ਕਿਰਤ ਤੇ ਰੋਜ਼ਗਾਰ ਮੰਤਰਾਲਾ

ਈ-ਸ਼੍ਰਮ ਪੋਰਟਲ 'ਤੇ 29.23 ਕਰੋੜ ਤੋਂ ਵੱਧ ਅਸੰਗਠਿਤ ਕਾਮੇ ਰਜਿਸਟਰ


ਨੈਸ਼ਨਲ ਕਰੀਅਰ ਸਰਵਿਸ ਪਲੇਟਫਾਰਮ ਵਿੱਚ 2015 ਵਿੱਚ ਲਾਂਚ ਹੋਣ ਤੋਂ ਬਾਅਦ 3.64 ਕਰੋੜ ਤੋਂ ਵੱਧ ਰਜਿਸਟਰਡ ਬੇਰੁਜ਼ਗਾਰ, 19.15 ਲੱਖ ਰੁਜ਼ਗਾਰਦਾਤਾ ਅਤੇ 1.92 ਕਰੋੜ ਤੋਂ ਵੱਧ ਅਸਾਮੀਆਂ

ਆਤਮ-ਨਿਰਭਰ ਭਾਰਤ ਰੋਜ਼ਗਾਰ ਯੋਜਨਾ ਤਹਿਤ 1,52,499 ਅਦਾਰਿਆਂ ਰਾਹੀਂ 60.48 ਲੱਖ ਲਾਭਪਾਤਰੀਆਂ ਨੂੰ 10,043.02 ਕਰੋੜ ਰੁਪਏ ਦਿੱਤੇ ਗਏ

ਈਐੱਸਆਈਸੀ ਨੇ 161 ਹਸਪਤਾਲਾਂ ਅਤੇ 1574 ਡਿਸਪੈਂਸਰੀਆਂ ਦੇ ਨੈਟਵਰਕ ਦੇ ਨਾਲ ਲਕਸ਼ਦੀਪ ਸਮੇਤ 611 ਜ਼ਿਲ੍ਹਿਆਂ ਵਿੱਚ ਆਪਣੀ ਮੌਜੂਦਗੀ ਦਾ ਵਿਸਥਾਰ ਕੀਤਾ ਹੈ ਅਤੇ 12 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੇ ਹੋਏ, ਬੀਮਾਯੁਕਤ ਵਿਅਕਤੀਆਂ ਦੀ ਗਿਣਤੀ 3.72 ਕਰੋੜ ਤੋਂ ਵੱਧ ਹੋ ਗਈ ਹੈ

ਈਪੀਐੱਫਓ ਨੇ 24 ਕਰੋੜ ਤੋਂ ਵੱਧ ਖਾਤਿਆਂ ਵਿੱਚ 8.15% ਵਿਆਜ ਜਮ੍ਹਾ ਕੀਤਾ

ਭਾਰਤ ਦੀ ਜੀ-20 ਦੀ ਪ੍ਰਧਾਨਗੀ ਹੇਠ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਕੁੱਲ 75 ਦੁਵੱਲੀਆਂ ਮੀਟਿੰਗਾਂ ਕੀਤੀਆਂ

Posted On: 22 DEC 2023 3:40PM by PIB Chandigarh

ਈ-ਸ਼੍ਰਮ ਪੋਰਟਲ 26.08.2021 ਨੂੰ ਲਾਂਚ ਕੀਤਾ ਗਿਆ ਸੀ। ਇਸਦਾ ਉਦੇਸ਼ ਅਸੰਗਠਿਤ ਕਾਮਿਆਂ ਲਈ ਇੱਕ ਰਾਸ਼ਟਰੀ ਡੇਟਾ ਬੇਸ ਬਣਾਉਣਾ ਹੈ। ਈ-ਸ਼੍ਰਮ ਨੇ ਡਿਜੀਟਲ ਇੰਡੀਆ ਅਵਾਰਡਸ-2022 ਵਿੱਚ "ਜਨਤਕ ਡਿਜੀਟਲ ਪਲੇਟਫਾਰਮ - ਕੇਂਦਰੀ ਮੰਤਰਾਲੇ ਵਿਭਾਗ" ਸ਼੍ਰੇਣੀ ਦੇ ਤਹਿਤ "ਗੋਲਡ ਅਵਾਰਡ" ਜਿੱਤਿਆ। ਇਸ ਪੁਰਸਕਾਰ ਸਮਾਰੋਹ ਵਿੱਚ ਭਾਰਤ ਦੇ ਰਾਸ਼ਟਰਪਤੀ ਮੌਜੂਦ ਸਨ। ਅਵਾਰਡ 7 ਜਨਵਰੀ 2023 ਨੂੰ ਪ੍ਰਦਾਨ ਕੀਤਾ ਗਿਆ।

