ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਨਵੀਂ ਦਿੱਲੀ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ 'ਲਿੰਗ-ਸਮਾਵੇਸ਼ੀ ਸੰਚਾਰ ’ਤੇ ਗਾਈਡ’ ਜਾਰੀ ਕੀਤੀ
ਰੂੜ੍ਹੀਵਾਦੀ ਧਾਰਨਾਵਾਂ ਨੂੰ ਚੁਣੌਤੀ ਦੇਣ ਅਤੇ ਸਾਰਿਆਂ ਲਈ ਸਤਿਕਾਰਯੋਗ ਅਤੇ ਨਿਰਪੱਖ ਮਾਹੌਲ ਨੂੰ ਹੱਲਾਸ਼ੇਰੀ ਦੇਣ ਵਿੱਚ ਸਮਰੱਥ ਲਿੰਗ-ਸਮਾਵੇਸ਼ੀ ਭਾਸ਼ਾ ਨੂੰ ਅਪਣਾਉਣ ਲਈ ਸੱਦਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਔਰਤਾਂ ਦੀ ਅਗਵਾਈ ਵਿੱਚ ਵਿਕਾਸ ਦਾ ਸੱਦਾ ਦੇਸ਼ ਲਈ ਕੌਮੀ ਤਰਜੀਹ ਬਣ ਚੁੱਕਾ ਹੈ: ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ
ਇਹ ਗਾਈਡ ਲਿੰਗ ਵਿਸ਼ੇਸ਼ ਜਾਂ ਸਮਾਜਿਕ ਲਿੰਗ ਪ੍ਰਤੀ ਪੱਖਪਾਤ ਤੋਂ ਬਚਣ ਲਈ ਲਿੰਗ-ਸਮਾਵੇਸ਼ੀ ਭਾਸ਼ਾ ਦੀ ਵਰਤੋਂ ਬਾਰੇ ਸਿਫ਼ਾਰਸ਼ਾਂ ਅਤੇ ਉਦਾਹਰਣਾਂ ਦਿੰਦੀ ਹੈ
ਇਹ ਜਾਗਰੂਕਤਾ ਵਧਾਉਂਦੀ ਹੈ, ਵਿਅਕਤੀਆਂ ਨੂੰ ਲਿੰਗ ਨਿਰਪੱਖਤਾ ਅਤੇ ਸਮਾਵੇਸ਼ਤਾ ਦੇ ਲਈ ਵਚਨਬੱਧਤਾ ਨਾਲ ਰੋਜ਼ਾਨਾ ਸੰਚਾਰ ਕਰਨ ਲਈ ਸਸ਼ਕਤ ਬਣਾਉਂਦੀ ਹੈ
Posted On:
29 NOV 2023 11:27AM by PIB Chandigarh
ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ (ਐੱਮਡਬਲਿਊਸੀਡੀ) ਨੇ 28 ਨਵੰਬਰ, 2023 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ 'ਲਿੰਗ-ਸਮਾਵੇਸੀ ਸੰਚਾਰ ’ਤੇ ਗਾਈਡ' ਲਾਂਚ ਕੀਤੀ। "ਲਿੰਗ-ਸਮਾਵੇਸ਼ੀ ਸੰਚਾਰ" ਸਿਰਲੇਖ ਵਾਲੀ ਗਾਈਡ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ (ਐੱਲਬੀਐੱਸਐੱਨਏਏ) ਵੱਲੋਂ ਸੰਯੁਕਤ ਰਾਸ਼ਟਰ ਮਹਿਲਾ ਅਤੇ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਇਹ ਗਾਈਡ ਹਿਤਧਾਰਕਾਂ (ਸਟੇਕਹੋਲਡਰਾਂ) ਨਾਲ ਵਿਆਪਕ ਸਲਾਹ-ਮਸ਼ਵਰੇ ਦਾ ਨਤੀਜਾ ਹੈ ਅਤੇ ਇਹ ਲਿੰਗ ਵਿਸ਼ੇਸ਼ ਜਾਂ ਸਮਾਜਿਕ ਲਿੰਗ ਪ੍ਰਤੀ ਪੱਖਪਾਤ ਤੋਂ ਬਚਣ ਲਈ ਲਿੰਗ-ਸਮਾਵੇਸੀ ਭਾਸ਼ਾ ਦੀ ਵਰਤੋਂ ਬਾਰੇ ਸਿਫ਼ਾਰਸ਼ਾਂ ਅਤੇ ਉਦਾਹਰਣਾਂ ਪ੍ਰਦਾਨ ਕਰਦੀ ਹੈ ਅਤੇ ਇਸ ਵੱਲੋਂ ਲਿੰਗ ਨਾਲ ਸਬੰਧਤ ਰੂੜ੍ਹੀਵਾਦੀ ਧਾਰਨਾਵਾਂ ਨੂੰ ਵਿਅਕਤ ਕਰਨ ਜਾਂ ਵਧਾਉਣ ਦੀ ਸੰਭਾਵਨਾ ਘੱਟ ਹੈ।
ਇਸ ਗਾਈਡ ਵਿੱਚ ਅੰਗਰੇਜ਼ੀ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਭਾਸ਼ਾ ਦੀ ਸਹੀ ਵਰਤੋਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਹੜੀਆਂ ਭਾਰਤ ਦੇ ਸੁਪਰੀਮ ਕੋਰਟ ਵੱਲੋਂ ਜਾਰੀ “ਹੈਂਡਬੁੱਕ ਔਨ ਕੰਬਟਿੰਗ ਜੈਂਡਰ ਸਟੀਰੀਓਟਾਈਪਜ਼” ਅਤੇ ਭਾਰਤੀ ਨਾਗਰਿਕਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਹੋਣ ਵਾਲੇ ਹੋਰ ਕੌਮੀ ਅਤੇ ਵਿਸ਼ਵ ਪੱਧਰ ਦੀਆਂ ਵਧੀਆ ਪਰੰਪਰਾਵਾਂ ’ਤੇ ਅਧਾਰਿਤ ਹੈ। ਗਾਈਡ ਵਿੱਚ ਭਵਿੱਖ ਦੇ ਸੰਦਰਭ ਲਈ ਲਿੰਗ-ਸੰਬੰਧੀ ਸੋਧਾਂ ਦੀ ਚੈੱਕ ਲਿਸਟ ਅਤੇ ਮੁੱਖ ਸਰੋਤ ਵੀ ਸ਼ਾਮਲ ਹਨ। ਗਾਈਡ ਦਾ ਮੰਤਵ ਸਰਕਾਰੀ ਅਧਿਕਾਰੀਆਂ, ਸਿਵਲ ਸੇਵਕਾਂ, ਮੀਡੀਆ ਪੇਸ਼ੇਵਰਾਂ, ਸਿੱਖਿਅਕਾਂ ਅਤੇ ਹੋਰ ਹਿੱਤਧਾਰਕਾਂ ਵੱਲੋਂ ਲਿੰਗ-ਸਮਾਵੇਸ਼ੀ ਲਿਖਤ, ਸਮੀਖਿਆ ਤੇ ਦਸਤਾਵੇਜ਼ਾਂ ਦੇ ਅਨੁਵਾਦ ਅਤੇ ਸੰਚਾਰ ਵਿੱਚ ਸਹਾਇਤਾ ਮੁਹੱਈਆ ਕਰਨਾ ਹੈ। ਇਸਦਾ ਮੰਤਵ ਹੈ: ਜਾਗਰੂਕਤਾ ਪੈਦਾ ਕਰਨਾ, ਵਿਅਕਤੀਆਂ ਨੂੰ ਲਿੰਗ ਨਿਰਪੱਖਤਾ ਅਤੇ ਸਮਾਵੇਸ਼ ਪ੍ਰਤੀ ਵਚਨਬੱਧਤਾ ਨਾਲ ਰੋਜ਼ਾਨਾ ਸੰਚਾਰ ਕਰਨ ਲਈ ਸ਼ਕਤੀ ਪ੍ਰਦਾਨ ਕਰਨਾ ਅਤੇ ਇੱਕ ਸਮਾਜ ਦੇ ਬਿਰਤਾਂਤ ਨੂੰ ਬੁਨਿਆਦੀ ਤੌਰ 'ਤੇ ਮੁੜ ਆਕਾਰ ਦੇਣਾ, ਜਿੱਥੇ ਭਾਸ਼ਾ ਸਕਾਰਾਤਮਕ ਤਬਦੀਲੀ ਲਈ ਇੱਕ ਏਜੰਟ ਬਣ ਜਾਂਦੀ ਹੈ। ਰੋਜ਼ਾਨਾ ਭਾਸ਼ਾ ਵਿੱਚ ਮੌਜੂਦ ਅਪ੍ਰਤੱਖ ਪੱਖਪਾਤਾਂ ਨੂੰ ਉਜਾਗਰ ਕਰਨ ਅਤੇ ਸਵੀਕਾਰ ਕਰਦੇ ਹੋਏ ਇਹ ਗਾਈਡ ਤਬਦੀਲੀ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰ ਸਕਦੀ ਹੈ।
ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਇਸ ਪ੍ਰੋਗਰਾਮ ਵਿੱਚ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਡਾ. ਮਹਿੰਦਰਭਾਈ ਮੁੰਜਪਾਰਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਇੰਦੀਵਰ ਪਾਂਡੇ, ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ ਸ਼੍ਰੀ ਕੇ. ਸ੍ਰੀਨਿਵਾਸ, ਸ੍ਰੀਰਾਮ ਤਰਨਿਕਾਂਤੀ, ਡਾਇਰੈਕਟਰ ਐੱਲ.ਬੀ.ਐੱਸ.ਐੱਨ.ਏ.ਏ. ਅਤੇ ਚੇਅਰਪਰਸਨ, ਨੈਸ਼ਨਲ ਸੈਂਟਰ ਫਾਰ ਜੈਂਡਰ ਐਂਡ ਚਿਲਡਰਨ, ਸ਼੍ਰੀਮਤੀ ਸੁਜਾਨ ਫਰਗੂਸਨ, ਕੰਟਰੀ ਪ੍ਰਤੀਨਿਧੀ, ਸੰਯੁਕਤ ਰਾਸ਼ਟਰ ਮਹਿਲਾ, ਸ਼੍ਰੀ ਹਰੀ ਮੈਨਨ, ਕੰਟਰੀ ਡਾਇਰੈਕਟਰ, ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਅਤੇ ਸ਼੍ਰੀਮਤੀ ਦਿਸ਼ਾ ਪੰਨੂ, ਡਿਪਟੀ ਡਾਇਰੈਕਟਰ ਅਤੇ ਕਾਰਜਕਾਰੀ ਡਾਇਰੈਕਟਰ, ਨੈਸ਼ਨਲ ਸੈਂਟਰ ਆਨ ਜੈਂਡਰ ਐਂਡ ਚਿਲਡਰਨ, ਐੱਲ.ਬੀ.ਐੱਸ.ਐੱਨ.ਏ.ਏ. ਮੌਜੂਦ ਸਨ। ਇਸ ਤੋਂ ਬਿਨਾਂ ਵੱਖ-ਵੱਖ ਸਰਕਾਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦੇ ਮਾਹਿਰ, ਕੌਮੀ ਮਹਿਲਾ ਕਮਿਸ਼ਨ, ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਨੁਮਾਇੰਦੇ ਅਤੇ ਹੋਰ ਸੀਨੀਅਰ ਪਤਵੰਤੇ ਅਤੇ ਮਾਹਿਰ ਹਾਜ਼ਰ ਸਨ।
ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਡਾ. ਮੁੰਜਪਾਰਾ ਮਹਿੰਦਰਭਾਈ ਨੇ ਦੱਸਿਆ ਕਿ ਇਹ ਗਾਈਡ ਇੱਕ ਅਜਿਹੇ ਸਮਾਜ ਦੇ ਨਿਰਮਾਣ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜਿੱਥੇ ਔਰਤਾਂ ਨਾ ਸਿਰਫ਼ ਬਰਾਬਰ ਦੀਆਂ ਭਾਈਵਾਲ ਹੋਣਗੀਆਂ, ਸਗੋਂ ਇਸ ਵਿੱਚ ਇੱਕ ਅਹਿਮ ਬਦਲਾਓ ਹੋਵੇਗਾ, ਜਿੱਥੇ ਔਰਤਾਂ ਆਗੂ ਹੋਣਗੀਆਂ। ਮਹਿਲਾ ਅਤੇ ਬਾਲ ਵਿਕਾਸ ਸਕੱਤਰ, ਸ਼੍ਰੀ ਇੰਦੀਵਰ ਪਾਂਡੇ ਨੇ ਮਹਿਲਾ ਸਸ਼ਕਤੀਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਯਤਨਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਔਰਤਾਂ ਦੀ ਅਗਵਾਈ ਵਿੱਚ ਵਿਕਾਸ ਦੀ ਦਿਸ਼ਾ ਵਿੱਚ ਦੇਸ਼ ਦੇ ਯਤਨਾਂ ਵਿੱਚ ਲਿੰਗ ਸਮਾਵੇਸ਼ੀ ਸੰਚਾਰ ’ਤੇ ਅਧਾਰਿਤ ਇਹ ਗਾਈਡ ਇੱਕ ਸਰੋਤ ਵਜੋਂ ਕੰਮ ਕਰ ਸਕਦੀ ਹੈ।
ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਸ਼੍ਰੀ ਕੇ. ਸ਼੍ਰੀਨਿਵਾਸ ਨੇ ਯਾਦ ਕੀਤਾ ਕਿ ਐੱਲਬੀਐੱਸਐੱਨਏਏ ਦੇ ਡਾਇਰੈਕਟਰ ਵਜੋਂ ਆਪਣੇ ਕਾਰਜਕਾਲ ਦੌਰਾਨ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਦੀ ਅਗਵਾਈ ਵਿੱਚ ਇਸ ਤਰ੍ਹਾਂ ਦੀ 'ਗਾਈਡ' ਬਣਾਉਣ ਦਾ ਵਿਚਾਰ ਆਇਆ ਸੀ ਅਤੇ ਇਹ ਉਨ੍ਹਾਂ ਦੀ ਚੰਗੀ ਕਿਸਮਤ ਸੀ ਕਿ ਉਹਨਾਂ ਨੇ ਹੀ ਇਸ ਮੌਲਿਕ ਕੰਮ ਨੂੰ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਇਸ 'ਸ਼ਬਦਕੋਸ਼' ਦਾ ਰਿਲੀਜ਼ ਹੋਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਸ਼ਾਇਦ ਇਹ ਦੁਨੀਆ ਵਿੱਚ ਕੀਤਾ ਗਿਆ ਆਪਣੇ ਆਪ ਵਿੱਚ ਪਹਿਲਾ ਅਭਿਆਸ ਹੈ। ਸ਼੍ਰੀਰਾਮ ਤਰਨੀਕਾਂਤੀ, ਡਾਇਰੈਕਟਰ, ਐੱਲਬੀਐੱਸਐੱਨਏਏ ਅਤੇ ਚੇਅਰਪਰਸਨ, ਨੈਸ਼ਨਲ ਸੈਂਟਰ ਫਾਰ ਜੈਂਡਰ ਐਂਡ ਚਿਲਡਰਨ ਨੇ ਇਸ ਗਾਈਡ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ “ਇਤਿਹਾਸ ਵਿੱਚ ਪਹਿਲੀ ਵਾਰ, ਅਸੀਂ ਸੰਚਾਰ ਦੀ ਇੱਕ ਸਹੀ ਭਾਸ਼ਾ ਬਾਰੇ ਗੱਲ ਕਰ ਰਹੇ ਹਾਂ ਜਿਹੜੀ ਸਾਰੇ ਲਿੰਗਾਂ ਦੇ ਬਾਰੇ ਬਰਾਬਰ ਵਿੱਚ ਗੱਲ ਕਰਦੀ ਹੈ ।" ਭਾਸ਼ਾ ਜਦੋਂ ਸੰਚਾਰ ਕਰਦੀ ਹੈ, ਤਾਂ ਨਿਯਮ ਅਤੇ ਰਿਸ਼ਤੇ ਵੀ ਨਿਰਧਾਰਤ ਕਰਦੀ ਹੈ।"
