ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਵਿਕਸਿਤ ਭਾਰਤ ਵਿਕਸਿਤ ਗੁਜਰਾਤ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਪੀਐੱਮ ਆਵਾਸ ਯੋਜਨਾ ਅਤੇ ਹੋਰ ਆਵਾਸ ਯੋਜਨਾਵਾਂ ਦੇ ਤਹਿਤ ਸਮੁੱਚੇ ਗੁਜਰਾਤ ਵਿੱਚ ਬਣੇ 1.3 ਲੱਖ ਤੋਂ ਵੱਧ ਘਰਾਂ ਦਾ ਉਦਘਾਟਨ ਅਤੇ ਭੂਮੀ ਪੂਜਨ ਕੀਤਾ

"ਇਤਨੀ ਬੜੀ ਸੰਖਿਆ ਵਿੱਚ ਤੁਹਾਡੇ ਅਸ਼ੀਰਵਾਦ, ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੇ ਹਨ"

"ਅੱਜ ਦਾ ਸਮਾਂ ਇਤਿਹਾਸ ਸਿਰਜਣ ਦਾ ਸਮਾਂ ਹੈ"

"ਸਾਡੀ ਸਰਕਾਰ ਦੀ ਕੋਸ਼ਿਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਹਰ ਕਿਸੇ ਦੇ ਸਿਰ 'ਤੇ ਪੱਕੀ ਛੱਤ ਹੋਵੇ"

“ਹਰ ਨਾਗਰਿਕ ਚਾਹੁੰਦਾ ਹੈ ਕਿ ਭਾਰਤ ਆਉਣ ਵਾਲੇ 25 ਸਾਲਾਂ ਵਿੱਚ ਇੱਕ ਵਿਕਸਿਤ ਦੇਸ਼ ਬਣੇ। ਇਸ ਲਈ ਹਰ ਕੋਈ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ"

"ਸਾਡੀਆਂ ਆਵਾਸ ਯੋਜਨਾਵਾਂ ਵਿੱਚ ਤੇਜ਼ ਰਫ਼ਤਾਰ ਨਾਲ ਮਕਾਨ ਬਣਾਉਣ ਲਈ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ"

"ਅਸੀਂ ਵਿਕਸਿਤ ਭਾਰਤ ਦੇ ਚਾਰ ਥੰਮ੍ਹਾਂ - ਨੌਜਵਾਨਾਂ, ਮਹਿਲਾਵਾਂ, ਕਿਸਾਨਾਂ ਅਤੇ ਗ਼ਰੀਬਾਂ ਦੇ ਸਸ਼ਕਤੀਕਰਣ ਲਈ ਪ੍ਰਤੀਬੱਧ ਹਾਂ"

''ਮੋਦੀ ਉਨ੍ਹਾਂ ਲੋਕਾਂ ਨੂੰ ਗਰੰਟੀ ਦੇ ਰਹੇ ਹਨ, ਜਿਨ੍ਹਾਂ ਲਈ ਕੋਈ ਗਰੰਟੀ ਨਹੀਂ ਸੀ''

“ਹਰ ਗ਼ਰੀਬ ਕਲਿਆਣ ਯੋਜਨਾ ਦੇ ਸਭ ਤੋਂ ਵੱਧ ਲਾਭਾਰਥੀ ਦਲਿਤ, ਓਬੀਸੀ ਅਤੇ ਆਦਿਵਾਸੀ ਪਰਿਵਾਰ ਹਨ”