ਜਨਵਰੀ 2023 ਤੋਂ ਨਵੰਬਰ 2023 ਤੱਕ ਈ-ਸ਼੍ਰਮ ਪੋਰਟਲ 'ਤੇ ਕੁੱਲ 69.26 ਲੱਖ ਅਸੰਗਠਿਤ ਕਾਮਿਆਂ ਨੂੰ ਰਜਿਸਟਰ ਕੀਤਾ ਗਿਆ ਹੈ। 17 ਦਸੰਬਰ, 2023 ਤੱਕ ਈ-ਸ਼੍ਰਮ ਪੋਰਟਲ 'ਤੇ 29.23 ਕਰੋੜ ਤੋਂ ਵੱਧ ਅਸੰਗਠਿਤ ਕਾਮਿਆਂ ਨੂੰ ਰਜਿਸਟਰ ਕੀਤਾ ਗਿਆ ਹੈ। ਈ-ਸ਼੍ਰਮ ਪੋਰਟਲ ਨੂੰ ਐੱਨਸੀਐੱਸ, ਐੱਸਆਈਡੀ ਪੋਰਟਲ, ਪੀਐੱਮ-ਐੱਸਵਾਈਐੱਮ, ਮਾਈ ਸਕੀਮ ਅਤੇ ਦਿਸ਼ਾ ਪੋਰਟਲ ਨਾਲ ਵੀ ਜੋੜਿਆ ਗਿਆ ਹੈ।

ਈ-ਸ਼੍ਰਮ ਸੰਬੰਧੀ ਹੋਰ ਪਹਿਲਕਦਮੀਆਂ/ਪ੍ਰਾਪਤੀਆਂ ਇਸ ਪ੍ਰਕਾਰ ਹਨ:-

  • ਈ-ਸ਼੍ਰਮ ਡੇਟਾ ਦੀ ਵਰਤੋਂ ਹੋਰ ਯੋਜਨਾਵਾਂ ਨੂੰ ਰਸਮੀ ਬਣਾਉਣ ਲਈ ਕੀਤੀ ਜਾ ਰਹੀ ਹੈ।

  • ਪ੍ਰਧਾਨ ਮੰਤਰੀ-ਵਿਸ਼ਵਕਰਮਾ ਯੋਜਨਾ ਨੂੰ ਰਸਮੀ ਬਣਾਉਣ ਲਈ ਈ-ਸ਼੍ਰਮ ਰਜਿਸਟਰਾਰਾਂ ਦੀ ਜਾਣਕਾਰੀ ਐੱਮਐੱਸਐੱਮਈ ਨਾਲ ਸਾਂਝੀ ਕੀਤੀ ਗਈ।

  • ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਡਾਟਾ ਸਾਂਝਾਕਰਨ ਦਿਸ਼ਾ-ਨਿਰਦੇਸ਼/ਐੱਸਓਪੀ ਤਿਆਰ ਹਨ।

  • ਡਾਟਾ ਸ਼ੇਅਰਿੰਗ ਪੋਰਟਲ ਵਿਕਸਿਤ ਅਤੇ ਲਾਂਚ ਕੀਤਾ ਗਿਆ ਸੀ। ਸਾਰੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਡਾਟਾ ਸ਼ੇਅਰਿੰਗ ਪੋਰਟਲ 'ਤੇ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਈ-ਸ਼੍ਰਮ ਰਜਿਸਟਰਾਂ ਦੀ ਜਾਣਕਾਰੀ ਤੱਕ ਪਹੁੰਚ ਹੈ।

  • ਕੇਂਦਰੀ ਮੰਤਰਾਲਿਆਂ/ਵਿਭਾਗਾਂ ਲਈ ਡੇਟਾ ਸ਼ੇਅਰਿੰਗ ਦਿਸ਼ਾ-ਨਿਰਦੇਸ਼/ਐੱਸਓਪੀ ਤਿਆਰ ਹੈ।

  • ਈ-ਸ਼੍ਰਮ 'ਤੇ ਰਜਿਸਟਰਡ ਉਸਾਰੀ ਖੇਤਰ ਦੇ ਮਜ਼ਦੂਰਾਂ ਨਾਲ ਸਬੰਧਤ ਜਾਣਕਾਰੀ ਨੂੰ ਰਾਜ ਭਵਨਾਂ ਅਤੇ ਹੋਰ ਉਸਾਰੀ ਮਜ਼ਦੂਰ ਭਲਾਈ ਬੋਰਡਾਂ ਨਾਲ ਸਾਂਝਾ ਕਰਨਾ ਸ਼ੁਰੂ ਕੀਤਾ ਗਿਆ ਹੈ। ਇਹ ਅਜਿਹੇ ਸਾਰੇ ਕਾਮਿਆਂ ਦੀ ਯੋਗਤਾ ਦੇ ਆਧਾਰ 'ਤੇ ਰਾਜ ਬੀਓਸੀਡਬਲਿਊ ਬੋਰਡਾਂ ਨਾਲ ਪਛਾਣ ਅਤੇ ਰਜਿਸਟ੍ਰੇਸ਼ਨ ਦੀ ਸਹੂਲਤ ਦੇਵੇਗਾ।

  • ਐਕਸ-ਗ੍ਰੇਸੀਆ ਮੋਡੀਊਲ ਉਨ੍ਹਾਂ ਈ-ਸ਼੍ਰਮ ਰਜਿਸਟਰਡ ਲੋਕਾਂ ਨੂੰ ਲਾਭ ਪ੍ਰਦਾਨ ਕਰਨ ਲਈ ਲਾਂਚ ਕੀਤਾ ਗਿਆ ਹੈ ਜੋ ਇੱਕ ਨਿਸ਼ਚਿਤ ਮਿਆਦ ਦੇ ਦੌਰਾਨ ਦੁਰਘਟਨਾ ਤੋਂ ਬਾਅਦ ਮੌਤ ਜਾਂ ਸਥਾਈ ਤੌਰ 'ਤੇ ਅਪੰਗਤਾ ਦਾ ਸ਼ਿਕਾਰ ਹੋਏ ਸਨ।

ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ)

  • ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਪ੍ਰੋਜੈਕਟ ਇੱਕ ਮਿਸ਼ਨ ਮੋਡ ਪ੍ਰੋਜੈਕਟ ਹੈ ਜੋ ਕਿ 20.07.2015 ਨੂੰ ਰਾਸ਼ਟਰੀ ਰੋਜ਼ਗਾਰ ਸੇਵਾ ਨੂੰ ਬਦਲਣ ਲਈ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਨੌਕਰੀ ਦੇ ਮੇਲ, ਕਰੀਅਰ ਕਾਉਂਸਲਿੰਗ, ਵੋਕੇਸ਼ਨਲ ਮਾਰਗਦਰਸ਼ਨ, ਹੁਨਰ ਵਿਕਾਸ ਕੋਰਸ, ਅਪ੍ਰੈਂਟਿਸਸ਼ਿਪ, ਇੰਟਰਨਸ਼ਿਪ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ। ਰੋਜ਼ਗਾਰ ਸੰਬੰਧੀ ਸੇਵਾਵਾਂ ਇੱਕ ਡਿਜੀਟਲ ਪਲੇਟਫਾਰਮ [www.ncs.gov.in] ਰਾਹੀਂ ਔਨਲਾਈਨ ਮੋਡ ਵਿੱਚ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। 30 ਨਵੰਬਰ, 2023 ਤੱਕ, 2015 ਵਿੱਚ ਸ਼ੁਰੂ ਹੋਣ ਤੋਂ ਬਾਅਦ ਐੱਨਸੀਐੱਸ ਪਲੇਟਫਾਰਮ 'ਤੇ 3.64 ਕਰੋੜ ਤੋਂ ਵੱਧ ਰਜਿਸਟਰਡ ਬੇਰੋਜ਼ਗਾਰ, 19.15 ਲੱਖ ਰੋਜ਼ਗਾਰਦਾਤਾ ਅਤੇ 1.92 ਕਰੋੜ ਤੋਂ ਵੱਧ ਅਸਾਮੀਆਂ ਹਨ। ਨਵੰਬਰ, 2023 ਦੌਰਾਨ ਇਸ ਪੋਰਟਲ 'ਤੇ 13.49 ਲੱਖ ਤੋਂ ਵੱਧ ਅਸਾਮੀਆਂ ਦੀ ਬੇਮਿਸਾਲ ਗਿਣਤੀ ਰਜਿਸਟਰ ਕੀਤੀ ਗਈ ਹੈ।

  • ਐੱਨਸੀਐੱਸ ਪੋਰਟਲ ਨੂੰ ਇੱਕ ਵਿਆਪਕ ਪੈਨ-ਇੰਡੀਆ ਨੈੱਟਵਰਕ ਵਿਕਸਿਤ ਕਰਨ ਲਈ 28 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਜੋੜਿਆ ਗਿਆ ਹੈ। ਰਾਜਾਂ ਤੋਂ ਇਲਾਵਾ, ਐੱਨਸੀਐੱਸ ਨੇ ਆਪਣੇ ਪੋਰਟਲ 'ਤੇ ਖਾਲੀ ਅਸਾਮੀਆਂ ਬਾਰੇ ਜਾਣਕਾਰੀ ਪੋਸਟ ਕਰਨ ਲਈ ਮੌਨਸਟਰ ਡਾਟ ਕੌਮ, ਫ਼ਰੇਸ਼ਰ ਵਰਲਡ, ਹਾਇਰ ਮੀ, ਟੀਸੀਐੱਸ-ਆਈਓਐੱਨ, ਕੁਇਕਰ, ਕੁਐਸ ਕੌਰਪ ਵਰਗੇ ਕਈ ਨਿੱਜੀ ਪੋਰਟਲਾਂ ਨਾਲ ਵੀ ਸਮਝੌਤਾ ਕੀਤਾ ਹੈ। ਐੱਨਸੀਐੱਸ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕਿੱਲ ਇੰਡੀਆ ਪੋਰਟਲ, ਉਦਯਮ ਪੋਰਟਲ (ਐੱਮਐੱਸਐੱਮਈ), ਈ-ਸ਼੍ਰਮ, ਈਪੀਐੱਫਓ, ਈਐੱਸਆਈਸੀ, ਡਿਜੀਲੌਕਰ ਆਦਿ ਨਾਲ ਜੁੜਿਆ ਹੋਇਆ ਹੈ ਜਿਸਦਾ ਉਦੇਸ਼ ਹਿੱਸੇਦਾਰਾਂ ਲਈ ਐੱਨਸੀਐੱਸ ਪੋਰਟਲ ਰਾਹੀਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਸੌਖਾ ਬਣਾਉਣਾ ਹੈ। 

  • ਮੰਤਰਾਲਾ ਛੇਤੀ ਹੀ ਨਵੀਨਤਮ ਤਕਨੀਕਾਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਐੱਮਐੱਲ) ਦਾ ਲਾਭ ਲੈ ਕੇ ਹੁਨਰਾਂ ਲਈ ਸਿਫ਼ਾਰਿਸ਼ ਇੰਜਣ ਦੇ ਨਾਲ ਨੌਕਰੀ ਲੱਭਣ ਵਾਲਿਆਂ ਨੂੰ ਬਿਹਤਰ ਨੌਕਰੀ ਮੈਚਿੰਗ ਅਤੇ ਖੋਜ ਦੀ ਸਹੂਲਤ ਪ੍ਰਦਾਨ ਕਰਨ ਲਈ ਐੱਨਸੀਐੱਸ 2.0 ਨਾਮਕ ਅੱਪਗਰੇਡ ਕੀਤਾ ਸੰਸਕਰਣ ਲਾਂਚ ਕਰੇਗਾ। ਇਹ ਨੌਕਰੀ ਲੱਭਣ ਵਾਲਿਆਂ ਨੂੰ ਉਨ੍ਹਾਂ ਦੇ ਹੁਨਰ ਦੇ ਅਨੁਸਾਰ ਚੰਗੀ ਨੌਕਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਰੋਜ਼ਗਾਰਦਾਤਾਵਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰੇਗਾ।

ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਵਾਈ): ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ 30.12.2020 ਨੂੰ ਈਪੀਐੱਫਓ ​​ਨਾਲ ਜੁੜੀ ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਵਾਈ) ਨੂੰ ਰੋਜ਼ਗਾਰ ਪੈਦਾ ਕਰਨ ਨੂੰ ਹੁਲਾਰਾ ਦੇਣ ਅਤੇ ਕੋਵਿਡ-19 ਮਹਾਮਾਰੀ ਦੇ ਸਮਾਜਿਕ-ਆਰਥਿਕ ਪ੍ਰਭਾਵ ਨੂੰ ਘੱਟ ਕਰਨ ਲਈ ਅਧਿਸੂਚਿਤ ਕੀਤਾ। 5 ਦਸੰਬਰ, 2023 ਤੱਕ ਏਬੀਆਰਵਾਈ ਅਧੀਨ 1,52,499 ਅਦਾਰਿਆਂ ਰਾਹੀਂ 60.48 ਲੱਖ ਲਾਭਪਾਤਰੀਆਂ ਨੂੰ 10,043.02 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ।

ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ)

  • ਈਐੱਸਆਈਸੀ ਨੇ 161 ਹਸਪਤਾਲਾਂ ਅਤੇ 1574 ਡਿਸਪੈਂਸਰੀਆਂ ਦੇ ਨੈਟਵਰਕ ਦੇ ਨਾਲ ਲਕਸ਼ਦੀਪ ਸਮੇਤ 611 ਜ਼ਿਲ੍ਹਿਆਂ ਵਿੱਚ ਆਪਣੀ ਮੌਜੂਦਗੀ ਦਾ ਮਹੱਤਵਪੂਰਨ ਵਿਸਥਾਰ ਕੀਤਾ ਹੈ।

  • ਬੀਮਾਯੁਕਤ ਵਿਅਕਤੀਆਂ (ਆਈਪੀ) ਦੀ ਗਿਣਤੀ 3.72 ਕਰੋੜ ਤੋਂ ਵੱਧ ਹੋ ਗਈ ਹੈ, ਜਿਸ ਨਾਲ 12 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਮਿਲ ਰਹੀ ਹੈ।

