ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਨਿਜ਼ਾਮਾਬਾਦ ਵਿੱਚ ਲਗਭਗ 8000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦਾ 800 ਮੈਗਾਵਾਟ ਯੂਨਿਟ ਰਾਸ਼ਟਰ ਨੂੰ ਸਮਰਪਿਤ ਕੀਤਾ

ਵਿਭਿੰਨ ਰੇਲ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ

ਪੀਐੱਮ - ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਤਹਿਤ ਤੇਲੰਗਾਨਾ ਵਿੱਚ ਬਣਾਏ ਜਾਣ ਵਾਲੇ 20 ਕ੍ਰਿਟੀਕਲ ਕੇਅਰ ਬਲਾਕਾਂ ਦਾ ਨੀਂਹ ਪੱਥਰ ਰੱਖਿਆ

ਸਿੱਦੀਪੇਟ - ਸਿਕੰਦਰਾਬਾਦ - ਸਿੱਦੀਪੇਟ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

"ਬਿਜਲੀ ਦੀ ਨਿਰਵਿਘਨ ਸਪਲਾਈ ਨਾਲ ਰਾਜ ਵਿੱਚ ਉਦਯੋਗਾਂ ਦੇ ਵਿਕਾਸ ਨੂੰ ਗਤੀ ਮਿਲਦੀ ਹੈ"

“ਜਿਨ੍ਹਾਂ ਪ੍ਰੋਜੈਕਟਾਂ ਲਈ ਮੈਂ ਨੀਂਹ ਪੱਥਰ ਰੱਖਿਆ ਸੀ, ਉਨ੍ਹਾਂ ਨੂੰ ਪੂਰਾ ਕਰਨਾ ਸਾਡੀ ਸਰਕਾਰ ਦੀ ਕਾਰਜ ਸੰਸਕ੍ਰਿਤੀ ਹੈ”

"ਹਾਸਨ-ਚੇਰਲਾਪੱਲੀ ਇੱਕ ਲਾਗਤ-ਪ੍ਰਭਾਵਸ਼ਾਲੀ ਅਤੇ ਵਾਤਾਵਰਣ-ਅਨੁਕੂਲ ਢੰਗ ਨਾਲ ਐੱਲਪੀਜੀ ਪਰਿਵਰਤਨ, ਆਵਾਜਾਈ ਅਤੇ ਵੰਡ ਦਾ ਅਧਾਰ ਬਣੇਗਾ"

"ਭਾਰਤ ਰੇਲਵੇ ਸਾਰੀਆਂ ਰੇਲਵੇ ਲਾਈਨਾਂ ਦੇ 100 ਪ੍ਰਤੀਸ਼ਤ ਬਿਜਲੀਕਰਣ ਦੇ ਲਕਸ਼ ਨਾਲ ਅੱਗੇ ਵਧ ਰਿਹਾ ਹੈ"