Posted On: 10 FEB 2024 2:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਵਿਕਸਿਤ ਭਾਰਤ ਵਿਕਸਿਤ ਗੁਜਰਾਤ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਪੀਐੱਮ ਆਵਾਸ ਯੋਜਨਾ (ਪੀਐੱਮਏਵਾਈ) ਅਤੇ ਹੋਰ ਆਵਾਸ ਯੋਜਨਾਵਾਂ ਦੇ ਤਹਿਤ ਸਮੁੱਚੇ ਗੁਜਰਾਤ ਵਿੱਚ ਬਣਾਏ ਗਏ 1.3 ਲੱਖ ਤੋਂ ਵੱਧ ਘਰਾਂ ਦਾ ਉਦਘਾਟਨ ਅਤੇ ਭੂਮੀ ਪੂਜਨ ਕੀਤਾ। ਉਨ੍ਹਾਂ ਨੇ ਆਵਾਸ ਯੋਜਨਾ ਦੇ ਲਾਭਾਰਥੀਆਂ ਨਾਲ ਭੀ ਗੱਲਬਾਤ ਕੀਤੀ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟਾਈ ਕਿ ਗੁਜਰਾਤ ਦੇ ਹਰ ਹਿੱਸੇ ਦੇ ਲੋਕ ਗੁਜਰਾਤ ਦੀ ਵਿਕਾਸ ਯਾਤਰਾ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਵਾਇਬ੍ਰੈਂਟ ਗੁਜਰਾਤ ਵਿੱਚ ਆਪਣੀ ਹਾਲ ਹੀ ਵਿੱਚ ਭਾਗੀਦਾਰੀ ਨੂੰ ਯਾਦ ਕੀਤਾ, ਜਿਸ ਨੇ 20 ਸਾਲ ਪੂਰੇ ਕੀਤੇ ਹਨ। ਉਨ੍ਹਾਂ ਨੇ ਇੱਕ ਵਿਸ਼ਾਲ ਨਿਵੇਸ਼ ਸਮਾਗਮ ਯਾਨੀ ਵਾਇਬ੍ਰੈਂਟ ਗੁਜਰਾਤ ਦੇ ਆਯੋਜਨ ਲਈ ਗੁਜਰਾਤ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਗ਼ਰੀਬਾਂ ਦੀ ਮਲਕੀਅਤ ਵਾਲਾ ਘਰ, ਉਨ੍ਹਾਂ ਦੇ ਉੱਜਵਲ ਭਵਿੱਖ ਦੀ ਗਰੰਟੀ ਹੈ। ਬੀਤਦੇ ਸਮੇਂ ਅਤੇ ਵਧਦੇ ਪਰਿਵਾਰਾਂ ਦੇ ਮੱਦੇਨਜਰ ਪ੍ਰਧਾਨ ਮੰਤਰੀ ਨੇ ਹਰ ਗ਼ਰੀਬ ਲਈ ਨਵੇਂ ਘਰ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ 'ਤੇ ਜ਼ੋਰ ਦਿੱਤਾ ਅਤੇ ਲਗਭਗ 1.25 ਲੱਖ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਅੱਜ ਭੂਮੀ ਪੂਜਨ ਕੀਤਾ ਗਿਆ। ਉਨ੍ਹਾਂ ਅੱਜ ਆਪਣਾ ਨਵਾਂ ਘਰ ਪ੍ਰਾਪਤ ਕਰਨ ਵਾਲੇ ਸਾਰੇ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, "ਜਦੋਂ ਅਜਿਹੇ ਪੈਮਾਨੇ ਦਾ ਕੰਮ ਪੂਰਾ ਹੁੰਦਾ ਹੈ, ਤਾਂ ਰਾਸ਼ਟਰ ਇਸ ਨੂੰ 'ਮੋਦੀ ਕੀ ਗਰੰਟੀ' ਕਹਿੰਦਾ ਹੈ, ਜਿਸ ਦਾ ਅਰਥ ਹੈ ਗਰੰਟੀ ਪੂਰਤੀ ਦੀ ਗਰੰਟੀ"।

ਪ੍ਰਧਾਨ ਮੰਤਰੀ ਨੇ ਅੱਜ ਦੇ ਪ੍ਰੋਗਰਾਮ ਦੇ ਸੰਗਠਨ ਦੀ ਸ਼ਲਾਘਾ ਕੀਤੀ, ਜਿਸ ਵਿੱਚ ਰਾਜ ਦੇ 180 ਤੋਂ ਵੱਧ ਸਥਾਨਾਂ 'ਤੇ ਬੜੀ ਸੰਖਿਆ ਵਿੱਚ ਲੋਕ ਇਕੱਠੇ ਹੋਏ। ਉਨ੍ਹਾਂ ਨੇ ਕਿਹਾ, “ਇਤਨੀ ਬੜੀ ਸੰਖਿਆ ਵਿੱਚ ਤੁਹਾਡੇ ਅਸ਼ੀਰਵਾਦ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੇ ਹਨ। ਖੇਤਰ ਵਿੱਚ ਪਾਣੀ ਦੀ ਕਮੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰਤੀ ਬੂੰਦ ਵਧੇਰੇ ਫਸਲ ਅਤੇ ਤੁਪਕਾ ਸਿੰਚਾਈ ਜਿਹੀਆਂ ਪਹਿਲਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਬਨਾਸਕਾਂਠਾ, ਮਹਿਸਾਣਾ, ਅੰਬਾਜੀ ਅਤੇ ਪਾਟਨ ਵਿੱਚ ਖੇਤੀਬਾੜੀ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੰਬਾਜੀ ਵਿੱਚ ਵਿਕਾਸ ਦੇ ਯਤਨਾਂ ਨਾਲ ਸ਼ਰਧਾਲੂਆਂ ਦੀ ਗਿਣਤੀ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਅਹਿਮਦਾਬਾਦ ਤੋਂ ਆਬੂ ਰੋਡ ਤੱਕ ਬ੍ਰਾਡ ਗੇਜ ਲਾਈਨ, ਜੋ ਕਿ ਬ੍ਰਿਟਿਸ਼ ਕਾਲ ਤੋਂ ਲਟਕ ਰਹੀ ਸੀ, ਵੱਡੀ ਗਿਣਤੀ ਵਿੱਚ ਰੋਜ਼ਗਾਰ ਪੈਦਾ ਕਰੇਗੀ।

