ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ 2023 ‘ਤੇ ਮਾਨਸਿਕ ਸਿਹਤ ਸੰਮੇਲਨ ਵਿੱਚ ਵਰਚੁਅਲ ਤੌਰ ‘ਤੇ ਮੁੱਖ ਭਾਸ਼ਣ ਦਿੱਤਾ


ਡਾ. ਮਨਸੁਖ ਮਾਂਡਵੀਯਾ ਨੇ ਐੱਨਆਈਐੱਮਐੱਚਏਐੱਨਐੱਸ ਵਿੱਚ ਨਵੀਆਂ ਸੁਵਿਧਾਵਾਂ ਦਾ ਉਦਘਾਟਨ ਕੀਤਾ ਅਤੇ ਟੈਲੀ-ਮਾਨਸ ਦਾ ਨਵਾਂ ਲੋਗੋ ਲਾਂਚ ਕੀਤਾ
“ਮਾਨਸਿਕ ਸਿਹਤ ਇੱਕ ਸਰਵ-ਵਿਆਪੀ ਮਾਨਵ ਅਧਿਕਾਰ ਹੈ”

ਮਾਨਸਿਕ ਸਿਹਤ ਵਿੱਚ ਡਿਜੀਟਲ ਟੈਕਨੋਲੋਜੀ ਦਾ ਉਪਯੋਗ ਇੱਕ ਗੁਣਕ ਸ਼ਕਤੀ ਹੈ, ਟੈਲੀ-ਮਾਨਸ ਨੇ ਹੁਣ ਤੱਕ 3,50,000 ਤੋਂ ਵੱਧ ਲੋਕਾਂ ਦੀ ਕਾਊਂਸਲਿੰਗ ਕੀਤੀ ਹੈ ਅਤੇ ਵਰਤਮਾਨ ਵਿੱਚ 44 ਟੈਲੀ ਮਾਨਸ ਸੈੱਲਾਂ ਰਾਹੀਂ 2000 ਲੋਕਾਂ ਨੂੰ ਕਾਊਂਸਲਿੰਗ ਪ੍ਰਦਾਨ ਕੀਤੀ ਹੈ, ਇਸ ਹੈਲਪਲਾਈਨ ‘ਤੇ ਹਰ ਦਿਨ 1000 ਤੋਂ ਜ਼ਿਆਦਾ ਕਾਲਾਂ ਆ ਰਹੀਆਂ ਹਨ: ਡਾ. ਮਨਸੁਖ ਮਾਂਡਵੀਯਾ

“ਆਯੁਸ਼ਮਾਨ ਭਾਰਤ ਹੈਲਥ ਐਂਡ ਵੈੱਲਨੈਂਸ ਸੈਂਟਰ ਨੇ ਮਾਨਸਿਕ ਸਿਹਤ, ਤਕਨੀਕ ਨਾਲ ਸਬੰਧੀ ਵਿਕਾਰਾਂ ਅਤੇ ਮਾਦਕ ਪਦਾਰਥਾਂ ਦੇ ਸੇਵਨ ਸਬੰਧੀ ਵਿਕਾਰਾਂ ਲਈ ਪ੍ਰਾਥਮਿਕਤਾ ਸੇਵਾਵਾਂ ਦੇ ਰੂਪ ਵਿੱਚ ਪ੍ਰਾਇਮਰੀ ਸਿਹਤ ਸੇਵਾਵਾਂ ਦੇ ਨਾਲ ਮਾਨਸਿਕ ਸਿਹਤ ਸੇਵਾਵਾਂ ਨੂੰ ਜੋੜਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ”

