ਸਹਿਕਾਰਤਾ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸੋਮਵਾਰ, 23 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰੀ ਸਹਿਕਾਰੀ ਨਿਰਯਾਤ ਲਿਮਟਿਡ (ਐੱਨਸੀਈਐੱਲ) ਵੱਲੋਂ ਕਰਵਾਏ 'ਸਹਿਕਾਰੀ ਨਿਰਯਾਤ ਬਾਰੇ ਰਾਸ਼ਟਰੀ ਸਿੰਪੋਜ਼ੀਅਮ' ਨੂੰ ਸੰਬੋਧਨ ਕਰਨਗੇ


ਸ਼੍ਰੀ ਅਮਿਤ ਸ਼ਾਹ ਐੱਨਸੀਈਐੱਲ ਦਾ ਲੋਗੋ, ਵੈੱਬਸਾਈਟ ਅਤੇ ਕਿਤਾਬਚਾ ਵੀ ਜਾਰੀ ਕਰਨਗੇ ਅਤੇ ਐੱਨਸੀਈਐੱਲ ਮੈਂਬਰਾਂ ਨੂੰ ਮੈਂਬਰਸ਼ਿਪ ਸਰਟੀਫਿਕੇਟ ਵੰਡਣਗੇ

ਸਿੰਪੋਜ਼ੀਅਮ ਵਿੱਚ ਸਹਿਕਾਰਤਾਵਾਂ ਨੂੰ ਨਿਰਯਾਤ ਬਾਜ਼ਾਰਾਂ ਨਾਲ ਜੋੜਨ ਲਈ ਮਾਰਗਦਰਸ਼ਨ, ਭਾਰਤੀ ਖੇਤੀ-ਨਿਰਯਾਤ ਦੀਆਂ ਸੰਭਾਵਨਾਵਾਂ ਅਤੇ ਸਹਿਕਾਰਤਾ ਲਈ ਮੌਕਿਆਂ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਸਹਿਕਾਰਤਾ ਮੰਤਰੀ ਦੇ ਯੋਗ ਮਾਰਗਦਰਸ਼ਨ ਹੇਠ ਸਹਿਕਾਰਤਾ ਮੰਤਰਾਲੇ ਨੇ ਦੇਸ਼ ਵਿੱਚ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਪਿਛਲੇ 27 ਮਹੀਨਿਆਂ ਵਿੱਚ 54 ਪਹਿਲਕਦਮੀਆਂ ਕੀਤੀਆਂ ਹਨ

ਸਹਿਕਾਰਤਾ ਰਾਹੀਂ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਾਸ਼ਟਰੀ ਪੱਧਰ ਦੀ ਸਹਿਕਾਰੀ ਸਭਾ ਦੀ ਸਥਾਪਨਾ ਅਜਿਹੀਆਂ ਪਹਿਲਕਦਮੀਆਂ ਵਿੱਚੋਂ ਇੱਕ ਹੈ, ਜੋ ਕਿ ਮੋਦੀ ਸਰਕਾਰ ਦੇ "ਸਹਿਕਾਰ ਸੇ ਸਮ੍ਰਿਧੀ" ਦੇ ਵਿਜ਼ਨ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ

Posted On: 22 OCT 2023 1:52PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸੋਮਵਾਰ, 23 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰੀ ਸਹਿਕਾਰੀ ਨਿਰਯਾਤ ਲਿਮਟਿਡ (ਐੱਨਸੀਈਐੱਲ) ਵਲੋਂ ਕਰਵਾਏ 'ਸਹਿਕਾਰੀ ਨਿਰਯਾਤ ਬਾਰੇ ਰਾਸ਼ਟਰੀ ਸਿੰਪੋਜ਼ੀਅਮ' ਨੂੰ ਸੰਬੋਧਨ ਕਰਨਗੇ। ਸ਼੍ਰੀ ਅਮਿਤ ਸ਼ਾਹ ਐੱਨਸੀਈਐੱਲ ਦਾ ਲੋਗੋ, ਵੈੱਬਸਾਈਟ ਅਤੇ ਕਿਤਾਬਚਾ ਵੀ ਜਾਰੀ ਕਰਨਗੇ ਅਤੇ ਐੱਨਸੀਈਐੱਲ ਮੈਂਬਰਾਂ ਨੂੰ ਮੈਂਬਰਸ਼ਿਪ ਸਰਟੀਫਿਕੇਟ ਵੰਡਣਗੇ। ਇੱਕ ਰੋਜ਼ਾ ਸਿੰਪੋਜ਼ੀਅਮ ਵਿੱਚ ਸਹਿਕਾਰਤਾਵਾਂ ਨੂੰ ਨਿਰਯਾਤ ਬਾਜ਼ਾਰਾਂ ਨਾਲ ਜੋੜਨ ਲਈ ਮਾਰਗਦਰਸ਼ਨ, ਭਾਰਤੀ ਖੇਤੀ-ਨਿਰਯਾਤ ਦੀਆਂ ਸੰਭਾਵਨਾਵਾਂ ਅਤੇ ਸਹਿਕਾਰਤਾ ਲਈ ਮੌਕਿਆਂ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।