ਆਪਣੇ ਪਿੰਡ ਵਡਨਗਰ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਪ੍ਰਾਪਤ ਕੀਤੀਆਂ 3,000 ਸਾਲ ਪੁਰਾਣੀਆਂ ਪੁਰਾਣੀਆਂ ਕਲਾਕ੍ਰਿਤੀਆਂ ਦਾ ਜ਼ਿਕਰ ਕੀਤਾ, ਜੋ ਬੜੀ ਸੰਖਿਆ ਵਿੱਚ ਸੈਲਾਨੀਆਂ ਨੂੰ ਖਿੱਚ ਰਹੀਆਂ ਹਨ। ਉਨ੍ਹਾਂ ਨੇ ਹਟਕੇਸ਼ਵਰ, ਅੰਬਾਜੀ, ਪਾਟਨ ਅਤੇ ਤਰੰਗਾਜੀ ਵਰਗੀਆਂ ਥਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਤਰੀ ਗੁਜਰਾਤ ਹੌਲ਼ੀ-ਹੌਲ਼ੀ ਸਟੈਚੂ ਆਵ੍ ਯੂਨਿਟੀ ਵਾਂਗ ਟੂਰਿਜ਼ਮ ਕੇਂਦਰ ਬਣ ਰਿਹਾ ਹੈ।