Posted On: 10 OCT 2023 4:00PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਇੱਥੇ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਅਵਸਰ ‘ਤੇ ਆਯੋਜਿਤ ਰਾਸ਼ਟਰੀ ਮਾਨਸਿਕ ਸਿਹਤ ਸੰਮੇਲਨ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ, “ਮਾਨਸਿਕ ਸਿਹਤ ਇੱਕ ਵਿਸ਼ਵ ਵਿਆਪੀ ਮਾਨਵ ਅਧਿਕਾਰ ਹੈ।” ਉਨ੍ਹਾਂ ਨੇ ਵਰਚੁਅਲ ਤੌਰ ‘ਤੇ ਨਿਮਹੰਸ ਵਿੱਚ ਨਵੀਆਂ ਸੁਵਿਧਾਵਾਂ ਦਾ ਉਦਘਾਟਨ ਕੀਤਾ ਅਤੇ ਟੈਲੀ-ਮਾਨਸ ਦਾ ਲੋਗੋ ਵੀ ਲਾਂਚ ਕੀਤਾ। ਇਸ ਮੌਕੇ ‘ਤੇ ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ ਪਾਲ ਵੀ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਡਾ. ਮਾਂਡਵੀਯਾ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਮਾਨਸਿਕ ਸਿਹਤ ਦੇਖਭਾਲ ਦਾ ਲਾਭ ਦੂਰ-ਦੁਰਾਡੇ ਦੇ ਖੇਤਰਾਂ ਤੱਕ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਸੰਕਲਪ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ, “ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ ਵਰ੍ਹੇ 2015-16 ਵਿੱਚ ਪ੍ਰਕਾਸ਼ਿਤ ਹੋਇਆ ਸੀ, ਜੋ ਇੱਕ ਮੋਹਰੀ ਪਹਿਲ ਸੀ।

ਇਸ ਤੋਂ ਪਤਾ ਚਲਿਆ ਕਿ 10 ਪ੍ਰਤੀਸ਼ਤ ਆਬਾਦੀ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪ੍ਰਭਾਵਿਤ ਹੈ। ਜੋ ਪ੍ਰਭਾਵਿਤ ਲੋਕਾਂ, ਸਮਾਜ ਅਤੇ ਅਰਥਵਿਵਸਥਾ ‘ਤੇ ਪੈਣ ਵਾਲੇ ਭਾਰੀ ਬੋਝ ਨੂੰ ਦਰਸਾਉਂਦਾ ਹੈ।” ਕੇਂਦਰੀ ਸਿਹਤ ਮੰਤਰੀ ਨੇ ਰਾਸ਼ਟਰੀ ਟੈਲੀ-ਮਾਨਸਿਕ ਸਿਹਤ ਪ੍ਰੋਗਰਾਮ (ਟੈਲੀ-ਮਾਨਸ) ਦਾ ਉਦਾਹਰਣ ਦਿੰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ “ਮਾਨਸਿਕ ਸਿਹਤ ਦੇਖਭਾਲ ਵਿੱਚ ਟੈਕਨੋਲੋਜੀ ਦਾ ਉਪਯੋਗ ਇੱਕ ਗੁਣਕ ਸ਼ਕਤੀ ਹੈ।” ਉਨ੍ਹਾਂ ਨੇ ਇਹ ਵੀ ਕਿਹਾ, “ਪਿਛਲੇ ਸਾਲ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਮੌਕੇ ‘ਤੇ ਸ਼ੁਰੂ ਕੀਤੀ ਗਈ ਟੈਲੀ ਮਾਨਸ ਸੇਵਾ ਨੇ ਹੁਣ ਤੱਕ 3,50,000 ਤੋਂ ਵਧ ਲੋਕਾਂ ਦੀ ਕਾਊਂਸਲਿੰਗ ਕੀਤੀ ਹੈ ਅਤੇ ਵਰਤਮਾਨ ਵਿੱਚ 44 ਟੈਲੀ ਮਾਨਸ ਸੈੱਲਾਂ ਰਾਹੀਂ 2000 ਲੋਕਾਂ ਨੂੰ ਕਾਊਂਸਲਿੰਗ ਪ੍ਰਦਾਨ ਕੀਤੀ ਹੈ। ਇਸ ਹੈਲਪਲਾਈਨ ‘ਤੇ ਪ੍ਰਤੀਦਿਨ 1000 ਤੋਂ ਵੱਧ ਕਾਲਾਂ ਆ ਰਹੀਆਂ ਹਨ।”

