ਪ੍ਰਧਾਨ ਮੰਤਰੀ ਦਫਤਰ

ਮਨ ਕੀ ਬਾਤ ਦੀ 106ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.10.2023)

Posted On: 29 OCT 2023 11:52AM by PIB Chandigarh

ਮੇਰੇ ਪਿਆਰੇ ਪਰਿਵਾਰਜਨੋਂ, ਨਮਸਕਾਰ! ‘ਮਨ ਕੀ ਬਾਤ’ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਇਹ ਐਪੀਸੋਡ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ, ਜਦੋਂ ਪੂਰੇ ਦੇਸ਼ ਵਿੱਚ ਤਿਓਹਾਰਾਂ ਦੀ ਉਮੰਗ ਹੈ। ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਸਾਰੇ ਤਿਓਹਾਰਾਂ ਦੀਆਂ ਬਹੁਤ-ਬਹੁਤ ਵਧਾਈਆਂ।

ਸਾਥੀਓ, ਤਿਓਹਾਰਾਂ ਦੀ ਇਸ ਉਮੰਗ ਵਿੱਚ ਦਿੱਲੀ ਦੀ ਇੱਕ ਖ਼ਬਰ ਨਾਲ ਮੈਂ ‘ਮਨ ਕੀ ਬਾਤ’ ਦੀ ਸ਼ੁਰੂਆਤ ਕਰਨਾ ਚਾਹੁੰਦਾ ਹਾਂ। ਇਸ ਮਹੀਨੇ ਦੀ ਸ਼ੁਰੂਆਤ ’ਚ ਗਾਂਧੀ ਜਯੰਤੀ ਦੇ ਮੌਕੇ ’ਤੇ ਦਿੱਲੀ ਵਿੱਚ ਖਾਦੀ ਦੀ ਰਿਕਾਰਡ ਵਿਕਰੀ ਹੋਈ। ਇੱਥੇ ਕਨਾਟ ਪਲੇਸ ’ਚ ਇੱਕ ਹੀ ਖਾਦੀ ਸਟੋਰ ਵਿੱਚ ਇੱਕ ਹੀ ਦਿਨ ਵਿੱਚ ਡੇਢ ਕਰੋੜ ਰੁਪਏ ਤੋਂ ਜ਼ਿਆਦਾ ਦਾ ਸਮਾਨ ਲੋਕਾਂ ਨੇ ਖਰੀਦਿਆ। ਇਸ ਮਹੀਨੇ ਚਲ ਰਹੇ ਖਾਦੀ ਮਹਾਉਤਸਵ ਨੇ ਇੱਕ ਵਾਰ ਫਿਰ ਵਿਕਰੀ ਦੇ ਆਪਣੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਤੁਹਾਨੂੰ ਇੱਕ ਹੋਰ ਗੱਲ ਜਾਣ ਕੇ ਵੀ ਬਹੁਤ ਚੰਗਾ ਲੱਗੇਗਾ, 10 ਸਾਲ ਪਹਿਲਾਂ ਦੇਸ਼ ’ਚ ਜਿੱਥੇ ਖਾਦੀ ਪ੍ਰੋਡਕਟਸ ਦੀ ਵਿਕਰੀ ਬੜੀ ਮੁਸ਼ਕਿਲ ਨਾਲ 30 ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਹੋਈ ਸੀ। ਹੁਣ ਇਹ ਵਧ ਕੇ ਸਵਾ ਲੱਖ ਕਰੋੜ ਰੁਪਏ ਦੇ ਆਸ-ਪਾਸ ਪਹੁੰਚ ਰਹੀ ਹੈ। ਖਾਦੀ ਦੀ ਵਿਕਰੀ ਵਧਣ ਦਾ ਮਤਲਬ ਹੈ ਇਸ ਦਾ ਫਾਇਦਾ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਵੱਖ-ਵੱਖ ਤਬਕਿਆਂ ਤੱਕ ਪਹੁੰਚਦਾ ਹੈ। ਇਸ ਵਿਕਰੀ ਦਾ ਲਾਭ ਸਾਡੇ ਬੁਣਕਰ, ਹੈਂਡੀਕਰਾਫਟ ਦੇ ਕਾਰੀਗਰ, ਸਾਡੇ ਕਿਸਾਨ, ਆਯੁਰਵੈਦਿਕ ਪੌਦੇ ਲਗਾਉਣ ਵਾਲੇ, ਕੁਟੀਰ ਉਦਯੋਗ ਸਭ ਨੂੰ ਮਿਲ ਰਿਹਾ ਹੈ ਅਤੇ ਇਹੀ ਤਾਂ ‘ਵੋਕਲ ਫੌਰ ਲੋਕਲ’ ਮੁਹਿੰਮ ਦੀ ਤਾਕਤ ਹੈ ਅਤੇ ਹੌਲੀ-ਹੌਲੀ ਤੁਹਾਡੇ ਸਾਰੇ ਦੇਸ਼ਵਾਸੀਆਂ ਦਾ ਸਮਰਥਨ ਵੀ ਵਧਦਾ ਜਾ ਰਿਹਾ ਹੈ।

ਸਾਥੀਓ, ਅੱਜ ਮੈਂ ਆਪਣੀ ਇੱਕ ਹੋਰ ਬੇਨਤੀ ਤੁਹਾਡੇ ਸਾਹਮਣੇ ਦੁਹਰਾਉਣਾ ਚਾਹੁੰਦਾ ਹਾਂ ਅਤੇ ਬਹੁਤ ਹੀ ਨਿਮਰਤਾ ਸਹਿਤ ਦੁਹਰਾਉਣਾ ਚਾਹੁੰਦਾ ਹਾਂ। ਜਦ ਵੀ ਤੁਸੀਂ ਸੈਰ-ਸਪਾਟੇ ’ਤੇ ਜਾਓ, ਤੀਰਥ ਯਾਤਰਾ ’ਤੇ ਜਾਓ ਤਾਂ ਉੱਥੋਂ ਦੇ ਸਥਾਨਕ ਕਲਾਕਾਰਾਂ ਦੁਆਰਾ ਬਣਾਏ ਗਏ ਉਤਪਾਦਾਂ ਨੂੰ ਜ਼ਰੂਰ ਖਰੀਦੋ। ਤੁਸੀਂ ਆਪਣੀ ਉਸ ਯਾਤਰਾ ਦੇ ਕੁੱਲ ਬਜਟ ਵਿੱਚ ਸਥਾਨਕ ਉਤਪਾਦਾਂ ਦੀ ਖਰੀਦ ਨੂੰ ਇੱਕ ਮਹੱਤਵਪੂਰਣ ਪਹਿਲ ਦੇ ਰੂਪ ’ਚ ਜ਼ਰੂਰ ਰੱਖੋ। 10 ਫੀਸਦੀ ਹੋਵੇ, 20 ਫੀਸਦੀ ਹੋਵੇ, ਜਿੰਨਾ ਤੁਹਾਡਾ ਬਜਟ ਬੈਠਦਾ ਹੋਵੇ, ਲੋਕਲ ’ਤੇ ਖਰਚਾ ਜ਼ਰੂਰ ਕਰਿਓ ਅਤੇ ਉੱਥੇ ਹੀ ਖਰਚ ਕਰਿਓ।

ਸਾਥੀਓ, ਹਰ ਵਾਰ ਵਾਂਗ ਇਸ ਵਾਰ ਵੀ ਸਾਡੇ ਤਿਓਹਾਰਾਂ ’ਚ ਸਾਡੀ ਪਹਿਲ ਹੋਵੇ, ‘ਵੋਕਲ ਫੌਰ ਲੋਕਲ’ ਅਤੇ ਅਸੀਂ ਮਿਲ ਕੇ ਉਸ ਸੁਪਨੇ ਨੂੰ ਪੂਰਾ ਕਰੀਏ, ਸਾਡਾ ਸੁਪਨਾ ਹੈ ‘ਆਤਮ ਨਿਰਭਰ ਭਾਰਤ’। ਇਸ ਵਾਰ ਅਜਿਹੇ ਪ੍ਰੋਡਕਟਸ ਨਾਲ ਹੀ ਘਰ ਨੂੰ ਰੌਸ਼ਨ ਕਰੀਏ, ਜਿਸ ਵਿੱਚ ਮੇਰੇ ਕਿਸੇ ਦੇਸ਼ ਵਾਸੀ ਦੇ ਪਸੀਨੇ ਦੀ ਮਹਿਕ ਹੋਵੇ, ਮੇਰੇ ਦੇਸ਼ ਦੇ ਕਿਸੇ ਯੁਵਾ ਦਾ ਟੈਲੇਂਟ ਹੋਵੇ। ਉਸ ਦੇ ਬਣਨ ’ਚ ਮੇਰੇ ਦੇਸ਼ਵਾਸੀਆਂ ਨੂੰ ਰੋਜ਼ਗਾਰ ਮਿਲਿਆ ਹੋਵੇ, ਰੋਜ਼ਾਨਾ ਦੀ ਜ਼ਿੰਦਗੀ ਦੀ ਕੋਈ ਵੀ ਜ਼ਰੂਰਤ ਹੋਵੇ, ਅਸੀਂ ਲੋਕਲ ਹੀ ਲਵਾਂਗੇ ਪਰ ਤੁਹਾਨੂੰ ਇੱਕ ਹੋਰ ਗੱਲ ’ਤੇ ਗੌਰ ਕਰਨਾ ਪਵੇਗਾ, ‘ਵੋਕਲ ਫੌਰ ਲੋਕਲ’ ਦੀ ਇਹ ਭਾਵਨਾ ਸਿਰਫ਼ ਤਿਓਹਾਰਾਂ ਦੀ ਖਰੀਦਦਾਰੀ ਤੱਕ ਹੀ ਸੀਮਿਤ ਨਹੀਂ ਹੈ ਅਤੇ ਕਿਤੇ ਤਾਂ ਮੈਂ ਵੇਖਿਆ ਹੈ ਦੀਵਾਲੀ ਦਾ ਦੀਵਾ ਲੈਂਦੇ ਹਾਂ ਅਤੇ ਫਿਰ ਸੋਸ਼ਲ ਮੀਡੀਆ ’ਤੇ ਪਾਉਂਦੇ ਹਾਂ - ‘ਵੋਕਲ ਫੌਰ ਲੋਕਲ’ - ਨਹੀਂ ਜੀ ਉਹ ਤਾਂ ਸ਼ੁਰੂਆਤ ਹੈ, ਅਸੀਂ ਬਹੁਤ ਅੱਗੇ ਵਧਣਾ ਹੈ। ਜ਼ਿੰਦਗੀ ਦੀ ਹਰ ਜ਼ਰੂਰਤ ਸਾਡੇ ਦੇਸ਼ ਵਿੱਚ ਹੁਣ ਸਭ ਕੁਝ ਉਪਲਬਧ ਹੈ। ਇਹ ਵਿਜ਼ਨ ਸਿਰਫ ਛੋਟੇ ਦੁਕਾਨਦਾਰਾਂ ਅਤੇ ਰੇਹੜੀ-ਪਟੜੀ ਤੋਂ ਸਮਾਨ ਲੈਣ ਤੱਕ ਸੀਮਿਤ ਨਹੀਂ ਹੈ। ਅੱਜ ਭਾਰਤ ਦੁਨੀਆਂ ਦਾ ਵੱਡਾ ਮੈਨੂਫੈਕਚਰਿੰਗ ਹਬ ਬਣ ਰਿਹਾ ਹੈ। ਕਈ ਵੱਡੇ ਬਰਾਂਡ ਇੱਥੇ ਹੀ ਆਪਣੇ ਪ੍ਰੋਡਕਟਸ ਨੂੰ ਤਿਆਰ ਕਰ ਰਹੇ ਹਨ ਜੇ ਅਸੀਂ ਉਨ੍ਹਾਂ ਪ੍ਰੋਡਕਟਸ ਨੂੰ ਅਪਣਾਉਂਦੇ ਹਾਂ ਤਾਂ ‘ਮੇਕ ਇਨ ਇੰਡੀਆ’ ਨੂੰ ਹੁਲਾਰਾ ਮਿਲਦਾ ਹੈ ਅਤੇ ਇਹ ਵੀ ਲੋਕਲ ਲਈ ਵੋਕਲ ਹੀ ਹੋਣਾ ਹੁੰਦਾ ਹੈ ਅਤੇ ਹਾਂ ਅਜਿਹੇ ਪ੍ਰੋਡਕਟਸ ਨੂੰ ਖਰੀਦਣ ਸਮੇਂ ਸਾਡੇ ਦੇਸ਼ ਦੀ ਸ਼ਾਨ ਯੂ. ਪੀ. ਆਈ. ਡਿਜੀਟਲ ਪੇਮੈਂਟ ਸਿਸਟਮ ਜ਼ਰੀਏ ਪੇਮੈਂਟ ਕਰਨ ’ਤੇ ਜ਼ੋਰ ਦਿਓ। ਜ਼ਿੰਦਗੀ ’ਚ ਆਦਤ ਪਾਓ ਅਤੇ ਉਸ ਪ੍ਰੋਡਕਟ ਦੇ ਨਾਲ ਜਾਂ ਉਸ ਕਾਰੀਗਰ ਦੇ ਨਾਲ ਸੈਲਫੀ ‘ਨਮੋ’ ਐਪ ’ਤੇ ਮੇਰੇ ਨਾਲ ਸ਼ੇਅਰ ਕਰੋ ਅਤੇ ਉਹ ਵੀ ‘ਮੇਡ ਇਨ ਇੰਡੀਆ’ ਸਮਾਰਟ ਫੋਨ ਤੋਂ। ਮੈਂ ਉਨ੍ਹਾਂ ਵਿੱਚੋਂ ਕੁਝ ਪੋਸਟਾਂ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਾਂਗਾ ਤਾਕਿ ਦੂਸਰੇ ਲੋਕਾਂ ਨੂੰ ਵੀ ‘ਵੋਕਲ ਫੌਰ ਲੋਕਲ’ ਦੀ ਪ੍ਰੇਰਣਾ ਮਿਲੇ।

ਸਾਥੀਓ, ਜਦੋਂ ਅਸੀਂ ਭਾਰਤ ’ਚ ਬਣੇ ਭਾਰਤੀਆਂ ਦੁਆਰਾ ਬਣਾਏ ਗਏ ਉਤਪਾਦਾਂ ਨਾਲ ਆਪਣੀ ਦੀਵਾਲੀ ਰੌਸ਼ਨ ਕਰਾਂਗੇ, ਆਪਣੇ ਪਰਿਵਾਰ ਦੀ ਹਰ ਛੋਟੀ-ਮੋਟੀ ਜ਼ਰੂਰਤ ਲੋਕਲ ਤੋਂ ਪੂਰੀ ਕਰਾਂਗੇ ਤਾਂ ਦੀਵਾਲੀ ਦੀ ਜਗਮਗਾਹਟ ਹੋਰ ਜ਼ਿਆਦਾ ਵਧੇਗੀ ਹੀ ਵਧੇਗੀ, ਪਰ ਉਨ੍ਹਾਂ ਕਾਰੀਗਰਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਦੀਵਾਲੀ ਆਏਗੀ, ਜੀਵਨ ਦੀ ਇੱਕ ਸਵੇਰ ਆਏਗੀ, ਉਨ੍ਹਾਂ ਦਾ ਜੀਵਨ ਸ਼ਾਨਦਾਰ ਬਣੇਗਾ। ਭਾਰਤ ਨੂੰ ਆਤਮ-ਨਿਰਭਰ ਬਣਾਓ, ‘ਮੇਕ ਇਨ ਇੰਡੀਆ’ ਹੀ ਚੁਣਦੇ ਜਾਓ, ਜਿਸ ਨਾਲ ਤੁਹਾਡੇ ਨਾਲ-ਨਾਲ ਹੋਰ ਵੀ ਕਰੋੜਾਂ ਦੇਸ਼ਵਾਸੀਆਂ ਦੀ ਦੀਵਾਲੀ ਸ਼ਾਨਦਾਰ ਬਣੇ, ਜਾਨਦਾਰ ਬਣੇ, ਰੌਸ਼ਨ ਬਣੇ, ਦਿਲਚਸਪ ਬਣੇ।

ਮੇਰੇ ਪਿਆਰੇ ਦੇਸ਼ਵਾਸੀਓ, 31 ਅਕਤੂਬਰ ਦਾ ਦਿਨ ਸਾਡੇ ਸਾਰਿਆਂ ਲਈ ਬਹੁਤ ਖਾਸ ਹੁੰਦਾ ਹੈ, ਇਸ ਦਿਨ ਅਸੀਂ ਸਾਡੇ ਲੋਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਦੀ ਜਨਮ ਜਯੰਤੀ ਮਨਾਉਂਦੇ ਹਾਂ। ਅਸੀਂ ਭਾਰਤਵਾਸੀ ਉਨ੍ਹਾਂ ਨੂੰ ਕਈ ਵਜ੍ਹਾ ਨਾਲ ਯਾਦ ਕਰਦੇ ਹਾਂ ਅਤੇ ਸ਼ਰਧਾਪੂਰਵਕ ਨਮਨ ਕਰਦੇ ਹਾਂ। ਸਭ ਤੋਂ ਵੱਡੀ ਵਜ੍ਹਾ ਹੈ ਦੇਸ਼ ਦੀਆਂ 580 ਤੋਂ ਜ਼ਿਆਦਾ ਰਿਆਸਤਾਂ ਨੂੰ ਜੋੜਨ ਵਿੱਚ ਉਨ੍ਹਾਂ ਦੀ ਬੇਮਿਸਾਲ ਭੂਮਿਕਾ। ਅਸੀਂ ਜਾਣਦੇ ਹਾਂ, ਹਰ ਸਾਲ 31 ਅਕਤੂਬਰ ਨੂੰ ਗੁਜਰਾਤ ਵਿੱਚ ਸਟੈਚੂ ਆਵ੍ ਯੂਨਿਟੀ ਉੱਤੇ ਏਕਤਾ ਦਿਵਸ ਨਾਲ ਜੁੜਿਆ ਮੁੱਖ ਸਮਾਰੋਹ ਹੁੰਦਾ ਹੈ। ਇਸ ਵਾਰ ਇਸ ਤੋਂ ਇਲਾਵਾ ਦਿੱਲੀ ਵਿੱਚ ਕਰਤਵਯ ਪੱਥ ’ਤੇ ਇੱਕ ਬਹੁਤ ਹੀ ਖਾਸ ਪ੍ਰੋਗਰਾਮ ਆਯੋਜਿਤ ਹੋ ਰਿਹਾ ਹੈ, ਤੁਹਾਨੂੰ ਯਾਦ ਹੋਵੇਗਾ ਮੈਂ ਪਿਛਲੇ ਦਿਨੀਂ ਦੇਸ਼ ਦੇ ਹਰ ਪਿੰਡ ਤੋਂ, ਹਰ ਘਰ ਤੋਂ ਮਿੱਟੀ ਇਕੱਠੀ ਕਰਨ ਦੀ ਬੇਨਤੀ ਕੀਤੀ ਸੀ। ਹਰ ਘਰ ਤੋਂ ਮਿੱਟੀ ਇਕੱਠੀ ਕਰਨ ਤੋਂ ਬਾਅਦ ਉਸ ਨੂੰ ਕਲਸ਼ ਵਿੱਚ ਰੱਖਿਆ ਅਤੇ ਫਿਰ ਅੰਮ੍ਰਿਤ ਕਲਸ਼ ਯਾਤਰਾਵਾਂ ਕੱਢੀਆਂ ਗਈਆਂ। ਦੇਸ਼ ਦੇ ਕੋਨੇ-ਕੋਨੇ ਤੋਂ ਇਕੱਠੀ ਕੀਤੀ ਗਈ ਇਹ ਮਿੱਟੀ, ਇਹ ਹਜ਼ਾਰਾਂ ਅੰਮ੍ਰਿਤ ਕਲਸ਼ ਯਾਤਰਾਵਾਂ ਹੁਣ ਦਿੱਲੀ ਪਹੁੰਚ ਰਹੀਆਂ ਹਨ। ਇੱਥੇ ਦਿੱਲੀ ਵਿੱਚ ਉਸ ਮਿੱਟੀ ਨੂੰ ਇੱਕ ਵਿਸ਼ਾਲ ਭਾਰਤ ਕਲਸ਼ ’ਚ ਪਾਇਆ ਜਾਵੇਗਾ ਅਤੇ ਇਸੇ ਪਵਿੱਤਰ ਮਿੱਟੀ ਨਾਲ ਦਿੱਲੀ ਵਿੱਚ ਅੰਮ੍ਰਿਤ ਵਾਟਿਕਾ ਦਾ ਨਿਰਮਾਣ ਹੋਵੇਗਾ। ਇਹ ਦੇਸ਼ ਦੀ ਰਾਜਧਾਨੀ ਦੇ ਹਿਰਦੇ ’ਚ ਅੰਮ੍ਰਿਤ ਮਹੋਤਸਵ ਦੀ ਸ਼ਾਨਦਾਰ ਵਿਰਾਸਤ ਦੇ ਰੂਪ ’ਚ ਮੌਜੂਦ ਰਹੇਗੀ। 31 ਅਕਤੂਬਰ ਨੂੰ ਹੀ ਦੇਸ਼ ਭਰ ਵਿੱਚ ਪਿਛਲੇ ਢਾਈ ਸਾਲ ਤੋਂ ਚਲ ਰਹੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਸਮਾਪਨ ਹੋਵੇਗਾ। ਤੁਸੀਂ ਸਾਰਿਆਂ ਨੇ ਮਿਲ ਕੇ ਇਸ ਨੂੰ ਦੁਨੀਆਂ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚਲਣ ਵਾਲੇ ਮਹੋਤਸਵ ਵਿੱਚੋਂ ਇੱਕ ਬਣਾ ਦਿੱਤਾ। ਆਪਣੇ ਸੈਨਾਨੀਆਂ ਦਾ ਸਨਮਾਨ ਹੋਵੇ ਜਾਂ ਫਿਰ ਹਰ ਘਰ ਤਿਰੰਗਾ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ, ਲੋਕਾਂ ਨੇ ਆਪਣੇ ਸਥਾਨਕ ਇਤਿਹਾਸ ਨੂੰ, ਇੱਕ ਨਵੀਂ ਪਹਿਚਾਣ ਦਿੱਤੀ ਹੈ। ਇਸ ਦੌਰਾਨ ਸਮੁਦਾਇਕ ਸੇਵਾ ਦੀ ਵੀ ਅਦਭੁੱਤ ਮਿਸਾਲ ਵੇਖਣ ਨੂੰ ਮਿਲੀ ਹੈ।

ਸਾਥੀਓ, ਮੈਂ ਅੱਜ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਸੁਣਾ ਰਿਹਾ ਹਾਂ, ਖਾਸ ਕਰਕੇ ਮੇਰੇ ਨੌਜਵਾਨ ਬੇਟੇ-ਬੇਟੀਆਂ ਨੂੰ, ਜਿਨ੍ਹਾਂ ਦੇ ਦਿਲਾਂ ਵਿੱਚ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਹੈ, ਸੁਪਨੇ ਹਨ, ਸੰਕਲਪ ਹਨ। ਇਹ ਖੁਸ਼ਖਬਰੀ ਦੇਸ਼ਵਾਸੀਆਂ ਲਈ ਤਾਂ ਹੈ ਹੀ, ਮੇਰੇ ਨੌਜਵਾਨ ਸਾਥੀਓ, ਤੁਹਾਡੇ ਲਈ ਖਾਸ ਹੈ। ਦੋ ਦਿਨ ਬਾਅਦ ਹੀ 31 ਅਕਤੂਬਰ ਨੂੰ ਇੱਕ ਬਹੁਤ ਵੱਡੇ ਰਾਸ਼ਟਰਵਿਆਪੀ ਸੰਗਠਨ ਦੀ ਨੀਂਹ ਰੱਖੀ ਜਾ ਰਹੀ ਹੈ ਅਤੇ ਉਹ ਵੀ ਸਰਦਾਰ ਸਾਹਿਬ ਦੀ ਜਨਮ ਜਯੰਤੀ ਦੇ ਦਿਨ। ਇਸ ਸੰਗਠਨ ਦਾ ਨਾਮ ਹੈ - ‘ਮੇਰਾ ਯੁਵਾ ਭਾਰਤ’ ਯਾਨੀ MYBharat. MYBharat ਸੰਗਠਨ, ਭਾਰਤ ਦੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੇ ਵੱਖ-ਵੱਖ ਆਯੋਜਨਾਂ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਦੇਵੇਗਾ। ਇਹ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਭਾਰਤ ਦੀ ਯੁਵਾ ਸ਼ਕਤੀ ਨੂੰ ਇਕਜੁੱਟ ਕਰਨ ਦਾ ਅਨੋਖਾ ਯਤਨ ਹੈ। ਮੇਰਾ ਯੁਵਾ ਭਾਰਤ ਦੀ ਵੈੱਬਸਾਈਟ MYBharat ਵੀ ਸ਼ੁਰੂ ਹੋਣ ਵਾਲੀ ਹੈ। ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ, ਵਾਰ-ਵਾਰ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਮੇਰੇ ਦੇਸ਼ ਦੇ ਨੌਜਵਾਨ, ਤੁਸੀਂ ਸਾਰੇ ਮੇਰੇ ਦੇਸ਼ ਦੇ ਬੇਟੀਆਂ-ਬੇਟੇ Mybharat.gov.in ’ਤੇ ਰਜਿਸਟਰਡ ਕਰੋ ਅਤੇ ਵੱਖ-ਵੱਖ ਪ੍ਰੋਗਰਾਮਾਂ ਲਈ ਸਾਈਨਅੱਪ ਕਰੋ। 31 ਅਕਤੂਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਵੀ ਹੈ, ਮੈਂ ਵੀ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਭੇਂਟ ਕਰਦਾ ਹਾਂ।

ਮੇਰੇ ਪਰਿਵਾਰਜਨੋਂ, ਸਾਡਾ ਸਾਹਿਤ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਇਹ ਸਭ ਤੋਂ ਵਧੀਆ ਮਾਧਿਅਮਾਂ ਵਿੱਚੋਂ ਇੱਕ ਹੈ। ਮੈਂ ਤੁਹਾਡੇ ਨਾਲ ਤਮਿਲ ਨਾਡੂ ਦੀ ਸ਼ਾਨਦਾਰ ਵਿਰਾਸਤ ਨਾਲ ਸਬੰਧਿਤ ਦੋ ਬਹੁਤ ਹੀ ਪ੍ਰੇਰਣਾਦਾਇਕ ਯਤਨ ਸਾਂਝੇ ਕਰਨਾ ਚਾਹਾਂਗਾ। ਮੈਨੂੰ ਪ੍ਰਸਿੱਧ ਤਮਿਲ ਲੇਖਿਕਾ ਭੈਣ ਸ਼ਿਵ ਸ਼ੰਕਰੀ ਜੀ ਬਾਰੇ ਜਾਨਣ ਦਾ ਮੌਕਾ ਮਿਲਿਆ, ਉਨ੍ਹਾਂ ਨੇ ਇੱਕ ਪ੍ਰੋਜੈਕਟ ਕੀਤਾ, KnitIndia “Through Literature ਇਸ ਦਾ ਅਰਥ ਹੈ ਸਾਹਿਤ ਦੁਆਰਾ ਦੇਸ਼ ਨੂੰ ਇੱਕ ਧਾਗੇ ਵਿੱਚ ਪਰੋਣਾ ਅਤੇ ਜੋੜਨਾ।

ਉਹ ਪਿਛਲੇ 16 ਸਾਲਾਂ ਤੋਂ ਇਸ ਪ੍ਰੋਜੈਕਟ ’ਤੇ ਕੰਮ ਕਰ ਰਹੇ ਹਨ। ਇਸ ਪ੍ਰੋਜੈਕਟ ਰਾਹੀਂ ਉਨ੍ਹਾਂ ਨੇ 18 ਭਾਰਤੀ ਭਾਸ਼ਾਵਾਂ ਵਿੱਚ ਲਿਖੇ ਸਾਹਿਤ ਦਾ ਅਨੁਵਾਦ ਕੀਤਾ ਹੈ, ਉਨ੍ਹਾਂ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਅਤੇ ਇੰਫਾਲ ਤੋਂ ਜੈਸਲਮੇਰ ਤੱਕ ਦੇਸ਼ ਭਰ ਵਿੱਚ ਕਈ ਵਾਰ ਯਾਤਰਾ ਕੀਤੀ ਤਾਂ ਜੋ ਉਹ ਵੱਖ-ਵੱਖ ਰਾਜਾਂ ਦੇ ਲੇਖਕਾਂ ਅਤੇ ਕਵੀਆਂ ਦੀ ਇੰਟਰਵਿਊ ਲੈ ਸਕਣ। ਸ਼ਿਵ ਸ਼ੰਕਰੀ ਜੀ ਨੇ ਵੱਖ-ਵੱਖ ਥਾਵਾਂ ਦੀ ਯਾਤਰਾ ਕੀਤੀ ਅਤੇ ਉਨ੍ਹਾਂ ਨੂੰ ਯਾਤਰਾ ਟਿੱਪਣੀਆਂ ਸਮੇਤ ਪ੍ਰਕਾਸ਼ਿਤ ਕੀਤਾ। ਇਹ ਤਮਿਲ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਹੈ, ਇਸ ਪ੍ਰੋਜੈਕਟ ਵਿੱਚ ਚਾਰ ਵੱਡੇ ਭਾਗ ਹਨ। ਹਰੇਕ ਭਾਗ ਭਾਰਤ ਦੇ ਵੱਖਰੇ ਹਿੱਸੇ ਨੂੰ ਸਮਰਪਿਤ ਹੈ। ਮੈਨੂੰ ਉਨ੍ਹਾਂ ਦੀ ਦ੍ਰਿੜ੍ਹਤਾ ਸ਼ਕਤੀ ’ਤੇ ਮਾਣ ਹੈ।

ਦੋਸਤੋ, ਕੰਨਿਆ ਕੁਮਾਰੀ ਦੇ ਥਿਰੂ ਏ. ਕੇ. ਪੇਰੂਮਲ ਜੀ ਦਾ ਕੰਮ ਵੀ ਬਹੁਤ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਤਮਿਲ ਨਾਡੂ ਦੀ ਕਹਾਣੀ ਸੁਣਾਉਣ ਦੀ ਪਰੰਪਰਾ ਨੂੰ ਕਾਇਮ ਰੱਖਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਉਹ ਪਿਛਲੇ 40 ਸਾਲਾਂ ਤੋਂ ਇਸ ਮਿਸ਼ਨ ਵਿੱਚ ਲਗੇ ਹੋਏ ਹਨ। ਇਸ ਲਈ ਉਹ ਤਾਮਿਲ ਨਾਡੂ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰਦੇ ਹਨ ਅਤੇ ਲੋਕ ਕਲਾ ਦੇ ਰੂਪਾਂ ਦੀ ਖੋਜ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਕਿਤਾਬ ਦਾ ਹਿੱਸਾ ਬਣਾਉਂਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਹੁਣ ਤੱਕ ਲੱਗਭਗ 100 ਅਜਿਹੀਆਂ ਕਿਤਾਬਾਂ ਲਿਖ ਚੁਕੇ ਹਨ। ਇਸ ਤੋਂ ਇਲਾਵਾ ਪੇਰੂਮਲ ਜੀ ਦਾ ਇੱਕ ਜਨੂੰਨ ਹੋਰ ਵੀ ਹੈ, ਉਹ ਤਮਿਲ ਨਾਡੂ ਦੇ ਮੰਦਿਰ ਸੱਭਿਆਚਾਰ ਬਾਰੇ ਖੋਜ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਨੇ ਚਮੜੇ ਦੀਆਂ ਕੱਠਪੁਤਲੀਆਂ ’ਤੇ ਵੀ ਕਾਫੀ ਖੋਜ ਕੀਤੀ ਹੈ, ਜਿਸ ਦਾ ਲਾਭ ਉੱਥੋਂ ਦੇ ਸਥਾਨਕ ਕਲਾਕਾਰਾਂ ਨੂੰ ਹੋ ਰਿਹਾ ਹੈ। ਸ਼ਿਵ ਸ਼ੰਕਰੀ ਜੀ ਅਤੇ ਏ. ਕੇ. ਪੇਰੂਮਲ ਜੀ ਦੇ ਯਤਨ ਹਰ ਕਿਸੇ ਲਈ ਇੱਕ ਮਿਸਾਲ ਹਨ। ਭਾਰਤ ਨੂੰ ਆਪਣੀ ਸੰਸਕ੍ਰਿਤੀ ਨੂੰ ਸੰਭਾਲਣ ਵਾਲੇ ਅਜਿਹੇ ਹਰ ਉਪਰਾਲੇ ’ਤੇ ਮਾਣ ਹੈ, ਜਿਸ ਨਾਲ ਨਾ ਸਿਰਫ਼ ਸਾਡੀ ਰਾਸ਼ਟਰੀ ਏਕਤਾ ਮਜ਼ਬੂਤ ਹੁੰਦੀ ਹੈ, ਸਗੋਂ ਦੇਸ਼ ਦੇ ਨਾਮ, ਦੇਸ਼ ਦਾ ਮਾਣ ਸਭ ਕੁਝ ਉੱਚਾ ਹੁੰਦਾ ਹੈ। ਮੇਰੇ ਪਰਿਵਾਰਜਨੋਂ, ਪੂਰਾ ਦੇਸ਼ 15 ਨਵੰਬਰ ਨੂੰ ਆਦਿਵਾਸੀ ਮਾਣ ਦਿਵਸ ਮਨਾਏਗਾ। ਇਹ ਵਿਸ਼ੇਸ਼ ਦਿਨ ਭਗਵਾਨ ਬਿਰਸਾਮੁੰਡਾ ਦੀ ਜਨਮ ਜਯੰਤੀ ਨਾਲ ਜੁੜਿਆ ਹੈ। ਭਗਵਾਨ ਬਿਰਸਾਮੁੰਡਾ ਸਾਡੇ ਸਾਰਿਆਂ ਦੇ ਦਿਲਾਂ ’ਚ ਵਸੇ ਹੋਏ ਹਨ। ਸੱਚੀ ਹਿੰਮਤ ਕੀ ਹੁੰਦੀ ਹੈ ਅਤੇ ਦ੍ਰਿੜ੍ਹ ਇਰਾਦੇ ਨਾਲ ਚਲਣ ਦਾ ਕੀ ਮਤਲਬ ਹੁੰਦਾ ਹੈ, ਅਸੀਂ ਉਨ੍ਹਾਂ ਦੇ ਜੀਵਨ ਤੋਂ ਸਿੱਖ ਸਕਦੇ ਹਾਂ। ਉਨ੍ਹਾਂ ਨੇ ਕਦੇ ਵੀ ਵਿਦੇਸ਼ੀ ਹਕੂਮਤ ਨੂੰ ਸਵੀਕਾਰ ਨਹੀਂ ਕੀਤਾ, ਉਨ੍ਹਾਂ ਨੇ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜਿੱਥੇ ਬੇਇਨਸਾਫੀ ਲਈ ਕੋਈ ਥਾਂ ਨਹੀਂ ਸੀ। ਉਹ ਚਾਹੁੰਦੇ ਸਨ ਕਿ ਹਰ ਵਿਅਕਤੀ ਨੂੰ ਸਨਮਾਨ ਅਤੇ ਬਰਾਬਰੀ ਵਾਲਾ ਜੀਵਨ ਮਿਲੇ।

ਭਗਵਾਨ ਬਿਰਸਾਮੁੰਡਾ ਹਮੇਸ਼ਾ ਕੁਦਰਤ ਨਾਲ ਇੱਕ ਸੁਰਤਾ ਵਿੱਚ ਰਹਿਣ ’ਤੇ ਜ਼ੋਰ ਦਿੰਦੇ ਹਨ। ਅੱਜ ਵੀ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਆਦਿਵਾਸੀ ਭੈਣ-ਭਰਾ ਕੁਦਰਤ ਦੀ ਸਾਂਭ-ਸੰਭਾਲ਼ ਲਈ ਹਰ ਤਰ੍ਹਾਂ ਨਾਲ ਸਮਰਪਿਤ ਹਨ। ਸਾਡੇ ਸਾਰਿਆਂ ਲਈ ਸਾਡੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਦਾ ਇਹ ਕੰਮ ਇੱਕ ਮਹਾਨ ਪ੍ਰੇਰਣਾ ਸਰੋਤ ਹੈ।

ਦੋਸਤੋ, ਕੱਲ੍ਹ ਭਾਵ 30 ਅਕਤੂਬਰ ਨੂੰ ਗੋਵਿੰਦ ਗੁਰੂ ਜੀ ਦੀ ਬਰਸੀ ਵੀ ਹੈ। ਗੋਵਿੰਦ ਗੁਰੂ ਜੀ ਦਾ ਸਾਡੇ ਗੁਜਰਾਤ ਅਤੇ ਰਾਜਸਥਾਨ ਦੇ ਕਬਾਇਲੀ ਅਤੇ ਵਾਂਝੇ ਭਾਈਚਾਰਿਆਂ ਦੇ ਜੀਵਨ ਵਿੱਚ ਬਹੁਤ ਵਿਸ਼ੇਸ਼ ਮਹੱਤਵ ਰਿਹਾ ਹੈ। ਮੈਂ ਵੀ ਗੋਵਿੰਦ ਗੁਰੂ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ। ਨਵੰਬਰ ਦੇ ਮਹੀਨੇ ਅਸੀਂ ਮਾਨਗੜ੍ਹ ਕਤਲੇਆਮ ਦੀ ਬਰਸੀ ਵੀ ਮਨਾਉਂਦੇ ਹਾਂ। ਮੈਂ ਉਸ ਸਾਕੇ ਵਿੱਚ ਸ਼ਹੀਦ ਹੋਏ ਮਾਂ ਭਾਰਤੀ ਦੇ ਸਾਰੇ ਬੱਚਿਆਂ ਨੂੰ ਸਲਾਮ ਕਰਦਾ ਹਾਂ।

