ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਸੰਬਲਪੁਰ ਵਿੱਚ 68,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ
ਉਨ੍ਹਾਂ ਨੇ ਲਗਭਗ 28,980 ਕਰੋੜ ਰੁਪਏ ਦੇ ਕਈ ਪਾਵਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
ਲਗਭਗ 2110 ਕਰੋੜ ਰੁਪਏ ਦੀ ਸੰਚਿਤ ਲਾਗਤ ਨਾਲ ਵਿਕਸਿਤ ਕੀਤੇ ਗਏ ਰਾਸ਼ਟਰੀ ਰਾਜਮਾਰਗਾਂ ਦੇ ਤਿੰਨ ਰੋਡ ਸੈਕਟਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
ਕਰੀਬ 2146 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
ਸੰਬਲਪੁਰ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ
ਪੁਰੀ-ਸੋਨਪੁਰ-ਪੁਰੀ ਵੀਕਲੀ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਆਈਆਈਐੱਮ, ਸੰਬਲਪੁਰ ਦੇ ਸਥਾਈ ਕੈਂਪਸ ਦਾ ਉਦਘਾਟਨ ਕੀਤਾ
"ਅੱਜ, ਦੇਸ਼ ਨੇ ਆਪਣੇ ਮਹਾਨ ਸਪੂਤਾਂ ਵਿੱਚੋਂ ਇੱਕ, ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਆਡਵਾਣੀ ਨੂੰ ਭਾਰਤ ਰਤਨ ਦੇਣ ਦਾ ਫ਼ੈਸਲਾ ਕੀਤਾ ਹੈ"
"ਸਰਕਾਰ ਨੇ ਓਡੀਸ਼ਾ ਨੂੰ ਸਿੱਖਿਆ ਅਤੇ ਕੌਸ਼ਲ ਵਿਕਾਸ ਦਾ ਕੇਂਦਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਹਨ"
"ਵਿਕਸਿਤ ਭਾਰਤ ਦਾ ਲਕਸ਼ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਸਾਰੇ ਰਾਜ ਵਿਕਸਿਤ ਹੋ ਜਾਣ"
"ਓਡੀਸ਼ਾ ਨੂੰ ਪਿਛਲੇ 10 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦੁਆਰਾ ਬਣਾਈਆਂ ਗਈਆਂ ਨੀਤੀਆਂ ਤੋਂ ਬਹੁਤ ਫਾਇਦਾ ਹੋਇਆ ਹੈ"
Posted On:
03 FEB 2024 3:34PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਦੇ ਸੰਬਲਪੁਰ ਵਿੱਚ 68,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ ਜਿਨ੍ਹਾਂ ਦਾ ਉਦੇਸ਼ ਸੜਕ, ਰੇਲਵੇ ਅਤੇ ਉਚੇਰੀ ਸਿੱਖਿਆ ਖੇਤਰ ਤੋਂ ਇਲਾਵਾ ਕੁਦਰਤੀ ਗੈਸ, ਕੋਲਾ ਅਤੇ ਬਿਜਲੀ ਉਤਪਾਦਨ ਨੂੰ ਸ਼ਾਮਲ ਕਰਨ ਵਾਲੇ ਊਰਜਾ ਸੈਕਟਰ ਨੂੰ ਹੁਲਾਰਾ ਦੇਣਾ ਹੈ। ਇਸ ਮੌਕੇ ਸ਼੍ਰੀ ਮੋਦੀ ਨੇ ਆਈਆਈਐੱਮ ਸੰਬਲਪੁਰ ਦੇ ਮਾਡਲ ਅਤੇ ਲਗਾਈ ਗਈ ਫੋਟੋ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਓਡੀਸ਼ਾ ਦੀ ਵਿਕਾਸ ਯਾਤਰਾ ਲਈ ਮਹੱਤਵਪੂਰਨ ਮੌਕਾ ਹੈ ਕਿਉਂਕਿ ਅੱਜ ਸਿੱਖਿਆ, ਰੇਲਵੇ, ਸੜਕਾਂ, ਬਿਜਲੀ ਅਤੇ ਪੈਟਰੋਲੀਅਮ ਦੇ ਖੇਤਰਾਂ ਵਿੱਚ ਲਗਭਗ 70,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਲਾਂਚ ਕੀਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਓਡੀਸ਼ਾ ਦੇ ਗ਼ਰੀਬ ਵਰਗ, ਮਜ਼ਦੂਰ, ਕੰਮਕਾਜੀ ਵਰਗ, ਕਾਰੋਬਾਰੀ ਮਾਲਕ ਅਤੇ ਕਿਸਾਨਾਂ ਸਮੇਤ ਸਮਾਜ ਦੇ ਹੋਰ ਸਾਰੇ ਵਰਗਾਂ ਨੂੰ ਅੱਜ ਦੇ ਵਿਕਾਸ ਪ੍ਰੋਜੈਕਟਾਂ ਦਾ ਲਾਭ ਮਿਲੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਨਾਲ ਓਡੀਸ਼ਾ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਵੀ ਪੈਦਾ ਹੋਣਗੇ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ, ਸ਼੍ਰੀ ਲਾਲ ਕ੍ਰਿਸ਼ਨ ਆਡਵਾਣੀ ਨੂੰ ਭਾਰਤ ਰਤਨ ਪ੍ਰਦਾਨ ਕਰਨ ਦੇ ਸਰਕਾਰ ਦੇ ਫ਼ੈਸਲੇ ਦੀ ਘੋਸ਼ਣਾ ਕਰਦੇ ਹੋਏ ਖੁਸ਼ੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਉਪ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਦੇ ਨਾਲ-ਨਾਲ ਸੰਸਦ ਦੇ ਇੱਕ ਉੱਘੇ ਅਤੇ ਨਿਸ਼ਠਾਵਾਨ ਮੈਂਬਰ ਵਜੋਂ ਦਹਾਕਿਆਂ ਦੇ ਅਨੁਭਵ ਦੇ ਰੂਪ ਵਿੱਚ ਸ਼੍ਰੀ ਆਡਵਾਣੀ ਦੇ ਬੇਮਿਸਾਲ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਆਡਵਾਣੀ ਜੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਰਾਸ਼ਟਰ ਉਨ੍ਹਾਂ ਲੋਕਾਂ ਨੂੰ ਕਦੇ ਨਹੀਂ ਭੁੱਲਦਾ ਜੋ ਇਸ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ।" ਪ੍ਰਧਾਨ ਮੰਤਰੀ ਨੇ ਸ਼੍ਰੀ ਲਾਲ ਕ੍ਰਿਸ਼ਨ ਆਡਵਾਣੀ ਦੁਆਰਾ ਦਿਖਾਏ ਗਏ ਪਿਆਰ, ਅਸ਼ੀਰਵਾਦ ਅਤੇ ਮਾਰਗਦਰਸ਼ਨ ਲਈ ਆਪਣੇ ਚੰਗੇ ਭਾਗਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਨਾਗਰਿਕਾਂ ਦੀ ਤਰਫੋਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਓਡੀਸ਼ਾ ਨੂੰ ਸਿੱਖਿਆ ਅਤੇ ਕੌਸ਼ਲ ਵਿਕਾਸ ਦਾ ਕੇਂਦਰ ਬਣਾਉਣ ਲਈ ਕੇਂਦਰ ਸਰਕਾਰ ਦੁਆਰਾ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਿਛਲੇ ਦਹਾਕੇ ਵਿੱਚ ਆਈਆਈਐੱਸਈਆਰ ਬਰਹਮਪੁਰ ਅਤੇ ਭੁਵਨੇਸ਼ਵਰ ਦੇ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ ਜਿਹੀਆਂ ਆਧੁਨਿਕ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਨਾਲ ਓਡੀਸ਼ਾ ਦੇ ਨੌਜਵਾਨਾਂ ਦੀ ਕਿਸਮਤ ਬਦਲ ਗਈ ਹੈ। ਹੁਣ, ਪ੍ਰਬੰਧਨ ਦੇ ਇੱਕ ਆਧੁਨਿਕ ਸੰਸਥਾਨ ਵਜੋਂ ਆਈਆਈਐੱਮ ਸੰਬਲਪੁਰ ਦੀ ਸਥਾਪਨਾ ਨਾਲ, ਰਾਜ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਮਹਾਮਾਰੀ ਦੇ ਦੌਰਾਨ ਆਈਆਈਐੱਮ (ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ) ਦੇ ਨੀਂਹ ਪੱਥਰ ਨੂੰ ਯਾਦ ਕੀਤਾ ਅਤੇ ਸਾਰੀਆਂ ਰੁਕਾਵਟਾਂ ਦੇ ਦਰਮਿਆਨ ਇਸ ਨੂੰ ਪੂਰਾ ਕਰਨ ਨਾਲ ਜੁੜੇ ਲੋਕਾਂ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਹਰ ਖੇਤਰ ਵਿੱਚ ਓਡੀਸ਼ਾ ਨੂੰ ਵੱਧ ਤੋਂ ਵੱਧ ਸਹਾਇਤਾ ਦੇਣ ਦਾ ਜ਼ਿਕਰ ਕਰਦਿਆਂ ਕਿਹਾ “ਵਿਕਸਿਤ ਭਾਰਤ ਦਾ ਲਕਸ਼ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਸਾਰੇ ਰਾਜਾਂ ਦਾ ਵਿਕਾਸ ਕੀਤਾ ਜਾਵੇ।”
ਪਿਛਲੇ 10 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦੇ ਪ੍ਰਯਾਸਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਪੈਟਰੋਲੀਅਮ ਅਤੇ ਪੈਟਰੋਕੈਮੀਕਲ ਸੈਕਟਰ ਵਿੱਚ ਲਗਭਗ 1.25 ਲੱਖ ਕਰੋੜ ਰੁਪਏ ਦੇ ਨਿਵੇਸ਼, ਰਾਜ ਦੇ ਰੇਲਵੇ ਬਜਟ ਵਿੱਚ 12 ਗੁਣਾ ਤੋਂ ਅਧਿਕ ਵਾਧੇ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਓਡੀਸ਼ਾ ਦੇ ਗ੍ਰਾਮੀਣ ਖੇਤਰਾਂ ਵਿੱਚ 50,000 ਕਿਲੋਮੀਟਰ ਸੜਕਾਂ ਅਤੇ 4,000 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਦਾ ਜ਼ਿਕਰ ਕੀਤਾ। ਅੱਜ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਉਦਘਾਟਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਓਡੀਸ਼ਾ ਅਤੇ ਝਾਰਖੰਡ ਦਰਮਿਆਨ ਅੰਤਰ-ਰਾਜੀ ਕਨੈਕਟੀਵਿਟੀ ਹੋਣ ਦੇ ਨਾਲ-ਨਾਲ ਯਾਤਰਾ ਦੀ ਦੂਰੀ ਵੀ ਘਟੇਗੀ। ਇਹ ਨੋਟ ਕਰਦੇ ਹੋਏ ਕਿ ਇਹ ਖੇਤਰ ਖਣਨ, ਬਿਜਲੀ ਅਤੇ ਸਟੀਲ ਉਦਯੋਗਾਂ ਵਿੱਚ ਆਪਣੀ ਸਮਰੱਥਾ ਲਈ ਜਾਣਿਆ ਜਾਂਦਾ ਹੈ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵੀਂ ਕਨੈਕਟੀਵਿਟੀ ਪੂਰੇ ਖੇਤਰ ਵਿੱਚ ਨਵੇਂ ਉਦਯੋਗਾਂ ਲਈ ਸੰਭਾਵਨਾਵਾਂ ਪੈਦਾ ਕਰੇਗੀ, ਜਿਸ ਨਾਲ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਨੇ ਸੰਬਲਪੁਰ-ਤਾਲਚੇਰ ਰੇਲ ਸੈਕਸ਼ਨ ਨੂੰ ਡਬਲ ਲਾਈਨ ਕਰਨ ਅਤੇ ਝਾਰ-ਤਰਭਾ ਤੋਂ ਸੋਨਪੁਰ ਸੈਕਸ਼ਨ ਤੱਕ ਨਵੀਂ ਰੇਲ ਲਾਈਨ ਦੇ ਉਦਘਾਟਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, "ਸੁਬਰਨਪੁਰ ਜ਼ਿਲ੍ਹੇ ਨੂੰ ਪੁਰੀ-ਸੋਨਪੁਰ ਐਕਸਪ੍ਰੈੱਸ ਨਾਲ ਵੀ ਜੋੜਿਆ ਜਾਵੇਗਾ, ਜਿਸ ਨਾਲ ਸ਼ਰਧਾਲੂਆਂ ਲਈ ਭਗਵਾਨ ਜਗਨਨਾਥ ਦੇ ਦਰਸ਼ਨ ਕਰਨਾ ਅਸਾਨ ਹੋ ਜਾਵੇਗਾ।" ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਅੱਜ ਉਦਘਾਟਨ ਕੀਤੇ ਗਏ ਸੁਪਰਕ੍ਰਿਟੀਕਲ ਅਤੇ ਅਲਟਰਾ-ਸੁਪਰਕ੍ਰਿਟੀਕਲ ਥਰਮਲ ਪਲਾਂਟ ਓਡੀਸ਼ਾ ਦੇ ਹਰ ਪਰਿਵਾਰ ਲਈ ਲੋੜੀਂਦੀ ਅਤੇ ਸਸਤੀ ਬਿਜਲੀ ਯਕੀਨੀ ਬਣਾਉਣਗੇ।
ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਮਾਈਨਿੰਗ ਨੀਤੀ ਵਿੱਚ ਬਦਲਾਅ ਤੋਂ ਬਾਅਦ ਓਡੀਸ਼ਾ ਦੀ ਆਮਦਨ 10 ਗੁਣਾ ਵਧ ਗਈ ਹੈ, ਉਨ੍ਹਾਂ ਨੇ ਕਿਹਾ, “ਓਡੀਸ਼ਾ ਨੂੰ ਪਿਛਲੇ 10 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦੁਆਰਾ ਬਣਾਈਆਂ ਗਈਆਂ ਨੀਤੀਆਂ ਤੋਂ ਬਹੁਤ ਫਾਇਦਾ ਹੋਇਆ ਹੈ।” ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਕਿ ਪਿਛਲੀ ਨੀਤੀ ਜਿੱਥੇ ਖਣਿਜ ਉਤਪਾਦਨ ਦੇ ਲਾਭ ਉਨ੍ਹਾਂ ਖੇਤਰਾਂ ਅਤੇ ਰਾਜਾਂ ਨੂੰ ਉਪਲਬਧ ਨਹੀਂ ਸਨ ਜਿੱਥੇ ਖਣਨ ਹੁੰਦੀ ਸੀ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮੁੱਦੇ ਨੂੰ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਦੇ ਗਠਨ ਨਾਲ ਹੱਲ ਕੀਤਾ ਗਿਆ ਸੀ ਜਿਸ ਨੇ ਮਾਈਨਿੰਗ ਦੁਆਰਾ ਪ੍ਰਾਪਤ ਆਮਦਨ ਤੋਂ ਉਸੇ ਖੇਤਰ ਦੇ ਵਿਕਾਸ ਵਿੱਚ ਨਿਵੇਸ਼ ਨੂੰ ਯਕੀਨੀ ਬਣਾਇਆ ਸੀ। ਉਨ੍ਹਾਂ ਨੇ ਕਿਹਾ "ਓਡੀਸ਼ਾ ਨੂੰ ਹੁਣ ਤੱਕ 25,000 ਕਰੋੜ ਰੁਪਏ ਤੋਂ ਵੱਧ ਪ੍ਰਾਪਤ ਹੋਏ ਹਨ ਅਤੇ ਇਹ ਪੈਸਾ ਉਸ ਖੇਤਰ ਦੇ ਲੋਕਾਂ ਦੀ ਭਲਾਈ ਲਈ ਵਰਤਿਆ ਜਾ ਰਿਹਾ ਹੈ ਜਿੱਥੇ ਮਾਈਨਿੰਗ ਹੋ ਰਹੀ ਹੈ।" ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਰਾਜ ਦੇ ਵਿਕਾਸ ਲਈ ਉਸੇ ਤਰ੍ਹਾਂ ਸਮਰਪਿਤ ਭਾਵਨਾ ਨਾਲ ਕੰਮ ਕਰਦੀ ਰਹੇਗੀ।