ਸ਼੍ਰੀ ਹਰੀ ਮੇਨਨ, ਡਾਇਰੈਕਟਰ, ਬੀ.ਐੱਮ.ਜੀ.ਐੱਫ. ਨੇ ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਿਸ ਤਰ੍ਹਾਂ ਪਿਛਲੇ ਕੁਝ ਸਾਲਾਂ ਵਿੱਚ, ਖਾਸ ਕਰਕੇ ਪਿਛਲੇ 12 ਮਹੀਨਿਆਂ ਵਿੱਚ ਜੀ-20 ਪ੍ਰੈਜ਼ੀਡੈਂਸੀ ਦੌਰਾਨ ਭਾਰਤ ਨੇ ਪ੍ਰਧਾਨ ਮੰਤਰੀ ਵੱਲੋਂ ਨਿਰਧਾਰਿਤ ਵਿਜ਼ਨ ਨੂੰ ਰੂਪਮਾਨ ਕੀਤਾ ਗਿਆ ਹੈ ਅਤੇ ਅਜਿਹਾ ਕਰਕੇ ਭਾਰਤ ਨੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੀ ਗੱਲਬਾਤ ਨੂੰ ਵਿਸ਼ਵ ਪੱਧਰ ਤੱਕ ਉੱਚਾ ਚੁੱਕਣ ਵਿੱਚ ਮਦਦ ਕੀਤੀ ਹੈ।
ਪ੍ਰੋਗਰਾਮ ਦੌਰਾਨ ਆਪਣੇ ਮੁੱਖ ਭਾਸ਼ਣ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਲਿੰਗ-ਸਮਾਵੇਸ਼ੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦਾ ਸੱਦਾ ਦੇਸ਼ ਲਈ ਇੱਕ ਕੌਮੀ ਤਰਜੀਹ ਬਣ ਗਿਆ ਹੈ ਅਤੇ ਅਸੀਂ ਔਰਤਾਂ ਦੇ ਸਸ਼ਕਤੀਕਰਨ ਅਤੇ ਇੱਕ ਅਜਿਹੀ ਵਾਤਾਵਰਣ ਪ੍ਰਣਾਲੀ ਦੀ ਸਿਰਜਣਾ ਵਿੱਚ ਬਹੁਤ ਤਰੱਕੀ ਕਰ ਰਹੇ ਹਾਂ ਜਿਹੜੀ ਲਿੰਗ ਦੀ ਪਰਵਾਹ ਕੀਤੇ ਬਿਨਾਂ ਸਾਰਿਆਂ ਲਈ ਸੁਰੱਖਿਅਤ, ਨਿਰਪੱਖ ਅਤੇ ਨਿਆਂਪੂਰਨ ਹੋਵੇ। ਢੁਕਵੀਂ ਭਾਸ਼ਾ ਦੀ ਵਰਤੋਂ ਕਰਨਾ ਇਸ ਯਾਤਰਾ ਦਾ ਮੁੱਖ ਤੱਤ ਹੈ। ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਵਿਸ਼ੇਸ਼ ਤੌਰ 'ਤੇ ਅਪਾਹਜ ਲੋਕਾਂ ਲਈ 'ਦਿਵਿਆਂਗ' ਸ਼ਬਦ ਦੀ ਵਰਤੋਂ ਨੇ ਭਾਈਚਾਰੇ ਦੇ ਵਿਰੁੱਧ ਰੂੜ੍ਹੀਵਾਦੀ ਧਾਰਨਾਵਾਂ ਨਾਲ ਨਜਿੱਠਣ ਵਿੱਚ ਮਦਦ ਕੀਤੀ ਹੈ ਅਤੇ ਇਹ ਇੱਕ ਚੰਗੀ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਦੁਪਹਿਰ ਦੇ ਸਮਾਗਮ ਦੌਰਾਨ ਮੰਤਰਾਲੇ ਨੇ “ਦਿਵਿਆਂਗ ਬੱਚਿਆਂ ਲਈ ਆਂਗਣਵਾੜੀ ਪ੍ਰੋਟੋਕਾਲ” ਜਾਰੀ ਕੀਤਾ ਅਤੇ ਦੁਪਹਿਰ ਵਿੱਚ “ਲਿੰਗ ਸਮਾਵੇਸ਼ੀ – ਸੰਚਾਰ” ਬਾਰੇ ਇੱਕ ਗਾਈਡ ਜਾਰੀ ਕੀਤੀ। ਸ਼੍ਰੀਮਤੀ ਇਰਾਨੀ ਨੇ ਉਜਾਗਰ ਕੀਤਾ ਕਿ ਕਿਸ ਤਰ੍ਹਾਂ ਇਸ ਗਾਈਡ ਕਾਰਨ ਅੱਜ ਭਾਸ਼ਾ ਸ਼ਕਤੀ ਨੂੰ ਹਮਦਰਦੀ ਅਤੇ ਸਮਾਨਤਾ ਨਾਲ ਸੁਸ਼ੋਭਿਤ ਕੀਤਾ ਗਿਆ ਹੈ। ਕੇਂਦਰੀ ਮੰਤਰੀ ਨੇ ਇੱਛਾ ਪ੍ਰਗਟਾਈ ਕਿ ਸਕਾਰਾਤਮਕ ਬਦਲਾਅ ਲਿਆਉਣ ਲਈ ਇਸ ਸ਼ਬਦਕੋਸ਼ ਦੀਆਂ ਕਾਪੀਆਂ ਜਲਦੀ ਹੀ ਦੇਸ਼ ਭਰ ਦੀਆਂ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਈਆਂ ਜਾਣਗੀਆਂ। ਮੰਤਰੀ ਨੇ ਇਸ ਲਈ ਸੱਦਾ ਦਿੱਤਾ ਕਿ ਲਿੰਗ-ਸਮਾਵੇਸ਼ੀ ਭਾਸ਼ਾ ਅਪਣਾ ਕੇ ਅਸੀਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਚੁਣੌਤੀ ਦੇ ਸਕਦੇ ਹਾਂ ਅਤੇ ਸਾਰਿਆਂ ਲਈ ਵਧੇਰੇ ਸਤਿਕਾਰਯੋਗ ਅਤੇ ਬਰਾਬਰੀ ਵਾਲੇ ਮਾਹੌਲ ਨੂੰ ਉਤਸ਼ਾਹਿਤ ਕਰ ਸਕਦੇ ਹਾਂ।
ਇਸ ਮੌਕੇ ਪਤਵੰਤੇ ਵਿਅਕਤੀਆਂ ਨੇ ਚਾਨਣਾ ਪਾਇਆ ਕਿ ਭਾਸ਼ਾ ਸਿਰਫ਼ ਪ੍ਰਗਟਾਵੇ ਦਾ ਸਾਧਨ ਨਹੀਂ ਹੈ; ਇਹ ਸਾਡੀਆਂ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਦਾ ਪ੍ਰਤੀਬਿੰਬ ਹੈ। ਪਤਵੰਤਿਆਂ ਨੇ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਸਾਡੇ ਸਿਵਲ ਸੇਵਕਾਂ ਨੂੰ ਨਾ ਸਿਰਫ਼ ਕੁਸ਼ਲਤਾ ਨਾਲ ਸੰਵਾਦ ਕਰਨ ਲਈ ਸਗੋਂ ਸਾਡੇ ਸਮਾਜ ਵਿੱਚ ਮੌਜੂਦ ਵਿਭਿੰਨ ਦ੍ਰਿਸ਼ਟੀਕੋਣਾਂ ਅਤੇ ਪਛਾਣਾਂ ਪ੍ਰਤੀ ਸੰਵੇਦਨਸ਼ੀਲਤਾ ਨਾਲ ਸਸ਼ਕਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਸਤਿਕਾਰ ਅਤੇ ਸਮਝ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਦੇ ਹੋਏ, ਸਾਡਾ ਉਦੇਸ਼ ਇੱਕ ਅਜਿਹਾ ਪ੍ਰਸ਼ਾਸਕੀ ਮਾਹੌਲ ਸਿਰਜਣਾ ਹੈ ਜੋ ਨਾ ਸਿਰਫ਼ ਇਸਦੇ ਕੰਮਕਾਜ ਵਿੱਚ ਪ੍ਰਭਾਵਸ਼ਾਲੀ ਹੋਵੇ ਸਗੋਂ ਸ਼ਮੂਲੀਅਤ ਅਤੇ ਹਮਦਰਦੀ ਨਾਲ ਵੀ ਗੂੰਜਦਾ ਹੋਵੇ। ਇਹ ਦਿਸ਼ਾ-ਨਿਰਦੇਸ਼ ਸਾਡੇ ਸਿਵਲ ਸੇਵਕਾਂ ਅਤੇ ਆਮ ਤੌਰ 'ਤੇ ਆਮ ਨਾਗਰਿਕਾਂ ਲਈ ਇੱਕ ਰੋਡਮੈਪ ਪ੍ਰਦਾਨ ਕਰਦੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਉਨ੍ਹਾਂ ਦਾ ਸੰਚਾਰ ਸਕਾਰਾਤਮਕ ਸਮਾਜਿਕ ਤਬਦੀਲੀ ਲਈ ਉਤਪ੍ਰੇਰਕ ਹੋਵੇ, ਜੋ ਸਾਰਿਆਂ ਲਈ ਬਰਾਬਰ ਹੋਵੇ।
***************
ਐੱਸਐੱਸ/ ਏਕੇਐੱਸ
(Release ID: 1981433)
Visitor Counter : 85