ਦੋਸਤੋ ਭਾਰਤ ਦਾ ਕਬਾਇਲੀ ਯੋਧਿਆਂ ਦਾ ਭਰਪੂਰ ਇਤਿਹਾਸ ਹੈ। ਇਸ ਭਾਰਤ ਦੀ ਧਰਤੀ ’ਤੇ ਹੀ ਮਹਾਨ ਤਿਲਕਾ ਮਾਂਝੀ ਨੇ ਅੰਨਿਆ ਵਿਰੁੱਧ ਬਿਗੁਲ ਵਜਾਇਆ ਸੀ। ਇਸੇ ਧਰਤੀ ਤੋਂ ਸਿੱਧੋ-ਕਾਹਨੂ ਨੇ ਬਰਾਬਰੀ ਦੀ ਆਵਾਜ਼ ਬੁਲੰਦ ਕੀਤੀ। ਸਾਨੂੰ ਮਾਣ ਹੈ ਕਿ ਯੋਧਾ ਤਾਂਤਿਆ ਭੀਲ ਸਾਡੀ ਧਰਤੀ ’ਤੇ ਪੈਦਾ ਹੋਇਆ। ਅਸੀਂ ਸ਼ਹੀਦ ਵੀਰ ਨਾਰਾਇਣ ਸਿੰਘ ਨੂੰ ਪੂਰੀ ਸ਼ਰਧਾ ਨਾਲ ਯਾਦ ਕਰਦੇ ਹਾਂ ਜੋ ਔਖੇ ਸਮੇਂ ਵਿੱਚ ਆਪਣੇ ਲੋਕਾਂ ਨਾਲ ਖੜ੍ਹੇ ਰਹੇ। ਵੀਰ ਰਾਮ ਜੀ ਗੌੜ, ਵੀਰ ਗੁੰਡਾਧਰ, ਭੀਮਾ ਨਾਇਕ ਉਨ੍ਹਾਂ ਦੀ ਹਿੰਮਤ ਅੱਜ ਵੀ ਸਾਨੂੰ ਪ੍ਰੇਰਿਤ ਕਰਦੀ ਹੈ। ਦੇਸ਼ ਅੱਜ ਵੀ ਉਸ ਜਜ਼ਬੇ ਨੂੰ ਯਾਦ ਕਰਦਾ ਹੈ ਜੋ ਅੱਲੂਰੀ ਸੀਤਾਰਾਮ ਰਾਜੂ ਨੇ ਆਦਿਵਾਸੀ ਭੈਣ-ਭਰਾਵਾਂ ਵਿੱਚ ਪੈਦਾ ਕੀਤਾ ਸੀ। ਸਾਨੂੰ ਉੱਤਰ-ਪੂਰਬ ਵਿੱਚ ਕਿਆਂਗ-ਨੋਬਾਂਗ ਅਤੇ ਰਾਣੀ ਗਾਇਦਿਨਲਿਊ ਵਰਗੇ ਆਜ਼ਾਦੀ ਘੁਲਾਟੀਆਂ ਤੋਂ ਵੀ ਬਹੁਤ ਪ੍ਰੇਰਣਾ ਮਿਲਦੀ ਹੈ। ਆਦਿਵਾਸੀ ਭਾਈਚਾਰੇ ਤੋਂ ਹੀ ਦੇਸ਼ ਨੂੰ ਰਾਜ ਮੋਹਨੀ ਦੇਵੀ ਅਤੇ ਰਾਣੀ ਕਮਲਾਪਤੀ ਜਿਹੀਆਂ ਵੀਰਾਂਗਨਾਵਾਂ ਮਿਲੀਆਂ। ਦੇਸ਼ ਇਸ ਸਮੇਂ ਮਹਾਰਾਣੀ ਦੁਰਗਾਵਤੀ ਜੀ ਦੀ 500ਵੀਂ ਜਯੰਤੀ ਮਨਾ ਰਿਹਾ ਹੈ, ਜਿਨ੍ਹਾਂ ਨੇ ਆਦਿਵਾਸੀ ਸਮਾਜ ਨੂੰ ਪ੍ਰੇਰਿਤ ਕੀਤਾ ਸੀ। ਮੈਂ ਉਮੀਦ ਕਰਦਾ ਹਾਂ ਕਿ ਦੇਸ਼ ਦੇ ਵਧ ਤੋਂ ਵਧ ਨੌਜਵਾਨ ਆਪਣੇ ਇਲਾਕੇ ਦੀਆਂ ਆਦਿਵਾਸੀ ਸ਼ਖਸੀਅਤਾਂ ਬਾਰੇ ਜਾਣ ਸਕਣਗੇ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈਣਗੇ। ਦੇਸ਼ ਆਪਣੇ ਕਬਾਇਲੀ ਸਮਾਜ ਦਾ ਸ਼ੁਕਰਗੁਜ਼ਾਰ ਹੈ, ਜਿਸ ਨੇ ਹਮੇਸ਼ਾ ਰਾਸ਼ਟਰ ਦੇ ਸਵੈਮਾਣ ਅਤੇ ਉੱਨਤੀ ਨੂੰ ਸਰਬਉੱਚ ਰੱਖਿਆ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਇਸ ਤਿਓਹਾਰਾਂ ਦੇ ਮੌਸਮ ਵਿੱਚ, ਇਸ ਸਮੇਂ ਦੇਸ਼ ਵਿੱਚ ਖੇਡਾਂ ਦਾ ਝੰਡਾ ਵੀ ਲਹਿਰਾ ਰਿਹਾ ਹੈ। ਹਾਲ ਹੀ ਵਿੱਚ ਏਸ਼ੀਅਨ ਗੇਮਸ ਤੋਂ ਬਾਅਦ ਪੈਰਾ-ਏਸ਼ੀਅਨ ਗੇਮਸ ਵਿੱਚ ਵੀ ਭਾਰਤੀ ਖਿਡਾਰੀਆਂ ਨੇ ਜ਼ਬਰਦਸਤ ਕਾਮਯਾਬੀ ਹਾਸਲ ਕੀਤੀ ਹੈ। ਇਨ੍ਹਾਂ ਗੇਮਸ ਵਿੱਚ ਭਾਰਤ ਨੇ 111 ਮੈਡਲ ਜਿੱਤ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਮੈਂ ਪੈਰਾ-ਏਸ਼ੀਅਨ ਗੇਮਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਐਥਲੀਟਾਂ ਨੂੰ ਵਧਾਈਆਂ ਦਿੰਦਾ ਹਾਂ। ਸਾਥੀਓ, ਮੈਂ ਤੁਹਾਡਾ ਧਿਆਨ ਸਪੈਸ਼ਲ ਓਲੰਪਿਕਸ ਵਰਲਡ ਸਮਰ ਗੇਮਸ ਵੱਲ ਵੀ ਲਿਜਾਣਾ ਚਾਹੁੰਦਾ ਹਾਂ। ਇਸ ਦਾ ਆਯੋਜਨ ਬਰਲਿਨ ਵਿੱਚ ਹੋਇਆ ਸੀ। ਇਹ ਪ੍ਰਤੀਯੋਗਤਾ ਸਾਡੇ Intellectual Disabilities ਵਾਲੇ ਐਥਲੀਟਾਂ ਦੀ ਸ਼ਾਨਦਾਰ ਸਮਰੱਥਾ ਨੂੰ ਸਾਹਮਣੇ ਲਿਆਉਂਦੀ ਹੈ। ਇਸ ਪ੍ਰਤੀਯੋਗਤਾ ਵਿੱਚ ਭਾਰਤੀ ਦਲ ਨੇ 75 ਗੋਲਡ ਮੈਡਲ ਸਹਿਤ 200 ਮੈਡਲ ਜਿੱਤੇ। ਰੋਲਰ ਸਕੇਟਿੰਗ ਹੋਵੇ, ਬੀਚ ਵਾਲੀਬਾਲ ਹੋਵੇ, ਫੁੱਟਬਾਲ ਹੋਵੇ ਜਾਂ ਟੈਨਿਸ ਭਾਰਤੀ ਖਿਡਾਰੀਆਂ ਨੇ ਮੈਡਲਾਂ ਦੀ ਝੜੀ ਲਗਾ ਦਿੱਤੀ। ਇਨ੍ਹਾਂ ਮੈਡਲ ਜੇਤੂਆਂ ਦੀ ਲਾਈਫ ਜਰਨੀ ਕਾਫੀ ਇਨਸਪਾਇਰਿੰਗ ਰਹੀ ਹੈ। ਹਰਿਆਣਾ ਦੇ ਰਣਵੀਰ ਸੈਣੀ ਨੇ ਗੋਲਫ ’ਚ ਗੋਲਡ ਮੈਡਲ ਜਿੱਤਿਆ ਹੈ। ਬਚਪਨ ਤੋਂ ਹੀ Autism ਨਾਲ ਜੂਝ ਰਹੇ ਰਣਵੀਰ ਲਈ ਕੋਈ ਵੀ ਚੁਣੌਤੀ ਗੋਲਫ ਨੂੰ ਲੈ ਕੇ ਉਨ੍ਹਾਂ ਦੇ ਜਨੂੰਨ ਨੂੰ ਘੱਟ ਨਹੀਂ ਕਰ ਸਕੀ। ਉਨ੍ਹਾਂ ਦੀ ਮਾਤਾ ਤਾਂ ਇੱਥੋਂ ਤੱਕ ਕਹਿੰਦੀ ਹੈ ਕਿ ਪਰਿਵਾਰ ਵਿੱਚ ਅੱਜ ਸਭ ਗੋਲਫਰ ਬਣ ਗਏ ਹਨ। ਪੁਡੂਚੇਰੀ ਦੇ 16 ਸਾਲ ਦੇ ਟੀ. ਵਿਸ਼ਾਲ ਨੇ 4 ਮੈਡਲ ਜਿੱਤੇ। ਗੋਆ ਦੀ ਸੀਆ ਸਰੋਦੇ ਨੇ ਪਾਵਰ ਲਿਫਟਿੰਗ ਵਿੱਚ 2 ਗੋਲਡ ਮੈਡਲ ਸਣੇ 4 ਮੈਡਲ ਆਪਣੇ ਨਾਮ ਕੀਤੇ। 9 ਸਾਲ ਦੀ ਉਮਰ ਵਿੱਚ ਆਪਣੀ ਮਾਂ ਨੂੰ ਗਵਾਉਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਛਤੀਸਗੜ੍ਹ ਦੇ ਦੁਰਗ ਦੇ ਰਹਿਣ ਵਾਲੇ ਅਨੁਰਾਗ ਪ੍ਰਸਾਦ ਨੇ ਪਾਵਰ ਲਿਫਟਿੰਗ ਵਿੱਚ 3 ਗੋਲਡ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਹੈ। ਅਜਿਹੀ ਹੀ ਇੱਕ ਪ੍ਰੇਰਕ ਗਾਥਾ ਝਾਰਖੰਡ ਦੇ ਇੰਦੂ ਪ੍ਰਕਾਸ਼ ਦੀ ਹੈ, ਜਿਨ੍ਹਾਂ ਨੇ ਸਾਈਕਲਿੰਗ ਵਿੱਚ ਦੋ ਮੈਡਲ ਜਿੱਤੇ ਹਨ। ਬਹੁਤ ਹੀ ਸਧਾਰਣ ਪਰਿਵਾਰ ਤੋਂ ਆਉਣ ਦੇ ਬਾਵਜੂਦ ਇੰਦੂ ਨੇ ਗ਼ਰੀਬੀ ਨੂੰ ਕਦੇ ਵੀ ਆਪਣੀ ਸਫ਼ਲਤਾ ਦੇ ਸਾਹਮਣੇ ਦੀਵਾਰ ਨਹੀਂ ਬਣਨ ਦਿੱਤਾ। ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦੀ ਸਫ਼ਲਤਾ Intellectual Disabilities ਦਾ ਮੁਕਾਬਲਾ ਕਰ ਰਹੇ ਹੋਰ ਬੱਚਿਆਂ ਅਤੇ ਪਰਿਵਾਰਾਂ ਨੂੰ ਵੀ ਪ੍ਰੇਰਿਤ ਕਰੇਗੀ। ਮੇਰੀ ਤੁਹਾਨੂੰ ਸਾਰਿਆਂ ਨੂੰ ਪ੍ਰਾਰਥਨਾ ਹੈ ਕਿ ਤੁਹਾਡੇ ਪਿੰਡ ਵਿੱਚ, ਤੁਹਾਡੇ ਪਿੰਡ ਦੇ ਆਸ-ਪਾਸ ਅਜਿਹੇ ਬੱਚੇ, ਜਿਨ੍ਹਾਂ ਨੇ ਇਸ ਖੇਡ ਵਿੱਚ ਹਿੱਸਾ ਲਿਆ ਹੈ ਜਾਂ ਜੇਤੂ ਹੋਏ ਹਨ, ਤੁਸੀਂ ਪਰਿਵਾਰ ਸਹਿਤ ਉਨ੍ਹਾਂ ਦੇ ਘਰ ਜਾਓ, ਉਨ੍ਹਾਂ ਨੂੰ ਵਧਾਈ ਦਿਓ ਅਤੇ ਕੁਝ ਪਲ ਉਨ੍ਹਾਂ ਬੱਚਿਆਂ ਦੇ ਨਾਲ ਬਿਤਾਓ। ਤੁਹਾਨੂੰ ਇੱਕ ਨਵਾਂ ਹੀ ਅਨੁਭਵ ਹੋਵੇਗਾ। ਪ੍ਰਮਾਤਮਾ ਨੇ ਉਨ੍ਹਾਂ ਅੰਦਰ ਇੱਕ ਅਜਿਹੀ ਤਾਕਤ ਭਰੀ ਹੈ, ਤੁਹਾਨੂੰ ਵੀ ਉਸ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ, ਜ਼ਰੂਰ ਜਾਓ।

