਗੇ। ਇਸ ਵਿੱਚ ਉੱਚ ਪੱਧਰੀ ਯੋਗ ਅਤੇ ਨੈਚਰੋਪੈਥੀ ਖੋਜ ਦੀਆਂ ਸੁਵਿਧਾਵਾਂ ਹੋਣਗੀਆਂ।
ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ - ESIC) ਦੇ ਲਗਭਗ 2280 ਕਰੋੜ ਰੁਪਏ ਦੇ 21 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਪਟਨਾ (ਬਿਹਾਰ) ਅਤੇ ਅਲਵਰ (ਰਾਜਸਥਾਨ) ਵਿੱਚ 2 ਮੈਡੀਕਲ ਕਾਲਜ ਅਤੇ ਹਸਪਤਾਲ; ਕੋਰਬਾ (ਛੱਤੀਸਗੜ੍ਹ), ਉਦੈਪੁਰ (ਰਾਜਸਥਾਨ), ਆਦਿਤਿਆਪੁਰ (ਝਾਰਖੰਡ), ਫੁਲਵਾੜੀ ਸ਼ਰੀਫ਼ (ਬਿਹਾਰ), ਤਿਰੁਪੁਰ (ਤਾਮਿਲਨਾਡੂ), ਕਾਕੀਨਾਡਾ (ਆਂਧਰ ਪ੍ਰਦੇਸ਼) ਅਤੇ ਛੱਤੀਸਗੜ੍ਹ ਵਿੱਚ ਰਾਏਗੜ੍ਹ ਅਤੇ ਭਿਲਾਈ ਵਿੱਚ 8 ਹਸਪਤਾਲ; ਅਤੇ ਰਾਜਸਥਾਨ ਵਿੱਚ ਨੀਮਰਾਨਾ, ਆਬੂ ਰੋਡ ਅਤੇ ਭੀਲਵਾੜਾ ਵਿਖੇ 3 ਡਿਸਪੈਂਸਰੀਆਂ ਸ਼ਾਮਲ ਹਨ। ਰਾਜਸਥਾਨ ਵਿੱਚ ਅਲਵਰ, ਬਹਿਰੋਰ ਅਤੇ ਸੀਤਾਪੁਰਾ, ਸੇਲਾਕੁਈ (ਉੱਤਰਾਖੰਡ), ਗੋਰਖਪੁਰ (ਉੱਤਰ ਪ੍ਰਦੇਸ਼), ਕੇਰਲ ਵਿੱਚ ਕੋਰਾਟੀ ਅਤੇ ਨਵਾਈਕੁਲਮ ਅਤੇ ਪਾਇਡੀਭੀਮਾਵਰਮ (ਆਂਧਰ ਪ੍ਰਦੇਸ਼) ਵਿੱਚ 8 ਸਥਾਨਾਂ ਉੱਤੇ ਈਐੱਸਆਈ ਡਿਸਪੈਂਸਰੀਆਂ ਦਾ ਵੀ ਉਦਘਾਟਨ ਕੀਤਾ ਜਾਵੇਗਾ।
ਖੇਤਰ ਵਿੱਚ ਅਖੁੱਟ ਊਰਜਾ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਇੱਕ ਕਦਮ ਵਿੱਚ, ਪ੍ਰਧਾਨ ਮੰਤਰੀ ਨੇ 300 ਮੈਗਾਵਾਟ ਭੁਜ-II ਸੌਰ ਊਰਜਾ ਪ੍ਰੋਜੈਕਟ ਸਮੇਤ ਵਿਭਿੰਨ ਅਖੁੱਟ ਊਰਜਾ ਪ੍ਰੋਜੈਕਟਾਂ, ਜਿਵੇਂ ਕਿ ਗਰਿੱਡ ਨਾਲ ਜੁੜੇ 600 ਮੈਗਾਵਾਟ ਸੋਲਰ ਪੀਵੀ ਪਾਵਰ ਪ੍ਰੋਜੈਕਟ; ਖਾਵੜਾ ਸੋਲਰ ਪਾਵਰ ਪ੍ਰੋਜੈਕਟ; 200 ਮੈਗਾਵਾਟ ਦਯਾਪੁਰ-II ਵਿੰਡ ਐਨਰਜੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ।
ਪ੍ਰਧਾਨ ਮੰਤਰੀ ਨੇ 9000 ਕਰੋੜ ਰੁਪਏ ਦੀ ਨਵੀਂ ਮੁੰਦਰਾ-ਪਾਣੀਪਤ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। 8.4 ਐੱਮਐੱਮਟੀਪੀਏ ਦੀ ਸਥਾਪਿਤ ਸਮਰੱਥਾ ਵਾਲੀ 1194 ਕਿਲੋਮੀਟਰ ਲੰਬੀ ਮੁੰਦਰਾ-ਪਾਣੀਪਤ ਪਾਈਪਲਾਈਨ ਨੂੰ ਗੁਜਰਾਤ ਤੱਟ 'ਤੇ ਮੁੰਦਰਾ ਤੋਂ ਹਰਿਆਣਾ ਦੇ ਪਾਣੀਪਤ ਵਿਖੇ ਇੰਡੀਅਨ ਆਇਲ ਦੀ ਰਿਫਾਇਨਰੀ ਤੱਕ ਕੱਚੇ ਤੇਲ ਨੂੰ ਲਿਜਾਣ ਲਈ ਚਾਲੂ ਕੀਤਾ ਗਿਆ ਸੀ। ਖੇਤਰ ਵਿੱਚ ਸੜਕ ਅਤੇ ਰੇਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੁਰਿੰਦਰਨਗਰ-ਰਾਜਕੋਟ ਰੇਲ ਲਾਈਨ ਨੂੰ ਡਬਲ ਕਰਨ ਨੂੰ ਸਮਰਪਿਤ ਕੀਤਾ; ਪੁਰਾਣੇ ਐੱਨਐੱਚ-8ਈ ਦੇ ਭਾਵਨਗਰ-ਤਲਾਜਾ (ਪੈਕੇਜ-I) ਨੂੰ ਅਤੇ ਐੱਨਐੱਚ-751 ਦੇ ਪਿਪਲੀ-ਭਾਵਨਗਰ (ਪੈਕੇਜ-I) ਨੂੰ ਚਹੁੰ-ਮਾਰਗੀ ਕਰਨਾ ਵੀ ਸ਼ਾਮਲ ਹੈ। ਹੋਰਨਾਂ ਕੰਮਾਂ ਦੇ ਨਾਲ-ਨਾਲ ਉਨ੍ਹਾਂ ਨੇ ਐੱਨਐੱਚ-27 ਦੇ ਸਮਖਿਆਲੀ ਤੋਂ ਸੰਤਾਲਪੁਰ ਸੈਕਸ਼ਨ ਤੱਕ ਛੇ ਮਾਰਗੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ।
******
ਡੀਐੱਸ/ਟੀਐੱਸ
(Release ID: 2008979)
Visitor Counter : 95
Read this release in:
Telugu
,
English
,
Urdu
,
Marathi
,
Hindi
,
Manipuri
,
Assamese
,
Gujarati
,
Tamil
,
Telugu
,
Kannada
,
Malayalam