ਇਸ ਮੌਕੇ 'ਤੇ, ਹੋਰਨਾਂ ਤੋਂ ਇਲਾਵਾ, ਓਡੀਸ਼ਾ ਦੇ ਰਾਜਪਾਲ, ਸ਼੍ਰੀ ਰਘੁਬਰ ਦਾਸ, ਓਡੀਸ਼ਾ ਦੇ ਮੁੱਖ ਮੰਤਰੀ, ਸ਼੍ਰੀ ਨਵੀਨ ਪਟਨਾਇਕ, ਕੇਂਦਰੀ ਸਿੱਖਿਆ, ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਵੀ ਮੌਜੂਦ ਸਨ।
ਪਿਛੋਕੜ
ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ, ਓਡੀਸ਼ਾ ਦੇ ਸੰਬਲਪੁਰ ਵਿੱਚ ਇੱਕ ਜਨ ਸਭਾ ਵਿੱਚ, ਊਰਜਾ ਖੇਤਰ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆ ਗਿਆ।
ਪ੍ਰਧਾਨ ਮੰਤਰੀ ਨੇ 'ਜਗਦੀਸ਼ਪੁਰ-ਹਲਦੀਆ ਅਤੇ ਬੋਕਾਰੋ-ਧਾਮਰਾ ਪਾਈਪਲਾਈਨ ਪ੍ਰੋਜੈਕਟ (ਜੇਐੱਚਬੀਡੀਪੀਐੱਲ-JHBDPL)' ਦੇ 'ਧਾਮਰਾ - ਅੰਗੁਲ ਪਾਈਪਲਾਈਨ ਸੈਕਸ਼ਨ' (412 ਕਿਲੋਮੀਟਰ) ਦਾ ਉਦਘਾਟਨ ਕੀਤਾ। 'ਪ੍ਰਧਾਨ ਮੰਤਰੀ ਊਰਜਾ ਗੰਗਾ' ਦੇ ਤਹਿਤ 2450 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਇਆ ਗਿਆ, ਇਹ ਪ੍ਰੋਜੈਕਟ ਓਡੀਸ਼ਾ ਨੂੰ ਰਾਸ਼ਟਰੀ ਗੈਸ ਗਰਿੱਡ ਨਾਲ ਜੋੜੇਗਾ। ਪ੍ਰਧਾਨ ਮੰਤਰੀ ਨੇ ਮੁੰਬਈ-ਨਾਗਪੁਰ-ਝਾਰਸੁਗੁਡਾ ਪਾਈਪਲਾਈਨ ਦੇ ‘ਨਾਗਪੁਰ ਝਾਰਸੁਗੁਡਾ ਨੈਚੁਰਲ ਗੈਸ ਪਾਈਪਲਾਈਨ ਸੈਕਸ਼ਨ’ (692 ਕਿਲੋਮੀਟਰ) ਦਾ ਨੀਂਹ ਪੱਥਰ ਵੀ ਰੱਖਿਆ। 2660 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਇਸ ਪ੍ਰੋਜੈਕਟ ਨਾਲ ਓਡੀਸ਼ਾ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਜਿਹੇ ਰਾਜਾਂ ਲਈ ਕੁਦਰਤੀ ਗੈਸ ਦੀ ਉਪਲਬਧਤਾ ਵਿੱਚ ਸੁਧਾਰ ਹੋਵੇਗਾ।
ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਲਗਭਗ 28,980 ਕਰੋੜ ਰੁਪਏ ਦੇ ਕਈ ਪਾਵਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲੇ ਵਿੱਚ ਐੱਨਟੀਪੀਸੀ (NTPC) ਦਰਲੀਪਾਲੀ ਸੁਪਰ ਥਰਮਲ ਪਾਵਰ ਸਟੇਸ਼ਨ (2x800 ਮੈਗਾਵਾਟ) ਅਤੇ ਐੱਨਐੱਸਪੀਸੀਐੱਲ (NSPCL) ਰੋਰਕੇਲਾ ਪੀਪੀ-II ਵਿਸਤਾਰ ਪ੍ਰੋਜੈਕਟ (1x250 ਮੈਗਾਵਾਟ) ਸ਼ਾਮਲ ਹਨ। ਉਨ੍ਹਾਂ ਓਡੀਸ਼ਾ ਦੇ ਅੰਗੁਲ ਜ਼ਿਲ੍ਹੇ ਵਿੱਚ ਐੱਨਟੀਪੀਸੀ (NTPC) ਤਾਲਚੇਰ ਥਰਮਲ ਪਾਵਰ ਪ੍ਰੋਜੈਕਟ, ਪੜਾਅ-III (2x660 ਮੈਗਾਵਾਟ) ਦਾ ਨੀਂਹ ਪੱਥਰ ਵੀ ਰੱਖਿਆ। ਇਹ ਪਾਵਰ ਪ੍ਰੋਜੈਕਟ ਓਡੀਸ਼ਾ ਦੇ ਨਾਲ-ਨਾਲ ਕਈ ਹੋਰ ਰਾਜਾਂ ਨੂੰ ਘੱਟ ਲਾਗਤ ਵਾਲੀ ਬਿਜਲੀ ਸਪਲਾਈ ਕਰਨਗੇ।