  • ਬਿਹਤਰ ਕੈਂਸਰ ਇਲਾਜ ਮੁਹੱਈਆ ਕਰਵਾਉਣ ਲਈ, ਈਐੱਸਆਈਸੀ ਨੇ ਮਈ 2023 ਤੋਂ ਦੇਸ਼ ਭਰ ਵਿੱਚ 100 ਜਾਂ ਇਸ ਤੋਂ ਵੱਧ ਬਿਸਤਰਿਆਂ ਵਾਲੇ ਆਪਣੇ 38 ਹਸਪਤਾਲਾਂ ਵਿੱਚ ਕੀਮੋਥੈਰੇਪੀ ਸੇਵਾਵਾਂ ਸ਼ੁਰੂ ਕੀਤੀਆਂ ਹਨ।

  • ਈਐੱਸਆਈਸੀ ਸਰਗਰਮੀ ਨਾਲ ਮੈਡੀਕਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰ ਰਿਹਾ ਹੈ, ਮੈਡੀਕਲ ਕਾਲਜਾਂ ਦੀ ਗਿਣਤੀ 8 ਹੋ ਗਈ ਹੈ, ਐੱਮਬੀਬੀਐੱਸ ਦੀਆਂ ਸੀਟਾਂ 950 ਹੋ ਗਈਆਂ ਹਨ ਅਤੇ ਐੱਮਡੀ/ਐੱਮਐੱਸ ਦੀਆਂ ਸੀਟਾਂ 275 ਹੋ ਗਈਆਂ ਹਨ।

  • ਇਨ੍ਹਾਂ ਤੋਂ ਇਲਾਵਾ, ਹੋਰ ਪਹਿਲਕਦਮੀਆਂ ਵਿੱਚ "ਕਿਤੇ ਵੀ, ਕਦੇ ਵੀ" ਸ਼ਾਮਲ ਹਨ; ਡਾਕਟਰ/ਵਿਸ਼ੇਸ਼ਤਾ ਅਨੁਸਾਰ ਰੈਫਰਲ, ਦਵਾਈਆਂ ਦੀ ਹੋਮ ਡਿਲੀਵਰੀ ਅਤੇ ਬੀਮਾਯੁਕਤ ਵਿਅਕਤੀਆਂ ਜਾਂ ਹਸਪਤਾਲ ਜਾਣ ਤੋਂ ਅਸਮਰੱਥ ਲਾਭਪਾਤਰੀਆਂ ਲਈ ਟੈਲੀਮੇਡੀਸਨ ਲਈ ਰੀਅਲ-ਟਾਈਮ ਡੈਸ਼ਬੋਰਡ ਨਾਲ ਰੈਫਰਲ ਨੀਤੀ।

  • ਰੋਕਥਾਮ ਵਾਲੀ ਸਿਹਤ ਲਈ, ਈਐੱਸਆਈਸੀ ਨੇ ਇੱਕ ਜਨਤਕ ਸਿਹਤ ਯੂਨਿਟ ਸਥਾਪਤ ਕੀਤਾ ਹੈ ਅਤੇ ਕਿੱਤਾਮੁਖੀ ਵਾਤਾਵਰਣ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਮੈਪਿੰਗ ਕੀਤੀ ਹੈ।

  • ਹਸਪਤਾਲ ਨੂੰ ਜਾਂਦੇ ਸਮੇਂ ਮਰੀਜ਼ਾਂ ਬਾਰੇ ਉੱਨਤ ਜਾਣਕਾਰੀ ਪ੍ਰਦਾਨ ਕਰਨ ਲਈ 5ਜੀ ਐਂਬੂਲੈਂਸ ਸੇਵਾ ਦੀ ਸ਼ੁਰੂਆਤ।

  • ਹੁਣ ਬੀਮਾਯੁਕਤ ਵਿਅਕਤੀ ਪੀਐੱਮਜੇਏਵਾਈ ਸਕੀਮ ਅਧੀਨ ਸੂਚੀਬੱਧ ਹਸਪਤਾਲਾਂ ਵਿੱਚ ਇਲਾਜ ਦਾ ਲਾਭ ਲੈ ਸਕਦੇ ਹਨ।

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ)

  • ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਆਪਣੇ ਲਾਭਪਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਕਈ ਵੱਡੇ ਸੁਧਾਰ ਕੀਤੇ ਹਨ। ਇਨ੍ਹਾਂ ਸੁਧਾਰਾਂ ਵਿੱਚ ਪਾਰਦਰਸ਼ੀ ਕੰਪਿਊਟਰ ਦੁਆਰਾ ਤਿਆਰ ਨਿਰੀਖਣ ਪ੍ਰਣਾਲੀ, ਈ-ਪਾਸਬੁੱਕ ਦੀ ਸ਼ੁਰੂਆਤ, ਉਮੰਗ ਨਾਲ ਲਿੰਕੇਜ, ਪ੍ਰਬੰਧਕੀ ਫੀਸਾਂ ਵਿੱਚ ਕਟੌਤੀ, ਮਾਸਿਕ ਇਲੈਕਟ੍ਰਾਨਿਕ ਚਲਾਨ ਕਮ ਰਿਟਰਨ ਆਦਿ ਸ਼ਾਮਲ ਹਨ।

  • ਇਸ ਤੋਂ ਇਲਾਵਾ ਈਪੀਐੱਫਓ ​​ਨੇ 24 ਕਰੋੜ ਤੋਂ ਵੱਧ ਖਾਤਿਆਂ 'ਚ 8.15 ਫੀਸਦੀ ਵਿਆਜ ਜਮ੍ਹਾ ਕੀਤਾ ਹੈ।

  • ਮੈਂਬਰਾਂ ਨੂੰ ਮਾਰਗਦਰਸ਼ਨ ਕਰਨ ਲਈ ਵੱਧ ਪੈਨਸ਼ਨ ਲਾਗੂ ਕਰਨ ਬਾਰੇ ਐੱਫਏਕਿਊ ਜਾਰੀ ਕੀਤੇ ਗਏ ਹਨ।

  • ਈਪੀਐੱਫਓ ਨੇ 27 ਜਨਵਰੀ, 2023 ਨੂੰ ਭਾਰਤ ਦੇ ਸਾਰੇ 692 ਜ਼ਿਲ੍ਹਿਆਂ ਵਿੱਚ ਨਿਧੀ ਆਪਕੇ ਨਿਕਟ 2.0 ਪ੍ਰੋਗਰਾਮ ਵੀ ਲਾਂਚ ਕੀਤਾ। ਹਰ ਈਪੀਐੱਫਓ ​​ਦਫਤਰ ਹਰ ਮਹੀਨੇ ਦੀ 27 ਤਰੀਕ ਨੂੰ ਜ਼ਿਲਾ ਪੱਧਰ 'ਤੇ ਆਊਟਰੀਚ ਪ੍ਰੋਗਰਾਮ ਆਯੋਜਿਤ ਕਰਦਾ ਹੈ।

ਭਾਰਤ ਜੀ 20 ਪ੍ਰਧਾਨਗੀ 

  • ਜੀ 20 ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੀ ਮੀਟਿੰਗ 2023 ਦਾ  ਸਫਲਤਾਪੂਰਵਕ 20-21 ਜੁਲਾਈ 2023 ਨੂੰ ਇੰਦੌਰ ਵਿੱਚ ਸਮਾਪਨ ਹੋਇਆ, ਜਿਸ ਵਿੱਚ ਆਲਮੀ ਹੁਨਰਾਂ ਦੀ ਘਾਟ ਨੂੰ ਹੱਲ ਕਰਨ ਲਈ ਰਣਨੀਤੀਆਂ 'ਤੇ ਜੀ 20 ਨੀਤੀ ਦੀਆਂ ਤਰਜੀਹਾਂ, ਢੁੱਕਵੇਂ ਅਤੇ ਟਿਕਾਊ ਤੇ ਸਮਾਜਿਕ ਦਸਤਾਵੇਜ਼ਾਂ 'ਤੇ ਜੀ 20 ਨੀਤੀ ਦੀਆਂ ਤਰਜੀਹਾਂ ਅਤੇ ਜੀ 20 ਦੇ ਤਿੰਨ ਸਮਾਜਿਕ ਦਸਤਾਵੇਜ਼ਾਂ 'ਤੇ ਚਰਚਾ ਕੀਤੀ ਗਈ। ਪਲੇਟਫਾਰਮ ਵਰਕਰਾਂ ਲਈ ਵਧੀਆ ਕੰਮ ਦੇ ਟਿਕਾਊ ਵਿੱਤ ਅਤੇ ਸਮਾਜਿਕ ਸੁਰੱਖਿਆ ਲਈ ਜੀ 20 ਨੀਤੀ ਵਿਕਲਪ ਨੂੰ ਸਰਬਸੰਮਤੀ ਨਾਲ ਅਪਣਾਇਆ ਗਿਆ ਸੀ।

  • ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਅਧੀਨ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੁਆਰਾ ਵੱਖ-ਵੱਖ ਪੱਧਰਾਂ 'ਤੇ 75 ਤੋਂ ਵੱਧ ਦੁਵੱਲੀਆਂ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ।