ਕੇਂਦਰੀ ਸਿਹਤ ਮੰਤਰੀ ਨੇ ਟੈਲੀ-ਮਾਨਸ ਦਾ ਲੋਗੋ ਲਾਂਚ ਕੀਤਾ। ਨਾਲ ਹੀ, ਉਨ੍ਹਾਂ ਨੇ ਨੈਸ਼ਨਲ ਇੰਸਟੀਟਿਊਟ ਆਵ੍ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼, ਬੰਗਲੁਰੂ ਵਿੱਚ ਨਵੀਆਂ ਸੁਵਿਧਾਵਾਂ ਅਰਥਾਤ ਪਲੈਟੀਨਮ ਜੁਬਲੀ ਆਡੀਟੋਰੀਅਮ ਅਤੇ ਅਕਾਦਮਿਕ ਸੁਵਿਧਾ, ਐੱਨਆਈਐੱਮਐੱਚਏਐੱਨਐੱਸ ਵਿੱਚ ਨਵਾਂ ਪ੍ਰਬੰਧਕੀ ਦਫ਼ਤਰ ਕੰਪਲੈਕਸ, ਸੈਂਟਰ ਫਾਰ ਬ੍ਰੇਨ ਐਂਡ ਮਾਇੰਡ ਦਾ ਉਦਘਾਟਨ ਕੀਤਾ।

ਕੇਂਦਰੀ ਸਿਹਤ ਮੰਤਰੀ ਨੇ ਕਿਹਾ, “ਆਯੁਸ਼ਮਾਨ ਭਾਰਤ ਹੈਲਥ ਐਂਡ ਵੈੱਲਨੈਸ ਸੈਂਟਰ ਨੇ ਮਾਨਸਿਕ ਸਿਹਤ, ਤਕਨੀਕ ਸਬੰਧੀ ਵਿਕਾਰਾਂ ਅਤੇ ਮਾਦਕ ਪਦਾਰਥਾਂ ਦੇ ਸੇਵਨ ਸਬੰਧੀ ਵਿਕਾਰਾਂ ਲਈ ਪ੍ਰਾਥਮਿਕਤਾ ਸੇਵਾਵਾਂ ਵਜੋਂ ਪ੍ਰਾਇਮਰੀ ਸਿਹਤ ਸੇਵਾਵਾਂ ਦੇ ਨਾਲ ਮਾਨਸਿਕ ਸਿਹਤ ਸੇਵਾਵਾਂ ਦੇ ਏਕੀਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਜ਼ਿਲ੍ਹਾ ਪੱਧਰੀ ਗਤੀਵਿਧੀਆਂ ਜ਼ਿਲ੍ਹਾ ਹਸਪਤਾਲ ਵਿੱਚ ਸਥਾਪਿਤ ਇੱਕ ਸਮਰਪਿਤ ਜ਼ਿਲ੍ਹਾ ਮਾਨਸਿਕ ਸਿਹਤ ਕ੍ਰਿਆਕਲਾਪ ਟੀਮ ਦੁਆਰਾ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਕਮਿਊਨਿਟੀ ਹੈਲਥ ਸੈਂਟਰ ਅਤੇ ਪ੍ਰਾਇਮਰੀ ਹੈਲਥ ਸੈਂਟਰ ਦੇ ਪੱਧਰ ‘ਤੇ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਦੇ ਲਈ ਓਪੀਡੀ, ਸਲਾਹ, ਦੇਖਭਾਲ ਅਤੇ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਦੇਸ਼ ਭਰ ਵਿੱਚ ਸਥਿਤ 1.6 ਲੱਖ ਏਬੀ-ਐੱਚਡਬਲਿਊਸੀ ਦੇ ਰਾਹੀਂ ਪ੍ਰਦਾਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ ਮਾਨਸਿਕ ਸਿਹਤ ਵੀ ਸ਼ਾਮਲ ਹੈ।”

ਡਾ. ਮਾਂਡਵੀਯਾ ਨੇ ਇਹ ਵੀ ਕਿਹਾ, “ਮਾਨਸਿਕ ਸਿਹਤ ਦੇਖਭਾਲ ਦੇ ਕਵਰੇਜ ਅਤੇ ਪਹੁੰਚ ਵਿੱਚ ਸੁਧਾਰ ਲਈ, ਸਾਰੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 743 ਜ਼ਿਲ੍ਹਿਆਂ ਵਿੱਚ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਦੇ ਤਹਿਤ ਜ਼ਿਲ੍ਹਾ ਪੱਧਰੀ ਗਤੀਵਿਧੀਆਂ ਦਾ ਸਮਰਥਨ ਕੀਤਾ ਗਿਆ ਹੈ।” ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਤੀਜੇ ਪੱਧਰ ‘ਤੇ ਦੇਸ਼ ਵਿੱਚ ਕੁੱਲ 47 ਸਰਕਾਰੀ ਮਾਨਸਿਕ ਸਿਹਤ ਹਸਪਤਾਲ ਹਨ, ਜਿਨ੍ਹਾਂ ਵਿੱਚ ਬੰਗਲੁਰੂ, ਰਾਂਚੀ ਅਤੇ ਤੇਜਸਪੁਰ ਵਿੱਚ ਤਿੰਨ ਕੇਂਦਰੀ ਮਾਨਸਿਕ ਸਿਹਤ ਸੰਸਥਾਨ ਸ਼ਾਮਲ ਹਨ। ਕਈ ਹੋਰ ਕੇਂਦਰੀ ਅਤੇ ਰਾਜ ਸਰਕਾਰ ਦੇ ਹਸਪਤਾਲਾਂ ਵਿੱਚ ਮਨੋਰੋਗ ਵਿਭਾਗ ਹਨ। ਇਸ ਤੋਂ ਇਲਾਵਾ, ਨਵੇਂ ਸਥਾਪਿਤ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ) ਵਿੱਚ ਮਨੋਵਿਗਿਆਨ ਵਿਭਾਗ ਸਥਾਪਿਤ ਕੀਤੇ ਗਏ ਹਨ।

ਡਾ. ਮਾਂਡਵੀਯਾ ਨੇ ਰਾਜਾਂ ਦੇ ਪ੍ਰਦਰਸ਼ਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ, ਅਤੇ ਰਾਸ਼ਟਰੀ ਟੈਲੀ ਮਾਨਸਿਕ ਸਿਹਤ ਪ੍ਰੋਗਰਾਮ ਵਿੱਚ ਸਭ ਤੋਂ ਵੱਧ ਕਾਲਾਂ ਪ੍ਰਾਪਤ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਯਾਦਗਾਰੀ ਚਿੰਨ੍ਹ ਦੇ ਨਾਲ ਸ਼ਲਾਘਾ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਵੱਡੇ ਰਾਜਾਂ ਦੀ ਸ਼੍ਰੇਣੀ ਵਿੱਚ ਪਹਿਲੀ ਤੋਂ ਤੀਸਰੀ ਰੈਂਕਿੰਗ ਤੱਕ ਤਮਿਲਨਾਡੂ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਨੂੰ ਸਨਮਾਨਿਤ ਕੀਤਾ ਗਿਆ। ਜਦਕਿ, ਛੋਟੇ ਰਾਜਾਂ ਦੀ ਸ਼੍ਰੇਣੀ ਵਿੱਚ ਤੇਲੰਗਾਨਾ, ਝਾਰਖੰਡ ਅਤੇ ਕੇਰਲ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਉੱਤਰ-ਪੂਰਬੀ ਸ਼੍ਰੇਣੀ ਵਿੱਚ ਅਸਮ, ਮਿਜ਼ੋਰਮ ਅਤੇ ਮਣੀਪੁਰ ਰਾਜਾਂ ਨੂੰ ਪੁਰਸਕਾਰ ਮਿਲਿਆ, ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸ਼੍ਰੇਣੀ ਵਿੱਚ ਜੰਮੂ-ਕਸ਼ਮੀਰ, ਦਿੱਲੀ ਅਤੇ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਓ ਨੂੰ ਪੁਰਸਕਾਰ ਮਿਲਿਆ।