ਨਵੰਬਰ, ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ, ਜਿਸ ਵਿੱਚ ਮੋਦੀ ਦੀ ਗਰੰਟੀ ਗੱਡੀ ਦੇਸ਼ ਦੇ ਲੱਖਾਂ ਪਿੰਡਾਂ ਵਿੱਚ ਪਹੁੰਚੀ, ਦੇ ਸਫ਼ਲ ਆਯੋਜਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਕਰੋੜਾਂ ਲੋਕ ਇਸ ਯਾਤਰਾ ਨਾਲ ਜੁੜੇ ਹਨ। ਉਨ੍ਹਾਂ ਨੇ ਦੇਸ਼ ਵਿੱਚ 25 ਕਰੋੜ ਲੋਕਾਂ ਦੇ ਗ਼ਰੀਬੀ ਤੋਂ ਬਾਹਰ ਨਿਕਲਣ ਵਿੱਚ ਮਦਦ ਕਰਨ ਲਈ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਯੋਜਨਾਵਾਂ ਦਾ ਲਾਭ ਲੈਣ, ਫੰਡ ਦਾ ਸਮਝਦਾਰੀ ਨਾਲ ਪ੍ਰਬੰਧਨ ਕਰਨ ਅਤੇ ਗ਼ਰੀਬੀ ਹਟਾਉਣ ਦੀਆਂ ਸਕੀਮਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਅਤੇ ਲਾਭਾਰਥੀਆਂ ਨੂੰ ਅੱਗੇ ਆਉਣ ਅਤੇ ਇਸ ਪਹਿਲ ਦਾ ਸਮਰਥਨ ਕਰਨ ਅਤੇ ਗ਼ਰੀਬੀ ਨੂੰ ਜੜ੍ਹੋਂ ਉਖਾੜਨ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਅੱਜ ਸ਼ੁਰੂ ਵਿੱਚ ਲਾਭਾਰਥੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਆਤਮ-ਵਿਸ਼ਵਾਸ ਦੀ ਸ਼ਲਾਘਾ ਕੀਤੀ, ਜਿਸ ਨੂੰ ਨਵੇਂ ਘਰਾਂ ਨਾਲ ਉਤਸ਼ਾਹ ਮਿਲਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਦਾ ਸਮਾਂ ਇਤਿਹਾਸ ਰਚਣ ਦਾ ਸਮਾਂ ਹੈ।" ਉਨ੍ਹਾਂ ਨੇ ਇਸ ਸਮੇਂ ਦੀ ਤੁਲਨਾ ਸਵਦੇਸ਼ੀ ਅੰਦੋਲਨ, ਭਾਰਤ ਛੱਡੋ ਅੰਦੋਲਨ ਅਤੇ ਡਾਂਡੀ ਮਾਰਚ ਦੇ ਸਮੇਂ ਨਾਲ ਕੀਤੀ, ਜਦੋਂ ਆਜ਼ਾਦੀ ਹਰ ਨਾਗਰਿਕ ਦਾ ਟੀਚਾ ਸੀ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਨਿਰਮਾਣ ਰਾਸ਼ਟਰ ਲਈ ਅਜਿਹਾ ਹੀ ਸੰਕਲਪ ਬਣ ਗਿਆ ਹੈ। ਉਨ੍ਹਾਂ ਨੇ 'ਰਾਜ ਦੀ ਪ੍ਰਗਤੀ ਰਾਹੀਂ ਰਾਸ਼ਟਰੀ ਵਿਕਾਸ' ਦੀ ਗੁਜਰਾਤ ਦੀ ਸੋਚ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, "ਅੱਜ ਦਾ ਪ੍ਰੋਗਰਾਮ ਵਿਕਸਿਤ ਭਾਰਤ ਲਈ ਵਿਕਸਿਤ ਗੁਜਰਾਤ ਦਾ ਹਿੱਸਾ ਹੈ।"

ਪ੍ਰਧਾਨ ਮੰਤਰੀ ਨੇ ਪੀਐੱਮ ਆਵਾਸ ਯੋਜਨਾ ਵਿੱਚ ਗੁਜਰਾਤ ਦੁਆਰਾ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਰਾਜ ਦੇ ਸ਼ਹਿਰੀ ਖੇਤਰਾਂ ਵਿੱਚ 9 ਲੱਖ ਤੋਂ ਵੱਧ ਘਰ ਬਣਾਏ ਗਏ ਹਨ। ਪੀਐੱਮ ਆਵਾਸ - ਗ੍ਰਾਮੀਣ ਦੇ ਤਹਿਤ ਗ੍ਰਾਮੀਣ ਖੇਤਰਾਂ ਵਿੱਚ 5 ਲੱਖ ਤੋਂ ਵੱਧ ਘਰ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਗੁਣਵੱਤਾ ਅਤੇ ਤੇਜ਼ੀ ਨਾਲ ਨਿਰਮਾਣ ਨੂੰ ਯਕੀਨੀ ਬਣਾਉਣ ਲਈ ਨਵੀਂ ਤਕਨੀਕ ਤੈਨਾਤ ਕੀਤੀ ਜਾ ਰਹੀ ਹੈ। ਉਨ੍ਹਾਂ ਲਾਇਟਹਾਊਸ ਪ੍ਰੋਜੈਕਟ ਦੇ ਤਹਿਤ ਬਣਾਏ ਗਏ 1100 ਘਰਾਂ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਕਿ 2014 ਤੋਂ ਪਹਿਲਾਂ ਦੇ ਸਮੇਂ ਦੇ ਮੁਕਾਬਲੇ ਗ਼ਰੀਬਾਂ ਲਈ ਘਰਾਂ ਦਾ ਨਿਰਮਾਣ ਤੇਜ਼ੀ ਨਾਲ ਹੋ ਰਿਹਾ ਹੈ। ਗ਼ਰੀਬਾਂ ਦੇ ਮਕਾਨਾਂ ਦੀ ਉਸਾਰੀ ਲਈ ਘੱਟ ਫੰਡਾਂ ਅਤੇ ਪਿਛਲੇ ਸਮਿਆਂ ਦੌਰਾਨ ਕਮਿਸ਼ਨਾਂ ਆਦਿ ਦੇ ਰੂਪ ਵਿੱਚ ਲੀਕੇਜ ਹੋਣ ਵੱਲ ਇਸ਼ਾਰਾ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬਾਂ ਦੇ ਘਰਾਂ ਲਈ ਟ੍ਰਾਂਸਫਰ ਕੀਤਾ ਗਿਆ ਪੈਸਾ ਹੁਣ 2.25 ਲੱਖ ਤੋਂ ਵੱਧ ਹੈ ਅਤੇ ਵਿਚੋਲਿਆਂ ਨੂੰ ਖ਼ਤਮ ਕਰਦੇ ਹੋਏ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪਖਾਨੇ ਬਣਾਉਣ, ਪਾਣੀ ਦੀ ਟੂਟੀ ਦੇ ਕਨੈਕਸ਼ਨ, ਬਿਜਲੀ ਅਤੇ ਗੈਸ ਕਨੈਕਸ਼ਨ ਦੀ ਸਪਲਾਈ ਕਰਨ ਦੇ ਨਾਲ-ਨਾਲ ਪਰਿਵਾਰਾਂ ਦੀਆਂ ਜ਼ਰੂਰਤਾਂ ਅਨੁਸਾਰ ਘਰ ਬਣਾਉਣ ਦੀ ਸੁਤੰਤਰਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, "ਇਹ ਸੁਵਿਧਾਵਾਂ ਗ਼ਰੀਬਾਂ ਨੂੰ ਪੈਸੇ ਦੀ ਬੱਚਤ ਕਰਨ ਵਿੱਚ ਮਦਦ ਕਰਦੀਆਂ ਹਨ।" ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਘਰ ਹੁਣ ਮਹਿਲਾਵਾਂ ਦੇ ਨਾਂ 'ਤੇ ਰਜਿਸਟਰ ਕੀਤੇ ਗਏ ਹਨ, ਜਿਸ ਨਾਲ ਉਹ ਘਰ ਦੀਆਂ ਮਾਲਕ ਬਣ ਰਹੀਆਂ ਹਨ।

ਇਸ ਗੱਲ ਨੂੰ ਦੁਹਰਾਉਂਦੇ ਹੋਏ ਕਿ ਨੌਜਵਾਨ, ਕਿਸਾਨ, ਮਹਿਲਾ ਅਤੇ ਗ਼ਰੀਬ ਵਿਕਸਿਤ ਭਾਰਤ ਦੇ ਚਾਰ ਥੰਮ੍ਹ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸਸ਼ਕਤੀਕਰਣ ਸਰਕਾਰ ਦੀ ਪ੍ਰਮੁੱਖ ਪ੍ਰਤੀਬੱਧਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਗ਼ਰੀਬ' ਵਿੱਚ ਹਰ ਸਮਾਜ ਸ਼ਾਮਲ ਹੈ। ਯੋਜਨਾਵਾਂ ਦਾ ਲਾਭ ਬਿਨਾ ਕਿਸੇ ਭੇਦਭਾਵ ਦੇ ਹਰ ਕਿਸੇ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਨੇ ਕਿਹਾ, ''ਮੋਦੀ ਉਨ੍ਹਾਂ ਲੋਕਾਂ ਦੀ ਗਰੰਟੀ ਹੈ, ਜਿਨ੍ਹਾਂ ਕੋਲ ਕੋਈ ਗਰੰਟੀ ਨਹੀਂ ਸੀ। ਉਨ੍ਹਾਂ ਨੇ ਮੁਦਰਾ ਯੋਜਨਾ ਦਾ ਵੀ ਜ਼ਿਕਰ ਕੀਤਾ ਜਿਸ ਨਾਲ ਹਰ ਭਾਈਚਾਰੇ ਦੇ ਉੱਦਮੀਆਂ ਨੂੰ ਜਮਾਨਤ ਰਹਿਤ ਕਰਜ਼ਾ ਮਿਲ ਸਕਦਾ ਹੈ। ਇਸੇ ਤਰ੍ਹਾਂ ਵਿਸ਼ਵਕਰਮਾ ਅਤੇ ਰੇਹੜੀ-ਪਟੜੀ ਵਿਕਰੇਤਾਵਾਂ ਨੂੰ ਵਿੱਤੀ ਸਾਧਨ ਅਤੇ ਹੁਨਰ ਪ੍ਰਦਾਨ ਕੀਤੇ ਗਏ ਸਨ। “ਹਰ ਗ਼ਰੀਬ ਕਲਿਆਣ ਯੋਜਨਾ ਦੇ ਸਭ ਤੋਂ ਵੱਧ ਲਾਭਾਰਥੀ ਦਲਿਤ, ਓਬੀਸੀ ਅਤੇ ਆਦਿਵਾਸੀ ਪਰਿਵਾਰ ਹਨ। ਉਨ੍ਹਾਂ ਨੇ ਕਿਹਾ, "ਮੋਦੀ ਦੀ ਗਰੰਟੀ ਤੋਂ ਜੇਕਰ ਕਿਸੇ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਹੈ, ਤਾਂ ਉਹ ਇਨ੍ਹਾਂ ਪਰਿਵਾਰਾਂ ਨੂੰ ਹੋਇਆ ਹੈ।''

ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ, “ਮੋਦੀ ਨੇ ਲਖਪਤੀ ਦੀਦੀ ਬਣਾਉਣ ਦੀ ਗਰੰਟੀ ਦਿੱਤੀ ਹੈ।" ਉਨ੍ਹਾਂ ਦੱਸਿਆ ਕਿ ਰਾਸ਼ਟਰ ਪਹਿਲਾਂ ਹੀ 1 ਕਰੋੜ ਲਖਪਤੀ ਦੀਦੀਆਂ ਦਾ ਘਰ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਗੁਜਰਾਤ ਦੀਆਂ ਮਹਿਲਾਵਾਂ ਵੀ ਸ਼ਾਮਲ ਹਨ। ਉਨ੍ਹਾਂ ਨੇ ਅਗਲੇ ਕੁਝ ਸਾਲਾਂ ਵਿੱਚ 3 ਕਰੋੜ ਲਖਪਤੀ ਦੀਦੀ ਬਣਾਉਣ ਲਈ ਸਰਕਾਰ ਦੇ ਯਤਨਾਂ ਨੂੰ ਦੁਹਰਾਇਆ ਅਤੇ ਕਿਹਾ ਕਿ ਇਹ ਗ਼ਰੀਬ ਪਰਿਵਾਰਾਂ ਨੂੰ ਵੱਡੇ ਪੱਧਰ 'ਤੇ ਸਸ਼ਕਤ ਕਰੇਗਾ। ਉਨ੍ਹਾਂ ਨੇ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੂੰ ਹੁਣ ਇਸ ਸਾਲ ਦੇ ਬਜਟ ਵਿੱਚ ਆਯੁਸ਼ਮਾਨ ਯੋਜਨਾ ਦੇ ਤਹਿਤ ਲਿਆਂਦਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਗ਼ਰੀਬ ਅਤੇ ਮੱਧ ਵਰਗ ਦੇ ਖਰਚਿਆਂ ਨੂੰ ਘਟਾਉਣ 'ਤੇ ਸਰਕਾਰ ਦੇ ਜ਼ੋਰ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਮੁਫਤ ਰਾਸ਼ਨ, ਹਸਪਤਾਲਾਂ ਵਿੱਚ ਸਸਤੀਆਂ ਇਲਾਜ ਸੁਵਿਧਾਵਾਂ, ਸਸਤੀਆਂ ਦਵਾਈਆਂ, ਮੋਬਾਈਲ ਫੋਨਾਂ ਦੇ ਘੱਟ ਬਿੱਲ, ਉੱਜਵਲਾ ਯੋਜਨਾ ਤਹਿਤ ਗੈਸ ਸਿਲੰਡਰ ਅਤੇ ਬਿਜਲੀ ਦੇ ਬਿਲਾਂ ਨੂੰ ਘਟਾਉਣ ਵਾਲੇ ਐੱਲਈਡੀ ਬੱਲਬਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਬਿਜਲੀ ਦੇ ਬਿਲਾਂ ਨੂੰ ਘਟਾਉਣ ਅਤੇ ਪੈਦਾ ਹੋਈ ਵਾਧੂ ਬਿਜਲੀ ਤੋਂ ਕਮਾਈ ਕਰਨ ਲਈ 1 ਕਰੋੜ ਘਰਾਂ ਲਈ ਰੂਫਟਾਪ ਸੋਲਰ ਯੋਜਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 300 ਯੂਨਿਟ ਬਿਜਲੀ ਮੁਫ਼ਤ ਹੋ ਜਾਵੇਗੀ ਅਤੇ ਸਰਕਾਰ ਹਰ ਸਾਲ ਹਜ਼ਾਰਾਂ ਰੁਪਏ ਦੀ ਬਿਜਲੀ ਖਰੀਦੇਗੀ। ਮੋਢੇਰਾ ਵਿੱਚ ਬਣੇ 'ਸੋਲਰ ਵਿਲੇਜ' ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਜਿਹੀ ਕ੍ਰਾਂਤੀ ਹੁਣ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲੇਗੀ। ਉਨ੍ਹਾਂ ਨੇ ਬੰਜਰ ਜ਼ਮੀਨਾਂ 'ਤੇ ਸੋਲਰ ਪੰਪ ਅਤੇ ਛੋਟੇ ਸੋਲਰ ਪਲਾਂਟ ਲਗਾਉਣ ਵਿੱਚ ਕਿਸਾਨਾਂ ਦੀ ਮਦਦ ਕਰਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਗੁਜਰਾਤ ਵਿੱਚ ਸੌਰ ਊਰਜਾ ਰਾਹੀਂ ਕਿਸਾਨਾਂ ਨੂੰ ਇੱਕ ਵੱਖਰਾ ਫੀਡਰ ਮੁਹੱਈਆ ਕਰਵਾਉਣ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਨਾਲ ਕਿਸਾਨ ਦਿਨ ਵੇਲੇ ਭੀ ਸਿੰਚਾਈ ਲਈ ਬਿਜਲੀ ਪ੍ਰਾਪਤ ਕਰ ਸਕਣਗੇ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਗੁਜਰਾਤ ਨੂੰ ਵਪਾਰਕ ਰਾਜ ਵਜੋਂ ਚਿੰਨ੍ਹਤ ਕੀਤਾ ਗਿਆ ਹੈ ਅਤੇ ਇਸ ਦੀ ਵਿਕਾਸ ਯਾਤਰਾ ਨਾਲ ਉਦਯੋਗਿਕ ਵਿਕਾਸ ਲਈ ਨਵਾਂ ਹੁਲਾਰਾ ਮਿਲ ਰਿਹਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਨੌਜਵਾਨਾਂ ਕੋਲ ਉਦਯੋਗਿਕ ਪਾਵਰ ਹਾਊਸ ਬਣਨ ਦੇ ਬੇਮਿਸਾਲ ਮੌਕੇ ਹਨ। ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦਾ ਨੌਜਵਾਨ ਅੱਜ ਸੂਬੇ ਨੂੰ ਹਰ ਖੇਤਰ ਵਿੱਚ ਨਵੀਆਂ ਉਚਾਈਆਂ 'ਤੇ ਲੈ ਜਾ ਰਿਹਾ ਹੈ ਅਤੇ ਹਰ ਕਦਮ 'ਤੇ ਡਬਲ ਇੰਜਣ ਵਾਲੀ ਸਰਕਾਰ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ।

ਪਿਛੋਕੜ

ਇਹ ਪ੍ਰੋਗਰਾਮ ਗੁਜਰਾਤ ਦੇ ਸਾਰੇ ਜ਼ਿਲ੍ਹਿਆਂ ਵਿੱਚ 180 ਤੋਂ ਵੱਧ ਥਾਵਾਂ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਮੁੱਖ ਪ੍ਰੋਗਰਾਮ ਜ਼ਿਲ੍ਹਾ ਬਨਾਸਕਾਂਠਾ ਵਿੱਚ ਆਯੋਜਿਤ ਕੀਤਾ ਗਿਆ ਹੈ। ਰਾਜ-ਵਿਆਪੀ ਪ੍ਰੋਗਰਾਮ ਵਿੱਚ ਆਵਾਸ ਸਕੀਮਾਂ ਸਮੇਤ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਹਜ਼ਾਰਾਂ ਲਾਭਾਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ, ਗੁਜਰਾਤ ਸਰਕਾਰ ਦੇ ਹੋਰ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਸਥਾਨਕ ਪੱਧਰ ਦੇ ਨੁਮਾਇੰਦੇ ਸ਼ਾਮਲ ਹੋਏ।

 

**************** 

 

ਡੀਐੱਸ/ਟੀਐੱਸ 



(Release ID: 2004875) Visitor Counter : 41