  • ਜੀ 20 ਆਗੂਆਂ ਦਾ ਸਿਖਰ ਸੰਮੇਲਨ 09-10 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ ਅਤੇ ਜੀ 20 ਨਵੀਂ ਦਿੱਲੀ ਨੇਤਾਵਾਂ ਦੇ ਐਲਾਨਨਾਮੇ (ਐੱਨਡੀਐੱਲਡੀ) ਨੂੰ ਸਰਬਸੰਮਤੀ ਨਾਲ ਅਪਣਾਉਣ ਨਾਲ ਸਮਾਪਤ ਹੋਇਆ। ਐੱਨਡੀਐੱਲਡੀ ਵਿੱਚ 'ਭਵਿੱਖ ਲਈ ਤਿਆਰੀ' 'ਤੇ ਪੈਰਾ ਨੰਬਰ 20 ਅਤੇ ਈਡਬਲਿਊਜੀ ਤਰਜੀਹੀ ਖੇਤਰਾਂ ਨਾਲ ਸਬੰਧਤ 'ਆਰਥਿਕ ਅਤੇ ਸਮਾਜਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ' 'ਤੇ ਪੈਰਾ 64 ਨੂੰ ਜੀ 20 ਲੀਡਰਜ਼ ਸੰਮੇਲਨ ਵਿੱਚ ਅਪਣਾਇਆ ਗਿਆ ਹੈ।

ਕਨਵਰਜੈਂਸ 'ਤੇ ਹੈਂਡਬੁੱਕ : ਕੇਂਦਰੀ ਕਿਰਤ ਅਤੇ ਰੁਜ਼ਗਾਰ ਤੇ ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ 17.11.2023 ਨੂੰ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਅਧੀਨ ਵੱਖ-ਵੱਖ ਸੰਸਥਾਵਾਂ ਦੇ ਕਨਵਰਜੈਂਸ 'ਤੇ ਹੈਂਡਬੁੱਕ ਜਾਰੀ ਕੀਤੀ। ਹੈਂਡਬੁੱਕ ਵਿੱਚ ਸੂਚਨਾ ਦੇ ਆਦਾਨ-ਪ੍ਰਦਾਨ, ਕਰਮਚਾਰੀਆਂ ਦੀ ਸ਼ਿਕਾਇਤ ਨਿਵਾਰਣ ਅਤੇ ਮੰਤਰਾਲੇ ਅਤੇ ਇਸ ਦੀਆਂ ਸੰਸਥਾਵਾਂ ਦੀਆਂ ਵੱਖ-ਵੱਖ ਸੇਵਾਵਾਂ ਦੀ ਉਪਲਬਧਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਾਰਜਸ਼ੀਲ ਖੇਤਰਾਂ ਵਿਚਕਾਰ ਸਹਿਯੋਗੀ ਯਤਨਾਂ ਰਾਹੀਂ ਖੇਤਰ ਪੱਧਰ 'ਤੇ ਕਨਵਰਜੈਂਸ ਪ੍ਰਾਪਤ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਸ਼ਾਮਲ ਹਨ। .

ਆਡਿਟ ਪੈਰ੍ਹੇ 

  • ਮੁੱਖ ਸਕੱਤਰੇਤ:- ਵਿੱਤੀ ਵਰ੍ਹੇ 2022-23 ਦੀ ਸ਼ੁਰੂਆਤ ਵਿੱਚ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਕੋਲ 95 ਬਕਾਇਆ ਆਡਿਟ ਨਿਰੀਖਣ ਪੈਰਾ (ਵਿੱਤੀ ਸਾਲ 2020-21 ਦੇ ਲੈਣ-ਦੇਣ ਆਡਿਟ ਨਾਲ ਸਬੰਧਤ), ਕੁਝ ਦਹਾਕਿਆਂ ਤੋਂ ਲੰਬਿਤ ਪੈਰ੍ਹੇ ਸ਼ਾਮਲ ਹਨ। ਪੁਰਾਣੀਆਂ ਫਾਈਲਾਂ ਦੀ ਖੋਜ ਕਰਨ, ਪਿਛਲੇ ਡੇਟਾ ਦੀ ਸਮੀਖਿਆ ਕਰਨ ਅਤੇ ਸਪਸ਼ਟ ਤੇ ਵਿਆਪਕ ਜਵਾਬ ਤਿਆਰ ਕਰਨ ਲਈ ਇੱਕ ਆਪ੍ਰੇਸ਼ਨ ਕੀਤਾ ਗਿਆ ਸੀ। ਡੀਜੀ ਆਡਿਟ ਟੀਮ (ਆਡਿਟ ਟੀਮ) ਨਾਲ ਦੋ ਵਰਕਸ਼ਾਪਾਂ ਵੀ ਲਗਾਈਆਂ ਗਈਆਂ, ਜਿਸ ਦੇ ਨਤੀਜੇ ਵਜੋਂ 95 (88 ਫੀਸਦ) ਵਿੱਚੋਂ 84 ਬਕਾਇਆ ਨਿਰੀਖਣ ਪੈਰਾ ਦਾ ਨਿਪਟਾਰਾ ਕੀਤਾ ਗਿਆ। ਮੌਜੂਦਾ ਵਿੱਤੀ ਵਰ੍ਹੇ ਵਿੱਚ, ਸੀਏਜੀ ਨੇ ਵਿੱਤੀ ਵਰ੍ਹੇ  2021-22 ਲਈ ਲੈਣ-ਦੇਣ ਦਾ ਆਡਿਟ ਕਰਵਾਇਆ ਹੈ, ਜਿਸ ਵਿੱਚ ਜੁਲਾਈ, 2023 ਵਿੱਚ ਸਿਰਫ਼ 10 ਨਵੇਂ ਆਡਿਟ ਨਿਰੀਖਣ ਪੈਰਾ ਪ੍ਰਾਪਤ ਹੋਏ ਹਨ। 9 ਪੈਰਿਆਂ ਦੇ ਜਵਾਬ ਪੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ, ਕਿਰਤ ਅਤੇ ਰੁਜ਼ਗਾਰ ਮੰਤਰਾਲੇ ਕੋਲ 1979 ਤੋਂ 129.95 ਕਰੋੜ ਰੁਪਏ ਦੀਆਂ 1068 ਯੂਸੀ ਬਕਾਇਆ ਪਈਆਂ ਹਨ। ਸਾਰੇ ਬਕਾਇਆ ਯੂਸੀ ਪੀਏਓ ਰਿਕਾਰਡਾਂ ਤੋਂ ਲੱਭੇ ਗਏ ਸਨ। ਇਸ ਤੋਂ ਇਲਾਵਾ ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ (ਐੱਨਸੀਐੱਲਪੀ) ਲਈ ਯੂਸੀ ਡਿਸਪੋਜ਼ਲ ਡਰਾਈਵ ਦਾ ਆਯੋਜਨ ਕੀਤਾ ਗਿਆ। ਕੁੱਲ ਯੂਸੀ 117.43 ਕਰੋੜ ਰੁਪਏ ਹੈ। ਨਤੀਜੇ ਵਜੋਂ, 28 ਫੀਸਦ ਲੰਬਿਤ ਯੂਸੀ ਦਾ ਹੱਲ ਹੋ ਗਿਆ ਹੈ। 