ਜਾਗਰੂਕਤਾ ਵਧਾਉਣ ਅਤੇ ਅੰਤਿਮ ਮੀਲ ਤੱਕ ਸਿਹਤ ਸੇਵਾਵਾਂ ਦੀ ਡਿਲੀਵਰੀ ਸੁਨਿਸ਼ਚਿਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਅਤੇ ਸੰਕਲਪ  ਨੂੰ ਉਜਾਗਰ ਕਰਦੇ ਹੋਏ, ਡਾ. ਮਾਂਡਵੀਯਾ ਨੇ ਕਿਹਾ, “ਟੈਲੀ ਮਾਨਸ ਤੋਂ ਇਲਾਵਾ,ਰਾਸ਼ਟਰੀ ਬਾਲ ਦੇ ਤਹਿਤ ਬੱਚਿਆਂ ਅਤੇ ਮਹਿਲਾਵਾਂ ਦੇ ਮਾਨਸਿਕ ਸਿਹਤ ਮੁੱਦਿਆਂ ਦੇ ਸਮਾਧਾਨ ਲਈ ਹੈਲਥ ਪ੍ਰੋਗਰਾਮ, ਨੈਸ਼ਨਲ ਚਾਈਲਡ ਹੈਲਥ ਪ੍ਰੋਗਰਾਮ ਅਤੇ ਆਰਸੀਐੱਚ ਪ੍ਰੋਗਰਾਮ ਜਿਹੇ ਕਈ ਕਦਮ ਉਠਾਏ ਹਨ। ਜਿਵੇਂ-ਜਿਵੇਂ ਜੀਵਨ ਦੀ ਸੰਭਾਵਨਾ ਵਿੱਚ ਸੁਧਾਰ ਹੋ ਰਿਹਾ ਹੈ, ਬਜ਼ੁਰਗਾਂ ਦੀ ਮਾਨਸਿਕ ਸਿਹਤ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।” ਉਨ੍ਹਾਂ ਨੇ ਸਾਰਿਆਂ ਨੂੰ ਡਿਜੀਟਲ ਟੈਕਨੋਲੋਜੀ ਦੇ ਉਪਯੋਗ ਦਾ ਲਾਭ ਉਠਾਉਣ ਦੀ ਵੀ ਅਪੀਲ ਕੀਤੀ, ਤਾਕਿ ਸਿਹਤ ਦੇਖਭਾਲ ਹਰ ਕਿਸੇ ਤੱਕ ਪਹੁੰਚ ਸਕੇ, ਉਨ੍ਹਾਂ ਨੇ ਮਾਨਸਿਕ ਸਿਹਤ ਦੇ ਮੁੱਦਿਆਂ ਵਿੱਚ ਮਹੱਤਵਪੂਰਨ ਯੋਗਦਾਨਕਰਤਾਵਾਂ ਵਜੋਂ ਨਸ਼ੀਲੇ ਪਦਾਰਥਾਂ ਦੀ ਲਤ ਅਤੇ ਕੰਮ ਵਾਲੀ ਥਾਂ ਨਾਲ ਜੁੜੇ ਤਨਾਅ ਦਾ ਹਵਾਲਾ ਦਿੱਤਾ।

ਮਾਨਸਿਕ ਸਿਹਤ ਦੇ ਮਹੱਤਵ ਅਤੇ ਪ੍ਰਭਾਵ ਬਾਰੇ ਚਰਚਾ ਕਰਦੇ ਹੋਏ, ਡਾ. ਪਾਲ ਨੇ ਕਿਹਾ, “ਮਾਨਸਿਕ ਸਿਹਤ ਦੀ ਅਦਿੱਖਤਾ ਕੁਝ ਤਰੀਕਿਆਂ ਨਾਲ ਵਿਅਕਤੀਆਂ, ਪਰਿਵਾਰਾਂ ਆਦਿ ਤੱਕ ਪਹੁੰਚਣ ਦੀ ਸਾਡੀ ਸਮਰੱਤਾ ਨਾਲ ਸਮਝੌਤਾ ਕਰਦੀ ਹੈ, ਪਰ ਨਾਲ ਹੀ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਦੇਸ਼ ਦੀ ਉਤਪਾਦਕਤਾ, ਭਲਾਈ, ਸਮਾਜਿਕ ਸੰਤੁਲਨ ਵੀ ਮਾਨਸਿਕ ਅਤੇ ਅਧਿਆਤਮਕ ਤੌਰ ‘ਤੇ ਚੰਗੀ ਤਰ੍ਹਾਂ ਜੁੜੇ ਹੋਏ ਹਨ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ “ਸਮੁੱਚੇ-ਸਮਾਜ ਦਾ ਦ੍ਰਿਸ਼ਟੀਕੋਣ, ਯਾਨੀ ਜਨ ਅੰਦੋਲਨ ਦਾ ਦ੍ਰਿਸ਼ਟੀਕੋਣ ਪੀੜਤਾਂ ਨੂੰ ਸਹਾਇਤਾ ਅਤੇ ਦੇਖਭਾਲ ਪ੍ਰਦਾਨ ਕਰਨ ਵਿੱਚ ਬਹੁਤ ਜ਼ਿਆਦਾ ਲਾਭ ਪ੍ਰਦਾਨ ਕਰੇਗਾ।”

ਇਸ ਪ੍ਰੋਗਰਾਮ ਵਿੱਚ ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀ ਸੰਜੇ ਕੁਮਾਰ, ਰਾਸ਼ਟਰੀ ਮਾਨਵ ਅਧਿਕਾਰ ਆਯੋਗ ਦੇ ਮਹਾ ਸਕੱਤਰ ਡਾ. ਭਰਤ ਲਾਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਡੀਸ਼ਨਲ ਸਕੱਤਰ ਅਤੇ ਐੱਮਡੀ (ਐੱਨਐੱਚਐੱਮ) ਸੁਸ਼੍ਰੀ ਐੱਲ.ਐੱਸ.ਚਾਂਗਸੇਨ,ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਆਰਥਿਕ ਸਲਾਹਕਾਰ ਸੁਸ਼੍ਰੀ ਇੰਦਰਾਣੀ ਕੌਸ਼ਲ, ਨੈਸ਼ਨਲ ਮੈਡੀਕਲ ਕੌਂਸਲ ਦੇ ਚੇਅਰਮੈਨ ਡਾ.ਬੀ.ਐੱਨ.ਗੰਗਾਧਰ, ਰਾਸ਼ਟਰੀ ਮਾਨਸਿਕ ਸਿਹਤ ਅਤੇ ਤਕਨੀਕੀ ਵਿਗਿਆਨ ਸੰਸਥਾਨ ਦੀ ਡਾਇਰੈਕਟਰ ਡਾ. ਪ੍ਰਤਿਮਾ ਮੂਰਤੀ, ਹੱਥਿਆਰਬੱਧ ਬਲ ਚਿਕਿਤਸਾ ਸੇਵਾ ਦੇ ਜਨਰਲ ਡਾਇਰੈਕਟਰ ਏਵੀਐੱਸਐੱਮ, ਵੀਐੱਸਐੱਮ, ਪੀਐੱਚਐੱਸ ਲੈਫਟੀਨੈਂਟ ਜਨਰਲ ਦਲਜੀਤ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ। ਵਿਸ਼ਵ ਸਿਹਤ ਸੰਗਠਨ ਦੇ ਭਾਰਤ ਦੇ ਪ੍ਰਤੀਨਿਧੀ ਡਾ. ਰੋਡਰਿਕੋ ਐੱਚ.ਓਫਰਿਨ, ਐੱਮ.ਐੱਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ (ਐੱਮਐੱਸਐੱਸਆਰਐੱਫ) ਦੇ ਪ੍ਰਧਾਨ ਅਤੇ ਵਿਸ਼ਵ ਸਿਹਤ ਸੰਗਠਨ ਦੇ ਸਾਬਕਾ ਮੁੱਖ ਵਿਗਿਆਨਿਕ ਡਾ. ਸੌਮਿਆ ਸਵਾਮੀਨਾਥਨ ਨੇ ਇਸ ਪ੍ਰੋਗਰਾਮ ਵਿੱਚ ਵਰਚੁਅਲ ਤੌਰ ‘ਤੇ ਹਿੱਸਾ ਲਿਆ।

****

ਐੱਮਵੀ



(Release ID: 1966671) Visitor Counter : 63