ਇਹ ਸਿੰਪੋਜ਼ੀਅਮ ਉਦੋਂ ਹੋਂਦ ਵਿੱਚ ਆਇਆ ਜਦੋਂ ਸ਼੍ਰੀ ਅਮਿਤ ਸ਼ਾਹ ਵਲੋਂ ਸਹਿਕਾਰੀ ਖੇਤਰ ਰਾਹੀਂ ਨਿਰਯਾਤ ਲਈ ਇੱਕ ਅੰਬਰੇਲਾ ਸੰਸਥਾ ਵਜੋਂ ਕੰਮ ਕਰਨ ਲਈ ਇੱਕ ਰਾਸ਼ਟਰੀ ਪੱਧਰੀ ਬਹੁ-ਸੂਬਾਈ ਸਹਿਕਾਰੀ ਸਭਾ ਦੀ ਸਥਾਪਨਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਸਹਿਕਾਰਤਾ ਮੰਤਰੀ ਦੇ ਯੋਗ ਮਾਰਗਦਰਸ਼ਨ ਵਿੱਚ ਸਹਿਕਾਰਤਾ ਮੰਤਰਾਲੇ ਨੇ ਦੇਸ਼ ਵਿੱਚ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਪਿਛਲੇ 27 ਮਹੀਨਿਆਂ ਵਿੱਚ 54 ਪਹਿਲਕਦਮੀਆਂ ਕੀਤੀਆਂ ਹਨ। ਸਹਿਕਾਰਤਾਵਾਂ ਰਾਹੀਂ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਾਸ਼ਟਰੀ ਪੱਧਰ ਦੀ ਸਹਿਕਾਰੀ ਸਭਾ ਦੀ ਸਥਾਪਨਾ ਅਜਿਹੀਆਂ ਪਹਿਲਕਦਮੀਆਂ ਵਿੱਚੋਂ ਇੱਕ ਹੈ, ਜੋ ਮੋਦੀ ਸਰਕਾਰ ਦੇ "ਸਹਿਕਾਰ ਸੇ ਸਮ੍ਰਿਧੀ" ਦੇ ਵਿਜ਼ਨ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਸਹਿਕਾਰੀ ਖੇਤਰ ਦੇ ਨਿਰਯਾਤ ਲਈ ਇੱਕ ਅੰਬਰੇਲਾ ਸੰਸਥਾ ਵਜੋਂ ਨਵੀਂ ਬਣੀ ਰਾਸ਼ਟਰੀ ਸਹਿਕਾਰੀ ਨਿਰਯਾਤ ਲਿਮਟਿਡ (ਐੱਨਸੀਈਐੱਲ) ਨੂੰ 25 ਜਨਵਰੀ, 2023 ਨੂੰ ਮਲਟੀ-ਸਟੇਟ ਕੋਆਪਰੇਟਿਵ ਸੋਸਾਇਟੀਜ਼ ਐਕਟ, 2002 ਦੇ ਤਹਿਤ ਰਜਿਸਟਰ ਕੀਤਾ ਗਿਆ ਹੈ। 2025 ਤੱਕ 2,160 ਕਰੋੜ ਰੁਪਏ ਦੇ ਮੌਜੂਦਾ ਪੱਧਰ ਤੋਂ ਆਪਣੇ ਮਾਲੀਏ ਨੂੰ ਦੁੱਗਣਾ ਕਰਨ ਦੇ ਟੀਚੇ ਦੇ ਨਾਲ, ਐੱਨਸੀਈਐੱਲ ਵੱਡੀ ਗਿਣਤੀ ਵਿੱਚ ਸਹਿਕਾਰੀ ਸਭਾਵਾਂ ਨੂੰ ਸ਼ਾਮਲ ਕਰਕੇ ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ ਦੇ ਨਾਲ-ਨਾਲ ਹੱਥਕਰਘਾ ਅਤੇ ਹਸਤ ਸ਼ਿਲਪ ਆਈਟਮਾਂ ਨੂੰ ਕਵਰ ਕਰਦਾ ਹੈ।

ਮੁੱਢਲੇ ਪੱਧਰ ਤੋਂ ਲੈ ਕੇ ਸਿਖਰ ਤੱਕ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ, ਜੋ ਨਿਰਯਾਤ ਵਿੱਚ ਦਿਲਚਸਪੀ ਰੱਖਦੀਆਂ ਹਨ, ਐੱਨਸੀਈਐੱਲ ਦੇ ਮੈਂਬਰ ਬਣਨ ਦੇ ਯੋਗ ਹਨ, ਜਿਸ ਕੋਲ 2,000 ਕਰੋੜ ਰੁਪਏ ਦੀ ਅਧਿਕਾਰਤ ਸ਼ੇਅਰ ਪੂੰਜੀ ਹੈ। ਇਸ ਦਾ ਮੰਤਵ ਦੇਸ਼ ਦੇ ਭੂਗੋਲਿਕ ਪਹਿਲੂਆਂ ਤੋਂ ਪਰ੍ਹੇ ਵਿਸ਼ਾਲ ਬਾਜ਼ਾਰਾਂ ਤੱਕ ਪਹੁੰਚ ਕਰਕੇ ਭਾਰਤੀ ਸਹਿਕਾਰੀ ਖੇਤਰ ਵਿੱਚ ਉਪਲਬਧ ਵਾਧੂ ਉਤਪਾਦਨ ਨੂੰ ਨਿਰਯਾਤ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਹੈ।