ਮੇਰੇ ਪਰਿਵਾਰਜਨੋਂ, ਤੁਸੀਂ ਸਾਰਿਆਂ ਨੇ ਗੁਜਰਾਤ ਦੇ ਤੀਰਥ ਖੇਤਰ ਅੰਬਾ ਜੀ ਮੰਦਿਰ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ, ਇਹ ਇੱਕ ਮਹੱਤਵਪੂਰਨ ਸ਼ਕਤੀਪੀਠ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਵੱਡੀ ਤਦਾਦ ’ਚ ਸ਼ਰਧਾਲੂ ਮਾਂ ਅੰਬਾ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ। ਇੱਥੇ ਗੱਬਰ ਪਰਬਤ ਦੇ ਰਸਤੇ ਵਿੱਚ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਯੋਗ ਮੁਦਰਾਵਾਂ ਅਤੇ ਆਸਨਾਂ ਦੀਆਂ ਮੂਰਤੀਆਂ ਦਿਖਾਈ ਦੇਣਗੀਆਂ। ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਮੂਰਤੀਆਂ ਦੀ ਖਾਸ ਗੱਲ ਕੀ ਹੈ, ਦਰਅਸਲ ਇਹ ਸਕ੍ਰੈਪ ਤੋਂ ਬਣੇ ਸਕਲਪਚਰ ਹਨ, ਇੱਕ ਤਰ੍ਹਾਂ ਦੇ ਕਬਾੜ ਨਾਲ ਬਣੇ ਹੋਏ ਜੋ ਬੇਹੱਦ ਸ਼ਾਨਦਾਰ ਹਨ। ਯਾਨੀ ਇਹ ਮੂਰਤੀਆਂ ਇਸਤੇਮਾਲ ਹੋ ਚੁੱਕੇ ਕਬਾੜ ਵਿੱਚ ਸੁੱਟ ਦਿੱਤੀਆਂ ਗਈਆਂ ਪੁਰਾਣੀਆਂ ਚੀਜ਼ਾਂ ਨਾਲ ਬਣਾਈਆਂ ਗਈਆਂ ਹਨ। ਅੰਬਾ ਜੀ ਸ਼ਕਤੀਪੀਠ ’ਤੇ ਦੇਵੀ ਮਾਂ ਦੇ ਦਰਸ਼ਨਾਂ ਦੇ ਨਾਲ-ਨਾਲ ਇਹ ਮੂਰਤੀਆਂ ਵੀ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣ ਗਈਆਂ ਹਨ। ਇਸ ਯਤਨ ਦੀ ਸਫ਼ਲਤਾ ਨੂੰ ਵੇਖ ਕੇ ਮੇਰੇ ਮਨ ’ਚ ਇੱਕ ਸੁਝਾਅ ਵੀ ਆ ਰਿਹਾ ਹੈ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਵੇਸਟ ਨਾਲ ਇਸ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਬਣਾ ਸਕਦੇ ਹਨ ਅਤੇ ਮੇਰੀ ਗੁਜਰਾਤ ਸਰਕਾਰ ਨੂੰ ਇਹ ਬੇਨਤੀ ਹੈ ਕਿ ਉਹ ਇੱਕ ਪ੍ਰਤੀਯੋਗਤਾ ਸ਼ੁਰੂ ਕਰੇ ਅਤੇ ਅਜਿਹੇ ਲੋਕਾਂ ਨੂੰ ਸੱਦਾ ਦੇਵੇ। ਇਹ ਕੋਸ਼ਿਸ਼ ਗੱਬਰ ਪਰਬਤ ਦਾ ਆਕਰਸ਼ਣ ਵਧਾਉਣ ਦੇ ਨਾਲ ਹੀ ਪੂਰੇ ਦੇਸ਼ ਵਿੱਚ ‘ਵੇਸਟ ਟੂ ਵੈਲਥ’ ਮੁਹਿੰਮ ਲਈ ਲੋਕਾਂ ਨੂੰ ਪ੍ਰੇਰਿਤ ਕਰੇਗੀ।

ਸਾਥੀਓ, ਜਦੋਂ ਵੀ ਸਵੱਛ ਭਾਰਤ ਅਤੇ ‘ਵੇਸਟ ਟੂ ਵੈਲਥ’ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਦੇਸ਼ ਦੇ ਕੋਨੇ-ਕੋਨੇ ਤੋਂ ਅਣਗਿਣਤ ਉਦਾਹਰਣ ਵੇਖਣ ਨੂੰ ਮਿਲਦੇ ਹਨ। ਅਸਮ ਦੇ Kamrup Metro Politan District ਵਿੱਚ ਅਕਸਰ ਫੋਰਮ, ਇਸ ਨਾਮ ਦਾ ਇੱਕ ਸਕੂਲ ਬੱਚਿਆਂ ਵਿੱਚ Sustainable ਡਿਵੈਲਪਮੈਂਟ ਦੀ ਭਾਵਨਾ ਭਰਨ ਦਾ ਲਗਾਤਾਰ ਕੰਮ ਕਰ ਰਿਹਾ ਹੈ। ਇੱਥੇ ਪੜ੍ਹਨ ਵਾਲੇ ਵਿਦਿਆਰਥੀ ਹਰ ਹਫ਼ਤੇ ਪਲਾਸਟਿਕ ਵੇਸਟ ਜਮ੍ਹਾਂ ਕਰਦੇ ਹਨ, ਜਿਨ੍ਹਾਂ ਦਾ ਇਸਤੇਮਾਲ Eco Friendly ਇੱਟਾਂ ਅਤੇ ਚਾਬੀ ਦੀ ਚੈਨ ਜਿਹੇ ਸਮਾਨ ਬਣਾਉਣ ਵਿੱਚ ਹੁੰਦਾ ਹੈ। ਇੱਥੇ ਵਿਦਿਆਰਥੀਆਂ ਨੂੰ ਰੀਸਾਈਕਲਿੰਗ ਅਤੇ ਪਲਾਸਟਿਕ ਵੇਸਟ ਨਾਲ ਪ੍ਰੋਡਕਟਸ ਬਣਾਉਣਾ ਵੀ ਸਿਖਾਇਆ ਜਾਂਦਾ ਹੈ। ਘੱਟ ਉਮਰ ਵਿੱਚ ਹੀ ਵਾਤਾਵਰਣ ਦੇ ਪ੍ਰਤੀ ਇਹ ਜਾਗਰੂਕਤਾ ਇਨ੍ਹਾਂ ਬੱਚਿਆਂ ਨੂੰ ਦੇਸ਼ ਦਾ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਬਹੁਤ ਮਦਦ ਕਰੇਗੀ।

ਮੇਰੇ ਪਰਿਵਾਰਜਨੋਂ, ਅੱਜ ਜੀਵਨ ਦਾ ਕੋਈ ਅਜਿਹਾ ਖੇਤਰ ਨਹੀਂ, ਜਿੱਥੇ ਸਾਨੂੰ ਨਾਰੀ ਸ਼ਕਤੀ ਦੀ ਸਮਰੱਥਾ ਦੇਖਣ ਨੂੰ ਨਾ ਮਿਲਦੀ ਹੋਵੇ। ਇਸ ਦੌਰ ਵਿੱਚ ਜਦੋਂ ਹਰ ਪਾਸੇ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਸਰਾਹਿਆ ਜਾ ਰਿਹਾ ਹੈ ਤਾਂ ਅਸੀਂ ਭਗਤੀ ਦੀ ਸ਼ਕਤੀ ਨੂੰ ਦਿਖਾਉਣ ਵਾਲੀ ਇੱਕ ਅਜਿਹੀ ਮਹਿਲਾ ਸੰਤ ਨੂੰ ਵੀ ਯਾਦ ਰੱਖਣਾ ਹੈ, ਜਿਨ੍ਹਾਂ ਦਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਦਰਜ ਹੈ। ਦੇਸ਼ ਇਸ ਵਰ੍ਹੇ ਮਹਾਨ ਸੰਤ ਮੀਰਾ ਬਾਈ ਦੀ 525ਵੀਂ ਜਨਮ ਜਯੰਤੀ ਮਨਾ ਰਿਹਾ ਹੈ। ਉਹ ਦੇਸ਼ ਭਰ ਦੇ ਲੋਕਾਂ ਲਈ ਕਈ ਕਾਰਨਾਂ ਕਰਕੇ ਇੱਕ ਪ੍ਰੇਰਣਾ ਸ਼ਕਤੀ ਰਹੇ ਹਨ। ਜੇ ਕਿਸੇ ਦੀ ਸੰਗੀਤ ਵਿੱਚ ਰੁਚੀ ਹੋਵੇ ਤਾਂ ਉਹ ਸੰਗੀਤ ਦੇ ਪ੍ਰਤੀ ਸਮਰਪਣ ਦਾ ਵੱਡੀ ਉਦਾਹਰਣ ਹੀ ਹੈ ਜੇ ਕੋਈ ਕਵਿਤਾਵਾਂ ਦਾ ਪ੍ਰੇਮੀ ਹੋਵੇ ਤਾਂ ਭਗਤੀ ਰਸ ’ਚ ਡੁੱਬੇ ਮੀਰਾ ਬਾਈ ਦੇ ਭਜਨ ਉਸ ਨੂੰ ਅਲੱਗ ਹੀ ਆਨੰਦ ਦਿੰਦੇ ਹਨ, ਜੇ ਕੋਈ ਦੈਵੀ ਸ਼ਕਤੀ ਵਿੱਚ ਵਿਸ਼ਵਾਸ ਰੱਖਦਾ ਹੋਵੇ ਤਾਂ ਮੀਰਾ ਬਾਈ ਦਾ ਸ਼੍ਰੀ ਕ੍ਰਿਸ਼ਨ ’ਚ ਲੀਨ ਹੋ ਜਾਣਾ ਉਸ ਦੇ ਲਈ ਇੱਕ ਵੱਡੀ ਪ੍ਰੇਰਣਾ ਬਣ ਸਕਦਾ ਹੈ। ਮੀਰਾ ਬਾਈ ਸੰਤ ਰਵਿਦਾਸ ਨੂੰ ਆਪਣਾ ਗੁਰੂ ਮੰਨਦੇ ਸਨ, ਉਹ ਕਹਿੰਦੇ ਵੀ ਸੀ -