Posted On: 03 OCT 2023 5:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਿਜ਼ਾਮਾਬਾਦ, ਤੇਲੰਗਾਨਾ ਵਿੱਚ ਬਿਜਲੀ, ਰੇਲ ਅਤੇ ਸਿਹਤ ਜਿਹੇ ਮਹੱਤਵਪੂਰਨ ਖੇਤਰਾਂ ਵਿੱਚ 8000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਐੱਨਟੀਪੀਸੀ ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੇ ਫੇਜ਼ 1 ਦੇ 800 ਮੈਗਾਵਾਟ ਯੂਨਿਟ ਦਾ ਰਾਸ਼ਟਰ ਨੂੰ ਸਮਰਪਣ, ਮਨੋਹਰਾਬਾਦ ਅਤੇ ਸਿੱਦੀਪੇਟ ਨੂੰ ਜੋੜਨ ਵਾਲੀ ਨਵੀਂ ਰੇਲਵੇ ਲਾਈਨ ਅਤੇ ਧਰਮਾਬਾਦ - ਮਨੋਹਰਾਬਾਦ ਅਤੇ ਮਹਿਬੂਬਨਗਰ - ਕੁਰਨੂਲ ਵਿਚਕਾਰ ਬਿਜਲੀਕਰਣ ਪ੍ਰੋਜੈਕਟ ਸਮੇਤ ਰੇਲ ਪ੍ਰੋਜੈਕਟ ਸ਼ਾਮਲ ਹਨ। ਉਨ੍ਹਾਂ ਪੀਐੱਮ - ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਤਹਿਤ ਰਾਜ ਭਰ ਵਿੱਚ 20 ਕ੍ਰਿਟੀਕਲ ਕੇਅਰ ਬਲਾਕਾਂ (ਸੀਸੀਬੀ) ਦਾ ਨੀਂਹ ਪੱਥਰ ਰੱਖਿਆ। ਸ਼੍ਰੀ ਮੋਦੀ ਨੇ ਸਿੱਦੀਪੇਟ - ਸਿਕੰਦਰਾਬਾਦ - ਸਿੱਦੀਪੇਟ ਰੇਲ ਸੇਵਾ ਨੂੰ ਭੀ ਹਰੀ ਝੰਡੀ ਦਿਖਾਈ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਲੋਕਾਂ ਨੂੰ ਅੱਜ ਦੇ ਪ੍ਰੋਜੈਕਟਾਂ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਜਾਂ ਰਾਜ ਦਾ ਵਿਕਾਸ ਬਿਜਲੀ ਉਤਪਾਦਨ ਵਿੱਚ ਉਸ ਦੀ ਆਤਮਨਿਰਭਰ ਸਮਰੱਥਾ 'ਤੇ ਨਿਰਭਰ ਕਰਦਾ ਹੈ ਕਿਉਂਕਿ ਇਹ ਇੱਕੋ ਸਮੇਂ ਈਜ਼ ਆਵ੍ ਲਿਵਿੰਗ ਅਤੇ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਬਿਹਤਰ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨੇ ਪੇਡਾਪੱਲੀ ਜ਼ਿਲ੍ਹੇ ਵਿੱਚ ਐੱਨਟੀਪੀਸੀ ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੇ ਫੇਜ਼ 1 ਦੇ 800 ਮੈਗਾਵਾਟ ਯੂਨਿਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਮੱਦੇਨਜ਼ਰ ਟਿੱਪਣੀ ਕੀਤੀ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਇੱਕ ਰਾਜ ਵਿੱਚ ਉਦਯੋਗਾਂ ਦੇ ਵਿਕਾਸ ਨੂੰ ਗਤੀ ਦਿੰਦੀ ਹੈ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੂਜਾ ਯੂਨਿਟ ਵੀ ਜਲਦੀ ਹੀ ਚਾਲੂ ਹੋ ਜਾਵੇਗਾ ਅਤੇ ਇਸ ਦੇ ਮੁਕੰਮਲ ਹੋਣ 'ਤੇ ਪਾਵਰ ਪਲਾਂਟ ਦੀ ਸਥਾਪਿਤ ਸਮਰੱਥਾ 4,000 ਮੈਗਾਵਾਟ ਹੋ ਜਾਵੇਗੀ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਤੇਲੰਗਾਨਾ ਸੁਪਰ ਥਰਮਲ ਪਾਵਰ ਪਲਾਂਟ ਦੇਸ਼ ਦੇ ਸਾਰੇ ਐੱਨਟੀਪੀਸੀ ਪਾਵਰ ਪਲਾਂਟਾਂ ਵਿੱਚੋਂ ਸਭ ਤੋਂ ਆਧੁਨਿਕ ਪਾਵਰ ਪਲਾਂਟ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਪਾਵਰ ਪਲਾਂਟ ਵਿੱਚ ਪੈਦਾ ਹੋਣ ਵਾਲੀ ਬਿਜਲੀ ਦਾ ਬੜਾ ਹਿੱਸਾ ਤੇਲੰਗਾਨਾ ਦੇ ਲੋਕਾਂ ਨੂੰ ਜਾਵੇਗਾ।” ਪ੍ਰਧਾਨ ਮੰਤਰੀ ਨੇ ਉਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਦੀ ਪ੍ਰਵਿਰਤੀ 'ਤੇ ਜ਼ੋਰ ਦਿੱਤਾ ਜਿਸ ਦੁਆਰਾ ਨੀਂਹ ਪੱਥਰ ਰੱਖੇ ਗਏ। ਉਨ੍ਹਾਂ ਨੇ 2016 ਵਿੱਚ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਨੂੰ ਯਾਦ ਕੀਤਾ ਅਤੇ ਅੱਜ ਇਸ ਦਾ ਉਦਘਾਟਨ ਕਰਨ ਲਈ ਆਭਾਰ ਪ੍ਰਗਟਾਇਆ। ਉਨ੍ਹਾਂ ਅੱਗੇ ਕਿਹਾ, “ਇਹ ਸਾਡੀ ਸਰਕਾਰ ਦਾ ਨਵਾਂ ਵਰਕ ਕਲਚਰ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਤੇਲੰਗਾਨਾ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਹਾਲ ਹੀ ਵਿੱਚ ਹਾਸਨ-ਚੇਰਲਾਪੱਲੀ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕਰਨ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ, “ਇਹ ਪਾਈਪਲਾਈਨ ਇੱਕ ਲਾਗਤ-ਪ੍ਰਭਾਵਸ਼ਾਲੀ ਅਤੇ ਵਾਤਾਵਰਣ-ਅਨੁਕੂਲ ਤਰੀਕੇ ਨਾਲ ਐੱਲਪੀਜੀ ਪਰਿਵਰਤਨ, ਆਵਾਜਾਈ ਅਤੇ ਵੰਡ ਦਾ ਅਧਾਰ ਬਣੇਗੀ।"

ਧਰਮਾਬਾਦ - ਮਨੋਹਰਾਬਾਦ ਅਤੇ ਮਹਿਬੂਬਨਗਰ - ਕੁਰਨੂਲ ਦੇ ਵਿਚਕਾਰ ਬਿਜਲੀਕਰਣ ਪ੍ਰੋਜੈਕਟਾਂ 'ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜ ਵਿੱਚ ਸੰਪਰਕ ਵਧਾਉਣ ਦੇ ਨਾਲ-ਨਾਲ ਦੋ ਟ੍ਰੇਨਾਂ ਦੀ ਔਸਤ ਗਤੀ ਨੂੰ ਵਧਾਏਗਾ। ਉਨ੍ਹਾਂ ਨੇ ਕਿਹਾ, "ਭਾਰਤੀ ਰੇਲਵੇ ਸਾਰੀਆਂ ਰੇਲਵੇ ਲਾਈਨਾਂ ਦੇ 100 ਪ੍ਰਤੀਸ਼ਤ ਬਿਜਲੀਕਰਣ ਦੇ ਲਕਸ਼ ਨਾਲ ਅੱਗੇ ਵਧ ਰਿਹਾ ਹੈ।" ਉਨ੍ਹਾਂ ਨੇ ਕਿਹਾ ਕਿ ਮਨੋਹਰਾਬਾਦ ਅਤੇ ਸਿੱਧੀਪੇਟ ਵਿਚਕਾਰ ਨਵਾਂ ਰੇਲ ਲਿੰਕ ਵਪਾਰ ਅਤੇ ਉਦਯੋਗ ਨੂੰ ਹੁਲਾਰਾ ਦੇਵੇਗਾ। ਪ੍ਰਧਾਨ ਮੰਤਰੀ ਨੇ 2016 ਵਿੱਚ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਨੂੰ ਭੀ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਹੈਲਥਕੇਅਰ ਪਹਿਲਾਂ ਕੁਝ ਚੁਣੇ ਹੋਏ ਲੋਕਾਂ ਦਾ ਖੇਤਰ ਸੀ। ਸ਼੍ਰੀ ਮੋਦੀ ਨੇ ਸਿਹਤ ਸੇਵਾਵਾਂ ਨੂੰ ਉਪਲਬਧ ਕਰਵਾਉਣ ਦੇ ਨਾਲ-ਨਾਲ ਕਿਫਾਇਤੀ ਬਣਾਉਣ ਲਈ ਚੁੱਕੇ ਗਏ ਕਈ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਬੀਬੀਨਗਰ ਵਿੱਚ ਇੱਕ ਕਾਲਜ ਸਮੇਤ ਮੈਡੀਕਲ ਕਾਲਜਾਂ ਅਤੇ ਏਮਸ ਦੀ ਵਧ ਰਹੀ ਗਿਣਤੀ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਡਾਕਟਰਾਂ ਦੀ ਗਿਣਤੀ ਵਧਾਉਣ 'ਤੇ ਭੀ ਕੰਮ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਪੀਐੱਮ ਆਯੁਸ਼ਮਾਨ ਭਾਰਤ ਇਨਫ੍ਰਾਸਟ੍ਰਕਚਰ ਮਿਸ਼ਨ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਤਹਿਤ ਹਰ ਜ਼ਿਲ੍ਹੇ ਵਿੱਚ ਗੁਣਵੱਤਾ ਵਾਲੇ ਇਨਫ੍ਰਾਸਟ੍ਰਕਚਰ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਅੱਜ ਇਸ ਮਿਸ਼ਨ ਤਹਿਤ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਲੰਗਾਨਾ ਵਿੱਚ 20 ਕ੍ਰਿਟਿਕਲ ਕੇਅਰ ਬਲਾਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬਲਾਕ ਇਸ ਤਰੀਕੇ ਨਾਲ ਬਣਾਏ ਜਾਣਗੇ ਕਿ ਉਨ੍ਹਾਂ ਵਿੱਚ ਸਮਰਪਿਤ ਆਈਸੋਲੇਸ਼ਨ ਵਾਰਡ, ਆਕਸੀਜਨ ਸਪਲਾਈ ਅਤੇ ਸੰਕਰਮਣ ਰੋਕਥਾਮ ਅਤੇ ਨਿਯੰਤਰਣ ਲਈ ਪੂਰੇ ਪ੍ਰਬੰਧ ਹੋਣਗੇ। ਉਨ੍ਹਾਂ ਨੇ ਕਿਹਾ, "ਤੇਲੰਗਾਨਾ ਵਿੱਚ ਸਿਹਤ ਸੁਵਿਧਾਵਾਂ ਨੂੰ ਵਧਾਉਣ ਲਈ 5000 ਤੋਂ ਵੱਧ ਆਯੁਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਕੇਂਦਰ ਪਹਿਲਾਂ ਹੀ ਕੰਮ ਕਰ ਰਹੇ ਹਨ।" ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਦੌਰਾਨ ਤੇਲੰਗਾਨਾ ਵਿੱਚ 50 ਵੱਡੇ ਪੀਐੱਸਏ ਆਕਸੀਜਨ ਪਲਾਂਟ ਸਥਾਪਿਤ ਕੀਤੇ ਗਏ ਸਨ, ਜਿਨ੍ਹਾਂ ਨੇ ਕੀਮਤੀ ਜਾਨਾਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਬਿਜਲੀ, ਰੇਲਵੇ ਅਤੇ ਸਿਹਤ ਦੇ ਮਹੱਤਵਪੂਰਨ ਖੇਤਰਾਂ ਵਿੱਚ ਅੱਜ ਦੇ ਪ੍ਰੋਜੈਕਟਾਂ ਲਈ ਲੋਕਾਂ ਨੂੰ ਵਧਾਈ ਦਿੰਦੇ ਹੋਏ ਸੰਬੋਧਨ ਦੀ ਸਮਾਪਤੀ ਕੀਤੀ।

ਇਸ ਮੌਕੇ 'ਤੇ ਤੇਲੰਗਾਨਾ ਦੇ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਅਤੇ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਵੀ ਮੌਜੂਦ ਸਨ।

ਪਿਛੋਕੜ

ਦੇਸ਼ ਵਿੱਚ ਬਿਹਤਰ ਊਰਜਾ ਦਕਸ਼ਤਾ ਦੇ ਨਾਲ ਬਿਜਲੀ ਉਤਪਾਦਨ ਨੂੰ ਵਧਾਉਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਐੱਨਟੀਪੀਸੀ ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੇ ਫੇਜ਼ 1 ਦਾ ਪਹਿਲਾ 800 ਮੈਗਾਵਾਟ ਯੂਨਿਟ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਇਹ ਪ੍ਰੋਜੈਕਟ ਤੇਲੰਗਾਨਾ ਨੂੰ ਘੱਟ ਲਾਗਤ ਵਾਲੀ ਬਿਜਲੀ ਪ੍ਰਦਾਨ ਕਰੇਗਾ ਅਤੇ ਰਾਜ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ। ਇਹ ਦੇਸ਼ ਦੇ ਸਭ ਤੋਂ ਵੱਧ ਵਾਤਾਵਰਣ ਅਨੁਕੂਲ ਪਾਵਰ ਸਟੇਸ਼ਨਾਂ ਵਿੱਚੋਂ ਇੱਕ ਹੋਵੇਗਾ।

ਪ੍ਰਧਾਨ ਮੰਤਰੀ ਦੁਆਰਾ ਮਨੋਹਰਾਬਾਦ ਅਤੇ ਸਿੱਦੀਪੇਟ ਨੂੰ ਜੋੜਨ ਵਾਲੀ ਨਵੀਂ ਰੇਲਵੇ ਲਾਈਨ; ਅਤੇ ਧਰਮਾਬਾਦ - ਮਨੋਹਰਾਬਾਦ ਅਤੇ ਮਹਿਬੂਬਨਗਰ - ਕੁਰਨੂਲ ਦੇ ਵਿਚਕਾਰ ਬਿਜਲੀਕਰਣ ਪ੍ਰੋਜੈਕਟ ਸਮੇਤ ਪ੍ਰੋਜੈਕਟਾਂ ਦੇ ਰਾਸ਼ਟਰ ਨੂੰ ਸਮਰਪਿਤ ਕਰਨ ਨਾਲ ਤੇਲੰਗਾਨਾ ਦੇ ਰੇਲ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਮਿਲਿਆ। 76 ਕਿਲੋਮੀਟਰ ਲੰਬੀ ਮਨੋਹਰਾਬਾਦ-ਸਿੱਦੀਪੇਟ ਰੇਲ ਲਾਈਨ ਖੇਤਰ ਦੇ ਖਾਸ ਕਰਕੇ ਮੇਡਕ ਅਤੇ ਸਿੱਦੀਪੇਟ ਜ਼ਿਲ੍ਹਿਆਂ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗੀ। ਧਰਮਾਬਾਦ - ਮਨੋਹਰਾਬਾਦ ਅਤੇ ਮਹਿਬੂਬਨਗਰ - ਕੁਰਨੂਲ ਦੇ ਵਿਚਕਾਰ ਬਿਜਲੀਕਰਣ ਪ੍ਰੋਜੈਕਟ ਟ੍ਰੇਨਾਂ ਦੀ ਔਸਤ ਗਤੀ ਨੂੰ ਸੁਧਾਰਨ ਵਿੱਚ ਮਦਦ ਕਰੇਗਾ ਅਤੇ ਖੇਤਰ ਵਿੱਚ ਵਾਤਾਵਰਣ-ਅਨੁਕੂਲ ਰੇਲ ਆਵਾਜਾਈ ਦੀ ਅਗਵਾਈ ਕਰੇਗਾ। ਪ੍ਰਧਾਨ ਮੰਤਰੀ ਨੇ ਸਿੱਦੀਪੇਟ - ਸਿਕੰਦਰਾਬਾਦ - ਸਿੱਦੀਪੇਟ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਈ, ਜਿਸ ਨਾਲ ਖੇਤਰ ਦੇ ਸਥਾਨਕ ਰੇਲ ਯਾਤਰੀਆਂ ਨੂੰ ਫਾਇਦਾ ਹੋਵੇਗਾ।

ਤੇਲੰਗਾਨਾ ਵਿੱਚ ਹੈਲਥ ਇਨਫ੍ਰਾਸਟ੍ਰਕਚਰ ਨੂੰ ਵਧਾਉਣ ਦੇ ਯਤਨ ਤਹਿਤ ਪ੍ਰਧਾਨ ਮੰਤਰੀ ਨੇ ਪੀਐੱਮ - ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਤਹਿਤ ਰਾਜ ਭਰ ਵਿੱਚ 20 ਕ੍ਰਿਟੀਕਲ ਕੇਅਰ ਬਲਾਕਾਂ ਦਾ ਨੀਂਹ ਪੱਥਰ ਰੱਖਿਆ। ਇਹ ਸੀਸੀਬੀ ਆਦਿਲਾਬਾਦ, ਭਦਰਾਦਰੀ ਕੋਠਾਗੁਡੇਮ, ਜੈਸ਼ੰਕਰ ਭੂਪਾਲਪੱਲੀ, ਜੋਗੁਲੰਬਾ ਗਡਵਾਲ, ਹੈਦਰਾਬਾਦ, ਖੰਮਮ, ਕੁਮੂਰਮ ਭੀਮ ਆਸਿਫਾਬਾਦ, ਮਨਚੇਰੀਅਲ, ਮਹਿਬੂਬਨਗਰ (ਬਦੇਪੱਲੀ), ਮੁਲੁਗੁ, ਨਾਗਰਕੁਰਨੂਲ, ਨਲਗੋਂਡਾ, ਨਰਾਇਣਪੇਟ, ਨਿਰਮਲ, ਰਜਨ ਸਿਰਸਿੱਲ੍ਹਾ, ਰੰਗਾਰੈੱਡੀ (ਮਹੇਵਰਮ), ਸੂਰਯਾਪੇਟ, ਪੇਦਾਪੱਲੀ, ਵਿਕਰਾਬਾਦ ਅਤੇ ਵਾਰੰਗਲ (ਨਰਸਮਪੇਟ) ਜ਼ਿਲ੍ਹਿਆਂ ਵਿੱਚ ਬਣਾਏ ਜਾਣਗੇ। ਇਹ ਸੀਸੀਬੀ ਪੂਰੇ ਤੇਲੰਗਾਨਾ ਵਿੱਚ ਜਿਲ੍ਹਾ-ਪੱਧਰ ਦੇ ਕ੍ਰਿਟਿਕਲ ਕੇਅਰ ਇਨਫ੍ਰਾਸਟ੍ਰਕਚਰ ਨੂੰ ਵਧਾਉਣਗੇ, ਜਿਸ ਨਾਲ ਰਾਜ ਦੇ ਲੋਕਾਂ ਨੂੰ ਲਾਭ ਮਿਲੇਗਾ।

 

****** 

 

ਡੀਐੱਸ/ਟੀਐੱਸ 



(Release ID: 1963917) Visitor Counter : 83