ਇਹ ਸਿੰਪੋਜ਼ੀਅਮ ਸਹਿਕਾਰਤਾ ਖੇਤਰ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ 'ਤੇ ਸਹਿਕਾਰਤਾ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਪੇਸ਼ਕਾਰੀ ਨਾਲ ਸ਼ੁਰੂ ਹੋਵੇਗਾ। ਸਿੰਪੋਜ਼ੀਅਮ ਦੇ ਦੂਜੇ ਅੱਧ ਵਿੱਚ ਕਈ ਵਿਸ਼ਿਆਂ 'ਤੇ ਤਕਨੀਕੀ ਸੈਸ਼ਨ ਹੋਣਗੇ, ਜਿਨ੍ਹਾਂ ਵਿੱਚ ਨਿਰਯਾਤ ਬਾਜ਼ਾਰਾਂ ਨਾਲ ਸਬੰਧ ਬਣਾਉਣ ਲਈ ਸਹਿਕਾਰੀ ਸੰਸਥਾਵਾਂ ਦਾ ਮਾਰਗਦਰਸ਼ਨ ਕਰਨਾ, ਭਾਰਤੀ ਖੇਤੀ ਨਿਰਯਾਤ ਅਤੇ ਸਹਿਕਾਰਤਾ ਲਈ ਮੌਕੇ, ਭਾਰਤ ਨੂੰ ਵਿਸ਼ਵ ਦਾ ਡੇਅਰੀ ਹੱਬ ਬਣਾਉਣਾ ਅਤੇ ਸਹਿਕਾਰੀ ਖੇਤਰ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਅਨਾਜ ਭੰਡਾਰਨ ਯੋਜਨਾ ਸ਼ਾਮਲ ਹੈ।

ਸਹਿਕਾਰੀ ਨਿਰਯਾਤ 'ਤੇ ਰਾਸ਼ਟਰੀ ਸਿੰਪੋਜ਼ੀਅਮ ਵਿੱਚ ਐੱਨਸੀਈਐੱਲ ਦੇ ਸਹਿਕਾਰੀ ਮੈਂਬਰਾਂ, ਰਾਸ਼ਟਰੀ ਸਹਿਕਾਰੀ ਫੈਡਰੇਸ਼ਨਾਂ ਸਮੇਤ ਵੱਖ-ਵੱਖ ਸਹਿਕਾਰੀ ਖੇਤਰਾਂ ਦੇ ਨੁਮਾਇੰਦਿਆਂ, ਵੱਖ-ਵੱਖ ਦੇਸ਼ਾਂ ਦੇ ਦੂਤਾਵਾਸਾਂ ਦੇ ਨੁਮਾਇੰਦਿਆਂ ਅਤੇ ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਸਮੇਤ 1000 ਤੋਂ ਵੱਧ ਭਾਗੀਦਾਰ ਹਿੱਸਾ ਲੈਣਗੇ। ਵੱਡੀ ਗਿਣਤੀ ਵਿੱਚ ਸਹਿਕਾਰੀ ਸਭਾਵਾਂ ਦੇ ਮੈਂਬਰ ਅਤੇ ਹਿੱਸੇਦਾਰ ਵੀ ਆਨਲਾਈਨ ਮਾਧਿਅਮ ਰਾਹੀਂ ਸ਼ਾਮਲ ਹੋਣਗੇ।

ਚਾਰ ਪ੍ਰਮੁੱਖ ਸਹਿਕਾਰਤਾਵਾਂ- ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਫੈਡਰੇਸ਼ਨ (ਜੀਸੀਐੱਮਐੱਮਐੱਫ - ਅਮੂਲ), ਭਾਰਤੀ ਕਿਸਾਨ ਖਾਦ ਸਹਿਕਾਰੀ (ਇਫ਼ਕੋ), ਕ੍ਰਿਸ਼ਕ ਭਾਰਤੀ ਸਹਿਕਾਰੀ (ਕਰਿਭਕੋ) ਅਤੇ ਭਾਰਤ ਦੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ (ਨਾਫ਼ੇਡ) ਅਤੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ) ਨੇ ਸਾਂਝੇ ਤੌਰ 'ਤੇ ਐੱਨਸੀਈਐੱਲ ਨੂੰ ਅੱਗੇ ਵਧਾਇਆ ਹੈ।

*****

ਆਰਕੇ/ਏਐੱਸਐੱਚ(Release ID: 1970157) Visitor Counter : 81