  • ਫੀਲਡ ਯੂਨਿਟਾਂ ਦੇ ਨਿਰੀਖਣ ਪੈਰਿਆਂ ਦੇ ਨਿਪਟਾਰੇ ਲਈ ਆਡਿਟ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ: ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੀਆਂ ਸੰਸਥਾਵਾਂ ਦੇ ਆਪਣੇ ਅਧਿਕਾਰ ਖੇਤਰ ਦੇ ਅਧੀਨ ਫੀਲਡ ਯੂਨਿਟਾਂ ਲਈ ਆਡਿਟ ਸੈਟਲਮੈਂਟ ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ।

  • ਕੋਲਕਾਤਾ ਜ਼ੋਨ:- ਦਸੰਬਰ, 2022 ਵਿੱਚ ਕੁੱਲ 175 ਪੈਰ੍ਹੇ ਬਕਾਇਆ ਸਨ, ਜਿਨ੍ਹਾਂ ਵਿੱਚੋਂ 96 ਪੈਰਿਆਂ (54.86 ਪ੍ਰਤੀਸ਼ਤ) ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਦੇ ਜਵਾਬ ਦੇ ਦਿੱਤੇ ਗਏ ਹਨ। ਮੌਜੂਦਾ ਵਿੱਤੀ ਵਰ੍ਹੇ ਵਿੱਚ, 158 ਨਿਰੀਖਣ ਪੈਰ੍ਹੇ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚੋਂ 66 ਪੈਰਿਆਂ (41.77 ਫੀਸਦ) ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਪੈਰਿਆਂ ਦੇ ਜਵਾਬ ਦਾਖਲ ਕੀਤੇ ਜਾ ਚੁੱਕੇ ਹਨ।

  • ਲਖਨਊ ਜ਼ੋਨ:- ਵਿੱਤੀ ਵਰ੍ਹੇ 2023-24 ਦੀ ਸ਼ੁਰੂਆਤ ਵਿੱਚ ਕੁੱਲ 146 ਪੈਰ੍ਹੇ ਬਕਾਇਆ ਸਨ, ਜਿਨ੍ਹਾਂ ਵਿੱਚੋਂ 35 ਪੈਰਿਆਂ (23.97 ਫੀਸਦ) ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਦੇ ਜਵਾਬ ਦੇ ਦਿੱਤੇ ਗਏ ਹਨ। 34 ਪੈਰ੍ਹੇ ਆਡਿਟ ਕੀਤੇ ਦਫ਼ਤਰਾਂ ਨਾਲ ਸਬੰਧਤ ਨਹੀਂ ਸਨ।

**** 

ਐੱਮਜੇਪੀਐੱਸ/ਐੱਨਐੱਸਕੇ 



(Release ID: 1992070) Visitor Counter : 56