ਪ੍ਰਧਾਨ ਮੰਤਰੀ ਨੇ 27000 ਕਰੋੜ ਰੁਪਏ ਤੋਂ ਵੱਧ ਦੇ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ (ਐੱਨਐੱਲਸੀ) ਤਾਲਾਬੀਰਾ ਥਰਮਲ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਆਤਮਨਿਰਭਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਮਜ਼ਬੂਤ ਕਰਦੇ ਹੋਏ, ਇਹ ਅਤਿ-ਆਧੁਨਿਕ ਪ੍ਰੋਜੈਕਟ ਭਰੋਸੇਯੋਗ, ਕਿਫਾਇਤੀ ਅਤੇ ਚੌਵੀ ਘੰਟੇ ਬਿਜਲੀ ਪ੍ਰਦਾਨ ਕਰੇਗਾ ਜੋ ਦੇਸ਼ ਦੀ ਊਰਜਾ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ ਅਤੇ ਦੇਸ਼ ਦੇ ਆਰਥਿਕ ਵਿਕਾਸ ਅਤੇ ਸਮ੍ਰਿੱਧੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਪ੍ਰਧਾਨ ਮੰਤਰੀ ਨੇ ਅੰਗੁਲ ਜ਼ਿਲੇ ਦੇ ਤਾਲਚੇਰ ਕੋਲਫੀਲਡਜ਼ ਵਿੱਚ ਫਸਟ ਮਾਈਲ ਕਨੈਕਟੀਵਿਟੀ (ਐੱਫਐੱਮਸੀ - FMC) ਪ੍ਰੋਜੈਕਟਾਂ - ਭੁਵਨੇਸ਼ਵਰੀ ਫੇਜ਼-1 ਅਤੇ ਲਾਜਕੁਰਾ ਰੈਪਿਡ ਲੋਡਿੰਗ ਸਿਸਟਮ (ਆਰਐੱਲਐੱਸ - RLS) ਸਮੇਤ ਮਹਾਨਦੀ ਕੋਲਫੀਲਡਜ਼ ਲਿਮਿਟਿਡ ਦੇ ਕੋਲਾ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਲਗਭਗ 2145 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ, ਇਹ ਪ੍ਰੋਜੈਕਟ ਓਡੀਸ਼ਾ ਤੋਂ ਸੁੱਕੇ ਈਂਧਣ (dry fuel) ਦੀ ਗੁਣਵੱਤਾ ਅਤੇ ਸਪਲਾਈ ਨੂੰ ਹੁਲਾਰਾ ਦੇਣਗੇ। ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਝਾਰਸੁਗੁੜਾ ਜ਼ਿਲ੍ਹੇ ਵਿੱਚ 550 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਆਈਬੀ ਵੈਲੀ ਵਾਸ਼ਰੀ ਦਾ ਵੀ ਉਦਘਾਟਨ ਕੀਤਾ। ਇਹ ਗੁਣਵੱਤਾ ਲਈ ਕੋਲੇ ਦੀ ਪ੍ਰੋਸੈੱਸਿੰਗ ਵਿੱਚ ਇੱਕ ਪੈਰਾਡਾਈਮ ਸ਼ਿਫਟ ਦਾ ਪ੍ਰਤੀਕ ਹੋਵੇਗਾ, ਜੋ ਨਵੀਨਤਾ ਅਤੇ ਸਥਿਰਤਾ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ 878 ਕਰੋੜ ਰੁਪਏ ਦੇ ਨਿਵੇਸ਼ ਨਾਲ ਮਹਾਨਦੀ ਕੋਲਫੀਲਡਜ਼ ਲਿਮਿਟਿਡ ਦੁਆਰਾ ਬਣਾਈ ਗਈ ਝਾਰਸੁਗੁਡਾ-ਬਾਰਪਾਲੀ-ਸਰਦੇਗਾ ਰੇਲ ਲਾਈਨ ਫੇਜ਼-1 ਦੇ 50 ਕਿਲੋਮੀਟਰ ਲੰਬੇ ਦੂਸਰੇ ਟ੍ਰੈਕ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