ਗੁਰੂ ਮਿਲਿਆ ਰੈਦਾਸ, ਦੀਨਹੀ ਗਿਆਨ ਕੀ ਗੁਟਕੀ।

ਦੇਸ਼ ਦੀਆਂ ਮਾਤਾਵਾਂ-ਭੈਣਾਂ ਅਤੇ ਬੇਟੀਆਂ ਲਈ ਮੀਰਾ ਬਾਈ ਅੱਜ ਵੀ ਪ੍ਰੇਰਣਾ ਪੁੰਜ ਹਨ। ਉਸ ਕਾਲਖੰਡ ਵਿੱਚ ਵੀ ਉਨ੍ਹਾਂ ਨੇ ਆਪਣੇ ਅੰਦਰ ਦੀ ਆਵਾਜ਼ ਨੂੰ ਹੀ ਸੁਣਿਆ ਅਤੇ ਰੂੜੀਵਾਦੀ ਧਾਰਨਾਵਾਂ ਦੇ ਖਿਲਾਫ਼ ਖੜ੍ਹੇ ਹੋਏ। ਇੱਕ ਸੰਤ ਦੇ ਰੂਪ ਵਿੱਚ ਵੀ ਉਹ ਸਾਨੂੰ ਸਭ ਨੂੰ ਪ੍ਰੇਰਿਤ ਕਰਦੇ ਹਨ। ਉਹ ਭਾਰਤੀ ਸਮਾਜ ਅਤੇ ਸੰਸਕ੍ਰਿਤੀ ਨੂੰ ਉਦੋਂ ਸਸ਼ਕਤ ਕਰਨ ਲਈ ਅੱਗੇ ਆਏ, ਜਦੋਂ ਦੇਸ਼ ਕਈ ਤਰ੍ਹਾਂ ਦੇ ਹਮਲੇ ਝੱਲ ਰਿਹਾ ਸੀ। ਸਰਲਤਾ ਤੇ ਸਾਦਗੀ ਵਿੱਚ ਕਿੰਨੀ ਸ਼ਕਤੀ ਹੁੰਦੀ ਹੈ, ਇਹ ਸਾਨੂੰ ਮੀਰਾ ਬਾਈ ਦੇ ਜੀਵਨ ਕਾਲ ਤੋਂ ਪਤਾ ਲਗਦਾ ਹੈ। ਮੈਂ ਸੰਤ ਮੀਰਾ ਬਾਈ ਨੂੰ ਨਮਨ ਕਰਦਾ ਹਾਂ।

ਮੇਰੇ ਪਿਆਰੇ ਪਰਿਵਾਰਜਨੋਂ, ਇਸ ਵਾਰ ‘ਮਨ ਕੀ ਬਾਤ’ ਵਿੱਚ ਏਨਾ ਹੀ। ਤੁਹਾਡੇ ਸਾਰਿਆਂ ਨਾਲ ਹੋਣ ਵਾਲਾ ਹਰ ਸੰਵਾਦ ਮੈਨੂੰ ਨਵੀਂ ਊਰਜਾ ਨਾਲ ਭਰ ਦਿੰਦਾ ਹੈ। ਤੁਹਾਡੇ ਸੁਨੇਹਿਆਂ ਵਿੱਚ ਉਮੀਦ ਅਤੇ ਪਾਜ਼ੀਟੀਵਿਟੀ ਨਾਲ ਜੁੜੀਆਂ ਸੈਂਕੜੇ ਗਾਥਾਵਾਂ ਮੇਰੇ ਤੱਕ ਪਹੁੰਚਦੀਆਂ ਰਹਿੰਦੀਆਂ ਹਨ। ਮੇਰੀ ਫਿਰ ਤੋਂ ਤੁਹਾਨੂੰ ਬੇਨਤੀ ਹੈ - ਆਤਮਨਿਰਭਰ ਭਾਰਤ ਮੁਹਿੰਮ ’ਤੇ ਜ਼ੋਰ ਦਿਓ। ਸਥਾਨਕ ਉਤਪਾਦ ਖਰੀਦੋ, ਲੋਕਲ ਲਈ ਵੋਕਲ ਬਣੋ, ਜਿਸ ਤਰ੍ਹਾਂ ਤੁਸੀਂ ਆਪਣੇ ਘਰਾਂ ਨੂੰ ਸਾਫ ਰੱਖਦੇ ਹੋ, ਉਸੇ ਤਰ੍ਹਾਂ ਆਪਣੇ ਮੁਹੱਲੇ ਅਤੇ ਸ਼ਹਿਰ ਨੂੰ ਵੀ ਸਾਫ਼ ਰੱਖੋ ਅਤੇ ਤੁਹਾਨੂੰ ਪਤਾ ਹੈ ਕਿ 31 ਅਕਤੂਬਰ ਨੂੰ ਸਰਦਾਰ ਸਾਹਿਬ ਦੀ ਜਯੰਤੀ ਦੇਸ਼ ਏਕਤਾ ਦੇ ਦਿਵਸ ਦੇ ਰੂਪ ’ਚ ਮਨਾਉਂਦਾ ਹੈ। ਦੇਸ਼ ਦੀਆਂ ਅਨੇਕਾਂ ਥਾਵਾਂ ’ਤੇ Run For Unity ਦੇ ਪ੍ਰੋਗਰਾਮ ਹੁੰਦੇ ਹਨ। ਤੁਸੀਂ ਵੀ 31 ਅਕਤੂਬਰ ਨੂੰ Run For Unity ਦੇ ਪ੍ਰੋਗਰਾਮ ਨੂੰ ਆਯੋਜਿਤ ਕਰੋ। ਬਹੁਤ ਵੱਡੀ ਤਦਾਦ ਵਿੱਚ ਤੁਸੀਂ ਵੀ ਜੁੜੋ, ਏਕਤਾ ਦੇ ਸੰਕਲਪ ਨੂੰ ਮਜ਼ਬੂਤ ਕਰੋ। ਇੱਕ ਵਾਰ ਫਿਰ ਮੈਂ ਆਉਣ ਵਾਲੇ ਤਿਓਹਾਰਾਂ ਲਈ ਅਨੇਕਾਂ-ਅਨੇਕਾਂ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਸੀਂ ਸਭ ਪਰਿਵਾਰ ਸਹਿਤ ਖੁਸ਼ੀਆਂ ਮਨਾਓ, ਤੰਦਰੁਸਤ ਰਹੋ, ਆਨੰਦ ਵਿੱਚ ਰਹੋ, ਇਹੀ ਮੇਰੀ ਕਾਮਨਾ ਹੈ। ਅਤੇ ਹਾਂ ਦੀਵਾਲੀ ਦੇ ਸਮੇਂ ਕਿਤੇ ਅਜਿਹੀ ਗਲਤੀ ਨਾ ਹੋ ਜਾਵੇ ਕਿ ਕਿਤੇ ਅੱਗ ਦੀ ਕੋਈ ਘਟਨਾ ਵਾਪਰ ਜਾਵੇ। ਕਿਸੇ ਦੇ ਜੀਵਨ ਨੂੰ ਖ਼ਤਰਾ ਹੋ ਜਾਵੇ ਤਾਂ ਤੁਸੀਂ ਜ਼ਰੂਰ ਸੰਭਲ਼ੋ, ਖੁਦ ਨੂੰ ਵੀ ਸੰਭਾਲ਼ੋ ਅਤੇ ਪੂਰੇ ਖੇਤਰ ਨੂੰ ਵੀ ਸੰਭਾਲ਼ੋ। ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।

 

*******

ਡੀਐੱਸ/ਵੀਕੇ

 

 

 

 

 

 

 

 

 

 

 

 

 

 

 

 

 

 

 

 

 

 



(Release ID: 1972779) Visitor Counter : 198