ਪ੍ਰਧਾਨ ਮੰਤਰੀ ਨੇ ਲਗਭਗ 2110 ਕਰੋੜ ਰੁਪਏ ਦੀ ਸੰਚਿਤ ਲਾਗਤ ਨਾਲ ਵਿਕਸਿਤ ਕੀਤੇ ਤਿੰਨ ਰਾਸ਼ਟਰੀ ਰਾਜਮਾਰਗ ਰੋਡ ਸੈਕਟਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਐੱਨਐੱਚ 215 (ਨਵਾਂ ਐੱਨਐੱਚ ਨੰ. 520) ਦੇ ਰਿਮੁਲੀ-ਕੋਇਦਾ ਸੈਕਸ਼ਨ ਨੂੰ ਚਾਰ ਮਾਰਗੀ ਕਰਨਾ, ਐੱਨਐੱਚ 23 (ਨਵਾਂ ਐੱਨਐੱਚ ਨੰ. 143) ਦੇ ਬੀਰਮਿਤਰਪੁਰ-ਬ੍ਰਾਹਮਣੀ ਬਾਈਪਾਸ ਸਿਰੇ ਵਾਲੇ ਭਾਗ ਨੂੰ ਚਾਰ ਲੇਨ ਕਰਨਾ ਅਤੇ ਐੱਨਐੱਚ 23 (ਨਵਾਂ ਐੱਨਐੱਚ ਨੰ. 143) ਦੇ ਬ੍ਰਾਹਮਣੀ ਬਾਈਪਾਸ ਸਿਰੇ-ਰਾਜਾਮੁੰਡਾ ਸੈਕਸ਼ਨ ਨੂੰ ਚਾਰ ਲੇਨ ਬਣਾਉਣਾ ਸ਼ਾਮਲ ਹੈ। ਇਹ ਪ੍ਰੋਜੈਕਟ ਕਨੈਕਟੀਵਿਟੀ ਵਧਾਉਣਗੇ ਅਤੇ ਖੇਤਰ ਦੇ ਆਰਥਿਕ ਵਿਕਾਸ ਵਿੱਚ ਵੀ ਯੋਗਦਾਨ ਪਾਉਣਗੇ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਲਗਭਗ 2146 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਸੰਬਲਪੁਰ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ, ਜਿਸਦੀ ਆਰਕੀਟੈਕਚਰ ਸੈਲਸ਼੍ਰੀ ਪੈਲੇਸ (Sailashree Palace) ਤੋਂ ਪ੍ਰੇਰਿਤ ਹੈ। ਉਨ੍ਹਾਂ ਖੇਤਰ ਵਿੱਚ ਰੇਲ ਨੈੱਟਵਰਕ ਸਮਰੱਥਾ ਵਿੱਚ ਵਾਧਾ ਕਰਦੇ ਹੋਏ ਸੰਬਲਪੁਰ-ਤਾਲਚੇਰ ਡਬਲਿੰਗ ਰੇਲਵੇ ਲਾਈਨ (168 ਕਿਲੋਮੀਟਰ) ਅਤੇ ਝਾਰਤਰਭਾ ਤੋਂ ਸੋਨਪੁਰ ਨਵੀਂ ਰੇਲਵੇ ਲਾਈਨ (21.7 ਕਿਲੋਮੀਟਰ) ਨੂੰ ਵੀ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਰੇਲ ਯਾਤਰੀਆਂ ਲਈ ਕਨੈਕਟੀਵਿਟੀ ਵਿੱਚ ਸੁਧਾਰ ਕਰਦੇ ਹੋਏ ਪੁਰੀ-ਸੋਨਪੁਰ-ਪੁਰੀ ਵੀਕਲੀ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਪ੍ਰਧਾਨ ਮੰਤਰੀ ਨੇ ਆਈਆਈਐੱਮ ਸੰਬਲਪੁਰ ਦੇ ਸਥਾਈ ਕੈਂਪਸ ਦਾ ਵੀ ਉਦਘਾਟਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਝਾਰਸੁਗੁਡਾ ਹੈੱਡ ਪੋਸਟ ਆਫਿਸ ਹੈਰੀਟੇਜ ਬਿਲਡਿੰਗ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
PM Narendra Modi's address at launch of development works in Sambalpur
*******
ਡੀਐੱਸ/ਟੀਐੱਸ/ਆਰਟੀ
(Release ID: 2002364)
Visitor Counter : 86
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam